Share on Facebook

Main News Page

ਬਚਿੱਤਰ ਨਾਟਕ ਦੀ "ਮਹਾ ਮੋਹਨੀ" ਅਵਤਾਰ !
-: ਗੁਰਮੀਤ ਸਿੰਘ ਸਿੱਡਨੀ

* ਪਿਛਲੇ ਅੰਕ 'ਚ ਆਏ ਅਵਤਾਰਾਂ ਬਾਰੇ ਪੜ੍ਹੋ: ਮੱਛ ਅਵਤਾਰ, ਕੱਛ ਅਵਤਾਰ, ਕ੍ਰਿਸਨਾਵਤਾਰ, ਨਰ ਨਾਰਾਇਣ ਅਵਤਾਰ

ਬਚਿਤ੍ਰ ਨਾਟਕ ਦੇ ਅਖੌਤੀ ਦਸਮ ਗ੍ਰੰਥ ਵਿੱਚ `ਚੌਬੀਸਾਵਤਾਰ’ ਰਚਨਾ ਲਿਖੀ ਹੋਈ ਹੈ, ਜਿਸ ਵਿੱਚ ਹਿੰਦੂਆਂ ਦੇ ‘ਵਿਸ਼ਣੂ’ ਦੇਵਤੇ ਦੇ (੨੪) ਅਵਤਾਰਾਂ ਦੀਆਂ ਚਰਿਤ੍ਰ-ਕਥਾਵਾਂ ਦਾ ਵਰਣਨ ਕੀਤਾ ਹੋਇਆ ਹੈ। ਇਨ੍ਹਾਂ ਵਿਚੋਂ ਇੱਕ ਮਹਾਮੋਹਨੀ ਅਵਤਾਰ ਦਾ ਪ੍ਰਸੰਗ ਵੀ ਮਿਲਦਾ ਹੈ। “ਸ਼ਬਦ ਗੁਰੂ, ਗੁਰੂ ਗਰੰਥ ਸਾਹਿਬ” ਅਨੁਸਾਰ ਸਿੱਖ ਧਰਮ ਦੇ ਪਾਂਧੀ, ਹਿੰਦੂਆਂ ਦੇ ਦੇਵੀ-ਦੇਵਤਿਆਂ ਵਿੱਚ ਕੋਈ ਵਿਸ਼ਵਾਸ਼ ਨਹੀਂ ਰੱਖਦੇ। ਪਰ ਦੇਖਣ ਵਿੱਚ ਆਇਆ ਹੈ ਕਿ ਕਈ ਪ੍ਰਾਣੀ ਐਸੇ ਅਖੌਤੀ ਦਸਮ ਗ੍ਰੰਥ ਨੂੰ “ਗੁਰੂ ਗਰੰਥ ਸਾਹਿਬ” ਦੇ ਬਰਾਬਰ ਸਮਝਣ ਦੀ ਗ਼ਲਤੀ ਕਰ ਰਹੇ ਹਨ, ਜਿਹੜੀ ਨਿਰੀ ਮਨਮਤਿ ਹੈ। ਪਤਾ ਨਹੀਂ ਉਨ੍ਹਾਂ ਨੂੰ ਐਸੇ ਮਿਥਿਹਾਸਕਿ ਪ੍ਰਸੰਗਾਂ ਤੋਂ ਕੇਹੜਾ ਦੁਨਿਆਵੀਂ ਅਤੇ ਇਲਾਹੀ ਓਪਦੇਸ਼ ਪਰਾਪਤ ਹੁੰਦਾ ਹੈ। ਆਓ, ਆਪਾਂ ਵੀ ਇਸ ਮਨਘੜਤ ਮਹਾਮੋਹਨੀ ਅਵਤਾਰ ਬਾਰੇ ਕੁੱਝ ਕੁ ਜਾਣਕਾਰੀ ਲੈਣ ਦਾ ਓਪਰਾਲਾ ਕਰੀਏ:

