Share on Facebook

Main News Page

ਦਸਮ ਗ੍ਰੰਥੀਆਂ ਦੇ ਗੁਰੂ ਦੀ ਬਾਣੀ ਤਾਂ 'ਨਿਹਕਲੰਕੀ ਅਵਤਾਰ' ਦੇ ਯੁਧ ਦਾ ਵਖਿਆਨ ਕਰ ਰਹੀ ਹੈ, ਪਰ ਦਸਮ ਗ੍ਰੰਥੀਏ ਰਾਗੀ ਇਸ ਨੂੰ ਦਸਮ ਦੀ ਬਾਣੀ ਕਹਿ ਕੇ ਸਿੱਖਾਂ ਨੂੰ ਮੂਰਖ ਬਣਾ ਰਹੇ ਨੇ
-: ਇੰਦਰਜੀਤ ਸਿੰਘ, ਕਾਨਪੁਰ

ਗਿਆਨੀ ਗੁਰਬਚਨ ਸਿੰਘ ਜੀ, ਤੁਸੀ ਤਾਂ ਅਪਣੀ ਤਕਰੀਰ ਵਿੱਚ ਇਹ ਐਲਾਨ ਕਰ ਦਿਤਾ ਹੈ ਕਿ, "ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਇਕ ਅੰਗ ਹੈ ਦਸਮ ਗ੍ਰੰਥ.....ਜੋ ਸਿਧਾਂਤ, ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਉਹੀ ਵਿਸ਼ਾ ਦਸਮ ਗ੍ਰੰਥ ਦਾ ਹੈ। ਆਉ ਤੁਹਾਡੀ ਇਸ ਬੇਤੁਕੀ ਗੈਰ ਸਿਧਾਂਤਕ ਤਕਰੀਰ ਨੂੰ ਅਧਾਰ ਬਣਾ ਕੇ ਤੁਹਾਡੇ ਕੋਲੋਂ ਪੁਛਦੇ ਹਾਂ, ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅਨਮਤਿ ਦੇ ਦੇਵੀ ਦੇਵਤਿਆਂ ਅਤੇ ਅਵਤਾਰਾਂ ਦੇ ਕਿਸ ਯੁਧ ਦੇ ਇਹੋ ਜਹੇ ਵ੍ਰਿਤਾਂਤ ਮਿਲਦੇ ਹਨ? "ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਦਸਮ ਗ੍ਰੰਥ ਦਾ ਵਿਸ਼ਾ ਇਕ ਕਿਵੇਂ ਹੈ"? ਇਹ ਸਭ ਕਹਿ ਕੇ ਤੁਸੀ ਨਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤੱਰ ਬਾਣੀ ਦਾ ਅਪਮਾਨ ਕੀਤਾ ਹੈ, ਬਲਕਿ ਤੁਸੀਂ ਇਹ ਸਾਬਿਤ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ, ਕਿ ਗੁਰੂ ਗ੍ਰੰਥ ਸਾਹਿਬ ਜੀ, ਸਿੱਖਾਂ ਦੇ ਅਧੂਰੇ ਗੁਰੂ ਹਨ, ਅਤੇ ਉਹ ਅਖੌਤੀ ਦਸਮ ਗ੍ਰੰਥ ਦੇ ਬਿਨਾ ਸੰਪੂਰਣ ਨਹੀਂ ਹੋ ਸਕਦੇ। ਕਿਉਂਕਿ, ਤੁਹਾਡੇ ਅਨੁਸਾਰ, ਗੁਰੂ ਗ੍ਰੰਥ ਸਾਹਿਬ ਇਕ ਸਿੱਖ ਨੂੰ ਸੰਤ ਤਾਂ ਬਣਾਂ ਸਕਦੇ, ਸਿਪਾਹੀ ਬਨਾਉਣ ਦੇ ਗੁਣ, ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ, ਤੁਹਾਡੇ ਅਖੌਤੀ ਦਸਮ ਗ੍ਹਰੰਥ ਵਿਚ ਹੀ ਹਨ।

 

".............ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਉਹੀ ਵਿਸ਼ਾ ਦਸਮ ਗ੍ਰੰਥ ਸਾਹਿਬ ਜੀ ਦਾ ਹੈ। .....ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਿਧਾਂਤ ਹੈ ਉਹ ਹੀ ਦਸਮ ਗ੍ਰਥ ਦਾ ਸਿਧਾਂਤ ਹੈ....ਕਿਉਂਕਿ ਦਸਮ ਗ੍ਰੰਥ ਦੇ ਵਿੱਚ ਦਸਮ ਪਾਤਸ਼ਾਹ ਨੇ ਉਹ ਹੀ ਵਿਸ਼ੈ ਸਪਸਟ ਕੀਤੇ ਹਨ ਜੋ ਗੁਰੂ ਗ੍ਰੰਥ ਦੇ ਵਿੱਚ ਹਨ।......ਗੁਰੂ ਗ੍ਰੰਥ ਸਾਹਿਬ ਤੋਂ ਦੁਜੇ ਸਥਾਨ ਤੇ ਦਸਮ ਗ੍ਰੂਰੰਥ ਦਾ ਹਰ ਸਿੱਖ ਸਤਕਾਰ ਕਰਦਾ ਹੈ.......... ਗ੍ਰੰਥ ਸਾਹਿਬ ਜੀ ਅਤੇ ਦਸਮ ਗ੍ਰੰਥ ਦੀ ਬਹੁਤ ਡੂੰਗੀ ਸਾਂਝ ਇਸ ਲਈ ਵੀ ਹੈ, ਕਿਉਂਕਿ ਦੋਹਨਾਂ ਗ੍ਰੰਥਾ ਨੂੰ ਰਚਣ ਵਾਲੀ ਜੋਤ ਇਕ ਹੀ ਹੈ............... ।"
- ਗਿਆਨੀ ਗੁਰਬਚਨ ਸਿੰਘ, ਹੈਡ ਗ੍ਰੰਥੀ ਅਕਾਲ ਤਖਤ ਸਾਹਿਬ
 


ਸਯਾਮ ਕਵੀ ਦੀ ਲਿਖੀ "ਚਉਬੀਸ ਅਉਤਾਰ" ਨਾਮ ਦੀ ਰਚਨਾਂ ਨਾਲ ਇਸ ਕਿਤਾਬ ਦੇ 514 ਪੰਨੇ ਭਰੇ ਗਏ ਹਨ, ਜਿਸ ਨਾਲ ਨਾ ਤਾਂ ਸਿੱਖਾਂ ਦਾ ਕੋਈ ਵਾਸਤਾ ਹੈ, ਅਤੇ ਨਾਂ ਹੀ ਇਸ ਫਜੂਲ ਜਹੀ ਰਚਨਾਂ ਤੋਂ ਸਿੱਖਾਂ ਨੂੰ ਕੋਈ ਸੇਧ ਹੀ ਮਿਲਦੀ ਹੈ। ਜੇ ਕੋਈ ਸੇਧ ਇਸ ਰਚਨਾਂ ਤੋਂ ਮਿਲਦੀ ਹੈ, ਤਾਂ ਉਸ ਦਾ ਜਵਾਬ ਗਿਆਨੀ ਗੁਰਬਚਨ ਸਿੰਘ ਹੀ ਦੇ ਸਕਦੇ ਨੇ, ਜੋ ਇਸਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਕਹਿ ਰਹੇ ਨੇ। ਇਨਾਂ ਨੂੰ ਇਸ ਰਚਨਾਂ ਵਿੱਚ ਸੈਂਕੜੇ ਵਾਰ "ਕਬਿ ਸਯਾਮ" ਦਾ ਲਿਖਿਆ ਨਾਮ ਨਜ਼ਰ ਕਿਉਂ ਨਹੀਂ ਆਉਦਾ?

