Share on Facebook

Main News Page

ਬਚਿੱਤਰ ਨਾਟਕ 'ਚ ਵਿਸ਼ਣੂ ਦਾ ਛੇਵਾਂ ਅਵਤਾਰ: ਬੈਰਾਹ (ਵਾਰਾਹ) ਅਵਤਾਰ !
-: ਗੁਰਮੀਤ ਸਿੰਘ ਸਿੱਡਨੀ

* ਪਿਛਲੇ ਅੰਕ 'ਚ ਆਏ ਅਵਤਾਰਾਂ ਬਾਰੇ ਪੜ੍ਹੋ: ਮੱਛ ਅਵਤਾਰ, ਕੱਛ ਅਵਤਾਰ, ਕ੍ਰਿਸਨਾਵਤਾਰ, ਨਰ ਨਾਰਾਇਣ ਅਵਤਾਰ, ਮਹਾ ਮੋਹਨੀ ਅਵਤਾਰ

ਪਾਠਕ ਜਾਣਦੇ ਹਨ ਕਿ ਚੌਬੀਸ ਅਵਤਾਰ ਬਚਿਤ੍ਰ ਨਾਟਕ ਦੀ ਤੀਸਰੇ ਨੰਬਰ ਦੀ ਰਚਨਾ ਹੈ, ਜਿਸ ਵਿੱਚ ਵਿਸ਼ਣੂ ਦੇ (੨੪) ਅਵਤਾਰਾਂ ਦੀਆਂ ਚਰਿਤ੍ਰ-ਕਥਾਵਾਂ ਬਾਰੇ ਕੁੱਝ ਕੁ ਜਾਣਕਾਰੀ ਦਿੱਤੀ ਹੋਈ ਹੈ। ਮੱਛ ਅਵਤਾਰ, ਕੱਛ ਅਵਤਾਰ, ਕ੍ਰਿਸਨਾਵਤਾਰ, ਨਰ-ਨਾਰਾਇਣ ਅਵਤਾਰ ਅਤੇ ਮਹਾ ਮੋਹਨੀ ਅਵਤਾਰ ਸੰਬੰਧਿਤ ਪਹਿਲਾਂ ਹੀ ਲੇਖ ਸਾਂਝੇ ਕੀਤੇ ਗਏ ਹਨ ਅਤੇ ਹੁਣ ਦੇਖੋ ਕਿ ਬੈਰਾਹ (ਵਾਰਾਹ) ਅਵਤਾਰ ਰਾਹੀਂ ਕਿਵੇਂ ਗੱਪ ਮਾਰੀ ਗਈ ਹੈ!

ਭੁਜੰਗ ਪ੍ਰਯਾਤ ਛੰਦ
ਦਯੋ ਬਾਟ ਮਦਿਯੰ ਅਮਦਿਯੰ ਭਗਵਾਨੰ। ਗਏ ਠਾਮ ਠਾਮੰ ਸਬੈ ਦੇਵ ਦਾਨੰ।
ਪੁਨਰ ਦ੍ਰੋਹ ਬਢਿਯੋ ਸੁ ਆਪੰ ਮਝਾਰੰ॥ ਭਜੇ ਦੇਵਤਾ ਦਈਤ ਜਿਤੇ ਜੁਝਾਰੰ। ੧।

ਅਰਥ ਕਰਤਾ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ: ਭਗਵਾਨ (ਮੋਹਨੀ) ਨੇ ਸ਼ਰਾਬ ਅਤੇ ਅੰਮ੍ਰਿਤ ਵੰਡ ਦਿੱਤੇ ਅਤੇ ਦੇਵਤੇ ਅਤੇ ਦੈਂਤ (ਆਪਣੇ ਆਪਣੇ) ਠਿਕਾਣਿਆਂ ਅਤੇ ਸਥਾਨਾਂ ਨੂੰ ਚਲੇ ਗਏ। ਉਨ੍ਹਾਂ ਦੋਹਾਂ ਵਿਚਾਲੇ ਫਿਰ ਕਲੇਸ਼ ਵੱਧ ਗਿਆ। ਦੇਵਤੇ ਭਜ ਗਏ ਅਤੇ ਜੁਝਾਰੂ ਦੈਂਤ ਜਿਤ ਗਏ। ੧।

