Share on Facebook

Main News Page

ਮਹੰਤਵਾਦੀ (ਮਨਮਤੀ) ਪਾਠ, ਰੀਤਾਂ ਅਤੇ ਰਸਮਾਂ ਸਿੱਖਾਂ ਵਿੱਚ ਕਿਵੇਂ ਚੱਲੀਆਂ ? - ਭਾਗ ਛੇਵਾਂ
-: ਪ੍ਰੋ. ਕਸ਼ਮੀਰਾ ਸਿੰਘ USA

* ਲੜ੍ਹੀ ਜੋੜ੍ਹਨ ਲਈ ਪਿਛਲੇ ਅੰਕ ਪੜ੍ਹੋ... : ਪਹਿਲਾ, ਦੂਜਾ, ਤੀਜਾ, ਚੌਥਾਪੰਜਵਾਂ

ਕੁੱਝ ਕੁ ਸਨਾਤਨਵਾਦੀ ਤੇ ਬਿੱਪਰਵਾਦੀ ਰੀਤਾਂ ਰਸਮਾਂ, ਜੋ ਮਹੰਤਵਾਦੀ ਪ੍ਰਚਾਰ ਨਾਲ਼ ਸ਼ੁਰੂ ਹੋਈਆਂ, ਦਾ ਸੰਖੇਪ ਵੇਰਵਾ -

  1. ਗੁਰਦੁਆਰਿਆਂ ਵਿੱਚ ਪ੍ਰਕਾਸ਼ ਸਥਾਨਾਂ ਦੇ ਫ਼ਰਸ਼ ਮੰਦਰਾਂ ਵਿੱਚ ਸ਼ਿਵ ਲਿੰਗ ਨੂੰ ਦੁੱਧ ਨਾਲ਼ ਧੋਣ ਦੀ ਰੀਤ ਤੋਂ ਓਸੇ ਤਰ੍ਹਾਂ ਦੁੱਧ ਨਾਲ ਧੋਣੇ।

  2. ਸੰਗ੍ਰਾਂਦ, ਮੱਸਿਆ ਤੇ ਪੂਰਨਮਾਸ਼ੀ ਵਾਲ਼ੇ ਦਿਨ ਵਿਸ਼ੇਸ਼ ਤੌਰ 'ਤੇ ਮਨਾਉਣੇ। ਬਿੱਪਰਵਾਦੀ ਪ੍ਰਭਾਵ ਕਾਰਣ ਸੰਗ੍ਰਾਂਦ ਵਾਲ਼ੇ ਦਿਨ ਗੁਰਦੁਆਰੇ ਜ਼ਰੂਰ ਜਾਣਾਂ ਤੇ ਮਹੀਨੇ ਦੇ ਬਾਕੀ ਦਿਨਾਂ ਨੂੰ ਧਾਰਮਿਕ ਕੰਮ ਲਈ ਜ਼ਰੂਰੀ ਨਾ ਸਮਝਣਾਂ। ਕਈ ਸੱਜਣ ਇਹ ਕਹਿੰਦੇ ਵੀ ਸੁਣੇ ਗਏ ਹਨ ਕਿ ਸੰਗ੍ਰਾਂਦ ਵਾਲ਼ਾ ਮਹੀਨਾ ਨਾ ਸੁਣ ਕੇ ਬਹੁਤ ਮਾੜਾ ਹੋਇਆ, ਫਿਰ ਕਿਤੇ ਸਾਲ ਬਾਅਦ ਸੁਣਨ ਨੂੰ ਮਿਲਣਾਂ ਹੈ। ਬਾਣੀ ਤਾਂ ਰੋਜ਼ਾਨਾਂ ਪੜ੍ਹਨ ਤੇ ਵਿਚਾਰਨ ਲਈ ਹੈ, ਸਾਲ ਬਾਅਦ ਕੋਈ ਮਹੀਨਾ ਸੁਣਨਾ ਜਾਂ ਪੜ੍ਹਨਾ ਕੋਈ ਸ਼ਗਨ ਨਹੀਂ ਹੈ ਤੇ ਨਾ ਇਹ ਸ਼ਗਨ ਕਰਨ ਦੀ ਲੋੜ ਹੈ।

