ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ ਦਸਮ ਗ੍ਰੰਥ (ਬਿਖਿਆ) - (ਭਾਗ ਦਸਵਾਂ)
-
ਇੰਦਰਜੀਤ ਸਿੰਘ, ਕਾਨਪੁਰ

(ਰਾਮਕਲੀ ਪਾਤਸ਼ਾਹੀ 10॥ ਕਾਲ ਹੀ ਪਾਇ ਭਇਓ ਬ੍ਰਹਮਾ ਗਹਿ ਦੰਡ ਕਮੰਡਲ ਭੂਪ ਭ੍ਰਤਾਨਯੋ।।)

ਪਿਆਰੇ ਵੀਰੋ ! ਪਿਛਲੇ ਭਾਗ ਵਿੱਚ ਅਸੀਂ ਅਖੌਤੀ ਦਸਮ ਗ੍ਰੰਥ  ਦੇ ਪੰਨਾ ਨੰ. 709 ਤਕ ਪੁੱਜ ਗਏ ਸੀ,  ਜਿਥੇ "ਬਿਪਰ ਕਵੀ"  ਜੀ ਦੇ "ਚੌਬੀਸ ਅਵਤਾਰਾਂ" ਦਾ ਭੋਗ ਪੈ ਗਇਆ ਸੀ। ਇਸ ਤੋਂ ਅਗਲੇ ਪੇਜ ਨੰ 709 ਤੌਂ ਲੈ ਕੇ ਪੇਜ ਨੰ 716 ਤਕ "ਰਾਮਕਲੀ ਪਾਤਸ਼ਾਹੀ 10"  ਸਿਰਲੇਖ ਹੇਠ ਕੁਝ ਸ਼ਬਦ ਹਨ "ਰੇ ਮਨ ਐਸੋ ਕਰ ਸਨਿਆਸਾ........", "ਪ੍ਰਭਜੂ ਤੌਕਹਿ ਲਾਜ ਹਮਾਰੀ॥" ਫੇਰ ਇਕ ਸ਼ਬਦ ਰਾਗ ਕਲਿਆਨ ਪਾਤਸ਼ਾਹੀ 10 ਸਿਰਲੇਖ ਹੇਠ ਹੈ, "ਬਿਨ ਕਰਤਾਰ ਨਾਂ ਕੀਰਤਮ ਮਾਨੌ॥"  ਇਕ ਸ਼ਬਦ ਹੈ ਖਿਆਲ ਪਾਤਸ਼ਾਹੀ 10 ਸਿਰਲੇਖ ਹੇਠ "ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾਂ॥ " ਇਸ ਤੋਂ ਅਗੇ "33 ਸਵੈਯੇ"  ਹਨ। ਇਹ ਕੁਲ 8 ਪੰਨੇ ਹਨ। ਜੋ ਕੌਮ ਵਿੱਚ ਬਹੁਤ ਹੀ ਪ੍ਰਸਿੱਧ ਹਨ ਅਤੇ ਰਾਗੀ ਜੱਥਿਆ ਵਲੋ ਬਹੁਤ ਹੀ ਰੁਚਿ ਨਾਲ ਪੜ੍ਹੇ ਅਤੇ ਸੰਗਤਾਂ ਵਲੋਂ ਬਹੁਤ ਹੀ ਰੁਚਿ ਨਾਲ ਸੁਣੇ ਜਾਂਦੇ ਨੇ।

 
ਪਿਛਲੇ ਲੇਖ ਵਿਚ ਦਾਸ ਨੇ ਇਕ ਥਾਂ ਤੇ ਇਹ ਜਿਕਰ ਕੀਤਾ ਸੀ ਕਿ ਇਸ ਗ੍ਰੰਥ ਨੂੰ "ਕੰਪਾਈਲ" ਕਰਨ ਵਾਲੇ ਨੂੰ ਇਹ ਇਹਸਾਸ ਸੀ ਕਿ ਜੇ ਮੈਂ "ਕਾਲ ਅਤੇ ਦੇਵੀ ਉਸਤਤਿ" ਹੀ ਲਿਖਦਾ  ਰਿਹਾ ਤੇ ਸਿੱਖਾਂ ਨੇ ਇਸ ਨੂੰ  ਸਿਰੇ ਤੋਂ ਹੀ ਨਕਾਰ ਦੇਣਾਂ ਹੈ। ਇਸ ਕਰਕੇ ਉਸਨੇ  ਕੁਝ "ਭੇਡੂ ਲੋਕਾਂ"  ਨੂੰ ਮੂਰਖ ਬਨਾਉਣ ਲਈ ਇਹੋ ਜਹੀ ਕੜ੍ਹੀ ਡੋਲ੍ਹੀ ਕਿ ਉਹ ਸਿੱਖਾਂ ਕੋਲੋਂ ਚੁੱਕੀ ਹੀ ਨਾਂ ਜਾ ਸਕੇ , ਅਤੇ ਉਹ ਇਸ ਵਿਸ਼ੈ ਤੇ ਆਪਸ ਵਿੱਚ ਹੀ ਲੜ ਪੈਣ ਕਿ ਇਹ ਗੁਰੂ ਕ੍ਰਿਤ ਹੈ ਕਿ ਨਹੀਂ । ਉਹ ਸਿੱਖ ਵਿਰੋਧੀ ਤਾਕਤਾਂ ਇਸ ਮਕਸਦ ਵਿਚ ਪੂਰੀ ਤਰ੍ਹਾਂ ਕਾਮਜਾਬ ਵੀ ਹੋ ਗਈਆਂ । "ਹਿੰਦੂ ਮਿਥਿਹਾਸਕ ਕਹਾਨੀਆਂ" ਅਤੇ  " ਦੇਵੀ ਉਸਤਤਿ ਵਾਲੀਆ ਰਚਨਾਵਾਂ" ਅਧਿਆਤਮਿਕ ਪੱਖੋਂ  ਕਮਜੋਰ ਸਿੱਖ ਨੂੰ ਹਿੰਦੂ ਧਰਮ ਵਿੱਚ ਰਲ ਗਡ ਕਰਨ ਲਈ ਸਨ , ਅਤੇ ਇਹੋ ਜਹਿਆਂ ਕੁਝ "ਭੁਲੇਖਾ ਪਾਊ  ਰਚਨਾਵਾਂ " ਇਸ ਲਈ ਸਨ ਕਿ ਮੌਕਾ ਪੈਣ ਤੇ ਇਹ "ਭੇਡੂ ਲੋਕ"  ਇਸ ਗਲ ਦੀ ਵੀ ਪੈਰਵੀ ਕਰ ਸਕਣ ਕਿ " ਵੇਖੋ ਇਸ ਵਿੱਚ ਤਾਂ "ਇਕ ਨਿਰੰਕਾਰ ਅਕਾਲਪੁਰਖ" ਬਾਰੇ ਹੀ ਗਲ ਕੀਤੀ ਗਈ ਹੈ,  ਜੋ ਸਾਡੇ ਗੁਰੂ ਦੇ ਸਿਧਾਂਤ ਨਾਲ ਮੇਲ ਖਾਂਦੀ ਹੈ,  ਤੁਸੀ ਕਿਵੇਂ ਕਹਿੰਦੇ ਹੋ ਕੇ ਇਹ ਗੁਰੂ ਕ੍ਰਿਤ ਨਹੀਂ ?" 

