Share on Facebook

Main News Page

ਬਚਿੱਤਰ ਨਾਟਕ 'ਚ ਵਿਸ਼ਣੂ ਦਾ ਸੱਤਵਾਂ ਅਵਤਾਰ: ਨਰਸਿੰਘ ਅਵਤਾਰ !
-: ਗੁਰਮੀਤ ਸਿੰਘ ਸਿੱਡਨੀ

* ਪਿਛਲੇ ਅੰਕ 'ਚ ਆਏ ਅਵਤਾਰਾਂ ਬਾਰੇ ਪੜ੍ਹੋ: ਮੱਛ ਅਵਤਾਰ, ਕੱਛ ਅਵਤਾਰ, ਕ੍ਰਿਸਨਾਵਤਾਰ, ਨਰ ਨਾਰਾਇਣ ਅਵਤਾਰ, ਮਹਾ ਮੋਹਨੀ ਅਵਤਾਰ, ਬੈਰਾਹ (ਵਾਰਾਹ) ਅਵਤਾਰ

ਬਚਿਤ੍ਰ ਨਾਟਕ ਗ੍ਰੰਥ ਵਿੱਚ ਵਿਸ਼ਣੂ ਦੇ (੨੪) ਅਵਤਾਰਾਂ ਦੀਆਂ ਮਨ-ਘੜਤ ਕਥਾਵਾਂ ਵਰਣਨ ਕੀਤੀਆਂ ਹੋਈਆਂ ਹਨ। ਇਵੇਂ ਨਰਸਿੰਘ ਅਵਤਾਰ ਵਿਸ਼ਣੂ ਦਾ ਸੱਤਵਾਂ ਅਵਤਾਰ ਲਿਖਿਆ ਮਿਲਦਾ ਹੈ ਅਤੇ ਇਸ ਪ੍ਰਸੰਗ ਦੁਆਰਾ ਵੀ ਦੇਵਤਿਆਂ ਅਤੇ ਦੈਂਤਾਂ ਵਿਚਕਾਰ ਇੱਕ ਬਨਾਵਟੀ ਜਿਹਾ ਯੁੱਧ ਦਾ ਜ਼ਿਕਰ ਕੀਤਾ ਹੋਇਆ ਹੈ। ਐਸਾ ਯੁੱਧ ਕਿਸ ਸਾਲ ਜਾਂ ਕਿਸ ਮੁਲਕ/ਸ਼ਹਿਰ ਵਿਖੇ ਹੋਇਆ, ਇਸ ਵਾਰੇ ਕੋਈ ਵੇਰਵਾ ਨਹੀਂ! ਇਸ ਅਵਤਾਰ ਵਾਰਤਾ ਦੇ (੪੨) ਛੰਦ ਹਨ, ਜਿਸ ਵਿੱਚ ਨਰਸਿੰਘ ਅਤੇ ਹਿਰਨਕਸ਼ਪ ਵਿਚਕਾਰ ਹੋਏ ਯੁੱਧ ਦੀ ਕਹਾਣੀ ਲਿਖੀ ਹੋਈ ਹੈ!

ਅਬ ਨਰ ਸਿੰਘ ਅਵਤਾਰ ਕਥਨੰ
ਸ੍ਰੀ ਭਗਉਤੀ ਜੀ ਸਹਾਇ
ਪਾਧਰੀ ਛੰਦ
ਇਹ ਭਾਤਿ ਕੀਯੋ ਦਿਵਰਾਜ ਰਾਜ। ਭੰਡਾਰ ਭਰੇ ਸੁਭ ਸਰਬ ਸਾਜ।
ਜਬ ਦੇਵਤਾਨ ਬਢਿਯੋ ਗਰੂਰ। ਬਲਵੰਤ ਦੈਂਤ ਉਠੇ ਕਰੂਰ। ੧।

ਅਰਥ ਕਰਤਾ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ: ਇਸ ਤਰ੍ਹਾਂ ਦੇਵ ਰਾਜ ਇੰਦਰ ਨੇ ਰਾਜ ਕੀਤਾ ਅਤੇ ਸਭ ਪ੍ਰਕਾਰ ਦੇ ਸਾਜ਼ੋ-ਸਾਮਾਨ ਨਾਲ ਸ਼ੁਭ ਭੰਡਾਰ ਭਰ ਲਏ। ਜਦੋਂ ਦੇਵਤਿਆਂ ਦਾ ਹੰਕਾਰ ਵੱਧ ਗਿਆ, (ਤਦੋਂ ਉਨ੍ਹਾਂ ਦਾ ਹੰਕਾਰ ਤੋੜਨ ਲਈ) ਕਠੋਰ ਅਤੇ ਬਲਸ਼ਾਲੀ ਦੈਂਤ ਉਠ ਖੜੋਤਾ। ੧। (ਇਥੇ ਭਗਉਤੀ, ਦੁਰਗਾ ਦੇਵੀ ਦੀ ਸ਼ਰਨ ਲਈ ਬੇਨਤੀ)

