Share on Facebook

Main News Page

ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ ਦਸਮ ਗ੍ਰੰਥ (ਬਿਖਿਆ) - (ਭਾਗ ਗਿਆਰ੍ਹਵਾਂ)
-
ਇੰਦਰਜੀਤ ਸਿੰਘ, ਕਾਨਪੁਰ
 

(ਅਥ ਸ੍ਰੀ ਸ਼ਸਤ੍ਰਨਾਮ ਮਾਲਾ ਪੁਰਾਣ ਲਿਖਯਤੇ ॥ ਸ੍ਰੀ ਭਗਉਤੀ ਜੀ ਸਹਾਇ ॥ ਪਾਤਿਸ਼ਾਹੀ ॥੧੦॥ ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰੁ ਤੀਰ ॥)
 
ਸਿੱਖ ਕੌਮ ਵਿਚ ਜਿਨਾਂ ਕੂ ਭੰਬਲਭੂਸਾ ਇਹ "ਕੂੜ ਕਿਤਾਬ"  ਪਾ ਸਕਦੀ ਸੀ,  ਇਸ ਨੇ ਪਾਇਆ ਹੈ। ਸਿੱਖਾਂ ਨੂੰ "ੴ"  ਤੋਂ  ਦੂਰ ਕਰਨ ਲਈ ਇਸ "ਸ਼ਸ਼ਤ੍ਰਨਾਮ ਮਾਲਾ" ਦਾ ਵੀ ਬਹੁਤ ਵੱਡਾ ਹੱਥ ਰਿਹਾ ਹੈ,  ਜਿਸਦਾ ਜਿਕਰ ਅਸੀਂ ਅਗੇ ਚਲ ਕੇ ਕਰਦੇ ਹਾਂ।  ਇਸ ਕਿਤਾਬ ਦੇ ਪੰਨਾ ਨੰ. 717  ਤੇ ਇਹ "ਅਥ ਸ੍ਰੀ ਸ਼ਸਤ੍ਰ ਨਾਮ ਮਾਲਾ ਪੁਰਾਣ ਲਿਖਯਤੇ ॥"  ਸ਼ੁਰੂ ਹੂੰਦੀ ਹੈ ਤੇ  ਪੰਨਾ ਨੰ. 808 ਤੇ ਸਮਾਪਤ ਹੂੰਦੀ ਹੈ। ਇਸ ਪੂਰੀ ਕਿਤਾਬ ਦੀਆਂ ਪਿਛਲੀਆਂ ਰਚਨਾਵਾਂ ਵਾਂਗ, ਇਹ ਰਚਨਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਪੂਰੀ ਤਰ੍ਹਾਂ ਫੇਲ ਹੋ ਜਾਂਦੀ ਹੈ। ਇਹ 91 ਪੰਨੇ ਸ਼ਸ਼ਤ੍ਰਾਂ ਦੇ ਨਾਮ ਦਸਣ ਦੇ ਬਹਾਨੇ ਸਿੱਖ ਨੂੰ "ਕਾਲ ਅਤੇ ਕਾਲੀ" ਅਤੇ ਹੋਰ "ਹਿੰਦੂ ਮਿਥਹਾਸਕ ਪਾਤਰਾਂ"  ਦੀ ਉਸਤਤਿ ਨਾਲ ਜੋੜਦੇ ਨੇ। 

 
ਸਾਂਗ, ਸਰੋਹੀ, ਸੈਫ, ਅਸ, ਤੀਰ, ਤੁਪਕ, ਤਲਵਾਰ, ਕ੍ਰਿਪਾਨ, ਧਾਰਾਧਰੀ, ਸੈਲ, ਸੂਫ, ਜਮਦਾਢ, ਕਵਚਾਂਤਕ, ਸੱਤ੍ਰਾਂਤ, ਕਰ, ਤੇਗ, ਤੀਰ, ਖੰਡੋ, ਖੜਗ, ਤਬਰ, ਸੈਹਥੀ, ਸੂਲ, ਸੈਹਥੀ, ਤਬਰ, ਨਿਖੰਗ, ਬਾਨ, ਕਟਾਰੀ, ਸੇਲ, ਕਰਦ, ਕ੍ਰਿਪਾਨ, ਦਾੜ੍ਹ, ਬਿਛੂਓ, ਬਾਨ, ਜਮਧਰ, ਜਮਦਾੜਾ, ਜਬਰ, ਜੋਧਾਂਤਕ, ਬਾਂਕ, ਬਜ੍ਰ, ਬਿਸਿਖਿ, ਬਿਰਹਬਾਨ, ਇਨਾਂ ਸ਼ਸ਼ਤ੍ਰਾਂ ਨੂੰ ਸਾਡੇ ਪੀਰ (ਗੁਰੂ ਅਤੇ ਪੂਰਵਜ) ਦਸਿਆ ਗਇਆ ਹੈ। ਇਸ ਬੇ ਸਿਰ ਪੈਰ ਦੀ ਦੇਵੀ ਉਸਤਤਿ ਵਿੱਚ ਸ਼ਸ਼ਤ੍ਰਾਂ ਦੇ ਨਾਮ ਪੜ੍ਹ ਕੇ ਲਗਦਾ ਹੈ, ਕਿ ਇਹ ਕਵੀ ਕਿਸੇ ਵੇਲੇ ਚਾਕੂ, ਛੁਰੀਆਂ, ਕਰਦਾਂ, ਕਿੱਲਾਂ ਨੇਜਿਆਂ ਸੂੰਬੀਆਂ, ਆਦਿਕ ਚੀਜਾਂ ਦਾ ਵਾਪਾਰ  ਕਰਦਾ ਰਿਹਾ ਹੋਣਾਂ ਹੈ। ਜੇ ਉਸ ਵੇਲੇ ਏ. ਕੇ. 47 , ਏ .ਕੇ. 56 ਅਤੇ ਬਫੋਰਸ ਤੋਪਾਂ ਹੁੰਦੀਆਂ ਤੇ ਸ਼ਾਇਦ ਇਹ ਉਨਾਂ ਦਾ ਵੀ ਜਿਕਰ  ਕਰਦਾ ਤੇ ਉਨਾਂ ਗੱਨਾਂ ਅਤੇ ਤੋਪਾਂ ਨੂੰ ਵੀ ਸਾਡਾ "ਪੀਰ" ਜਰੂਰ  ਦਸਦਾ। ਆਉ ਵੇਖੀਏ ਇਨਾਂ  ਚਾਕੂ ਛੁਰਿਆਂ ਅਤੇ ਕਰਦਾਂ  ਦੇ ਨਾਮ, ਸਾਨੂੰ ਕਿਸ ਅਧਿਆਤਮਿਕ ਜੀਵਨ ਜਾਚ ਨਾਲ ਜੋੜ ਰਹੇ ਨੇ। ਇਹ ਕੁਝ ਸ਼ਸ਼ਤ੍ਰ ਹਨ ਜਿਨਾਂ ਦੇ ਨਾਮਾਂ ਦੀ ਆੜ ਵਿੱਚ ਇਹ ਕਵੀ, ਸਿੱਖੀ ਦੇ ਮੁਡਲੇ ਸਿਧਾਂਤਾਂ ਨੂੰ ਕਿਵੇਂ ਸੱਟ ਮਾਰ ਰਿਹਾ ਹੈ, ਆਉ ਜਰਾ ਨਜਰ ਮਾਰੀਏ:
 
ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥ 
ਤੀਰ ਤੁਹੀ ਸੈਹਥੀ ਤੁਹੀ ਤੁਹੀ ਤਬਰ ਤਲਵਾਰ ॥ ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ ॥੪॥
ਪੰਨਾ ਨੰ. 717 ਅਖੌਤੀ ਦਸਮ ਗ੍ਰੰਥ
 
ਅਰਥ: ਅਸ, ਕ੍ਰਿਪਾਨ ਖੰਡੇ, ਤੁਪਕ, ਤਬਰ ਅਤੇ ਤੀਰ, ਸੈਫ, ਸਰੋਹੀ ਸੈਹਥੀ ਇਹੋ ਹੀ ਸਾਡੇ ਪੀਰ (ਵਡੇਰੇ, ਗੁਰੂ, ਪੁਰਖੇ) ਹਨ। ਹੇ ਦੇਵੀ ਤੂਂ ਹੀ ਤੀਰ ਹੈ ਹੈ, ਸੈਹਥੀ ਵੀ ਤੂੰ ਹੀ ਹੈ, ਤਬਰ ਅਤੇ ਤਲਵਾਰ ਵੀ ਤੂੰ ਹੀ ਹੈ। ਜੋ ਤੇਰਾ ਨਾਮ ਜਪੇਗਾ ਉਹ ਭਵਜਲ ਪਾਰ  ਕਰ ਜਾਵੇਗਾ। ਉਏ ਬੇੜਾ ਤਰ ਜਾਏ ਤੁਹਾਡਾ!  ਸਾਨੂੰ ਤੇ ਸਾਡੇ ਸ਼ਬਦ ਗੁਰੂ ਸਿਖਾਂਦੇ ਨੇ ਕਿ "ੴ ਸਤਿਗੁਰ ਪ੍ਰਸਾਦਿ॥" ਤੁਸੀਂ ਸਾਨੂੰ ਪੁੱਠੀ ਮੱਤ ਦੇ ਕੇ ਹੁਣ ਇਨਾਂ ਚਾਕੂ ਛੁਰਿਆਂ ਅਤੇ ਕਰਦਾਂ ਨੂੰ ਪੂਜਣ ਦੀ ਸਿਖਿਆ ਦੇ ਰਹੇ ਹੋ?
 
ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰੁ ਤੀਰ ॥ ਤੁਹੀ ਨਿਸ਼ਾਨੀ ਜੀਤ ਕੀ ਆਜੁ ਤੁਹੀ ਜਗਬੀਰ ॥੫॥.........
ਤੁਮਹੀ ਦਿਨ ਰਜਨੀ ਤੁਹੀ ਤੁਮਹੀ ਜੀਅਨ ਉਪਾਇ ॥ ਕਉਤਕ ਹੇਰਨ ਕੇ ਨਮਿਤ ਤਿਨ ਮੋ ਬਾਦ ਬਢਾਇ ॥੯॥
 
ਕਾਲ ਅਤੇ ਕਾਲੀ ਦਾ ਪੁਜਾਰੀ, ਆ ਗਇਆ ਅਪਣੀ ਔਕਾਤ ਤੇ ਕਹਿੰਦਾ ਹੈ "ਕਾਲ" ਅਤੇ "ਕਾਲੀ"  ਵੀ ਤੂੰ ਹੀ ਹੈ ਅਤੇ ਤੇਗ ਅਤੇ ਤੀਰ ਵੀ ਤੂੰ ਹੀ ਹੈ। ਦਸਮ ਗ੍ਰੰਥੀ ਰਾਗੀਆਂ ਨਾਲ ਜੇ ਅਸੀਂ ਗਲ ਕਰਦੇ ਹਾਂ ਕਿ ਤੁਸੀਂ ਇਹ  ਉਸਤਤਿ ਸ਼ਸ਼ਤ੍ਰਾਂ ਦੀ ਕਰਦੇ ਹੋ, ਕਿ "ਕਾਲ ਅਤੇ ਕਾਲੀ"  ਦੀ?  ਤੇ ਉਹ ਕਹਿੰਦੇ ਨੇ ਇਹ ਤਾਂ ਗੁਰੂ ਸਾਹਿਬ, ਅਕਾਲ ਪੁਰਖ ਨੂੰ ਕਹਿ ਰਹੇ ਨੇ ਕਿ "ਤੂੰ ਹੀ ਕਾਲ ਹੈ, ਤੇ ਤੁੰ ਹੀ ਕਾਲੀ ਹੈ""ਸੁੰਦਰ ਗੁਟਕਾ" ਪੜ੍ਹ ਕੇ ਬਣੇ ਇੱਨਾਂ ਰਾਗੀਆਂ ਦਾ ਕਸੂਰ ਵੀ ਕੀ ਕਹੀਏ,  ਕਿਉ ਕਿ ਇਨਾਂ ਨੇ ਇਸ ਤੋਂ ਅਗੇ ਤੇ ਕੁਝ ਪੜ੍ਹਿਆ ਹੀ ਨਹੀਂ ਹੂੰਦਾ। ਇਸ ਨਾਮ ਮਾਲਾ ਦੀਆਂ ਅਗਲੀਆਂ ਲਾਈਨਾਂ ਵਿੱਚ ਸ਼ਸ਼ਤ੍ਰਾਂ ਦੇ ਨਾਮ ਦਸਣ ਵਾਲਾ ਕਵੀ, ਸਾਫ ਸਾਫ ਕਹਿ ਰਿਹਾ ਹੈ, ਕਿ "ਮੈਂ  ਦੇਵੀ ਦੀ ਉਸਤਤਿ ਕਰ ਰਿਹਾ ਹਾਂ।"  ਆਉ ਵੇਖੋ:
 
ਇਤਿ ਸ੍ਰੀ ਨਾਮ ਮਾਲਾ ਪੁਰਾਣੇ ਸ੍ਰੀ ਭਗਉਤੀ ਉਸਤਤ ਪ੍ਰਿਥਮ ਧਿਆਇ ਸਮਾਪਤਮ ਸਤੁ ਸੁਭਮ ਸਤੁ ॥ਪੰਨਾ 718 ਅਖੌਤੀ ਦਸਮ ਗ੍ਰੰਥ
 
ਹੁਣ ਫੇਰ ਇਹ ਢੀਠ ਦਸਮ ਗ੍ਰੰਥੀਏ ਇਹ ਕਹਿੰਣਗੇ  ਕਿ "ਭਗਉਤੀ" ਤੇ ਅਕਾਲਪੁਰਖ ਹੈ, ਅਰਦਾਸ ਵਿੱਚ ਵੀ ਆਂਉਦਾ ਹੈ "ਪ੍ਰਿਥਮ ਭਗਉਤੀ ਸਿਮਰਕੇ ", ਤੁਸੀਂ ਕੇੜ੍ਹੀ ਨਵੀ ਗਲ ਕਰ ਰਹੇ ਹੋ? 
 
ਭਲਾ ਹੋ ਜਾਵੇ ਤੁਹਾਡਾ ਦਸਮ ਗ੍ਰੰਥੀਉ!! ਤੁਸੀਂ ਤੇ ਇਸ ਕਿਤਾਬ ਵਿਚ ਆਏ ਹਰ  ਨਾਮ ਨੂੰ ਹੀ "ਅਕਾਲਪੁਰਖ" ਨਾਲ ਜੋੜੀ ਜਾਂਦੇ ਹੋ।  ਤੁਹਾਡੇ ਨਾਲ ਇਹੋ ਮੱਥਾ ਪੱਚੀ ਕਰਦੇ ਕਰਦੇ ਤੇ ਇਸ ਕਿਤਾਬ ਦੇ 718 ਪੰਨੇ ਲੰਘ ਗਏ, ਇਸ ਲੇਖ ਦੇ ਦਸ ਭਾਗ ਲੰਘ ਗਏ। ਤੁਹਾਨੂੰ ਹਲੀ ਵੀ ਸਮਝ ਨਹੀਂ ਆਈ। ਅਸੀ ਵੀ ਤੁਹਾਨੂੰ ਘਰ ਤਕ ਛਡ ਕੇ ਹੀ ਆਉਣਾਂ ਹੈ, ਚਿੰਤਾ ਨਾਂ ਕਰੋ! ਇਸ  ਕਵਿਤਾ ਵਿੱਚ ਜਰਾ ਅਗੇ ਚਲੋ, ਤੁਹਾਡੇ ਲਈ ਇਸ ਕਿਤਾਬ ਵਿੱਚ ਸੈਂਕੜੇ  ਉਦਾਹਰਣ ਨੇ, ਜੋ ਇਹ ਸਾਬਿਤ ਕਰਦੇ ਨੇ ਕਿ ਇਹ "ਕਾਲੀ ਦੀ ਕਿਤਾਬ", "ਕਾਲੀ ਅਤੇ ਕਾਲ"  ਦੀ ਹੀ ਉਸਤਿਤ ਨਾਲ ਭਰੀ ਪਈ ਹੈ "ਅਕਾਲ ਪੁਰਖ"  ਨਾਲ ਨਹੀਂ।
ਸਿੰਘ ਸ਼ਬਦ ਭਾਖੋ ਪ੍ਰਖਮ ਬਾਹਨ ਬਹੁਰ ਉਚਾਰਿ ॥ ਸਭੈ ਨਾਮ ਜਗਮਾਤ ਕੇ ਲੀਜਹੁ ਸੁ ਕਬਿ ਸੁਧਾਰਿ ॥੩੨॥ ਪੰਨਾ 719
 