ਹਿਰਿਨ੍ਹਯੋ ਹਿਰਿੰਨਾਛਸੰ ਦੋਇ ਬੀਰੰ। ਸਬੈ ਲੋਗ ਕੈ ਜੀਤ ਲੀਨੇ ਗਹੀਰੰ।
ਜਲੰ ਬਾ ਥਲੇਯੰ ਕੀਯੋ ਰਾਜ ਸਰਬੰ। ਭੁਜਾ ਦੇਖਿ ਭਾਰੀ ਬਢਿਯੋ ਤਾਹਿ ਗਰਬੰ। ੨।

ਅਰਥ: ਹਿਰਨਕਸ਼ਪ ਅਤੇ ਹਰਨਾਖਸ਼ (ਨਾਂ ਦੇ) ਦੋ ਦੈਂਤ ਵੀਰ (ਹੋਏ, ਉਨ੍ਹਾਂ ਨੇ) ਸਾਰਿਆਂ ਲੋਕਾਂ ਦੀ ਧਨ-ਦੌਲਤ ਜਿਤ ਲਈ। (ਉਨ੍ਹਾਂ ਨੇ) ਜਲ ਅਤੇ ਥਲ ਸਭ ਪਾਸੇ ਆਪਣਾ ਰਾਜ ਕਾਇਮ ਕਰ ਲਿਆ। ਆਪਣੀ ਭਾਰੀ (ਸ਼ਕਤੀਵਰ) ਭੁਜਾਵਾਂ ਨੂੰ ਵੇਖ ਕੇ ਉਨ੍ਹਾਂ ਦਾ ਹੰਕਾਰ ਬਹੁਤ ਵੱਧ ਗਿਆ। ੨।

ਚਹੈ ਜੁਧ ਮੋ ਸੋ ਕਰੇ ਆਨਿ ਕੋਊ। ਵਲੀ ਹੋਏ ਵਾ ਸੋ ਭਿਰੇ ਆਨਿ ਸੋਊ।
ਚੜਿਯੋ ਮੇਰ ਸ੍ਰਿੰਗ ਪਗੰ ਗੁਸਟ ਸੰਗੰ। ਹਰੇ ਬੇਦ ਭੂਮੰ ਕੀਏ ਸਰਬ ਭੰਗੰ। ੩।

ਅਰਥ: (ਦੋਵੇਂ) ਚਾਹੁੰਦੇ ਸਨ ਕਿ ਕੋਈ (ਸਾਡੇ ਨਾਲ) ਆ ਕੇ ਯੁੱਧ ਕਰੇ। (ਪਰ) ਉਨ੍ਹਾਂ ਤੋਂ ਕੋਈ ਅਧਿਕ ਬਲੀ ਹੁੰਦਾ ਤਾਂ ਹੀ ਉਹ ਆ ਕੇ ਲੜਦਾ। (ਅੰਤ ਵਿੱਚ ਹਰਨਾਖਸ਼ ਨੇ) ਸੁਮੇਰ ਪਰਬਤ ਦੀ ਚੋਟੀ ਉਤੇ ਚੜ੍ਹ ਕੇ (ਉਸ ਨੂੰ) ਪੈਰ ਦੇ ਅੰਗੂਠੇ ਨਾਲ (ਦਬ ਦਿੱਤਾ) ਅਤੇ ਵੇਦ ਖੋਹ ਲਏ। ਭੂਮੀ ਦੇ ਸਾਰੇ (ਯੱਗ) ਭੰਗ ਕਰ ਦਿੱਤੇ। ੩।

ਧਸੀ ਭੂਮਿ ਬੇਦੰ ਰਹੀ ਹੁਐ ਪਤਾਰੰ। ਧਰਿਯੋ ਬਿਸਨ ਤਉ ਦਾੜ ਗਾੜਾਵਤਾਰੰ।
ਧਸ੍ਹਯੋ ਨੀਰ ਮਧੰ ਕੀਯੋ ਊਚ ਨਾਦੰ। ਰਹੀ ਧੂਰਿ ਪੂਰੰ ਧੁਨੰ ਨਿਰਬਖਾਦੰ। ੪।

