Share on Facebook

Main News Page

ਬਚਿੱਤਰ ਨਾਟਕ ਵਿੱਚ ਵਿਸ਼ਣੂ ਦਾ ਉਨ੍ਹੀਵਾਂ ਅਵਤਾਰ: ਚੰਦ ਅਵਤਾਰ
-: ਗੁਰਮੀਤ ਸਿੰਘ ਸਿੱਡਨੀ

* ਪਿਛਲੇ ਅੰਕ 'ਚ ਆਏ ਅਵਤਾਰਾਂ ਬਾਰੇ ਪੜ੍ਹੋ:
ਮੱਛ ਅਵਤਾਰ,
ਕੱਛ ਅਵਤਾਰ, ਕ੍ਰਿਸਨਾਵਤਾਰ, ਨਰ ਨਾਰਾਇਣ ਅਵਤਾਰ, ਮਹਾ ਮੋਹਨੀ ਅਵਤਾਰ, ਬੈਰਾਹ (ਵਾਰਾਹ) ਅਵਤਾਰ, ਨਰਸਿੰਘ ਅਵਤਾਰ, ਬਾਵਨ ਅਵਤਾਰ, ਪਰਸਰਾਮ ਅਵਤਾਰ
ਬ੍ਰਹਮਾ ਅਵਤਾਰ, ਰੁਦਰ ਅਵਤਾਰ {ਪਹਿਲਾ ਭਾਗ}, ਰੁਦਰ ਅਵਤਾਰ {ਦੂਜਾ ਭਾਗ}, ਜਲੰਧਰ ਅਵਤਾਰ, ਬਿਸਨੁ (ਵਿਸ਼ਣੂ) ਅਵਤਾਰ, ਮਧੁ ਕੈਟਬ ਬਧਨ ਅਵਤਾਰ, ਅਰਿਹੰਤ ਦੇਵ ਅਵਤਾਰ
ਮਨੁ ਰਾਜਾ ਅਵਤਾਰ, ਧਨੰਤਰ ਵੈਦ ਅਵਤਾਰ, ਸੂਰਜ ਅਵਤਾਰ

[The Moon, the Nineteenth Incarnation of Vishnu]

ਅਥ ਚੰਦ ਅਵਤਾਰ ਕਥਨੰ
ਸ੍ਰੀ ਭਗਉਤੀ ਜੀ ਸਹਾਇ
ਦੋਧਕ ਛੰਦ
ਫੇਰਿ ਗਨੋ ਨਿਸਰਾਜ ਬਿਚਾਰਾ। ਜੈਸ ਧਰਿਯੋ ਅਵਤਾਰ ਮੁਰਾਰਾ।
ਬਾਤ ਪੁਰਾਤਨ ਭਾਖਿ ਸੁਨਾਊ। ਜਾ ਤੇ ਕਵਿ ਕੁਲ ਸਰਬ ਰਿਝਾਊ ।1।

ਅਰਥ ਕਰਤਾ ਡਾ. ਰਤਨ ਸਿੰਘ ਜੱਗੀ ਅਤੇ ਡ. ਗੁਰਸ਼ਰਨ ਕੌਰ ਜੱਗੀ: ਫਿਰ (ਮੈਂ) ਚੰਦ੍ਰਮਾ (‘ਨਿਸਰਾਜ’) ਦਾ ਵਿਚਾਰ ਕਰਦਾ ਹਾਂ। ਜਿਸ ਤਰ੍ਹਾਂ ਵਿਸ਼ਣੂ ਨੇ ਚੰਦਰ ਅਵਤਾਰ ਧਾਰਨ ਕੀਤਾ । ਮੈਂ ਪੁਰਾਣੀ ਕਥਾ ਕਹਿ ਕੇ ਸੁਣਾਉਂਦਾ ਹਾਂ, ਜਿਸ ਨਾਲ ਸਾਰੇ ਕਵੀ-ਕੁਲ ਨੂੰ ਪਸੰਨ ਕਰਦਾ ਹਾਂ ।1। {ਇਹ ਕਿਹੜਾ ਕਵੀ ਹੈ, ਜਿਹੜਾ ਸਾਰੇ ਅਵਤਾਰਾਂ ਬਾਰੇ ਲਿਖਦਾ ਰਿਹਾ ?}