ਲਿਨੋ ਛਿਨਾਇ ਦਿਵਰਾਜ ਰਾਜ। ਬਾਜਿਤ੍ਰ ਨੇਕ ਉਠੇ ਸੁ ਬਾਜਿ।
ਇਹ ਭਾਤਿ ਜਗਤਿ ਦੋਹੀ ਫਿਰਾਇ। ਜਲੰ ਬਾ ਥਲੇਅੰ ਹਿਰਿਨਾਛ ਰਾਂਇ। ੨।

ਅਰਥ: (ਉਸ ਨੇ) ਇੰਦਰ ਦਾ ਰਾਜ ਖੋਹ ਲਿਆ ਅਤੇ ਅਨੇਕ ਵਾਜੇ ਵਜ ਉਠੇ। ਇਸ ਤਰ੍ਹਾਂ (ਉਸ ਨੇ) ਜਗਤ ਵਿੱਚ ਦੁਹਾਈ ਫਿਰਾ ਦਿੱਤੀ ਕਿ ਜਲ ਅਤੇ ਥਲ ਦਾ ਰਾਜਾ ਹਿਰਨਕਸ਼ਪ ਹੈ। ੨।

ਇਕ ਦ੍ਹਯੋਸ ਗਯੋ ਨਿਜ ਨਾਰਿ ਤੀਰ। ਸਜਿ ਸੁਧ ਸਾਜ ਨਿਜ ਅੰਗਿ ਬੀਰ।
ਕਿਹ ਭਾਤਿ ਸਵਤ੍ਹਿਯਾ ਮੋ ਭਯੋ ਨਿਰੁਕਤ। ਤਬ ਭਯੋ ਦੁਸਟ ਕੋ ਬੀਰਜ ਮੁਕਤ। ੩।

ਅਰਥ: ਇੱਕ ਦਿਨ (ਹਿਰਨਕਸ਼ਪ) ਆਪਣੀ ਇਸਤਰੀ ਦੇ ਕੋਲ ਗਿਆ। (ਉਸ ਵੇਲੇ ਉਸ) ਸੂਰਮੇ ਨੇ ਆਪਣੇ ਅੰਗਾਂ ਤੇ ਚੰਗੀ ਤਰ੍ਹਾਂ ਨਾਲ ਸਾਜ ਸਜਾਵਟ ਕੀਤੀ ਹੋਈ ਸੀ। (ਉਹ) ਕਿਸੇ ਤਰ੍ਹਾਂ ਇਸਤਰੀ ਨਾਲ ਪ੍ਰੇਮ ਕ੍ਰੀੜਾ ਵਿੱਚ ਲਗ ਗਿਆ ਕਿ ਤਦੋਂ ਦੁਸਟ ਦਾ ਵੀਰਜ-ਪਾਤ ਹੋ ਗਿਆ। ੩।

ਪ੍ਰਹਲਾਦ ਭਗਤ ਲੀਨੋ ਵਤਾਰ। ਸਬ ਕਰਨਿ ਕਾਜ ਸੰਤਨ ਉਧਾਰ।
ਚਟਸਾਲ ਪੜਨਿ ਸਉਪ੍ਹਯੋ ਨ੍ਰਿਪਾਲਿ। ਪਟੀਯਹਿ ਕਹਿਯੋ ਲਿਖਿ ਦੈ ਗੁਪਾਲ। ੪।

ਅਰਥ: (ਉਸ ਦੀ ਇਸਤਰੀ ਨੂੰ ਹੋਏ ਗਰਭਤੋਂ ਸਮਾਂ ਆਉਣ ਤੇ) ਸੰਤਾਂ ਦੇ ਕੰਮ ਸਾਰਨ ਅਤੇ ਉੱਧਾਰ ਕਰਨ ਲਈ ਪ੍ਰਹਿਲਾਦ ਭਗਤ ਨੇ ਅਵਤਾਰ ਲਿਆ। ਰਾਜੇ ਨੇ ਪਾਠਸ਼ਾਲਾ ਵਿੱਚ ਪੜ੍ਹਨ ਲਈ (ਪਾਂਧੇ ਨੂੰ) ਸੌਂਪਿਆ। (ਪ੍ਰਹਿਲਾਦ ਨੇ ਪਾਂਧੇ ਨੂੰ) ਕਿਹਾ ਕਿ (ਮੇਰੀ) ਪੱਟੀ ਉਤੇ ਗੋਪਾਲ ਦਾ ਨਾਂ ਲਿਖ ਦਿਓ। ੪।

