ਦਸਮ ਗ੍ਰੰਥੀਆਂ ਦੇ ਗੁਰੂ ਦੀ ਬਾਣੀ ਵਿੱਚ
"ਚਉਬੀਸ ਅਵਤਾਰ",
"ਗਿਆਨ ਪ੍ਰਬੋਧ",
"ਬਚਿੱਤਰ ਨਾਟਕ" ਅਤੇ
"ਜਾਪੁ", ਕੀ ਇਕੋ ਕਵੀ
ਦੀਆਂ ਰਚਨਾਵਾਂ ਹਨ ?
-: ਇੰਦਰਜੀਤ ਸਿੰਘ, ਕਾਨਪੁਰ
ਪਾਠਕ ਵੀਰੋ! ਕਿਤੇ
"ਜਾਪੁ" ਦਾ ਨਾਮ ਸੁਣ ਕੇ ਮੇਰੇ ਦੁਆਲੇ ਡਾਂਗਾਂ ਸੋਟੇ
ਲੈ ਕੇ ਨਾ ਪੈ ਜਾਣਾ। ਇਸ ਲੇਖ ਵਿਚ ਮੇਰਾ ਮਕਸਦ ਇਸ ਰਚਨਾ ਦਾ ਕਿਸੇ ਪ੍ਰਕਾਰ ਦਾ ਵਿਰੋਧ,
ਸਮਰਥਨ, ਜਾਂ ਨਿਰਣੈ ਦੇਂਣਾ ਬਿਲਕੁਲ ਹੀ ਨਹੀਂ ਹੈ। ਇਸ ਲੇਖ ਵਿੱਚ ਇਸ ਬਾਣੀ ਬਾਰੇ ਕੋਈ
ਵੀ ਪ੍ਰਮਾਣ ਨਹੀਂ ਦਿੱਤਾ ਜਾ ਰਿਹਾ ਹੈ। ਇਸ ਰਚਨਾ ਦੀ ਸ਼ਬਦਾਵਲੀ, ਲੇਖਣ ਸ਼ੈਲੀ ਨਾਲ
ਮਿਲਦੀਆਂ ਜੁਲਦੀਆਂ ਕੁੱਝ ਰਚਨਾਵਾਂ ਦੀ ਹੀ ਚਰਚਾ ਇਥੇ ਕੀਤੀ ਜਾ ਰਹੀ ਹੈ। ਕੋਈ ਵੀ ਕਵੀ
ਆਪਣੀ ਲੇਖਣ ਸ਼ੈਲੀ, ਭਾਸ਼ਾ ਅਤੇ ਨੀਯਤ ਨੂੰ ਕਦੀ ਵੀ ਛੁੱਪਾ ਨਹੀਂ ਸਕਦਾ ਹੈ।
ਇਸ ਕਿਤਾਬ ਵਿਚੋਂ ਕੁਝ ਰਚਨਾਵਾਂ ਸਾਡੀ ਰਹਿਤ ਮਰਿਯਾਦਾ ਦਾ ਇਕ ਹਿੱਸਾ ਹਨ, ਜੋ ਪੰਥਿਕ
ਫੈਸਲਾ ਹੋਣ ਕਰਕੇ ਉਸ ਉਪਰ ਕਿਸੇ ਪ੍ਰਕਾਰ ਦੀ ਨਿਜੀ ਟਿੱਪਣੀ ਅਤੇ ਕਿੰਤੂ ਪ੍ਰੰਤੂ ਕਰਨ ਦੀ
ਇਜਾਜਤ ਕਿਸੇ ਨੂੰ ਨਹੀਂ ਹੈ। ਇਸ ਲਈ ਅਸੀ ਉਨਾਂ ਬਾਣੀਆਂ ਦੇ ਸ੍ਰੋਤ ਤੋਂ ਅਲਾਵਾਂ ਕੋਈ
ਗੱਲ ਨਹੀਂ ਕਰਦੇ ਹਾਂ। ਸ੍ਰੋਤਾਂ ਅਨੁਸਾਰ ਫੈਸਲਾ ਆਪ ਜੀ ਨੇ ਕਰਨਾ ਹੈ, ਕਿ ਇਸ ਲੇਖ ਦੇ
ਸਿਰਲੇਖ ਵਿੱਚ ਲਿਖੀਆਂ ਰਚਨਾਵਾਂ ਕੀ ਇਕੋ ਹੀ ਕਵੀ ਦੀਆਂ ਲਿਖਿਆਂ ਹੋਈਆਂ ਹਨ?
ਸਿੱਖ ਰਹਿਤ ਮਰਿਆਦਾ ਇਕ ਬਹੁਤ ਹੀ ਜ਼ਰੂਰੀ ਕੌਮੀ ਦਸਤਾਵੇਜ ਹੈ, ਜਿਸ ਦੀ ਜਰੂਰਤ ਅਤੇ
ਅਹਮਿਅਤ ਨੂੰ ਕਦੀ ਵੀ ਨਕਾਰਿਆ ਨਹੀਂ ਜਾ ਸਕਦਾ। ਸਾਡਾ ਕੰਮ ਤਾਂ ਸਿਰਫ ਕੌਮ ਨੂੰ ਇਨਾਂ
ਬਾਣੀਆਂ ਦਾ ਸ੍ਰੋਤ ਦਸਣਾ ਮਾਤਰ ਹੀ ਹੈ। ਸਿੱਖ ਚੇਤਨਾਂ ਦਾ ਘੇਰਾ ਵਧਨ 'ਤੇ ਫੈਸਲਾ ਪੰਥ
ਨੇ ਰੱਲ ਮਿਲ ਕੇ ਕਰਨਾ ਹੈ। ਕਿਸੇ ਇਕ ਵਿਅਕਤੀ, ਧਿਰ ਨੂੰ ਇਸ ਵਿੱਚ ਸੋਧਾਂ ਕਰਨ ਦਾ
ਅਧੀਕਾਰ ਪ੍ਰਾਪਤ ਨਹੀਂ ਹੈ। ਅਖੌਤੀ ਦਸਮ ਗ੍ਰੰਥ ਬਾਰੇ ਉਸ ਚੇਤਨਾ ਦਾ ਘੇਰਾ ਨਿਰੰਤਰ ਵੱਧ
ਵੀ ਰਿਹਾ ਹੈ। ਬਹੁਤ ਜ਼ਿਆਦਾ ਜੋਸ਼ ਅਤੇ ਕਾਹਲਾਪਣ ਵੀ ਸਾਨੂੰ ਆਪਣੇ ਮਕਸਦ ਤੋਂ ਭਟਕਾ ਸਕਦਾ
ਹੈ। ਤਿੰਨ ਸਦੀਆਂ ਤੋਂ ਸਿੱਖੀ ਦੇ ਮੱਥੇ ਤੇ ਲੰਮੀਆਂ ਕਿਲ੍ਹਾਂ ਨਾਲ ਮੜ੍ਹ ਦਿਤੀ ਗਈ, ਇਸ
ਕਿਤਾਬ ਨੂੰ ਸਿੱਖੀ ਵਿਚੋਂ ਕਡ੍ਹਨ ਲਈ ਕੁੱਝ ਦਹਾਕਿਆਂ ਦਾ ਤਾਂ ਇੰਤਜਾਰ ਕਰਣਾ ਹੀ ਪਵੇਗਾ।
ਅਸੀਂ ਆਪਣੇ ਟੀਚੇ ਵਲ ਬਹੁਤ ਤੇਜੀ ਨਾਲ ਵੱਧ ਰਹੇ ਹਾਂ। ਇਕ ਵੇਲਾ ਸੀ ਕਿ ਇਸ ਕਿਤਾਬ ਬਾਰੇ
ਗਲ ਕਰਦਿਆਂ ਹੀ ਲੋਕੀ ਭੜਕ ਜਾਂਦੇ ਸਨ। ਹੁਣ ਬਹੁਤ ਸਾਰੇ ਨੌਜੁਆਨ ਇਸ ਕੂੜ ਕਿਤਾਬ ਨੂੰ
ਜਾਨਣ ਲਈ ਬਹੁਤ ਹੀ ਗਹਰੀ ਦਿਲਚਸਪੀ ਲੈ ਰਹੇ ਹਨ ਅਤੇ ਉਹ ਆਪ ਇਸ ਦਾ ਅਧਿਐਨ ਵੀ ਕਰ ਰਹੇ
ਹਨ। ਇਸ ਸਾਜਿਸ਼ ਦੀ ਅਸਲਿਅਤ ਨੂੰ ਉਹ ਪਛਾਣ ਚੁਕੇ ਹਨ।
ਮੌਜੂਦਾ ਸਿੱਖ ਰਹਿਤ ਮਰਿਯਾਦਾ ਇਕ ਮਰਿਯਾਦਿਤ ਸੋਧ ਮੰਗਦੀ ਹੈ, ਜੋ ਸਾਡੇ ਅਵੇਸਲੇਪਨ ਕਰਕੇ
ਗੈਰ ਸਿਧਾਂਤਕ ਨਿਯਮਾਂ ਨੂੰ ਅਪਣੇ ਵਿੱਚ 100 ਸਾਲ ਬਾਅਦ ਵੀ ਸੰਜੋਏ ਪਈ ਹੈ। ਉਹ ਧਿਰਾਂ
ਅਤੇ ਵਿਅਕਤੀ ਵੀ ਇਹ ਪੜ੍ਹ ਕੇ ਬਹੁਤ ਖੁਸ਼ਫਹਮੀ ਵਿੱਚ ਨਾ ਆ ਜਾਣ, ਜੋ ਸਿੱਖ ਰਹਿਤ ਮਰਿਯਾਦਾ
ਨੂੰ ਆਪ ਹੁਦਰੇ ਤੌਰ 'ਤੇ ਪੂਰੀ ਤਰ੍ਹਾਂ ਬਦਲ ਦੇਣ ਜਾਂ ਰੱਦ ਕਰ ਦੇਣਾ ਚਾਹੁੰਦੇ ਹਨ ਅਤੇ
