Share on Facebook

Main News Page

ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ ਦਸਮ ਗ੍ਰੰਥ (ਬਿਖਿਆ) - (ਭਾਗ ਅੱਠਵਾਂ)
-
ਇੰਦਰਜੀਤ ਸਿੰਘ ਕਾਨਪੁਰ

("ਗਿਆਨ ਪ੍ਰਬੋਧ"  ਕੇ  "ਗਿਆਨ ਗਪੋੜ"?  ਸ਼੍ਰੀ ਭਗਉਤੀ ਜੀ ਸਹਾਇ॥ ਅਥ ਗਿਆਨ ਪ੍ਰਬੋਧ ਗ੍ਰੰਥ ਲਿਖਯਤੇ ॥)

ਇਸ ਲੇਖ ਲੜੀ ਦੇ ਪਿਛਲੇ ਭਾਗ ਵਿੱਚ ਅਸੀਂ ਅਖੌਤੀ ਦਸਮ ਗ੍ਰੰਥ ਵਿੱਚ ਦਰਜ, "ਅਥ ਚੰਡੀ ਚਰਿਤ੍ਰ ਉਕਤਿ ਬਿਲਾਸ" ਨਾਮ ਦੀ  "ਦੇਵੀ ਦੀ  ਉਸਤਤਿ" ਦਾ ਜਿਕਰ ਕੀਤਾ ਸੀ । ਇਸ ਤੋਂ ਅਗੇ ਇਸ ਕਿਤਾਬ ਦੇ ਪੰਨਾ ਨੰ 119 ਤੇ "ਵਾਰ ਸ਼੍ਰੀ ਭਗੌਤੀ ਜੀ ਕੀ"  ਸਿਰਲੇਖ ਹੇਠ ਇਕ ਵਾਰ ਫਿਰ "ਦੇਵੀ ਉਸਤਤਿ" ਸ਼ੁਰੁ ਹੋ ਜਾਂਦੀ ਹੈ। ਇਸ ਰਚਨਾਂ ਦੀ ਪਹਿਲੀ ਪੌੜੀ ਸਾਡੀ ਰੋਜ ਪੜ੍ਹੀ ਜਾਣ ਵਾਲੀ ਅਰਦਾਸ ਵਿਚ ਸ਼ਾਮਿਲ ਕਰ ਲਈ ਗਈ ਹੈ। "ਪ੍ਰਿਥਮ ਭਗਉਤੀ ਸਿਮਰ ਕੈ.........ਇਕ ਦਿਹਾੜੇ ਨਾਵਣ ਆਈ ਦੁਰਗਸ਼ਾਹ॥"  ਇਸ ਰਚਨਾਂ ਨੂੰ ਵੀ ਗੁਰੂ ਕ੍ਰਿਤ ਸਾਬਿਤ ਕਰਨ ਲਈ, ਹੋਰ ਰਚਨਾਵਾਂ ਦੀ ਤਰ੍ਹਾਂ,  ਇਸ ਦੇ ਆਰੰਭ ਵਿੱਚ ਵੀ "ਪਾਤਸ਼ਾਹੀ 10" ਜੋੜ ਦਿਤਾ ਗਇਆ ਹੈ।  "ਵਾਰ ਸ਼੍ਰੀ ਭਗੌਤੀ ਜੀ ਕੀ"   ਬਾਰੇ ਅਸੀਂ ਵਿਸਤਾਰ ਨਾਲ ਪਿਛਲੇ ਭਾਗਾਂ ਵਿੱਚ ਚਰਚਾ ਕਰ ਚੁਕੇ ਹਾਂ।

ਇਸ ਤੋਂ ਅਗੇ ਪੰਨਾ ਨੰ 127 ਤੇ ਇਕ ਰਚਨਾਂ ਹੈ "ਗਿਆਨ ਪ੍ਰਬੋਧ" ਜਿਸਨੂੰ ਅਸੀਂ ਵਿਅੰਗ ਨਾਲ  "ਗਿਆਨ ਗਪੋੜ" ਵੀ ਕਹਿੰਦੇ ਹਾਂ, ਦਰਜ ਹੈ। ਇਹ 155 ਪੰਨੇ ਤੇ ਸਮਾਪਤ ਹੂੰਦੀ ਹੈ । ਇਹ "ਕੂੜ ਕਬਾੜ" ਵੀ ਇਸ ਕਿਤਾਬ ਦੇ 28 ਪੰਨੇ ਹੋਰ ਭਰ ਜਾਂਦਾ ਹੈ। "ਗਿਆਨ", "ਸਿਖਿਆ"  ਅਤੇ "ਸਿਧਾਂਤ" ਦੇ ਨਾਮ ਤੇ ਇਸ ਕਵਿਤਾ ਵਿੱਚ ਕੁਝ ਵੀ ਨਹੀਂ ਹੈ। ਇਸ  ਵਿੱਚ ਹਿੰਦੂ ਮਿਥਿਹਾਸ ਅਤੇ ਉਨਾਂ ਦੇ ਧਰਮ ਵਿੱਚ ਪ੍ਰਚਲਿਤ ਕੁਝ "ਜੱਗ" ਆਦਿਕ ਦਾ "ਗੱਪਾ ਭਰਿਆ ਵਰਨਣ" ਜਰੂਰ ਮਿਲਦਾ ਹੈ। ਇਨਾਂ "ਜਗਾਂ" ਨਾਲ ਸਿੱਖਾਂ ਦਾ ਕੀ ਲੈਨਾਂ ਦੇਣਾਂ ਹੈ?  ਇਸ ਬਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ 28 ਪੰਨੇ ਲਿਖਣ ਦੀ ਕੀ ਲੋੜ ਪੈ ਗਈ ? ਇਨਾਂ ਸਵਾਲਾਂ  ਦਾ ਜਵਾਬ ਤੇ ਕੇਵਲ "ਦਸਮਗ੍ਰੰਥੀ" ਹੀ ਦੇ ਸਕਦੇ ਨੇ। ਇਸ "ਗਿਆਨ ਗਪੋੜ" ਨੂੰ  ਅਕਾਲ ਤਖਤ ਦੇ ਹੇਡ ਗ੍ਰੰਥੀ ਗੁਰਬਚਨ ਸਿੰਘ "ਗੁਰੁ ਕ੍ਰਿਤ" ਹੋਣ ਦਾ ਐਲਾਨ ਕਰ ਰਹੇ ਨੇ। ਇਨਾਂ ਨੂੰ ਅਖੌਤੀ ਦਸਮ ਗ੍ਰੰਥ ਦੇ "ਗਿਆਨ ਗਪੋੜ" ਦਾ ਤਾਂ ਪਤਾ ਹੈ, ਕਿ ਇਹ ਗੁਰੂ ਦੀ ਲਿਖਿਤ ਹੈ,  ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਅਤੇ ਆਦੇਸ਼ਾਂ ਤੋਂ ਇਹ ਉੱਕਾ ਹੀ ਕੋਰੇ ਹਨ। ਇਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ  ਜਿਸ "ਗਿਆਨ ਗਪੋੜ" ਵਿੱਚ ਜਗੱਯ, ਹੋਮ  ਅਦਿਕ ਦਾ ਜਿਕਰ ਕੀਤਾ ਗਇਆ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਉਸ "ਜਗ", "ਹੋਮ" ਆਦਿਕ  ਕਰਮਕਾਂਡਾਂ ਦੀ ਰੱਜ ਕੇ ਨਿਖੇਧੀ ਕੀਤੀ ਗਈ ਹੈ।