  3. ਅਖੰਡ ਪਾਠਾਂ ਸਮੇਂ ਮੱਧ ਦੀ ਅਰਦਾਸਿ 705 ਅੰਕ ਉੱਤੇ ਪਾਠ ਆਉਣ 'ਤੇ ਕਰ ਕੇ ਚੰਗੇ ਭਲਿਆਂ ਨੂੰ ਵੀ ਮੂਰਖ ਬਣਾਉਣਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਵੇਂ 1410 (ਮੱਧ 705) ਪੰਨੇ ਹੁੰਦੇ ਹਨ, "ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ॥" ਵਾਲ਼ੀ ਤੁਕ ਨੂੰ ਹੀ ਪਾਠ ਦਾ ਮੱਧ ਸਮਝਣਾ ਹਾਲਾਂ ਕਿ ਤੁਕ ਵਿੱਚ ‘ਆਦਿ’ ਅਤੇ ‘ਅੰਤਿ’ ਸ਼ਬਦ ਵੀ ਹਨ, ਜਿਨ੍ਹਾਂ ਉੱਤੇ ਅਮਲ ਕਰਨਾ ਜ਼ਰੂਰੀ ਨਹੀਂ ਸਮਝਿਆ ਜਾਂਦਾ। ਇਹ ਤੁਕ ਤਾਂ ਪ੍ਰਭੂ ਪਰਮੇਸ਼ਰ ਦੀ ਸਰਬ-ਵਿਆਪਕਤਾ ਬਾਰੇ ਬਿਆਨ ਕਰਦੀ ਹੈ ਕਿ ਉਹ ਪ੍ਰਭੂ ਤਿੰਨਾਂ ਕਾਲਾਂ ਵਿੱਚ ਹੀ ਪੂਰਨ ਹੈ।

  4. ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨੂੰ ਧੂਪ ਦੇਣਾ, ਧਰਮਸਥਾਨਾਂ ਵਿੱਚ ਲਾਉਣਾ ਤੇ ਮੱਥੇ ਟੇਕਣੇ ਤਾਂ ਜੁ ਸ਼ਬਦ ਗੁਰੂ ਦਾ ਸਿਧਾਂਤ ਪਿੱਛੇ ਰਹਿ ਜਾਏ ਤੇ ਸਿੱਖ ਵੀ ਮੂਰਤੀ-ਪੂਜ ਬਣ ਜਾਣ।

  5. ਵਿਆਹ ਸਮੇਂ "ਜੈ ਮਾਲ਼ਾ" ਦੀ ਰਸਮ ਕਰਨੀ ਜੋ ਆਪਣੇ ਆਪ ਵਿੱਚ ਪੂਰਾ ਵਿਆਹ ਹੈ ਜਿਸ ਕਾਰਣ ਅਨੰਦ ਕਾਰਜ ਦੀ ਰਸਮ ਵਾਧੂ ਹੁੰਦੀ ਹੈ।

  6. ਪਾਠਾਂ ਤੇ ਸੰਪਟ ਪਾਠਾਂ ਦੀਆਂ ਲੜੀਆਂ ਚਲਾਈ ਰੱਖ ਕੇ ਸਿੱਖਾਂ ਦੀਆਂ ਮਨੌਤਾਂ ਪੂਰੀਆਂ ਹੋ ਜਾਣ ਦਾ ਭਰਮ ਪਾ ਕੇ ਗੁਰ ਸ਼ਬਦ ਵੀਚਾਰ ਤੋਂ ਸਿੱਖਾਂ ਨੂੰ ਦੂਰ ਰੱਖਣਾ ਤੇ ਵਿਹਲੇ ਬੈਠਿਆਂ, ਸਿੱਖਾਂ ਦੀ ਸਖ਼ਤ ਮਿਹਨਤ ਦੀ ਕਮਾਈ ਨਾਲ਼, ਆਪਣੀਆਂ ਤਜੌਰੀਆਂ ਭਰਨੀਆਂ।

  7. ਪਾਠਾਂ ਦੇ ਫਲ ਤੇ ਹੁਕਮਨਾਮੇ ਡਾਕ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਭੇਜਕੇ ਸਿਖਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਦੇ ਦਾਅਵੇ ਕਰਨੇ। ਸ਼੍ਰੋ. ਗੁ. ਪ੍ਰ. ਕਮੇਟੀ ਵੀ ਪਾਠਾਂ ਦੀ ਬੁਕਿੰਗ ਕਰ ਰਹੀ ਹੈ ਤੇ ਡਾਕ ਰਾਹੀਂ ਹੁਕਨਾਮੇ ਭੇਜਦੀ ਹੈ। ਸਾਲਾਂ ਬੱਧੀ ਉਡੀਕ ਸੂਚੀ ਬਣੀ ਹੋਈ ਹੈ।