ਨੈਕ ਕ੍ਰਿਸਾ ਕਹੁੰ ਠਉਰ ਨ ਹੋਈ । ਭੂਖਨ ਲੋਗ ਮਰੈ ਸਭ ਕੋਈ ।
ਅੰਧਿ ਨਿਸਾ ਦਿਨ ਭਾਨੁ ਜਰਾਵੈ । ਤਾ ਤੇ ਕ੍ਰਿਸ ਕਹੂੰ ਹੋਨ ਨ ਪਾਵੈ ।2।
ਅਰਥ: ਕਿਸੇ ਜਗ੍ਹਾ ਤੇ ਥੋੜੀ ਜਿਨੀ ਖੇਤੀ ਵੀ ਨਹੀਂ ਹੁੰਦੀ ਸੀ । ਭੂਖ ਨਾਲ ਸਾਰੇ ਲੋਕ ਮਰ ਰਹੇ ਸਨ । ਹਨੇਰੀ ਰਾਤ ਬੀਤਣ ਮਗਰੋਂ ਦਿਨੇ ਸੂਰਜ (ਖੇਤੀਆਂ ਨੂੰ) ਸਾੜ ਦਿੰਦਾ ਸੀ, ਇਸ ਕਰ ਕੇ ਖੇਤੀ ਕਿਤੇ ਵੀ ਨਹੀਂ ਹੋ ਸਕਦੀ ਸੀ ।2।

ਲੋਗ ਸਬੈ ਇਹ ਤੇ ਅਕੁਲਾਨੇ । ਭਾਜਿ ਚਲੇ ਜਿਮ ਪਾਤ ਪੁਰਾਨੇ ।
ਭਾਤ ਹੀ ਭਾਤ ਕਰੇ ਹਰਿ ਸੇਵਾ । ਤਾ ਤੇ ਪ੍ਰਸੰਨਿ ਭਏ ਗੁਰਦੇਵਾ ।3।
ਅਰਥ: ਫਲਸਰੂਪ ਸਾਰੇ ਲੋਕ ਵਿਆਕੁਲ ਹੋ ਗਏ । (ਇਉਂ) ਭਜਦੇ ਜਾ ਰਹੇ ਸਨ, ਜਿਸ ਤਰ੍ਹਾਂ ਪੁਰਾਣੇ ਪੱਤਰ (ਹਵਾ ਨਾਲ ਉਡ ਜਾਂਦੇ ਹਨ)। ਉਹ ਤਰ੍ਹਾਂ ਤਰ੍ਹਾਂ ਨਾਲ ਹਰਿ ਦੀ ਸੇਵਾ ਕਰਨ ਲਗੇ, ਜਿਸ ਕਰ ਕੇ ਗੁਰਦੇਵ (‘ਕਾਲ-ਪੁਰਖ’) ਪ੍ਰਸੰਨ ਹੋ ਗਿਆ ।3।

ਨਾਰਿ ਨ ਸੇਵ ਕਰੈ ਨਿਜ ਨਾਥੰ । ਲੀਨੇ ਹੀ ਰੋਸੁ ਫਿਰੈ ਜੀਅ ਸਾਥੰ ।
ਕਾਮਿਨਿ ਕਾਮੁ ਕਹੂੰ ਨ ਸੰਤਾਵੈ । ਕਾਮ ਬਿਨਾ ਕੋਊ ਕਾਮ ਨ ਭਾਵੈ ।4।
ਅਰਥ: ਇਸਤਰੀਆਂ ਆਪਣੇ ਪਤੀਆਂ ਦੀ ਸੇਵਾ ਨਹੀਂ ਕਰਦੀਆਂ ਸਨ, (ਸਗੋਂ) ਮਨ ਵਿਚ ਗੁੱਸਾ ਲਈ ਫਿਰਦੀਆਂ ਸਨ । ਇਸਤਰੀਆਂ ਨੂੰ ਕਦੀ ਕਾਮ ਸਤਾਉਂਦਾ ਨਹੀਂ ਸੀ । (ਇਸ ਲਈ) ਕਾਮ ਭਾਵ ਤੋਂ ਬਿਨਾ ਇਸਤਰੀ ਨੂੰ ਪਤੀ ਨਾਲ ਕੋਈ ਕੰਮ ਹੀ ਨਹੀਂ ਪੈਂਦਾ ਸੀ ।4।

ਤੋਮਰ ਛੰਦ
ਪੂਜੇ ਨ ਕੋ ਤ੍ਰੀਯਾ ਨਾਥ। ਐਠੀ ਫਿਰੈ ਜੀਅ ਸਾਥ। ਦੁਖਵੈ ਨ ਤਿਨ ਕਹੁ ਕਾਮ। ਤਾ ਤੇ ਨ ਬਿਨਵਤ ਬਾਮ।5।
ਅਰਥ: (ਕੋਈ ਵੀ) ਇਸਤਰੀ ਪਤੀ ਦੀ ਸੇਵਾ ਨਹੀਂ ਕਰਦੀ ਸੀ ਅਤੇ ਆਪਣੇ ਆਪ ਵਿਚ ਆਕੜੀ ਫਿਰਦੀ ਸੀ । ਕਿਉਂਕਿ ਕਾਮ ਉਨ੍ਹਾਂ ਨੂੰ ਦੁਖ ਨਹੀਂ ਸੀ ਦਿੰਦਾ, ਇਸ ਕਰਕੇ ਇਸਤਰੀ (ਪਤੀ ਅਗੇ) ਨਿਵਾਦੀ ਨਹੀਂ ਸੀ ।5।

