Share on Facebook

Main News Page

ਬਚਿੱਤਰ ਨਾਟਕ ਦਾ "ਕ੍ਰਿਸਨਾਵਤਾਰ"
-: ਗੁਰਮੀਤ ਸਿੰਘ ਸਿੱਡਨੀ

* ਪਿਛਲੇ ਅੰਕ 'ਚ ਆਏ ਅਵਤਾਰਾਂ ਬਾਰੇ ਪੜ੍ਹੋ: ਮੱਛ ਅਵਤਾਰ, ਕੱਛ ਅਵਤਾਰ

ਆਪ ਸੱਭ ਪਾਠਕਾਂ ਨੂੰ ਸ਼ਾਇਦ ਯਾਦ ਹੋਵੇ ਕਿ “ਦਸਮ ਗ੍ਰੰਥ ਬਾਰੇ ਗੁਰਦੁਆਰਾ ਸਾਹਿਬ ਸੈਨ ਹੋਜ਼ੇ (ਅਮ੍ਰੀਕਾ)" ਵਿਖੇ ੨੭ ਜੁਲਾਈ ੨੦੧੩ ਨੂੰ ਹੋਈ ਕਾਨਫਰੰਸ ਦਾ ਸਾਰੰਸ਼ ਤੇ ਵਿਸ਼ੇਲੇਸ਼ਣ ਡਾ. ਗੁਰਮੇਲ ਸਿੰਘ ਸਿੱਧੂ ਨੇ ਅੰਮ੍ਰਿਤਸਰ ਟਾਈਮਜ਼, ੩੧ ਜੁਲਾਈ ੨੦੧੩ ਦੁਆਰਾ ਅਤੇ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਭੀ ਆਪਣੇ ਵਿਚਾਰ ‘ਰੋਜ਼ਾਨਾ ਸਪੋਕਸਮੈਨ’ ਮਿਤੀ ੧੪ ਅਗਸਤ ੨੦੧੩ ਰਾਹੀਂ ਸਾਂਝੇ ਕੀਤੇ ਹੋਏ ਹਨ। ਕਿਉਂਕਿ ਡਾ. ਹਰਭਜਨ ਸਿੰਘ (ਦੇਹਰਾਦੂਨ) ਨੇ ਦਸਮ ਗ੍ਰੰਥ ਬਾਰੇ ਜ਼ਿਆਦਾ ਹੀ ਪ੍ਰੜੋਤਾ ਕੀਤੀ ਹੋਈ ਹੈ, ਜਿਸ ਦੇ ਜਵਾਬ ਵਿੱਚ ਵਿਖਿਆਤਾ ਪ੍ਰਭਦੀਪ ਸਿੰਘ (ਯੂ. ਕੇ.) ਨੇ ਭੀ ਆਪਣੀ ਇੰਟਰਵਿਯੂ ਰਾਹੀਂ ਜਾਣਕਾਰੀ ਦਿੱਤੀ, ਜਿਸ ਨੂੰ Website: www.khalsanews.org 'ਤੇ ਪੜ੍ਹਿਆ-ਸੁਣਿਆ ਜਾ ਸਕਦਾ ਹੈ।

ਇਸ ਲੇਖ ਦੁਆਰਾ, ਸਿਰਫ “ਕ੍ਰਿਸਨਾਵਤਾਰ” ਦੀ ਅਖੀਰਲੀ ਚੌਪਈ ਹੀ ਸਾਂਝੀ ਕਰਨ ਦਾ ਓਪਰਾਲਾ ਕੀਤਾ ਤਾਂ ਜੋ ਬਚਿਤ੍ਰ ਨਾਟਕ, ਅਖੌਤੀ ਦਸਮ ਗ੍ਰੰਥ ਦੇ ਲੇਖਕ ਦਾ ਵੀ ਪਤਾ ਲਗ ਸਕੇ ਜਿਵੇਂ ‘ਕਵੀ ਸ਼ਿਆਮ’ ਦਾ ਨਾਂ ਕਈ ਵਾਰ ਪੜ੍ਹਣ ਵਿੱਚ ਆਉਂਦਾ ਹੈ!

ਅਬ ਪ੍ਰੇਮ ਕਥਾ ਕਥਨੰ: ਕਬਿਯੋ ਬਾਚ ਚੌਪਈ
ਹਰਿ ਕੇ ਸੰਤ ਕਬਢੀ ਸੁਨਾਊ। ਤਾ ਤੇ ਪ੍ਰਭ ਲੋਗਨ ਰਿਝਵਾਊ।
ਜੋ ਇਹ ਕਥਾ ਤਨਕ ਸੁਨਿ ਪਾਵੈ। ਤਾ ਕੋ ਦੋਖ ਦੂਰ ਹੋਇ ਜਾਵੈ।
੨੪੮੦।

ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ ਵਲੋਂ ਕੀਤੇ

ਅਰਥ: ਕਵੀ ਨੇ ਕਿਹਾ ਕਿ ਹਰਿ ਦੇ ਸੰਤਾਂ ਨੇ ਕਬਿੱਤ ( ‘ਕਬਢੀ’ ) ਸੁਣਾਉਂਦਾ ਹਾਂ। ਉਸ ਕਰ ਕੇ ਪ੍ਰਭੂ ਦੇ ਲੋਕਾਂ (ਭਗਤਾਂ) ਨੂੰ ਪ੍ਰਸੰਨ ਕਰਦਾ ਹਾਂ। ਜੋ (ਵਿਅਕਤੀ) ਇਸ ਕਥਾ ਨੂੰ ਥੋੜਾ ਜਿੰਨਾ ਵੀ ਸੁਣ ਲਵੇਗਾ, ਉਸ ਦਾ ਦੁਖ ਦੂਰ ਹੋ ਜਾਏਗਾ। ੨੪੮੦।

ਸਵੈਯਾ
ਜੈਸੇ ਤ੍ਰਿਨਾਵ੍ਰਤ ਆਉ ਅਖ ਕੋ ਸੁ ਬਕਾਸੁਰ ਕੋ ਬਧ ਜਾ ਮੁਖ ਫਾਰਿਓ।
ਖੰਡ ਕੀਓ ਸਕਟਾਸੁਰ ਕੋ ਗਹਿ ਕੇਸਨ ਤੇ ਜਿਹ ਕੰਸ ਪਛਾਰਿਓ।
ਸੰਧਿ ਜਰਾ ਹੂ ਕੋ ਸੈਨ ਮਥਿਓ ਅਰੁ ਸਤ੍ਰਨ ਕੋ ਜਿਹ ਮਾਨਹਿ ਟਾਰਿਓ।
ਤਿਉ ਬ੍ਰਿਜ ਨਾਇਕ ਸਾਧਨ ਕੇ ਪੁਨਿ ਚਾਹਤ ਹੈ ਸਭ ਪਾਪਨ ਟਾਰਿਓ।
੨੪੮੧।

ਅਰਥ: ਜਿਸ ਤਰ੍ਹਾਂ ਤ੍ਰਿਣਾਵਰਤ ਅਤੇ ਅਘ (ਦੈਂਤ) ਨੂੰ ਮਾਰਿਆ ਸੀ ਅਤੇ ਬਕਾਸੁਰ ਦਾ ਮੂੰਹ ਫਾੜ ਦਿੱਤਾ ਸੀ। ਜਿਸ ਨੇ ਸਕਟਾਸੁਰ (ਦੈਂਤ) ਨੂੰ ਪਕੜ ਕੇ ਟੋਟੇ ਟੋਟੇ ਕਰ ਦਿੱਤਾ ਸੀ ਅਤੇ ਕੰਸ ਨੂੰ ਕੇਸਾਂ ਤੋਂ ਪਕੜ ਕੇ ਪਛਾੜ ਦਿੱਤਾ ਸੀ। ਜਿਸ ਨੇ ਜਰਾਸੰਧ ਦੀ ਸੈਨਾ ਨੂੰ ਮਸਲ ਦਿੱਤਾ ਸੀ ਅਤੇ ਵੈਰੀਆਂ ਦਾ ਹੰਕਾਰ ਨਸ਼ਟ ਕਰ ਦਿੱਤਾ ਸੀ। ਉਸੇ ਤਰ੍ਹਾਂ ਫਿਰ ਸ੍ਰੀ ਕ੍ਰਿਸ਼ਨ ਸੰਤਾਂ (ਭਗਤਾਂ) ਦੇ ਸਾਰਿਆਂ ਪਾਪਾਂ ਨੂੰ ਖ਼ਤਮ ਕਰ ਦੇਣਾ ਚਾਹੁੰਦੇ ਹਨ। ੨੪੮੧।

ਜੋ ਬ੍ਰਿਜ ਨਾਇਕ ਕੇ ਰੁਚ ਸੋ ਕਬਿ ਸ੍ਹਯਾਮ ਭਨੈ ਫੁਨਿ ਗੀਤਨ ਗੈ ਹੈ।
ਚਾਤੁਰਤਾ ਸੰਗ ਜੋ ਹਰਿ ਕੋ ਜਸੁ ਬੀਚ ਕਬਿਤਨ ਕੇ ਸੋ ਬਨੈ ਹੈ।
ਅਉਰਨ ਤੇ ਸੁਨਿ ਜੋ ਚਰਚਾ ਹਰਿ ਕੀ ਹਰਿ ਕੋ ਮਨ ਭੀਤਰ ਦੈ ਹੈ।
ਸੋ ਕਬਿ ਸ੍ਹਯਾਮ ਭਨੈ ਧਰਿ ਕੈ ਤਨ ਯਾ ਭਵ ਭੀਤਰ ਫੇਰਿ ਨ ਐ ਹੈ।
੨੪੮੨।