  8. ਸਿੱਖਾਂ ਨੂੰ ਮਾਲ਼ਾ ਦੇ ਮਣਕੇ ਫੇਰਨ ਤੇ ਲਾ ਕੇ ਗਿਣਤੀ ਮਿਣਤੀ ਵਿੱਚ ਪਾ ਕੇ ਬੀਰ ਰਸ ਤੇ ਗੁਰ ਸ਼ਬਦ ਵੀਚਾਰ ਤੋਂ ਦੂਰ ਰੱਖਣਾ।

  9. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਹਧਾਰੀ ਸਾਬਤ ਕਰਨ ਲਈ ਰੁੱਤ ਅਨੁਸਾਰ ਗਰਮ ਤੇ ਠੰਢੇ ਕੱਪੜਿਆਂ ਵਿੱਚ ਰੱਖਣਾਂ ਤੇ ਬਾਹਰ ਸੈਰ ਕਰਾਉਣ ਲਈ ਲੈ ਜਾਣਾ ਤਾਂ ਜੁ ਸਿੱਖ ਦੇਹਧਾਰੀ ਗੁਰੂ ਪ੍ਰੰਪਰਾ ਰਾਹੀਂ ਮਹੰਤਾਂ ਨਾਲ਼ ਵੀ ਜੁੜੇ ਰਹਿਣ ਤੇ ਗੁਰ ਸ਼ਬਦ ਵੀਚਾਰ ਤੋਂ ਪਰੇ ਹੋ ਜਾਣ।

  10. ਅਰਦਾਸਿ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿੱਪਰਵਾਦੀ ਪਾਠ ‘ਪ੍ਰਗਟ ਗੁਰਾਂ ਕੀ ਦੇਹ’ ਆਖ ਕੇ ਦੇਹਧਾਰੀ ਪ੍ਰੰਪਰਾ ਨਾਲ਼ ਜੁੜੇ ਰਹਿਣਾਂ ਭਾਵੇਂ ਦੇਹਧਾਰੀ ਗੁਰੂ ਪ੍ਰੰਪਰਾ ਦਸਵੇਂ ਪਾਤਿਸ਼ਾਹ ਜੀ ਨੇ ਖ਼ੁਦ ਹੀ ਇਹ ਕਹਿ ਕੇ ਬੰਦ ਕਰ ਦਿੱਤੀ ਸੀ ਕਿ ਅੱਗੇ ਤੋਂ ਦੇਹ ਗੁਰੂ ਨਹੀਂ ਹੋਵੇਗੀ।

  11. ਪਾਠਾਂ ਸਮੇਂ ਦੇਵੀ ਦੇਵਤਿਆਂ ਦੀ ਪੂਜਾ ਸਮੱਗ੍ਰੀ ਕੁੰਭ ਨਾਰੀਅਲ ਲਾਲ ਕੱਪੜਾ ਰੱਖਣਾਂ ਤੇ ਸਾਰੇ ਪਰਵਾਰ ਦੇ ਗੁੱਟਾਂ ਉੱਤੇ ਅਤੇ ਪੀੜ੍ਹੇ ਨੂੰ ਧਾਗੇ ਦੇ ਗਾਨੇ ਬੰਨ੍ਹਣੇ ਤੇ ਪੰਡਿਤ ਦੁਆਰਾ, ਪਾਠ ਦੀ ਸਮਾਪਤੀ ਤੇ, ਆਪ ਖੋਲ੍ਹਣੇ ਤੇ ਭੇਟਾ ਲੈਣੀ ਤਾਂ ਜੁ ਇਹ ਸਾਬਤ ਕੀਤਾ ਜਾ ਸਕੇ ਕਿ ਦੇਵੀ ਦੇਵਤਿਆਂ ਦੀ ਪੂਜਾ ਦੀ ਸਮੱਗਰੀ ਰੱਖਣ ਤੋਂ ਬਿਨਾਂ ਬਾਣੀ ਪੜ੍ਹਨੀ ਅਧੂਰੀ ਹੈ।