ਉਸ ਦੀ ਨਿੱਤ ਨਵੀਂ ਵਿਆਖਿਆ ਗੜ੍ਹ ਕੇ ਸਿੱਖੀ ਦੇ ਮੁਲੇ ਅਸੂਲਾਂ ਨੂੰ ਹੀ ਰੱਦ ਕਰ ਰਹੇ ਹਨ
।
ਕੁਝ ਮਿਸ਼ਨਰੀ ਸੰਸਥਾਵਾਂ ਅਤੇ ਉਨਾਂ ਦੇ ਮਾਸਟਰ ਮਾਂਈਂਡ ਵੀ ਬਹੁਤ ਖੁਸ਼ ਨਾ ਹੋਣ, ਜੋ
ਮੌਜੂਦਾ ਸਿੱਖ ਰਹਿਤ ਮਰਿਯਾਦਾ ਨੂੰ ਇਨ੍ਹ ਬਿੰਨ ਲਾਗੂ ਰਖਣ ਦੇ ਹੱਕ ਵਿੱਚ ਹਨ। (ਪਿਛਲੇ
ਦਿਨੀਂ ਇੱਕ ਪ੍ਰੈਸ ਨੋਟ ਦੇ ਜ਼ਰੀਏ ਇਨਾਂ ਸੰਸਥਾਵਾਂ ਨੇ ਮੌਜੂਦਾ ਸਿੱਖ ਰਹਿਤ ਮਰਿਯਾਦਾ
'ਤੇ ਪਹਿਰਾ ਦੇਣ ਦੀ ਗਲ ਕੀਤੀ ਸੀ, ਇਸ ਪ੍ਰਚਾਰ ਦਾ ਮਾਸਟਰ ਮਾਈਂਡ ਕੌਣ ਹੈ, ਇਸ ਦੇ ਸਬੂਤ
ਸਾਡੇ ਕੋਲ ਮੌਜੂਦ ਹਨ)। ਕੁਝ ਪ੍ਰਚਾਰਕ ਅਤੇ ਉਨਾਂ ਦੇ ਕਾਲੇਜ ਸਿਰਫ ਇਸ ਕਰ ਕੇ ਹੀ ਮੌਜੂਦਾ
ਸਿੱਖ ਰਹਿਤ ਮਰਿਯਾਦਾ ਨੂੰ ਇਨ੍ਹ ਬਿੰਨ ਚਾਲੂ ਰਖਣ ਦੀ ਵਕਾਲਤ ਕਰਦੇ ਹਨ, ਕਿਉਂਕਿ ਉਹ
ਰੋਟੀਆਂ ਕਾਰਣ ਤਾਲ ਪੂਰਦੇ ਹਨ। ਸੱਚ ਕਹਿਣ ਦੀ ਉਨਾਂ ਵਿੱਚ ਤਾਕਤ ਨਹੀਂ ਹੈ, ਕਿਉਂਕਿ ਸੱਚ
ਕਿਹਾ ਤਾਂ ਉਨਾਂ ਦੀ ਪ੍ਰਚਾਰ ਵਾਲੀ ਦੁਕਾਨ ਬੰਦ ਹੋ ਜਾਵੇਗੀ।
ਦੋਹਰਾ ਕੇ ਇਹ ਕਹਿ ਦਿਆਂ ਕਿ ਸਿੱਖ ਰਹਿਤ ਮਰਿਯਾਦਾ ਇਕ ਬੇਹਦ ਜ਼ਰੂਰੀ ਕੌਮੀ ਦਸਤਾਵੇਜ ਹੈ,
ਲੇਕਿਨ ਇਸ ਵਿੱਚ ਆ ਚੁਕੇ ਗੈਰ ਸਿਧਾਂਤਕ ਨਿਯਮ ਸੁਧਾਈ ਮੰਗਦੇ ਹਨ। ਕੋਈ ਵੀ ਸੰਵਿਧਾਨ ਬਣਦਾ
ਹੈ ਤਾਂ ਸਮੇਂ ਸਮੇਂ ਅੰਦਰ ਉਸ ਵਿਚ ਸੋਧਾਂ ਵੀ ਹੁੰਦੀਆਂ ਹਨ। ਇਹ ਸੁਧਾਈ ਵੀ ਪੰਥਿਕ ਇਕੱਠ
ਤੋਂ ਬਿਨਾਂ ਮੁਮਕਿਨ ਨਹੀਂ ਹੈ। ਜਦੋਂ ਤਕ ਇਨਾਂ ਸੁਧਾਈਆਂ ਬਾਰੇ ਕੋਈ ਪੰਥਿਕ ਫੈਸਲਾ ਨਹੀਂ
ਬਣ ਜਾਂਦਾ, ਤਾਂ ਤੱਕ ਇਸ ਤੇ ਕਿੰਤੂ ਕਰਨਾਂ ਬਿਲਕੁਲ ਹੀ ਮੁਮਕਿਨ ਨਹੀਂ ਹੈ। ਇਸ ਪੰਥਿਕ
ਫੈਸਲੇ ਲਈ ਸਭਤੋਂ ਪਹਿਲਾਂ ਕੌਮ ਦੇ ਵਿਦਵਾਨਾਂ, ਪੰਥ ਦਰਦੀਆਂ ਅਤੇ ਕੌਮ ਦੇ ਮੋਹਤਬਰ
ਜਾਗਰੂਕ ਤਬਕੇ ਦਾ ਇੱਕ ਮੁੱਠ ਹੋਣਾਂ ਬੇਹਦ ਜ਼ਰੂਰੀ ਹੈ। ਇਹ ਕੰਮ ਸਭ ਤੋਂ ਔਖਾ ਸਾਬਿਤ
ਹੋਇਆ ਹੈ। ਲੇਕਿਨ ਇਹ ਵੀ ਸੱਚ ਹੈ ਕਿ ਇਸ ਏਕੇ ਤੋਂ ਬਿਨਾਂ ਸਿੱਖ ਰਹਿਤ ਮਰਿਯਾਦਾ ਦੀਆਂ
ਸੋਧਾਂ ਬਾਰੇ ਸੋਚਣਾ ਵਿਅਰਥ ਹੈ। ਇਨਾਂ ਸੋਧਾਂ ਵਿੱਚ ਜੋ ਸਮਾਂ ਲੱਗ ਰਿਹਾ ਹੈ, ਉਸ ਲਈ
ਜਾਗਰੂਕ ਧਿਰਾਂ ਹੀ ਸਭ ਤੋਂ ਵੱਧ ਜਿੰਮੇਵਾਰ ਹਨ। ਸਾਡੇ ਮਿਸ਼ਨਰੀ ਕਾਲੇਜ ਅਤੇ ਪ੍ਰਚਾਰਕ ਆਪ
"ਸਕਤੱਰੇਤ" ਵਾਲੇ ਬੁਰਛਾਗਰਦਾਂ ਦੇ ਅੱਗੇ ਮੱਥੇ ਟੇਕਦੇ ਹਨ, ਇਨਾਂ ਨੇ ਸੱਚ ਦਾ ਪ੍ਰਚਾਰ
ਕੀ ਕਰਨਾ ਹੈ ? ਹਰ ਸਿੱਖ ਦਾ ਫਰਜ ਹੈ ਕਿ ਇਨਾਂ ਰੋਟੀ ਕਾਰਣ ਤਾਲ ਪੂਰਨ ਵਾਲਿਆਂ ਤੇ ਬਹੁਤੀ
ਉਮੀਦ ਨਾ ਰੱਖਣ ਅਤੇ ਇਹ ਮੋਰਚਾ ਆਪ ਸੰਭਾਲ ਲੈਣ। ਹਰ ਸਿੱਖ, ਆਪ ਇਸ ਮੈਦਾਨ ਵਿੱਚ ਉਤਰੇ
ਅਤੇ ਇਸ ਕਿਤਾਬ ਦੀ ਅਸਲਿਅਤ ਨੂੰ ਕੌਮ ਦੇ ਸਾਮ੍ਹਣੇ ਲਿਆਏ। ਇਹ ਸਭ ਦੀ ਸਾਂਝੀ
ਜ਼ਿੰਮੇਦਾਰੀ
ਹੈ। ਹਰ ਸਿੱਖ ਇਕ ਪ੍ਰਚਾਰਕ ਹੈ। ਆਪਣੇ ਆਪਣੇ ਅਧੀਐਨ ਦਾ ਸਤਰ ਬੇਸ਼ਕ ਘੱਟ ਜਾਂ ਵੱਧ ਹੋਵੇ।
ਸਾਨੂੰ ਸਾਰਿਆਂ ਨੂੰ ਇਕ ਦੂਜੇ ਦੀ ਮਦਦ ਨਾਲ ਇਸ ਕੰਮ ਨੂੰ ਨਿਰੰਤਰ ਅਗੇ
ਵਧਾਉਣਾ ਹੈ।
ਕਈ ਲੋਕੀ ਅਗਿਆਨਤਾ ਜਾਂ ਅਪਣੀ ਅੱਧਕਚਰੀ ਵਿਚਾਰਧਾਰਾ ਕਰ ਕੇ ਸਾਡੇ ਇਸ ਸਟੈਂਡ ਨੂੰ "ਦੋਗਲਾ
ਪਨ" ਜਾਂ "ਦੋਗਲੀ ਨੀਤੀ" ਦੀ ਵੀ ਸੰਘਿਆ ਦੇਂਦੇ ਹਨ। ਲੇਕਿਨ ਸਾਡਾ ਸਟੈਂਡ ਹਮੇਸ਼ਾ ਹੀ ਇਹ
ਰਹੇਗਾ ਕਿ, ਸਿੱਖ ਰਹਿਤ ਮਰਿਯਾਦਾ ਨੂੰ ਸੋਧਣ ਦੀ ਬਜਾਇ, ਪਹਿਲਾਂ ਇਸ ਵਿੱਚ ਆ ਚੁਕੀਆਂ