ਅਰਥ: ਕਵੀ ਸ਼ਿਆਮ ਕਹਿੰਦੇ ਹਨ, ਜੋ (ਸਾਧਕ) ਪ੍ਰੇਮ ਪੂਰਵਕ ਸ੍ਰੀ ਕ੍ਰਿਸ਼ਨ ਦੇ ਗੀਤਾਂ ਦਾ ਗਾਇਨ ਕਰਦਾ ਹੈ। ਜੋ (ਕਵੀ) ਸਿਆਣਪ ਨਾਲ ਸ੍ਰੀ ਕ੍ਰਿਸ਼ਨ ਦੇ ਯਸ਼ ਨੂੰ ਕਵਿਤਾ ਵਿੱਚ ਬੰਨ੍ਹਦਾ ਹੈ। ਜੋ (ਵਿਅਕਤੀ) ਹੋਰਨਾਂ ਤੋਂ ਸ੍ਰੀ ਕ੍ਰਿਸ਼ਨ ਦੀ ਚਰਚਾ ਸੁਣ ਕੇ ਸ੍ਰੀ ਕ੍ਰਿਸ਼ਨ ਵਿੱਚ ਮਨ ਨੂੰ ਟਿਕਾਉਂਦਾ ਹੈ। ਕਵੀ ਸ਼ਿਆਮ ਕਹਿੰਦੇ ਹਨ, ਉਹ (ਵਿਅਕਤੀ) ਸ਼ਰੀਰ ਧਾਰਨ ਕਰ ਕੇ ਫਿਰ ਇਸ ਸੰਸਾਰ ਵਿੱਚ ਨਹੀਂ ਆਉਂਦੇ। ੨੪੮੨।

ਜੋ ਉਪਮਾ ਬ੍ਰਿਜਨਾਥ ਕੀ ਗਾਇ ਹੈ ਅਉਰ ਕਬਿਤਨ ਬੀਚ ਕਰੈਗੇ।
ਪਾਪਨ ਕੀ ਤੇਊ ਪਾਵਕ ਮੈ ਕਬਿ ਸ੍ਹਯਾਮ ਭਨੈ ਕਬਹੂੰ ਨ ਜਰੈਗੇ।
ਚਿੰਤ ਸਭੈ ਮਿਟ ਹੈ ਜੁ ਰਹੀ ਛਿਨ ਮੈ ਤਿਨ ਕੇ ਅਘ ਬ੍ਰਿੰਦ ਟਰੈਗੇ।
ਜੋ ਨਰ ਸ੍ਹਯਾਮ ਜੂ ਜੋ ਪਰਸੇ ਪਗ ਤੇ ਨਰ ਫੇਰਿ ਨ ਦੇਹ ਧਰੈਗੇ।
੨੪੮੩।

ਅਰਥ: ਜੋ (ਵਿਅਕਤੀ) ਸ੍ਰੀ ਕ੍ਰਿਸ਼ਨ ਦੀ ਉਪਮਾ ਗਾਉਂਦਾ ਹੈ ਅਤੇ ਕਵਿਤਾ ਵਿੱਚ ਰਚਦਾ ਹੈ। ਕਵੀ ਸ਼ਿਆਮ ਕਹਿੰਦੇ ਹਨ, ਉਹ ਪਾਪਾਂ ਦੀ ਅਗਨੀ ਵਿੱਚ ਕਦੇ ਨਹੀਂ ਸੜਦਾ। ਜਿਨ੍ਹਾਂ (ਦੀ ਸੁਰਤ) ਛਿਣ ਭਰ ਲਈ (ਕ੍ਰਿਸ਼ਨ ਦੇ ਪ੍ਰੇਮ ਵਿਚ) ਲਗ ਗਈ, ਉਨ੍ਹਾਂ ਦੇ ਸਾਰੇ ਪਾਪ ਦੂਰ ਹੋ ਜਾਣਗੇ ਅਤੇ ਸਾਰੀਆਂ ਚਿੰਤਾਵਾਂ ਮਿਟ ਜਾਣਗੀਆਂ। ਜੋ ਪੁਰਸ਼ ਕ੍ਰਿਸ਼ਨ ਜੀ ਦੇ ਚਰਨ ਪਰਸਣਗੇ, ਉਹ ਪੁਰਸ਼ ਫਿਰ ਦੇਹ ਧਾਰਨ ਨਹੀਂ ਕਰਨਗੇ। ੨੪੮੩।

ਜੋ ਬ੍ਰਿਜ ਨਾਇਕ ਕੋ ਰੁਚਿ ਸੋ ਕਬਿ ਸ੍ਹਯਾਮ ਭਨੈ ਫੁਨਿ ਜਾਪੁ ਜਪੈ ਹੈ।
ਜੋ ਤਿਹ ਕੇ ਹਿਤ ਕੈ ਮਨ ਮੈ ਬਹੁ ਮੰਗਨ ਲੋਗਨ ਕਉ ਧਨ ਦੈ ਹੈ।
ਜੋ ਤਜਿ ਕਾਜ ਸਭੈ ਘਰ ਕੇ ਤਿਹ ਪਾਇਨ ਕੇ ਚਿਤ ਭੀਤਰ ਦੈ ਹੈ।
ਭੀਤਰ ਤੇ ਅਬ ਯਾ ਜਗ ਕੇ ਅਘ ਬ੍ਰਿੰਦਨ ਬੀਰ ਬਿਦਾ ਕਰਿ ਜੈ ਹੈ।
੨੪੮੪।