 
ਇਸ ਕਿਤਾਬ ਨੂੰ ਤਿਆਰ ਕਰਨ ਵਾਲਿਆ ਦਾ ਮੰਨਤੱਵ ਬਿਲਕੁਲ ਸਾਫ ਸੀ,  ਕਿ ਸਿੱਖ ਨੂੰ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਿਆ ਜਾਵੇ। ਕਿਉਕਿ ਜਦੋਂ ਤਕ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨੂੰ ਸਮਝਦਾ ਰਹੇਗਾ, ਉਹ ਕਦੀ ਵੀ ਸਿੱਖੀ ਤੋਂ ਦੂਰ ਨਹੀਂ ਕੀਤਾ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਹੀ ਇਕ ਐਸੀ ਧੁਰੀ ਹਨ ਜਿਸ ਦੇ ਆਲੇ ਦੁਆਲੇ ਆਇਆ ਸਿੱਖ ਕਦੀ ਵੀ ਅਧਿਆਤਮਿਕ ਪੱਖੌ ਤੋੜਿਆ ਨਹੀਂ ਜਾ ਸਕਦਾ। ਵਕਤ ਦਾ ਇੰਤਜਾਰ ਕੀਤੇ ਬਿਣਾਂ ਹੀ ਦੁਸਮਨ ਨੇ ਅਪਣਾ ਕਮ ਜਾਰੀ ਰਖਿਆ। ਬ੍ਰਾਹਮਣੀ ਕਰਮਕਾਂਡਾ, ਅਨਮਤ ਦੇ ਤੀਜ ਤਿਉਹਾਰਾਂ ਅਤੇ ਦਿਨ ਦਿਹਾੜਿਆ ਨਾਲ ਸਿੱਖ ਨੂੰ ਜੋੜਿਆ ਜਾਂਣ ਲਗਾ। ਗੁਰਦੁਆਰਿਆਂ ਅਤੇ ਤਖਤਾਂ ਤੇ ਬ੍ਰਾਹਮਣੀ ਪਰੰਪਰਾਵਾਂ ਅਤੇ ਰੀਤੀਆਂ ਲਾਗੂ ਕਰ ਦਿਤੀਆਂ ਗਈਆਂ  ਸੰਗ੍ਰਾਂਦ, ਮਸਿਆ ਪੂਰਨਮਾਸੀ, ਮਾਘੀ, ਹੋਲੀ,  ਦਿਵਾਲੀ, ਨਰੈਲ, ਕੂੰਭ, ਜੋਤਿ  ਅਦਿਕ ਸੈੰਕੜਿਆਂ ਦਿਨਾਂ ਅਤੇ ਕੂਰੀਤੀਆਂ ਨੂੰ ਸਿੱਖੀ ਨਾਲ ਸਦੀਵੀ ਤੌਰ ਤੇ ਜੋੜ ਦਿਤਾ ਗਇਆ, ਜਦ ਕਿ ਇਨਾਂ ਦਾ ਸਿੱਖੀ ਨਾਲ ਕੋਈ ਵਾਸਤਾ ਹੀ ਨਹੀਂ ਸੀ। ਕਾਲਪਨਿਕ ਅਤੇ ਮਨਘੜੰਤ ਸਾਖੀਆਂ, ਜਨਮ ਸਾਖੀਆਂ ਅਤੇ ਇਤਿਹਾਸ ਆਦਿਕ (ਇਹ ਕੰਮ  ਅੱਜ ਵੀ ਜਾਰੀ  ਹੈ ) ਰੱਚ ਕੇ ਸਿੱਖਾਂ ਨੂੰ ਇਨਾਂ ਕਮਜੋਰ ਬਣਾਂ ਦਿਤਾ ਗਇਆ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆ ਤੋਂ ਬਹੁਤ ਦੂਰ ਹੋ ਗਇਆ। ਉਸ ਨੂੰ ਸੱਚ ਤੇ ਝੂਠ ਵਿੱਚ ਫਰਕ ਦਿਸਣਾਂ ਲਗਭਗ ਬੰਦ ਹੋ ਚੁਕਾ ਸੀ। 