ਬਾਨਾਰਸੀ  ਤਪੁ ਕਰੇ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ ॥ਅਸ਼ੁਮੇਧ ਜਗ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਉ ਨ ਪੂਜੈ॥
ਅੰਕ 973 ਰਾਮਕਲੀ ਨਾਮ ਦੇਉ ਜੀ ਕੀ॥

ਸਭਿ ਤੀਰਥ ਵਰਤ ਜਗੁ ਪੂੰਨ ਤੋਲਾਹਾ॥
ਹਰਿ ਹਰਿ ਨਾਮ ਨ ਪੂਜਹਿ ਪੁਜਾਹਾ॥ ਅੰਕ 699 ਜੈਤਸਰੀ ਮ: 4


ਇਹ "ਗਿਆਨ ਗਪੋੜ" ਵੀ ਸਿੱਖਾਂ ਨੂੰ ਨਾਂ ਤਾਂ ਕੋਈ ਸਿੱਖੀਆ ਹੀ ਦੇਂਦੀ ਹੈ, ਅਤੇ ਨਾਂ ਹੀ ਕਿਸੇ ਤਰੀਕੇ ਦੀ ਜੀਵਨ ਜਾਚ ਹੀ ਸਿਖਾਂਦੀ ਹੈ। ਸਿਰਫ ਬਚਿੱਤਰ ਨਾਟਕ ਦੇ ਢਿੱਡ ਨੂੰ ਮੋਟਾ ਕਰਨ ਲਈ ਅਤੇ ਸਿੱਖਾਂ ਨੂੰ ਹਿੰਦੂ ਧਰਮ ਨਾਲ ਜੋੜਨ ਦਾ ਇਕ ਕੋਝਾ ਉਪਰਾਲਾ ਹੀ ਜਾਪਦੀ ਹੈ। ਚਲੋ ਇਸ ਵਿੱਚ ਕੀ ਲਿਖਿਆ ਹੈ,  ਉਸ ਬਾਰੇ ਥੋੜਾ ਵਿਚਾਰ ਕਰਦੇ ਚਲੀਏ। ਇਹ ਇਸ ਤਰ੍ਹਾਂ ਸ਼ੁਰੂ ਹੂੰਦੀ ਹੈ

ੴਸਤਿਗੁਰ ਪ੍ਰਸਾਦਿ। ਸ਼੍ਰੀ ਭਗਉਤੀ ਜੀ ਸਹਾਇ ॥ ਪਾਤਸ਼ਾਹੀ 10॥ਭੁਜੰਗ ਪ੍ਰਯਾਤ ਛੰਦ॥ਤਵਪ੍ਰਸਾਦਿ॥
ਨਮੋ ਨਾਥ ਪੂਰੇ ਸਦਾ ਸਿੱਧ ਕਰਮੰ ॥ਅਛੇਦੀ ਅਭੇਦੀ ਸਦਾ ਏਕ ਧਰਮੰ ॥ ਕਲੰਕੰ ਬਿਨਾ ਨਿਹਕਲੰਕੀ ਸਰੂਪੇ ॥ਅਛੇਦੰ ਅਭੇਦੰ ਅਖੇਦੰ ਅਨੂਪੇ ॥੧॥
ਨਮੋ ਲੋਕ ਲੋਕੇਸ਼੍ਵਰੰ ਲੋਕ ਨਾਥੇ ॥ਸਦੈਵੰ ਸਦਾ ਸਰਬ ਸਾਥੰ ਅਨਾਥੇ ॥ ਨਮੋ ਏਕ ਰੂਪੰ ਅਨੇਕੰ ਸਰੂਪੇ ॥ਸਦਾ ਸਰਬ ਸਾਹੰ ਸਦਾ ਸਰਬ ਭੂਪੇ ॥੨॥
ਅਛੇਦੰ ਅਭੇਦੰ ਅਨਾਮੰ ਅਠਾਮੰ ॥ਸਦਾ ਸਰਬ ਦਾ ਸਿੱਧ ਦਾ ਬੁੱਧਿ ਧਾਮੰ ॥ ਅਜੰਤ੍ਰੰ ਅਮੰਤ੍ਰੰ ਅਕੰਤ੍ਰੰ ਅਭਰਮੰ ॥ਅਖੇਦੰ ਅਭੇਦੰ ਅਛੇਦੰ ਅਕਰਮੰ ॥੩॥
ਅਗਾਧੇ ਅਬਾਧੇ ਅਗੰਤੰ ਅਨੰਤੰ ॥ਅਲੇਖੰ ਅਭੇਖੰ ਅਭੂਤੰ ਅਗੰਤੰ ॥ ਨ ਰੰਗੰ ਨ ਰੂਪੰ ਨ ਜਾਤੰ ਨ ਪਾਤੰ ॥ਨ ਸਤ੍ਰੋ ਨ ਮਿਤ੍ਰੋ ਨ ਪੁਤ੍ਰੋ ਨ ਮਾਤੰ ॥੪॥ ਪੇਜ 127 ਅਖੌਤੀ ਦਸਮ ਗ੍ਰੰਥ