ਅਰਥ: ਕਵੀ ਸ਼ਿਆਮ ਕਹਿੰਦੇ ਹਨ, ਫਿਰ ਜੋ (ਵਿਅਕਤੀ) ਰੁਚੀ ਪੂਰਬਕ ਸ੍ਰੀ ਕ੍ਰਿਸ਼ਨ ਦਾ ਜਾਪ ਜਪਦੇ ਹਨ। ਜੋ (ਵਿਅਕਤੀ) ਮਨ ਵਿੱਚ ਉਸ (ਸ੍ਰੀ ਕ੍ਰਿਸ਼ਨ) ਦੇ ਪ੍ਰੇਮ ਕਰ ਕੇ, ਮੰਗਤਿਆਂ ਨੂੰ ਧਨ ਦਿੰਦੇ ਹਨ। ਜੋ (ਵਿਅਕਤੀ) ਘਰ ਦੇ ਸਾਰੇ ਕੰਮਾਂ ਨੂੰ ਛਡ ਕੇ ਉਸ ਦੇ ਚਰਨਾਂ ਨੂੰ ਚਿਤ ਅੰਦਰ (ਸਥਾਨ) ਦਿੰਦੇ ਹਨ। ਉਹ (ਅਧਿਆਤਮਿਕ) ਸੂਰਮੇ ਇਸ ਸੰਸਾਰ ਵਿੱਚ (ਜੀਉਂਦਿਆਂ ਹੀ) ਪਾਪਾਂ ਦੇ ਸਮੂਹ ਨੂੰ ਵਿਦਾ ਕਰ ਦਿੰਦੇ ਹਨ (ਅਤੇ ਆਪ ਬ੍ਰਹਮ ਲੋਕ ਵਿਚ) ਚਲੇ ਜਾਂਦੇ ਹਨ। ੨੪੮੪।

ਪ੍ਰੇਮ ਕੀਓ ਨ ਕੀਓ ਬਹਤੋ ਤਪ ਕਸਟ ਸਹਿਓ ਤਨ ਕੋ ਅਤਿ ਤਾਯੋ।
ਕਾਸੀ ਮੈ ਜਾਇ ਪੜਿਓ ਅਤਿ ਹੀ ਬਹੁ ਬੇਦਨ ਕੋ ਕਰਿ ਸਾਰ ਨ ਆਯੋ।
ਦਾਨ ਦੀਏ ਬਸਿ ਹੈਵ ਗਯੋ ਸ੍ਹਯਾਮ ਸਭੈ ਅਪਨੋ ਤਿਨ ਦਰਬ ਗਵਾਯੋ।
ਅੰਤ੍ਰਿ ਕੀ ਰੁਚਿ ਕੈ ਹਰਿ ਸਿਉ ਜਿਹ ਹੇਤ ਸੋ ਕੀਓ ਤਿਨ ਹੂ ਹਰਿ ਪਾਯੋ।
੨੪੮੫।

ਅਰਥ: ਜਿਸ ਨੇ ਪ੍ਰੇਮ ਨ ਕੀਤਾ, (ਪਰ) ਬਹੁਤ ਤਪ ਕੀਤਾ, ਕਸ਼ਟ ਸਹੇ ਅਤੇ ਸ਼ਰੀਰ ਨੂੰ ਖ਼ੂਬ ਤਪਾਇਆ। ਕਾਸ਼ੀ ਵਿੱਚ ਜਾ ਕੇ ਵੇਦਾਂ ਨੂੰ ਬਹੁਤ ਅਧਿਕ ਪੜ੍ਹਿਆ, (ਪਰ ਉਨ੍ਹਾਂ ਦੇ) ਹੱਥ ਵਿੱਚ ਸਾਰ ਤਤ ਪ੍ਰਾਪਤ ਨ ਹੋਇਆ। (ਜਿਨ੍ਹਾਂ ਨੇ) ਦਾਨ ਦਿੱਤੇ, (ਕੀ) ਸ੍ਰੀ ਕ੍ਰਿਸ਼ਨ ਉਨ੍ਹਾਂ ਦੇ ਵਸ ਹੋ ਗਿਆ ਹੈ, (ਨਹੀਂ) ਉਨ੍ਹਾਂ ਸਭਨਾਂ ਨੇ ਆਪਣਾ ਧਨ ਹੀ ਗੰਵਾਇਆ ਹੈ। ਜਿਸ ਨੇ ਅੰਦਰਲੀ ਰੁਚੀ ਨਾਲ ਸ੍ਰੀ ਕ੍ਰਿਸ਼ਨ ਨਾਲ ਪ੍ਰੇਮ ਕੀਤਾ ਹੈ, ਉਨ੍ਹਾਂ ਨੇ ਹੀ ਸ੍ਰੀ ਕ੍ਰਿਸ਼ਨ ਨੂੰ ਪਰਾਪਤ ਕੀਤਾ ਹੈ। ੨੪੮੫।

ਕਾ ਭਯੋ ਜੋ ਬਕ ਲੋਚਨ ਮੂੰਦ ਕੈ ਬੈਠਿ ਰਹਿਓ ਜਗ ਭੇਖ ਦਿਖਾਏ।
ਮੀਨ ਫਿਰਿਓ ਜਲ ਨ੍ਹਾਤ ਸਦਾ ਤੁ ਕਹਾ ਤਿਹ ਕੇ ਕਰਿ ਮੋ ਹਰਿ ਆਏ।
ਦਾਦੁਰ ਜੋ ਦਿਨ ਰੈਨਿ ਰਟੈ ਸੁ ਬਿਹੰਗ ਉਡੈ ਤਨਿ ਪੰਖ ਲਗਾਏ।
ਸ੍ਹਯਾਮ ਭਨੈ ਇਹ ਸੰਤ ਸਭਾ ਬਿਨੁ ਪ੍ਰੇਮ ਕਹੂ ਬ੍ਰਿਜਨਾਥ ਰਿਝਾਏ।
੨੪੮੬।

ਅਰਥ: ਕੀ ਹੋਇਆ ਜੇ (ਕੋਈ) ਬਗਲੇ (ਵਾਂਗ) ਅੱਖਾਂ ਬੰਦ ਕਰ ਕੇ ਬੈਠ ਰਿਹਾ ਹੈ, ਜਗਤ ਨੂੰ ਭੇਖ ਵਿਖਾਉਂਦਾ ਹੈ। ਮੱਛੀ (ਵਾਂਗ) ਸਦਾ ਜਲ ਵਿੱਚ ਨ੍ਹਾਉਂਦਾ ਫਿਰਿਆ ਹੈ, ਤਾਂ ਕੀ ਹੋਇਆ। (ਕੀਹ) ਉਸ ਦੇ ਹੱਥ ਵਿੱਚ ਹਰਿ ਆ ਗਿਆ ਹੈ। ਡੱਡੂ (ਵਾਂਗ) ਜੇ ਦਿਨ ਰਾਤ ਬੋਲਦਾ ਰਹਿੰਦਾ ਹੈ, ਜਾਂ ਸ਼ਰੀਰ ਉੱਤੇ ਖੰਭ ਲਗਾ ਕੇ ਪੰਛੀ (ਵਾਂਗ) ਉੜ ਗਿਆ ਹੈ। (ਕਵੀ) ਸ਼ਿਆਮ ਕਹਿੰਦੇ ਹਨ, ਸਾਰੇ ਸੰਤ ਇਹ (ਕਹਿੰਦੇ ਹਨ) ਕਿ ਪ੍ਰੇਮ ਤੋਂ ਬਿਨਾ ਕਿਸੇ ਨੇ ਵੀ ਸ੍ਰੀ ਕ੍ਰਿਸ਼ਨ ਨੂੰ ਪ੍ਰਸੰਨ ਨਹੀਂ ਕੀਤਾ। ੨੪੮੬।

ਲਾਲਚ ਜੋ ਧਨ ਕੇ ਕਿਨਹੂ ਜੁ ਪੇ ਗਾਇ ਭਲੈ ਪ੍ਰਭ ਗੀਤ ਸੁਨਾਯੋ।
ਨਾਚ ਨਚਿਓ ਨ ਖਚਿਓ ਤਿਹ ਮੈ ਹਰਿ ਲੋਕ ਅਲੋਕ ਕੇ ਪੈਡ ਨ ਪਾਯੋ।
ਹਾਸ ਕਰਿਓ ਜਗ ਮੈ ਆਪੁਨੋ ਸੁਪਨੇ ਹੂ ਨ ਗਿਆਨ ਕੋ ਤਤੁ ਜਨਾਯੋ।
ਪ੍ਰੇਮ ਬਿਨਾ ਕਬਿ ਸ੍ਹਯਾਮ ਭਨੈ ਕਰਿ ਕਾਹੂ ਕੇ ਮੈ ਬ੍ਰਿਜ ਨਾਇਕ ਆਯੋ।
੨੪੮੭।

ਅਰਥ: ਜੇ ਕਿਸੇ ਨੇ ਧਨ ਦੇ ਲਾਲਚ ਵਸ ਹੋ ਕੇ ਕਿਸੇ ਕੋਲ ਪ੍ਰਭੂ ਦੇ ਚੰਗੀ ਤਰ੍ਹਾਂ ਗੀਤ ਸੁਣਾਏ ਹਨ। (ਜੇ ਕਿਸੇ ਨੇ ਭਗਤੀ ਕਰਨ ਲਈ), ਨਾਚ ਨਚਿਆ ਹੈ, (ਪਰ) ਉਸ ਵਿੱਚ ਮਗਨ ਨਹੀਂ ਹੋਇਆ, (ਤਾਂ ਉਸ ਨੇ) ਹਰਿ ਦੇ ਅਲੌਕਿਕ ਲੋਕ ਦਾ ਮਾਰਗ ਨਹੀਂ ਪਾਇਆ। (ਉਸ ਨੇ) ਜਗਤ ਵਿੱਚ ਆਪਣਾ ਹਾਸਾ ਕਰਾਇਆ ਹੈ, (ਕਿਉਂਕਿ) ਉਸ ਨੇ ਸੁਪਨੇ ਵਿੱਚ ਵੀ ਗਿਆਨ ਦੇ ਤੱਤ ਨੂੰ ਨਹੀਂ ਜਾਣਿਆ ਹੈ। ਕਵੀ ਸ਼ਿਆਮ ਕਹਿੰਦੇ ਹਨ, ਪ੍ਰੇਮ ਤੋਂ ਬਿਨਾ ਸ੍ਰੀ ਕ੍ਰਿਸ਼ਨ ਕਿਸੇ ਦੇ ਹੱਥ ਵਿੱਚ ਨਹੀਂ ਆਇਆ। ੨੪੮੭।

ਹਾਰਿ ਚਲੇ ਗ੍ਰਿਹ ਆਪਨੇ ਕੋ ਬਨ ਮੋ ਬਹੁਤੋ ਤਿਨ ਧਿਆਨ ਲਗਾਏ।
ਸਿਧ ਸਮਾਧਿ ਅਗਾਧਿ ਕਥਾ ਮੁਨਿ ਖੋਜ ਰਹੇ ਹਰਿ ਹਾਥਿ ਨ ਆਏ।
ਸ੍ਹਯਾਮ ਭਨੈ ਸਭ ਬੇਦ ਕਤੇਬਨ ਸੰਤਨ ਕੇ ਮਤਿ ਯੌ ਠਹਰਾਏ।
ਭਾਖਤ ਹੈ ਕਬਿ ਸੰਤ ਸੁਨੋ ਜਿਹ ਪ੍ਰੇਮ ਕੀਏ ਤਿਹ ਸ੍ਰੀ ਪਤਿ ਪਾਏ।
੨੪੮੮।

ਅਰਥ: (ਜੇ) ਆਪਣੇ ਘਰ ਬਾਰ ਤੋਂ ਹਾਰ ਕੇ ਬਨ ਨੂੰ ਚਲੇ ਗਏ ਹਨ (ਅਤੇ ਉਥੇ) ਉਨ੍ਹਾਂ ਨੇ ਬਹੁਤ ਧਿਆਨ ਲਗਾਇਆ ਹੈ। ਸਿੱਧ ਹੋ ਕੇ ਸਮਾਧੀ ਲਗਾਈ ਹੈ, ਮੁਨੀ ਹੋ ਕੇ ਅਗਾਧ ਕਥਾ (ਸੁਣੀ ਹੈ), (ਉਹ ਸਾਰੇ) ਖੋਜ ਰਹੇ ਹਨ, (ਪਰ ਉਨ੍ਹਾਂ ਦੇ) ਹੱਥ ਵਿੱਚ ਹਰਿ ਨਹੀਂ ਆਇਆ। (ਕਵੀ) ਸ਼ਿਆਮ ਕਹਿੰਦੇ ਹਨ ਕਿ ਸਾਰੇ ਵੇਦਾਂ, ਕਤੇਬਾਂ ਅਤੇ ਸੰਤਾਂ ਦੇ ਮਤ ਵਿੱਚ ਇਹੀ ਠਹਿਰਾਇਆ ਹੋਇਆ ਹੈ। ਕਵੀ ਕਹਿੰਦੇ ਹਨ- ਹੇ ਸੰਤੋਂ! ਸੁਣੋ, ਜਿਨ੍ਹਾ ਨੇ ਪ੍ਰੇਮ ਕੀਤਾ ਹੈ, ਉਨ੍ਹਾਂ ਨੇ ਹੀ ਪ੍ਰਭੂ ਨੂੰ ਪ੍ਰਾਪਤ ਕੀਤਾ ਹੈ। ੨੪੮੮।

ਛਤ੍ਰੀ ਕੋ ਪੂਤ ਹੋ ਬਾਮ੍ਹਨ ਕੋ ਨਹਿ ਕੈ ਤਪੁ ਆਵਤ ਹੈ ਜੁ ਕਰੋ।
ਅਰੁ ਅਉਰ ਜੰਜਾਰ ਜਿਤੋ ਗ੍ਰਿਹ ਕੋ ਤੁਹਿ ਤਿਆਗਿ ਕਹਾ ਚਿਤ ਤਾ ਮੈ ਧਰੋ।
ਅਬ ਰੀਝਿ ਕੈ ਦੇਹੁ ਵਹੈ ਹਮ ਕੋ ਜੋਊ ਹਉ ਬਿਨਤੀ ਕਰ ਜੋਰਿ ਕਰੋ।
ਜਬ ਆਉ ਕੀ ਅਉਧਿ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝਿ ਮਰੋ।
੨੪੮੯।

ਅਰਥ: (ਮੈਂ) ਛਤ੍ਰੀ ਦਾ ਪੁੱਤਰ ਹਾਂ, ਬ੍ਰਾਹਮਣ ਦਾ (ਪੁੱਤਰ) ਨਹੀਂ ਹਾਂ। (ਮੈਨੂੰ) ਤਪ ਕਰਨਾ ਕਿਥੇ ਆਉਂਦਾ ਹੈ, ਜੇ ਕਰਾਂ। ਅਤੇ ਘਰ ਦੇ ਹੋਰ ਜਿਤਨੇ ਜੰਜਾਲ ਹਨ, ਤੁਹਾਨੂੰ ਤਿਆਗ ਕੇ ਕੀਹ ਚਿਤ ਉਨ੍ਹਾਂ ਵਿੱਚ ਧਰਾਂ। (ਇਸ ਲਈ) ਹੁਣ ਪ੍ਰਸੰਨ ਹੋ ਕੇ ਮੈਨੂੰ ਉਹੀ (ਵਰ) ਦਿਓ, ਜੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ। ਜਦੋਂ ਮੇਰੀ ਆਯੂ ਦੀ ਅਵਧੀ ਦਾ ਅੰਤ ਆ ਬਣੇ ਤਾਂ ਭਿਆਨਕ ਯੁੱਧ ਵਿੱਚ ਲੜਦਾ ਹੋਇਆ ਮਰ ਜਾਵਾਂ। ੨੪੮੯।