ਅਰਥ: (ਪੈਰ ਦੇ ਅੰਗੂਠੇ ਨਾਲ ਦੱਬਣ ਕਰਕੇ) ਵੇਦਾਂ ਸਮੇਤ ਧਰਤੀ (ਜਲ ਵਿਚ) ਧਸ ਗਈ ਅਤੇ ਪਾਤਾਲ ਲੋਕ ਵਿੱਚ (ਸਥਿਤ ਹੋ ਗਈ)। ਤਦੋਂ ਵਿਸ਼ਣੂ ਨੇ ਕਠੋਰ ਹੁਡਾਂ ਵਾਲਾ ਰੂਪ ਧਾਰਨ ਕੀਤਾ ਅਤੇ ਜਲ ਵਿੱਚ ਧਸ ਗਿਆ ਅਤੇ ਉੱਚੀ ਆਵਾਜ਼ ਕੀਤੀ ਜੋ ਸਾਰੇ ਜਗਤ ਵਿੱਚ ਅਖੰਡ ਧੁਨੀ ਵਜੋਂ ਪਸਰ ਗਈ। ੪।

ਬਜੇ ਡਾਕ ਡਉਰੂ ਦੋਊ ਬੀਰ ਜਾਗੇ। ਸੁਣੇ ਨਾਦਿ ਬੰਕੇ ਮਹਾ ਭਰਿ ਭਾਗੇ।
ਝਮੀ ਤੇਗ ਤੇਜੰ ਸਰੋਸੰ ਪ੍ਰਹਾਰੰ। ਖਿਵੀ ਦਾਮਿਨੀ ਜਾਣੁ ਭਾਦੋ ਮਝਾਰੰ। ੫।

ਅਰਥ: (ਵਾਰਾਹ ਦਾ) ਡਕ ਡਕ ਕਰਦਾ ਡੋਰੂ ਵਜਿਆ (ਜਿਸ ਦੀ) ਧੁਨੀ ਨੂੰ ਸੁਣ ਕੇ ਦੋਵੇਂ (ਦੈਂਤ) ਸੂਰਮੇ ਜਾਗ ਗਏ। (ਉਨ੍ਹਾਂ ਦੇ) ਭਿਆਨਕ ਨਾਦ ਨੂੰ ਸੁਣ ਕੇ ਵੱਡੇ ਵੱਡੇ ਵੀਰ ਯੋਧੇ ਵੀ ਭਜ ਗਏ। ਕ੍ਰੋਧ ਨਾਲ ਚਲਾਈਆਂ ਜਾ ਰਹੀਆਂ ਤਿਖੀਆਂ ਤਲਵਾਰਾਂ (ਇੰਜ ਚਲਦੀਆ ਪ੍ਰਤੀਤ ਹੁੰਦੀਆਂ ਸਨ) ਮਾਨੋ ਭਾਦਰੋਂ ਦੇ ਮਹੀਨੇ ਵਿੱਚ ਬਿਜਲੀ ਚਮਕਦੀ ਹੋਵੇ। ੫।

ਮੁਖੰ ਮੁਛ ਬੰਕੀ ਬਕੈ ਸੂਰ ਬੀਰੰ। ਤੜੰਕਾਰ ਤੇਗੰ ਸੜੰਕਾਰ ਤੀਰੰ।
ਧਮਕਾਰ ਸਾਂਗੰ ਖੜਕਾਰ ਖਗੰ। ਟੁਟੇ ਟੂਕ ਟੋਪੰ ਉਠੇ ਨਾਲ ਅਗੰ। ੬।

ਅਰਥ: ਮੂੰਹ ਉਤੇ ਕੁੰਡਲੀਆਂ ਮੁੱਛਾਂ ਵਾਲੇ ਸ਼ੂਰਵੀਰ ਲਲਕਾਰੇ ਮਾਰਦੇ ਸਨ। ਤਲਵਾਰਾਂ ਤਾੜ ਤਾੜ ਕਰਦੀਆਂ ਸਨ ਅਤੇ ਤੀਰ ਸੜ ਸੜ ਕਰਦੇ ਚਲਦੇ ਸਨ। ਬਰਛਿਆਂ ਦਾ ਧਮਕਾਰ ਹੁੰਦਾ ਸੀ ਅਤੇ ਖੜਗਾਂ ਦਾ ਖੜਕਾਰ ਹੁੰਦਾ ਸੀ। (ਵੀਰਾਂ ਦੇ ਸਿਰਾਂ ਦੇ) ਟੋਪ ਟੋਟੇ ਟੋਟੇ ਹੋ ਰਹੇ ਸਨ ਅਤੇ ਬੰਦੂਕਾਂ ਵਿਚੋਂ ਅੱਗ ਨਿਕਲ ਰਹੀ ਸੀ। ੬।