ਕਿਸੇ ਵੀ ਲੇਖਕ ਅਤੇ ਕਵੀ ਦੀ ਭਾਸ਼ਾ, ਸ਼ਬਦਾਵਲੀ ਅਤੇ ਲੇਖਨ ਸ਼ੈਲੀ ਹੀ ਉਸ ਦੀ ਪਛਾਣ ਹੂੰਦੀ ਹੈ। ਜਰਾ ਧਿਆਨ ਨਾਲ ਪੜ੍ਹੋ ਆਪ ਜੀ ਨੂੰ ਕਹਿਨ ਦੀ ਲੋੜ ਨਹੀਂ ਪਵੇਗੀ ਕਿ ਇਸ ਗ੍ਰੰਥ ਵਿੱਚ ਦਰਜ "ਜਾਪੁ" ਵੀ ਇਸੇ ਕਵੀ ਦੀ ਲਿਖੀ ਹੋਈ ਹੈ ਜਿਸਨੇ "ਗਿਆਨ ਪ੍ਰਬੋਧ" ਲਿਖੀ ਹੈ।

ਸਿੱਖਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਨ ਲਈ ਹਰ "ਦੇਵੀ ਉਸਤਤਿ" ਵਾਲੀ ਰਚਨਾਂ ਦੇ ਉਤੇ "ਪਾਤਸ਼ਾਹੀ 10" ਦਾ ਠੱਪਾ ਜਰੂਰ ਲਾ ਦਿਤਾ ਗਇਆ ਹੈ ।ਲੇਕਿਨ ਅਪਣੀ ਸਾਕਤ ਮੱਤ ਅਤੇ ਦੇਵੀ ਪ੍ਰਤੀ ਅਪਣੀ ਸ਼੍ਰਧਾਂ ਨੂੰ, ਇਹ ਕਵੀ  ਕਿਸੇ ਹੀਲੇ ਵੀ ਛੁਪਾ ਨਹੀਂ ਪਾਂਦਾ ਅਤੇ ਨਾਲ ਹੀ "ਭਗਉਤੀ ਦੇਵੀ"  ਕੋਲੋਂ "ਮਦਦ" ਕਰਨ ਦੀ ਅਪੀਲ ਕਰਨਾਂ ਵੀ ਨਹੀਂ ਭੁਲਦਾ  (ਸ਼੍ਰੀ ਭਗਉਤੀ ਜੀ ਸਹਾਇ॥ )। ਸਿੱਖ ਵੀ ਇਨੇ ਭੋਲੇ ਨੇ ਕਿ "ਪਾਤਸ਼ਾਹੀ 10"  ਪੜ੍ਹੀ ਨਹੀਂ ਕਿ ਇਸ ਕੂੜ ਨੂੰ "ਦਸਮ ਬਾਣੀ" ਕਹਿਨ ਲਗ ਪੈਂਦੇ ਨੇ ਅਤੇ ਭਗੁੳਤੀ (ਦੁਰਗਾ) ਵੀ ਉਨਾਂ ਨੂੰ ਅਪਣਾਂ "ਅਕਾਲ ਪੁਰਖ " ਵਖਾਈ ਦੇਣ ਲਗ ਪੈਂਦੀ ਹੈ। ਇਨਾ ਭੋਲਿਆ ਨੂੰ ਤਾਂ ਇੱਨਾ ਵੀ ਗਿਆਨ ਨਹੀਂ ਕਿ ਇਸ ਕੂੜ ਗ੍ਰੰਥ ਦੀ ਕਿਸੇ ਵੀ ਰਚਨਾਂ ਦੇ ਥਲੇ " ਨਾਨਕ" ਸ਼ਬਦ ਕਿਤੇ ਵੀ ਅੰਕਿਤ ਨਹੀਂ ਹੈ, ਜੋ  ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਮੂਲ ਪਹਿਚਾਨ ਹੈ।  ਦਸਮ ਗ੍ਰੰਥੀਆਂ  ਨੂੰ ਇਹ ਇਹਸਾਸ ਕਿਉ ਨਹੀਂ ਹੁੰਦਾ ਕਿ ਜਿਸ ਗੁਰੂ ਨੇ ਨੌਵੇ ਗੁਰੂ ਸਾਹਿਬ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਸੀ,  ਉਸ ਬਾਣੀ ਵਿੱਚ ਵੀ "ਨਾਨਕ"  ਨਾਮ ਦੀ ਮੁਹਰ ਮੌਜੂਦ ਹੈ। ਕੀ ਗੁਰੂ ਗੋਬਿੰਦ ਸਿੰਘ ਸਾਹਿਬ ਇਸ "ਸਿਧਾਂਤ ਅਤੇ ਨਿਯਮ" ਤੋਂ ਵਾਕਿਫ ਨਹੀਂ ਸਨ? ਕੀ ਉਹ  ਇਸ ਨਿਯਮ ਦੇ ਵਿਰੁਧ ਸਨ? ਕੀ ਇਸੇ ਲਈ ਉਨਾਂ ਨੇ "ਨਾਨਕ"  ਸ਼ਬਦ ਦੀ ਥਾਂ ਤੇ 380 ਤੋਂ ਵੱਧ ਵਾਰ  " ਕਬਿ ਸਯਾਮ" ਦਾ ਨਾਮ ਲਿਖ ਦਿਤਾ ?  ਕੀ ਇਨਾਂ ਸਵਾਲਾ ਦਾ ਜਵਾਬ ਕਿਸੇ ਕੋਲ ਹੈ?


ਸ਼ੁਰੂਵਾਤੀ ਪੰਕਤੀਆਂ ਵਿੱਚ ਇਹ ਕਵੀ "ਅਕਾਲਪੁਰਖ" ਦੀ ਉਸਤਤਿ ਕਰਦਾ ਹੋਇਆ ਪ੍ਰਤੀਤ ਹੁੰਦਾ ਹੈ ਲੇਕਿਨ ਛੇਤੀ ਹੀ ਉਹ ਅਪਣੀ ਔਕਾਤ ਵਖਾ ਦੇਂਦਾ ਹੈ, ਅਤੇ ਉਸ ਦਾ ਦੇਵੀ ਸਤਕਾਰ ਅਤੇ ਪ੍ਰੇਮ, ਉਮੜ ਕੇ ਬਾਹਰ ਆ ਜਾਂਦਾ ਹੈ। ਆ ਵੇਖੋ-

ਪ੍ਰਚੰਡ ਅਖੰਡ ਮੰਡਲੀ ॥ ਉਦੰਡ ਰਾਜ ਸੁਥਲੀ ॥ਜਗੰਤ ਜੋਤਿ ਜੁਆਲ ਕਾ ॥ ਜਲੰਤ ਦੀਪ ਮਾਲਕਾ ॥੯॥੧੭॥
ਕ੍ਰਿਪਾਲ ਦਿਆਲ ਲੋਚਨੰ ॥ ਮਚੰਕ ਬਾਣ ਮੋਚਨੰ ॥ਸਿਰੰ ਕਰੀਟ ਧਾਰੀਯੰ ॥ ਦਿਨੇਸ ਕ੍ਰਿਤ
ਹਾਰੀਯੰ ॥੧੦॥੧੮॥
ਬਿਸਾਲ ਲਾਲ ਲੋਚਨੰ ॥ ਮਨੋਜ ਮਾਨ ਮੋਚਨੰ ॥ਸੁਭੰਤ ਸੀਸ ਸੁ ਪ੍ਰਭਾ ॥ ਚਕ੍ਰਿਤ ਚਾਰੁ
ਚੰਦ੍ਰਕਾ ॥੧੧॥੧੯॥
...................................
ਆਜਾਨ ਬਾਹੁ ਸਾਰੰਗ ਕਰ ਧਰਣੰ ॥ਅਮਿਤ ਜੋਤਿ ਜਗ ਜੋਤ ਪ੍ਰਕਰਣੰ ॥
ਖੜਗ ਪਾਣ ਖਲ ਦਲ ਬਲ ਹਰਣੰ ॥ਮਹਾ ਬਾਹੁ ਬਿਸ੍ਵੰਭਰ ਭਰਣੰ ॥੯॥੨੯॥
...................................

ਇਸ ਕਵੀ ਨੇ ਐਸੀ ਕੜ੍ਹੀ ਬਣਾਈ ਹੈ ਅਤੇ ਉਸ ਨੂੰ ਇਸ ਤਰ੍ਹਾਂ ਖਲਾਰ ਦਿਤਾ ਹੈ ਕਿ ਉਹ ਸਿੱਖਾਂ ਕੋਲੋਂ ਕਦੀ ਵੀ ਸਾਂਭੀ ਨਹੀਂ ਜਾਣੀ । ਪਹਿਲਾਂ ਉਸਤਤਿ ਕਰਦਾ ਹੇ ਤੇ ਕਹਿੰਦਾ ਹੈ "ਅਛੇਦੀ ਅਭੇਦੀ ਸਦਾ ਏਕ ਧਰਮੰ ॥"  ਇਥੇ ਸਿੱਖ ਖੁਸ ਹੋ ਜਾਂਦਾ ਹੈ ਕਿ ਇਹ ਤਾਂ "ਅਕਾਲ ਪੁਰਖ" ਦੀ ਸ਼ਤਤਿ  ਹੈ। ਥੋੜੀ ਹੀ ਦੇਰ ਬਾਦ  ਅਪਣੇ ਇਸ "ਅਕਾਲਪੁਰਖ" ਨੂੰ ਦੇਹਧਾਰੀ ਬਣਾਂ ਦੇਂਦਾ ਹੈ ਤੇ ਕਹਿੰਦਾ ਹੈ "ਕ੍ਰਿਪਾਲ ਦਿਆਲ ਲੋਚਨੰ ॥ ਮਚੰਕ ਬਾਣ ਮੋਚਨੰ ॥"  ਇਕ ਪਾਸੇ ਕਹਿੰਦਾ ਹੈ ਕਿ "ਅਗਾਧੇ ਅਬਾਧੇ ਅਗੰਤੰ ਅਨੰਤੰ ॥ਅਲੇਖੰ ਅਭੇਖੰ ਅਭੂਤੰ ਅਗੰਤੰ ॥" ਫੇਰ ਸਿੱਖ ਖੁਸ਼ ਹੋ ਜਾਂਦੇ ਨੇ ਕਿ ਇਹ ਤਾਂ "ਨਿਰੰਕਾਰ" ਹੈ, ਸਾਡਾ "ਅਕਾਲ ਪੁਰਖ" ! ਲੇਕਿਨ ਉਸੇ ਵੇਲੇ ਕਹਿਨ ਲਗ ਪੈਦਾ ਹੈ " ਬਿਸਾਲ ਲਾਲ ਲੋਚਨੰ ॥ ਮਨੋਜ ਮਾਨ ਮੋਚਨੰ ॥ਸੁਭੰਤ ਸੀਸ ਸੁ ਪ੍ਰਭਾ ॥ ਚਕ੍ਰਿਤ ਚਾਰੁ ਚੰਦ੍ਰਕਾ ॥੧੧॥੧੯॥" ਅਗੇ ਫੇਰ ਕਿਤੇ ਅਪਣੇ ਈਸਟ ਨੂੰ  "ਨਿਰੰਕਾਰ"  ਬਨਾਉਣ ਲਈ ਕਹਿੰਦਾ ਹੈ  "ਕਲੰਕੰ ਬਿਨਾ ਨਿਹਕਲੰਕੀ ਸਰੂਪੇ ॥ਅਛੇਦੰ ਅਭੇਦੰ ਅਖੇਦੰ ਅਨੂਪੇ ॥੧॥ "  ਥੋੜੀ ਹੀ ਦੇਰ ਬਾਦ ਉਸ ਨੂੰ ਲੱਮੀਆਂ ਬਾਹਾ ਵਾਲਾ ਖੜਗਧਾਰੀ, ਦੇਹਧਾਰੀ ਬਣਾਂ ਦੇਂਦਾ ਹੈ
"ਆਜਾਨ ਬਾਹੁ ਸਾਰੰਗ ਕਰ ਧਰਣੰ ॥ਅਮਿਤ ਜੋਤਿਜਗ ਜੋਤ ਪ੍ਰਕਰਣੰ ॥ ਖੜਗ ਪਾਣ ਖਲ ਦਲ ਬਲ ਹਰਣੰ ॥ਮਹਾ ਬਾਹੁ ਬਿਸ੍ਵੰਭਰ ਭਰਣੰ ॥੯॥੨੯॥