ਕਰ ਹੈ ਨ ਪਤਿ ਕੀ ਸੇਵ। ਪੂਜੋ ਨ ਗੁਰ ਗੁਰਦੇਵ। ਧਰ ਹੈ ਨ ਹਰਿ ਕੋ ਧ੍ਹਯਾਨ। ਕਰਿ ਹੈ ਨ ਨਿਤ ਇਸਨਾਨ।6।
ਅਰਥ: (ਇਸਤਰੀਆਂ) ਪਤੀਆਂ ਦੀ ਸੇਵਾ ਨਹੀਂ ਕਰਦੀਆਂ ਸਨ ਅਤੇ ਨ ਹੀ (ਕਿਸੇ) ਵੱਡੇ ਤੋਂ ਵੱਡੇ ਦੇਵਤੇ ਦੀ ਪੂਜਾ ਕਰਦੀਆਂ ਸਨ । ਹਰਿ ਦਾ ਧਿਆਨ ਵੀ ਨਹੀਂ ਧਰਦੀਆਂ ਸਨ ਅਤੇ ਨ ਹੀ ਨਿੱਤ ਇਸ਼ਨਾਨ ਕਰਦੀਆਂ ਸਨ ।6।

ਤਬ ਕਾਲ ਪੁਰਖ ਬੁਲਾਇ। ਬਿਸਨੈ ਕਹਿਯੋ ਸਮਝਾਇ। ਸਸਿ ਕੋ ਧਰਿਹੁ ਅਵਤਾਰ। ਨਹੀ ਆਨ ਬਾਤ ਬਿਚਾਰ ।7।
ਅਰਥ: ਤਦੋਂ ‘ਕਾਲ-ਪੁਰਖ’ ਨੇ ਵਿਸ਼ਣੂ ਨੂੰ ਬੁਲਾਇਆ ਅਤੇ ਸਮਝਾ ਕੇ ਕਿਹਾ- ਜਗਤ ਵਿਚ ਜਾ ਕੇ ‘ਚੰਦਰ’ ਅਵਤਾਰ ਧਾਰਨ ਕਰੋ, (ਇਸ ਤੋਂ ਬਿਨਾ) ਹੋਰ ਕਿਸੇ ਗੱਲ ਦਾ ਵਿਚਾਰ ਨ ਕਰੋ ।7।

ਤਬ ਬਿਸਨੁ ਸੀਸ ਨਿਵਾਇ । ਕਰਿ ਜੋਰਿ ਕਹੀ ਬਨਾਇ । ਧਰਿ ਹੋ ਦਿਨਾਂਤ ਵਤਾਰ। ਜਿਤ ਹੋਇ ਜਗਤ ਕੁਮਾਰ ।8।
ਅਰਥ: ਤਦ ਵਿਸ਼ਣੂ ਨੇ ਸਿਰ ਨਿਵਾ ਕੇ ਅਤੇ ਹੱਥ ਜੋੜ ਕੇ ਕਿਹਾ- (ਮੈਂ ਆਪ ਦੀ ਆਗਿਆ ਨਾਲ) ਚੰਦਰ (‘ਦਿਨਾਂਤ’) ਅਵਤਾਰ ਧਰਦਾ ਹਾਂ, ਜਿਸ ਕਰ ਕੇ ਜਗਤ ਵਿਚ ਪੁਰਖ ਦੀ ਜਿਤ ਹੋ ਸਕੇ ।8। (ਅਤੇ ਇਸਤਰੀ ਦੀ ਹਾਰ !)