ਉਠੇ ਨਦ ਨਾਦੰ ਢਮਕਾਰ ਢੋਲੰ। ਢਲੰਕਾਰ ਢਾਲੇ ਮੁਖੰ ਮਾਰ ਬੋਲੰ।
ਖਹੇ ਖਗ ਖੂਨੀ ਖੁਲੇ ਬੀਰ ਖੇਤੰ। ਨਚੇ ਕੰਧਿ ਹੀਣੰ ਕਮਧੰ ਨ੍ਰਿਚੇਤੰ। ੭।

ਅਰਥ: ਢੋਲਾਂ ਵਿਚੋਂ ਢੰਮ ਢੰਮ ਦਾ ਨਾਦ ਨਿਕਲ ਰਿਹਾ ਸੀ। ਢਾਲਾਂ ਵਿਚੋਂ ਢਕ-ਢਕ ਦੀ (ਆਵਾਜ਼ ਹੋ ਰਹੀ ਸੀ ਅਤੇ ਸੂਰਮੇ) ਮੂੰਹ ਵਿਚੋਂ ਮਾਰੋ-ਮਾਰੋ ਬੋਲ ਰਹੇ ਸਨ। ਰਣ-ਭੂਮੀ ਵਿੱਚ ਵੀਰ ਯੋਧਿਆਂ ਦੀਆਂ ਖੂਨ ਨਾਲ ਲਥਪਥ ਨੰਗੀਆਂ ਤਲਵਾਰਾਂ ਇੱਕ ਦੂਜੇ ਨਾਲ ਖਹਿ ਰਹੀਆਂ ਸਨ। ਗਰਦਨਾਂ ਤੋਂ ਬਿਨਾ ਧੜ ਪ੍ਰਾਣਹੀਣ ਸਥਿਤੀ ਵਿੱਚ ਨਚ ਰਹੇ ਸਨ। ੭।

ਭਰੇ ਜੋਗਣੀ ਪਤ੍ਰ ਚਉਸਠ ਚਾਰੀ। ਨਚੀ ਖੇਲਿ ਸੀਸੰ ਬਕੀ ਬਿਕਰਾਰੀ।
ਹਸੈ ਭੂਤ ਪ੍ਰੇਤੰ ਮਹਾ ਬਿਕਰਾਲੰ। ਬਜੇ ਡਾਕ ਡਉਰੂ ਕਰੂਰੰ ਕਰਾਲੰ। ੮।

ਅਰਥ: ਚੌਸਠ ਜੋਗਣਾਂ ਲਹੂ ਦੇ ਖੱਪਰ ਭਰ ਕੇ ਫਿਰ ਰਹੀਆਂ ਸਨ, ਸਿਰਾਂ ਦੇ ਵਾਲ ਖੋਲ੍ਹ ਕੇ ਨਚ ਰਹੀਆਂ ਸਨ ਅਤੇ ਭਿਆਨਕ ਸ਼ਬਦ ਬੋਲ ਰਹੀਆਂ ਸਨ। ਬਹੁਤ ਭਿਆਨਕ ਭੂਤ ਅਤੇ ਪ੍ਰੇਤ ਹਸ ਰਹੇ ਸਨ। ਕਠੋਰ ਅਤੇ ਭਿਆਨਕ ਡੌਰੂ ਡਕ ਡਕ ਕਰਦੇ ਵਜ ਰਹੇ ਸਨ। ੮।

ਪ੍ਰਹਾਰੰਤ ਮੁਸਟੰ ਕਰੈ ਪਾਵ ਘਾਤੰ। ਮਨੋ ਸਿੰਘ ਸਿੰਘੰ ਡਹੇ ਗਜ ਮਾਤੰ।
ਛੁਟੀ ਈਸ ਤਾੜੀ ਡਗਿਯੋ ਬ੍ਰਹਮ ਧਿਆਨੰ। ਭਜ੍ਹਯੋ ਚੰਦ੍ਰਮਾ ਕਾਪ ਭਾਨੰ ਮਦੁਯਾਨੰ। ੯।