ਗੈਰ ਸਿਧਾਂਤਕ ਉਣਤਾਈਆਂ ਬਾਰੇ ਸਿੱਖਾਂ ਨੂੰ ਅਵੇਯਰ ਕਰ ਕੇ ਇਕ ਚੇਤਨਾ ਪੈਦਾ ਕੀਤੀ ਜਾਏ।
ਇਸ ਬਾਰੇ ਜਨਚੇਤਨਾ ਅਤੇ ਜਨ ਸਮਰਥਨ ਬਨਣ ਤੋਂ ਬਾਅਦ ਹੀ ਇਸ ਵਿੱਚ ਗੁਰਮਤਿ ਅਨੁਸਾਰ ਸੋਧਾਂ
ਕੀਤੀਆ ਜਾਣ। ਆਪ ਹੁਦਰੇ ਤੌਰ 'ਤੇ ਕੀਤੀਆਂ ਸੋਧਾ ਅਤੇ ਖਰੜੇ ਤਾਂ ਕਿਸੇ ਕੰਮ ਨਹੀਂ ਆਉਣੇ,
ਜਦੋਂ ਤੱਕ ਸਿੱਖ ਇਨਾਂ ਸੋਧਾਂ ਨੂੰ ਪਰਵਾਨ ਕਰਣ ਯੋਗ ਨਾ ਹੋ ਜਾਣ, ਅਪਣੇ ਘਰ ਇਹੋ ਜਿਹੇ
ਹਜਾਰ ਖਰੜੇ ਤਿਆਰ ਕਰਕੇ ਰੱਖ ਲੈਣ ਦਾ ਕੋਈ ਲਾਭ
ਨਹੀਂ ਹੋਣਾ।
ਖਾਲਸਾ ਜੀ, ਸ਼ਾਇਦ ਮੈਂ ਅਪਣੇ ਲੇਖ ਦੇ ਵਿਸ਼ੈ ਤੋਂ ਹੱਟ ਕੇ ਸਿੱਖ ਰਹਿਤ ਮਰਿਯਾਦਾ ਬਾਰੇ
ਲਿਖਣ ਲਗ ਪਿਆ ਹਾਂ। ਵਾਪਸ ਅਪਣੇ ਵਿਸ਼ੈ ਵੱਲ ਆਂਉਦੇ ਹਾਂ। ਇਥੇ ਦਸਮ ਗ੍ਰੰਥ ਦੀਆਂ ਇਹ
ਰਚਨਾਵਾਂ ਕੀ ਇਕੋ ਹੀ ਕਵੀ ਦੀਆਂ ਲਿਖੀਆਂ ਹਣ? ਇਸ ਗਲ ਦੇ ਸ੍ਰੋਤ ਲਭਣ ਦਾ ਯਤਨ ਕਰਦੇ ਹਾਂ
।
ਅਥ ਬਚਿਤ੍ਰ ਨਾਟਕ ਗ੍ਰੰਥ ਲਿਖਯਾਤੇ ॥
ਤ੍ਵ ਪ੍ਰਸਾਦਿ ॥ ਸ੍ਰੀ ਮੁਖਬਾਕ ਪਾਤਸ਼ਾਹੀ ੧੦॥
ਦੋਹਰਾ ॥
ਨਮਸਕਾਰ ਸ੍ਰੀ ਖੜਗ ਕੋ ਕਰੋਂ ਸੁ ਹਿਤੁ ਚਿਤੁ ਲਾਇ ॥
ਪੂਰਨ ਕਰੋਂ ਗਿਰੰਥ ਇਹੁ ਤੁਮ ਮੁਹਿ ਕਰਹੁ ਸਹਾਇ ॥੧॥
ਤ੍ਰਿਭੰਗੀ ਛੰਦ ॥ ਸ੍ਰੀ ਕਾਲ ਜੀ ਕੀ ਉਸਤਤਿ ॥
ਇਸ "ਬਚਿਤੱਰ ਨਾਟਕ" ਵਿੱਚ ਕਵੀ ਖੜਗਧਾਰੀ ਕਾਲ ਦੇਵਤੇ ਦੀ ਉਸਤਤਿ ਕਰਦਿਆ ਇਹ "ਬਚਿਤੱਰ
ਨਾਟਕ" ਲਿਖਦਾ ਹੈ। ਇਸ ਭਾਸ਼ਾ ਸ਼ੈਲੀ ਅਤੇ ਇਸ ਰਚਨਾਂ ਦੀ ਸ਼ਬਦਾਵਲੀ ਵੱਲ ਨਿਗਾਹ ਮਾਰਦੇ
ਹਾਂ।
ਨ ਰੰਕੰ ਨ ਰਾਯੰ ਨ ਰੂਪੰ ਨ ਰੇਖੰ ॥ ਨ ਰੰਗੰ ਨ ਰਾਗੰ ਅਪਾਰੰ
ਅਭੇਖੰ ॥੪॥
ਨ ਰੂਪੰ ਨ ਰੇਖੰ ਨ ਰੰਗੰ ਨ ਰਾਗੰ ॥ ਨ ਨਾਮੰ ਨ ਠਾਮੰ ਸਹਾ ਜੋਤਿ ਜਾਗੰ ॥ ਅਖੌਤੀ
ਦਸਮ ਗ੍ਰੰਥ ਪੰਨਾ 39
ਅਰਥ: ਨਾਂ ਤਾਂ ਉਹ ਭਿਖਾਰੀ ਹੈ ਅਤੇ ਨਾਂ ਹੀ ਉਹ ਰਾਜਾ
ਹੈ। ਨਾਂ ਉਸ ਦਾ ਕੋਈ ਰੰਗ ਹੈ ਅਤੇ ਨਾ ਹੀ ਕੋਈ ਰਾਗ (ਅਵਾਜ ਰਹਿਤ ਹੈ) ਅਤੇ ਉਸ ਦਾ ਅਪਾਰ
ਦਰਸਾਰਾ ਹੈ। (ਫਿਰ ਕਹਿੰਦਾ ਹੇ) ਨਾ ਉਸ ਦਾ ਕੋਈ ਰੂਪ ਹੈ ਨਾ ਅਕਾਰ ਹੈ। ਨਾ ਉਸਦਾ ਕੋਈ
ਨਾਮ ਹੈ ਅਤੇ ਨਾ ਹੀ ਕੋਈ ਠਿਕਾਣਾ ਹੈ। (ਮੇਰੇ ਵੀਰੋ ਹਲੀ ਬਹੁਤ ਉਤਾਵਲੇ ਹੋ ਕੇ ਇਸਨੂੰ "ਨਿਰੰਕਾਰ"
ਮਨਣ ਦੀ ਗਲਤੀ ਨਾ ਕਰ ਬੈਠਿਆ ਜੇ। ਇਹੀ ਤਾਂ ਇਸ ਕਵੀ ਦੀ ਸ਼ਾਤਿਰ ਬੁੱਧੀ ਦਾ "ਬਚਿਤੱਰ
ਨਾਟਕ" ਹੈ। ਕੁਝ ਕੁ ਲਾਈਨਾਂ ਹੋਰ ਇੰਤਜਾਰ ਕਰੋ! ਤੁਹਾਨੂੰ ਪਤਾ ਲਗ ਜਾਵੇਗਾ ਕਿ ਇਹ "ਅਕਾਲ
ਪੁਰਖ" ਹੈ ਕਿ ਮੋਟੀਆਂ ਅਤੇ ਤੇਜ ਦਾੜ੍ਹਾਂ ਵਾਲਾ "ਕਾਲ ਦੇਵਤਾ" ਹੈ, ਜਿਸਦੀ ਇਹ ਕਵੀ
ਉਸਤਤਿ ਕਰ ਰਿਹਾ ਹੈ।
ਜ਼ਰਾ ਸਬਰ ਕਰੋ! ਵੈਸੇ ਵੀ ਉਹ "ਪਾਤਸ਼ਾਹੀ 10" ਦੀ ਹੇਡਿੰਗ ਹੇਠਾਂ ਸ੍ਰੀ
ਕਾਲ ਜੀ ਕੀ ਉਸਤਤਿ ॥ ਲਿਖ ਕੇ ਇਸ ਗੱਲ ਦੀ ਪ੍ਰੌੜ੍ਹਤਾ ਕਰ ਰਿਹਾ ਹੈ। ਮੂਰਖ ਦਸਮ
ਗ੍ਰੰਥੀਉ ! ਤੁਸੀਂ ਤਾਂ ਇੱਕ ਥਾਂ 'ਤੇ "ਕਾਲ ਉਸਤਤਿ" ਨੂੰ "ਅਕਾਲ ਉਸਤਤਿ" ਦਾ ਨਾਮ ਦੇ
ਕੇ ਛਾਪ ਲਿਆ । ਇਸ ਗ੍ਰੰਥ ਵਿੱਚ ਦੋ ਦਰਜਨ ਤੋਂ ਵੱਧ ਥਾਵਾਂ ਤੇ ਕਵੀ "ਸ੍ਰੀ ਕਾਲ ਜੀ ਕੀ
ਉਸਤਤਿ ॥" ਲਿਖ ਰਿਹਾ ਹੈ। ਇਸ "ਕਾਲ" ਨੂੰ ਕਿਨੀਆਂ ਥਾਵਾਂ 'ਤੇ "ਅਕਾਲ" ਬਣਾ ਕੇ ਲਿਖੋਗੇ?
ਜੇ ਸਯਾਮ ਕਵੀ ਲਿਖ ਰਿਹਾ ਹੈ ਕਿ ਮੈਂ "ਕਾਲ ਦੇਵਤੇ ਦੀ ਉਸਤਤਿ" ਕਰ ਰਿਹਾ ਹਾਂ, ਤਾਂ ਤੁਸੀਂ
ਇਸ ਨੂੰ "ਅਕਾਲ ਉਸਤਤਿ" ਬਨਾਉਣ ਲਈ ਇੰਨੇ ਉਤਾਵਲੇ ਕਿਉਂ ਹੋਏ ਪਏ ਹੋ?