ਇਨ੍ਹਾਂ ਦਸਮ ਗ੍ਰੰਥੀਆਂ ਨੇ ਕੁਝ ਹਜੂਰੀ ਰਾਗੀ ਵੀ ਇਨਾਂ ਰਚਨਾਵਾਂ ਨੂੰ ਪੜ੍ਹਨ ਲਈ ਵਿਸ਼ੇਸ਼ ਤੌਰ 'ਤੇ ਰੱਖੇ ਹੋਏ ਨੇ। ਇਨਾਂ ਵਿੱਚ ਤਾਂ ਇਕ ਬਜੁਰਗ ਰਾਗੀ ਵੀ ਹੈ, ਜਿਸਨੂੰ ਸਾਡੇ ਕਈ ਮਿਤਰ "ਨਾਂਗੜਦੰਗ ਬਾਗੜਦੰਗ" ਨੇ ਨਾਮ ਤੋਂ ਜਾਣਦੇ ਨੇ, ਕਿਉਂਕਿ ਇਹ ਵੀ ਬੜੇ ਫਖਰ ਨਾਲ ਅਪਣੇ ਇਸ ਪੈਟ ਰਚਨਾ ਨੂੰ ਪੜ੍ਹਦਾ ਹੈ। ਕਈ ਵਾਰ ਤਾਂ ਇਹ ਸਟੇਜ 'ਤੇ ਬੈਠਦਿਆਂ ਹੀ, ਜਾਂ ਸਮਾਪਤੀ ਵੇਲੇ ਮੇਸਾ ਜਿਹਾ ਬਣ ਕੇ "ਜਾਗੜਦੰਗ ਬਾਗੜਦੰਗ" ਬਿਨਾਂ ਕਿਸੇ ਕਾਰਣ ਦੇ ਹੀ ਗਾਉਣ ਲਗ ਪੈਂਦਾ ਹੈ। ਮਾਇਆ ਦੇ ਗੱਫਿਆਂ ਲਈ ਇਹ "ਜਾਗੜਦੰਗ ਜੂਝੇ ਬਾਗੜਦੰਗ ਬਾਜੀ॥" ਗਾਉਣ ਲਗ ਪੈਂਦਾ ਹੈ।

ਬਾਗੜਦੰਗ ਬੀਰੰ ਜਾਗੜਦੰਗ ਜੂਟੇ ॥ ਤਾਗੜਦੰਗ ਤੀਰੰ ਛਾਗੜਦੰਗ ਛੂਟੇ ॥ ਸਾਗੜਦੰਗ ਸੁਆਰੰ ਜਾਗੜਦੰਗ ਜੂਝੇ ॥ ਕਾਗੜਦੰਗ ਕੋਪੇ ਰਾਗੜਦੰਗ ॥ਰੂਝੇ ॥੩੬੧॥ ਮਾਗੜਦੰਗ ਮਾਚਿਓ ਜਾਗੜਦੰਗ ਜੁੱਧੰ ॥ ਜਾਗੜਦੰਗ ਜੋਧਾ ਕਾਗੜਦੰਗ ਕ੍ਰੁੱਧੰ ॥ ਸਾਗੜਦੰਗ ਸਾਂਗੰ ਡਾਗੜਦੰਗ ਡਾਰੇ ॥ ਬਾਗੜਦੰਗ ਬੀਰੰ ਆਗੜਦੰਗ ਉਤਾਰੇ ॥੩੬੨॥ ਤਾਗੜਦੰਗ ਤੈ ਕੈ ਜਾਗੜਦੰਗ ਜੁਆਣੰ ॥ ਛਾਗੜਦੰਗ ਛੋਰੈ ਬਾਗੜਦੰਗ ਬਾਣੰ ॥ ਜਾਗੜਦੰਗ ਜੂਝੇ ਬਾਗੜਦੰਗ ਬਾਜੀ ॥ ਡਾਗੜਦੰਗ ਡੋਲੈ ਤਾਗੜਦੰਗ ਤਾਜੀ ॥੩੬੩॥ ਖਾਗੜਦੰਗ ਖੂਨੀ ਖਯਾਗੜਦੰਗ ਖੇਤੰ ॥ ਝਾਗੜਦੰਗ ਝੂਝੈ ਆਗੜਦੰਗ ਅਚੇਤੰ ॥ ਆਗੜਦੰਗ ਉੱਠੇ ਕਾਗੜਦੰਗ ਕੋਪੇ ॥ ਡਾਗੜਦੰਗ ਡਾਰੇ ਧਾਗੜਦੰਗ ਧੋਪੇ ॥੩੬੪॥ ਨਾਗੜਦੰਗ ਨਾਚੇ ਰਾਗੜਦੰਗ ਰੁਦ੍ਰੰ ॥ ਭਾਗੜਦੰਗ ਭਾਜੇ ਛਾਗੜਦੰਗ ਛੁਦ੍ਰੰ ॥ ਜਾਗੜਦੰਗ ਜੁੱਝੇ ਵਾਗੜਦੰਗ ਵੀਰੰ ॥ ਲਾਗੜਦੰਗ ਲਾਗੇ ਤਾਗੜਦੰਗ ਤੀਰੰ ॥੩੬੫॥ ਰਾਗੜਦੰਗ ਰੁੱਝੇ ਸਾਗੜਦੰਗ ਸੂਰੰ ॥ ਘਾਗੜਦੰਗ ਘੁੱਮੀ ਹਾਗੜਦੰਗ ਹੂਰੰ ॥ ਤਾਗੜਦੰਗ ਤੱਕੈ ਜਾਗੜਦੰਗ ਜੁਆਨੰ ॥ ਮਾਰੜਦੰਗ ਮੋਹੀ ਤਾਗੜਦੰਗ ਤਾਨੰ ॥੩੬੬॥ ਦਾਗੜਦੰਗ ਦੇਖੈ ਰਾਗੜਦੰਗ ਰੂਪੰ ॥ ਪਾਗੜਦੰਗ ਪ੍ਰੇਮੰ ਕਾਗੜਦੰਗ ਕੂਪੰ ॥ ਡਾਗੜਦੰਗ ਡੁੱਬੀ ਪਾਗੜਦੰਗ ਪਿਆਰੀ ॥ ਕਾਗੜਦੰਗ ਕਾਮੰ ਮਾਗੜਦੰਗ ਮਾਰੀ ॥੩੬੭॥ ਮਾਗੜਦੰਗ ਮੋਹੀ ਬਾਗੜਦੰਗ ਬਾਲਾ ॥ ਰਾਗੜਦੰਗ ਰੂਪੰ ਆਗੜਦੰਗ ਉਜਾਲਾ ॥ ਦਾਗੜਦੰਗ ਦੇਖੈ ਸਾਗੜਦੰਗ ਸੂਰੰ ॥ ਬਾਗੜਦੰਗ ਬਾਜੇ ਤਾਗੜਦੰਗ ਤੂਰੰ ॥੩੬੮॥ ਰਾਗੜਦੰਘ ਰੂਪੰ ਕਾਗੜਦੰਗ ਕਾਮੰ ॥ ਨਾਗੜਦੰਗ ਨਾਚੈ ਬਾਗੜਦੰਗ ਬਾਮੰ ॥ ਰਾਗੜਦੰਗ ਰੀਝੇ ਸਾਗੜਦੰਗ ਸੂਰੰ ॥ ਬਾਗੜਦੰਗ ਬਿਆਹੈ ਹਾਗੜਦੰਗ ਹੂਰੰ ॥੩੬੯॥ ਕਾਗੜਦੰਗ ਕੋਪਾ ਭਾਗੜਦੰਗ ਭੂਪੰ ॥ ਕਾਗੜਦੰਗ ਕਾਲੰ ਰਾਗੜਦੰਗ ਰੂਪੰ ॥ ਰਾਗੜਦੰਗ ਰੋਸੰ ਧਾਗੜਦੰਗ ਧਾਯੋ ॥ ਚਾਗੜਦੰਗ ਚਲਯੋ ਆਗੜਦੰਗ ਆਯੋ ॥੩੭੦॥ ਆਗੜਦੰਗ ਅਰੜੇ ਗਾਗੜਦੰਗ ਗਾਜੀ ॥ ਨਾਗੜਦੰਗ ਨਾਚੇ ਤਾਗੜਦੰਗ ਤਾਜੀ ॥ ਜਾਗੜਦੰਗ ਜੁੱਝੇ ਖਾਗੜਦੰਗ ਖੇਤੰ ॥ ਰਾਗੜਦੰਗ ਰਹਸੇ ਪਾਗੜਦੰਗ ਪ੍ਰੇਤੰ ॥੩੭੧॥ ਮਾਗੜਦੰਗ ਮਾਰੇ ਬਾਗੜਦੰਗ ਬੀਰੰ ॥ ਪਾਗੜਦੰਗ ਪਰਾਨੇ ਭਾਗੜਦੰਗ ਭੀਰੰ ॥ ਧਾਗੜਦੰਗ ਧਾਯੋ ਰਾਗੜਦੰਗ ਰਾਜਾ ॥ ਰਾਗੜਦੰਗ ਰਣਕੇ ਬਾਗੜਦੰਗ ਬਾਜਾ ॥੩੭੨॥ ਟਾਗੜਦੰਗ ਟੂਟੇ ਤਾਗੜਦੰਗ ਤਾਲੰ ॥ ਆਗੜਦੰਗ ਉੱਠੇ ਜਾਗੜਦੰਗ ਜੁਆਲੰ ॥ ਭਾਗੜਦੰਗ ਭਾਜੇ ਬਾਗੜਦੰਗ ਬੀਰੰ ॥ ਲਾਗੜਦੰਗ ਲਾਗੇ ਤਾਗੜਦੰਗ ਤੀਰੰ ॥੩੭੩॥ ਰਾਗੜਦੰਗ ਰਹਸੀ ਦਾਗੜਦੰਗ ਦੇਵੀ ॥ ਗਾਗੜਦੰਗ ਗੈਣੰ ਆਗੜਦੰਗ ਭੇਵੀ ॥ ਭਾਗੜਦੰਗ ਭੈਰੋ ਪਾਗੜਦੰਗ ਪ੍ਰੇਤੰ ॥ ਹਾਗੜਦੰਗ ਹੱਸੇ ਖਾਗੜਦੰਗ ਖੇਤੰ ॥੩੭੪॥ ਅਖੌਤੀ ਦਸਮ ਗ੍ਰੰਥ ਪੰਨਾ ਨੰ 593