ਅਰਥ: (ਹਰਨਾਖਸ਼ ਅਤੇ ਵਾਰਾਹ ਇੱਕ ਦੂਜੇ ਨੂੰ) ਮੁੱਕੇ ਮਾਰਦੇ ਸਨ ਅਤੇ ਪੈਰਾਂ ਨਾਲ ਵੀ ਪ੍ਰਹਾਰ ਕਰਦੇ ਸਨ। (ਇੰਜ ਲਗਦਾ ਸੀ) ਮਾਨੋ ਸ਼ੇਰ ਨਾਲ ਸ਼ੇਰ ਜਾਂ ਮਸਤ ਹਾਥੀ ਨਾਲ ਹਾਥੀ ਭਿੜ ਰਿਹਾ ਹੋਵੇ। (ਇਸ ਯੁੱਧ ਦੀ ਭਿਆਨਕਤਾ ਕਾਰਨ) ਸ਼ਿਵ ਦੀ ਸਮਾਧੀ ਟੁਟ ਗਈ ਅਤੇ (ਉਸ ਦਾ) ਬ੍ਰਹਮ ਵਿੱਚ ਧਿਆਨ ਉਖੜ ਗਿਆ ਅਤੇ ਸੂਰ ਤੇ ਚੰਦ੍ਰਮਾ ਦੁਪਹਿਰ ਵੇਲੇ ਹੀ ਡਰਦਿਆਂ ਭਜ ਗਏ। ੯।

ਜਲੇ ਬਾ ਥਲੇਯੰ ਥਲੰ ਤਥ ਨੀਰੰ। ਕਿਧੋ ਸੰਧਿਯੰ ਬਾਣ ਰਘੁ ਇੰਦ੍ਰ ਬੀਰੰ।
ਕਰੈ ਦੈਂਤ ਆਘਾਤ ਮੁਸਟੰ ਪ੍ਰਹਾਰੰ। ਮਨੋ ਚੋਟ ਬਾਹੈ ਘਰਿਯਾਰੀ ਘਰਿਯਾਰੰ। ੧੦।

ਅਰਥ: (ਅਜਿਹਾ ਯੁੱਧ ਮਚਿਆ ਕਿ) ਪਾਣੀ ਵਾਲੀ ਥਾਂ ਧਰਤੀ ਅਤੇ ਧਰਤੀ ਵਾਲੀ ਥਾਂ ਪਾਣੀ ਹੋ ਗਿਆ। (ਅਰਥਾਤ ਪਾਣੀ ਵਿੱਚ ਬਹੁਤ ਉਛਾਲ ਆ ਗਿਆ) ਜਿਵੇਂ (ਸਮੁੰਦਰ ਨੂੰ ਰਸਤਾ ਦੇਣ ਲਈ) ਸ਼ੂਰਵੀਰ ਸ੍ਰੀ ਰਾਮ ਚੰਦਰ ਨੇ ਬਾਣ ਖਿਚਿਆ ਹੈ। ਦੈਂਤ ਜੋ ਮੁਕਿਆਂ ਦਾ ਪ੍ਰਹਾਰ ਕਰਦਾ ਸੀ, ਉਹ ਮਾਨੋ ਘੜਿਆਲੀ ਘੜਿਆਲ ਉਤੇ ਸੱਟਾਂ ਮਾਰਦਾ ਹੋਵੇ। ੧੦।

ਬਜੇ ਡੰਗ ਬੰਕੇ ਸੁ ਕ੍ਰੂਰੰ ਕਰਾਰੇ। ਮਨੋ ਗਜ ਜੁਟੇ ਦੰਤਾਰੇ ਦੰਤਾਰੇ।
ਢਮੰਕਾਰ ਢੋਲੰ ਰਣੰਕੇ ਨਫੀਰੰ। ਸੜਕਾਰ ਸਾਗੰ ਤੜਕਾਰ ਤੀਰੰ। ੧੧।

ਅਰਥ: ਭਿਆਨਕ ਨਗਾਰੇ ਵਜਦੇ ਸਨ ਅਤੇ ਕਠੋਰ ਅਤੇ ਕਰੜੇ (ਯੋਧੇ ਆਪਸ ਵਿਚ) ਭਿੜਦੇ ਸਨ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਲੰਬੇ ਦੰਦਾਂ ਵਾਲੇ ਹਾਥੀ ਆਪਸ ਵਿੱਚ ਜੁੱਟੇ ਹੋਣ। ਢੋਲਾਂ ਦੀ ਢੰਮਕਾਰ ਅਤੇ ਨਫ਼ੀਰੀਆਂ ਦੀ ਗੂੰਜ ਹੋ ਰਹੀ ਹੈ। ਸੜ-ਸੜ ਕਰਦੇ ਬਰਛੇ ਅਤੇ ਤੜ-ਤੜ ਕਰਦੇ ਤੀਰ (ਚਲਦੇ ਹਨ)। ੧੧।