ਅਪਣੀ "ਆਤਮ ਕਥਾ" ਲਿਖਨ ਵਾਲਾ "ਬਚਿੱਤ੍ਰ ਨਾਟਕ" ਦਾ ਕਵੀ, ਜਿਨੀਆਂ ਕੁ ਜਬਲੀਆਂ ਮਾਰ ਸਕਦਾ
ਸੀ, ਉਸ ਨੇ ਮਾਰੀਆਂ, ਇਹ ਸਾਬਿਤ ਕਰਨ ਲਈ ਕਿ "ਕਾਲ" ਹੀ "ਆਦਿ" ਹੈ, ਤੇ "ਕਾਲ" ਹੀ "ਜੁਗਾਦਿ"
ਹੈ, ਤੇ "ਕਾਲ" ਹੀ "ਅਕਾਲ" ਹੈ ।
"ਕਾਲ ਹੀ" ਪਾਇ ਭਯੋ ਭਗਵਾਨ ਸੁ ਜਾਗਤ ਯਾ ਜਗ ਜਾ ਕੀ ਕਲਾ ਹੈ
॥ "ਕਾਲ ਹੀ" ਪਾਇ ਭਯੋ ਬ੍ਰਹਮਾ ਸਿਵ "ਕਾਲ ਹੀ" ਪਾਇ ਭਯੋ ਜੁਗੀਆ ਹੈ ॥
"ਕਾਲ ਹੀ" ਪਾਇ ਸੁਰਾਸੁਰ ਗੰਧ੍ਰਬ ਜੱਛ ਭੁਜੰਗ ਦਿਸਾ ਬਿਦਿਸਾ ਹੈ ॥ ਔਰ ਸੁਕਾਲ ਸਭੈ ਬਸ "ਕਾਲ"
ਕੇ ਏਕ ਹੀ "ਕਾਲ ਅਕਾਲ ਸਦਾ ਹੈ" ॥੮੪॥ ਪੰਨਾ 44
ਲੇਕਿਨ
ਦੂਜੇ ਪਾਸੇ ਉਸ ਨੂੰ ਭਿਆਨਕ ਰੂਪ ਵਾਲਾ, ਰਾਖਸ਼ਾਂ ਵਰਗਾ ਦੇਹਧਾਰੀ ਵੀ ਸਾਬਿਤ ਕਰ ਰਿਹਾ
ਹੈ। ਗਿਆਨੀ ਗੁਰਬਚਨ ਸਿੰਘ ਜੀ, ਕੀ ਇਹ ਹੀ ਹੈ ਤੁਹਾਡੇ ਗੁਰੂ ਦੀ ਬਾਣੀ ਦਾ "ਇਸ਼ਟ"? ਇਹ
ਹੀ ਹੈ ਤੁਹਾਡਾ "ਰੱਬ"? ਇਹ ਤਾਂ ਪੱਕਾ ਸਾਬਿਤ ਹੋ ਚੁਕਾ ਹੈ ਕਿ, ਜਿਸਨੂੰ ਤੁਸੀਂ ਸਿੱਖਾਂ
ਦਾ "ਰੱਬ" ਬਨਾਉਣਾ ਚਾਹੁੰਦੇ ਹੋ, ਉਹ "ਕਾਲ" ਹੈ "ਨਿਰੰਕਾਰ" ਨਹੀਂ ਹੈ। ਉਸ ਨੂੰ "ਅਕਾਲਪੁਰਖ"
ਲਈ ਵਰਤਿਆ ਸ਼ਬਦ ਕਹਿਣ ਵਾਲੇ ਸਭ ਤੋਂ ਵੱਡੇ ਮੂਰਖ ਹਨ। ਕਿਉਂਕਿ ਦਸਮ ਗ੍ਰੰਥੀਆਂ ਦਾ "ਅਕਲਾਪੁਰਖ"
ਦੇਹਧਾਰੀ ਹੈ ਅਤੇ ਉਸ ਦੇ ਖਬੇ ਹੱਥ ਵਿੱਚ ਕਿਰਪਾਣ ਚਮਕ ਰਹੀ ਹੈ। ਬਹੁਤ ਹੀ ਭਿਆਨਕ ਰੂਪ
ਹੈ। ਜਦੋਂ ਉਹ ਚਲਦਾ ਹੈ ਤੇ ਉਸ ਦੇ ਪੈਰਾਂ ਵਿੱਚ ਪਏ ਘੂੰਗਰੂ, ਘੰਟੀਆਂ ਵਾਂਗ ਆਵਾਜ਼ ਕਰਦੇ
ਹਨ। ਉਸ ਦੇ ਚਾਰ ਹੱਥ ਨੇ। ਉਸ ਦੇ ਲੰਮੇ ਵਾਲ ਹਨ ਤੇ ਬਹੁਤ ਸੋਹਣਾ ਜੂੜਾ ਵੀ ਕੀਤਾ ਹੋਇਆ
ਹੈ। ਉਸਦਾ ਰੂਪ "ਯਮਰਾਜ" ਨੂੰ ਵੀ ਲਜਿੱਤ ਕਰ ਦੇਂਦਾ ਹੈ। ਉਸ ਦੇ ਹੱਥ ਵਿੱਚ "ਗਦਾ" ਨਾਮ
ਦਾ ਸ਼ਸ਼ਤਰ ਵੀ ਹੈ। ਉਸ ਦੀ ਜੀਭ ਅੱਗ ਵਰਗੀ ਲਾਲ ਹੈ ॥ ਉਸ ਦੇ ਦੰਦਾਂ ਦੀ ਰਗੜ (ਕਚੀਚੀਆਂ)
ਬਹੁਤ ਡਰਾਵਨੀ ਹੈ। (ਇਹ ਰੱਬ ਹੈ ਕਿ ਰਾਖਸ਼ ਹੈ)। ਉਹ ਸ਼ੰਖ ਵਜਾਉਂਦਾ ਹੈ, ਤੇ ਸਮੰਦਰ ਦੇ
ਤੂਫਾਨ ਵਰਗੀ ਆਵਾਜ ਪੈਦਾ ਹੁੰਦੀ ਹੈ। ਇਹ ਸਭ ਮੈਂ ਨਹੀਂ, ਗਿਆਨੀ ਜੀ ਇਹ ਤਾਂ ਤੁਹਾਡੇ
ਗੁਰੂ ਦੇ ਲਿਖੇ "ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ" ਵਿੱਚ ਲਿਖਿਆ ਹੋਇਆ ਹੈ। ਆਹ ਪੜ੍ਹ ਲਵੋ!
ਚਮਕਹਿ ਕ੍ਰਿਪਾਣੰ ॥ ਅਭੂਤੰ ਭਯਾਣੰ ॥ ਧੁਨੰ ਨੇਵਰਾਣੰ ॥ ਘੁਰੰ
ਘੁੰਘਰਾਣੰ ॥੩੧॥
ਚਤੁਰ ਬਾਂਹ ਚਾਰੰ ॥ ਨਿਜੂਟੰ ਸੁਧਾਰੰ ॥ ਗਦਾ ਪਾਸ ਸੋਹੰ ॥ ਜਮੰ ਮਾਨ ਮੋਹੰ ॥੩੨॥
ਸੁਭੰ ਜੀਭ ਜੁਆਲੰ ॥ ਸੁ ਦਾੜ੍ਹਾ ਕਰਾਲੰ ॥ ਬਜੀ ਬੰਬ ਸੰਖੰ ॥ ਉਠੇ ਨਾਦ ਬੰਖੰ ॥੩੩॥
ਪੇਜ 41
"ਬਚਿੱਤਰ ਨਾਟਕ" ਦੇ ਲਿਖਾਰੀ ਦੀ "ਲੇਖਨ ਸ਼ੈਲੀ" ਅਤੇ ਭਾਸ਼ਾ ਇਸ ਗ੍ਰੰਥ ਵਿਚ ਲਿਖੀ "ਜਾਪੁ"
ਰਚਨਾਂ ਨਾਲ ਹੂ ਬ ਹੂ ਮਿਲਦੀ ਹੈ, ਜੋ ਇਹ ਸਾਬਿਤ ਕਰਦੀ ਹੈ ਕਿ ਇਸ ਦੋਵੇ ਰਚਨਾਵਾਂ ਇਕੋ
ਲਿਖਾਰੀ ਦੀਆਂ ਹੀ ਲਿਖੀਆਂ ਹੋਈਆ ਨੇ। ਜਰਾ ਧਿਆਨ ਨਾਲ ਵੇਖੋ ਤੇ ਇਨਾਂ ਤੁਕਾਂ ਦਾ ਅਰਥ ਕੀ
ਹੈ? ਇਹ ਵੀ ਧਿਆਨ ਲਾਲ ਸਮਝੋ ਕਿ ਇਹ ਕਵੀ ਕਿਸ ਦੀ ਉਸਤਤਿ ਕਰ ਰਿਹਾ ਹੈ, ਅਤੇ ਉਹ ਕੌਣ
ਹੇ? ਜੇ ਇਹ "ਕਾਲ" ਦਾ ਉਪਾਸਕ ਹੈ, ਤੇ ਉਹ "ਅਕਾਲਪੁਰਖ" ਦੀ ਉਸਤਤਿ ਕਿਵੇਂ ਕਰ ਸਕਦਾ ਹੈ?