ਧਿਆਨ ਨਾਲ ਵੇਖੋ ! ਇਸ ਰਚਨਾ ਵਿੱਚ ਸਯਾਮ ਕਵੀ ਦੇ ਸਾਰੇ "ਇਸ਼ਟ" ਵੀ ਮੌਜੂਦ ਹਨ । ਦਾਗੜਦੰਗ ਦੇਵੀ, ਭਾਗੜਦੰਗ ਭੈਰੋ, ਪਾਗੜਦੰਗ ਪ੍ਰੇਤੰ। ਨਾਗੜਦੰਗ ਨਾਚੇ ਰਾਗੜਦੰਗ ਰੁਦ੍ਰੰ ॥ (ਦੇਵੀ, ਭੈਰੋ,ਪ੍ਰੇਤ ਅਤੇ ਰੁਦ੍ਰ )।

ਉਏ ਭਲਾ ਹੋ ਜਾਏ ਤੁਹਾਡਾ ਦਸਮ ਗ੍ਰੰਥੀਉ ! ਇਸ ਨੂੰ ਤੁਸੀਂ ਗੁਰੂ ਦੀ ਰਚਨਾਂ ਕਹਿ ਰਹੇ ਹੋ? ਇਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਯੁਧ ਦਾ ਵ੍ਰਿਤਾਂਤ ਸਮਝ ਕੇ, ਇਨਾਂ ਰਾਗੀਆਂ ਦੀਆਂ ਤਿਜੋਰੀਆਂ ਭਰ ਰਹੇ ਹੋ? ਇਹ ਸਭ ਪੜ੍ਹਦਿਆਂ ਵੇਖ ਕੇ ਤਾਂ ਇਸੇ ਰਚਨਾਂ ਦੀ ਇਹ ਲਾਈਨ ਇਨਾਂ ਰਾਗੀਆਂ 'ਤੇ ਹੀ ਵਰਤਣ ਦਾ ਦਿਲ ਕਰਦਾ ਹੈ।

ਰਾਗੜਦੰਗ ਰਣਕੇ ਬਾਗੜਦੰਗ ਬਾਜਾ ॥੩੭੨॥ ਟਾਗੜਦੰਗ ਟੂਟੇ ਤਾਗੜਦੰਗ ਤਾਲੰ॥ ਇਹੋ ਜਹੇ ਰਾਗੀਆਂ ਦਾ ਬਾਜਾ ਬਾਗੜਦੰਗ ਕਰ ਦਈਏ ਅਤੇ ਇਨਾਂ ਦੀਆਂ ਟੰਗਾਂ ਤੇ ਟਾਗੜਦੰਗ ਟੂਟੇ ਤਾਗੜਦੰਦ ਤਾਲੰ" ਕੀਤਾ ਜਾਏ। ਇਨਾਂ ਕੋਲ ਕੋਈ ਅਕਲ ਦੀ ਗਲ ਨਹੀਂ। ਜਿਵੇਂ ਸੰਪੂਰਣ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਭ ਨੇ ਪੜ੍ਹ ਅਤੇ ਸਮਝ ਲਏ ਹਨ, ਜੋ ਹੁਣ ਇਹ ਅਖੌਤੀ ਕੂੜ ਲੋਕਾਂ ਨੂੰ ਸੁਣਾਂ ਰਹੇ ਨੇ। ਇਹ ਨਾਲ ਨਾਲ ਇਹ ਵੀ ਕਹਿੰਦੇ ਜਾਂਦੇ ਨੇ ਕਿ ਇਹ ਦਸਮ ਪਿਤਾ ਦੀ ਬਾਣੀ ਹੈ। ਕੀ ਕਰੀਏ? ਇਨਾਂ ਰਾਗੀਆਂ ਨੂੰ ਦੋਸ਼ ਦਈਏ, ਕਿ ਇਹੋ ਜਹੇ ਰਾਗੀਆਂ ਨੂੰ ਸੁਨਣ ਵਾਲਿਆਂ ਨੂੰ ਦੋਸ਼ ਦੇਈਏ? ਇਸ ਰਚਨਾਂ ਨੂੰ ਸੁਨਣ ਵਾਲਿਆਂ ਨੂੰ ਤਾਂ ਇਹ ਵੀ ਪਤਾ ਨਹੀਂ ਹੁੰਦਾ, ਕਿ ਉਹ ਸੁਣ ਕੀ ਰਹੇ ਨੇ, ਅਤੇ ਉਸ ਦਾ ਮਤਲਬ ਕੀ ਹੈ। ਜੇ ਇਹ ਰਾਗੀ ਇਸਨੂੰ ਅਗੇ ਪਿਛੇ ਵੀ ਪੜ੍ਹਦਾ ਹੋਵੇ, ਜਾਂ ਗਲਤ ਸ਼ਲਤ ਹੀ ਪੜ੍ਹਦਾ ਹੋਵੇ, ਤਾਂ ਸੰਗਤ ਨੂੰ ਕੇੜ੍ਹਾ ਪਤਾ ਲਗਣਾ ਹੈ? ਵੈਸੇ ਵੀ ਇਸ ਰਚਨਾਂ ਦੀਆਂ ਕੁਝ ਕੁ ਤੁੱਕਾਂ ਹੀ ਉਨਾਂ ਨੇ ਰਟੀਆਂ ਹੁੰਦੀਆਂ ਨੇ, ਉਹ ਹੀ ਗਾਂਉਦੇ ਨੇ। ਦੇਵੀ, ਭੈਰੋ, ਪ੍ਰੇਤ ਅਤੇ ਰੁਦ੍ਰ ਸਭ ਖਾ ਜਾਂਦੇ ਨੇ।