ਤਬ ਮਹਾ ਤੇਜ ਮੁਰਾਰਿ । ਧਰਿਯੋ ਸੁ ਚੰਦ੍ਰ ਅਵਤਾਰ। ਤਨ ਕੈ ਮਦਨ ਕੋ ਬਾਨ। ਮਾਰਿਯੋ ਤ੍ਰੀਯਨ ਕਹੁ ਤਾਨਿ ।9।
ਅਰਥ: ਤਦੋਂ ਵੱਡੇ ਤੇਜ ਵਾਲੇ ਵਿਸ਼ਣੂ ਨੇ ਚੰਦਰ ਅਵਤਾਰ ਧਾਰਨ ਕੀਤਾ, ਜਿਸ ਨੇ ਕਾਮ ਦਾ ਤੀਰ ਖਿਚ ਕੇ ਇਸਰੀਆਂ ਨੂੰ ਕਸ ਕੇ ਮਾਰਿਆ ।9।

ਤਾ ਤੇ ਭਈ ਤ੍ਰੀਯ ਦੀਨ । ਸਬ ਗਰਬ ਹੁਐ ਗਯੋ ਛੀਨ। ਲਾਗੀ ਕਰਨ ਪਤਿ ਸੇਵ । ਯਾ ਤੇ ਪ੍ਰਸੰਨਿ ਭਏ ਦੇਵ ।10।
ਅਰਥ: ਇਸ ਕਰ ਕੇ ਇਸਤਰੀਆਂ ਨਿਮਰਤਾਵਾਨ ਹੋ ਗਈਆਂ ਅਤੇ ਉਨ੍ਹਾਂ ਦਾ ਸਾਰਾ ਹੰਕਾਰ ਨਸ਼ਟ ਹੋ ਗਿਆ । (ਉਹ) ਪਤੀ ਦੀ ਸੇਵਾ ਕਰਨ ਲਗੀਆਂ, ਜਿਸ ਕਰ ਕੇ ਦੇਵ (ਕਾਲ-ਪੁਰਖ) ਪ੍ਰਸੰਨ ਹੋਏ ।10।

ਬਹੁ ਕ੍ਰਿਸਾ ਲਾਗੀ ਹੋਨ । ਲਖਿ ਚੰਦ੍ਰਮਾ ਕੀ ਜੋਨ । ਸਬ ਭਏ ਸਿਧ ਬਿਚਾਰ । ਇਮ ਭਯੋ ਚੰਦ੍ਰ ਅਵਤਾਰ ।11।
ਅਰਥ: ਚੰਦ੍ਰਮਾ ਦੀ ਚਾਨਣੀ ਨੂੰ ਵੇਖ ਕੇ ਬਹੁਤ ਖੇਤੀ ਹੋਣ ਲਗੀ । ਸਾਰੇ ਵਿਚਾਰ ਪੂਰੇ ਹੋ ਗਏ । ਇਸ ਤਰ੍ਹਾਂ ਚੰਦ੍ਰਮਾ ਦਾ ਅਵਤਾਰ ਹੋਇਆ ।11।

ਚੌਪਈ
ਇਮ ਹਰਿ ਧਰਾ ਚੰਦ੍ਰ ਅਵਤਾਰਾ । ਬਢਿਯੋ ਗਰਬ ਲਹਿ ਰੂਪ ਅਪਾਰਾ ।
ਆਨ ਕਿਸੂ ਕਹੁ ਚਿਤਿ ਨ ਲਿਆਯੋ । ਤਾ ਤੇ ਤਾਹਿ ਕਲੰਕ ਲਗਾਯੋ । 12 ।
ਅਰਥ: ਵਿਸ਼ਣੂ ਨੇ ਇਸ ਤਰ੍ਹਾਂ ਨਾਲ ਚੰਦ੍ਰਮਾ ਅਵਤਾਰ ਧਾਰਨ ਕੀਤਾ (ਪਰ ਉਸ ਦਾ ਆਪਣਾ) ਅਪਾਰ ਰੂਪ ਵੇਖ ਕੇ ਹੰਕਾਰ ਵਧ ਗਿਆ । ਉਹ ਹੋਰ ਕਿਸੇ ਨੂੰ ਚਿਤ ਵਿਚ ਨ ਲਿਆਉਂਦਾ । ਇਸੇ ਕਰ ਕੇ ਉਸ ਨੂੰ ਕਲੰਕ ਲਗ ਗਿਆ ।12।

ਭਜਤ ਭਯੋ ਅੰਬਰ ਕੀ ਦਾਰਾ । ਤਾ ਤੇ ਕੀਯ ਮੁਨਿ ਰੋਸ ਅਪਾਰਾ ।
ਕ੍ਰਿਸਨਾਰਜੁਨ ਮ੍ਰਿਗ ਚਰਮ ਚਲਾਯੋ । ਤਿਹ ਕਰਿ ਤਾਹਿ ਕਲੰਕ ਲਗਾਯੋ ।13।
ਅਰਥ: ਬ੍ਰਹਸਪਤੀ (‘ਅੰਬਰ’) ਦੀ ਇਸਤਰੀ ਨਾਲ (ਚੰਦ੍ਰਮਾ ਨੇ) ਭੋਗ ਕੀਤਾ ਸੀ । ਇਸ ਕਰ ਕੇ ਮੁਨੀ ਨੇ ਬਹੁਤ ਗੁੱਸਾ ਕੀਤਾ ਅਤੇ ਕਾਲੇ (‘ਕ੍ਰਿਸਨਾਰਜੁਨ’) ਹਿਰਨ ਦੀ ਖਲ (ਚੰਦ੍ਰਮਾ ਨੂੰ) ਮਾਰੀ, ਜਿਸ ਕਰ ਕੇ ਚੰਦ੍ਰਮਾ ਨੂੰ ਕਲੰਕ ਲਗ ਗਿਆ ।13।

ਸ੍ਰਾਪ ਲਗਿਯੋ ਤਾ ਕੋ ਮੁਨਿ ਸੰਦਾ । ਘਟਤ ਬਢਤ ਤਾ ਦਿਨ ਤੇ ਚੰਦਾ ।
ਲਜਿਤ ਅਧਿਕ ਹਿਰਦੇ ਮੋ ਭਯੋ । ਗਰਬ ਅਖਰਬ ਦੂਰ ਹੁਐ ਗਯੋ ।14।
ਅਰਥ: ਦੂਜਾ (ਰੀਤਮ) ਮੁਨੀ ਦਾ ਵੀ ਉਸ ਨੂੰ ਸਰਾਪ ਲਗਾ ਸੀ । ਉਸ ਦਿਨ ਤੋਂ ਚੰਦ੍ਰਮਾ ਵਧਦਾ ਘਟਦਾ ਹੈ । (ਉਸ ਦਿਨ ਤੋਂ) ਹਿਰਦੇ ਵਿਚ (ਚੰਦ੍ਰਮਾ) ਬਹੁਤ ਸ਼ਰੰਿਮੰਦਾ ਹੋਇਆ ਅਤੇ (ਉਸ ਦੇ ਮਨ ਵਿਚੋਂ) ਵੱਡਾ ਹੰਕਾਰ ਦੂਰ ਹੋ ਗਿਆ ।14।

ਤਪਸਾ ਕਰੀ ਬਹੁਰਿ ਤਿਹ ਕਾਲਾ । ਕਾਲ ਪੁਰਖ ਪੁਨਿ ਭਯੋ ਦਿਆਲਾ ।
ਛਈ ਰੋਗ ਤਹ ਸਕਲ ਬਿਨਾਸਾ । ਭਯੋ ਸੂਰ ਤੇ ਊਚ ਨਿਵਾਸਾ ।15।

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਚੰਦ੍ਰ ਅਵਤਾਰ ਉਨੀਸਵੋ ਸਮਾਪਤਮ ਸਤੁ ਸੁਭਮ ਸਤੁ ।19।
ਅਰਥ: ਫਿਰ (ਚੰਦ੍ਰਮਾ ਨੇ) ਬਹੁਤ ਚਿਰ ਤਪਸਿਆ ਕੀਤੀ । ਫਿਰ ‘ਕਾਲ-ਪੁਰਖ’ (ਉਸ ਉਤੇ) ਕ੍ਰਿਪਾਲੂ ਹੋਏ । ਉਸ ਦਾ ਖਈ ਰੋਗ (ਤਪੇਦਿਕ) ਨਸ਼ਟ ਕਰ ਦਿੱਤਾ ਅਤੇ ਚੰਦ੍ਰਮਾ ਨੂੰ ਸੂਰਜ ਨਾਲੋਂ ਵੀ ਉੱਚਾ ਸਥਾਨ ਪ੍ਰਾਪਤ ਹੋਇਆ ।15।

ਇਥੇ ਬਚਿਤ੍ਰ ਨਾਟਕ ਗ੍ਰੰਥ ਦੇ ਸ੍ਰੀ ਚੰਦ੍ਰ ਅਵਤਾਰ ਉਨ੍ਹੀਵੇਂ ਦੀ ਸਮਾਪਤੀ, ਸਭ ਸ਼ੁਭ ਹੈ ।19।

{ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ, ਸੰਸਾਰ ਦੇ ਕਾਰ-ਵਿਹਾਰ ਲਈ “ਸੂਰਜ ਅਤੇ ਚੰਦ” ਦੋਵਾਂ ਦੀ ਹੋਂਦ ਹੋਣੀ ਜਰੂਰੀ ਹੈ}

ਖਿਮਾ ਦਾ ਜਾਚਕ
ਉਤਾਰਾ ਕਰਤਾ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
5 ਫਰਵਰੀ 2016


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top