ਦਸਮ ਗ੍ਰੰਥੀਉ! ਹੁਣ ਕਿਥੇ ਜਾਵੋਗੇ? ਇਹ ਤਾਂ ਹੁਣ ਸਾਫ ਸਾਫ ਕਹਿ ਰਿਹਾ ਹੈ ਕਿ ਪਹਿਲਾਂ ਉਸ ਸ਼ੇਰ (ਸਿੰਘ ) ਦਾ ਨਾਮ ਲੈ, ਜੋ ਦੁਰਗਾ ਦਾ ਬਾਹਨ (ਸਵਾਰੀ) ਹੈ, ਮੈਂ ਤਾ ਇਹ ਸਾਰੇ ਨਾਮ, ਉਸ "ਜਗਮਾਤ" ॥ ( ਪੂਰੇ ਜਗਤ ਦੀ ਮਾਤਾ ) ਦੇ ਹੀ ਲਏ ਨੇ, ਜਿਥੇ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੈ,  ਮੈਂ ਉਸ ਨੂੰ ਸੁਧਾਰ ਲਿਆ ਹੈ।"

 ਜੇ ਹਲੀ ਵੀ ਤੁਹਾਨੂੰ ਭਗਉਤੀ ਸ਼ਬਦ ਅਕਾਲਪੁਰਖ ਲਈ  ਵਰਤਿਆ ਲਗਦਾ ਹੈ ਤੇ  ਇਹ ਕਸੂਰ ਤੁਹਾਡਾ ਨਹੀਂ।  ਕਈਂ ਸਦੀਆਂ ਤੋਂ ਤੁਸੀਂ ਅਰਦਾਸ ਵਿੱਚ ਇਸ "ਭਗੳਤੀ" ਦੇਵੀ  ਨੂੰ ਯਾਦ ਕਰਦੇ ਆ ਰਹੇ ਹੋ, ਇਸ "ਭਗਉਤੀ " ਨੇ ਐਨੀ ਛੇਤੀ ਤੁਹਾਡੇ ਮਗਰੋਂ ਥੋੜੀ ਹੀ ਲਹਿ ਜਾਣਾ ਹੈ। ਇਸ ਭਗਉਤੀ ਦਾ ਤੇ ਸਾਫ ਸਾਫ ਨਾਮ ਉਹ "ਭਗਵਤੀ"  ਅਤੇ "ਭਵਾਨੀ"  ਵੀ ਦਸ ਰਿਹਾ ਹੈ। ਇਹ ਪੜ੍ਹ ਕੇ ਤੇ ਮੰਨ ਜਾਉ ਮੇਰੇ ਭਰਾਵੋ!  ਕੇ ਇਹ "ਭਗਉਤੀ", ਅਕਾਲਪੁਰਖ ਨਹੀਂ "ਸ਼ੇਰਾਂ ਵਾਲੀ ਦੇਵੀ ਮਾਤਾ"  ਹੈ। ਸ਼ੇਰ ਦੀ ਸਵਾਰੀ ਵਾਲੀ "ਭਗਵਤੀ " ਵੀ ਉਹ ਹੀ ਹੈ, ਅਤੇ "ਭਵਾਨੀ " ਵੀ ਉਹ ਹੀ ਹੈ। ਲਉ, ਤੁਹਾਡਾ ਇਹ ਗੁਰੂ ਇਥੇ ਦੋਵੇਂ ਨਾਮ ਸਾਫ ਸਾਫ ਲੈ ਰਿਹਾ ਹੈ।
 
ਭੂਤਾਂਤਕ ਸ੍ਰੀ ਭਗਵਤੀ ਭਵਹਾ ਨਾਮ ਬਖਾਨ ॥ ਸ੍ਰੀ ਭਵਾਨੀ ਭੈ ਹਰਨ ਸਭ ਕੋ ਕਰੌ ਕਲਯਾਨ ॥੬॥ਪੰਨਾ ਨੰ 719
 
ਹੁਣ ਇਸ "ਜਗਮਾਤਾ" ਨੂੰ ਵੀ ਅਕਾਲਪੁਰਖ ਕਹਿ ਦਿਉ!  ਜਿਸਦੀ ਸਵਾਰੀ  ਸ਼ੇਰ ਹੈ? ਮੂਰਖ ਦਸਮ ਗ੍ਰੰਥੀਉ! ਇਨੇ ਵੀ ਢੀਠ ਨਾਂ ਬਣੋ ਕਿ ਦੂਜੇ ਦੇ ਪਿਉ ਨੂੰ ਹੀ ਅਪਣਾਂ ਪਿਉ ਆਖੀ ਜਾਂਦੇ ਹੋ। ਜੇ ਉਹ "ਕਾਲ ਅਤੇ ਕਾਲੀ"  ਦਾ ਪੁਜਾਰੀ ਕਹਿ ਰਿਹਾ ਹੈ ਕਿ "ਮੈਂ ਸ਼ੇਰਾਂ ਵਾਲੀ ਜਗਮਾਤਾ"  ਦੇ ਨਾਮ ਲੈ ਰਿਹਾ ਹਾਂ, ਫੇਰ ਤੁਸੀਂ ਕਿਉ ਉਸਨੂੰ "ਅਕਾਲਪੁਰਖ "  ਬਨਾਉਣ ਲਈ ਇਨੇ ਉਤਾਵਲੇ ਹੋਏ  ਹੋ। ਹੋਰ ਵੇਖੋ ਹਲੀ ਕੋਈ ਪ੍ਰਮਾਣਾਂ ਦੀ ਕਮੀ ਤਾਂ ਹੈ ਨਹੀਂ ਇਥੇ:
 
ਕਤੀ ਯਾਮਾਨੀ ਹਿੰਦਵੀ ਸਭ ਸ਼ਸਤ੍ਰਨ ਕੇ ਨਾਥ ॥ ਲਏ "ਭਗਉਤੀ ਨਿਕਸ ਹੈ ਆਪ ਕਲੰਕੀ ਹਾਥ ॥੪੬॥
ਪ੍ਰਿਥਮ ਸ਼ਕਤਿ ਪਦ ਉਚਰਿ ਕੈ ਪੁਨ ਕਹੁ ਸ਼ਕਤ ਬਿਸੇਖ ॥ ਨਾਮ ਸੈਹਥੀ ਕੇ ਸਕਲ ਨਿਕਸਤ ਜਾਹਿ ਅਸੇਖ ॥੪੭॥
 
ਪ੍ਰਿਥਮ + ਸ਼ਕਤਿ = ਆਦਿ + ਸ਼ਕਤੀ = ਅਦਿ ਭਵਾਨੀ ( ਗੁਰੂ ਗ੍ਰੰਥ ਸਾਹਿਬ ਵਿੱਚ 874 ਅੰਕ ਤੇ ਬਾਬਾ ਨਾਮ ਦੇਵ ਜੀ ਵਾਲੀ ਆਦਿ ਭਵਾਨੀ ਵੇਖੋ ।)
 
 ਗੁਰਬਾਣੀ ਤਾਂ ਉਸ "ਜਮ"  ਬਾਰੇ ਇਹ ਕਹਿੰਦੀ ਹੈ
 
ਮੰਨੈ ਮੁਹਿ ਚੋਟਾ ਨਾ ਖਾਇ ॥ ਮੰਨੈ ਜਮ ਕੈ ਸਾਥਿ ਨ ਜਾਇ ॥ ਅੰਕ 3
 
ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ॥ਅੰਕ 11
 
ਸਾਧਸੰਗਤਿ ਹੋਇ ਨਿਰਮਲਾ ਕਟੀਐ ਜਮ ਕੀ ਫਾਸ ॥ ਸੁਖਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ॥ਅੰਕ 44
 
ਇਸ ਕਿਤਾਬ ਦਾ ਗੁਰੂ ਤਾਂ ਇਹ ਕਹਿ ਰਿਹਾ ਹੈ ਕੇ ਪਹਿਲਾਂ "ਜਮ"  ਦਾ ਨਾਮ ਉਚਾਰ।
 
ਪ੍ਰਿਥਮ ਨਾਮ ਜਮ ਕੋ ਉਚਰਿ ਬਹੁਰੋ  ਰਦਨ ਉਚਾਰਿ ॥ ਸਕਲ ਨਾਮ ਜਮਦਾੜ ਕੇ ਲੀਜਹੁ ਸੁ ਕਬਿ ਸੁਧਾਰਿ ॥੩੮॥ ( ਸ਼ਸ਼ਤ੍ਰਨਾਮ ਮਾਲਾ)
 
ਤੁਸੀਂ ਤੇ ਹਲੀ ਕਾਲ, ਕਾਲੀ ਅਤੇ  ਭਗਉਤੀ ਨੂੰ ਅਕਾਲਪੁਰਖ ਸਾਬਿਤ ਕਰਨ ਦੇ ਚਕਰਾਂ ਵਿੱਚ ਪਏ ਹੋ, ਅਤੇ 300 ਸਾਲਾਂ ਵਿੱਚ ਵੀ ਇਹ ਫੈਸਲਾ ਨਹੀਂ ਕਰ ਸਕੇ। ਇਹ ਕਵੀ ਤੇ ਇਸ "ਸ਼ਸ਼ਤ੍ਰਨਾਮ ਮਾਲਾ" ਦੀ ਆੜ ਵਿੱਚ ਤੁਹਾਨੂੰ ਹੁਣ ਕਈ ਹਿੰਦੂ ਸਖਸ਼ਿਯਤਾਂ ਦਾ ਨਾਮ ਜਪਵਾ ਕੇ ਛਡੇਗਾ। ਇਕ ਨਾਮ ਤੇ ਤੁਸੀਂ ਰੋਜ ਹੀ ਅਪਣੀ ਅਰਦਾਸ ਵਿੱਚ "ਪ੍ਰਿਥਮ ਭਗੌਤੀ"  ਸਿਮਰਦੇ ਹੀ ਹੋ। ਇਥੇ ਵੇਖੋ ਇਹ ਕੀਸ ਕਿਸ ਦਾ ਨਾਮ  ਜਪਵਾ ਰਿਹਾ ਹੈ।  ਇਸਨੇ ਕੋਈ ਕਸਰ ਨਹੀਂ ਛਡਣੀ ਤੁਹਾਨੂੰ ਹਿੰਦੂ ਧਰਮ ਨਾਲ ਜੋੜ ਦੀ। ਇਸ ਕਿਤਾਬ ਨੇ  ਤੁਹਾਨੂੰ ਪੱਕਾ ਬ੍ਰਾਹਮਣ ਬਣਾਂ ਕੇ ਹੀ ਸਾਹ ਲੈਣਾਂ ਹੈ। ਆਉ ਵੇਖੋ:
 
ਯਸਟੀਸ਼ਰ ਕੋ ਪ੍ਰਿਥਮ ਕਹਿ  ਪੁਨ ਬਚ ਕਹੁ ਅਰਧੰਗ ॥ ਨਾਮ ਸੈਹਥੀ ਕੇ ਸਭੈ ਉਚਰਤ ਜਾਹੁ ਨਿਸ਼ੰਗ ॥੫੨॥
ਲਛਮਨ ਅਉਰ ਘਟੋਤਕਚ  ਏ ਪਦ ਪ੍ਰਿਥਮ ਉਚਾਰਿ ॥ ਪੁਨਿ ਅਰਿ ਭਾਖੋ ਸ਼ਕਤ ਕੇ ਨਿਕਸਹਿ ਨਾਮ ਅਪਾਰ ॥੫੫॥
ਬਿਸ਼ਨ ਨਾਮ ਪ੍ਰਿਥਮੈ  ਉਚਰਿ ਪੁਨ ਪਦ ਸ਼ਸਤ੍ਰ ਉਚਾਰਿ ॥ ਨਾਮ ਸੁਦਰਸ਼ਨ ਕੇ ਸਭੈ ਨਿਕਸਤ ਜਾਹਿ ਅਪਾਰ ॥੫੭॥
ਨਰਕਾਸੁਰ ਪ੍ਰਿਥਮੈ ਉਚਰਿ  ਪੁਨ ਰਿਪੁ ਸ਼ਬਦ ਬਖਾਨ ॥ ਨਾਮ ਸੁਦਰਸ਼ਨ ਚੱਕ੍ਰ ਕੋ ਚਤੁਰ ਚਿੱਤ ਮੈ ਜਾਨ ॥੬੦॥
ਪ੍ਰਿਥਮ ਚੰਦੇਰੀ ਨਾਥ ਕੋ ਲੀਜੈ ਨਾਮ  ਬਨਾਇ ॥ ਪੁਨ ਰਿਪੁ ਸ਼ਬਦ ਉਚਾਰੀਐ ਚੱਕ੍ਰ ਨਾਮ ਹੁਇ ਜਾਇ ॥੬੨॥
ਪ੍ਰਿਥਮ ਬਿਰਹ ਪਦ  ਉਚਰ ਕੈ ਪੁਨ ਕਹੁ ਸ਼ਸਤ੍ਰ ਬਿਸੇਖ ॥ ਨਾਮ ਸੁਦਰਸ਼ਨ ਚਕ੍ਰ ਕੇ ਨਿਕਸਤ ਚਲੈ ਅਸੇਖ ॥੬੬॥
ਗਿਰਧਰ ਪ੍ਰਿਥਮ ਉਚਾਰਿ  ਪਦ ਆਯੁਧ ਬਹੁਰ ਉਚਾਰਿ ॥ ਨਾਮ ਸੁਦਰਸ਼ਨ ਚੱਕ੍ਰ ਕੇ ਨਿਕਸਤ ਚਲੈ ਅਪਾਰ ॥੬੮॥
ਕਾਲੀ ਨਥੀਆ ਪ੍ਰਿਥਮ ਕਹਿ  ਸ਼ਸਤ੍ਰ ਸ਼ਬਦ ਕਹੁ ਅੰਤ ॥ ਨਾਮ ਸੁਦਰਸ਼ਨ ਚੱਕ੍ਰ ਕੇ ਨਿਕਸਤ ਜਾਹਿ ਅਨੰਤ ॥੬੯॥
ਕੰਸ ਕੇਸਿਹਾ ਪ੍ਰਿਥਮ ਕਹਿ  ਫਿਰਿ ਕਹਿ ਸ਼ਸਤ੍ਰ ਬਿਚਾਰ ॥ ਨਾਮ ਸੁਦਰਸ਼ਨ ਚੱਕ੍ਰ ਕੇ ਲੀਜਹੁ ਸੁ ਕਬਿ ਸੁਧਾਰ ॥੭੦॥
ਸ੍ਰੀ ਉਪੇਂਦ੍ਰ ਕੇ ਨਾਮ ਕਹਿ  ਫੁਨ ਪਦ ਸ਼ਸਤ੍ਰ ਬਖਾਨ ॥ ਨਾਮ ਸੁਦਰਸ਼ਨ ਚੱਕ੍ਰ ਕੇ ਸਭੈ ਸਮਝ ਸੁਰ ਗਿਆਨ ॥੭੩॥
 
ਗੁਰੂ ਸਵਾਰਿਉ, ਸਮਝੋ ਇਨਾਂ ਸਾਜ਼ਿਸ਼ਾਂ ਨੂੰ। ਇਨਾਂ ਸ਼ਸ਼ਤ੍ਰਾਂ ਦੇ ਬਹਾਨੇ ਸਾਨੂੰ ਹਿੰਦੂ ਧਰਮ ਨਾਲ ਜੋੜ ਦਿਤਾ ਗਇਆ ਹੈ। ਯੁਧਿਸ਼ਟਰ, ਲਛਮਨ,ਘਟੋਤਕਚ,ਬਿਸ਼ਨ, ਨਰਕਾਸੁਰ, ਚੰਦੇਰੀ ਨਾਥ, ਗਿਰਧਰ ,ਕਾਲੀ ਨਥੀਆ , ਕੰਸ ਕੇਸਿਹਾ, ਸ੍ਰੀ ਉਪੇਂਦ੍ਰ (ਹੋਰ ਵੀ ਬਹੁਤ ਨੇ) , ਇਹ ਸਾਰੇ ਸਾਡੇ ਰਿਸ਼ਤੇਦਾਰ ਲਗੇ ਨੇ ਜੋ ਅਸੀ ਇਨਾਂ ਦਾ ਨਾਮ ਲਈਏ (ਜਪੀਏ )। 
 
ਖਾਲਸਾ ਜੀ ਅਸੀ ਠੱਗੇ ਗਏ ਹਾਂ। ਸਾਨੂੰ ਇਨਾਂ "ਬਨਾਰਸ ਦੇ ਠੱਗਾਂ"  ਨੇ ਠੱਗਾਂ ਨੇ ਠਗ  ਲਿਆ ਹੈ। ਸਾਡਾ ਗੁਰੂ ਤੇ ਸਾਨੂੰ ਥਾਂ ਥਾਂ ਤੇ ਸੁਚੇਚ ਕਰਦਾ ਰਿਹਾ
ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ ॥
ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ ॥੧॥ ਰਹਾਉ
 
ਲੇਕਿਨ ਵੀਰੋ ! ਅਸੀ ਫੇਰ ਵੀ ਨਹੀਂ ਜਾਗੇ ! ਅੱਜ ਇਸੇ "ਸ਼ਸ਼ਤ੍ਰਨਾਮ ਮਾਲਾ " ਕਰਕੇ ਹੀ ਸਾਡੇ ਇਕ ਤਖਤ,  ਹਜੂਰ ਸਾਹਿਬ ਵਿੱਚ ਇਨਾਂ ਸ਼ਸ਼ਤ੍ਰਾਂ ਦੀ ਪੂਜਾ ਕੀਤੀ ਜਾਂਦੀ ਹੈ। ਇਕ ਵਖਰਾ ਕਮਰਾ ਜਿਸਨੂੰ ਇਹ ਦਸਮ ਗ੍ਰੰਥੀਏ "ਸੱਚਖੰਡ" ਕਹਿੰਦੇ ਨੇ, ਉਸ ਦੇ ਅਥੰਦ  ਸ਼ਸ਼ਤ੍ਰਾਂ ਨੂੰ ਪ੍ਰਸਾਦ ਦਾ ਭੋਗ ਲਗਵਾਇਆ ਜਾਂਦਾ ਹੈ, ਉਨਾਂ ਨੂੰ ਇਸਨਾਨਾ ਕਰਾਇਆ ਜਾਂਦਾ ਹੈ,  ਅਤੇ ਟੱਲ ਆਦਿਕ ਖੜਕਾਏ ਜਾਂਦੇ ਨੇ। ਸਿੱਖ ਸ਼ਸ਼ਤ੍ਰਾਂ ਨਾਲ ਪਿਆਰ ਕਰਦਾ ਹੈ,  ਸ਼ਸ਼ਤ੍ਰਾਂ ਨੂੰ ਅੰਗੀਕਾਰ ਕਰਦਾ ਹੈ , ਉਨਾਂ ਦੇ ਮਹੱਤਵ ਨੂੰ ਸਮਝਦਾ ਹੈ,  ਲੇਕਿਨ ਇਸ ਦਾ ਮਤਲਬ ਇਹ ਨਹੀਂ ਕਿ ਉਹ "ੴ" ਨੂੰ ਭੁਲ ਕੇ ਸ਼ਸ਼ਤ੍ਰਾਂ ਦੀ ਉਸਤਤਿ ਅਤੇ ਪੂਜਾ ਕਰਨੀ ਸ਼ੁਰੂ ਕਰ ਦੇਵੇ।  ਦੁਨੀਆਂ ਵਿੱਚ ਕੇੜ੍ਹਾ ਮਾਂ ਪਿਉ ਹੈ ਜੋ ਅਪਣੇ ਬੱਚਿਆਂ ਨੂੰ ਅਪਣੇ ਕਮਰੇ ਵਿੱਚ ਵੜ੍ਹਨ ਤੋਂ ਮਨਾਂ ਕਰਦਾ ਹੋਵੇ। ਇਨਾਂ ਦਸਮ ਗ੍ਰੰਥੀਆਂ ਦੇ ਗੁਰੂ ਦੇ ਕਮਰੇ ਵਿੱਚ ਉਸ ਦਾ ਅਪਣਾਂ ਸਿੱਖ ਹੀ ਨਹੀਂ ਜਾ ਸਕਦਾ। ਇਕ ਵਿਸ਼ੇਸ਼ ਪ੍ਰਕਾਰ ਦੀ ਲੂੰਗੀ ਅਤੇ ਮੂੰਹ 'ਤੇ ਇਕ ਪਰਨਾਂ ਬੰਨ ਕੇ,  ਕੇਸਾਧਾਰੀ ਬ੍ਰਾਹਮਣ ਪੁਜਾਰੀ ਹੀ ਉਥੇ ਜਾ ਸਕਦਾ ਹੈ। ਕੀ ਇਹ ਹੀ ਹੈ ਸਿੱਖੀ ? ਸ਼ਬਦ ਗੁਰੂ ਦਾ ਤੇ ਫੁਰਮਾਨ ਹੈ ਕੇ ਸਾਡਾ ਗੁਰੂ ਤੇ ਆਪ ਅਪਣੇ ਸਿੱਖ ਨੂੰ ਅਗੇ ਹੋ ਕੇ ਲੈੰਦਾ ਹੈ। ਆਪ ਉਠ ਕੇ ਉਸ ਦੇ ਕਾਰਜ ਪੂਰੇ ਕਰਦਾ ਹੈ।
 