"ਨਿਰੰਕਾਰ ਕਰਤਾਰ" ਨੂੰ ਮੰਨਣ ਵਾਲਾ ਇਹ ਸਭ ਲਿਖ ਹੀ ਨਹੀਂ ਸਕਦਾ ।
ਰਸਾਵਲ ਛੰਦ ॥
ਨਮੋ ਬਾਣ ਪਾਣੰ ॥ ਨਮੋ ਨਿਰਭਯਾਣੰ ॥ ਨਮੋ ਦੇਵ ਦੇਵੰ ॥ ਭਵਾਣੰ
ਭਵੇਅੰ ॥੮੬॥
ਰਸਾਵਲ ਛੰਦ ॥ ਨਮੋ ਚੱਕ੍ਰ ਪਾਣੰ ॥ ਅਭੂਤੰ ਭਯਾਣੰ ॥
ਨਮੋ ਉਗ੍ਰ ਦਾੜੰ ॥ ਮਹਾ ਗ੍ਰਿਸਟ ਗਾੜੰ ॥੮੯॥ ਨਮੋ ਭੀਰ ਤੋਪੰ
॥ ਜਿਨੈ ਸਤ੍ਰੁ ਘੋਪੰ ॥
ਜਿਤੇ ਸਸਤ੍ਰ ਨਾਮੰ ॥ ਨਮਸਕਾਰ ਤਾਮੰ ॥ ਜਿਤੇ ਅਸਤ੍ਰ ਭੇਯੰ ॥ ਨਮਸਕਾਰ ਤੇਯੰ ॥੯੧॥
ਪੇਜ 45
ਮੈਂ ਉਸ ਦੇਵਤੇ ਨੂੰ ਨਮਸਕਾਰ ਕਰਦਾ ਹਾਂ, ਜਿਸ ਦੇ ਹੱਥ ਵਿਚ ਧਨੁਸ਼ ਬਾਣ ਹੈ। ਉਸ ਨੂੰ
ਨਮਸਕਾਰ ਹੈ, ਜੋ ਕਿਸੇ ਤੋਂ ਡਰਦਾ ਨਹੀਂ॥ ਮੈਂ ਉਸ ਦੇਵਤੇ ਨੂੰ ਨਮਸਕਾਰ ਕਰਦਾ ਹਾਂ, ਜਿਸ
ਦੇ ਹੱਥ ਵਿਚ ਚਕ੍ਰ ਹੈ ॥ ਮੈ ਉਸ ਦੇਵਤੇ ਨੂੰ ਨਮਸਕਾਰ ਕਰਦਾ ਹਾਂ, ਜਿਸਦੀਆਂ ਬਹੁਤ ਤੇਜ
ਦਾੜ੍ਹਾਂ ਹਨ। ਇਹ ਦਾੜ੍ਹਾਂ ਬਹੁਤ ਮੋਟੀਆਂ ਅਤੇ ਵਡੀਆਂ ਹਨ॥ ਮੈਂ ਉਸ ਦੇਵਤੇ ਨੂੰ ਨਮਸਕਾਰ
ਕਰਦਾ ਹਾਂ, ਜਿਸਦੇ ਹੱਥ ਵਿੱਚ ਤੀਰ ਅਤੇ ਤੋਪ ਹੈ॥ (ਜਦੋਂ ਦੁਨੀਆ ਬਣੀ ਸੀ ਕਾਲ ਕੋਲ ਉਸ
ਵੇਲੇ "ਤੋਪ" ਕਿਥੋਂ ਆ ਗਈ, ਝੂਠਾ ਕਿਧਰੇ ਦਾ!) ਜਿਸਦੇ ਨਾਲ ਉਹ ਦੁਸ਼ਮਣਾਂ ਦਾ ਨਾਸ਼ ਕਰਦਾ
ਹੈ॥ ਮੈਂ ਸਾਰੇ ਸ਼ਸ਼ਤ੍ਰਾਂ ਨੂੰ ਵੀ ਨਮਸਕਾਰ ਕਰਦਾ ਹਾਂ ਆਦਿਕ ।
ਇਹ ਕਵੀ ਉਸ "ਕਾਲ" ਨੂੰ ਨਮਸਕਾਰ ਕਰ ਰਿਹਾ ਹੈ, ਜਿਸਦੇ ਹੱਥ ਵਿੱਚ ਤੀਰ ਅਤੇ ਤੋਪ ਹੈ। ਉਹ
ਦੁਸ਼ਮਨਾਂ ਦਾ ਨਾਸ ਕਰ ਦੇਂਦਾ ਹੈ। ਉਹ ਮੋਟੀਆਂ ਡਾੜ੍ਹਾਂ ਵਾਲਾ ਦੇਹਧਾਰੀ ਹੈ। (ਲਗਦਾ ਹੈ
ਇਹ ਕਵੀ ਇਸ "ਕਾਲ" ਦੀਆਂ ਦਾੜ੍ਹਾਂ ਅਤੇ ਦੰਦਾ ਤੋਂ ਬਹੁਤ ਪ੍ਰਭਾਵਿਤ ਹੈ, ਵਾਰ ਵਾਰ ਇਸ
ਦੀਆਂ ਦਾੜ੍ਹਾਂ ਅਤੇ ਦੰਦਾ ਦਾ ਜਿਕਰ ਕਰਦਾ ਹੈ) ।
ਮੇਰੇ ਵੀਰੋ ! ਸਾਡੇ ਸਤਿਕਾਰਤ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਉਸ ਕਰਤਾਰ
ਬਾਰੇ ਕੀ ਇਹੋ ਕੁਝ ਦਸਿਆ ਹੈ? ਇਹ ਪੂਰੀ "ਕੂੜ ਕਿਤਾਬ" ਅਪਣੇ "ਇਸ਼ਟ", ਕਾਲ, ਮਹਾਕਾਲ ਅਤੇ
ਕਾਲਕਾ ਦੇ ਰੂਪ ਦਾ ਥਾਂ ਥਾਂ 'ਤੇ ਵਰਨਣ ਕਰ ਰਹੀ ਹੈ। ਫੇਰ ਵੀ ਅਸੀਂ ਉਸ "ਕਾਲ" ਨੂੰ "ਅਕਾਲਪੁਰਖ"
ਕਹੀ ਜਾ ਰਹੇ ਹਾਂ । ਇਸ ਕਾਲ ਦੇ ਉਪਾਸਕ ਦੀ ਲਿਖੀ ਰਚਨਾਂ ਨੂੰ ਗੁਰੂ ਕ੍ਰਿਤ ਕਹੀ ਜਾ ਰਹੇ
ਹਾਂ। ਸ਼ਬਦ ਗੁਰੂ ਦੇ ਤਾਂ ਬਚਨ ਹਨ-
ਤੂੰ ਏਕੋ ਨਿਹਚਲੁ ਅਗਮ ਅਪਾਰਾ ਗੁਰਮਤੀ ਬੂਝ ਬੁਝਾਵਣਿਆ ॥੧॥
ਹਉ ਵਾਰੀ ਜੀਉ ਵਾਰੀ ਰਾਮ ਨਾਮੁ ਮੰਨਿ ਵਸਾਵਣਿਆ ॥
ਤਿਸੁ ਰੂਪੁ ਨ ਰੇਖਿਆ ਵਰਨੁ ਨ ਕੋਈ ਗੁਰਮਤੀ ਆਪਿ ਬੁਝਾਵਣਿਆ ॥੧॥ ਰਹਾਉ ॥ਅੰਕ
120 ਗੁਰੂ ਗ੍ਰੰਥ ਸਾਹਿਬ ਜੀ
ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਤੇ ਅਪਣੇ ਗੁਰੂ ਕੋਲੋਂ ਸਿਧਾ ਸਵਾਲ ਕਰਦਾ ਹੈ, ਤੇ
ਪੁਛਦਾ ਹੈ, ਕਿ ਮੇਰੇ ਅਰਾਧ (ਇਸ਼ਟ) ਦਾ ਕੀ ਰੂਪ ਹੈ? ਕੇੜ੍ਹਾ ਜੋਗ ਕਰ ਕੇ ਅਪਣੀ ਕਾਇਆਂ
ਨੂੰ ਕੰਟ੍ਰੋਲ ਵਿੱਚ ਕਰਾਂ? ਉਸਦੇ ਕੇੜ੍ਹੇ ਗੁਣਾਂ ਨੂੰ ਮੈਂ ਗਾਵਾਂ? ਉਸ ਪਾਰਬ੍ਰ੍ਹਮ ਨੂੰ
ਮੈਂ ਕੀ ਬੋਲ ਕੇ ਖੁਸ਼ ਕਰਾਂ? ਉਸ ਦੀ ਪੂਜਾ ਮੈਂ ਕੈਸੀ ਕਰਾਂ? ਕਿਸ ਤਰੀਕੇ ਨਾਲ ਇਹ ਸੰਸਾਰ
ਰੂਪੀ ਭਵਜਲ ਨੂੰ ਮੈਂ ਪਾਰ ਕਰਾਂ? ਕੈਸਾ ਤਪ ਕਰਾਂ ਕਿ ਮੈਂ ਤੱਪੀ ਬਣ ਸਕਾਂ? ਉਸਦਾ ਕੇੜ੍ਹਾ
ਨਾਮ ਲਵਾਂ ਕਿ ਮੈ ਅਪਣੇ ਅੰਦਰ ਦੇ ਅਹੰਕਾਰ ਨੂੰ ਤਿਆਗ ਸਕਾਂ ?
ਗਉੜੀ ਮ, ੫ ॥
ਕਵਨ ਰੂਪੁ ਤੇਰਾ ਆਰਾਧਉ ॥ ਕਵਨ ਜੋਗ ਕਾਇਆ ਲੇ ਸਾਧਉ ॥੧॥
ਕਵਨ ਗੁਨੁ ਜੋ ਤੁਝੁ ਲੈ ਗਾਵਉ ॥ ਕਵਨ ਬੋਲ ਪਾਰਬ੍ਰਹਮ ਰੀਝਾਵਉ ॥੧॥ ਰਹਾਉ ॥
ਕਵਨ ਸੁ ਪੂਜਾ ਤੇਰੀ ਕਰਉ ॥ ਕਵਨ ਸੁ ਬਿਧਿ ਜਿਤੁ ਭਵਜਲ ਤਰਉ ॥੨॥
ਕਵਨ ਤਪੁ ਜਿਤੁ ਤਪੀਆ ਹੋਇ ॥ ਕਵਨੁ ਸੁ ਨਾਮੁ ਹਉਮੈ ਮਲੁ ਖੋਇ ॥੩॥ ਅੰਕ 187,
ਗੁਰੂ ਗ੍ਰੰਥ ਸਾਹਿਬ ਜੀ।
ਅਗਲੀਆਂ ਹੀ ਤੁਕਾਂ ਵਿੱਚ ਉਹ ਸਮਰਥ ਗੁਰੂ ਅਪਣੇ ਸਿੱਖ ਦੇ ਸਾਰੇ ਸਵਾਲਾਂ ਦਾ ਜਵਾਬ ਉਸ
ਨੂੰ ਦੇ ਦੇਂਦਾ ਹੈ। ਅਪਣੇ ਅੰਦਰ ਚੰਗੇ ਗੁਣਾਂ ਨੂੰ ਪੈਦਾ ਕਰਨਾ ਹੀ ਉਸ ਪਾਰਬ੍ਰ੍ਹਮ ਦੀ
ਪੂਜਾ ਹੈ। ਆਪਣੇ ਮੰਨ ਦੇ ਅੰਦਰ ਦਾ ਗਿਆਨ ਅਤੇ ਉਸ ਦਾ ਹਰ ਵੇਲੇ ਧਿਆਨ ਰਖਣਾ ਹੀ ਤੇਰੀ
ਸੱਚੀ ਘਾਲਣਾ (ਜਪ ਅਤੇ ਤਪ) ਹੈ। ਜਿਸ ਸਿੱਖ 'ਤੇ, ਉਹ ਪੂਰਾ ਗੁਰੂ ਕਿਰਪਾ ਕਰ ਦੇਵੇ, ਉਸ
ਨੂੰ ਉਹ ਦਇਆਲੂ ਕਰਤਾਰ ਪ੍ਰਾਪਤ ਹੋ ਜਾਂਦਾ ਹੈ।
ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ ॥ ਜਿਸੁ ਕਰਿ ਕਿਰਪਾ
ਸਤਿਗੁਰੁ ਮਿਲੈ ਦਇਆਲ ॥੪॥ ਅੰਕ 187, ਗੁਰੂ ਗ੍ਰੰਥ ਸਾਹਿਬ ਜੀ।
ਗਿਆਨੀ ਗੁਰਬਚਨ ਸਿੰਘ ਜੀ ! ਤੁਹਾਡੇ ਗੁਰੂ ਦੀ ਬਾਣੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ੴ
ਦੇ ਸਿਧਾਂਤ ਨੂੰ ਉਲਟ ਰਹੀ ਹੈ, ਤੇ ਤੁਸੀਂ ਕਹਿ ਰਹੇ ਹੋ ਕਿ, "ਜੋ ਸਿਧਾਂਤ ਗੁਰੂ ਗ੍ਰੰਥ
ਸਾਹਿਬ ਜੀ ਦਾ ਹੈ ਉਹੀ ਸਿਧਾਂਤ ਦਸਮ ਗ੍ਰੰਥ ਦਾ ਹੈ"? ਇਹ ਦਸ ਰਹੀ ਹੈ ਕਿ ਤੁਹਾਡਾ
ਅਕਾਲਪੁਰਖ ਤਾਂ ਇਕ ਭਿਆਨਕ ਰੂਪ ਵਾਲਾ ਦੇਹਧਾਰੀ ਰਾਖਸ਼ ਵਰਗਾ ਹੈ। ਉਸ ਦੇ ਇਕ ਹੱਥ ਵਿਚ
ਧਨੁਸ਼ ਬਾਣ ਅਤੇ ਦੂਜੇ ਹੱਥ ਵਿੱਚ ਕਿਰਪਾਣ ਹੈ। ਉਸ ਦਾ ਬਹੁਤ ਤੇਜ ਪ੍ਰਕਾਸ਼ ਹੈ। ਬਹੁਤ
ਵਡ੍ਹੀਆਂ ਦਾੜ੍ਹਾਂ ਵਾਲੇ ਇਸ ਦੇਵਤੇ ਦਾ ਮੈਂ ਪੁਜਾਰੀ ਹਾਂ। ਇਨ੍ਹਾਂ ਦਾੜ੍ਹਾ ਨਾਲ ਉਸਨੇ
ਇਸ ਸੰਸਾਰ ਦੇ ਹਜਾਰਾਂ ਜੀਵਾਂ ਨੂੰ ਚੱਬ ਚੱਬ ਕੇ ਖਾਂਦਾ ਹੈ।
ਹੁਣੇ ਕੋਈ ਦਸਮ ਗ੍ਰੰਥੀਆ ਬੇਵਕੂਫੀ ਭਰੀ ਇਹ ਦਲੀਲ ਦੇਵੇਗਾ, ਕਿ ਇਸ ਦਾ ਭਾਵ ਇਹ ਹੈ ਕਿ
ਅਕਾਲ ਪੁਰਖ ਵੀ ਤਾਂ ਜੀਵਾਂ ਨੂੰ ਮੌਤ ਦੇ ਰੂਪ ਵਿੱਚ ਖਾ ਜਾਂਦਾ ਹੈ। ਦਸਮ ਗ੍ਰੰਥੀਉ!