ਦਿਨੰ ਅਸਟ ਜੁਧੰ ਭਯੋ ਅਸਟ ਰੈਣੰ। ਡਗੀ ਭੂਮਿ ਸਰਬੰ ਉਠਿਯੋ ਕਾਂਪ ਗੈਣੰ।
ਰਣੰ ਰੰਗ ਰਤੇ ਸਭੈ ਰੰਗਭੂਮੰ। ਹਣ੍ਹਯੋ ਬਿਸਨ ਸਤ੍ਰੰ ਗਿਰਿਯੋ ਅੰਤਿ ਭੂਮੰ। ੧੨।

ਅਰਥ: ਅੱਠ ਦਿਨਾਂ ਅਤੇ ਅੱਠ ਰਾਤਾਂ ਤਕ ਯੁੱਧ ਹੋਇਆ। ਸਾਰੀ ਭੂਮੀ ਡਾਵਾਂ-ਡੋਲ ਹੋ ਗਈ ਅਤੇ ਆਕਾਸ਼ ਵੀ ਕੰਬ ਉਠਿਆ। ਰਣ-ਭੂਮੀ ਵਿੱਚ (ਮੌਜੂਦ) ਸਾਰੇ ਯੁੱਧ ਦੇ ਰੰਗ ਵਿੱਚ ਰੰਗੇ ਹੋਏ ਸਨ। ਵਿਸ਼ਣੂ ਨੇ ਵੀ ਅੰਤ ਵਿੱਚ ਵੈਰੀ ਨੂੰ ਮਾਰ ਲਿਆ ਅਤੇ (ਉਹ) ਭਵਾਟਣੀ ਖਾ ਕੇ ਡਿਗ ਪਿਆ। ੧੨।

ਧਰੇ ਦਾੜ ਅਗ੍ਰੰ ਚਤੁਰ ਬੇਦ ਤਬੰ। ਹਠੀ ਦੁਸਟਿ ਜਿਤੇ ਭਜੇ ਦੈਂਤ ਸਬੰ।
ਦਈ ਬ੍ਰਹਮ ਆਗਿਆ ਧਨੁਰ ਬੇਦ ਕੀਯੰ। ਸਬੈ ਸੰਤਨੰ ਤਾਨ ਕੋ ਸੁਖ ਦੀਯੰ। ੧੩।

ਅਰਥ: ਤਦੋਂ (ਵਾਰਾਹ ਨੇ) ਆਪਣੇ ਹੁਡ ਉਤੇ ਚੌਹਾਂ ਵੇਦਾਂ ਨੂੰ ਚੁਕ ਲਿਆਉਂਦਾ। (ਇਕ) ਹਠੀ ਦੁਸ਼ਟ (ਹਰਨਾਕਸ਼) ਦੇ ਜਿਤੇ ਜਾਣ ਨਾਲ ਸਾਰੇ ਦੈਂਤ ਭਜ ਗਏ। (ਫਿਰ) ਬ੍ਰਹਮਾ ਨੂੰ ਆਗਿਆ ਦਿੱਤੀ (ਅਤੇ ਉਸ ਨੇ) ਧਨੁਰਵੇਦ ਦਾ ਉੱਚਾਰਣ ਕੀਤਾ। ਉਸ ਨੇ ਸਾਰਿਆਂ ਸੰਤਾਂ ਨੂੰ ਸੁਖ ਦਿੱਤਾ। ੧੩।

ਧਰਿਯੋ ਖਸਟਮੰ ਬਿਸਨ ਐਸਾਵਤਾਰੰ। ਸਬੈ ਦੁਸਟ ਜਿਤੈ ਕੀਯੋ ਬੇਦ ਉਧਾਰੰ।
ਥਟਿਯੋ ਧਰਮਰਾਜੰ ਜਿਤੇ ਦੇਵ ਸਰਬੰ। ਉਤਾਰਿਯੋ ਭਲੀ ਭਾਤ ਸੋ ਤਾਹਿ ਗਰਬੰ। ੧੪।

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬੈਰਾਹ ਖਸਟਮ ਅਵਤਾਰ ਸਮਾਪਤਮ ਸਤੁ ਸੁਭਮ ਸਤੁ। ੬।