ਖਾਲਸਾ ਜੀ! ਇਹ ਤਾਂ ਸੀ ਕੌੜਾ ਵਿਅੰਗ, ਲੇਕਿਨ ਸੱਚਾਈ ਇਹ ਹੈ ਕਿ ਇਸ ਰਚਨਾਂ ਦਾ ਕਰਤਾ "ਸਯਾਮ ਕਵੀ" ਹੈ, ਜੋ ਇਸ ਰਚਨਾਂ ਵਿਚ ਚੀਖ ਚੀਖ ਕੇ, ਥਾਂ ਥਾਂ ਤੇ ਕਹਿ ਰਿਹਾ ਹੈ ਕਿ ਇਹ ਰਚਨਾਂ ਮੈਂ ਲਿਖੀ ਹੈ। ਇਹ "ਬਾਗੜਦੰਗ ਜਾਗੜਦੰਗ" ਵਾਲੀ ਰਚਨਾਂ ਇਸ ਕੂੜ ਕਿਤਾਬ ਦੇ "ਚਉਬੀਸ ਅਵਤਾਰ" ਵਿੱਚ ਅੰਕਿਤ ਹੈ। ਹੋਰ ਰਚਨਾਵਾਂ ਵਾਂਗ ਇਸ ਨੂੰ ਵੀ, ਦਸਮ ਪਿਤਾ ਦੀ ਰਚਨਾਂ ਸਾਬਿਤ ਕਰਨ ਲਈ, ਇਸ ਰਚਨਾਂ ਦੀ ਸ਼ੁਰੂਆਤ ਵੀ "ਪਤਾਸ਼ਾਹੀ 10" ਦੇ ਸਿਰਲੇਖ ਨਾਲ ਹੀ ਹੁੰਦੀ ਹੈ।

ਇਹ ਰਚਨਾਂ "ਕਲਕੀ ਅਵਤਾਰ" ਅਤੇ "ਸੰਭਰ ਰਾਜੇ" ਨਾਲ ਹੋ ਰਹੇ ਯੁਧ ਦਾ ਵ੍ਰਿਤਾਂਤ ਹੈ। ਇਸ ਵਿਚ "ਕਲਕੀ ਅਵਤਾਰ" ਸੰਭਰ ਰਾਜੇ ਨਾਲ ਯੁਧ ਕਰਦਾ ਹੈ, ਅਤੇ ਉਸ ਵਿਚ ਸੰਭਰ ਰਾਜਾ ਮਾਰਿਆ ਜਾਂਦਾ ਹੈ। (ਇਹ ਕਲੰਕੀ ਅਵਤਾਰ ਸਾਡਾ ਕੇੜ੍ਹਾ ਰਿਸ਼ਤੇਦਾਰ ਹੈ? ਜੋ ਅਸੀਂ ਇਨ੍ਹਾਂ ਰਾਗੀਆਂ ਕੋਲੋਂ ਇਹ ਫਜੂਲ ਦੀਆਂ ਕਹਾਣੀਆਂ ਸੁਣੀਏ? ਇਸ "ਜਾਗੜਦੰਗ ਬਾਗੜਦੰਗ" ਵਾਲੀ ਰਚਨਾਂ ਦੀ ਸਮਾਪਤੀ, ਸਯਾਮ ਕਵੀ ਇਸ ਪ੍ਰਕਾਰ ਕਰਦਾ ਹੈ।

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕਲਕੀ ਅਵਤਾਰ ਸੰਭਰ ਨਰੇਸ਼ ਬਧਹ ਬਿਜਯ ਭਏਤ ਬਰਨਨੰ ਨਾਮ ਸੰਭਰ ਜੁੱਧ ਧਿਆਇ ਸਮਾਪਤਮ ਸਤੁ ਸੁਭਮ ਸਤੁ ॥
ਅਖੌਤੀ ਦਸਮ ਗ੍ਰੰਥ ਪੰਨਾ 601

ਇਸ ਰਚਨਾਂ (ਰੁਦ੍ਵਿੱਰ ਅਉਤਾਰ) 'ਚ ਕੁਝ ਕੁ ਛੰਦ ਐਸੇ ਵੀ ਹਨ, ਜੋ ਆਪ ਜੀ ਦੀ ਜਾਣਕਾਰੀ ਲਈ ਇਥੇ ਲਿੱਖ ਰਿਹਾ ਹਾਂ, ਤਾਂਕਿ ਆਪ ਇਸ ਸ਼ਬਦਾਵਲੀ ਅਤੇ ਭਾਸ਼ਾ ਸ਼ੈਲੀ ਦੀ ਤੁਲਨਾਂ ਇਕ ਹੋਰ ਪ੍ਰਚਲਿਤ ਬਾਣੀ ਨਾਲ ਕਰ ਸਕੋ। ਇਹ ਛੰਦ ਉਸੇ ਸ਼ਬਦਾਵਲੀ ਅਤੇ ਭਾਸ਼ਾ ਸ਼ੈਲੀ ਨਾਲ ਮੇਲ ਖਾਂਦੇ ਹਨ।

ਅਨਖੰਡ ਚਿੱਤ ਅਬਿਕਾਰ ਰੂਪ॥ ਦੇਵਾਨ ਦੇਵ ਮਹਿਮਾ ਅਨੂਪ॥ 99॥
ਉਸਤਤੀ ਨਿੰਦ ਜਿਹ ਇਕ ਸਮਾਨ॥ ਆਭਾ ਅਖੰਡ ਮਹਿਮਾ ਮਹਾਨ॥
ਅਬਿਕਾਰ ਚਿਤ ਅਨਭਵ ਪ੍ਰਕਾਸ਼॥ ਘਟਿ ਘਟਿ ਬਿਯਾਪ ਨਿਸਦਿਨ ਉਦਾਸ॥100॥
ਇਹ ਭਾਂਤ ਦੱਤ ਉਸਤਿਤ ਉਚਾਰ॥ ਦੰਡਵਤ ਕੀਨ ਅਤ੍ਰਜ ਉਦਾਰ॥
ਅਖੌਤੀ ਦਸਮ ਗ੍ਰੰਥ ਪੰਨਾ 642

ਇਹ ਭਾਂਤ ਦੱਤ ਉਸਤਿਤ ਉਚਾਰ॥ਦੰਡਵਤ ਕੀਨ ਅਤ੍ਰਜ ਉਦਾਰ॥
ਅਰਥ: ਇਸ ਤਰ੍ਹਾਂ ਰਾਜੇ ਦੱਤ ਨੇ ਉਸਤਿਤ ਕੀਤੀ॥ ਦਇਆਲੂ ਅਤ੍ਰਜ ਨੂੰ (ਦੱਤ ਨੇ ) ਦੰਡਵਤ ਪ੍ਰਣਾਮ (ਲੰਮੇ ਪੈ ਕੇ ਚਰਣਾਂ ਤੇ ਸੀਸ ਰਖਣਾਂ) ਕੀਤਾ॥

ਅਵਲੋਕ ਅੰਗ ਮਹਿਮਾ ਅਪਾਰ॥ ਸੰਨਿਆਸ ਰਾਜ ਉਪਜਾ ਉਦਾਰ॥
ਅਨਭੂਤ ਗਾਤ ਆਭਾ ਅਨੰਤ॥ ਮੋਨੀ ਮਹਾਨ ਸੋਭਾ ਲਸੰਤ॥43॥
ਆਭਾ ਅਪਾਰ ਮਹਿਮਾ ਅਨੰਤ॥ ਸੰਨਿਆਸ ਰਾਜ ਕਿੱਨੋ ਬਿਅੰਤ॥
ਸਰਬਤ੍ਰ ਪਯਾਲ ਸਰਬਤ੍ਰ ਅਕਾਸ਼॥ ਚਲ ਚਾਲ ਚਿੱਤ ਸੂੰਦਰ ਸੁਬਾਸ॥
ਅਖੌਤੀ ਦਸਮ ਗ੍ਰੰਥ ਪੰਨਾ 638