  12. 12. ਪਾਠਾਂ ਦੇ ਨਾਲ਼ ਨਾਲ਼ ‘ਜਪੁ’ ਜੀ ਦਾ ਪਾਠ ਕਰਨਾ ਤੇ ਹੋਮ ਕਰਨ ਦੀ ਤਰਜ਼ ਤੇ ਅੱਗ ਵਿੱਚ ਹਵਨ ਸਮੱਗਰੀ ਪਾਈ ਜਾਣੀ ਜਾਂ ਕਾਰਬਨ ਡਾਇ ਆਕਸਾਈਡ ਤੇ ਮੋਨੋਆਕਸਾਈਡ ਪੈਦਾ ਕਰਦੀਆਂ ਅਗਰਬੱਤੀਆਂ ਧੁਖਾਈ ਜਾਣੀਆਂ, ਭਾਵੇਂ ਪਾਠੀ ਦਾ ਧੂੰਏਂ ਨਾਲ਼ ਸੰਘ ਬੈਠ ਜਾਵੇ।

  13. ਨਿਸ਼ਾਨ ਸਾਹਿਬ ਦੇ ਕੱਪੜੇ ਦਾ ਰੰਗ ਨੀਲੇ ਤੋਂ ਭਗਵਾਂ ਚਲਾਉਣਾ ਤਾਂ ਜੁ ਸਨਾਤਨੀ ਝੰਡੇ ਦੇ ਰੰਗ ਨਾਲ਼ ਮਿਲ਼ ਸਕੇ। ਥੜ੍ਹਿਆਂ ਉੱਤੇ ਦੀਵੇ ਜਗਾਉਣੇ ਤੇ ਨੱਕ ਰਗੜਨੇ।

  14. ਵਿਸ਼ੇਸ਼ ਦਿਨਾਂ ਤੇ ਵਿਸ਼ੇਸ਼ ਪ੍ਰਕਾਰ ਦਾ ਪ੍ਰਸ਼ਾਦ ਚੜ੍ਹਾਉਣਾ। ਸ਼ਨਿੱਚਰਵਾਰ ਨੂੰ ਲੋਹਾ ਅਤੇ ਸਰ੍ਹੋਂ ਦਾ ਤੇਲ ਗੁਰਦੁਆਰੇ ਚੜ੍ਹਾਉਣਾ ਜੋ ਛਨੀਵਾਰ ਦੇਵਤੇ ਦੀ ਪੂਜਾ ਲਈ ਹੁੰਦਾ ਹੈ।

  15. ਟੂਣਿਆਂ ਵਜੋਂ ਪੰਡਿਤਾਂ ਦੇ ਕਹਿਣ ਤੇ 2-4 ਔਂਸ ਸੁਕੀਆਂ ਦਾਲ਼ਾਂ ਗੁਰਦੁਆਰੇ ਚੜ੍ਹਾਉਣੀਆਂ।

  16. ਕਬਰਾਂ, ਮੜ੍ਹੀਆਂ ਮਸਾਣਾਂ ਤੇ ਦੀਵੇ ਜਗਾਉਣੇ ਤੇ ਪਾਠ ਕਰਾਉਣੇ।

  17. ਮੂਰਤੀਆਂ ਨੂੰ ਭੋਗ ਲਾਉਣ ਦੀ ਨਕਲ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗੇ ਥਾਲ਼ ਵਿੱਚ ਦਾਲ਼, ਪ੍ਰਸ਼ਾਦੇ, ਸਲਾਦ, ਖੀਰ, ਪਾਣੀ ਆਦਿਕ ਰੱਖ ਕੇ ਗੁਰੂ ਜੀ ਨੂੰ ਛਕਾਉਣ ਦੇ ਬਹਾਨੇ ਭੋਗ ਲੁਆਾਉਣਾ ਤਾਂ ਜੁ ਬੁੱਤ ਪੂਜਾ ਦਾ ਸੰਕਲਪ ਸਿੱਖਾਂ ਵਿੱਚ ਵੀ ਬਣਿਆ ਰਹੇ ਕਿਉਂਕਿ ਸਿੱਖਾਂ ਨੂੰ ਬਿੱਪਰਵਾਦੀ ਬਣਾਉਣ ਲਈ ਇਹ ਰਸਮ ਜ਼ਰੂਰੀ ਹੈ ਜੋ ਮੰਦਰਾਂ ਵਿੱਚ ਕੀਤੀ ਜਾਂਦੀ ਹੈ।