ਅਰਥ: ਇਸ ਪ੍ਰਕਾਰ ਵਿਸ਼ਣੂ ਨੇ ਛੇਵਾਂ ਅਵਤਾਰ ਧਾਰਨ ਕੀਤਾ ਜਿਸ ਨੇ ਸਾਰੇ ਦੁਸ਼ਟਾਂ ਨੂੰ ਜਿਤਿਆ ਅਤੇ ਵੇਦਾਂ ਦਾ ਉੱਧਾਰ ਕੀਤਾ। ਧਰਮ ਦਾ ਰਾਜ ਕਾਇਮ ਕੀਤਾ ਅਤੇ ਸਾਰੇ ਦੇਵਤੇ ਜਿਤ ਲਏ। ਉਸ ਨੇ ਉਨ੍ਹਾਂ (ਦੈਂਤਾਂ ਦਾ) ਹੰਕਾਰ ਚੰਗੀ ਤਰ੍ਹਾਂ ਉਤਾਰਿਆ ਸੀ। ੧੪।

ਇਥੇ ਸ੍ਰੀ ਬਚਿਤ੍ਰ ਨਾਟਕ ਦੇ ਛੇਵੇਂ ਬੈਰਾਹ ਅਵਤਾਰ ਪ੍ਰਸੰਗ ਦੀ ਸਮਾਪਤੀ, ਸਭ ਸ਼ੁਭ ਹੈ। ੬।

ਚੌਬੀਸ ਅਵਤਾਰ, ਚੰਡੀ ਚਰਿਤ੍ਰ, ਵਾਰ ਦੁਰਗਾ ਕੀ, ਗਿਆਨ ਪ੍ਰਬੋਧ, ਸਸਤ੍ਰ ਨਾਮ-ਮਾਲਾ, ਚਰਿਤ੍ਰੋਪਾਖਿਆਨ, ਹਿਕਾਇਤਾਂ, ਆਦਿਕ ਪ੍ਰਸੰਗਾਂ ਨੂੰ ਪੜ੍ਹ ਕੇ ਪਤਾ ਨਹੀਂ ਲਗ ਰਿਹਾ ਕਿ ਬਚਿਤ੍ਰ ਨਾਟਕ ਨੂੰ ਕਿਵੇਂ ਸ੍ਰੀ ਦਸਮ-ਗ੍ਰੰਥ ਸਾਹਿਬ ਸਿਰਲੇਖ ਹੇਠ ਛਾਪਿਆ ਅਤੇ ਪ੍ਰਚਾਰਿਆ ਜਾ ਰਿਹਾ ਹੈ? ਸਿੱਖਾਂ ਨੇ ਐਸੈ ਮਨ-ਘੜਤ ਪ੍ਰਸੰਗਾਂ ਤੋਂ ਕੀ ਲੈਣਾ-ਦੇਣਾ ਹੈ? ਜੇ ਕੋਈ ਦੋ-ਚਾਰ ਲਾਈਨਾਂ ਚੰਗੀਆਂ ਵੀ ਹਨ, ਉਨ੍ਹਾਂ ਦਾ ਵਰਣਨ ਤਾਂ ਇਸ ਲਈ ਕੀਤਾ ਹੋਇਆ ਹੈ, ਜਿਵੇਂ ਸ਼ਹਿਦ ਵਿੱਚ ਲਪੇਟ ਕੇ ਜ਼ਹਿਰ ਦੇਣੀ! ਇਸ ਲਈ ਸਾਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਗੁਰੂ ਸਾਹਿਬਾਨ ਨੇ ਸਾਰਿਆਂ ਸਿੱਖਾਂ ਨੂੰ ਸ਼ਬਦ ਗੁਰੂ, ਗੁਰੂ ਗਰੰਥ ਸਾਹਿਬ ਦੀ ਸਿਖਿਆ ਅਨੁਸਾਰ ਹੀ ਜ਼ਿੰਦਗੀ ਬਤੀਤ ਕਰਦੇ ਹੋਏ ਦੁਨਿਆਵੀ ਵਿਕਾਰਾਂ ਤੋਂ ਛੁੱਟਕਾਰਾ ਪਾਉਣ ਲਈ ਸਿੱਖ ਮਾਰਗ ਦੇ ਪਾਂਧੀ ਬਣੇ ਰਹਿਣਾ ਚਾਹੀਦਾ ਹੈ।

ਖਿਮਾ ਦਾ ਜਾਚਕ,

੮ ਸਤੰਬਰ ੨੦੧੩


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top