{ਜੇ ਅਸੀਂ ਧਿਆਨ ਨਾਲ ਪੜ੍ਹੀਏ ਤਾਂ ਦੇਖਣ ਵਿੱਚ ਆਉਂਦਾ ਹੇ ਕਿ ਅਖੀਰਲੀ ਲਾਈਨ: (ਜਬ ਆਉ ਕੀ ਅਉਧਿ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝਿ ਮਰੋ); ਚੰਡੀ ਚਰਿਤ੍ਰ (ਉਕਤਿ ਬਿਲਾਸ) ਦੇ ਸਵੈਯਾ ਨੰਬਰ ੨੩੧ ਦੇ ਅਖੀਰ ਵਿਖੇ ਭੀ ਲਿਖੀ ਹੋਈ ਹੈ: “ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋ” ਜਿਸ ਦਾ ਅਰੰਭ ਇਵੇਂ ਹੁੰਦਾ ਹੈ: “ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬ੍ਹੂੰ ਨ ਟਰੋ” } {੧੭੦੮ ਨੂੰ ਨਾਦੇੜ-ਹਜ਼ੂਰ ਸਾਹਿਬ ਕਿਸ ਨਾਲ ਯੁੱਧ ਹੋਇਆ ਸੀ?} (ਪਤਾ ਨਹੀਂ ਸਿੱਖਾਂ ਨੂੰ ਇਸ ਕਵੀ ਦੀ ਚਾਲ ਕਦੋ ਸਮਝ ਆਏਗੀ?)

ਦੋਹਰਾ
ਸਤ੍ਰਹ ਸੈ ਪੈਤਾਲਿ ਮਹਿ ਸਾਵਨ ਸੁਦਿ ਥਿਤਿ ਦੀਪ। ਨਗਰ ਪਾਵਟਾ ਸੁਭ ਕਰਨ ਜਮੁਨਾ ਬਹੈ ਸਮੀਪ। ੨੪੯੦।

ਅਰਥ: ਸਤਾਰ੍ਹਾਂ ਸੌ ਪੰਤਾਲੀ (੧੭੪੫ ਬਿ.) {= ੧੬੮੮} ਵਿੱਚ ਸਾਵਣ ਦੀ ਸੁਦੀ ਸੱਤਵੀਂ ਥਿਤ ਨੂੰ ਪਾਂਵਟਾ ਨਗਰ (ਵਿਚ ਕਵਿਤਾ ਰਚਣ ਦਾ ਇਹ) ਸ਼ੁਭ ਕਰਮ (ਕੀਤਾ ਜਿਥੇ) ਨੇੜੇ ਹੀ ਜਮਨਾ ਵਗ ਰਹੀ ਹੈ। ੨੪੯੦।

ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ। ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁਧ ਕੇ ਚਾਇ। ੨੪੯੧।

ਅਰਥ: ਭਾਗਵਤ (ਪੁਰਾਣ) ਦੇ ਦਸਮ (ਸਕੰਧ) ਦੀ ਕਥਾ (ਮੈਂ) ਭਾਖਾ ਵਿੱਚ ਰਖੀ ਹੈ। ਹੇ ਪ੍ਰਭੂ! (ਮੇਰੇ ਮਨ ਵਿਚ) ਹੋਰ ਕੋਈ ਕਾਮਨਾ ਨਹੀਂ ਹੈ, (ਬਸ) ਧਰਮ ਦੇ ਯੁੱਧ ਦੀ ਚਾਹ (ਲਈ ਪ੍ਰੇਰਿਤ ਕਰਨਾ) ਹੈ। ੨੪੯੧।

ਸਵੈਯਾ
ਧੰਨਿ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿਤ ਮੈ ਜੁਧੁ ਬਿਚਾਰੈ।
ਦੇਹ ਅਨਿਤ ਨ ਨਿਤ ਰਹੈ ਜਸੁ ਨਾਵ ਚੜੈ ਭਵ ਸਾਗਰ ਤਾਰੈ।
ਧੀਰਜ ਧਾਮ ਬਨਾਇ ਇਹੈ ਤਨ ਬੁਧਿ ਸੁ ਦੀਪਕ ਜਿਉ ਉਜੀਆਰੈ।
ਗਿਆਨਹਿ ਕੀ ਬਢਨੀ ਮਨਹੁ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ।
੨੪੯੨।