ਉਪਰ ਦਿਤੇ ਇਹ ਛੰਦ, ਸ਼ੰਕਰ ਦੇਵਤੇ ਦੇ ਰੁਦ੍ਰ ਅਵਤਾਰ ਦੀ ਮਹਿਮਾਂ ਬਾਰੇ ਇਸ ਰਚਨਾਂ ਵਿੱਚ ਲਿਖੇ ਗਏ ਹਨ। ਜਿਸਦਾ ਲਿਖਾਰੀ ਕਵੀ ਸਯਾਮ ਹੈ।

ਸਿੱਖਾਂ ਨੂੰ ਕੀ ਹੋ ਗਇਆ ਹੈ? ਜੋ ਕੁਝ ਰਾਗੀ ਪੜ੍ਹ ਜਾਂਦੇ ਨੇ, ਸਿੱਖ ਬਿਨਾਂ ਸੋਚੇ ਸਮਝੇ ਉਸ ਨੂੰ ਹੀ ਗੁਰੂ ਦੀ ਬਾਣੀ ਮਨ ਲੈਂਦੇ ਨੇ। ਇਹ ਰਾਗੀ ਇਸ ਰਚਨਾ ਨੂੰ ਦਸਮ ਦੀ ਬਾਣੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਯੁਧ ਦਾ ਵਰਨਣ ਦਸ ਕੇ, ਸੰਗਤਾਂ ਨੂੰ ਮੂਰਖ ਬਣਾਉਂਦੇ ਹਨ। ਸਾਰੀ ਸੰਗਤ ਬੀਰ ਰਸ ਵਿੱਚ ਸਰਾਬੋਰ ਹੋ ਜਾਂਦੀ ਹੈ। ਉਨਾਂ ਨੂੰ ਤਬਲੇ ਦੀ ਤੇਜ ਬੀਟ (ਥਾਪ) ਚੰਗੀ ਲਗ ਰਹੀ ਹੁੰਦੀ ਹੈ, ਨਾ ਕੇ ਬਾਣੀ ਦਾ ਅਰਥ ਸਮਝ ਕੇ, ਉਹ ਮਸਤ ਹੋਏ ਹੁੰਦੇ ਹਨ। ਇਨਾਂ ਸ੍ਰੋਤਿਆਂ ਦਾ ਜੇ ਇਕ ਸਰਵੇ ਕਰਕੇ ਉਨਾਂ ਕੋਲੋਂ ਇਸ "ਜਾਗੜਦੰਗ ਬਾਗੜਦੰਗ" ਦਾ ਅਰਥ ਪੁਛਿਆ ਜਾਏ, ਤਾਂ ਇਕ ਬੰਦਾ ਵੀ ਉਸ ਦਾ ਅਰਥ ਨਹੀਂ ਦਸ ਸਕੇਗਾ। ਇਸ ਦਾ ਸਿੱਧਾ ਮਤਲਬ ਹੈ ਕਿ, ਤਬਲੇ ਦੀ ਥਾਪ ਉਨਾਂ 'ਤੇ ਅਸਰ ਕਰ ਰਹੀ ਹੁੰਦੀ ਹੈ, ਨਾ ਕਿ ਉਹ ਬਾਣੀ ਜੋ ਰਾਗੀ ਪੜ੍ਹ ਰਹੇ ਹੁੰਦੇ ਹਨ?

ਗਿਆਨੀ ਜੀ, ਤੁਸੀਂ ਸ਼ਬਦ ਗੁਰੂ ਅਤੇ ਦਸਮ ਪਿਤਾ ਦੀ ਨਿੰਦਾ ਹੀ ਨਹੀਂ ਕੀਤੀ, ਤੁਸੀਂ ਤਾਂ ਸਿੱਖ ਰਹਿਤ ਮਰਿਯਾਦਾ ਤੋਂ ਵੀ ਬਾਗੀ ਹੋ ਚੁਕੇ ਹੋ। ਕਲਕੀ ਅਵਤਾਰ ਅਤੇ ਰਾਜੇ ਸੰਭਰ ਦੇ ਯੁਧ ਦਾ ਕੀਰਤਨ ਤੁਸੀਂ ਦਰਬਾਰ ਸਾਹਿਬ ਵਿੱਚ ਕਰਵਾ ਰਹੇ ਹੋ, ਅਤੇ ਦੁਹਾਈ ਸਿੱਖ ਰਹਿਤ ਮਰਿਆਦਾ ਦੀ ਦੇਂਦੇ ਹੋ? ਆ ਸੁਣੋ ਇਸੇ ਰਚਨਾਂ ਦਾ ਕੀਰਤਨ ਤੁਹਾਡਾ ਇਹ ਰਾਗੀ ਦਰਬਾਰ ਸਾਹਿਬ ਵਿੱਚ ਬਹਿ ਕੇ ਕਰ ਰਿਹਾ ਹੈ। ਗੁਰੂ ਦੀ ਹਜੂਰੀ ਵਿੱਚ ਬਹਿ ਕੇ ਇਹ ਕਹਿ ਰਿਹਾ ਹੈ, ਕਿ ਇਹ ਗੁਰੂ ਦੀ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਬੈਠ ਕੇ ਇਹ ਕਾਲੀਆਂ ਦੇ ਇਸ਼ਾਰੇ 'ਤੇ ਕੌਮ ਦੀ ਮਹਾਨ ਸ਼ਖਸ਼ਿਤ ਪ੍ਰੋਫੇਸਰ ਦਰਸ਼ਨ ਸਿੰਘ ਬਾਰੇ ਕਿਸੇ ਸਾਜਿਸ਼ ਦਾ ਹਿੱਸਾ ਬਣਕੇ, ਝੂਠਾ ਕਿੱਸਾ ਵੀ ਸੁਣਾ ਰਿਹਾ ਹੈ। ਦਸ਼ਮ ਗ੍ਰੰਥੀਆਂ ਨੇ ਹੁਣ ਤਾਂ ਗੁਰੂ ਦੀ ਹਜੂਰੀ ਵਿੱਚ ਵੀ ਝੂਠ ਬੋਲਣੇ ਸ਼ੁਰੂ ਕਰ ਦਿਤੇ ਹਨ। ਇਹ ਗੁਰੂ ਦੇ ਸਿੱਖ ਹਨ?

ਭਾਈ ਬਲਬੀਰ ਸਿੰਘ ਅਖੌਤੀ ਦਸਮ ਗ੍ਰੰਥ 'ਚੋਂ "ਬਾਗੜਦੰਗ ਜਾਗੜਦੰਗ" ਰਚਨਾ ਦਾ ਕੀਰਤਨ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਰਦੇ ਹੋਏ

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੇ ਵਿਰੁੱਧ
ਕੂੜ੍ਹ ਪ੍ਰਚਾਰ ਕਰਦੇ ਹੋਏ ਭਾਈ ਬਲਬੀਰ ਸਿੰਘ

 

 