  18. ਥਾਲ਼ ਵਿੱਚ ਦੀਵੇ ਘੁਮਾਅ ਕੇ ਗੁਰੂ ਸਾਹਿਬ ਅੱਗੇ ਆਰਤੀ ਕਰਨੀ ਤਾਂ ਜੁ ਮੰਦਰ ਅਤੇ ਗੁਰਦੁਆਰੇ ਦੀ ਮਰਯਾਦਾ ਇੱਕੋ ਕੀਤੀ ਜਾ ਸਕੇ {ਮੀਡੀਆ ਵਿੱਚ ਛਪੀ ਖ਼ਬਰ ਅਨੁਸਾਰ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸਰਬਜੀਤ ਸਿੰਘ ਦੇ ਜਥੇ ਨੇ ਇੱਕ ਮੰਦਰ ਵਿੱਚ ਆਰਤੀ ਗਾਈ ਜਿੱਥੇ ਥਾਲ਼ ਵਿੱਚ ਦੀਵੇ ਘੁਮਾਅ ਕੇ ਪੰਡਿਤਾਂ ਨੇ ਆਰਤੀ ਕੀਤੀ ਤੇ ਦਸਮ ਗ੍ਰੰਥ ਦੀਆਂ ਕੱਚੀਆਂ ਰਚਨਾਵਾਂ ਜਿਵੇਂ ਦੇਹ ਸ਼ਿਵਾ ਬਰ, ਹੇ ਰਵਿ ਹੇ ਸਸਿ, ਸਗਲ ਦੁਆਰ ਕਉ ਛਾਡਿ ਕੈ ਆਦਿਕ ਦਾ ਵੀ ਕੀਰਤਨ ਹੋਇਆ}।

  19. ਇੰਦ੍ਰ ਦੇਵਤੇ ਲਈ. ਉਸ ਦੀ ਦੈਂਤਾਂ ਉੱਤੇ ਜਿੱਤ ਦੀ ਖ਼ੁਸ਼ੀ ਵਿੱਚ. ਗਾਈ ਗਈ ਅਪੱਛਰਾਂ ਦੇ ਨਾਚ ਵਾਲ਼ੀ ਆਰਤੀ (ਯਾ ਤੇ ਪ੍ਰਸੰਨ ਭਏ---। ਆਦਿਕ ਕੱਚੀਆਂ ਰਚਨਾਵਾਂ ਵਾਲ਼ੀ) ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਗਾਉਣਾਂ ਤੇ ਆਰਤੀ ਵਿੱਚ ਵੱਜਦੇ ਸਾਜ਼ਾਂ ਦੀ ਨਕਲ ਕਰ ਕੇ ਕਈ ਤਰ੍ਹਾਂ ਦੇ ਸਾਜ਼ ਬਜਾਉਣੇ, ਟੱਲ ਖੜਕਾਉਣੇ ਤੇ ਫੁੱਲ ਸੁੱਟਣੇ{ ਇੰਦ੍ਰ ਦੇਵਤੇ ਦੀ ਆਰਤੀ ਵਿੱਚ ਅਪੱਛਰਾਂ ਵੀ ਨਾਚ ਕਰਦੀਆਂ ਸਨ ਤੇ ਹੋ ਸਕਦਾ ਹੈ ਆਰਤੀ ਵਿੱਚ ਛੱਡਿਆ ਸਿੱਖਾਂ ਲਈ ਇਹ ਪੁੱਠਾ ਕੰਮ ਵੀ ਆਰਤੀ ਨਾਲ਼ ਸ਼ੁਰੂ ਹੋ ਜਾਏ}।

  20. ਚੱਲਦੇ ਪਾਠ ਵਿੱਚ ਉਸੇ ਥਾਂ ਉੱਤੇ ਆਰਤੀ ਕਰਨੀ ਤੇ ਕਥਾ ਕੀਰਤਨ ਕਰਨਾ ਤਾਂ ਜੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਹਿਮੀਅਤ ਘਟਾਈ ਜਾ ਸਕੇ ਜਾਂ ਨਿਰਾਦਰੀ ਹੋ ਸਕੇ ਤੇ ਪਾਠੀ ਨੂੰ ਵੀ ਦੁਬਿਧਾ ਵਿੱਚ ਪਾਇਆ ਜਾ ਸਕੇ।