{ਗੁਰੂ ਗਰੰਥ ਸਾਹਿਬ ਦੇ ਪੰਨੇ ੧੧੩੩ ਅਤੇ ੧੧੫੪ ਵਿਖੇ ਵੀ ਇਸ ਪ੍ਰਸੰਗ ਦਾ ਜ਼ਿਕਰ ਕੀਤਾ ਹੋਇਆ ਹੈ, ਉੱਥੇ ਇਹ ਸਾਫ ਵੇਰਵਾ ਦਿੱਤਾ ਹੋਇਆ ਹੈ ਜਿਵੇਂ: “ਰਾਗੁ ਭੈਰਉ, ਮਹਲਾ ੩, ਨਾਨਕ ਅਤੇ ਰਹਾਉ”। ਇਵੇਂ ਹੀ, ਗਉੜੀ ਮਹਲਾ ੧-ਪੰਨਾ ੨੨੪; ਸੋਰਠਿ ਮਹਲਾ ੩-ਪੰਨਾ ੬੦੧/੬੩੭; ਰਾਗੁ ਮਾਲੀ ਗਉੜਾ ਮਹਲਾ ੪-ਪੰਨਾ ੯੮੪; ਭੈਰਉ ਨਾਮਦੇਉ ਜੀਉ-ਪੰਨਾ ੧੧੬੫; ਬਸੰਤੁ ਬਾਣੀ ਭਗਤ ਕਬੀਰ ਜੀ-ਪੰਨਾ ੧੧੯੪ ਅਤੇ ਹੋਰ ਵੀ ਸ਼ਬਦ। ਪਰ, ਐਸੀ ਜਾਣਕਾਰੀ ਅਖੌਤੀ ਦਸਮ-ਗ੍ਰੰਥ ਵਿਖੇ ਨਹੀਂ ਮਿਲਦੀ?}

ਤੋਟਕ ਛੰਦ
ਇਕਿ ਦਿਵਸ ਗਯੋ ਚਟਸਾਰਿ ਨ੍ਰਿਪੰ। ਚਿਤਿ ਚੌਕ ਰਹਿਯੋ ਸੁਭਿ ਦੇਖਿ ਸੁਤੰ।
ਜੋ ਪੜਿਯੋ ਦਿਜ ਤੇ ਸੁਨ ਤਾਹਿ ਰੜੋ। ਨਿਰਭੈ ਸਿਸੁ ਨਾਮੁ ਗੁਪਾਲਿ ਪੜੋ। ੫।

ਅਰਥ: ਇੱਕ ਦਿਨ ਰਾਜਾ ਪਾਠਸ਼ਾਲਾ ਵਿੱਚ ਗਿਆ ਅਤੇ ਪੁੱਤਰ ਨੂੰ ਠੀਕ ਠਾਕ ਵੇਖ ਕੇ ਚਿੱਤ ਵਿੱਚ ਹੈਰਾਨ ਹੋਇਆ। (ਉਸ ਨੇ ਕਿਹਾ) ਸੁਣ, ਜੋ (ਤੂੰ) ਬ੍ਰਾਹਮਣ ਤੋਂ ਪੜ੍ਹਿਆ ਹੈ, ਉਹ ਸੁਣਾ। ਬੱਚੇ ਨੇ ਨਿਰਭੈ ਹੋ ਕੇ ਗੋਪਾਲ ਦਾ ਨਾਂ ਪੜ੍ਹਿਆ। ੫।

ਸੁਨਿ ਨਾਮੁ ਗੁਪਾਲ ਰਿਸ੍ਹਯੋ ਅਸੁਰੰ। ਬਿਨੁ ਮੋਹਿ ਸੁ ਕਉਣੁ ਭਜੋ ਦੁਸਰੰ।
ਜੀਯ ਮਾਹਿ ਧਰੋ ਸਿਸੁ ਯਾਹਿ ਹਨੋ। ਜੜ ਕਿਉ ਭਗਵਾਨ ਕੋ ਨਾਮ ਭਨੋ॥ ੬॥

ਅਰਥ: ਗੋਪਾਲ ਦਾ ਨਾਂ ਸੁਣ ਕੇ ਦੈਂਤ ਨੂੰ ਕ੍ਰੋਧ ਆ ਗਿਆ। ਮੇਰੇ ਤੋਂ ਬਿਨਾ ਹੋਰ ਕੌਣ ਹੈ, (ਜਿਸ ਨੂੰ ਤੂੰ) ਜਪਦਾ ਹੈਂ। (ਹਿਰਨਕਸ਼ਪ ਨੇ) ਮਨ ਵਿੱਚ ਪੱਕੀ ਕਰ ਲਈ ਕਿ ਇਸ ਬੱਚੇ ਨੂੰ ਮਾਰ ਦੇਣਾ ਹੈ। ਹੇ ਮੂਰਖ! (ਤੂੰ) ਭਗਵਾਨ ਦਾ ਨਾਂ ਕਿਉਂ ਜਪਦਾ ਹੈਂ। ੬।