 
ਅਧਿਆਤਮਕ ਤੌਰ ਤੇ ਕਮਜੋਰ ਸਿੱਖ ਨੂੰ ਜਦੋਂ ਇਹ ਕਿਤਾਬ , "ਗੁਰੂ ਦੀ ਕ੍ਰਿਤ" ਕਹਿ ਕੇ ਪੇਸ਼ ਕੀਤੀ  ਗਈ  ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਇਸ ਦਾ ਪ੍ਰਕਾਸ਼ (ਹਨੇਰਾ) ਕਰ ਦਿਤਾ ਗਇਆ ।ਗੁਰੂ ਪ੍ਰਤੀ ਸਤਕਾਰ ਅਤੇ ਸ਼ਰਧਾ ਵਿੱਚ ਡੁਬਿਆ ਸਿੱਖ ਇਹ  ਭੁਲ ਗਇਆ ਕਿ ਮੈਂ ਇਸ ਦੀ ਪੜਚੋਲ ਤੇ ਕਰ ਲਵਾਂ ਕਿ ਇਹ "ਅੰਮ੍ਰਿਤ" ਹੈ ਕਿ "ਬਿਖਿਆ" ? ਲੇਕਿਨ ਬਹੁਤੇ ਸਿੱਖ ਤੇ "ਅੰਧੀ ਸ਼ਰਧਾ" ਦੇ ਸਿਕਾਰ ਹੋ ਗਏ,  ਕਿਉਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਘੱਸਵੱਟੀ ਨੂੰ ਇਸਤੇਮਾਲ ਕਰਨਾਂ  ਭੁਲ ਚੁਕੇ ਸਨ । ਜੇੜ੍ਹੇ ਗੁਰੂ ਬਖਸ਼ਿਸ਼ ਵਾਲੇ  ਸਿੱਖਾਂ ਨੇ  ਇਸ ਸਾਜਿਸ਼ ਨੂੰ ਸਮਝ ਲਿਆ ਅਤੇ ਇਸ ਦੇ ਖਿਲਾਫ ਅਵਾਜ ਚੁਕੀ ,  ਉਨਾਂ ਨੂੰ ਪੰਥ ਦੋਖੀਆਂ ਨੇ ਪੰਥ ਤੋਂ ਹੀ ਬਾਹਰ ਕਡ੍ਹਨ ਅਤੇ ਨਮੋਸ਼ੀ ਦੇ ਖਾਰੇ ਸਮੰਦਰ ਵਿੱਚ ਡੋਬਣਾਂ ਸ਼ੁਰੂ ਕਰ ਦਿਤਾ । ਇਹ ਕਮ ਅੱਜ ਤਕ ਜਾਰੀ ਹੈ । ਅੱਜ ਵੀ ਉਹ ਕੇਸਾਧਾਰੀ ਬ੍ਰਾਹਮਣ ਸਾਡੇ ਉੱਚ ਅਦਾਰਿਆਂ ਤੇ ਕਬਜਾ ਕਰਕੇ ਇਸ ਕਮ  ਨੂੰ ਅੰਜਾਮ ਦੇ ਰਹੇ  ਨੇ। ਇਸ ਕਿਤਾਬ ਦੇ ਖਿਲਾਫ ਜਿਸਨੇ ਵੀ ਅਵਾਜ ਚੁਕੀ ਉਸਨੂੰ ਇਨਾਂ ਕੇਸਾਧਾਂਰੀ ਬ੍ਰਾਹਮਣਾਂ ਨੇ ਸਾਡੇ ਅਪਣੇ ਹੀ ਪੰਥ ਤੋਂ ਛੇਕ ਦਿਤਾ । ਇਸ "ਕਾਲੀ ਕਿਤਾਬ" ਦੇ ਬਹੁਤ ਸਾਰੇ ਅੰਸ਼ ਸਾਡੀਆਂ  ਅਧਿਆਤਮਿਕ ਕ੍ਰੀਆਵਾਂ, ਨੇਮਾਂ ਅਤੇ ਰੀਤੀਆਂ ਵਿੱਚ ਜੋੜੇ ਜਾਂਦੇ ਰਹੇ। ਭਾਵੇ ਉਹ ਅਰਦਾਸ ਸੀ,  ਭਾਵੇ ਸਾਡਾ ਨਿਤਨੇਮ।  ਭਾਵੇ ਉਹ ਆਰਤੀ ਸੀ ਭਾਵੇ ਪਾਹੁਲ ਸੰਸਕਾਰ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਦੀ ਥਾਂ ਇਸ ਕੂੜ ਗ੍ਰੰਥ ਦਾ ਕੂੜ ਕਬਾੜ ਸਾਡੇ ਨਾਲ ਜੋੜਿਆ ਜਾਦਾ ਰਿਹਾ। ਗੁਰੂ ਗ੍ਰੰਥ ਸਾਹਿਬ ਸਾਡੇ ਤੋਂ ਦੂਰ ਹੂੰਦੇ ਚਲੇ ਗਏ  ਤੇ ਇਹ ਕਾਲੀ ਕਿਤਾਬ ਦੇ ਅੰਸ਼ ਸਿੱਖੀ ਵਿਚ ਇਕ ਇਕ ਕਰਕੇ ਵਾੜੇ ਜਾਂਦੇ ਰਹੇ। ਇਥੋਂ ਤਕ ਕਿ "ਸੋਦਰ" ਦੀ ਨਿਰੋਲ ਬਾਣੀ ਵਿਚ ਇਸ ਕੂੜ ਗ੍ਰੰਥ ਦੀ ਇਕ ਪੂਰੀ ਦੇਵੀ ਉਸਤਤਿ ਹੀ ਘੁਸੋੜ ਦਿੱਤੀ ਗਈ , ਜਿਸਨੂੰ ਕੋਈ ਸਿੱਖ ਚਾਹ ਕੇ ਵੀ "ਸੋਦਰ ਦੀ ਬਾਣੀ" ਤੋਂ ਵੱਖ ਨਾਂ ਕਰ ਸਕੇ। ਖੈਰ !  ਇਨਾਂ ਸਾਜਿਸ਼ਾਂ ਬਾਰੇ ਅਸੀਂ ਹੋਰ ਕਿਸੇ ਵੇਲੇ ਚਰਚਾ ਕਰਾਂਗੇ। ਸਾਡਾ ਵਿਸ਼ਾ ਇਨਾਂ 8 ਪੰਨਿਆਂ ਬਾਰੇ ਹੈ, ਜਿਸ ਵਿਚ ਲਿਖੀਆਂ ਕੁਝ ਰਚਨਾਵਾਂ ਸਾਨੂੰ ਸਿਧਾਂਤਕ ਹੋਣ ਦਾ ਭੁਲੇਖਾ ਪਾਉਦੀਆਂ ਨੇ।
 