  21. ਸਿੱਖਾਂ ਵਿੱਚ ਅਖੌਤੀ ਦਸਮ ਗ੍ਰੰਥ ਦਾ ਮੋਹ ਪੈਦਾ ਕਰਨ ਲਈ ਇਸ ਦੀਆਂ ਕੱਚੀਆਂ ਤੇ ਦੇਵੀ ਦੇਵਤਿਆਂ (ਦੁਰਗਾ ਭਗਉਤੀ ਅਤੇ ਮਹਾਕਾਲ) ਦੀ ਪੂਜਾ ਵਾਲ਼ੀਆਂ ਰਚਨਾਵਾਂ ਦਾ ਗੁਰਦੁਆਰਿਆਂ ਵਿੱਚ ਪੜ੍ਹੇ ਜਾਣਾ। ਅਖੌਤੀ ਦਸਮ ਗ੍ਰੰਥ ਦੀਆਂ ਨਸ਼ਿਆਂ ਦੀ ਵਰਤੋਂ ਦੀ ਪ੍ਰੇਰਨਾ ਕਰਦੀਆਂ ਰਚਨਾਵਾਂ ਤੋਂ ਸਿੱਖਾਂ ਨੂੰ ਨਸ਼ਿਆਂ ਵਲ ਪ੍ਰੇਰਨਾ {ਮੀਡੀਆ ਵਿੱਚ ਛਪੀ ਸੂਚਨਾ ਅਨੁਸਾਰ ਦਸ਼ਮ ਗ੍ਰੰਥ ਦੀਆਂ ਰਚਨਾਵਾਂ ਗਾਉਣ ਵਾਲ਼ੇ ਸ਼ਿਰੋਮਣੀ ਰਾਗੀ ਭਾਈ ਬਲਬੀਰ ਸਿੰਘ, ਸਾਬਕਾ ਰਾਗੀ ਸ੍ਰੀ ਦਰਬਾਰ ਸਾਹਿਬ, ਭੰਗ ਪੀ ਕੇ ਹੀ ਕੀਰਤਨ ਕਰਦੇ ਹਨ।}

  22. ਸਿੱਖ ਬੀਬੀਆਂ ਵਲੋਂ ਕਰਵਾ ਚੌਥ ਆਦਿਕ ਦੇ ਵਰਤ ਰੱਖਣੇ ਤਾਂ ਜੁ ਪਤੀ ਦੀ ਲੰਬੀ ਉਮਰ ਹੋ ਜਾਣ ਦਾ ਭਰਮ ਪਾਲ਼ ਸਕਣ ਜੋ ਗੁਰਬਾਣੀ ਦੇ ਆਦਰਸ਼ਾਂ ਤੋਂ ਦੂਰ ਹੈ। ਇਹ ਵੀ ਮਰਦ ਪ੍ਰਧਾਨ ਸਮਾਜ ਦਾ ਕਾਰਾ ਹੈ।

  23. ਰੱਖੜੀ ਦੀ ਰਸਮ ਕਰਕੇ ਇਸਤ੍ਰੀ ਨੂੰ ਗ਼ੁਲਾਮ ਤੇ ਕਮਜ਼ੋਰ ਹੋਣ ਦਾ ਸਾਲ ਬਾਅਦ ਚੇਤਾ ਕਰਾਈ ਰੱਖਣਾ। ਇਹ ਵੀ ਮਰਦ ਪ੍ਰਧਾਨ ਸਮਾਜ ਦੀ ਉਪਜ ਹੈ। ਸਿੱਖ ਇਸਤ੍ਰੀ ਗ਼ੁਲਾਮ ਤੇ ਕਮਜ਼ੋਰ ਨਹੀਂ ਹੈ। ਰੱਖਿਆ ਸੱਭ ਦੀ (ਭੈਣ ਦੀ ਅਤੇ ਭਰਾ ਦੀ) ਪ੍ਰਭੂ ਹੀ ਕਰਦਾ ਹੈ। ਗੁਰਬਾਣੀ ਦਾ ਉਪਦੇਸ਼ ਹੈ- ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਉ ਕੇਹਾ ਕਾੜਾ ਜੀਉ॥ (ਗਗਸ 103). ਰਾਖਾ ਏਕੁ ਹਮਾਰਾ ਸੁਆਮੀ॥ (ਗਗਸ 1136)