ਜਲ ਅਉਰ ਥਲੰ ਇੱਕ ਬੀਰ ਮਨੰ। ਇਹ ਕਾਹਿ ਗੁਪਾਲ ਕੋ ਨਾਮੁ ਭਨੰ।
ਤਬ ਹੀ ਤਿਹ ਬਾਧਤ ਥੰਮ ਭਏ। ਸੁਨਿ ਸ੍ਰਵਨਨ ਦਾਨਵ ਬੈਨ ਧਏ। ੭।

ਅਰਥ: ਜਲ ਅਤੇ ਥਲ ਵਿੱਚ ਇੱਕ ਮੈਂ ਹੀ ਸ਼ੂਰਵੀਰ ਹਾਂ। ਇਹ ਕਿਸ ਲਈ ਗੋਪਾਲ ਦਾ ਨਾਂ ਜਪਦਾ ਹੈ। ਤਦ ਹੀ ਇਸ ਨੂੰ ਥੰਮ ਨਾਲ ਬੰਨ੍ਹ ਦਿੱਤਾ। (ਰਾਜੇ ਦੇ) ਬੋਲ ਸੁਣਦਿਆਂ ਹੀ ਦੈਂਤ ਲੋਕ (ਹੁਕਮ ਦੀ ਪਾਲਨਾ ਲਈ) ਭਜ ਗਏ। ੭।

ਗਹਿ ਮੂੜ ਚਲੋ ਸਿਸੁ ਮਾਰਨ ਕੋ। ਨਿਕਸ੍ਹਯੋ ਬ ਗੁਪਾਲ ਉਬਾਰਨ ਕੋ।
ਚਕਚਉਧ ਰਹੇ ਜਨ ਦੇਖਿ ਸਬੈ। ਨਿਕਸ੍ਹਯੋ ਹਰਿ ਫਾਰਿ ਕਿਵਾਰ ਜਬੈ। ੮।

ਅਰਥ: ਬੱਚੇ ਨੂੰ ਮਾਰਨ ਲਈ ਉਹ ਮੂਰਖ ਦੈਂਤ ਫੜ ਕੇ ਲੈ ਚਲੇ। ਤਦੋਂ (ਬੱਚੇ ਨੂੰ) ਉਬਾਰਨ ਲਈ ਗੋਪਾਲ ਪ੍ਰਗਟ ਹੋ ਗਿਆ। ਸਾਰੇ ਮਨੁੱਖ ਉਸ ਨੂੰ ਵੇਖ ਕੇ ਹੈਰਾਨ ਰਹਿ ਗਏ, ਜਦੋਂ ਹਰਿ (ਨਰਸਿੰਘ) ਕਿਵਾੜ ਫਾੜ ਕੇ ਨਿਕਲਿਆ। ੮।

ਲਖਿ ਦੇਵ ਦਿਵਾਰ ਸਬੈ ਥਹਰੇ। ਅਵਿਲੋਕਿ ਚਰਾਚਰ ਹੂੰਹਿ ਹਿਰੇ।
ਗਰਜੇ ਨਰਸਿੰਘ ਨਰਾਂਤ ਕਰੰ। ਦ੍ਰਿਗ ਰਤ ਕੀਏ ਮੁਖ ਸ੍ਰੋਣ ਭਰੰ। ੯।

ਅਰਥ: (ਨਰਸਿੰਘ ਨੂੰ) ਵੇਖ ਕੇ ਸਾਰੇ ਦੇਵਤੇ ਅਤੇ ਦੈਂਤ ( ‘ਦਿਵਾਰ’ -ਦੇਵ-ਅਰਿ) ਕੰਬਣ ਲਗ ਗਏ, ਜੜ ਅਤੇ ਚੇਤਨ (ਵੇਖ ਕੇ) ਹੈਰਾਨ ਹੋ ਗਏ। ਨਰਾਂ ਦਾ ਅੰਤ ਕਰਨ ਵਾਲੇ ਨਰਸਿੰਘ ਨੇ ਅੱਖਾਂ ਲਾਲ ਕਰਕੇ ਅਤੇ ਮੂੰਹ ਲਹੂ ਨਾਲ ਭਰ ਕੇ ਗਰਜਨਾ ਕੀਤੀ। ੯।

ਲਖਿ ਦਾਨਵ ਭਾਜ ਚਲੇ ਸਬ ਹੀ। ਗਰਜਿਯੋ ਨਰਸਿੰਘ ਰਣੰ ਜਬ ਹੀ।
ਇਕ ਭੂਪਤਿ ਠਾਢਿ ਰਹਿਯੋ ਰਣ ਮੈ। ਗਹਿ ਹਾਥਿ ਗਦਾ ਨਿਰਭੈ ਮਨ ਮੈ। ੧੦।

ਅਰਥ: ਜਦੋਂ ਨਰਸਿੰਘ ਰਣ ਵਿੱਚ ਗਰਜਿਆ (ਤਦੋਂ ਉਸ ਨੂੰ) ਵੇਖ ਕੇ ਸਾਰੇ ਦੈਂਤ ਭਜ ਗਏ। ਇਕੋ ਰਾਜਾ (ਹਿਰਨਕਸ਼ਪ) ਹੀ ਹੱਥ ਵਿੱਚ ਗਦਾ ਲੈ ਕੇ ਨਿਡਰ ਮਨ ਨਾਲ ਰਣ-ਭੂਮੀ ਵਿੱਚ ਡਟਿਆ ਰਿਹਾ। ੧੦।

ਲਰਜੇ ਸਬ ਸੂਰ ਨ੍ਰਿਪੰ ਗਰਜੇ। ਸਮੁਹਾਤ ਭਏ ਭਟ ਕੇਹਰਿ ਕੇ।
ਜੁ ਗਏ ਸਮੁਹੇ ਛਿਤ ਤੈ ਪਟਕੇ। ਰਣਿ ਭੈ ਰਣਧੀਰ ਬਟਾ ਨਟ ਕੇ। ੧੧।

ਅਰਥ: ਜਦੋਂ ਰਾਜੇ (ਹਿਰਨਕਸ਼ਪ) ਨੇ ਲਲਕਾਰਾ ਮਾਰਿਆ ਤਾਂ ਸਾਰੇ ਸੂਰਮੇ ਕੰਬਣ ਲਗ ਗਏ ਅਤੇ ਨਰਸਿੰਘ ਦੇ ਸਾਹਮਣੇ ਹੋਏ। ਜੋ ਵੀ ਜੰਗ ਕਰਨ ਲਈ ਸਾਹਮਣੇ ਆਏ, ਉਹ ਨਟ ਦੇ ਵੱਟੇ ਵਾਂਗ ਧਰਤੀ ਉਤੇ ਪਟਕੇ ਗਏ। ੧੧।

ਬਬਕੇ ਰਣਧੀਰ ਸੁ ਬੀਰ ਘਣੇ। ਰਹਿਗੇ ਮਨੋ ਕਿੰਸਕ ਸ੍ਰੋਣ ਸਣੇ।
ਉਮਗੇ ਚਹੂੰ ਓਰਨ ਤੇ ਰਿਪੁ ਯੌ। ਬਰਸਾਤਿ ਬਹਾਰਨ ਅਭ੍ਰਨ ਜਿਯੋ। ੧੨।

ਅਰਥ: ਬਹੁਤੇ ਜੰਗਜੂ ਸ਼ੂਰਵੀਰ ਲਲਕਾਰਦੇ ਸਨ ਅਤੇ ਲਹੂ ਦੇ ਭਿਜੇ (ਇੰਜ ਖੜੋਤੇ ਪ੍ਰਤੀਤ ਹੋ ਰਹੇ ਸਨ) ਮਾਨੋ ਕੇਸੂ ਦੇ ਫੁਲ ਹੋਣ। ਚੌਹਾਂ ਪਾਸਿਆਂ ਤੋਂ ਵੈਰੀ ਇੰਜ ਉਲਰੇ ਜਿਵੇਂ ਵਰਖਾ ਦੀ ਰੁਤ ਵਿੱਚ ਬਦਲ ਘਿਰਦੇ ਹਨ। ੧੨।

ਬਰਖੈ ਸਰ ਸੁਧ ਸਿਲਾ ਸਿਤਿਯੰ। ਉਮਡੇ ਬਰਬੀਰ ਦਸੋ ਦਿਸਿਯੰ।
ਚਮਕੰਤ ਕ੍ਰਿਪਾਣ ਸੁ ਬਾਣ ਜੁਧੰ। ਫਹਰੰਤ ਧੁਜਾ ਜਨੁ ਬੀਰ ਕ੍ਰੁਧੰ। ੧੩।

ਅਰਥ: ਦਸਾਂ ਦਿਸ਼ਾਵਾਂ ਤੋਂ ਯੋਧੇ ਉਮਡੇ ਆ ਰਹੇ ਸਨ ਅਤੇ ਸ਼ਿਲਾ (ਉਤੇ ਰਗੜ ਕੇ) ਸਫ਼ੈਦ ਕੀਤੇ ਤੀਰਾਂ ਦੀ ਬਰਖਾ ਕਰ ਰਹੇ ਸਨ। ਯੁੱਧ ਵਿੱਚ ਤੀਰ ਅਤੇ ਤਲਵਾਰਾਂ ਚਮਕਦੀਆਂ ਸਨ। ਝੁਲਦੇ ਹੋਏ ਝੰਡੇ (ਇੰਜ ਪ੍ਰਤੀਤ ਹੋ ਰਹੇ ਸਨ) ਮਾਨੋ ਯੁੱਧ-ਵੀਰ ਕ੍ਰੋਧ (ਨਾਲ ਝੁਲ ਰਹੇ ਹੋਣ)। ੧੩।

ਹਹਰੰਤ ਹਠੀ ਬਰਖੰਤ ਸਰੰ। ਜਨੁ ਸਾਵਨ ਮੇਘ ਬੁਠਿਯੋ ਦੁਸਰੰ।
ਫਰਹੰਤ ਧੁਜਾ ਹਹਰੰਤ ਹਯੰ। ਉਪਜਿਯੋ ਜੀਅ ਦਾਨਵ ਰਾਇ ਭਯੰ। ੧੪।

ਅਰਥ: ਹਠੀ ਸੂਰਮੇ ਹਕਾਰਦੇ ਸਨ ਅਤੇ ਤੀਰਾਂ ਦੀ ਬਰਖਾ ਕਰਦੇ ਸਨ, ਮਾਨੋ ਸਾਵਣ ਮਹੀਨੇ ਵਿੱਚ ਦੋਹਾਂ ਪਾਸੇ ਮੀਂਹ ਪੈ ਰਿਹਾ ਹੋਵੇ। ਝੰਡੇ ਝੂਲਦੇ ਸਹ, ਘੋੜੇ ਹਿਣਕਦੇ ਸਨ। (ਇਸ ਭਿਆਨਕ ਦ੍ਰਿਸ਼ ਨੂੰ ਵੇਖ ਕੇ) ਦੈਂਤ ਰਾਜੇ ਦੇ ਮਨ ਵਿੱਚ ਭੈ ਪੈਦਾ ਹੋ ਗਿਆ। ੧੪।

ਹਿਹਨਾਤ ਹਯੰ ਗਰਜੰਤ ਗਜੰ। ਭਟ ਬਾਹ ਕਟੀ ਜਨੁ ਇੰਦ੍ਰ ਧੁਜੰ।
ਤਰਫੰਤ ਭਟੰ ਗਰਜੰ ਗਜੰ। ਸੁਨ ਕੈ ਧੁਨਿ ਸਾਵਣ ਮੇਘ ਲਜੰ। ੧੫।

ਅਰਥ: ਘੋੜੇ ਹਿਣਕਦੇ ਸਨ, ਹਾਥੀ ਚਿੰਘਾੜਦੇ ਸਨ, ਯੋਧਿਆਂ ਦੀਆਂ ਕਟੀਆ ਬਾਂਹਵਾਂ (ਇੰਜ ਪ੍ਰਤੀਤ ਹੋ ਰਹੀਆਂ ਸਨ) ਮਾਨੋ ਇੰਦਰ ਦੀ ਧੁਜਾ ਹੋਵੇ। ਸੂਰਮੇ ਤੜਪਦੇ ਸਨ, ਹਾਥੀ ਗਜਦੇ ਸਨ (ਜਿਨ੍ਹਾਂ ਦੀ ਆਵਾਜ਼) ਸੁਣ ਕੇ ਸਾਵਣ ਦੇ ਬਦਲ ਸ਼ਰਮਿੰਦੇ ਹੁੰਦੇ ਸਨ। ੧੫।

ਬਿਚਲ੍ਹਯੋ ਪਗ ਦਵੈਕੁ ਫਿਰਿਯੋ ਪੁਨਿ ਜਿਯੋ। ਕਰਿ ਪੁੰਛ ਲਗੇ ਆਹਿ ਕ੍ਰੋਧਤ ਜਿਯੋ।
ਰਣਰੰਗ ਸਮੈ ਮੁਖ ਯੌ ਚਮਕ੍ਹਯੋ। ਲਖਿ ਸੂਰ ਸਰੋਰਹੁ ਸੋ ਦਮਕ੍ਹਯੋ। ੧੬।

ਅਰਥ: (ਹਿਰਨਕਸ਼ਪ) ਵਿਚਲਿਤ ਹੋ ਕੇ ਦੋ ਹੀ ਕਦਮ ਹਟਿਆ ਸੀ ਕਿ ਫਿਰ ਮੁੜਿਆ, ਜਿਵੇਂ ਖਿਝੇ ਹੋਏ ਸੱਪ ਦੀ ਪੂਛਲ ਨੂੰ ਹੱਥ ਲਗਿਆਂ (ਉਹ ਫਿਰਦਾ ਹੈ)। ਯੁੱਧ ਵੇਲੇ (ਉਸ ਦੇ) ਮੂੰਹ ਦਾ ਰੰਗ ਇਸ ਤਰ੍ਹਾਂ ਚਮਕਿਆ, ਜਿਵੇਂ ਸੂਰਜ ਨੂੰ ਵੇਖ ਕੇ ਕਮਲ ਲਿਸ਼ਕਦਾ ਹੈ। ੧੬।

ਰਣ ਰੰਗ ਤੁਰੰਗਨ ਐਸ ਭਯੋ। ਸਿਵ ਧਿਆਨ ਛੁਟ੍ਹਯੋ ਬ੍ਰਹਮੰਡ ਗਿਰਿਯੋ।
ਸਰ ਸੇਲ ਸਿਲਾ ਸਿਤ ਐਸ ਬਹੇ। ਨਭ ਅਉਰ ਧਰਾ ਦੋਊ ਪੂਰਿ ਰਹੇ। ੧੭।

ਅਰਥ: ਰਣ-ਭੂਮੀ ਵਿੱਚ ਘੋੜਿਆਂ ਨੇ ਅਜਿਹਾ (ਹੁਲੜ) ਮਚਾਇਆ ਕਿ ਸ਼ਿਵ ਦਾ ਧਿਆਨ ਛੁਟ ਗਿਆ ਅਤੇ ਬ੍ਰਹਮੰਡ ਹਿਲ ਗਿਆ। ਪੱਥਰ ਉਤੇ ਘਿਸਾ ਕੇ ਚਿੱਟੇ ਕੀਤੇ ਤੀਰ ਅਤੇ ਬਰਛੇ ਇੰਜ ਚਲ ਰਹੇ ਸਨ ਕਿ ਜਿਨ੍ਹਾਂ ਨਾਲ ਧਰਤੀ ਅਤੇ ਆਕਾਸ਼ ਦੋਵੇਂ ਢੱਕੇ ਗਏ ਸਨ। ੧੭।

ਗਣ ਗੰਧ੍ਰਬ ਦੇਖਿ ਦੋਊ ਹਰਖੇ। ਪੁਹਪਾਵਲਿ ਦੇਵ ਸਭੈ ਬਰਖੇ।
ਮਿਲ ਗੇ ਭਟ ਆਪ ਬਿਖੈ ਦੋਊ ਯੋ। ਸਿਸ ਖੇਲਤ ਰੈਣਿ ਹੁਡੂਹੁਡ ਜਿਯੋ। ੧੮।

ਅਰਥ: ਗਣ ਅਤੇ ਗੰਧਰਬ ਦੋਵੇਂ ਵੇਖ ਕੇ ਪ੍ਰਸੰਨ ਹੋ ਰਹੇ ਸਨ ਅਤੇ ਸਾਰੇ ਦੇਵਤੇ ਫੁਲਾਂ ਦੀਆਂ ਮਾਲਾਵਾਂ ਬਰਸਾ ਰਹੇ ਸਨ। ਦੋਵੇਂ ਯੋਧੇ ਆਪਸ ਵਿੱਚ ਇਸ ਤਰ੍ਹਾਂ ਮਿਲ ਗਏ ਸਨ ਜਿਸ ਤਰ੍ਹਾਂ ਬਾਲਕ ਰਾਤ ਨੂੰ ਸ਼ਰਤਾਂ ਲਗਾ ਕੇ (ਜ਼ਿਦ-ਬਜ਼ਿਦੀ) ਖੇਡਦੇ ਹਨ। ੧੮।

ਇੰਜ ਹੀ, ਬਾਕੀ ਛੰਦਾ ਦੁਆਰਾ (੧੯-੩੯) ਲੜਾਈ ਦਾ ਜ਼ਿਕਰ ਵਾਰ ਵਾਰ ਕੀਤਾ ਹੋਇਆ ਹੈ ਅਤੇ ਅਖੀਰ ਵਿਚ….

ਪਾਧਰੀ ਛੰਦ
ਕੀਨੋ ਨਰ ਸਿੰਘ ਦੁਸਟੰ ਸੰਘਾਰ। ਧਰਿਯੋ ਸੁ ਬਿਸਨ ਸਪਤਮ ਵਤਾਰ।
ਲਿਨੋ ਸੁ ਭਗਤ ਅਪਨੋ ਛਿਨਾਇ। ਸਬ ਸਿਸਟਿ ਧਰਮ ਕਰਮਨ ਚਲਾਇ। ੪੦।

ਅਰਥ: ਨਰਸਿੰਘ ਨੇ ਦੁਸਟ ਦੈਂਤ ਦਾ ਸੰਘਾਰ ਕੀਤਾ। (ਇਸ ਤਰ੍ਹਾਂ) ਵਿਸ਼ਣੂ ਨੇ ਸੱਤਵਾਂ ਅਵਤਾਰ ਧਾਰਨ ਕੀਤਾ। (ਉਸ ਨੇ) ਆਪਣੇ ਭਗਤ ਨੂੰ (ਵੈਰੀ ਦੇ ਹੱਥੋਂ) ਖੋਹ ਲਿਆ ਅਤੇ ਸਾਰੀ ਸ੍ਰਿਸ਼ਟੀ ਵਿੱਚ ਧਰਮ-ਕਰਮ ਦੀ ਵਿਵਸਥਾ ਕੀਤੀ। ੪੦।