ਸੱਚ ਕਹਾਂ ਤੇ  ਸ਼ੁਰੂ ਸ਼ੁਰੂ ਵਿੱਚ ਮੈਂ ਵੀ ਦਸਮ ਗ੍ਰੰਥ ਦਾ ਅਧੀਐਨ ਕਰਨ ਵੇਲੇ 709 ਪੰਨੇ ਤੇ ਆ ਕੇ ਅਟਕ ਜਾਂਦਾ ਸੀ। ਉਸ ਦੀਆਂ ਕਈ ਵਜਿਹ ਸਨ। ਪਹਿਲਾ ਕੇ ਇਹ ਅੱਠ ਪੰਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਤਰਜ ਤੇ ਲਿਖੇ ਗਏ ਲਗਦੇ ਸੀ। ਜੋ ਪਿਛਲੇ 708 ਪੰਨਿਆਂ ਵਿੱਚ ਦਰਜ ਕਹਾਣੀਆਂ ਤੋਂ ਇਹ ਰਚਨਾਵਾਂ ਕੁਝ ਅਲਗ ਸ਼ਬਦਾਵਲੀ ਅਤੇ ਲੈਅ ਵਿੱਚ ਲਿਖੀਆਂ ਗਈਆਂ ਪ੍ਰਤੀਤ ਹੂੰਦੀਆਂ ਸੀ। ਤੀਜਾ ਕਿ ਇਹ ਰਾਗਾਂ (ਰਾਮਕਲੀ ਅਤੇ ਸੋਰਠ ) ਵਿਚ ਲਿਖੀਆਂ ਰਚਨਾਵਾਂ ਸਨ। ਚੌਥਾਂ ਮੇਰਾ ਅਧੀਐਨ ਵੀ ਹਲੀ ਨਵਾਂ ਨਵਾਂ ਸੀ । ਜਦਕਿ ਇਸ ਕਿਤਾਬ ਬਾਰੇ ਮੈਨੂੰ ਇਕ ਦਿਨ ਵੀ ਕੋਈ ਇਹ ਸ਼ੰਕਾ ਨਹੀਂ ਸੀ ਕਿ ਪੂਰੀ ਕਿਤਾਬ ਵਿੱਚ ਇਕ ਬਾਣੀ ਵੀ ਗੁਰੂ ਕ੍ਰਿਤ ਨਹੀਂ ਹੈ।
 

ਇਨਾਂ 8 ਪੰਨਿਆਂ ਵਿੱਚ ਜੋ ਖਿਲਾਫ ਗਲ ਜਾਦੀ ਸੀ,  ਉਨਾਂ ਵਿੱਚ ਦੂਜੀਆਂ ਰਚਨਾਵਾਂ ਵਾਂਗ "ਮਹਲਾ" ਸ਼ਬਦ ਦੀ ਥਾਂ ਤੇ "ਪਾਤਸ਼ਾਹੀ 10"  ਦੇ ਗੈਰ ਸਿਧਾਂਤਕ ਠੱਪੇ ਦਾ ਲਗੇ ਹੋਣਾਂ। ਦੂਜਾ ਇਸ ਵਿੱਚ ਇਕ ਸ਼ਬਦ ਦੀ ਭਾਸਾਂ ਅਤੇ ਸ਼ੈਲੀ ਦਾ ਦੂਜੇ ਸ਼ਬਦਾ ਤੋਂ ਮੁਤਫਰਕ ਹੋਣਾਂ। "ਮਿਤ੍ਰ ਪਿਆਰੇ ਨੂੰ " ਦੀ ਭਾਸ਼ਾ ਪੰਜਾਬੀ ਸੀ ਅਤੇ ਦੂਜੇ ਸ਼ਬਦਾਂ ਦੀ ਬ੍ਰਿਜ ਭਾਸ਼ਾ ਸੀ। ਇਸ ਬਾਰੇ ਮੈਂ ਕਈ ਵਾਰ ਹੋਰ ਵਿਦਵਾਨਾਂ ਨਾਲ ਚਰਚਾ ਵੀ ਕਰਦਾ। ਇਸ ਬਾਰੇ ਕੋਈ ਲਿਖਿਤ ਮਿਲਦੀ ਤੇ ਉਸ ਦੀ ਵੀ ਪੜਚੋਲ ਵੀ ਕਰਦਾ ਕਿਉਕਿ  ਇਨਾਂ 8 ਪੰਨਿਆਂ ਬਾਰੇ ਕਿਸੇ ਵੀ ਵਿਦਵਾਨ ਨੇ ਬਹੁਤ ਕੁਝ ਨਹੀਂ ਸੀ ਲਿਖਿਆ। 


 
ਕੁਝ ਵਰ੍ਹੇ ਪਹਿਲਾਂ ਦਾਸ ਦੀ ਮੁਲਾਕਾਤ "ਸਿੱਖ ਪਾਰਲੀਆਂ ਮੇਂਟ" ਦੀ ਇਕ ਮੀਟਿੰਗ ਦੇ ਦੌਰਾਨ  , ਪੰਥ ਦੇ ਵਿਦਵਾਨ ਡਾ. ਗੁਰਮੁਖ ਸਿੰਘ, ਦਿੱਲੀ  ਹੋਰਾਂ ਨਾਲ ਹੋਈ ਉਨਾਂ ਨੇ ਅਪਣੀ ਅਖੌਤੀ ਦਸਮ ਗ੍ਰੰਥ ਤੇ ਲਿਖੀ ਕਿਤਾਬ ਦਾਸ ਨੂੰ ਦਿਤੀ ਅਤੇ ਉਨਾਂ ਦੇ ਕੁਝ ਲੇਖ ਵੀ ਦਾਸ ਨੂੰ  ਪੜ੍ਹਨ ਨੂੰ ਮਿਲੇ। ਡਾ. ਸਾਹਿਬ ਨੇ ਇਨਾਂ ਅੱਠ ਪੰਨਿਆਂ ਬਾਰੇ  ਬਹੁਤ ਹੀ ਤਰਕ ਸੰਗਤ ਚਰਚਾ ਕੀਤੀ ਹੋਈ ਸੀ। ਉਨਾਂ ਦਾ ਇਕ ਲੇਖ "ਦਸਮ ਗ੍ਰੰਥ ਦੀਆਂ ਰਚਨਾਵਾਂ -ਪਤਾਸ਼ਾਹੀ 10"  ਅਤੇ ਇਕ ਲੇਖ  " ਦਸਮ ਗ੍ਰੰਥ ਦੀਆਂ ਰਚਨਾਵਾਂ - 33 ਸਵੈਯੇ" ਮੈਨੂੰ ਬਹੁਤ ਹੀ ਸਾਰਥਕ ਲਗੇ।  ਡਾ. ਗੁਰਮੁਖ ਸਿੰਘ ਜੀ, ਦਿੱਲੀ  ਦੇ ਲੇਖ ਵਿਚੋਂ ਹੀ ਦਾਸ ਕੁਝ ਅੰਸ਼ ਕੋਟ ਕਰ ਰਿਹਾ ਹੈ,  ਜੋ ਇਨਾਂ ਅੱਠ ਪੰਨਿਆਂ ਨੂੰ ਵੀ "ਬਿਪਰ ਕਵੀ" ਦੀ ਰਚਨਾਂ ਸਾਬਿਤ ਕਰਦੇ ਨੇ। ਉਹ ਲਿਖਦੇ ਹਨ -

 
".......ਇੱਕ ਹੋਰ ਗੱਲ ਇਹ ਕਿ ਮਿਤ੍ਰ ਪਿਆਰੇ ਵਾਲੇ ਸ਼ਬਦ ਵਿੱਚ ‘‘ਸੂਲ ਸੁਰਾਹੀ ਖੰਜਰ ਪਿਆਲਾ’’, ਜੋ ਮੁਹਾਵਰਾ ਵਰਤਿਆ ਹੈ, ਉਸਦਾ ਅਰਥ ਪਾਣੀ ਵਾਲੀ ਸੁਰਾਹੀ ਤਾਂ ਹੋ ਹੀ ਨਹੀਂ ਸਕਦਾ। ਤਾਂ ਤੇ ਇਹ ਮੁਹਾਵਰਾ ਕੋਈ ਸ਼ਰਾਬ ਪੀਣ ਵਾਲਾ ਸ਼ਰਾਬੀ ਤੇ ਵਿੱਸ਼ਈ ਹੀ ਯਾਰ ਦੇ ਵਿਛੋੜੇ ਵਿੱਚ ਵਰਤ ਸਕਦਾ ਹੈ ਜੋ ਹੀਰ ਜੱਟੀ ਨੇ ਰਾਂਝੇ ਯਾਰ ਦੇ ਵਿਛੋੜੇ ਵਿੱਚ ਵਰਤਿਆ, ਜਿਸ ਨੂੰ ਕਵੀ ਨੇ ਕਵਿਤਾ ਦਾ ਰੂਪ ਦਿੱਤਾ ਹੈ। ਪਰ ਧੰਨ ਹਨ ਅਜੋਕੇ ਉਹ ਗੁਰਸਿੱਖ ਵੀਰ ਜੋ ਬਿਨਾ ਵਿਚਾਰੇ ਹੀਰ ਜੱਟੀ ਦੇ ਖ਼ਿਆਲ ਆਦਿਕ ਕੱਚੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਝੂਮ-ਝੂਮ ਕੇ ਪੜ੍ਹਦੇ ਹੋਏ ਫੁੱਲੇ ਨਹੀਂ ਸਮਾਉਂਦੇ, ਹਾਲਾਂਕਿ ਭੱਠ ਖੇੜਿਆਂ ਦਾ ਰਹਿਣਾ ਅਤੇ ‘ਸੁਰਾਹੀ-ਪਿਆਲਾ’ ਕੇਵਲ ਹੀਰ ਹੀ ਆਖ ਸਕਦੀ ਹੈ।