ਤੁਹਾਡੀ ਹਾਸੋਹੀਣੀ ਦਲੀਲ ਕਿਸੇ ਦਸਮ ਗ੍ਰੰਥੀ ਦੇ ਤਾਂ ਕੰਮ ਆ ਸਕਦੀ ਹੈ। ਸ਼ਬਦ ਗੁਰੂ ਦੇ
ਸਿੱਖ ਨੂੰ ਇਹ ਪ੍ਰਭਾਵਿਤ ਨਹੀਂ ਕਰਦੀ, ਕਿਉਕਿ ਇਸ ਤੋਂ ਅਗੇ ਤਾਂ ਇਹ ਵੀ ਕਹਿ ਰਿਹਾ ਹੈ,
ਕਿ ਇਹ ਡਮਾ ਡਮ ਡਮਰੂ ਵੀ ਵਜਾਉਂਦਾ ਹੈ। ਉਸ ਦੇ ਸਿਰ 'ਤੇ ਚਿੱਟੇ ਅਤੇ ਕਾਲੇ ਰੰਗ ਦੀ ਛਤਰੀ
ਹੈ। ਜਦੋਂ ਉਹ ਬੂਹਾਹਾਹਾਹਾ ਬੂਹਾਹਾਹਾਹਾ ਕਰਕੇ ਦਹਾੜ ਮਾਰ ਕੇ ਹੱਸਦਾ ਹੈ, ਤਾਂ ਲੋਕਾਂ
ਦੇ ਅੰਤਰ ਵਿੱਚ ਪ੍ਰਕਾਸ਼ ਹੋ ਜਾਂਦਾ ਹੈ। ਉਹ ਇਨੀ ਜ਼ੋਰ ਦੀ ਸ਼ੰਖ ਵਜਾਉਂਦਾ ਹੈ, ਕਿ ਉਸ
ਵਿੱਚ ਬਹੁਤ ਹੀ ਭਿਆਨਕ ਆਵਾਜ ਉਠਦੀ ਹੈ। ਉਸ ਦੇ (ਮੂੰਹ) ਵਿਚੋਂ ਇਸ ਤਰ੍ਹਾਂ ਦੀ ਅੱਗ
ਨਿਕਲਦੀ ਹੈ, ਜਿਵੇਂ ਪ੍ਰਲੈ ਵਿਚ ਅੱਗ ਬਲਦੀ ਹੈ।
ਗਿਆਨੀ ਗੁਰਬਚਨ ਸਿੰਘ ਜੀ, ਜੇ ਵਿਸ਼ਵਾਸ਼ ਨਾ ਹੋਵੇ ਤੇ "ਡਮਰੂ ਵਜਾਉਣ ਵਾਲੇ" ਆਪਣੇ "ਅਕਾਲਪੁਰਖ"
ਦੇ ਦਰਸ਼ਨ ਆਪਣੇ ਗੁਰੂ ਦੀ ਬਾਣੀ ਵਿੱਚ ਪੰਨਾ ਨੂੰ 40 'ਤੇ ਕਰ ਲੈਣਾ:
ਅਦਾਗੰ ਅਦੱਗੰ ਅਲੇਖੰ ਅਭੇਖੰ ॥ ਅਨੰਤੰ ਅਨੀਲੰ ਅਰੂਪੰ ਅਦੈਖੰ
॥
ਮਹਾ ਤੇਜ ਤੇਜੰ ਮਹਾ ਜ੍ਵਾਲ ਜ੍ਵਾਲੰ ॥ ਮਹਾ ਮੰਤ੍ਰ ਮੰਤ੍ਰੰ ਮਹਾ ਕਾਲ ਕਾਲੰ ॥੧੭॥
ਕਰੰ ਬਾਮ ਚਾਪਿਯੰ ਕ੍ਰਿਪਾਣੰ ਕਰਾਲੰ ॥ ਮਹਾ ਤੇਜ ਤੇਜੰ ਬਿਰਾਜੈ ਬਿਸਾਲੰ ॥
ਮਹਾਂ ਦਾੜ੍ਹ ਦਾਤ੍ਹੰ ਸੁ ਸੋਹੰ ਅਪਾਰੰ ॥ ਜਿਨੈ ਚਰਬੀਯੰ ਜੀਵ ਜੱਗਯਾੰ ਹਜਾਰੰ ॥੧੮॥
ਡਮਾਡੱਮ ਡਉਰੂ ਸਿਤਾ ਸੇਤ ਛਤ੍ਰੰ ॥ ਹਾਹਾ ਹੂਹੂ ਹਾਸੰ ਝਮਾਝੱਮ ਅਤ੍ਰੰ ॥
ਮਹਾ ਘੋਰ ਸਬਦੰ ਬਜੇ ਸੰਖ ਐਸੇ ॥ ਪ੍ਰਲੈ ਕਾਲ ਕੇ ਕਾਲ ਕੀ ਜ੍ਵਾਲ ਜੈਸੇ ॥੧੯॥
ਅਖੌਤੀ ਦਸਮ ਗ੍ਰੰਥ ਪੰਨਾ 40
ਅਦਾਗੰ- ਬੇਦਾਗ, ਕਰੰ- ਹੱਥ ਵਿੱਚ, ਬਾਮ- ਧਨੁਸ਼ ਬਾਣ, ਜ੍ਵਾਲ - ਅੱਗ, ਬਿਸਾਲੰ = ਚੇਹਰੇ
'ਤੇ, ਮਹਾਂ ਦਾੜ੍ਹ ਦਾਤ੍ਹੰ = ਵਡੀਆਂ ਅਤੇ ਭਿਆਨਕ ਦਾੜ੍ਹਾਂ ਅਤੇ ਦੰਦ, ਚਰਬੀਯੰ - ਚਬਾ
ਚਬਾ ਕੇ, ਡਮਾਡੱਮ ਡਉਰੂ - ਡਮਾ ਡਮ ਡਮਰੂ, ਸਿਤਾ ਸੇਤ ਛਤ੍ਰੰ - ਸਫੇਦ ਅਤੇ ਕਾਲੀ ਛਤਰੀ,
ਹਾਹਾ ਹੂਹੂ ਹਾਸੰ - ਦਹਾੜਾਂ ਮਾਰ ਮਾਰ ਕੇ ਹੱਸਣਾ
ਇਸ ਲੇਖ ਦੇ ਸਿਰਲੇਖ ਵਿੱਚ ਲਿਖੀਆਂ ਸਾਰੀਆਂ ਰਚਨਾਵਾਂ ਨੂੰ ਲਿਖਣ ਵਾਲਾ ਕਵੀ ਕੀ ਇਕ ਹੀ
ਹੈ, ਇਸ ਗਲ ਦਾ ਜਵਾਬ ਲਭਣ ਲਈ ਆਉ, ਇਸ ਕਵੀ ਦੀ ਸ਼ਬਦਾਵਲੀ, ਲੇਖਨ ਸ਼ੈਲੀ ਅਤੇ ਕਾਲ ਦੀ
ਉਸਤਤਿ ਦਾ ਇਕ ਨਮੂਨਾ "ਗਿਆਨ ਪ੍ਰਬੋਧ" ਵਲ ਜ਼ਰਾ ਨਜ਼ਰ ਮਾਰਦੇ ਹਾਂ। ਗਿਆਨੀ ਗੁਰਬਚਨ ਸਿੰਘ
ਜੀ ਨੇ ਅਪਣੀ ਤਕਰੀਰ ਵਿੱਚ ਵਿਸ਼ੇਸ਼ ਤੌਰ 'ਤੇ ਇਸ ਰਚਨਾ ਦਾ ਨਾਮ ਲੈ ਕੇ ਕਹਿਆ ਹੈ, ਕਿ ਇਹ
ਗੁਰੂ ਦੀ ਬਾਣੀ ਦੇ ਸੰਗ੍ਰਿਹ ਦਾ ਇਕ ਹਿੱਸਾ ਹੈ।
ਗਿਆਨ ਪ੍ਰਬੋਧ॥ ੴ ਸਤਿਗੁਰ ਪ੍ਰਸਾਦਿ ॥ ਸ੍ਰੀ ਭਗਉਤੀ ਜੀ ਸਹਾਇ
॥
ਅਥ ਗਿਆਨ ਪ੍ਰਬੋਧ ਗ੍ਰੰਥ ਲਿਖਯਤੇ ॥ ਪਾਤਸ਼ਾਹੀ ੧੦॥ ਭੁਜੰਗ ਪ੍ਰਯਾਤ ਛੰਦ ॥ ਤ੍ਵ ਪ੍ਰਸਾਦਿ
॥
ਨਮੋ ਨਾਥ ਪੂਰੇ ਸਦਾ ਸਿੱਧ ਕਰਮੰ ॥ ਅਛੇਦੀ ਅਭੇਦੀ ਸਦਾ ਏਕ
ਧਰਮੰ ॥
ਕਲੰਕੰ ਬਿਨਾ ਨਿਹਕਲੰਕੀ ਸਰੂਪੇ ॥ ਅਛੇਦੰ ਅਭੇਦੰ ਅਖੇਦੰ ਅਨੂਪੇ ॥੧॥
ਨਮੋ ਲੋਕ ਲੋਕੇਸ਼੍ਵਰੰ ਲੋਕ ਨਾਥੇ ॥ ਸਦੈਵੰ ਸਦਾ ਸਰਬ ਸਾਥੰ ਅਨਾਥੇ ॥
ਨਮੋ ਏਕ ਰੂਪੰ ਅਨੇਕੰ ਸਰੂਪੇ ॥ ਸਦਾ ਸਰਬ ਸਾਹੰ ਸਦਾ ਸਰਬ ਭੂਪੇ ॥੨॥ ਪੰਨਾ 127
...................................