ਦਾਸ ਨੇ ਕਈਂ ਵਰ੍ਹੇ ਪਹਿਲਾਂ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਨੂੰ "ਦਰਬਾਰ ਸਾਹਿਬ ਤੋਂ ਇਨਾਂ ਰਚਨਾਵਾਂ ਦਾ ਕੀਰਤਨ ਬੰਦ ਕਰਣ" ਬਾਰੇ ਕਈ ਖੱਤ ਲਿਖੇ ਸਨ। ਉਨਾਂ ਵਿਚੋਂ ਇਕ ਦਾ ਹੀ ਜਵਾਬ ਆਇਆ। ਉਹ ਇਥੇ ਪਾ ਰਿਹਾ ਹਾਂ। ਕੁਝ ਨੀਤੀਗਤ ਕਾਰਣਾਂ ਦੇ ਤਹਿਤ ਇਸ ਖੱਤ ਦੀ ਮਿਤੀ ਅਤੇ ਰਿਫਰੈਂਸ ਆਦਿਕ ਏਡਿਟ ਕਰਕੇ ਹਟਾ ਦਿਤੇ ਗਏ ਹਨ। ਇਹ ਖੱਤ ਪੜ੍ਹ ਕੇ ਤਾਂ ਪੈਰਾਂ ਥਲੋਂ ਜ਼ਮੀਨ ਨਿਕਲ ਗਈ, ਕਿ ਸਾਡੇ ਨਾਲ ਕਿੰਨੀ ਵੱਡੀ ਖੇਡ ਖੇਡੀ ਜਾ ਰਹੀ ਹੈ? ਸਿੱਖ ਰਹਿਤ ਮਰਿਯਾਦਾ ਦੇ ਉਲਟ, ਜਿਗਿਆਸੂਆਂ ਨੂੰ ਇਹੋ ਜਹੇ ਖਤਾਂ ਵਿੱਚ ਦਸਮ ਗ੍ਰੰਥ ਲਿਖ ਕੇ ਮੂਰਖ ਬਣਾਇਆ ਜਾ ਰਿਹਾ ਹੈ। ਪਹਿਲਾਂ ਤੇ ਮੈਂ ਸਮਝਦਾ ਸੀ ਕਿ ਸ਼ਾਇਦ ਇਨਾਂ ਨੇ ਸਿੱਖ ਰਹਿਤ ਮਰਿਯਾਦਾ ਦੇ "ਕੀਰਤਨ" ਸਿਰਲੇਖ ਨੂੰ ਅਜ ਤਕ ਚੰਗੀ ਤਰ੍ਹਾਂ ਨਹੀਂ ਪੜ੍ਹਿਆ । "ਪੁਰਾਤਨ ਮਰਿਯਾਦਾ" ਦੀ ਕੰਧ ਪਿਛੇ ਖੜੇ ਹੋਕੇ ਅਪਣੀ ਜਾਨ ਬਚਾਉਂਦੇ ਫਿਰਦੇ ਹਨ। ਲੇਕਿਨ ਗਲ ਕੁਝ ਹੋਰ ਹੀ ਹੈ! ਕੇਸਾਧਾਰੀ ਬ੍ਰਾਹਮਣਾਂ ਦੀ ਲਾਬੀ ਕੌਮ ਦੇ ਅੰਦਰ ਘੁਸਪੈਠ ਕਰ ਚੁਕੀ ਹੈ ।ਸਾਡੇ ਉੱਚ ਧਾਰਮਿਕ ਅਦਾਰਿਆਂ 'ਤੇ ਪੂਰੀ ਤਰ੍ਹਾਂ ਕਾਬਿਜ ਹੋ ਕੇ, ਕੌਮ ਦਾ "ਹਿੰਦੂਕਰਣ" ਕਰਨ ਲਈ ਪੂਰਾ ਜ਼ੋਰ ਲਾ ਰਹੀ ਹੈ। ਕੀਰਤਨ ਸਿਰਲੇਖ ਦੇ ਵਿੱਚ ਵੀ ਇਹ ਹੌਲੀ ਹੌਲੀ ਦਸਮ ਗ੍ਰੰਥ ਦੀ ਬਾਣੀ ਨੂੰ ਜੋੜਨ ਦੀ ਸਕੀਮ ਬਣਾ ਚੁਕੇ ਹਨ। ਖਾਲਸਾ ਜੀ ਜਾਗੋ! ਜੇ ਸੁਤੇ ਰਹੇ ਤਾਂ "ਪੁਰਾਤਨ ਮਰਿਯਾਦਾ" ਦੇ ਨਾਮ 'ਤੇ, ਇਨ੍ਹਾਂ ਨੇ, ਇਸ ਕੂੜ ਗ੍ਰੰਥ ਨੂੰ ਵੀ ਸਿੱਖ ਰਹਿਤ ਮਰਿਯਾਦਾ ਦੇ ਕੀਰਤਨ ਸਿਰਲੇਖ ਵਿੱਚ ਪਾ ਦੇਣਾ ਹੈ ।

ਇਸ ਨੂੰ ਕੋਈ ਛੋਟਾ ਮੋਟਾ ਮੁੱਦਾ ਨਾ ਸਮਝੋ! ਜੇ ਕੁਝ ਕਰ ਸਕਦੇ ਹੋ, ਤਾਂ ਛੇਤੀ ਹੀ ਕੋਈ ਉਪਰਾਲਾ ਕਰ ਲਵੋ ! 1997 ਵਿੱਚ ਇਨਾਂ ਨੇ ਅਪਣੀ ਵੈਬਸਾਈਟ 'ਤੇ ਛਪੇ ਸਿੱਖ ਰਹਿਤ ਮਰਿਆਦਾ ਦੇ ਅੰਗ੍ਰੇਜੀ ਅਡੀਸ਼ਨ ਵਿੱਚ ਇਹ ਕਰਤੂਤ ਪਹਿਲਾਂ ਹੀ ਚੁੱਪ ਚਪੀਤੇ ਢੰਗ ਨਾਲ ਕਰ ਲਈ ਹੈ, ਅਤੇ ਅਸੀਂ ਬੇਹੋਸ਼ ਪਏ ਹੋਏ ਹਾਂ। ਜਿਸ ਵੇਲੇ ਪਾਣੀ ਸਿਰ ਤੋਂ ਉਪਰ ਗੁਜਰ ਜਾਂਦਾ ਹੈ, ਸਾਨੂੰ ਤਾਂ ਹੋਸ਼ ਆਂਉਦੀ ਹੈ। ਉਸ ਵੇਲੇ ਉਹ ਕੁਰਹਿਤ, 'ਪੁਰਾਤਨ ਮਰਿਯਾਦਾ' ਬਣ ਚੁਕੀ ਹੁੰਦੀ ਹੈ। ਇਸ ਸਾਰੀ ਸਾਜਿਸ਼ ਬਾਰੇ ਪਾਠਕਾਂ ਨੂੰ ਦਾਸ ਪਹਿਲਾਂ ਵੀ ਸੁਚੇਤ ਕਰ ਚੁਕਿਆ ਹੈ। ਮੈਨੂੰ ਪਤਾ ਹੈ ਕਿ ਇਹ ਸਭ ਪੜ੍ਹ ਕੇ, ਹਲੀ ਵੀ ਤੁਸਾਂ ਕੁਝ ਨਹੀਂ ਕਰਣਾ। ਘਟੋ ਘੱਟ ਇਨਾਂ ਦੀਆਂ ਇਹੋ ਜਹੀਆਂ ਕਰਤੂਤਾਂ 'ਤੇ ਨਜਰ ਰੱਖ ਕੇ, ਰੌਲਾ ਪਾ ਕੇ, ਇਸ ਬਾਰੇ ਇਨਾਂ ਨੂੰ ਖੱਤ ਲਿਖ ਕੇ, ਜਵਾਬ ਤਲਬ ਤਾਂ ਕਰ ਹੀ ਸਕਦੇ ਹੋ? ਜਾਗਰੂਕ ਵੀਰੋ! ਤੁਸੀਂ ਪੰਥ ਦੇ ਇਕ ਹਿੱਸੇ ਹੋ, ਤੁਹਾਡਾ ਪੂਰਾ ਹੱਕ ਹੈ ਕਿ ਤੁਸੀਂ, ਇਨਾਂ ਕੋਲੋਂ ਐਸੀਆਂ ਕਰਤੂਤਾਂ ਬਾਰੇ ਜਵਾਬ ਮੰਗੋ।