 
ਮੁੱਕਦੀ ਗੱਲ, ਸੁਰਾਹੀ ਅਤੇ ਪਿਆਲਾ ਤਥਾ ਖੇੜੇ ਆਦਿਕ ਸ਼ਬਦਾਂ ਦੀ ਵਰਤੋਂ ਗੁਰੂ ਪਾਤਸ਼ਾਹ ਕਦੇ ਵੀ ਨਹੀਂ ਕਰ ਸਕਦੇ। ਇਹ ਕੇਵਲ ਨਸ਼ਿਆਂ ਦੇ ਪ੍ਰੇਮੀ ਸਾਕਤ ਮਤੀਏ ਕਵੀ ਨੇ ਗੁਰਸਿੱਖਾਂ ਨੂੰ ਧੋਖਾ ਦੇਣ ਵਾਸਤੇ ਆਪਣੀ ਰਚਨਾ ਗੁਰੂ ਪਾਤਸ਼ਾਹ ਵੱਲੋਂ ਦਰਸਾਉਣ ਹਿਤ ‘ਮਿਤ੍ਰ ਪਿਆਰੇ’ ਵਾਲੇ ਦਾ ਸਿਰਲੇਖ ਪਾ:10 ਲਿਖਿਆ ਹੈ।

 
ਨੋਟ - ਪਾਠਕਾਂ ਨੂੰ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਜੋ ਬੀੜ ਸਭ ਤੋਂ ਪਹਿਲਾਂ ਭਾਈ ਮਨੀ ਸਿੰਘ ਵਾਲੀ 1770 ਵਿੱਚ ਲਿਖੀ ਦੱਸੀ ਜਾਂਦੀ ਹੈ ਅਤੇ ਗੁਰਪੁਰਵਾਸੀ ਰਾਜਾ ਗੁਲਾਬ ਸਿੰਘ ਸੇਠੀ ਦੇ ਘਰ ਦਿੱਲੀ ਵਿੱਚ ਸੀ ਹੁਣ ਨਹੀਂ ਹੈ। ਉਸ ਵਿੱਚ ਉਪ੍ਰੋਕਤ ‘‘ਮਿਤ੍ਰ ਪਿਆਰੇ’’ ਵਾਲਾ ਗੀਤ ਸ਼ਬਦ ਹਜ਼ਾਰੇ ਵਾਲੇ 10 ਸ਼ਬਦਾਂ ਸਮੇਤ ਹੈ ਹੀ ਨਹੀਂ।
 
ਕਈ ਬੀੜਾਂ ਵਿੱਚ ਉਪ੍ਰੋਕਤ ‘‘ਮਿਤ੍ਰ ਪਿਆਰੇ’’ ਵਾਲੇ ਖ਼ਿਆਲ ਪਾਤਸ਼ਾਹੀ 10 ਨੂੰ ਛੱਡ ਕੇ ਕੇਵਲ 9 ਸ਼ਬਦ ਹੀ ਹਨ।
 
ਫਿਰ ਕਈ ਬੀੜਾਂ ਵਿੱਚ ਮੁਰੀਦਾਂ ਦੀ ਥਾਵੇਂ ‘‘ਹਾਲ ਫਕੀਰਾਂ ਦਾ’’ ਲਿਖਿਆ ਹੈ। ਸੱਚ ਪੁੱਛੋ ਤਾਂ ਉਪ੍ਰੋਕਤ ਸੰਗ੍ਰਹਿ ਵਾਲੇ ਸਾਰੇ 10 ਸ਼ਬਦ ਹੀ ਦਸ਼ਮੇਸ਼ ਰਚਨਾ ਮੰਨਣ ਸਬੰਧੀ ਦੀਰਘ ਵਿਚਾਰ ਗੋਚਰੇ ਹਨ।
 
ਤਿਲੰਗ ਕਾਫੀ 10 (ਪੰਨਾ 711, ਦਸਮ ਗ੍ਰੰਥ)
 
ਕੇਵਲ ਕਾਲ ਈ ਕਰਤਾਰ। ਆਦਿ ਅੰਤ ਅਨੰਤ ਮੂਰਤਿ ਗੜਨ ਭੰਜਨਹਾਰ। ....
 
