Share on Facebook

Main News Page

ਮਹੰਤਵਾਦੀ (ਮਨਮਤੀ) ਪਾਠ, ਰੀਤਾਂ ਅਤੇ ਰਸਮਾਂ ਸਿੱਖਾਂ ਵਿੱਚ ਕਿਵੇਂ ਚੱਲੀਆਂ ? - ਭਾਗ ਦੂਜਾ
-: ਪ੍ਰੋ. ਕਸ਼ਮੀਰਾ ਸਿੰਘ USA

ਲੜ੍ਹੀ ਜੋੜ੍ਹਨ ਲਈ ਪਿਛਲਾ ਅੰਕ ਪੜ੍ਹੋ...

ਜਦੋਂ ਵੀ ਸਮਾਜ ਵਿੱਚ ਕੋਈ ਨਵੀਂ ਸੁਧਾਰ ਲਹਿਰ ਚੱਲਦੀ ਹੈ ਤਾਂ ਸਮਾਜ ਉਸ ਨੂੰ ਤਿੰਨ ਤਰ੍ਹਾਂ ਦੇਖਦਾ ਹੈ। ਕੁੱਝ ਲੋਕ ਉਸ ਲਹਿਰ ਦੇ ਪ੍ਰਸ਼ੰਸਕ ਹੋ ਕੋ ਕੇ ਉਸ ਵਿੱਚ ਸ਼ਾਮਲ ਹੋ ਜਾਂਦੇ ਹਨ, ਕੁੱਝ ਲੋਕ ਲਹਿਰ ਦੇ ਵਿਰਧੀ ਹੋ ਕੇ ਉਸ ਨੂੰ ਬੰਦ ਕਰਾਉਣ ਵਿੱਚ ਜੁੱਟ ਜਾਂਦੇ ਹਨ ਅਤੇ ਕੁੱਝ ਲੋਕ ਲਹਿਰ ਪ੍ਰਤੀ ਉਦਾਸੀਨ ਰਹਿੰਦੇ ਹਨ।

ਗੁਰਦੁਆਰਿਆਂ ਵਿੱਚ ਜਿੱਥੇ ਦੀ ਦਾਅ ਲੱਗਾ ਬਿਪਰਵਾਦੀ ਅਤੇ ਸਨਾਤਨਵਾਦੀ ਮਹੰਤ ਬੈਠ ਗਏ, ਕਿਉਂਕਿ ਮੁਗ਼ਲ ਬਾਦਿਸ਼ਾਹਾਂ ਦੀ ਅਤਿ ਦੀ ਸਖ਼ਤੀ ਕਾਰਨ ਜੁਝਾਰੂ ਸਿੱਖ ਤਾਂ ਜੰਗਲਾਂ ਬੀਆਬਾਨਾਂ ਵਿੱਚ ਚਲੇ ਗਏ ਸਨ। ਮਹੰਤਾਂ ਲਈ ਸਿੱਖੀ ਵਿਚਾਰਧਾਰਾ ਨੂੰ ਬਿੱਪਰਵਾਦ ਵਿੱਚ ਰਲ਼ਗੱਡ ਕਰਕੇ ਖ਼ਤਮ ਕਰਨ ਦਾ ਵਧੀਆ ਮੌਕਾ ਬਣ ਗਿਆ, ਕਿਉਂਕਿ ਬਿੱਪਰਵਾਦ ਪਹਿਲੇ ਪਾਤਿਸ਼ਾਹ ਜੀ ਦੇ ਸਮੇਂ ਤੋਂ ਹੀ ਸਿੱਖੀ ਵਿਚਾਰਧਾਰਾ ਦਾ ਦੁਸ਼ਮਣ ਬਣ ਗਿਆ ਸੀ।

ਜੋ ਜੋ ਪਾਠ ਮਹੰਤਾਂ ਵਲੋਂ ਗੁਰਬਾਣੀ ਦੇ ਸ਼ਬਦਾਂ ਦੀਆਂ ਧੁਨੀਆਂ ਬਦਲ ਬਦਲ ਕੇ ਪ੍ਰਚਲਤ ਕੀਤਾ ਗਿਆ ਆਮ ਜੰਤਾ ਵਿੱਚ ਓਵੇਂ ਹੀ ਘਰ ਕਰਦਾ ਗਿਆ। ਹਿੰਦੂ ਮੱਤ ਦੀਆਂ ਬਿੱਪਰਵਾਦੀ ਰੀਤਾਂ ਓਦੋਂ ਤੋਂ ਹੀ ਬਹੁਤੇ ਗੁਰਦੁਆਰਿਆ ਵਿੱਚ ਚੱਲੀਆਂ ