ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ)
ਬਨਾਮ ਅਖੌਤੀ ਦਸਮ ਗ੍ਰੰਥ (ਬਿਖਿਆ) - (ਭਾਗ ਬਾਰ੍ਹਵਾਂ)
- ਇੰਦਰਜੀਤ ਸਿੰਘ ਕਾਨਪੁਰ
(ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ ॥ ਸ੍ਰੀ
ਭਗੌਤੀ ਜੀ ਸਹਾਇ ॥ ਅਥ ਪਖ੍ਯਾਨ ਚਰਿਤ੍ਰ ਲਿਖ੍ਯਤੇ ॥ ਪਾਤਿਸਾਹੀ ੧੦ ॥)
ਗੁਰੂ ਸਵਾਰੇ ਖਾਲਸਾ ਜੀਉ ! ਅਖੌਤੀ ਦਸਮ ਗ੍ਰੰਥ ਦੀਆਂ "ਦੇਵੀ
ਪੂਜਕ" ਰਚਨਾਵਾਂ ਦਾ ਜਿਕਰ ਕਰਦੇ ਕਰਦੇ ਅਜ ਅਸੀਂ ਉਸ ਪੜਾਅ ਤੇ ਆਨ ਪੁਜੇ ਹਾਂ
ਜਿਥੇ ਸਿੱਖ ਸਿਧਾਂਤਾਂ ਦੇ ਮੂੰਹ 'ਤੇ ਕਾਲਿਖ ਪੋਤ ਦੇਣ ਵਾਲੀ
“ਅਸ਼ਲੀਲ ਕਵਿਤਾ”, “ਵਿਭਚਾਰ ਦੀਆਂ ਕਹਾਨੀਆਂ” ਦੇ ਰੂਪ ਵਿੱਚ
ਲਿਖੀ ਹੋਈ ਹੈ । ਦੁਖਾਂਤ ਇਹ ਹੈ ਕਿ ਇਸ ਨੂੰ ਅਸੀਂ “ਦਸਮ ਬਾਣੀ” ਕਹਿ ਕੇ
ਇਸ ਅਗੇ ਮੱਥੇ ਟੇਕੀ ਜਾ ਰਹੇ ਹਾਂ ਅਤੇ ਸਾਰਾ ਜੀਵਨ ਕੌਮ ਦੀ ਭਲਾਈ ਅਤੇ ਸਿੱਖਾਂ ਦੀ ਚੜਦੀਕਲਾ
ਲਈ ਸਰਬੰਸ ਦਾਨ ਕਰ ਦੇਣ ਵਾਲੇ ਦਸਮ ਪਿਤਾ ਨੁੰ ਬਦਨਾਮ ਕਰ ਰਹੇ ਹਾਂ। ਇਸ ਨੂੰ ਪੜ੍ਹਨ ਵਾਲਾ
ਬੰਦਾ ਨਾਂ ਤੇ ਇਸ ਵਿਚ ਲਿਖੀਆਂ ਕਹਾਨੀਆਂ ਕਿਸੇ ਨੂੰ ਸੁਣਾਂ ਸਕਦਾ ਹੈ, ਅਤੇ ਨਾਂ ਹੀ ਖੁਲ
ਕੇ ਇਸ ਬਾਰੇ ਜਿਕਰ ਕਰ ਸਕਦਾ ਹੈ। ਇਸ ਗਲ ਦਾ ਹੀ ਫਾਇਦਾ ਪੰਥ ਦੋਖੀ ਪੁਜਾਰੀਆਂ ਨੇ ਚੁਕਿਆ
ਅਤੇ ਇਸ ਗ੍ਰੰਥ ਤੇ ਰੁਮਾਲੇ ਪਾ ਕੇ ਇਸ ਨੂੰ ਢੱਕੀ ਲਪੇਟੀ ਰਖਿਆ, ਅਤੇ ਇਸ ਅਗੇ ਭੋਲੇ
ਭਾਲੇ ਸਿੱਖਾਂ ਕੋਲੋਂ ਮੱਥੇ ਟਿਕਵਾਂਦੇ ਰਹੇ।
ਉਨਾਂ ਦਸਮ ਗ੍ਰੰਥੀਆਂ ਦੀ ਇਹ ਹੀ ਮੰਸ਼ਾ ਸੀ ਕਿ ਇਸ ਨੂੰ ਮੱਥਾ ਟੇਕ
ਕੇ, ਇਸ ਨੂੰ "ਦਸਮ ਬਾਣੀ" ਤੇ ਸਾਰੇ ਕਹਿੰਦੇ ਰਹਿਣ, ਪਰ ਇਸ ਨੂੰ ਕੋਈ ਪੜ੍ਹੇ ਨਾਂ, ਇਹ ਹੀ
ਚਾਲ ਸੀ ਦਸਮ ਗ੍ਰੰਥੀਆਂ ਦੀ। ਕਿਸੇ ਵੀ ਵਿਦਵਾਨ ਜਾਂ ਸਿੱਖ ਨੇ ਜੇ ਇਸ ਨੂੰ ਪੜ੍ਹ ਲਿਆ, ਜਾਂ
ਉਹ ਇਸ ਦੀ ਅਸ਼ਲੀਲਤਾ ਨੂੰ ਸਮਝ ਲਿਆ, ਉਹ ਚਾਹ ਕੇ ਵੀ ਜਾਂ ਤਾਂ ਇਸਨੂੰ ਕਹਿਨੋ ਹਿਚਕਦਾ
ਰਿਹਾ, ਜਾਂ ਉਸ ਦੀ ਹਿੰਮਤ ਹੀ ਨਹੀਂ ਪਈ ਕਿ ਇਨਾਂ ਕਹਾਣੀਆਂ ਨੂੰ ਸਿੱਖਾਂ ਤਕ ਪਹੁੰਚਾਇਆ ਜਾ
ਸਕੇ। ਇਸੇ ਕਰਕੇ ਸਿੱਖ ਇਹ ਸਮਝ ਹੀ ਨਹੀਂ ਸਕੇ ਕਿ ਇਸ ਵਿੱਚ ਕੀ ਕੁਝ ਲਿਖਿਆ ਹੋਇਆ ਹੈ।
ਅੱਜ ਵਕਤ ਆ ਗਇਆ ਹੈ ਕਿ ਇਸ ਕੰਮ ਲਈ ਸਾਨੂੰ ਸਾਰਿਆਂ ਨੂੰ ਅਗੇ ਆਉਣਾਂ ਹੀ ਪਵੇਗਾ, ਬੁਰਾ
ਬਣ ਕੇ, ਨਿਰਲੱਜ ਬਣ ਕੇ ਬੇਸ਼ਰਮ ਬਨਣ ਕੇ, ਇਸ ਗੰਦ ਨੂੰ ਕੌਮ ਅਗੇ ਖੋਲ ਕੇ ਰੱਖਣਾਂ ਪਵੇਗਾ।
ਵੀਰੋ! ਜੇ ਹੁਣ ਵੀ ਅਸੀਂ ਬੇਸ਼ਰਮ ਨਾਂ ਹੋਏ, ਨਿਰਲੱਜ ਨਾਂ ਹੋਏ ਤੇ ਆਉਣ ਵਾਲੇ ਸਮੇਂ ਅੰਦਰ
ਸਾਰੀ ਕੌਮ ਬੇਸ਼ਰਮ ਅਤੇ ਨਿਰਲੱਜ ਅਖਵਾਏਗੀ। ਇਸ ਲਈ ਭਾਵੇ ਸਾਡਾ ਅੰਤ ਹੋ ਜਾਵੇ, ਅਸੀਂ ਵੀ
ਦਸਮ ਗ੍ਰੰਥੀਆਂ ਪਾਸੋਂ ਛੇਕ ਦਿਤੇ ਜਾਈਏ , ਲੇਕਿਨ ਇਸ "ਕੂੜ ਗ੍ਰੰਥ" ਦੀ
ਅਸਲੀਅਤ ਦਾ ਸਿੱਖਾਂ ਨੂੰ ਪਤਾ ਲਗਣਾਂ ਬਹੁਤ ਜਰੂਰੀ ਹੈ। ਇਸ ਅਸ਼ਲੀਲ ਕਵਿਤਾ ਬਾਰੇ ਕੌਮ ਨੂੰ
ਦਸਦੇ ਹਾਂ, ਤੇ ਆਪ ਬੇਸ਼ਰਮ ਅਖਵਾਂਦੇ ਹਾਂ। ਜੇ ਨਹੀਂ ਦਸਦੇ , ਤੇ ਪੂਰੀ ਕੌਮ ਹੀ ਬੇਸ਼ਰਮ
ਅਖਵਾਏਗੀ। ਜੇ ਪੰਥ ਹੈ ਤਾਂ ਹੀ ਅਸੀਂ ਹਾਂ, ਜੇ ਪੰਥ ਹੀ ਨਹੀਂ ਤੇ ਸਾਡੇ ਹੋਣ ਦਾ ਕੀ
ਫਾਇਦਾ? "ਦਸਮ ਬਾਣੀ" ਦੇ ਨਾਮ ਤੇ ਉਸ ਸਰਬੰਸਦਾਨੀ ਗੁਰੂ ਨੂੰ ਬਦਨਾਮ
ਕੀਤਾ ਜਾ ਰਿਹਾ ਹੈ, ਜੋ ਹੁਣ ਬਰਦਾਸ਼ਤ ਤੋਂ ਬਾਹਰ ਹੋ ਚੁਕਾ ਹੈ। ਗੁਰੂ ਗ੍ਰੰਥ ਸਾਹਿਬ ਨੂੰ
"ਇਕੋ ਇਕ" ਗੁਰੂ ਮਨਣ ਵਾਲੇ ਹਰ ਸਿੱਖ ਨੂੰ ਚਾਹੀਦਾ ਹੈ ਕਿ ਸਿੱਖ ਕੌਮ ਦੇ
"ਅਮੀਰ ਵਿਰਸੇ" ਨੂੰ "ਸ਼ਹੀਦਾਂ ਅਤੇ ਮਰਜੀਵੜਿਆਂ " ਦੇ
ਇਤਿਹਾਸ ਨੂੰ, ਉਨਾਂ ਦੀਆਂ ਕੁਰਬਾਨੀਆਂ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਤੇ
ਸਿਧਾਂਤਾਂ ਨੂੰ ,ਦਸ ਗੁਰੂ ਜਾਮਿਆਂ ਦੀ ਵਿਰਾਸਤ ਨੂੰ, ਅਪਣੇ ਅਖੀਰਲੇ ਸਾਹਾਂ ਤਕ ਬਦਨਾਮ
ਨਾਂ ਹੋਣ ਦੇਈਏ। ਬਹੁਤ ਸੰਕੋਚ ਕਰਕੇ ਇਹ ਵਿਸ਼ਾ ਪੰਥ ਅਗੇ ਖੋਲ ਕੇ ਰਖਣ ਦਾ ਫੈਸਲਾ ਕੀਤਾ
ਹੈ, ਤਾਂਕਿ ਕੌਮ ਨੂੰ, ਸਿੱਖਾਂ ਨੂੰ ਇਹ ਪਤਾ ਲਗ ਸਕੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ
ਬਦਨਾਮ ਕਰਨ ਲਈ ਸਾਡੇ ਨਾਲ ਕਿਨੀ ਵਡੀ ਸਾਜਿਸ਼ ਰਚੀ ਗਈ ਹੈ। ਮੈਂ ਅਪਣੀਆ ਧੀਆ, ਭੈਣਾਂ ਅਤੇ
ਬੱਚਿਆ ਨੂੰ ਇਹ ਗੁਜਾਰਿਸ਼ ਕਰਦਾ ਹਾਂ ਕਿ ਇਸ ਅਸ਼ਲੀਲ ਸਾਹਿਤ ਨੂੰ, ਜਿਸਨ ਨੂੰ ਗੁਰੂ ਚਾਹਿਆ
ਤੇ ਇਸ ਲੇਖ ਲੜੀ ਦੇ ਅਗਲੇ ਭਾਗਾਂ ਵਿਚ ਖੋਲਿਆ ਜਾਵੇਗਾ,
ਉਹ ਨਾਂ ਪੜ੍ਹਨ ਤੇ ਚੰਗਾ ਹੈ। ਫੇਰ ਵੀ ਜੇ ਕਿਸੇ ਦੇ ਮੰਨ ਵਿੱਚ ਇਹ ਗਲ ਆ ਰਹੀ ਹੈ ਕਿ ਅਸੀਂ ਕੁਝ ਝੂਠ ਅਤੇ ਗਲਤ ਲਿਖ ਰਹੇ
ਹਾਂ, ਤੇ ਉਹ ਇਸ ਅਸ਼ਲੀਲਤਾ ਨੂੰ ਪੜ੍ਹ ਕੇ ਇਹ ਅਨੁਮਾਨ ਜਰੂਰ ਲਗਾ ਲੈਣ ਕਿ ਇਹ ਗੁਰੂ ਕ੍ਰਿਤ
ਹੋ ਜਾਂ ਦਸਮ ਪਿਤਾ ਨੂੰ ਬਦਨਾਮ ਕਰਨ ਦੀ ਇਕ ਘਿਨੌਨੀ ਸਾਜਿਸ਼ ਪੰਥ ਦੋਖੀਆਂ ਨੇ ਸਾਡੇ ਨਾਲ
ਖੇਡੀ ਹੈ।
ਇਹ ਰਚਨਾਂ, ਦਸਮ ਗ੍ਰੰਥੀਆਂ ਦੀ ਇਸ ਸਾਜਿਸ਼ ਦੀ ਸਭਤੋਂ "ਕਮਜੋਰ
ਕੜੀ" ਹੈ। ਇਸ ਦਾ ਜਿਕਰ ਆਉਦੇ ਹੀ ਉਹ, ਗੂੰਗੇ ਥੱਥੇ ਹੋ ਜਾਂਦੇ ਨੇ। ਕੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਐਸੀ ਬਾਣੀ ਹੈ ਜਿਸਨੂੰ ਛੁਪਾਇਆ ਜਾਂਦਾ ਹੋਵੇ? ਜਾਂ ਨਾਂ ਪੜ੍ਹਿਆ ਜਾਂਦਾ ਹੋਵੇ? ਫੇਰ ਇਸ ਕਿਤਾਬ ਦੀ ਇਹ ਰਚਨਾਂ ਸੰਗਤ ਕੋਲੋਂ ਕਿਉ ਛੁਪਾ ਕੇ ਰਖੀ
ਜਾਂਦੀ ਹੈ। ਚਰਿਤ੍ਰਯੋ ਪਾਖੀਯਾਨ ਦਾ ਕੀਰਤਨ ਦਰਬਾਰ ਸਾਹਿਬ ਤੋਂ ਕਿਉ ਨਹੀਂ ਕਰਵਾਇਆ ਜਾਂਦਾ?
ਪਿਛਲੇ ਦਿਨੀ ਪੰਥ ਦੇ ਇਕ ਪ੍ਰਚਾਰਕ ਨੇ ਜਦੋਂ ਸਕਤਰੇਤ ਵਿੱਚ ਪੇਸ਼ ਹੋ ਕੇ ਸਿੱਖ ਰਹਿਤ
ਮਰਿਯਾਦਾ ਦੇ ਦੋਖੀ ਗ੍ਰੰਥੀਆਂ ਅਗੇ ਲਿਖਿਤ ਮਾਫੀ ਨਾਮਾਂ ਦਿਤਾ, ਤੇ ਬਾਹਰ
ਆਉਂਦਿਆਂ ਹੀ ਕੁਝ
ਸ਼੍ਰੋਮਣੀ ਕਮੇਟੀ ਅਤੇ
ਹੈਡ ਗ੍ਰੰਥੀ ਦੇ ਝੋਲੀਚੁਕ ਰਾਗੀਆਂ ਨੇ ਉਸ ਪ੍ਰਚਾਰਕ ਨੂੰ ਇਹ ਕਹਿਆ
ਕਿ "ਇਸ ਨੂੰ ਕੜੀ ਤੋਂ ਕੜੀ ਸਜਾ ਲਾਈ ਜਾਵੇ , ਤੇ ਅਸੀਂ ਦਸਮ ਬਾਣੀ ਦਾ ਕੀਰਤਨ
ਕਰਾਂਗੇ ਤੇ ਇਹ ਬਹਿ ਕੇ ਸੁਣੇਗਾ "। ਉਹ ਡਰਿਆ ਹੋਇਆ ਪ੍ਰਚਾਰਕ ਤੇ ਇਸਦਾ ਕੋਈ
ਮਾਕੂਲ ਜਵਾਬ ਉਨਾਂ ਨੂੰ ਨਾਂ ਦੇ ਸਕਿਆ। ਉਸ ਪ੍ਰਚਾਰਕ ਦੀ ਥਾਂ ਜੇ ਇਹ ਸ਼ਬਦ ਉਨਾਂ ਰਾਗੀਆਂ
ਨੇ ਮੈਨੂੰ ਕਹੇ
ਹੁੰਦੇ ਤੇ ਮੈਂ ਕਹਿੰਦਾ ਕਿ ਤੁਹਾਡੀ ਇਹ ਧਮਕੀ ਅਤੇ ਚੁਨੌਤੀ ਨੂੰ ਮੈਂ
ਸਵੀਕਾਰ ਕਰਦਾ ਹਾਂ। ਇਕ ਘੰਟਾ ਕੀ,
ਤੁਸੀਂ ਸਾਰਾ ਦਿਨ, ਸਾਰਾ ਹਫਤਾ ਜਾਂ ਸਾਰਾ ਸਾਲ ਅਪਣੇ
ਗੁਰੂ ਦੀ "ਚਰਿਤ੍ਰਯੋ ਪਾਖੀਯਾਨ" ਦਾ ਕੀਰਤਨ ਦਰਬਾਰ ਸਾਹਿਬ ਤੋਂ ਕਰੋ, ਮੈਂ ਗੁਰੂ ਦਾ ਸਿੱਖ ਨਹੀਂ ਜੇ ਰੋਜ ਉਥੇ ਬਹਿ ਕੇ "ਤੁਹਾਡੀ ਇਸ ਦਸਮ ਬਾਣੀ ਨੂੰ ਜੇ ਨਾਂ
ਸੁਣਾਂ"। ਜੇ ਐਸਾ ਹੋ ਸਕੇ ਤੇ ਸਾਡਾ ਸਾਰਾ ਕੰਮ ਤੇ ਇਹ ਦਸਮ ਗ੍ਰੰਥੀ ਹੀ ਪੂਰਾ
ਕਰ ਦੇਂਣਗੇ। ਇਨਾਂ ਦਸਮ ਗ੍ਰੰਥੀਆਂ ਨੂੰ ਪੂਰੀ ਕੌਮ ਸੜਕ ਤੇ ਵੱਟੇ ਮਾਰ ਮਾਰ ਕੇ ਭਜਾਏਗੀ,
ਤੇ ਪੁਛੇਗੀ ਕਿ ਇਸ ਨੂੰ
ਤੁਸੀਂ "ਦਸਮ ਬਾਣੀ" ਕਹਿੰਦੇ ਹੋ? ਇਹ ਬਹੁਤ
ਸਿਆਣੇ ਨੇ, ਇਹ ਇਸ ਅਸ਼ਲੀਲਤਾ ਨੂੰ ਕੌਮ ਸਾਮ੍ਹਣੇ ਇਸੇ ਕਰਕੇ ਨਹੀਂ ਰਖਦੇ, ਕਿ ਜੇ ਇਹ
ਕਹਾਣੀਆਂ ਖੁਲ ਗਇਆ ਤੇ ਇਸ ਕੂੜ ਕਿਤਾਬ ਦਾ ਵੀ ਨਾਲ ਹੀ ਭੌਗ ਪੈ ਜਾਣਾ ਹੈ। ਅਕਾਲ ਤਖਤ ਦਾ
ਹੈਡ ਗ੍ਰੰਥੀ ਜੋ ਇਹ ਕਹਿੰਦਾ ਨਹੀਂ ਥਕਦਾ ਕਿ ਇਹ "ਦਸਮ ਬਾਣੀ " ਹੈ, ਉਸ
ਵਿੱਚ ਵੀ ਇਹ ਹਿੱਮਤ ਨਹੀਂ ਕਿ ਉਹ ਇਸ ਅਸ਼ਲੀਲ ਬਾਣੀ ਨੂੰ ਸੰਗਤ ਵਿੱਚ ਪੜ੍ਹ ਸਕੇ। ਮੇਰੇ
ਪਿਆਰੇ ਵੀਰੋ! ਇਨਾਂ ਕੋਲੋਂ ਡਰਨ ਵਾਲੇ ਬਹੁਤੇ ਹਨ, ਇਨਾਂ ਨੂੰ ਜਵਾਬ ਦੇਣ ਵਾਲਾ ਕੋਈ ਨਹੀਂ।
ਜਿਸ ਦੇ ਗੁਰੂ ਤੇ ਤੋਹਮਤਾਂ ਲਗ ਰਹੀਆਂ ਹੋਣ, ਉਹ ਇਨਾਂ ਕੋਲੋਂ ਡਰੇਗਾ ਕਿ ਜੋ ਗੁਰੂ ਨੂੰ
ਅਸ਼ਲੀਲ ਕਹਾਣੀਆਂ ਲਿਖਣ ਵਾਲਾ ਕਹਿ ਕਿ ਬਦਨਾਮ ਕਰ ਰਿਹਾ ਹੋਵੇ ਉਹ ਸਾਡੇ ਕੋਲੋਂ ਡਰੇਗਾ। ਬਸ
! ਇਹੀ ਗਲ ਜੇ ਸਾਰਿਆ ਦੀ ਸਮਝ ਵਿਚ ਆ ਜਾਵੇ ਤੇ ਇਨਾਂ ਨੂੰ ਭਾਜੜਾਂ ਪੈਂਦਿਆ ਝੱਟ ਵੀ ਨਹੀਂ
ਲਗਣੀ।
ਵੈਸੇ ਵੀ ਅਕਾਲ ਤਖਤ ਦੇ
ਹੈਡ ਗ੍ਰੰਥੀ ਨੂੰ ਇਹ ਗਲ ਸਮਝ ਲੈਣੀ ਚਾਹੀਦੀ
ਹੈ ਕਿ ਉਸਨੂੰ ਇਹ ਸਟੇਟਮੇਂਟ ਦੇਣ ਤੋਂ ਪਹਿਲਾਂ ਕਿ "ਦਸਮਗ੍ਰੰਥ ਗੁਰੂ ਰਚਿਤ ਬਾਣੀ
ਹੈ ", 1973 ਵਿੱਚ ਸ਼੍ਰੋਮਣੀ ਕਮੇਟੀ ਤੋਂ ਜਾਰੀ ਇਹ ਸੰਦੇਸ਼ ਚੰਗੀ ਤਰ੍ਹਾਂ ਪੜ੍ਹ
ਲੈਣਾਂ ਚਾਹੀਦਾ ਹੈ। ਕਿਤੇ ਬਾਦ ਨੂੰ ਇਨਾਂ ਨੂੰ ਜਗ ਹਸਾਈ ਦਾ ਕਾਰਣ ਨਾਂ ਬਨਣਾਂ ਪੈ ਜਾਵੇ। ਸੰਦੇਸ਼ ਨੰ 36672 ਮਿਤੀ 3/4-8-1973 ਦਸਤਖਤ ਮੀਤ
ਸਕੱਤਰ ਗੁਰਬਖਸ਼ ਸਿੰਘ, ਧਰਮ ਪ੍ਰਚਾਰ ਕਮੇਟੀ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ,ਸ਼੍ਰੀ
ਅੰਮ੍ਰਿਤਸਰ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾਂ ਚਾਹੀਦਾ ਹੈ। ਜਿਸ ਵਿੱਚ ਸਾਫ ਸਾਫ ਕਹਿਆ ਗਇਆ