  24. ਲੋਹੜੀ ਦੀ ਰਸਮ ਕਰਨੀ, ਭਾਵੇਂ, ਇਹ ਬਿੱਪਰਵਾਦੀ ਤਿਉਹਾਰ ਹੈ।

  25. ਮਰੇ ਪ੍ਰਾਣੀਆਂ ਦਾ ਮੋਹ ਨਾ ਛੱਡਦੇ ਹੋਏ ਉਨ੍ਹਾਂ ਦੀਆਂ ਬਰਸੀਆਂ ਮਨਾਉਣੀਆਂ ਭਾਵੇਂ ਗੁਰੂ ਸਾਹਿਬਾਨ ਅਤੇ ਕੌਮ ਦੇ ਸ਼ਹੀਦ ਸਿੱਖਾਂ ਦੇ ਦਿਨ ਓਵੇਂ ਹੀ ਲੰਘ ਜਾਣ {ਗੁਰਬਾਣੀ ਤਾਂ ਉਪਦੇਸ਼ ਕਰਦੀ ਹੈ- ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਨਾਹੀ ਤੇਰੈ ਨਾਲੇਸਾਥਿ ਤੇਰੈ ਚਲੈ ਨਾਹੀ ਤਿਸੁ ਨਾਲਿ ਕਿਉ ਚਿਤੁ ਲਾਈਐ॥ ਗਗਸ 918}

  26. ਚੰਗੇ ਮੰਦੇ ਦਿਨ ਪੁੱਛਣ ਤੇ ਸਾਹੇ ਕਢਵਾਉਣ ਲਈ ਪੰਡਿਤਾਂ ਕੋਲ਼ ਪੱਤ੍ਰੀਆਂ ਦੀ ਸਲਾਹ ਲੈਣ ਜਾਣਾ। 27. ਬਾਬਿਆਂ ਦੇ ਪੈਰ ਨੂੰ ਧੋਤੇ ਹੋਏ ਪਾਣੀ ਨੂੰ ਪੀਣਾਂ ਅਤੇ ਪੈਰ ਧੋਣ ਵਾਲ਼ੇ ਥਾਵਾਂ ਦੇ ਪਾਣੀ ਦੀ ਚੂਲ਼ੀ ਪੀਣੀ।

  27. ਤੀਰਥ ਇਸ਼ਨਾਨ ਨੂੰ ਪਾਪ ਧੋਣ ਦਾ ਸਾਧਨ ਮੰਨਣਾਂ। ਸਿੱਖੀ ਵਿੱਚ ਗੁਰੂ ਹੀ ਤੀਰਥ ਹੈ।

  28. ਬਾਬਿਆਂ ਦੇ ਗੋਡੇ ਘੁੱਟਣ ਦੀ ਰੀਤ ਤੋਂ ਗੁਰ ਪ੍ਰਕਾਸ਼ ਵਾਲ਼ੇ ਪੀੜ੍ਹੇ ਦੇ ਪਾਵੇ ਘੁੱਟਣੇ ਅਤੇ ਰੁਮਾਲਾ ਚੁੱਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਉਣੇ।

  29. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨਾ। ਬਿੱਪਰਵਾਦ ਦੋ ਤਖ਼ਤਾਂ ਤੇ ਕੁੱਝ ਗੁਰਦੁਆਰਿਆਂ ਵਿੱਚ ਇਸ ਸਿੱਖੀ ਵਿਰੋਧੀ ਚਾਲ ਵਿੱਚ ਸਫਲ ਹੋ ਚੁੱਕਾ ਹੈ।

  30. ਮਾਤਾ ਦੇ ਦਰਬਾਰ ਦੀ ਨਕਲ ਤੇ ਜੋਤਾਂ ਜਗਾਉਣੀਆਂ, ਪੀੜ੍ਹੇ ਹੇਠ ਪਾਣੀ ਰੱਖ ਕੇ ਮਨਮਤੀ ਅੰਮ੍ਰਿਤ ਬਣਾਉਣਾ ਤੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਨਾ ਲੈਣਾਂ।