ਅਸਾਧੇ ਅਗਾਧੇ ਅਗੰਜੁਲ ਗਨੀਮੇ ॥ ਅਰੰਜੁਲ ਅਰਾਧੇ ਰਹਾਕੁਲ
ਰਹੀਮੇ ॥੭॥
ਸਦਾ ਸਰਬ ਦਾ ਸਿੱਧ ਦਾ ਬੁੱਧਿ ਦਾਤਾ ॥ ਨਮੋ ਲੋਕ ਲੋਕੇਸ੍ਵਰੰ ਲੋਕ ਗਯਾਤਾ॥
...................................
ਅਖੰਡ ਚੰਡ ਰੂਪ ਹੈਂ ॥ ਪ੍ਰਚੰਡ ਸਰਬ ਸਰੂਪ ਹੈਂ ॥ ਕਾਲ ਹੂੰ
ਕੇ ਕਾਲ ਹੈਂ ॥ ਸਦੈਵ ਰੱਛ ਪਾਲ ਹੈਂ ॥੩॥੧੧॥
ਕ੍ਰਿਪਾਲ ਦਿਆਲ ਰੂਪ ਹੈਂ ॥ ਸਦੈਵ ਸਰਬ ਭੂਪ ਹੈਂ ॥ ਅਨੰਤ ਸਰਬ ਆਸ ਹੈਂ ॥ ਪਰੇਵ ਪਰਮ ਪਾਸ
ਹੈਂ ॥੪॥੧੨॥
----------------------------
ਅਗੰਜੇ ਅਭੰਜੇ ਅਕਾਮੰ ਅਕਰਮੰ ॥ ਅਨੰਤੇ ਬਿਅੰਤੇ ਅਭੂਮੇ ਅਭਰਮੰ
॥੫॥
ਨਹੀਂ ਜਾਨ ਜਾਈ ਕਛੂ ਰੂਪ ਰੇਖੰ ॥ ਕਹਾ ਬਾਸੁ ਤਾ ਕੋ ਫਿਰੈ ਕਉਨ ਭੇਖੰ ॥
----------------------------
ਤ੍ਵ ਪ੍ਰਸਾਦਿ ॥
...................................
ਕਿ ਅਭੇਦਸ ॥ ਕਿ ਅਛੇਦਸ ॥ ਕਿ ਅਛਾਦਸ ॥ ਕਿ ਅਗਾਧਸ ॥੫॥੫੨॥
ਕਿ ਅਗੰਜਸ ॥ ਕਿ ਅਭੰਜਸ ॥
ਅਖੌਤੀ ਦਸਮ ਗ੍ਰੰਥ ਪੰਨਾ 127 ਤੋਂ 133
ਹੁਣ ਜਰਾ "ਚੌਬੀਸ ਅਵਤਾਰ" ਦੀ ਸ਼ਬਦਾਵਲੀ, ਭਾਸ਼ਾ ਸ਼ੈਲੀ ਅਤੇ ਕਾਲ ਦੀ ਉਸਤਤ ਵਲ ਨਜਰ ਮਾਰੋ
ਜੀ।
ਅਥ ਰਾਵਨ ਜੁੱਧ ਕਥਨੰ ॥ ਹੋਹਾ ਛੰਦ
ਸੁਣਯੋ ਇੱਸੰ ॥ ਜਿਣਯੋ ਕਿੱਸੰ ॥ ਚੱਪਯੋ ਚਿੱਤੰ ॥ ਬੁੱਲਯੋ
ਬਿੱਤੰ ॥੫੨੭॥
ਘਿਰਿਯੋ ਗੜੰ ॥ ਰਿਸੰ ਬੜੰ ॥ ਭਜੀ ਤ੍ਰਿਯੰ ॥ ਭ੍ਰਮੀ ਭਯੰ ॥੫੨੮॥
................................
ਪਾਵਨ ਪ੍ਰਸਿੱਧ ਪਰਮੰ ਪੁਨੀਤ ॥ ਆਜਾਨ ਬਾਹੁ ਅਨਭਉ ਅਜੀਤ ॥
ਪਰਮੰ ਪ੍ਰਸਿੱਧ ਪੂਰਣ ਪੁਰਾਣ ॥ ਰਾਜਾਨ ਰਾਜ ਭੋਗੀ ਮਹਾਣ ॥੬੮॥
ਅਨਛਿੱਜ ਤੇਜ ਅਨਭਯ ਪ੍ਰਕਾਸ ॥ ਖੜਗਨ ਸਪੰਨ ਪਰਮੰ ਪ੍ਰਭਾਸ ॥
ਆਭਾ ਅਨੰਤ ਬਰਨੀ ਨ ਜਾਇ ॥ ਫਿਰ ਫਿਰੋ ਸਰਬ ਮਤਿ ਕੋ ਚਲਾਇ ॥ ੬੯॥ਪੰਨਾ 641
..................................
ਅਨਭੰਗ ਅੰਗ ਅਨਭਵ ਪ੍ਰਕਾਸ ॥ ਪਸਰੀ ਜਗੱਤ ਜਿਹ ਜੀਵ ਰਾਸ ॥
ਕਿੱਨੇ ਸੁ ਜੀਵ ਜਲਿ ਥਲਿ ਅਨੇਕ ॥ ਅੰਤਹਿ ਸਮੇਯ ਫੁਨ ਰੂਪ ਏਕ ॥ ੭੬॥
ਗਿਆਨੀ ਗੁਰਬਚਨ ਸਿੰਘ ਜੀ, ਹੁਣ ਇਸ ਗਲ ਦਾ ਜਵਾਬ ਦੇਣ ਦੀ ਕਿਰਪਾਲਤਾ ਕਰਨੀ ਜੀ, ਕਿ ਇਹ
ਰਚਨਾ ਤਾਂ ਸਯਾਮ ਕਵੀ ਦੀ ਲਿਖੀ ਹੈ। ਜੈਸਾ ਕਿ ਪਿਛਲੇ ਭਾਗਾਂ ਵਿੱਚ ਲਿਖਦੇ ਆਏ ਹਾਂ, ਕਿ
ਇਸ ਇਕ ਰਚਨਾ ਵਿੱਚ ਹੀ "ਕਵੀ ਸਯਾਮ" ਦਾ ਨਾਮ 380
ਤੋਂ ਵੱਧ ਵਾਰ ਆਇਆ ਹੈ। ਫਿਰ ਇਸਦੇ ਲਿਖਾਰੀ ਦਸਮ ਪਿਤਾ ਕਿਸ ਤਰ੍ਹਾਂ ਹੋ ਸਕਦੇ ਨੇ? ਜਿਸ
ਨੂੰ ਤੁਸੀਂ ਅਕਾਲਪੁਰਖ ਦੀ ਉਸਤਿਤ ਸਮਝ ਰਹੇ ਹੋ, ਉਹ ਤਾਂ "ਸ਼ੰਕਰ
ਦੇਵਤੇ ਦੇ ਰੁਦ੍ਰ ਅਵਤਾਰ ਕਾਲ" ਦੀ ਉਸਤਤਿ ਹੈ, ਅਤੇ ਉਸ ਇਸ ਰਚਨਾ ਦੇ ਉਪਰ ਸਾਫ
ਸਾਫ ਲਿਖ ਵੀ ਰਿਹਾ ਹੈ। "ਅਥ ਰਾਵਨ ਜੁੱਧ ਕਥਨੰ ॥"
ਗਿਆਨੀ ਜੀ ਤੁਹਾਨੂੰ ਗਿਆਨੀ ਕਿਸਨੇ ਬਣਾ ਦਿਤਾ? ਮੈਨੂੰ ਤਾਂ
ਉਨਾਂ ਸਿੱਖਾਂ 'ਤੇ ਤਰਸ ਆਉਦਾ ਹੈ, ਜੋ ਤੁਹਾਨੂੰ "ਸਿੰਘ ਸਾਹਿਬ" ਅਤੇ "ਜਥੇਦਾਰ" ਕਹਿੰਦੇ
ਨਹੀਂ ਥੱਕਦੇ। ਕੀ ਤੁਹਾਨੂੰ "ਅਥ ਰਾਵਨ ਜੁੱਧ ਕਥਨੰ ॥" ਦਾ ਅਰਥ ਵੀ ਸਮਝ ਨਹੀਂ
ਆਉਂਦਾ? ਇਸਦਾ ਮਤਲਬ ਹੈ ਕਿ ਹੁਣ ਮੈਂ ਰਾਵਣ ਦੇ ਯੁਧ ਦਾ ਵਰਨਣ ਕਰ ਰਿਹਾ ਹਾਂ॥ ਗਿਆਨੀ
ਜੀ! ਜੇ ਰਾਮਇਣ ਪੜ੍ਹਨ ਅਤੇ ਪੜ੍ਹਾਉਣ ਦਾ ਤੁਹਾਨੂੰ ਇਨਾਂ ਜਿਆਦਾ ਸ਼ੌਂਕ ਹੈ, ਤਾਂ ਅਪਣੇ
ਘਰ "ਮੁਰਾਰੀ ਬਾਪੂ" ਵਰਗੇ ਕਿਸੇ ਰਮਾਇਣ ਪੜ੍ਹਨ ਵਾਲੇ ਬਾਬੇ ਨੂੰ ਬੁਲਾ ਕੇ ਉਸ ਕੋਲੋਂ
ਰਾਮਾਇਣ ਦੀ ਕਥਾ ਸੁਣਿਆ ਕਰੋ। ਸਿੱਖਾਂ ਨੂੰ ਗੁੰਮਰਾਹ ਕਿਉਂ ਕਰ ਰਹੇ ਹੋ? ਇਸ ਨੂੰ "ਗੁਰੂ
ਗ੍ਰੰਥ ਸਾਹਿਬ ਜੀ ਦਾ ਇਕ ਅੰਗ" ਕਹਿ ਕੇ?