ਬਾਅਦ 'ਚ ਰੌਲਾ ਪਾਉਣ ਨਾਲ ਕੀ ਹੁੰਦਾ ਹੈ? ਜੇ ਸ਼ੁਰੂ ਤੋਂ ਹੀ ਇਸ ਕੂੜ ਕਿਤਾਬ 'ਤੇ ਨਜਰ ਰੱਖੀ ਗਈ ਹੁੰਦੀ, ਜਦੋਂ ਇਹ ਸੋਧੀ ਜਾ ਰਹੀ ਸੀ, ਅਤੇ ਕੂੜ ਕਬਾੜ ਨਾਲ ਇਸ ਕਿਤਾਬ ਦਾ ਸਾਈਜ ਵੱਡਾ ਕੀਤਾ ਜਾ ਰਿਹਾ ਸੀ, ਉਸ ਵੇਲੇ ਤਾਂ ਅਸੀਂ ਗਹਰੀ ਨੀਂਦਰ ਵਿੱਚ ਸੁੱਤੇ ਰਹੇ। 34 ਪੰਨਿਆਂ ਦਾ "ਬਚਿਤੱਰ ਨਾਟਕ" ਦਾ ਕਿਤਾਬਚਾ ਹੌਲੀ ਹੌਲੀ, 1428 ਪੰਨਿਆਂ ਵਾਲਾ ਗ੍ਰੰਥ ਬਣ ਗਇਆ, ਅਸੀ ਨਾਂ ਚੇਤੇ। "ਬਚਿਤੱਰ ਨਾਟਕ" ਦਾ ਨਾਮ "ਦਸਮ ਗ੍ਰੰਥ" ਕਰ ਦਿਤਾ ਗਇਆ, ਅਸੀਂ ਨਾ ਜਾਗੇ। ਜਦੋਂ ਇਹ "ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ" ਲਿਖ ਕੇ ਛਾਪ ਦਿਤਾ ਗਇਆ, ਅਸੀਂ ਤਾਂ ਵੀ ਨਾ ਚੇਤੇ? ਇਥੋਂ ਤਕ ਕਿ ਇਸਦੀਆਂ ਕਈ ਰਚਨਾਵਾਂ ਸਾਡੀ ਸਿੱਖ ਰਹਿਤ ਮਰਿਯਾਦਾ ਦਾ ਇਕ ਅੰਗ ਬਣ ਗਈਆਂ, ਅਸੀਂ ਬੇਹੋਸ਼ ਪਏ ਰਹੇ। ਸਾਨੂੰ ਕੁਝ ਪਤਾ ਨਹੀਂ ਚਲਿਆ, ਕਿਉਕਿ ਸਿੱਖ ਤਾਂ ਹੀ ਜਾਗਦਾ ਹੈ, ਜਦੋਂ ਬਹੁਤ ਦੇਰ ਹੋ ਚੁਕੀ ਹੁੰਦੀ ਹੈ ਅਤੇ ਪੰਥ ਦੋਖੀਆਂ ਦੀ ਉਹ ਕਰਤੂਤ "ਪੁਰਾਤਨ ਮਰਿਯਾਦਾ" ਬਣਾ ਕੇ ਸਾਡੇ ਮੱਥੇ 'ਤੇ ਮੜ੍ਹ ਦਿੱਤੀ ਜਾਂਦੀ ਹੈ।

ਅਫਸੋਸ ਕਿ ਹੱਲੀ ਵੀ ਅਸੀਂ ਸੁੱਤੇ ਹੀ ਪਏ ਹਾਂ। ਹਲੀ ਵੀ ਅਸੀਂ ਜਾਗ ਨਹੀਂ ਰਹੇ, ਇਸ ਲਈ ਉਸ ਖੱਤ ਨੂੰ ਆਪ ਤਕ ਪਹੁੰਚਾ ਰਿਹਾ ਹਾਂ, ਜਿਸ ਵਿੱਚ ਇਨ੍ਹਾਂ ਨੇ ਕੀਰਤਨ ਵਿੱਚ ਅਖੌਤੀ ਦਸਮ ਗ੍ਰੰਥ ਨੂੰ ਵੀ ਦਰਜ ਕੀਤਾ ਹੈ। ਇਥੇ ਇਸ ਖੱਤ ਰਾਹੀਂ ਪਾਠਕਾਂ ਨੂੰ ਕੇਵਲ ਇਹ ਦਸਣਾ ਹੈ, ਕਿ ਇਹੋ ਜਹੇ ਜਵਾਬ ਇਹ ਆਮ ਜਿਗਿਆਸੂਆਂ ਨੂੰ ਇੱਸੇ ਤਰ੍ਹਾਂ ਦੇਂਦੇ ਹਨ। ਜਿਸ ਵਿੱਚ ਰਹਿਤ ਮਰਿਯਾਦਾ ਦੇ ਉਲਟ, ਇਹ ਦਸਮ ਗ੍ਰੰਥ ਦੀ ਬਾਣੀ ਨੂੰ ਦਰਬਾਰ ਸਾਹਿਬ ਵਿੱਚ ਗਾਇਨ ਕਰਨ ਨੂੰ "ਪੁਰਾਤਨ ਮਰਿਯਾਦਾ" ਕਹਿ ਕੇ ਜਸਟੀਫਾਈ ਕਰਦੇ ਹਨ।

ਮੇਰੀ ਦੋਵੇਂ ਹੱਥ ਜੋੜ ਕੇ ਜਾਗਰੂਕ ਤਬਕੇ ਨੂੰ ਬੇਨਤੀ ਹੈ, ਕਿ ਇਸ ਮੁੱਦੇ ਨੂੰ ਇੱਕ ਜੁੱਟ ਹੋ ਕੇ ਗੰਭੀਰਤਾ ਨਾਲ ਨੋਟਿਸ ਵਿੱਚ ਲੈਂਦਿਆਂ, ਕੋਈ ਉਪਰਾਲਾ ਕਰ ਲਵੋ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤਾਂ ਪਹਿਲਾਂ ਹੀ ਇਹ ਐਲਾਨ ਕਰ ਚੁਕਿਆ ਹੈ ਕਿ ਅਸੀਂ ਸਿੱਖ ਇਤਿਹਾਸ ਨੂੰ ਨਵੇਂ ਸਿਰੇ ਤੋਂ ਲਿਖਵਾਉਣਾਂ ਹੈ, ਉਨ੍ਹਾਂ ਨੇ ਸਿੱਖ ਰਹਿਤ ਮਰਿਯਾਦਾ ਵੀ ਇਕ ਦਿਨ ਨਵੇਂ ਸਿਰੇ ਤੋਂ ਲਿਖਵਾ ਦੇਣੀ ਹੈ। ਇਹ ਕੰਮ ਅੰਦਰੋ ਅੰਦਰ ਚਲ ਵੀ ਰਿਹਾ ਹੈ। ਖਾਲਸਾ ਜੀ ਜਾਗੋ! ਛੇਤੀ ਜਾਗ ਜਾਉ! ਹੁਣ ਹੋਰ ਅਵੇਸਲੇ ਪਏ ਰਹਿਣ ਦਾ ਸਮਾਂ ਨਹੀਂ ਹੈ ।

ਇੰਦਰਜੀਤ ਸਿੰਘ, ਕਾਨਪੁਰ


 ਹੋਰ ਪੜ੍ਹੋ:

- ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ ਦੇਰ ਤੱਕ ਬੀਰਜ ਰੋਕਣ ਲਈ “ਵਿਆਗਰਾ” ਵਰਗੀਆਂ ਗੋਲੀਆਂ ਖਾਣ ਦੀ ਸਿੱਖਿਆ ਵੀ ਦੇਂਦਾ ਹੈ
- ਅਖੌਤੀ ਦਸਮ ਗ੍ਰੰਥ, ਇਸਤਰੀਆਂ ਨੂੰ "ਸੰਮਲਿੰਗੀ ਸੈਕਸ" ਅਤੇ ਕਾਮ ਵਾਸਨਾ ਪੂਰੀ ਕਰਨ ਲਈ, ਬਨਾਵਟੀ ਲਿੰਗ ਬਣਾ ਕੇ, ਕਾਮ ਵਾਸਨਾ ਪੂਰੀ ਕਰਨ ਦਾ ਤਰੀਕਾ ਵੀ ਦਸਦਾ ਹੈ

- ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ "ਗੇ ਸੈਕਸ" (ਗੁਦਾ ਭੋਗ) ਕਰਨ ਦੀ ਸਿੱਖਿਆ ਵੀ ਦੇਂਦਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ, ਅਪਣੇ ਪਤੀ ਨੂੰ ਮੂਰਖ ਬਣਾ ਕੇ ਉਸਦੀ ਮੌਜੂਦਗੀ ਵਿੱਚ ਅਪਣੇ ਯਾਰ ਨਾਲ ਭੋਗ ਕਰਨ ਦੀ ਇਕ ਨਵੀਂ ਤਕਨੀਕ ਇਸਤ੍ਰੀਆਂ ਨੂੰ ਦਸ ਰਿਹਾ ਹੈ
- ਦਸਮ ਗ੍ਰੰਥੀਆਂ ਦਾ ਇਹ ਗੁਰੂ ਅਪਣੇ ਪਤੀ ਦੀ ਮੌਜੂਦਗੀ ਵਿਚ, ਆਪਣੇ ਯਾਰ ਨਾਲ ਕਾਮ ਵਾਸਨਾ ਪੂਰੀ ਕਰਨ ਦੀ ਇਕ ਹੋਰ ਨਵੀਂ ਵਿਧੀ ਦਸ ਰਿਹਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ ਇਸਤ੍ਰੀਆਂ ਦੇ ਚਰਿਤ੍ਰ ਨੂੰ ਕਿਸ ਹੱਦ ਤਕ ਗਿਰਾ ਸਕਦਾ ਹੈ, ਉਹ ਇਸ "ਬਚਿਤੱਰ ਚਰਿਤ੍ਰ" ਨੂੰ ਪੜ੍ਹ ਕੇ ਹੀ ਸਮਝਿਆ ਜਾ ਸਕਦਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ, ਅਪਣੇ ਪਤੀ ਨੂੰ ਮੰਜੀ ਹੇਠਾਂ ਦੱਬ ਕੇ, ਉਸੇ ਮੰਜੀ ਦੇ ਉਤੇ ਅਪਣੇ ਯਾਰ ਨਾਲ ਖੇਹ ਖਾਣ ਦੀ ਜੁਗਤ ਵੀ ਅਪਣੇ ਸਿੱਖਾਂ ਨੂੰ ਦਸਦਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ, ਇਕ ਇਸਤ੍ਰੀ ਨੂੰ, ਅਪਣੀ ਸੌਂਕਣ ਨੂੰ ਰਸਤੇ ਤੋਂ ਹਟਾਉਣ ਲਈ, ਇਕ ਬਹੁਤ ਹੀ ਅਨੋਖੀ ਵਿਧੀ ਦਸਦਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ ਤਾਂ ਇਸਤ੍ਰੀਆਂ ਨੂੰ  ਅਪਣੇ ਯਾਰ ਕੋਲੋਂ ਅਪਣੇ ਗੁਪਤ ਅੰਗਾਂ ਦੇ ਵਾਲ ਮੁੰਡਵਾਉਣ ਦੀ ਸਿਖਿਆ ਵੀ ਦੇਂਦਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ, ਰਾਮਾਇਣ ਨਾਲ ਜੋੜ ਰਿਹਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਨਾਲੋਂ ਤੋੜ ਕੇ, ਕ੍ਰਿਸ਼ਨ ਦੀ ਰਾਸਲੀਲਾ ਦਾ ਪਾਠ ਪੜ੍ਹਾ ਰਿਹਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ, "ਦੇਵੀ ਦੀ ਉਸਤਤਿ" ਕਰਦਾ ਹੈ, ਗਿਆਨੀ ਗੁਰਬਚਨ ਸਿੰਘ ਨੂੰ ਫਿਰ ਵੀ ਇਹ "ਕੂੜ ਕਿਤਾਬ", ਗੁਰੂ ਗ੍ਰੰਥ ਸਾਹਿਬ ਜੀ ਦਾ ਹੀ "ਇਕ ਅੰਗ" ਲਗਦੀ ਹੈ
- ਦਸਮ ਗ੍ਰੰਥੀਆਂ ਦਾ ਗੁਰੂ, ਅਖੌਤੀ ਦਸਮ ਗ੍ਰੰਥ ਤਾਂ ਆਪ ਹੀ ਪ੍ਰਮਾਣਿਕ ਨਹੀਂ, ਉਹ ਸਯਾਮ ਕਵੀ ਦੀ ਰਚਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਾਬਿਤ ਕਰਨ ਦੀ ਅਸਫਲ ਕੋਸ਼ਿਸ਼ ਕਰ ਰਿਹਾ ਹੈ
- ਦਸਮ ਗ੍ਰੰਥੀਆਂ ਦੇ ਗੁਰੂ ਦੀ ਬਾਣੀ, ਬੇਤੁਕੀਆਂ ਗੱਪਾਂ ਵੀ ਆਪਣੇ ਸਿੱਖਾਂ ਨੂੰ ਸੁਣਾਂਉਦੀ ਹੈ, ਗਿਆਨੀ ਗੁਰਬਚਨ ਸਿੰਘ ਇਸਨੂੰ ਫਿਰ ਵੀ ਗੁਰੂ ਦੀ ਬਾਣੀ ਕਹਿੰਦੇ ਹਨ
- ਦਸਮ ਗ੍ਰੰਥੀਆਂ ਦੇ ਗੁਰੂ ਦੀ ਬਾਣੀ ਵਿੱਚ "ਚੌਵੀਹ ਅਵਤਾਰ" ਹੀ ਨਹੀਂ, "ਚੌਵੀਹ ਗਰੂ" ਵੀ ਮੌਜੂਦ ਹਨ, ਸ਼ਬਦ ਗੁਰੂ ਦੇ ਸਿੱਖ ਹੁਣ ਇਨ੍ਹਾਂ "ਚੌਵੀਹ ਗੁਰੂਆਂ" ਦਾ ਕੀ ਕਰਨ?
- ਦਸਮ ਗ੍ਰੰਥੀਆਂ ਦੇ ਗੁਰੂ ਦੀ ਬਾਣੀ ਵਿੱਚ "ਚਉਬੀਸ ਅਵਤਾਰ", "ਗਿਆਨ ਪ੍ਰਬੋਧ", "ਬਚਿੱਤਰ ਨਾਟਕ" ਅਤੇ "ਜਾਪੁ", ਕੀ ਇਕੋ ਕਵੀ ਦੀਆਂ ਰਚਨਾਵਾਂ ਹਨ?
- ਦਸਮ ਗ੍ਰੰਥੀਆਂ ਦੇ ਗੁਰੂ ਦੀ ਬਾਣੀ ਆਪਣੇ ਸਿੱਖਾਂ ਨੂੰ "ਗਾਇਤ੍ਰੀ ਮੰਤਰ" ਸਿੱਖਣ ਦਾ ਮਹਤੱਵ ਦਸਦੀ ਹੈ, ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਇਹੋ ਜਹੇ ਜੰਤ੍ਰਾਂ ਮੰਤ੍ਰਾਂ ਨੂੰ ਰੱਦ ਕਰਦੇ ਹਨ

ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ ਦਸਮ ਗ੍ਰੰਥ (ਬਿਖਿਆ): ਇੰਦਰਜੀਤ ਸਿੰਘ ਕਾਨਪੁਰ
ਭਾਗ: ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ, ਸੱਤਵਾਂ, ਅੱਠਵਾਂ, ਨੌਵਾਂ, ਦਸਵਾਂ, ਗਿਆਰ੍ਹਵਾਂ, ਬਾਰ੍ਹਵਾਂ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top