ਇਹ ਦਸਮ ਗ੍ਰੰਥੀਏ ਇਸੇ ਕਰਕੇ ਤੇ ਸਾਨੂੰ ਕਹਿੰਦੇ ਨੇ ਕਿ  "ਤੁਹਾਨੂੰ ਇਹ ਬਾਣੀ ਸਮਝ ਨਹੀਂ ਆਵੇਗੀ। ਇਹ ਗੁਰੂ ਸਾਹਿਬ ਜੀ ਦੀ "ਅਗਾਧ ਬੋਧ" ਬਾਣੀ ਹੈ।"  ਉਨਾਂ ਦਾ ਕਹਿਨਾਂ ਵੀ ਅਪਣੀ ਜਗ੍ਹਾ ਸਹੀ ਹੈ ਕਿ ਜੋ ਚੀਜ ਸਮਝ ਨਾਂ ਆਵੇ ਉਸ ਨੂੰ ਮੱਥਾ ਟੇਕੀ ਚਲੋ, ਇਹ ਹੀ ਸੌਖਾਂ ਰਾਹ ਹੈ। ਵੈਸੇ ਵੀ "ਸੁਖਨਿਧਾਨ" ਪੀ ਪੀ ਕੇ ਇਨੀ ਸਿਰਖਪਾਈ ਹੂੰਦੀ ਨਹੀਂ ਸਾਡੇ ਕੋਲੋ। ਅਪਣੇ ਦਿਮਾਗ ਤੇ ਬਹੁਤਾ ਬੋਝ ਪਾ ਕੇ ਦਿਮਾਗ ਨੂੰ ਦੁਖ ਦੇਣ ਦੀ ਲੋੜ ਕੀ ਹੈ। ਚਲੋ ਦੇਖਦੇ ਹਾਂ ਇਸ ਵਿੱਚ ਹੋਰ ਕੀ
ਕੀ ਕੀ "ਗਿਆਨ" ਦੀ ਗਲ ਹੈ।

ਇਸੇ ਤਰ੍ਹਾਂ ਦੀ "ਗਟਪਟ ਉਸਤਤਿ", ਇਸ ਗਿਆਨ ਪ੍ਜਾਰਬੋਧ ਵਿੱਚ ਜਾਰੀ ਰਹਿੰਦੀ ਹੈ।  ਇਸ ਉਸਤਤਿ  ਤੋਂ ਬਾਦ "ਰਾਜਸੂਇ ਜੱਗ" ਦਾ ਜਿਕਰ ਆਉਦਾ ਹੈ, ਜੋ ਪੰਜ ਪਾਂਡਵਾਂ ਵਲੋ ਪਹਿਲੀ ਵਾਰ ਕੀਤਾ ਗਇਆ ਸੀ। ਇਸ ਜਗ ਦਾ ਹਾਲ ਸੁਨੋ ਤੇ ਆਪ ਜੀ ਨੂੰ ਪਤਾ ਲਗ  ਜਾਵੇਗਾ ਕਿ ਇਸ ਰਚਨਾਂ ਨੂੰ ਅਸੀਂ "ਗਿਆਨ ਗਪੋੜ" ਕਿਉ ਕਹਿੰਦੇ ਹਾਂ। ਨਾਲੇ ਇਹ ਵੀ ਵੇਖਿਆ ਜੇ ਕਿ ਦਸਮ ਗ੍ਰੰਥੀਆਂ ਦੀ ਇਸ "ਅਗਾਧ ਬੋਧ ਬਾਣੀ" ਨਾਲ ਸਿੱਖ ਦਾ ਜੀਵਨ ਕਿਨਾਂ ਉੱਚਾ ਹੋ ਸਕਦਾ  ਹੈ।

ਇਸ ਜਗੱਯ ਵਿਚ ਪੂਰੀ ਦੁਨੀਆਂ ਵਿਚੋਂ  ਕਰੋੜਾ ਦੀ ਗਿਣਤੀ ਵਿੱਚ ਬ੍ਰਾਹਮਣਾਂ  ਨੂੰ ਸਦਿਆ ਗਇਆ ਹੈ। ਕਰੋੜਾਂ ਹੀ  ਤਰੀਕੇ ਦੇ ਭੋਜਨ ਅਤੇ ਵਿੰਜਨ  ਬਣੇ ਸਨ, ਜਿਨਾਂ ਨੂੰ ਇਨਾਂ ਕਰੋੜਾਂ ਬ੍ਰਾਹਮਣਾਂ ਨੇ ਭੋਗਿਆ (ਖਾਦਾ)। ਇਸ ਜਗ ਵਿੱਚ ਸ਼ਾਮਿਲ ਹੋਣ ਵਾਲੇ ਹਰ ਇਕ ਬ੍ਰਾਹਮਣ ਨੂੰ ਸੌ ਸੌ ਹਾਥੀ ਅਤੇ ਸੌ ਸੌ ਰੱਥ ,  ਹਰ ਇਕ ਬ੍ਰਾਹਮਣ ਨੂੰ ਦੋ ਦੋ ਹਜਾਰ ਘੋੜੇ ,  ਸੋਨੇ ਦੇ ਸਿੰਘਾਂ ਵਾਲੀਆਂ ਚਾਰ ਚਾਰ ਹਜਾਰ ਮਝਾਂ,  ਇਸ ਤੋਂ ਅਲਾਵਾ ਹਰ ਇਕ ਬ੍ਰਾਹਮਣ ਨੰ ਢਾਈ ਢਾਈ ਮੰਨ ਸੋਨਾਂ, ਅਤੇ  ਚਾਂਦੀ, ਤਾਂਬਾ ਅਤੇ ਅੰਤੇ ਬੇਸ਼ਕੀਮਤੀ ਪੋਸ਼ਾਕੇ  ਦਿਤੇ ਗਏ ਜਿਸ ਨਾਲ ਮੰਗਤੇ ਵੀ ਰਾਜੇ ਬਣ ਗਏ।