ਇੰਦਰਜੀਤ ਸਿੰਘ, ਕਾਨਪੁਰ
|
".............ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਉਹੀ
ਵਿਸ਼ਾ ਦਸਮ ਗ੍ਰੰਥ ਸਾਹਿਬ ਜੀ ਦਾ ਹੈ। .....ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ
ਸਿਧਾਂਤ ਹੈ ਉਹ ਹੀ ਦਸਮ ਗ੍ਰਥ ਦਾ ਸਿਧਾਂਤ ਹੈ....ਕਿਉਂਕਿ ਦਸਮ ਗ੍ਰੰਥ ਦੇ ਵਿੱਚ ਦਸਮ
ਪਾਤਸ਼ਾਹ ਨੇ ਉਹ ਹੀ ਵਿਸ਼ੈ ਸਪਸਟ ਕੀਤੇ ਹਨ ਜੋ ਗੁਰੂ ਗ੍ਰੰਥ ਦੇ ਵਿੱਚ ਹਨ।......ਗੁਰੂ
ਗ੍ਰੰਥ ਸਾਹਿਬ ਤੋਂ ਦੁਜੇ ਸਥਾਨ ਤੇ ਦਸਮ ਗ੍ਰੂਰੰਥ ਦਾ ਹਰ ਸਿੱਖ ਸਤਕਾਰ ਕਰਦਾ
ਹੈ.......... ਗ੍ਰੰਥ ਸਾਹਿਬ ਜੀ ਅਤੇ ਦਸਮ ਗ੍ਰੰਥ ਦੀ ਬਹੁਤ ਡੂੰਗੀ ਸਾਂਝ ਇਸ ਲਈ ਵੀ
ਹੈ, ਕਿਉਂਕਿ ਦੋਹਨਾਂ ਗ੍ਰੰਥਾ ਨੂੰ ਰਚਣ ਵਾਲੀ ਜੋਤ ਇਕ ਹੀ ਹੈ............... ।" -
ਗਿਆਨੀ ਗੁਰਬਚਨ ਸਿੰਘ, ਹੈਡ ਗ੍ਰੰਥੀ ਅਕਾਲ ਤਖਤ ਸਾਹਿਬ
|
|
ਹੋਰ ਪੜ੍ਹੋ:
-
ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ ਦੇਰ ਤੱਕ ਬੀਰਜ ਰੋਕਣ ਲਈ
“ਵਿਆਗਰਾ” ਵਰਗੀਆਂ ਗੋਲੀਆਂ ਖਾਣ ਦੀ ਸਿੱਖਿਆ ਵੀ ਦੇਂਦਾ ਹੈ
-
ਅਖੌਤੀ ਦਸਮ ਗ੍ਰੰਥ, ਇਸਤਰੀਆਂ ਨੂੰ "ਸੰਮਲਿੰਗੀ ਸੈਕਸ" ਅਤੇ ਕਾਮ ਵਾਸਨਾ
ਪੂਰੀ ਕਰਨ ਲਈ, ਬਨਾਵਟੀ ਲਿੰਗ ਬਣਾ ਕੇ, ਕਾਮ ਵਾਸਨਾ ਪੂਰੀ ਕਰਨ ਦਾ ਤਰੀਕਾ
ਵੀ ਦਸਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ
"ਗੇ ਸੈਕਸ" (ਗੁਦਾ ਭੋਗ) ਕਰਨ ਦੀ ਸਿੱਖਿਆ ਵੀ ਦੇਂਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਅਪਣੇ ਪਤੀ ਨੂੰ ਮੂਰਖ ਬਣਾ ਕੇ ਉਸਦੀ ਮੌਜੂਦਗੀ
ਵਿੱਚ ਅਪਣੇ ਯਾਰ ਨਾਲ ਭੋਗ ਕਰਨ ਦੀ ਇਕ ਨਵੀਂ ਤਕਨੀਕ ਇਸਤ੍ਰੀਆਂ ਨੂੰ ਦਸ
ਰਿਹਾ ਹੈ
-
ਦਸਮ ਗ੍ਰੰਥੀਆਂ ਦਾ ਇਹ ਗੁਰੂ ਅਪਣੇ ਪਤੀ ਦੀ ਮੌਜੂਦਗੀ ਵਿਚ, ਆਪਣੇ ਯਾਰ
ਨਾਲ ਕਾਮ ਵਾਸਨਾ ਪੂਰੀ ਕਰਨ ਦੀ ਇਕ ਹੋਰ ਨਵੀਂ ਵਿਧੀ ਦਸ ਰਿਹਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ ਇਸਤ੍ਰੀਆਂ ਦੇ ਚਰਿਤ੍ਰ ਨੂੰ ਕਿਸ ਹੱਦ ਤਕ ਗਿਰਾ
ਸਕਦਾ ਹੈ, ਉਹ ਇਸ "ਬਚਿਤੱਰ ਚਰਿਤ੍ਰ" ਨੂੰ ਪੜ੍ਹ ਕੇ ਹੀ ਸਮਝਿਆ ਜਾ ਸਕਦਾ
ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਅਪਣੇ ਪਤੀ ਨੂੰ
ਮੰਜੀ ਹੇਠਾਂ ਦੱਬ ਕੇ, ਉਸੇ ਮੰਜੀ ਦੇ ਉਤੇ ਅਪਣੇ ਯਾਰ ਨਾਲ ਖੇਹ ਖਾਣ ਦੀ
ਜੁਗਤ ਵੀ ਅਪਣੇ ਸਿੱਖਾਂ ਨੂੰ ਦਸਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਇਕ ਇਸਤ੍ਰੀ ਨੂੰ, ਅਪਣੀ ਸੌਂਕਣ ਨੂੰ ਰਸਤੇ ਤੋਂ
ਹਟਾਉਣ ਲਈ, ਇਕ ਬਹੁਤ ਹੀ ਅਨੋਖੀ ਵਿਧੀ ਦਸਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ ਤਾਂ ਇਸਤ੍ਰੀਆਂ ਨੂੰ ਅਪਣੇ ਯਾਰ ਕੋਲੋਂ ਅਪਣੇ
ਗੁਪਤ ਅੰਗਾਂ ਦੇ ਵਾਲ ਮੁੰਡਵਾਉਣ ਦੀ ਸਿਖਿਆ ਵੀ ਦੇਂਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਸਿੱਖਾਂ ਨੂੰ ਗੁਰੂ
ਗ੍ਰੰਥ ਸਾਹਿਬ ਨਾਲੋਂ ਤੋੜ ਕੇ, ਰਾਮਾਇਣ ਨਾਲ ਜੋੜ ਰਿਹਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ
ਬਾਣੀ ਨਾਲੋਂ ਤੋੜ ਕੇ, ਕ੍ਰਿਸ਼ਨ ਦੀ ਰਾਸਲੀਲਾ ਦਾ ਪਾਠ ਪੜ੍ਹਾ ਰਿਹਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ, "ਦੇਵੀ ਦੀ ਉਸਤਤਿ" ਕਰਦਾ ਹੈ, ਗਿਆਨੀ ਗੁਰਬਚਨ
ਸਿੰਘ ਨੂੰ ਫਿਰ ਵੀ ਇਹ "ਕੂੜ ਕਿਤਾਬ", ਗੁਰੂ ਗ੍ਰੰਥ ਸਾਹਿਬ ਜੀ ਦਾ ਹੀ
"ਇਕ ਅੰਗ" ਲਗਦੀ ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਅਖੌਤੀ ਦਸਮ ਗ੍ਰੰਥ
ਤਾਂ ਆਪ ਹੀ ਪ੍ਰਮਾਣਿਕ ਨਹੀਂ, ਉਹ ਸਯਾਮ ਕਵੀ ਦੀ ਰਚਨਾਂ ਨੂੰ ਗੁਰੂ
ਗੋਬਿੰਦ ਸਿੰਘ ਜੀ ਦੀ ਰਚਨਾ ਸਾਬਿਤ ਕਰਨ ਦੀ ਅਸਫਲ ਕੋਸ਼ਿਸ਼ ਕਰ ਰਿਹਾ ਹੈ
-
ਦਸਮ ਗ੍ਰੰਥੀਆਂ ਦੇ ਗੁਰੂ ਦੀ ਬਾਣੀ, ਬੇਤੁਕੀਆਂ
ਗੱਪਾਂ ਵੀ ਆਪਣੇ ਸਿੱਖਾਂ ਨੂੰ ਸੁਣਾਂਉਦੀ ਹੈ, ਗਿਆਨੀ ਗੁਰਬਚਨ ਸਿੰਘ
ਇਸਨੂੰ ਫਿਰ ਵੀ ਗੁਰੂ ਦੀ ਬਾਣੀ ਕਹਿੰਦੇ ਹਨ
-
ਦਸਮ ਗ੍ਰੰਥੀਆਂ ਦੇ ਗੁਰੂ ਦੀ ਬਾਣੀ ਵਿੱਚ
"ਚੌਵੀਹ ਅਵਤਾਰ" ਹੀ ਨਹੀਂ, "ਚੌਵੀਹ ਗਰੂ" ਵੀ ਮੌਜੂਦ ਹਨ, ਸ਼ਬਦ ਗੁਰੂ ਦੇ
ਸਿੱਖ ਹੁਣ ਇਨ੍ਹਾਂ "ਚੌਵੀਹ ਗੁਰੂਆਂ" ਦਾ ਕੀ ਕਰਨ?
ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ
ਦਸਮ ਗ੍ਰੰਥ (ਬਿਖਿਆ): ਇੰਦਰਜੀਤ ਸਿੰਘ ਕਾਨਪੁਰ
ਭਾਗ:
ਪਹਿਲਾ,
ਦੂਜਾ,
ਤੀਜਾ,
ਚੌਥਾ,
ਪੰਜਵਾਂ,
ਛੇਵਾਂ,
ਸੱਤਵਾਂ,
ਅੱਠਵਾਂ,
ਨੌਵਾਂ,
ਦਸਵਾਂ,
ਗਿਆਰ੍ਹਵਾਂ,
ਬਾਰ੍ਹਵਾਂ
|