ਪ੍ਰਹਲਾਦ ਕਰਿਯੋ ਨ੍ਰਿਪ ਛਤ੍ਰ ਫੇਰਿ। ਦੀਨੋ ਸੰਘਾਰ ਸਬ ਇਮ ਅੰਧੇਰ।
ਸਬ ਦੁਸਟ ਅਰਿਸਟ ਦਿਨੇ ਖਪਾਇ। ਪੁਨਿ ਲਈ ਜੋਤਿ ਜੋਤਹਿ ਮਿਲਾਇ। ੪੧।

ਅਰਥ: (ਨਰਸਿੰਘ ਨੇ) ਪ੍ਰਹਿਲਾਦ ਨੂੰ ਰਾਜਾ ਬਣਾਇਆ ਅਤੇ (ਉਸ ਦੇ ਸਿਰ ਉਤੇ) ਛੱਤਰ ਫਿਰਾਇਆ। ਇਸ ਤਰ੍ਹਾਂ (ਪਾਪਾਂ ਦਾ) ਸਾਰਾ ਅੰਧਕਾਰ ਖ਼ਤਮ ਕਰ ਦਿੱਤਾ। ਸਾਰੇ ਦੁਸ਼ਟ ਅਤੇ ਵਿਘਨਕਾਰੀ ਸ਼ਕਤੀਆਂ ਨਸ਼ਟ ਕਰ ਦਿੱਤੀਆਂ ਅਤੇ ਫਿਰ (ਆਪਣੀ) ਜੋਤਿ ਬ੍ਰਹਮ-ਜੋਤਿ ਵਿੱਚ ਮਿਲਾ ਦਿੱਤੀ। ੪੧।

ਸਭ ਦੁਸਟ ਮਾਰਿ ਕੀਨੇ ਅਭੇਖ। ਪੁਨ ਮਿਲ੍ਹਯੋ ਜਾਇ ਭੀਤਰ ਅਲੇਖ।
ਕਬਿ ਜਥਾ ਮਤਿ ਕਥ੍ਹਯੋ ਬਿਚਾਰੁ। ਇੱਕ ਧਰਿਯੋ ਬਿਸਨੁ ਸਪਤਮ ਵਤਾਰ। ੪੨।

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਨਰ ਸਿੰਘ ਸਪਤਮੇ ਅਵਤਾਰ ਸਮਾਪਤਮ ਸਤੁ ਸੁਭਮ ਸਤੁ। ੭।

ਅਰਥ: (ਨਰਸਿੰਘ ਨੇ) ਸਾਰਿਆਂ ਦੁਸ਼ਟਾਂ ਨੂੰ ਮਾਰ ਕੇ ਬੇਹਾਲ ਕਰ ਦਿੱਤਾ ਅਤੇ ਫਿਰ ਅਲੇਖ (ਪਰਮ-ਸੱਤਾ) ਵਿੱਚ ਮਿਲ ਗਿਆ। ਕਵੀ ਨੇ ਆਪਣੀ ਬੁੱਧੀ ਅਨੁਸਾਰ ਵਿਚਾਰ-ਪੂਰਵਕ ਕਥਨ ਕੀਤਾ ਹੈ। ਇਸ ਤਰ੍ਹਾਂ ਵਿਸ਼ਣੂ ਨੇ ਸੱਤਵਾਂ ਅਵਤਾਰ ਧਾਰਨ ਕੀਤਾ ਸੀ। ੪੨।

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦਾ ਨਰਸਿੰਘ ਸੱਤਵਾਂ ਅਵਤਾਰ ਪ੍ਰਸੰਗ ਸਮਾਪਤ, ਸਭ ਸ਼ੁਭ ਹੈ। ੭।

ਇਸ ਬਚਿਤ੍ਰ ਨਾਟਕ ਵਿੱਚ ਹਿੱਸਾ ਲੈਣ ਵਾਲੇ ਅਤੇ ਦੇਖਣ ਵਾਲੇ ਕੀ ਇਹ ਦੱਸਣ ਦੀ ਖ਼ੇਚਲ ਕਰਨਗੇ ਕਿ ਇਸ “ਕਵੀ” ਦਾ ਕੀ ਨਾਂ ਹੈ ਅਤੇ ਉਹ ਕਿਸ ਇਲਾਕੇ ਦਾ ਵਾਸੀ ਸੀ?

ਖਿਮਾ ਦਾ ਜਾਚਕ,

੮ ਸਤੰਬਰ ੨੦੧੩


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top