 
ਕਮਾਲ ਹੈ, ਕਿਉ ਨਾ ਕਹਿਏ , ਇਸ ਨੂੰ "ਗਿਆਨ ਗਪੋੜ"?   ਜੋ ਗਲ ਕੋਈ ਨਾਂ ਮੰਨੇ , ਕਿਤੇ ਵੀ ਨਾਂ ਸੁਣੀ ਹੋਵੇ ਉਹ ਦਸਮ ਗ੍ਰੰਥੀਆਂ ਦੇ ਇਸ  ਗੁਰੂ ਵਿਚੋਂ ਆਕੇ ਪੜ੍ਹ ਲਵੋ !

ਚਾਰ ਚਾਰ ਕੋਹਾ ਵੱਡਾ ਹਵਨ ਕੂੰਡ ਬਣਵਾਇਆ ਗਇਆ ਸੀ । ਉਸ ਵਿਚ ਆਹੂਤੀਆਂ ਦੇਣ ਲਈ ਇਕ ਹਜਾਰ ਪਰਨਾਲੇ  ਲਗਵਾਏ ਗਏ ਸੀ ।ਉਸ ਵਿਚ ਹਾਥੀ ਦਿ ਸੁੰਡ ਜਿਨੀ ਮੋਟੀ ਘਿਉ ਦੀ ਧਾਰ ਨਿਕਲ ਰਹੀ ਸੀ ਅਤੇ ਉਸ ਘਿਉ ਵਿੱਚ ਹੀਰੇ,  ਕਸਤੂਰੀ ਆਦਿਕ  ਹਵਨ ਸਮਿਗ੍ਰੀ ਪਈ ਹੋਈ ਸੀ। ਹਰ ਦੇਸ਼ ਤੋਂ ਅੱਗ ਅਤੇ ਉਥੇ ਦਾ ਪਾਣੀ ਮੰਗਵਾਇਆ ਗਇਆ............। ਹੋਰ ਗੱਪਾ ਭਾਵੇ ਅਪਣੇ ਕੋਲੋਂ ਜੋੜ ਲੈਣਾਂ, ਇਸ "ਗਿਆਨ ਗਪੋੜ" ਵਿਚ ਤੇ ਇਸ ਜਗੱਯ ਦਾ ਇਹ ਹੀ ਬਿਉਰਾ ਦਿਤਾ ਹੋਇਆ ਹੈ। ਫੇਰ ਇਸ ਜਗ ਦੀ ਸਮਾਪਤੀ ਇਨਾਂ ਸ਼ਬਦਾਂ ਨਾਲ ਕਰਦਾ ਹੈ। 

 
ਰਾਜਸੂਇ ਸੁ ਕੈ ਕਿਤੈ ਦਿਨ ਜੀਤ ਸਤ੍ਰ ਅਨੰਤ ॥
ਰਾਜਸੂਇ ਸੁ ਕੈ ਕਿਤੈ ਦਿਨ ਜੀਤ ਸਤ੍ਰ ਅਨੰਤ ॥ ॥ ਬਾਜਮੇਧ ਅਰੰਭ ਕੀਨੋ ਬੇਦ ਬਯਾਸ ਮਤੰਤ ॥੮॥੧੪੯॥
ਪ੍ਰਿਥਮ ਜੱਗ ਸਮਾਪਤਹਿ ॥

ਸ਼ੁਕਰ ਹੈ ! ਇਹ ਜਗ ਮੁਕ ਗਇਆ ਨਹੀਂ ਤਾਂ ਹਿੰਦੁਸਤਾਨ ਦੀ ਸਾਰੀ "ਇਕਨਾਮੀ" ਫੇਲ ਕਰ ਦੇਣੀ ਸੀ ਇਨਾਂ ਕਰੋੜਾਂ ਬ੍ਰਾਹਮਣਾਂ ਨੇ। ਮੇਰੇ ਵੀਰੋ ! ਵੇਖਿਆ ਕਿਨਾਂ "ਗਿਆਨ"  ਵੱਧਿਆ ਇਸ   "ਗਿਆਨ ਪ੍ਰਬੋਧ"  ਤੋਂ ! ਅਗਲਾ ਜੱਗ ਹੈ "ਅਸ਼ਵਮੇਘ ਜੱਗ" । ਜਿਸ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿ ਰਹੇ ਨੇ,


ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੧ 

ਲਿਕਨ ਇਹ ਅਖੌਤੀ ਦਸਮ ਗ੍ਰੰਥ ਇਸ ਬਾਰੇ ਕਿਨਾਂ "ਗਿਆਨ ਦੇ ਰਿਹਾ ਹੈ- ਇਕ ਘੋੜਾ ਉਸ ਯਗ ਵਿੱਚ ਵਡ੍ਹਿਆ ਜਾਂਦਾ ਹੈ। ਉਸ ਦੇ ਮਾਸ ਦਾ ਇਕ ਹਿੱਸਾ ਬ੍ਰਾਹਮਣਾਂ ਨੂੰ ਇਕ ਹਿੱਸਾ ਖਤ੍ਰੀਆਂ ਨੂੰ ਅਤੇ ਇਕ ਹਿੱਸਾ ਉਨਾਂ ਬ੍ਰਾਹਮਣਾਂ ਨੂੰ ਜੋ ਇਸ ਜਗ ਵਿੱਚ ਮੇਹਮਾਨ ਬਣਕੇ ਆਏ ਸੀ ਦਿਤਾ ਗਇਆ ਅਤੇ ਉਨਾਂ ਨੇ ਖਾਦ੍ਹਾ। ਚੌਥਾ ਹਿੱਸਾ ਘੋੜੇ ਦਾ ਹਵਨ ਕੁੰਟ ਦੀ ਅਗ ਵਿੱਚ ਭੇਟ ਕਰ ਦਿਤਾ ਗਇਆ। ਹਲੀ ਤਕ ਤੇ ਇਹ ਸੁਣਿਆ ਸੀ ਕੇ ਬ੍ਰਾਹਮਣ ਛੁਪ ਛੁਪ ਕੇ ਮਾਸ  ਖਾਂਦੇ ਨੇ ਇਥੇ ਤੇ ਸਰੇਆਮ ਹੀ ਮਾਸ ਦਾ ਭੋਗ ਲਗ ਰਿਹਾ ਹੈ, ਉਹ ਵੀ ਘੋੜੇ ਦਾ। ਪਿਛਲੇ ਭਾਗਾਂ ਵਿੱਚ ਅਸਾਮ ਦੇ "ਕਾਮਾਖੀਆ ਮੰਦਿਰ" ਵਿੱਚ ਜਾਨਵਰਾਂ ਦੀ ਬਲੀ ਬਾਰੇ ਪੜ੍ਹ ਆਏ ਹਾਂ,  ਇਹ ਉਸ ਦਾ ਹੀ ਇਕ ਹਿੱਸਾ ਜਾਪਦਾ  ਹੈ। ਇਸ ਜਗ ਦੀ "ਗਪੋੜ " ਤਾਂ ਬਰਦਾਸ਼ਤ ਹੋ ਗਈ, ਪਹਿਲੇ ਵਾਲੇ ਜੱਗ ਦੀ  ਗਪੋੜ ਤਾਂ ਬਹੁਤ ਵੱਡੀ ਸੀ,  ਜੋ ਹਲੀ ਤਕ ਹਜਮ ਨਹੀਂ ਹੋ ਰਹੀ। ਹਲੀ ਕਹਾਨੀ ਇਥੇ ਹੀ ਨਹੀਂ ਮੁਕਦੀ। ਹਲੀ ਕੁਝ ਦੇਰ ਇਨਾਂ ਗੱਪਾਂ ਨੂੰ  ਹੋਰ ਝੇਲਨਾਂ ਪਵੇਗਾ , ਇਹ ਗੱਪਾਂ ਅਕਾਲ ਤਖਤ ਦੇ ਹੇਡ ਗ੍ਰੰਥੀ ਨੂੰ "ਗੁਰੂ ਕ੍ਰਿਤ" ਲਗ ਰਹਿਆ ਨੇ।

ਹੁਣ ਇਕ ਹੈ " ਗਜਮੇਧ ਜਗ "  ਅਤੇ ਦੂਜਾ ਹੈ  "ਅਹਿਮੇਘ ਜਗ "

"ਗਜਮੇਘ ਜਗ "  ਦੀ ਗਪੋੜ ਵੀ ਬਹੁਤ ਵੱਡੀ ਹੈ। ਇਸ ਵਿਚ ਅੱਠ ਕੋਹਾਂ ਵਿੱਚ ਹਵਨ ਕੁੰਟ ਬਣਵਾਇਆ ਗਇਆ  ਤੇ ਉਸ ਵਿੱਚ ਪਾਉਣ ਵਾਸਤੇ ਅਨਗਿਣਤ ਹਾਥੀ  ਮੰਗਵਾਏ ਗਏ। ਅੱਠ ਹਜਾਰ ਬ੍ਰਾਹਮਣ ਹੋਮ ਜੱਗ ਕਰਨ ਲਈ ਬੁਲਾਏ ਗਏ।ਅੱਠ ਲੱਖ ਹੋਰ ਬ੍ਰਾਹਮਣ ਮੰਤਰ ਪੜ੍ਹਨ ਲਈ ਬੁਲਾਏ ਗਏ। ਇਸ ਵਿੱਚ ਵੀ ਅੱਠ ਹਜਾਰ ਪਰਨਾਲੇ  ਲਾਏ ਗਏ ਜਿਨਾਂ ਵਿੱਚ ਹਾਥੀ ਦੀ ਸੂੰਡ ਜਿਨੀ ਮੋਟੀ ਘਿਉ ਦੀ ਧਾਰ ਵਗਦੀ ਸੀ। ਉਏ ਬੱਲੇ ! ਇਥੇ ਗਰੀਬਾ ਨੂੰ ਛਟਾਕੀ ਘਿਉ ਵੇਖਣ ਨੂੰ ਨਹੀਂ ਮਿਲਦਾ, ਉਥੇ ਟੇਂਕਰਾਂ ਦੇ ਟੇਂਕਰ ਘਿਉ ਬਰਬਾਦ ਕੀਤਾ ਜਾ ਰਿਹਾ ਸੀ । ਇਸ ਵਿੱਚ ਕਿਨੇ ਹਾਥੀ ਮਾਰ ਕੇ ਸੁੱਟੇ ਗਏ ਇਹ ਨਹੀਂ ਦਸਿਆ ਗਇਆ ਹੈ।ਉਹ ਵੀ ਅੱਠ ਕੁ ਸੌ  ਤੇ ਹੋਣੇ ਹੀ ਚਾਹੀਦੇ ਨੇ, ਕਿਉਕਿ ਇਸ ਜਗ ਵਿੱਚ ਲਗਦਾ ਹੈ "ਅੱਠ" ਦਾ ਹੀ ਪਹਾੜਾ "  ਪੜ੍ਹਿਆ ਗਇਆ ਹੈ, ਜੇ ਗੱਪ ਹੀ ਮਾਰਨੀ ਹੋਵੇ ਤੇ ਕੋਈ ਵੱਡੀ ਤੋਂ ਵੱਡੀ  ਗਪ ਮਾਰੀ ਜਾਵੇ, ਵਡੀ ਤੋਂ ਵਡੀ ਗੱਪ ਮਾਰਨ ਵਿੱਚ ਕੋਈ ਟੇਕਸ ਤੇ ਲਗਦ ਨਹੀਂ। ਕਹਿ ਦਿਉ  ਅੱਠ ਹਜਾਰ ਹਾਥੀ ਮਾਰ ਕੇ ਹਵਨਕੁੰਟ ਵਿੱਚ ਪਾਏ ਗਏ।