  31. ਸ਼ਰਾਧ ਕਰਕੇ ਪਿੱਤਰ ਪੂਜਣੇ।

  32. ਸ਼ਰਤਾਂ ਲਾ ਕੇ ਸੁੱਖਣਾਂ ਸੁੱਖਣੀਆਂ ਤੇ ਲਾਹੁਣੀਆਂ।

  33. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਅੱਗੇ, ਕਰਾਮਾਤੀ ਕਹਾਣੀਆਂ ਦਾ ਸਹਾਰਾ ਲੈ ਕੇ, ਉਂਗਲ਼ੀਆਂ ਨਾਲ਼ ਪਾਣੀ ਦੇ ਛੱਟੇ ਮਾਰਕੇ ਥਾਂ ਪਵਿੱਤਰ ਕਰਨ ਦਾ ਭਰਮ ਪਾਲਣਾਂ।

  34. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲੈ ਕੇ ਸੰਗਤਾਂ ਦਾ ਨੰਗੇ ਪੈਰੀਂ ਚੱਲਣਾਂ ਭਾਵੇਂ ਰਸਤੇ ਵਿੱਚੋਂ ਪੈਰਾਂ ਨੂੰ ਗੰਦਗੀ ਲੱਗੀ ਜਾਵੇ ਤੇ ਇਹ ਭਰਮ ‘ਮਾਤਾ ਰਾਣੀ ਦੇ ਦਰਬਾਰ ਵਿੱਚ ਨੰਗੇ ਨੰਗੇ ਪੈਰੀਂ ਅਕਬਰ ਆਇਆ’ ਗੀਤਾਂ ਵਿੱਚੋਂ ਆਇਆ ਹੈ। {ਸੋਚਣ ਵਾਲ਼ੀ ਗੱਲ ਇਹ ਹੈ ਕਿ ਜਦੋਂ ਗੁਰੂ ਨਾਨਕ ਪਾਤਿਸ਼ਾਹ ਜੀ ਚੱਲਦੇ ਸਨ ਤਾਂ ਕੀ ਸਿੱਖ ਉਨ੍ਹਾਂ ਨਾਲ਼ ਨੰਗੇ ਪੈਰੀਂ ਚੱਲਦੇ ਸਨ? ਕੀ ਭਾਈ ਮਰਦਾਨਾ ਉਨ੍ਹਾਂ ਨਾਲ਼ 50 ਸਾਲ ਗਰਮੀ ਸ਼ਰਦੀ ਵਿੱਚ ਨੰਗੇ ਪੈਰੀਂ ਚੱਲਦਾ ਰਿਹਾ ਜਦੋਂ ਕਿ ਜੰਗਲਾਂ ਬੀਆਂਬਾਨਾਂ ਵਿੱਚੀਂ ਵੀ ਜਾਣਾਂ ਪੈਂਦਾ ਸੀ? ਕੀ ਪੈਰੀਂ ਜੁੱਤੀ ਪਾ ਕੇ ਭਾਈ ਮਰਦਾਨਾ ਗੁਰੂ ਜੀ ਨਾਲ਼ ਚੱਲਦਾ ਗੁਰੂ ਜੀ ਦੀ ਨਿਰਾਦਰੀ ਕਰਦਾ ਰਿਹਾ? ਗੁਰੂ ਪਾਤਿਸ਼ਾਹ ਨਾਲ਼ ਜੰਗਾਂ ਯੁੱਧਾਂ ਵਿੱਚ ਚਲਦੇ ਸਿੱਖ ਕੀ ਨੰਗੇ ਪੈਰੀਂ ਜਾਂਦੇ ਸਨ?}

ਨੋਟ: ਵੱਖ-ਵੱਖ ਥਾਵਾਂ ਉੱਤੇ ਹੋਰ ਵੀ ਕਈ ਬਿੱਪਰਵਾਦੀ ਰੀਤਾਂ ਪ੍ਰਚੱਲਤ ਹੋ ਚੁੱਕੀਆਂ ਹੋ ਸਕਦੀਆਂ ਤੇ ਚੁਕੀਆਂ ਹਨ, ਜਿਨ੍ਹਾਂ ਨੂੰ ਗੁਰਬਾਣੀ ਦੀ ਕਸਵੱਟੀ ਨਾਲ਼ ਪਰਖਣਾ ਚਾਹੀਦਾ ਹੈ।

ਚਲਦਾ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top