ਹੈ ਕਿ :
"ਚਰਿਤ੍ਰਯੋ ਪਾਖਿਆਨ" ਜੋ ਦਸਮ ਗ੍ਰੰਥ ਵਿੱਚ ਹਨ , ਇਹ "ਦਸਮੇਸ਼
ਬਾਣੀ" ਨਹੀਂ। ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ।"
- ਸੁਭ ਚਿੰਤਕ, ਮੀਤ ਸਕੱਤਰ (ਗੁਰਬਖਸ਼ ਸਿੰਘ),ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ।
ਗੁਰੂ ਦੀ ਬਾਣੀ ਤੇ "ਅੰਮ੍ਰਿਤ" ਹੁੰਦੀ ਹੈ, ਉਸ ਦਾ ਪ੍ਰਸਾਰ ਅਤੇ
ਪ੍ਰਸਾਰ ਵਧ ਤੋਂ ਵੱਧ ਕੀਤਾ ਜਾਣਾਂ ਚਾਹੀਦਾ ਹੈ। ਫੇਰ ਇਨਾਂ ਅਸ਼ਲੀਲ ਅਤੇ ਫੂਹੜ ਕਹਾਣੀਆਂ
ਨੂੰ ਪੰਥ ਕੋਲੋਂ ਕਿਉ ਛੁਪਾਇਆ ਜਾਂਦਾ ਹੈ, ਉਸਨੂੰ ਰੁਮਾਲਿਆ ਹੇਠ ਕਿਉ ਢਕਿਆ ਜਾਣਾ ਹੈ? ਇਸ ਕਿਤਾਬ ਦਾ ਪ੍ਰਕਾਸ਼ (ਹਨੇਰਾ) ਦੋ ਤਖਤਾਂ ਤੇ
ਹੁੰਦਾ ਹੈ। ਉਥੇ ਇਸ ਵਿਚੋਂ ਵਾਕ ਵੀ ਲਿਆ
ਜਾਂਦਾ ਹੈ। ਇਹ ਵਾਕ ਕਦੀ ਵੀ ਇਨਾਂ 579 ਪਨਿਆਂ ਵਿਚੋਂ ਕਿਉ ਨਹੀਂ ਨਿਕਲਦਾ? ਇਸ ਦੀ
ਵਜਿਹ ਬਿਲਕੁਲ ਸਾਫ ਹੈ, ਕਿ ਜੇ ਇਸ ਵਿਚੋ ਹੇਠ ਲਿਖਿਆ "ਮੁਖ ਬਕਵਾਸ" ਨਿਕਲ ਆਇਆ ਤੇ ਇਹ
ਦਸਮ ਗ੍ਰੰਥੀਏ ਕੀ ਕਰਨਗੇ? ਇਸ ਨੂੰ ਬੋਰਡ ਤੇ ਲਿਖ ਕੇ ਇਸ ਦਾ ਕੀ ਅਰਥ ਲਿਖਣਗੇ? ਇਸ ਦਾ
ਜਵਾਬ ਤੇ ਅਕਾਲ ਤਖਤ
ਦਾ ਹੈਡ ਗ੍ਰੰਥੀ ਵੀ ਨਹੀਂ ਦੇ ਸਕੇਗਾ,
ਜੋ ਇਹ ਕਹਿੰਦਾ ਫਿਰਦਾ ਹੈ ਕਿ
ਇਸਨੂੰ ਕਿਤਾਬ ਨਾਂ ਕਹੋ, ਇਹ ਇਕ ਗੁਰੂ ਰਚਿਤ ਗ੍ਰੰਥ ਹੈ। ਜੇ ਕੋਈ ਦਸਮ ਗ੍ਰੰਥੀ ਇਹ ਦਸਣ
ਦੀ ਕਿਰਪਾਲਤਾ ਕਰੇ ਕਿ ਇਸ ਕਿਤਾਬ ਵਿਚੋਂ ਇਹੋ ਜਹਿਆ "ਮੁਖ ਬਕਵਾਸ" ਕੁਉ ਨਹੀਂ ਨਿਕਲਦਾ?
ਤੇ ਉਸ ਦੀ ਬਹੁਤ ਮੇਹਰਬਾਨੀ ਹੋਵੇਗੀ।
ਪ੍ਰਥੰਮ ਜਾਰ ਜਬ ਧਕਾ ਲਗਾਯੌ ॥ ਤਬ ਰਾਨੀ ਲੈ ਢੌਲ ਬਜਾਯੋ॥
ਜਬ ਤਿਹ ਲਿੰਗ ਸੁ ਭਗ ਤੇ ਕਾਢਾ॥ ਤ੍ਰਿਯ ਦਿਲ ਢੋਲ ਢਮਾਕਾ ਗਾਢਾ॥ ਪੰਨਾਂ ਨੰ. 1342 ਅਖੌਤੀ ਦਸਮ ਗ੍ਰੰਥ
ਜੇ ਇਹ ਅਸ਼ਲੀਲ ਰਚਨਾ ਗੁਰੂ ਕ੍ਰਿਤ ਹੁੰਦੀ ਤੇ ਦਸਮ ਗ੍ਰੰਥ ਨੂੰ ਛਾਪਣ ਵਾਲੀ ਕਿਸੇ
ਵੈਬਸਾਈਟ
ਨੇ ਤੇ ਇਸਦੇ ਅਰਥ ਲਿਖੇ
ਹੁੰਦੇ। ਪ੍ਰੋਫੇਸਰ ਸਾਹਿਬ ਸਿੰਘ ਨੇ ਵੀ ਇਸ ਦਾ ਟੀਕਾ ਨਹੀਂ ਕੀਤਾ।
gurugranthdarpan.com
ਅਤੇ
searchgurbani.com
ਨੇ ਵੀ ਇਸ ਅਸ਼ਲੀਲ ਰਚਨਾਂ ਦੀ ਟ੍ਰਾਂਸਲੇਸ਼ਨ ਨਹੀਂ ਕੀਤਾ ਹੈ। ਕੀ ਇਹ ਹੀ ਹੈ "ਦਸਮ
ਬਾਣੀ " ਜਿਸ ਬਾਰੇ ਗਲ ਕਰਨਾਂ ਵੀ ਕੋਈ ਨਿਰਲੱਜਤਾ ਹੀ ਸਮਝਦਾ ਹੈ? ਹਾਂ ਇਕ ਦੋ
ਦਸਮ ਗਰੰਥੀਆਂ ਨੇ ਇਸ ਬਾਰੇ ਬਹੁਤ ਹੀ ਬੇਸ਼ਰਮ ਹੋ ਕੇ ਯੂ ਟਿਉਬ ਤੇ ਇਕ ਦੋ ਵੀਡੀਉ ਪਾਇਆਂ
ਹੋਈਆ ਹਨ। ਤੁਸੀਂ ਆਪ ਹੇਠ ਦਿਤੇ ਲਿੰਕ ਤੇ
ਦੇਖ ਸੁਣ ਕੇ ਨਿਰਣਾਂ ਕਰ ਸਕਦੇ ਹੋ ਕਿ ਇਹ ਅੱਤ ਦਰਜੇ
ਦੀ ਗੰਦੀ ਰਚਨਾਂ, ਸਿੱਖੀ ਨੂੰ ਪ੍ਰਫੁਲਿਤ ਕਰ ਰਹੀ ਹੈ, ਕੇ ਸਿੱਖੀ ਨੂੰ ਅਤੇ ਗੁਰੂ ਗੋਬਿੰਦ
ਸਿੰਘ ਜੀ ਨੂੰ ਬਦਨਾਮ ਕਰ ਰਹੀ ਹੈ। ਸਾਰੀ ਦੁਨੀਆ ਇਨਾਂ ਵੀਡੀਉ ਨੂੰ ਵੇਖ ਰਹੀ ਹੈ। ਇਸ ਤੋਂ
ਪੂਰੀ ਦੁਨੀਆਂ ਵਿਚ ਕੀ ਸੰਦੇਸ ਜਾ ਰਿਹਾ ਹੈ ਕਿ ਸਾਡਾ ਗੁਰੂ ਇਸ ਤਰ੍ਹਾਂ ਦਾ ਸੀ।
ਜਦੋਂ ਇਨਾਂ ਕੋਲ ਇਨਾਂ ਸਵਾਲਾਂ
ਬਾਰੇ ਕੋਈ ਜਵਾਬ ਨਹੀਂ
ਹੁੰਦਾ ਕਿ " ਇਹ ਅਸ਼ਲੀਲ ਰਚਨਾਂ ਕੀ ਗੁਰੂ ਰਚਿਤ ਹੈ ?"
ਅਤੇ "ਇਸ ਤੋਂ ਇਕ ਸਿੱਖ ਨੂੰ ਕੀ ਸਿਖਿਆ ਮਿਲਦੀ ਹੈ ?" ਤੇ ਇਹ
ਪਹਿਲਾਂ ਤੇ ਡਾਂਗਾਂ ਚੁੱਕ ਲੈਂਦੇ ਨੇ। ਫੇਰ ਪੰਥ ਤੋਂ
ਛੇਕਣ ਦਾ ਡਰ ਵਿਖਾਉਂਦੇ ਨੇ। ਜੇ ਗੁਰੂ
ਦਾ ਕੋਈ ਪਿਆਰਾ ਇਨਾਂ ਦੀ ਕਿਸੇ "ਗਿੱਦੜ ਭਬਕੀ" ਤੋਂ ਨਾਂ ਡਰੇ, ਤੇ ਇਹ
ਵਿਚਾਰ ਦੇ ਨਾਮ ਤੇ ਕੁਝ ਹਥਕੰਡੇ ਅਕਸਰ ਅਪਨਾਂਦੇ ਹਨ , ਜਿਨਾਂ ਬਾਰੇ ਆਪ ਜੀ ਨੂੰ ਦਸਣਾਂ
ਬਹੁਤ ਜਰੂਰੀ ਹੈ ।
1- ਇਨਾਂ ਕੋਲ ਇਸ "ਅਸ਼ਲੀਲ
ਰਚਨਾਂ" ਨੂੰ "ਜਸਟੀਫਾਈ" ਕਰਨ ਲਈ ਹੋਰ ਤਾਂ ਕੋਈ ਦਲੀਲ ਹੁੰਦੀ
ਨਹੀਂ ਇਹ ਕਹਿੰਦੇ ਨੇ "ਵੇਖੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ , ਵੀ ਤੇ ਦਸਮ ਗ੍ਰੰਥ
ਦੀ ਕਥਾ ਕਰਦੇ ਸਨ।" ਲੇਕਿਨ ਉਹ ਇਹ ਕਹਿ ਕੇ ਬਹੁਤਿਆ ਨੂੰ ਤਾਂ ਚੁਪ ਕਰਾ ਸਕਦੇ
ਨੇ, ਲੇਕਿਨ ਜੇ ਇਨਾਂ ਨੂੰ ਇਹ ਕਹੀਏ ਕਿ ਉਨਾਂ ਦੀ "ਚਰਿਤ੍ਰਯੋ ਪਾਖਿਯਾਨ"
ਦੀ ਵਿਆਖਿਆ ਦੀ ਕੋਈ ਵੀਡਿਉ ਪਾ ਦਿਉ, ਤੇ ਇਹ ਭੱਜ ਖਲੋਂਦੇ ਨੇ। ਉਸ ਤੋਂ ਬਾਦ ਇਹ ਸੰਤ
ਸਿੰਘ ਮਸਕੀਨ ਦੀ ਇਕ ਵੀਡੀਉ ਦਾ ਜਿਕਰ ਕਰਦੇ ਨੇ , ਜਿਸ ਵਿੱਚ ਇਸ ਗੰਦ ਨੂੰ "ਕਾਮ"
ਦੀ "ਵਿਆਖਿਆ" ਦੇ ਰੂਪ ਵਿੱਚ ਬਹੁਤ ਹੀ ਹਾਸੋ ਹੀਣੇ ਢੰਗ ਨਾਲ ਪੇਸ਼ ਕੀਤਾ ਗਇਆ ਹੈ।
ਕੋਈ ਕਥਾਕਾਰ ਅਤੇ ਪ੍ਰਚਾਰਕ ਕਿਸੇ ਵੀ ਗਲ ਨੂੰ ਅਪਣੇ ਅਧਐਨ ਅਤੇ ਸੋਚ ਅਨੁਸਾਰ ਹੀ ਬਿਆਨ
ਕਰਦਾ ਹੈ , ਜੋ ਉਸ ਦੀ ਨਿਜੀ ਸੋਚ ਹੋ ਸਕਦੀ ਹੈ । ਉਸ ਦੇ ਵੀਚਾਰਾਂ ਦੀ ਪੜਚੋਲ ਕਰਨ ਲਈ ਉਸਦੇ
ਪਿਛੋਕੜ ਵਲ ਵੀ ਝਾਤੀ ਮਾਰਨੀ ਪੈਂਦੀ ਹੈ । ਜਿਸ ਕਥਾਕਾਰ ਦਾ ਪਿਛੋਕੜ ਹੀ "ਨਿਰਮਲਿਆ"
ਅਤੇ "ਸਾਧਾਂ" ਵਾਲਾ ਰਿਹਾ ਹੋਵੇ, ਅਤੇ ਉਹ ਆਪ ਪੱਕਾ "ਦਸਮ
ਗ੍ਰੰਥੀ" ਰਿਹਾ ਹੋਵੇ ਉਸ ਨੇ ਤਾਂ ਉਸ ਨੂੰ ਹੀ ਪ੍ਰਮੋਟ ਕਰਨਾਂ ਹੈ। ਫੇਰ ਸੰਤ
ਸਿੰਘ ਮਸਕੀਨ ਹੋਰਾਂ ਦਾ ਇਤਿਹਾਸ ਹੀ ਦਸਮ ਗ੍ਰੰਥ ਦਾ ਵਿਰੋਧੀ ਰਿਹਾ ਹੈ , ਜਿਨਾਂ ਨੇ ਪੰਥ
ਦੇ ਬਜੁਰਗ ਵਿਦਵਾਨ ਭਾਈ ਭਾਗ ਸਿੰਘ ਅੰਬਾਲਾ ( "ਦਸਮ ਗ੍ਰੰਥ ਨਿਰਣੈ" ਦੇ ਲਿਖਾਰੀ) ਨੂੰ 85
ਵਰ੍ਹੇ ਦੀ ਬਜੁਰਗ ਅਵਸਥਾ ਵਿੱਚ , ਅਕਾਲ ਤਖਤ ਦੇ
ਹੈਡ ਗ੍ਰੰਥੀ ਦੇ ਕੰਨ ਭਰਕੇ , ਪੰਥ ਤੋਂ
ਬੇ ਦਖਲ ਕਰਵਾ ਦਿੱਤਾ ਸੀ। ਸੰਤ ਸਿੰਘ ਮਸਕੀਨ ਨਾਲ ਦਾਸ ਅਤੇ ਕੁਝ ਸਾਥੀਆਂ ਦੀ ਇਕ ਮੁਲਾਕਾਤ
ਉਨਾਂ ਦੇ ਅਕਾਲ ਚਲਾਣੇ ਤੋਂ ਇਕ ਦਿਨ ਪਹਿਲਾਂ ਇਸ ਵਿਸ਼ੈ ਤੇ ਹੋਈ ਸੀ ,ਜਿਸ ਵਿੱਚ ਉਨਾਂ ਨੇ
ਸਵੀਕਾਰ ਕੀਤਾ ਸੀ ਕਿ " ਉਹ ਇਕ ਪੇਸ਼ੇਵਰ ਕਥਾਕਾਰ ਨੇ ,ਕੋਈ ਸਮਾਜ ਸੁਧਾਰਕ ਨਹੀਂ।" ਇਸ ਬਾਰੇ
ਗਲ ਕਰਕੇ ਦਾਸ ਇਸ ਲੇਖ ਨੂੰ ਹੋਰ ਬਹੁਤਾ ਲੰਮਾ ਨਹੀਂ ਕਰਨਾਂ ਚਾਂਉਦਾ। ਪੰਥ ਦਰਦੀਆ ਅਤੇ
ਵਿਦਵਾਨਾਂ ਲਈ ਇਹ ਗਲ ਕੋਈ ਨਵੀ ਨਹੀਂ ਹੈ ਜਿਨਾਂ ਵੀਰਾਂ ਨੂੰ ਇਸ ਬਾਰੇ ਪਤਾ ਨਾਂ ਹੋਵੇ ਉਹ
ਹੇਠ ਦਿਤੇ ਦੋ ਲੇਖ ਜਰੂਰ ਪੜ੍ਹ ਲੈਨ।
ਇਥੇ ਇਹ ਗਲ ਵੀ ਸਮਝਣ ਵਾਲੀ ਹੈ
ਕਿ, ਪੰਥ ਦਾ ਕੋਈ ਵੀ ਵਿਦਵਾਨ ਜਾਂ ਸ਼ਖਸ਼ਿਯਤ ਇਸ ਕਿਤਾਬ ਦਾ ਹਿਮਾਇਤੀ ਵੀ ਹੋ ਸਕਦਾ ਹੈ ਤੇ
ਇਸ ਦਾ ਵਿਰੋਧੀ ਵੀ ਹੋ ਸਕਦਾ ਹੈ , ਜੋ ਉਸ ਦੇ ਅਧਿਐਨ ਅਤੇ ਨਿਜੀ ਸੋੱਚ ਮੁਤਾਬਿਕ ਹੀ
ਨਿਰਧਾਰਿਤ ਹੁੰਦਾ ਹੈ। ਇਹ ਬਿਲਕੁਲ ਹੀ ਸਿਧਾਂਤਕ ਨਹੀਂ, ਕਿ ਜੇ ਅਸੀਂ ਦਸਮ ਗ੍ਰੰਥ ਦੇ
ਹਿਮਾਇਤੀ ਹਾਂ, ਤੇ ਅਸੀਂ ਜਰਨੈਲ ਸਿੰਘ ਭੀੰਡਰਵਾਲਿਆਂ ਨੂੰ ਜਾਂ ਸੰਤ ਸਿੰਘ ਮਸਕੀਨ ਨੂੰ
ਅਗੇ ਕਰ ਦੇਈਏ। ਜੇ ਇਹ ਦਸਮ ਗ੍ਰੰਥੀ ਅਪਣੇ ਪੱਖ ਨੂੰ ਸਹੀ ਸਾਬਿਤ ਕਰਨ ਲਈ ਜਰਨੈਲ ਸਿੰਘ
ਭੀੰਡਰਵਾਲਾ ਅਤੇ ਸੰਤ ਸਿੰਘ ਮਸਕੀਨ ਦੀ ਗਲ ਕਰਦੇ ਨੇ । ਫੇਰ ਜੇ ਦਸਮ ਗ੍ਰੰਥ ਦਾ ਵਿਰੋਧ
ਕਰਨ ਵਾਲੇ , ਦਸਮ ਗ੍ਰੰਥ ਨੂੰ ਰੱਦ ਕਰਨ ਵਾਲੀਆਂ ਸਖਸ਼ਿਯਤਾਂ ਨੂੰ ਕੋਟ ਕਰਦੇ ਨੇ ਤੇ ਇਹ ਉਨਾਂ
ਨੂੰ ਕਿਉ ਗਾਲ੍ਹਾਂ ਕਡਦੇ ਨੇ ? ਅਪਣੇ ਵਿਚਾਰ ਅਤੇ ਗਲ ਕਰਨ ਦਾ ਅਧਿਕਾਰ ਤੇ ਦਸਮ ਗ੍ਰੰਥ
ਦੇ ਵਿਰੋਧੀਆਂ ਨੂੰ ਵੀ ਉਨਾਂ ਹੀ ਹੈ ਜਿਨਾਂ ਕਿ ਦਸਮ ਗ੍ਰੰਥ ਦੇ ਹਿਮਾਇਤੀਆਂ ਨੂੰ। ਰਤਨ
ਸਿੰਘ ਜੱਗੀ, ਗਿਆਨੀ ਭਾਗ ਸਿੰਘ ਅੰਬਾਲਾ, ਪ੍ਰੋਫੇਸਰ ਦਰਸ਼ਨ ਸਿੰਘ, ਸ. ਦਲਬੀਰ ਸਿੰਘ, ਐਮ
ਐਸ ਸੀ, ਭਾਈ ਜਸਬਿੰਦਰ ਸਿੰਘ ਦੁਬਈ, ਡਾ ਹਰਜਿੰਦਰ ਸਿੰਘ ਦਿਲਗੀਰ, ਤੱਤ ਗੁਰਮਤਿ
ਪਰਿਵਾਰ, ਗੁਰਚਰਣ ਸਿੰਘ ਜਿਉਣਵਾਲਾ, ਡਾ. ਗੁਰਮੁਖ ਸਿੰਘ ਦਿੱਲੀ, ਉਪਕਾਰ ਸਿੰਘ ਸੁਰਿੰਦਰ
ਸਿੰਘ ਫਰੀਦਾਬਾਦ, ਪ੍ਰਿੰਸੀਪਲ ਸੁਰਜੀਤ ਸਿੰਘ, ਮਿਸ਼ਨਰੀ, ਇੰਦਰ ਸਿੰਘ ਘੱਘਾ, ਗਿਆਨੀ
ਜਗਤਾਰ ਸਿੰਘ ਜਾਚਕ, ਰਾਜਿੰਦਰ ਸਿੰਘ ਖਾਲਸਾ ਪੰਚਾਇਤ, ਵਰਗੇ ਵਿਦਵਾਨ ਜਦੋ ਦਸਮ ਗ੍ਰੰਥ ਦੇ
ਵਿਰੋਧ ਵਿਚ ਗਲ ਕਰਦੇ ਨੇ ਉਸ ਵੇਲੇ ਇਹ ਦਸਮ ਗ੍ਰੰਥੀ ਉਨਾਂ ਦੇ ਵਿਚਾਰਾਂ ਨੂੰ ਸਵੀਕਾਰ
ਕਿਉ ਨਹੀਂ ਕਰਦੇ ?
ਇਹ ਦਸਮ ਗ੍ਰੰਥੀਏ ਇਨਾਂ ਵਿਦਵਾਨਾਂ ਨੂੰ ਫੇਸਬੁਕ ਅਤੇ ਅਪਣੀਆਂ ਵੇਬਸਾਈਟਾਂ ਤੇ ਅਕਸਰ ਅਪਮਾਨਿਤ
ਕਰਦੇ ਅਤੇ ਇਨਾਂ ਸਖਸਿਯਤਾਂ ਨੂੰ ਗਾਲ੍ਹਾਂ ਕਡ੍ਹਦੇ ਅਤੇ ਇਨਾਂ ਦੀ ਨਿੰਦਾ ਕਰਦੇ ਹੀ ਵੇਖੇ
ਜਾਂਦੇ ਨੇ। ਕੀ ਡਾਂਗਾਂ ਅਤੇ ਬਰਛਿਆਂ ਨਾਲ ਕਿਸੇ ਮਸਲੇ ਦਾ ਹਲ ਨਿਕਲ ਸਕਦਾ ਹੈ ? ਜਿਨਾਂ
ਕੋਲ ਵਿਚਾਰ ਅਤੇ ਗਿਆਨ
ਹੁੰਦਾ ਹੈ ਉਹ "ਗਿਆਨ ਖੜਗ" ਦਾ ਇਸਤੇਮਾਲ ਕਰਦੇ ਨੇ । ਜਿਨਾਂ ਕੋਲ
ਨਾਂ ਵਿਚਾਰ ਹੈ ਅਤੇ ਨਾਂ ਹੀ ਗਿਆਨ ਉਨਾਂ ਦਾ ਹਥਿਆਰ ਤੇ ਸਿਰਫ ਡਾਂਗਾਂ ਬਰਛੇ ਹੀ ਹੋ ਸਕਦਾ
ਹੈ । ਪ੍ਰੋਫੇਸਰ ਦਰਸ਼ਨ ਸਿੰਘ, ਇੰਦਰ ਸਿੰਘ ਘੱਗਾ, ਭਾਈ ਬਲਦੇਵ ਸਿੰਘ, ਵੀਰ ਦਲਬੀਰ ਸਿੰਘ ਐਮ
ਐਸ ਸੀ ਅਤੇ ਸਰਬਜੀਤ ਸਿੰਘ ਇੰਡੀਆਂ ਅਵੇਰਨੇਸ ਵਰਗੇ ਪੰਥ ਦਰਦੀਆਂ ਤੇ ਜਾਨਲੇਵਾਂ ਹਮਲੇ ਅਤੇ
ਘਰ ਨੂੰ ਅੱਗਾਂ ਲਾਉਣ ਜਹੀਆਂ ਨੀਚ ਹਰਕਤਾਂ ਇਨਾਂ ਦਸਮ ਗ੍ਰੰਥੀਆਂ ਨੇ ਹੀ ਕੀਤੀਆਂ । ਦਸਮ
ਗ੍ਰੰਥ ਦਾ ਵਿਰੋਧ ਕਰਨ ਵਾਲੇ ਕਿਸੇ ਵਿਦਵਾਨ ਅਤੇ ਪੰਥ ਦਰਦੀ ਨੇ ਤੇ ਰਤਿੰਦਰ ਸਿੰਘ ਇੰਦੌਰ
, ਧਰਮ ਸਿੰਘ ਨਿਹੰਗ, ਗੁਰਪ੍ਰੀਤ ਸਿੰਘ ਕੈਲੇਫੋਰਨੀਆਂ, ਗੁਰਸ਼ਰਨ ਜੀਤ ਸਿੰਘ ਲਾਂਬਾਂ ਜਾਂ
ਹੈਡ ਗ੍ਰੰਥੀ ਗੁਰਬਚਨ ਸਿੰਘ ਉਤੇ ਤੇ ਕਦੀ ਹਮਲਾ ਨਹੀਂ ਕੀਤਾ ? ਕਿਉ ? ਇਸ ਦਾ ਸਿਰਫ ਇਕੋ
ਇਕ ਜਵਾਬ ਹੈ ਕਿ ਜਿਸ ਕੋਲ ਗਿਆਨ ਖੜਗ ਹੈ ਉਨਾਂ ਦਾ ਹਥਿਆਰ ਗਿਆਨ ਅਤੇ ਵਿਚਾਰ
ਹੁੰਦਾ ਹੈ । ਜਿਨਾਂ ਕੋਲ ਗਿਆਨ ਅਤੇ ਵਿਚਾਰ ਉਕਾ ਹੀ ਨਾਂ ਹੋਵੇ ਉਨਾਂ ਕੋਲ ਡਾਂਗਾਂ ਅਤੇ ਕਿਰਪਾਨ ਹੀ
ਹਥਿਆਰ ਹੁੰਦਾ ਹੈ।
ਅਜ ਹੀ ਫੇਸ ਬੁਕ ਤੇ ਇਕ
ਦਸਮਗ੍ਰੰਥੀਏ ਨੇ ਪ੍ਰੋਫੇਸਰ ਸਾਹਿਬ ਸਿੰਘ ਨੂੰ ਕੋਟ ਕਰਦਿਆ ਇਹ ਸਾਬਿਤ ਕਰਨਾਂ ਚਾਹਿਆ ਕਿ
ਪ੍ਰੋਫੇਸਰ ਸਾਹਿਬ ਸਿੰਘ ਵੀ ਦਸਮ ਗ੍ਰੰਥ ਦੇ ਹਿਮਾਇਤੀ ਸਨ। ਉਸ ਨੂੰ ਜੇ ਇਹ ਪੁਛਿਆ ਗਇਆ
ਕਿ ਪ੍ਰੋਫੇਸਰ ਸਾਹਿਬ ਸਿੰਘ ਦੀ ਇਸ ਲਿਖਿਤ ਦਾ ਸ੍ਰੋਤ ਦਸਣ ਦੀ ਕਿਰਪਾਲਤਾ ਕਰੋ ? ਤੇ ਉਹ
ਭੱਜ ਖਲੋਤਾ। ਇਹ ਗਲ ਸਾਫ ਹੈ, ਕਿ ਝੂਠ ਨੂੰ ਸੱਚ ਸਾਬਿਤ ਨਹੀਂ ਕੀਤਾ ਜਾ ਸਕਦਾ। "ਬਿਖਿਆ"
ਨੂੰ "ਅੰਮ੍ਰਿਤ" ਸਾਬਿਤ ਨਹੀਂ ਕੀਤਾ ਜਾ ਸਕਦਾ, ਭਾਵੇ ਜਿਨਾਂ
ਵੀ ਜੋਰ ਲਾ ਲਿਆ ਜਾਵੇ।ਸੱਚ ਤੇ ਸੱਚ ਹੀ ਰਹਿੰਦਾ ਹੈ ਅਤੇ ਝੂਠ ਝੂਠ ਹੀ
ਹੁੰਦਾ ਹੈ। ਇਹ ਉਸ
ਬਿਖਿਆ ਨੂੰ ਅੰਮ੍ਰਿਤ ਸਾਬਿਤ ਕਰਨ ਲਈ ਅਪਣਾਂ ਸਾਰਾ ਬਾਰੂਦ ਅਤੇ ਅਸਲ੍ਹਾ ਖਤਮ ਕਰ ਚੁਕੇ ਹਨ।
ਜਦੋ ਕਿਸੇ ਕੋਲ ਲੜਦੇ ਲੜਦੇ ਗੋਲੀਆਂ ਖਤਮ ਹੋ ਜਾਂਣ ਤੇ ਉਹ ਅਪਣੀ ਖਾਲੀ ਬੰਦੂਕ ਕਿਸੇ ਹੋਰ
ਦੇ ਮੋਂਡ੍ਹੇ ਤੇ ਰਖ ਦੇੰਦਾ ਹੈ ਤੇ ਉਸ ਦੇ ਪਿਛੇ ਖਲੋ ਕੇ ਅਪਣਾਂ ਬਚਾਅਕਰਦਾ ਹੈ।
ਇਸੇ ਨੂੰ
" ਕਿਸੇ ਦੇ ਮੋਂਡ੍ਹੇ ਤੇ ਬੰਦੂਕ ਰਖਣਾਂ" ਕਹਿੰਦੇ ਨੇ। ਦਸਮ ਗ੍ਰੰਥੀਆਂ
ਦਾ ਵੀ ਇਹ ਹੀ ਹਾਲ ਹੈ। ਇਸ "ਕੂੜ ਕਿਤਾਬ" ਨੂੰ ਗੁਰੂ ਕ੍ਰਿਤ ਸਬਿਤ ਕਰਨ
ਲਈ ਇਨਾਂ ਦਸਮ ਗ੍ਰੰਥੀਆਂ ਕੋਲ ਕੋਈ ਦਲੀਲ ਹੁਣ ਬਾਕੀ ਬਚੀ ਨਹੀਂ। ਇਨਾਂ ਕੋਲ ਹੁਣ ਕੋਈ
ਬਾਰੂਦ ਨਹੀਂ ਬਚਿਆ ਜੋ ਇਹ ਚਲਾ ਸਕਣ ਹੁਣ ਇਹ ਅਪਣੀ ਖਾਲੀ ਬੰਦੂਕ ਉਨਾਂ ਵਿਦਵਾਨਾਂ ਅਤੇ
ਸ਼ਖਸ਼ਿਯਤਾਂ ਦੇ ਮੋਂਡੇ ਤੇ ਰਖ ਕੇ ਚਲਾਣਾਂ ਚਾਂਉਦੇ ਨੇ ਜੋ ਪਹਿਲਾਂ ਹੀ ਅਖੌਤੀ ਦਸਮ ਗ੍ਰੰਥ
ਦੇ ਹਿਮਾਇਤੀ ਸਨ।
2- ਜਦੋਂ ਇਸ "ਗੰਦੀ ਕਵਿਤਾ" ਦੀ
ਗਲ ਕਰੋ ਤੇ ਇਹ ਕਹਿੰਦੇ ਹਨ ਕਿ ਜਿਸਨੂੰ ਗਰੁ ਗ੍ਰੰਥ ਸਾਹਿਬ ਦੀ ਬਾਣੀ ਦੀ ਸਮਝ ਨਹੀਂ ਉਹ ਇਸ
ਅਗਾਧ ਬੋਧ ਬਾਣੀ ਨੂੰ ਨਹੀਂ ਸਮਝ ਸਕਦਾ। ਫੇਰ ਇਹ ਗੁਰੂ ਗ੍ਰੰਥ ਸਾਹਿਬ ਵਿਚੋਂ ਕੁਝ ਸ਼ਬਦ ਦੇ
ਕੇ ਉਸ ਦਾ ਅਰਥ ਪੁਛਦੇ ਨੇ ਤੇ ਚਰਿਤ੍ਰਯੋ ਪਾਖੀਯਾਨ ਵਿਸ਼ੈ ਤੋਂ ਪਾਸਾ ਵੱਟ ਲੈਂਦੇ ਨੇ।
3- ਤੀਜਾ ਹਥਕੰਡਾ ਜੋ ਇਹ ਵਰਤਦੇ
ਨੇ ਉਹ ਬਹੁਤ ਹੀ ਨੀਚਤਾ ਵਾਲਾ ਹੈ। ਕਿਉਕਿ ਇਹ ਤਰੀਕਾ ਤੇ ਸਿੱਧਾ ਗੁਰੂ ਗ੍ਰੰਥ ਸਾਹਿਬ ਤੇ
ਹੀ ਇਕ ਹਮਲਾ ਹੈ। ਇਸ ਹਥਕੰਡੇ ਵਿੱਚ ਇਹ "ਚਰਿਤ੍ਰਯੋ ਪਾਖਿਯਾਨ" ਦੀ
ਅਸ਼ਲੀਲਤਾ ਦੀ ਪੈਰਵੀ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ "ਅੰਮ੍ਰਿਤ ਬਾਣੀ"
ਨੂੰ ਹੀ ਅਸ਼ਲੀਲ ਸਾਬਿਤ ਕਰਨ ਲਗ ਪੈਂਦੇ ਨੇ। ਹੇਠ ਦਿਤੇ ਲਿੰਕ ਤੇ ਇਕ ਦਸਮ ਗ੍ਰੰਥੀ
ਰਾਗੀ ਦੇ, ਗੁਰਬਾਣੀ ਬਾਰੇ ਇਹੋ ਜਹੇ ਵਿਚਾਰ ਸੁਣੋ ਜੀ। ਗਿਆਨੀ ਭਾਗ ਸਿੰਘ ਅੰਬਾਲਾ ਨੂੰ
ਪੰਥ ਤੋ ਇਸ ਲਈ ਛੇਕ ਦਿਤਾ ਜਾਂਦਾ ਹੈ ਕਿ ਉਨਾਂ ਨੇ ਇਸ "ਕੂੜ ਕਿਤਾਬ"
ਬਾਰੇ ਕੌਮ ਨੂੰ ਸੁਚੇਤ ਕਰਨ ਦਾ ਯਤਨ ਕੀਤਾ। ਪ੍ਰੋਫੇਸਰ ਦਰਸ਼ਨ ਸਿੰਘ ਵਰਗੇ ਪੰਥ ਦਰਦੀ
ਪ੍ਰਚਾਰਕ ਨੂੰ ਇਸ ਲਈ ਪੰਥ ਤੋਂ ਛੇਕ ਦਿਤਾ ਜਾਂਦਾ ਹੈ ਕਿ ਉਨਾਂ ਨੇ ਗੁਰੂ ਗੋਬਿੰਦ ਸਿੰਘ ਜੀ
ਬਾਰੇ ਇਸ ਕਿਤਾਬ ਵਿੱਚ ਲਿਖੀ, ਉਨਾਂ ਨੂੰ ਬਦਨਾਮ ਕਰਨ ਵਾਲੀ (ਜੋ ਕਿ ਇਨਾਂ ਦੇ ਗੁਰੂ
ਦਸਮ ਗ੍ਰੰਥ ਵਿੱਚ ਦਰਜ ਹੈ ) ਕਹਾਣੀ ਬਾਰੇ ਕੌਮ ਨੂੰ ਸੁਚੇਤ ਕੀਤਾ। ਕੀ ਧਰਮ ਦੇ ਇਨਾਂ
ਠੇਕੇਦਾਰਾਂ ਨੂੰ ਇਹੋ ਜਹੇ ਦਸਮ ਗ੍ਰੰਥੀਏ ਰਾਗੀਆਂ ਦਾ ਕੋਈ ਕਸੂਰ ਨਹੀਂ ਦਿਸਦਾ, ਜੋ ਗੁਰੂ
ਗ੍ਰੰਥ ਸਾਹਿਬ ਦੇ ਪਵਿਤਰ ਸ਼ਬਦਾਂ ਨੂੰ ਅਸ਼ਲੀਲ ਸਾਬਿਤ ਕਰ ਰਹੇ
ਨੇ ਉਹ ਵੀ ਕਿਸ ਲਈ ? ਸਿਰਫ
ਇਸ ਲਈ ਕਿ ਇਨਾਂ "ਅਸ਼ਲੀਲ ਗੰਦੀਆਂ ਕਹਾਨੀਆਂ " ਤੇ "ਦਸਮ ਬਾਣੀ" ਦੀ
ਮੁਹਰ ਲਗ ਸਕੇ।
ਵੀਰੋ ਅੱਜ ਇਨਾਂ ਹੀ। ਇਸ ਅਸ਼ਲੀਲ
ਕਹਾਣੀਆ ਦੀ ਚਰਚਾ ਇਸ ਲੇਖ ਲੜੀ ਦੇ ਅਗਲੇ ਭਾਗਾਂ ਵਿੱਚ ਕਰਾਂਗੇ ਤੇ ਨਾਲ ਹੀ ਨਾਲ ਇਨਾਂ ਦਸਮ
ਗ੍ਰੰਥੀਆਂ ਕੋਲੋ ਕੁਝ ਜਵਾਬ ਵੀ ਮੰਗਾਂ ਗੇ, ਜੋ ਇਸ ਗੰਦ ਨੂੰ "ਗੁਰੂ ਰਚਿਤ " ਕਹਿ ਕੇ ਕੌਮ
ਦਾ ਸਿਰ ਨੀਵਾਂ ਕਰਾ ਰਹੇ ਨੇ।
|