ਦੂਜੇ "ਅਹਿਮੇਘ ਜਗ "  ਨੁੰ ਰਾਜਾ ਜਨਮੇਜਾ ਨੇ ਕਰਵਵਾਇਆ ਸੀ ਇਸ "ਜਗੱਯ" ਵਿੱਚ ਕੁਝ ਹੋਰ ਹੀ ਨਜਾਰਾ ਸਾਮ੍ਹਣੇ ਆਉਦਾ ਹੈ ਜੋ ਇਕ ਨਵੀ "ਗਪੋੜ" ਹੈ। ਹਵਨ ਵੇਲੇ ਸ਼ਸ਼ਤ੍ਰਾਂ ਦੀ ਸ਼ਕਤੀ ਨਾਲ ਕਰੋੜਾਂ ਸੱਪ ਇਕੱਠੇ ਹੋਣ ਲਗੇ ਤੇ ਹਵਨ ਕੁੰਟ ਵਿੱਚ ਜਾ ਕੇ ਡਿਗਣ ਲਗੇ। ਇਨਾਂ ਸੱਪਾਂ ਦੀ ਲੰਬਾਈ ਇਕ ਹੱਥ ਤੋਂ ਲੈਕੇ ਹਜਾਰ ਹਜਾਰ ਹਥ ਲੰਬੀ ਸੀ। (ਸ਼ਾਬਾਸ਼ ਜੇ ਗੱਪ ਮਾਰਨੀ ਹੀ ਸੀ ਤੇ ਘਟੋ ਘਟ "ਰਾਜਸਇ ਜਗ"  ਜਿਨੀ ਤੇ ਮਾਰਦੇ ਹੀ। ਮੀਲ ਦੋ ਮੀਲ ਲੰਬੇ ਕਹਿੰਦੇ ਤਾਂ "ਗਿਆਨ ਗਪੋੜ" ਨਾਮ ਹੋਰ ਵੀ ਢੁਕਣਾਂ ਲਗਣਾਂ ਸੀ। ਖੇਰ ਫਿਰ ਕੀ ਹੋਇਆ ?  ਜਿਹੜੇ ਸੱਪ ਛੋਟੇ ਸਾਈਜ ਦੇ ਸੀ ਉਹ ਹੱਥ ਦੇ ਅੰਗੁਠੇ ਨਾਲੋ ਵੀ ਛੋਟੇ ਸੀ।(ਹੁਣ ਬਣੀ ਨਾਂ ਕੁਝ ਸਹੀ ਗੱਪ)। ਫਿਰ ਸੁੰਡੀਆ  ਵੀ ਆਈਆਂ ਤੇ ਇਕ ਇਕ ਹਜਾਰ, ਦੋ ਦੋ ਹਜਾਰ  ਅਤੇ ਤਿਨ ਤਿਨ ਹਜਾਰ  ਦੇ ਝੂਡਾਂ ਵਿੱਚ ਸੱਪ ਇਕੱਠੇ ਆਉਣ ਲਗ ਪਏ ਤੇ ਹਵਨ ਕੂੰਟ ਵਿੱਚ ਡਿਗ ਡਿਗ ਕੇ ਸੜਨ ਲਗ ਪਏ।

ਉਫਫ !!   ਮੈ ਕੀ ਸੁਣਾਂ ਰਿਹਾ ਹਾਂ  ਤੇ ਤੁਸੀ ਕੀ ਸੁਣ ਰਹੇ ਹੋ। ਇਹ ਹੈ, ਦਸਮ ਗ੍ਰੰਥੀਆਂ ਦੇ ਗੁਰੂ ਦਾ ਲਿਖਿਆ "ਗਿਆਨ ਗਪੋੜ"। ਮੇਰਿ ਪਿਆਰੇ ਵੀਰੋ! ਕੀ ਇਹ ਹੀ ਹੈ ਦਸਮ ਗ੍ਰੰਥੀਆਂ ਦੀ "ਦਸਮ ਬਾਣੀ" ।ਇਸ ਨੂੰ ਪੜ੍ਹ ਕੇ ਹਾਸਾ ਤੇ ਜਰੂਰ ਆਉਂਦਾ ਹੇ ਪਰ ਗਿਆਨ ਨਹੀਂ। ਇਹ "ਗਿਆਨ ਗਪੋੜ" ਤੇ ਹੋ ਸਕਦਾ ਹੈ "ਗਿਆਨ ਪ੍ਰਬੋਧ" ਨਹੀਂ। ਤੁਹਾਨੂੰ ਜੇ ਇਸ ਤੋਂ ਕੋਈ ਜੀਵਨ ਜਾਚ ਮਿਲੀ ਹੋਵੇ। ਅਪਣਾ ਜੀਵਨ ਸਫਲਾ ਕਰਨ ਲਈ ਕੋਈ ਸਿੱਖਿਆ ਮਿਲੀ ਹੋਵੇ ਤੇ ਇਸ ਨੂੰ ਜਰੂਰ "ਦਸਮ ਬਾਣੀ" ਮਨ ਲੈਣਾਂ , ਜੇ ਨਹੀਂ ਤਾਂ ਇਸਨੂੰ "ਗਿਆਨ ਗਪੋੜ" ਸਮਝ ਕੇ ਕਦੀ ਵੀ ਇਸ ਗ੍ਰੰਥ ਅਗੇ ਮੱਥਾ ਟੇਕ ਕੇ , ਗੁਰੂ ਗ੍ਰੰਥ ਸਾਹਿਬ ਵਰਗੇ ਸਮਰਥ ਗੁਰੂ ਦਾ ਅਪਮਾਨ ਨਾਂ ਕਰਨਾ ਜੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top