ਅਪੁਨੇ ਸੇਵਕ ਕੀ ਆਪੇ ਰਾਖੈ ਆਪੇ ਨਾਮੁ ਜਪਾਵੈ ॥ ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ ॥੧॥ 
ਸੇਵਕ ਕਉ ਨਿਕਟੀ ਹੋਇ ਦਿਖਾਵੈ ॥  ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇ ਆਵੈ ॥੧॥ ਰਹਾਉ ਅੰਕ 403
 
ਗੁਰਿ ਮਿਲਿਐ ਮਿਲਿ ਅੰਕਿ ਸਮਾਇਆ ॥  ਕਰਿ ਕਿਰਪਾ ਘਰੁ ਮਹਲੁ ਦਿਖਾਇਆ ॥ ਅੰਕ 153
 
ਗੁਰੂ ਅਪਣੇ ਪਿਆਰੇ ਸਿੱਖ ਨੂੰ ਮਿਲਦਾ ਹੈ ਤੇ ਅਪਣੀ ਗਲਵਕੜੀ ਵਿੱਚ ਲੈ ਲੈਂਦਾ ਹੈ। ਸ਼ਸ਼ਤ੍ਰਾਂ ਨੂੰ ਪੂਜਣ ਵਾਲਾ ਇਹ ਕੇੜ੍ਹਾ ਗੁਰੂ ਹੈ? ਜੋ ਕਿਸੇ ਸਿੱਖ ਨੂੰ ਅਪਣੇ ਕਮਰੇ ਵਿੱਚ ਵੜਨ ਦੀ ਇਜਾਜਤ ਵੀ ਨਹੀਂ ਦੇਂਦਾ?  ਸਿਵਾਏ ਉਸ ਪੁਜਾਰੀ  ਦੇ।  ਖਾਲਸਾ ਜੀ ਬਹੁਤ ਦੇਰ ਹੋ ਚੁਕੀ ਹੈ। ਸੱਚ ਕਹਿਨ ਵਾਲੇ ਬਹੁਤ ਘੱਟ ਨੇ, ਸੱਚ ਸੁਨਣ ਵਾਲਾ ਕੋਈ ਨਹੀਂ।  ਇਹ " ਕਾਲੀ ਕਿਤਾਬ"  (ਜੋ ਸਿੱਖਾਂ ਨਾਲ ਇਕ ਬਹੁਤ ਵੱਡੀ ਸਾਜਿਸ਼ ਹੈ)  ਨੂੰ ਕੌਮ ਦੇ ਸਿਰ ਤੋਂ ਕੌਣ ਉਤਾਰੇਗਾ? ਇਸ ਕਿਤਾਬ ਨੇ ਜਿਨਾਂ  ਕੂਰੀਤੀਆਂ ਅਤੇ ਅਨਮੱਤ ਨੂੰ  ਸਿੱਖੀ ਵਿਚ ਵਾੜ ਦਿਤਾ ਹੈ,  ਉਨਾਂ ਨੂੰ ਦੂਰ ਕੌਣ ਕਰੇਗਾ?

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top