ਕਵੀ ਕਾਲ ਨੂੰ ਕਰਤਾਰ ਕਹਿੰਦਾ ਹੈ। ਗੁਰਬਾਣੀ ਅਕਾਲ ਪੁਰਖ ਨੂੰ ਕਰਤਾਰ ਜਾਂ ਕਰਤਾ ਪੁਰਖ ਕਹਿੰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਕਾਲ ਨੂੰ ਕਰਤਾਰ ਨਹੀਂ ਮੰਨ ਸਕਦੇ। ਰਚਨਾ ਕਵੀ ਦੀ ਸਿੱਧ ਹੁੰਦੀ ਹੈ।

 
ਦਸਮ ਗ੍ਰੰਥ ਦੀਆਂ ਰਚਨਾਵਾਂ ਦੀ ਵਿਚਾਰ ਕਰਦੇ ਹੋਏ ਅਸੀਂ ਚੰਗੀ ਤਰ੍ਹਾਂ ਸਮਝ ਲਿਆ ਹੈ ਕਿ ਕਵੀ ਰਚਨਹਾਰ ਕਰਤਾਰ ਕਾਲ ਨੂੰ ਹੀ ਸਮਝਦਾ ਹੈ। ਗੁਰਬਾਣੀ ਇੱਕ ਏਕੰਕਾਰ ਜੋਤਿ ਰੂਪ ਪਾਰਬ੍ਰਹਮ ਨੂੰ ਅਕਾਲ ਪੁਰਖ ਕਹਿੰਦੀ ਹੈ। ਤੇ ਗੁਰਬਾਣੀ ਉਪਦੇਸ਼ ਅਨੁਸਾਰ ਅਕਾਲ ਪੁਰਖ, ਹੀ ਸਭ ਸੰਸਾਰ ਦਾ ਕਰਤਾ ਹੈ। ਇਹ ਰਚਨਾ ਤਿਲੰਗ ਕਾਫੀ ਗੁਰਬਾਣੀ ਉਪਦੇਸ਼ ਦੇ ਵਿਰੁੱਧ ਹੈ।
 
ਰਾਮਕਲੀ ਪਾ:10 ਦੇ ਹੋਰ ਸ਼ਬਦ ਵੀ ਕਾਲ ਨੂੰ ਪ੍ਰਭੂ ਸਮਝ ਕੇ ਉਚਾਰੇ ਗਏ ਪ੍ਰਤੀਤ ਹੁੰਦੇ ਹਨ। ਪਾ:10 ਨੇ ਕੋਈ ਬਾਣੀ ਰਚੀ ਹੁੰਦੀ ਤਾਂ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਨਾਨਕ ਛਾਪ ਨਾਲ ਦਰਜ ਕਰ ਦਿੰਦੇ।
 
ਡਾ: ਗੁਰਮੁਖ ਸਿੰਘ
 
ਡਾ. ਸਾਹਿਬ 33 ਸਵੈਯੇ ਬਾਰੇ ਲਿਖਦੇ ਹਨ
ਸ੍ਰੀ ਮੁਖਵਾਕ ਸ੍ਵੈਯਾ: ਪਾ: 10
 
ਤੇਤੀ ਸਵੈਯੇ
ਤੇਤੀ ਸਵੈਯਾਂ ਵਿੱਚ ਕਵੀ ਸਪਸ਼ਟ ਰੂਪ ਵਿੱਚ ਆਪਣੇ ਆਪ ਨੂੰ ਕਾਲ ਦਾ ਪੁਜਾਰੀ ਦੱਸਦਾ ਹੈ। ਅਸੀਂ ਦੋ ਸਵੈਯਾ ਦੀ ਵਿਚਾਰ ਸੰਖੇਪ ਵਿੱਚ ਕਰਦੇ ਹਾਂ। ਪਦਾ 24
 
ਕਾਲ ਹੀ ਪਾਇ ਭਇਓ ਬ੍ਰਹਮਾ ਗਹਿ ਦੰਡ ਕਮੰਡਲ ਭੂਪ ਭ੍ਰਤਾਨਯੋ।।
(ਕਾਲ ਦੇ ਹੁਕਮ ਨਾਲ ਹੀ ਬ੍ਰਹਮਾ ਹੋਇਆ ਜੋ ਡੰਡਾ ਕਮੰਡਲ ਫੜ ਕੇ ਧਰਤੀ ਪੁਰ ਫਿਰਦਾ ਰਿਹਾ ਹੈ।)

ਕਾਲ ਹੀ ਪਾਇ ਸਦਾ ਸ਼ਿਵਜੂ ਸਭ ਦੇਸ ਬਿਦੇਸ ਭਇਆ ਹਮ ਜਾਨਯੋ।।
ਕਾਲ ਹੀ ਪਾਇ ਭਯੋ ਮਿਟ ਗਯੋ ਜਗ ਯਾਹੀ ਤੇ ਤਾਹਿ ਸਭੋ ਪਹਿਚਾਨਯੋ।।
ਬੇਦ ਕਤੇਬ ਕੇ ਭੇਦ ਸਭੈ ਤਂਜਿ ਕੇਵਲ ਕਾਲ ਕ੍ਰਿਪਾ ਨਿਧ ਮਾਨਯੋ।।
 
(ਕਾਲ ਦਾ ਹੁਕਮ ਪਾ ਕੇ ਹੀ ਵਿਸ਼ਨੂੰ ਹੋਇਆ ਹੈ, ਅਤੇ ਮਿਟ ਗਿਆ ਹੈ, (ਯਾਹੀ ਤੇ) ਇਸੇ ਕਰਕੇ ਹੀ ਉਸੇ ਕਾਲ ਨੂੰ ਅਸਾਂ ਸਾਰੇ ਰੂਪਾਂ ਵਿੱਚ ਪਛਾਣਿਆ ਹੈ। ਵੇਦਾਂ ਕਤੇਬਾਂ (ਦੇ ਦੱਸੇ ਹੋਏ) ਸਾਰੇ ਭੇਦ ਫਰਕ ਛੱਡ ਕੇ ਅਸਾਂ ਕਾਲ ਨੂੰ ਹੀ ਕ੍ਰਿਪਾ ਦਾ ਸਮੁੰਦਰ ਮੰਨਿਆਂ ਹੈ।) ਪਦਾ 25
 