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਧਯਾਇ

ਇਕੀਸਵੇ ਸਮਾਪਤਮ ਸਤੁ ਸੁਭਮ ਸਤੁ

ਅਰਥ: ਜਗਤ ਵਿੱਚ ਉਨ੍ਹਾਂ ਦਾ ਜੀਉਣਾ ਧੰਨ ਹੈ (ਜੋ) ਮੁਖ ਤੋਂ ਹਰਿ (ਦਾ ਨਾਮ ਜਪਦੇ ਹਨ ਅਤੇ) ਚਿਤ ਵਿੱਚ ਯੁੱਧ (ਕਰਨ ਦਾ) ਵਿਚਾਰ ਪਾਲਦੇ ਹਨ। (ਕਿਉਂਕਿ) ਦੇਹ ਅਨਿਤ ਹੈ, ਨਿਤ ਨਹੀਂ ਰਹੇਗੀ। (ਜੋ ਵਿਅਕਤੀ ਧਰਮ ਯੁੱਧ ਕਰਕੇ) ਯਸ਼ ਦੀ ਬੇੜੀ ਉਤੇ ਚੜ੍ਹੇਗਾ, ਉਹ ਭਵ ਸਾਗਰ ਵਿਚੋਂ ਤਰ ਜਾਏਗਾ। ਇਸ ਸ਼ਰੀਰ ਨੂੰ ਧੀਰਜ ਦਾ ਘਰ ਬਣਾ ਲਵੋ ਅਤੇ ਬੁੱਧੀ ਨੂੰ ਦੀਪਕ ਵਾਂਗ (ਇਸ ਵਿਚ) ਜਗਾ ਲਵੋ। ਗਿਆਨ ਦੇ ਝਾੜੂ ਨੂੰ ਮਨ ਰੂਪ ਹੱਥ ਵਿੱਚ ਲੈ ਕੇ, ਕਾਇਰਤਾ ਰੂਪ ਕੂੜੇ ਨੂੰ ਬਾਹਰ ਹੂੰਝ ਦਿਓ। ੨੪੯੨।

ਇਥੇ ਸ੍ਰੀ ਦਸਮ ਸਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਅਧਿਆਇ

ਇਕੀਸਵੇਂ ਦੀ ਸਮਾਪਤੀ। ਸਭ ਸ਼ੁਭ ਹੈ।

ਇਸ ਕੈਂਸਰ ਦੀ ਬਿਮਾਰੀ ਦਾ ਇੱਕ ਹੀ ਇਲਾਜ ਹੈ ਕਿ ‘ਬਚਿਤ੍ਰ ਨਾਟਕ, ਅਖੌਤੀ ਦਸਮ ਗ੍ਰੰਥ’ ਨੂੰ ਖਾਰੇ ਸਮੁੰਦਰ ਵਿੱਚ ਸੁੱਟ ਦਿੱਤਾ ਜਾਵੇ ਅਤੇ ਪੰਜਾਬ ਵਿਖੇ ਵੱਸਦੇ ਸਿੱਖ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਤਾ-ਧਰਤਾ ਉਪਰ “ਦੀ ਸਿੱਖ ਗੁਰਦੁਆਰਾਜ਼ ਐਕਟ ੧੯੨੫” ਦੀ ਧਾਰਾ ੧੩੪ (ਜੀ) ਹੇਠ ਐਕਸ਼ਨ ਲੈਣ ਦਾ ਹੌਂਸਲਾ ਕਰਨ। ਦੂਸਰੇ ਪਰਿੰਟਰਜ਼ ਜਾਂ ਸੰਸਥਾਵਾਂ ਅਤੇ ਹੋਰ ਲੇਖਕ/ਵਿਆਖਿਾਕਾਰ/ਪ੍ਰਚਾਰਕ/ਜਥੇਦਾਰ, ਜੇਹੜੇ ਇਸ ਦਾ ਪ੍ਰਚਾਰ/ਪ੍ਰੜੋਤਾ ਕਰਦੇ ਹਨ, ਉਨ੍ਹਾਂ ਉਪਰ ਵੀ ਧਾਰਾ ੨੯੫ ਏ ਰਾਹੀਂ ਕੇਸ ਚਲਾਏ ਜਾਣ ਕਿਉਂਕਿ ਇਹ ਝੂਠ ਦੇ ਅਲੰਬਰਦਾਰ ਸਾਧਾਰਨ ਸਿੱਖਾਂ ਨੂੰ ਕੁਰਾਹੇ ਪਾ ਰਹੇ ਹਨ! ‘ਕ੍ਰਿਸਨਾਵਤਾਰ’ ਦੇ ਅੰਤ ਵਿੱਚ ਕਵੀ ਸ਼ਿਆਮ ਆਪ ਹੀ ਲਿਖ ਰਿਹਾ ਹੈ ਕਿ ਇਹ ਰਚਨਾ ਭਾਗਵਤ ਪੁਰਾਣ ਦਾ ਦਸਮ ਸਕੰਧ ਹੈ। ਫਿਰ ਐਸੇ ਬਚਿਤ੍ਰ ਨਾਟਕ ਨੂੰ ‘ਦਸਮ ਗ੍ਰੰਥ’ ਸਿਰਲੇਖ ਹੇਠ ਕਿਵੇਂ’ ਲਿਖਿਆ ਅਤੇ ਪ੍ਰਚਾਰਿਆ ਜਾ ਰਿਹਾ ਹੈ?

ਖਿਮਾ ਦਾ ਜਾਚਕ,

੧੮ ਅਗਸਤ ੨੦੧੩


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top