ਅਬ ਮਹਾ ਮੋਹਨੀ ਅਵਤਾਰ ਕਥਨੰ

ਸ੍ਰੀ ਭਗਉਤੀ ਜੀ ਸਹਾਇ
ਭੁਜੰਗ ਪ੍ਰਯਾਤ ਛੰਦ
ਮਹਾ ਮੋਹਨੀ ਰੂਪ ਧਾਰਿਯੋ ਅਪਾਰੰ।
ਰਹੇ ਮੋਹਿਕੈ ਦਿਤਿ ਆਦਿਤਿਯਾ ਕੁਮਾਰੰ।
ਛਕੇ ਪ੍ਰੇਮ ਜੋਗੰ ਰਹੇ ਰੀਝ ਸਰਬੰ ਤਜੈ ਸਸਤ੍ਰ ਅਸਤ੍ਰੰ ਦੀਯੋ ਛੋਰ ਗਰਬੰ। ੧।

ਅਰਥ ਕਰਤਾ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ: (ਵਿਸ਼ਣੂ ਨੇ) ਮਹਾ ਮੋਹਨੀ ਵਾਲਾ ਅਪਾਰ ਰੂਪ ਧਾਰਨ ਕੀਤਾ (ਜਿਸ ਨੂੰ ਵੇਖ ਕੇ) ਦਿਤਿ ਅਤੇ ਅਦਿਤਿ ਪੁੱਤਰ (ਦੈਂਤ ਅਤੇ ਦੇਵਤੇ) ਮੋਹਿਤ ਹੋ ਗਏ। ਸਾਰੇ ਪ੍ਰੇਮ ਦੇ ਯੋਗ ਵਿੱਚ ਮਸਤ ਹੋ ਕੇ ਰੀਝ ਗਏ ਅਤੇ ਅਸਤ੍ਰ, ਸ਼ਸਤ੍ਰ ਅਤੇ ਗਰਬ ਨੂੰ ਤਿਆਗ ਦਿੱਤਾ। ੧।

ਫੰਧੇ ਪ੍ਰੇਮ ਫਾਧੰ ਭਯੋ ਕੋਪ ਹੀਣੰ। ਲਗੈ ਨੈਨ ਬੈਨੰ ਧਯੋ ਪਾਨਿ ਪੀਣੰ।
ਗਿਰੇ ਝੂੰਮਿ ਭੂਮੰ ਛੁਟੇ ਜਾਨ ਪ੍ਰਾਣੰ। ਸਭੈ ਚੇਤ ਹੀਣੰ ਲਗੇ ਜਾਨ ਬਾਣੰ। ੨।

ਅਰਥ: (ਸਾਰੇ) ਪ੍ਰੇਮ ਦੇ ਫੰਧੇ ਵਿੱਚ ਫਸ ਗਏ ਅਤੇ ਕ੍ਰੋਧ ਤੋਂ ਬਿਨਾ ਹੋ ਗਏ। (ਸਾਰਿਆਂ ਨੂੰ ਉਸ ਦੇ) ਨੈਣਾਂ ਅਤੇ ਬੋਲਾਂ (ਦੇ ਬਾਣ ਲਗੇ) ਅਤੇ (ਉਸ ਦੀ ਸੁੰਦਰਤਾ ਦੀ) ਮਦਿਰਾ ਪੀਣ ਲਈ ਦੌੜੇ। (ਸਾਰੇ ਉਸ ਦੇ ਸਾਹਮਣੇ) ਘੁਮੇਰੀ ਖਾ ਕੇ ਧਰਤੀ ਉਤੇ ਡਿਗ ਰਹੇ ਸਨ ਮਾਨੋ ਪ੍ਰਾਣ ਹੀ ਨਿਕਲ ਗਏ ਹੋਣ। ਸਾਰੇ ਚੇਤਨਾ ਹੀਣ ਹੋਣ ਲਗੇ ਜਿਵੇਂ ਤੀਰ ਲਗੇ ਹੁੰਦੇ ਹਨ। ੨।

ਲਖੇ ਚੇਤਹੀਣੰ ਭਏ ਸੂਰ ਸਰਬੰ। ਛੁਟੇ ਸਸਤ੍ਰ ਅਸਤ੍ਰੰ ਸਭੈ ਅਰਬ ਖਰਬੰ।
ਭਯੋ ਪ੍ਰੇਮ ਜੋਗੰ ਲਗੇ ਨੈਨ ਐਸੇ। ਮਨੋ ਫਾਧਿ ਫਾਧੇ ਮ੍ਰਿਗੀਰਾਜ ਜੈਸੇ। ੩।

ਅਰਥ: ਸਾਰੇ ਸੂਰਮੇ ਚੇਤਨਾ ਤੋਂ ਬਿਨਾ ਹੋਏ ਪ੍ਰਤੀਤ ਹੁੰਦੇ ਸਨ। ਸਾਰੇ ਅਰਬ ਖਰਬ ਸੈਨਿਕਾਂ ਦੇ ਅਸਤ੍ਰ ਅਤੇ ਸ਼ਸਤ੍ਰ ਰਹਿ ਗਏ ਸਨ। (ਮੋਹਨੀ ਦੇ) ਪ੍ਰੇਮ ਦੇ ਯੋਗ ਵਿੱਚ (ਉਨ੍ਹਾਂ ਦੀਆਂ) ਅੱਖੀਆਂ ਇਸ ਤਰ੍ਹਾਂ ਲਗੀਆਂ ਸਨ, ਜਿਵੇਂ ਹੀਰੇ ਹਿਰਨ ਨੇ (ਹਿਰਨੀਆਂ ਨੂੰ) ਆਪਣੇ ਪ੍ਰੇਮ-ਫੰਧੇ ਵਿੱਚ ਫਸਾਇਆ ਹੋਇਆ ਹੈ। ੩।

ਜਿਨੈ ਰਤਨ ਬਾਟੇ ਤੁਮਊ ਤਾਹਿ ਜਾਨੋ। ਕਥਾ ਬ੍ਰਿਧ ਤੇ ਬਾਤ ਥੋਰੀ ਬਖਾਨੋ।
ਸਬੈ ਪਾਤਿ ਪਾਤੰ ਬਹਿਠੇ ਸੁ ਬੀਰੰ। ਕਟੰ ਪੇਚ ਛੋਰੇ ਤਜੇ ਤੇਗ ਤੀਰੰ। ੪।

ਅਰਥ: ਮੋਹਨੀ ਨੇ (ਜਿਸ ਤਰ੍ਹਾਂ) ਰਤਨ ਵੰਡੇ, ਉਸ (ਪ੍ਰਸੰਗ) ਨੂੰ ਤੁਸੀਂ ਜਾਣਦੇ ਹੋ। ਕਥਾ ਦੇ ਵਧਣ (ਦੇ ਡਰ ਤੋਂ) ਥੋੜੀ ਗੱਲ ਹੀ ਕਹਿੰਦਾ ਹਾਂ। ਸਾਰੇ (ਦੇਵਤੇ ਅਤੇ ਦੈਂਤ) ਸੂਰਵੀਰ ਕਤਾਰਾਂ ਬੰਨ੍ਹ ਕੇ ਬੈਠ ਗਏ। (ਉਨ੍ਹਾਂ ਨੇ) ਕਮਰਕਸੇ ਖੋਲ੍ਹ ਦਿੱਤੇ ਅਤੇ ਤੀਰਾਂ ਤੇ ਤਲਵਾਰਾਂ ਨੂੰ ਤਿਆਗ ਦਿੱਤਾ। ੪।

ਚੌਪਈ
ਸਭ ਜਗ ਕੋ ਜੁ ਧਨੰਤਰਿ ਦੀਆ। ਕਲਪ ਬ੍ਰਿਛ ਲਛਮੀ ਕਰਿ ਲੀਆ।
ਸਿਵ ਮਾਹੁਰ ਰੰਭਾ ਸਭ ਲੋਕਨ। ਸੁਖ ਕਰਤਾ ਹਰਤਾ ਸਭ ਸੋਕਨ। ੫।

ਅਰਥ: (ਮੋਹਨੀ ਰੂਪ ਵਿਸ਼ਣੂ ਨੇ) ਸਾਰੇ ਜਗਤ ਨੂੰ ਧਨੰਤਰੀ ਵੈਦ ਦੇ ਦਿੱਤਾ ਅਤੇ ਕਲਪ ਬ੍ਰਿਛ ਤੇ ਲੱਛਮੀ ਆਪਣੇ ਕੋਲ ਰਖ ਲਏ। ਸ਼ਿਵ ਨੂੰ ਕਾਲ-ਕੂਟ ਜ਼ਹਿਰ ਅਤੇ ਸਾਰਿਆਂ ਲੋਕਾਂ ਨੂੰ ਰੰਭਾ ਅਤੇ ਅਪੱਛਰਾ ਦਿੱਤੀਆਂ ਜੋ ਸਾਰਿਆਂ ਨੂੰ ਸੁਖ ਦੇਣ ਵਾਲੀਆਂ ਅਤੇ (ਉਨ੍ਹਾਂ ਦੇ) ਸੋਗਾਂ ਨੂੰ ਹਰਨ ਵਾਲੀਆਂ ਸਨ। ੫।

ਦੋਹਰਾ
ਸਸਿ ਕ੍ਰਿਸ ਕੇ ਕਰਬੇ ਨਮਿਤ ਮਨਿ ਲਛਮੀ ਕਰਿ ਲੀਨ। ਉਰਿ ਰਾਖੀ ਤਿਹ ਤੇ ਚਮਕ ਪ੍ਰਗਟ ਦਿਖਾਹੀ ਦੀਨ। ੬।

ਅਰਥ: ਖੇਤੀ ਨੂੰ ਪਕਾਉਣ ਲਈ ਚੰਦ੍ਰਮਾ (ਜਾਂ ਸੂਰਜ) (ਆਕਾਸ਼ ਵਿੱਚ ਸਥਿਤ ਕੀਤਾ) ਅਤੇ ਕੌਸਤੁਭ ਮਣੀ ਅਤੇ ਲੱਛਮੀ ਨੂੰ ਆਪਣੇ ਕੋਲ ਰਖਿਆ। (ਮਣੀ ਨੂੰ ਉਸ ਨੇ) ਗਲੇ ਵਿੱਚ (ਹਾਰ ਵਜੋਂ) ਪਾ ਲਿਆ, ਉਸ ਦੀ ਚਮਕ ਸਪਸ਼ਟ ਦਿਸਦੀ ਸੀ। ੬।

ਗਾਹਿ ਰਿਖੀਸਨ ਕਉ ਦਈ ਕਹ ਲਉ ਕਰੋ ਬਿਚਾਰ। ਸਾਸਤ੍ਰ ਸੋਧ ਕਬੀਅਨ ਮੁਖਨ ਲੀਜਹੁ ਪੂਛਿ ਸੁਧਾਰ। ੭।

ਅਰਥ: ਰਿਸ਼ੀਆਂ ਨੂੰ ਕਾਮਧੇਨ੍ਹ ਗਊ ਦਿੱਤੀ, (ਮੈਂ) ਕਿਥੋਂ ਤਕ ਵਿਚਾਰ ਪ੍ਰਗਟ ਕਰਾਂ। (ਹੇ ਸਰੋਤਿਓ! ਤੁਸੀਂ ਖ਼ੁਦ) ਸ਼ਾਸਤ੍ਰਾਂ ਨੂੰ ਪੜ੍ਹ ਕੇ ਅਤੇ ਕਵੀਆਂ ਦੇ ਮੁਖ ਤੋਂ ਪੁੱਛ ਕੇ (ਲੋੜੀਂਦੀ) ਸੋਧ ਕਰ ਲਵੋ। ੭।

ਭੁਜੰਗ ਪ੍ਰਯਾਤ ਛੰਦ
ਰਹੇ ਰੀਝ ਐਸੇ ਸਬੈ ਦੇਵ ਦਾਨੰ। ਮ੍ਰਿਗੀ ਰਾਜ ਜੈਸੇ ਸੁਨੇ ਨਾਦ ਕਾਨੰ।
ਬਟੇ ਰਤਨ ਸਰਬੰ ਗਈ ਛੂਟ ਰਾਰੰ। ਧਰਿਯੋ ਐਸ ਸ੍ਰੀ ਬਿਸਨੁ ਪੰਚਮ ਵਤਾਰੰ। ੮।

ਇਤਿ ਸ੍ਰੀ ਬਚਿਤ੍ਰ ਨਾਟਕੇ ਗ੍ਰੰਥੇ ਮਹਾਮੋਹਨੀ ਪੰਚਮੇ ਅਵਤਾਰ ਸਮਾਪਤਮ ਸਤੁ ਸੁਭਮ ਸਤੁ। ੫।

ਅਰਥ: ਸਾਰੇ ਦੇਵਤੇ ਅਤੇ ਦੈਂਤ (ਇਸ ਵੰਡ ਤੋਂ) ਇਸ ਤਰ੍ਹਾਂ ਪ੍ਰਸੰਨ ਸਨ ਜਿਸ ਤਰ੍ਹਾਂ (ਘੰਟਾਹੇੜਾ) ਦੀ ਆਵਾਜ਼ ਕੰਨ੍ਹਾਂ ਨਾਲ ਸੁਣ ਕੇ ਹੀਰਾ ਹਿਰਨ (ਮਸਤ ਹੋ ਜਾਂਦਾ ਹੈ)। ਸਾਰੇ ਰਤਨ ਵੰਡੇ ਗਏ, ਲੜਾਈ ਖ਼ਤਮ ਹੋ ਗਈ। ਇਸ ਤਰ੍ਹਾਂ ਸ੍ਰੀ ਵਿਸ਼ਣੂ ਨੇ ਪੰਜਵਾਂ ਅਵਤਾਰ ਧਾਰਨ ਕੀਤਾ। ੮।

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਮਹਾ ਮੋਹਨੀ ਪੰਜਵੇਂ ਅਵਤਾਰ ਦੀ ਸਮਾਪਤੀ, ਸਭ ਸ਼ੁਭ ਹੈ। ੫।

ਕੀ ਅਖੌਤੀ ਦਸਮ-ਗ੍ਰੰਥ ਦੀ ਪ੍ਰੋੜਤਾ ਕਰਨ ਵਾਲੇ ਪ੍ਰਾਣੀ ਐਸੇ ਮਿਥਿਹਾਸਕ ਵਿਸ਼ਣੂ ਦੇਵਤੇ ਅਤੇ ਐਸੀ ਮਹਾ ਮੋਹਨੀ ਅਵਤਾਰ ਵਿੱਚ ਭੀ ਪੂਰੀ ਤਰ੍ਹਾਂ ਵਿਸ਼ਵਾਸ਼ ਰੱਖਦੇ ਹਨ ਅਤੇ ਕੀ ਉਹ ਇਸ ਵਾਰਤਾ ਅਨੁਸਾਰ ਹੀ ਰਹਿਣਾ ਪਸੰਦ ਕਰਦੇ ਹਨ? ਕੀ ਇਨ੍ਹਾਂ ਦੀ ਬਿਬੇਕ-ਬੁੱਧੀ ਐਸੀਆਂ ਮਨ-ਘੜਤ ਕਹਾਣੀਆਂ ਦਾ ਪ੍ਰਚਾਰ ਕਰਕੇ, ਹਿੰਦੂਆਂ ਦੀ ਮਹਾ ਮੋਹਨੀ ਦੇ ਜਾਲ ਵਿੱਚ ਫਸ ਗਏ ਹਨ?

ਦਾਸਰੇ ਵਲੋਂ ਬੇਨਤੀ ਹੈ ਕਿ ਬਾਹਰ ਰਹਿੰਦੇ ਸਿੱਖ ਪਰਿਵਾਰ ਐਸੇ ਨਾਟਕਾਂ ਤੋਂ ਦੂਰ ਹੀ ਰਹਿਣ, ਕਿਉਂਕਿ ਸਾਰੇ ਸੰਸਾਰ ਵਿਖੇ ਵੱਸਦੇ ਸਿੱਖਾਂ ਦਾ ਇੱਕ ਹੀ ਧਰਮ ਗਰੰਥ ਹੈ: “ਗੁਰੂ ਗਰੰਥ ਸਾਹਿਬ” ਮੁੰਦਾਵਣੀ ਤੱਕ (ਪੰਨੇ ੧ ਤੋਂ ੧੪੨੯)। ਸਾਨੂੰ ਇਹ ਭੀ ਸਦਾ ਯਾਦ ਰੱਖਣਾ ਚਾਹੀਦਾ ਹੈ, ਕਿ “ਗੁਰੂ ਗਰੰਥ ਸਾਹਿਬ” ਦਾ ਪਹਿਲਾ ਪ੍ਰਕਾਸ਼ ਗੁਰੂ ਅਰਜਨ ਸਾਹਿਬ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ੧੬ ਅਗਸਤ ੧੬੦੪ ਨੂੰ ਕੀਤਾ ਸੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ੬ ਅਕਤੂਬਰ ੧੭੦੮ ਨੂੰ ਹੁਕਮ ਕੀਤਾ ਸੀ: “ਸੱਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗਰੰਥ”।

ਖਿਮਾ ਦਾ ਜਾਚਕ,

੮ ਸਤੰਬਰ ੨੦੧੩


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top