ਕਾਲ ਗਯੋ ਇਨ ਕਾਮਨ ਸਿਓ ਜੜ ਕਾਲ ਕ੍ਰਿਪਾਲ ਹੀਐ ਨ ਚਿਤਾਰਯੋ।। ਲਾਜ ਕੋ ਛਾਡਿ ਨ੍ਰਿਲਾਜ ਅਰੇ ਤਜ ਕਾਜ ਅਕਾਜ ਕੋ ਕਾਜ ਸਵਾਰਯੋ।। ਬਾਜ ਬਨੇ ਰਾਜਰਾਜ ਬਡੋ ਖਰ ਕੋ ਚੜਿਬੋ ਚਿਤ ਬੀਚ ਬਿਚਾਰਯੋ।। ਸ੍ਰੀ ਭਗਵੰਤ ਭਜਾਯੋ ਨ ਅਰੇ ਜੜ ਲਾਜ ਹੀ ਲਾਜ ਸੁ ਕਾਜੁ ਬਿਗਾਰਯੋ।।

 

(ਹੇ ਜੜ ਇਨ੍ਹਾਂ ਕੰਮਾਂ ਨਾਲ ਹੀ ਸਮਾਂ ਬੀਤ ਗਿਆ ਹੈ ਤੇ ਕਾਲ ਕ੍ਰਿਪਾਲ ਦਿਲ ਵਿੱਚ ਯਾਦ ਨਹੀਂ ਕੀਤਾ ਹੈ। ਮੂਰਖ ਸ਼ਰਮ ਨੂੰ ਛੱਡ ਕੇ ਬੇਸ਼ਰਮ (ਹੋ ਰਿਹਾਂ ਹੈ ਅਤੇ) ਚੰਗੇ ਕਰਮਾਂ ਦਾ ਕਰਨਾ ਛੱਡ ਕੇ, ਨਾ ਕ. ਮ ਔਣ ਵਾਲੇ ਬੁਰੇ ਕੰਮਾਂ ਨੂੰ ਕਰ ਰਿਹਾ ਹੈ। (ਉਹੀ ਗੱਲ ਕੀਤੀ, ਕਿ ਤੇਰੇ ਕੋਲ) ਵੱਡੇ (ਸੁੰਦਰ) ਘੋੜੇ ਤੇ ਰਾਜ ਹਾਥੀ ਸ਼ੋਭ ਰਹੇ ਹਨ। ਪਰ ਤੂੰ ਊਹਨਾਂ ਨੂੰ ਛੱਡ ਕੇ ਖੋਤੇ ਉੱਤੇ ਚੜਨ ਦਾ ਵਿਚਾਰ ਚਿੱਤ ਵਿੱਚ ਕੀਤਾ ਹੈ। ਹੇ ਮੂਰਖ ਸ੍ਰੀ ਭਗਵੰਤ (ਕਵੀ ਕਾਲ ਨੂੰ ਸ੍ਰੀ ਭਗਵੰਤ ਕਹਿੰਦਾ ਹੈ), ਦਾ ਭਜਨ ਨਹੀਂ ਕੀਤਾ ਹੈ ਅਤੇ ਸ਼ਰਮ ਹੀ ਸ਼ਰਮ ਵਿੱਚ ਕੰਮ ਨੂੰ ਵਿਗਾੜ ਲਿਆ ਹੈ।)

ਉਪਰ ਦਿੱਤੀ ਕਵੀ ਦੀ ਵਿਚਾਰ ਤੋ ਸਪਸ਼ਟ ਹੈ ਕਿ ਇਹ ਕਾਲ ਦੇ ਪੁਜਾਰੀ ਕਵੀ ਦੀ ਰਚਨਾਂ ਹੈ।

ਇਹ ਰਚਨਾ ਇਕੋ ਇੱਕ ਅਬਿਨਾਸੀ ਹਸਤੀ, ਅਕਾਲ ਪੁਰਖ ਜਾਨਣ ਪਛਾਨਣ ਤੇ ਸਿਮਰਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ।
 
ਡਾ: ਗੁਰਮੁਖ ਸਿੰਘ
 
ਗੁਰੂ ਸਵਾਰੇ,  ਮੇਰੇ ਵੀਰੋ ! ਇਸ ਲੇਖ ਲੜੀ ਦੇ ਅਗਲੇ ਭਾਗ ਵਿੱਚ ਇਸ "ਕਾਲੀ ਕਿਤਾਬ" ਦੀ ਅਗਲੀ ਰਚਨਾਂ "ਸ਼ਸਤ੍ਰ ਨਾਮ ਮਾਲਾ"  ਬਾਰੇ ਚਰਚਾ ਕਰਾਂਗੇ ਅਤੇ ਇਹ ਪਰਖਾਂ ਗੇ ਕਿ ਇਹ ਰਚਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਘਸਵੱਟੀ ਤੇ ਕਿਨੀ ਕੁ ਖਰੀ ਉਤਰਦੀ ਹੈ?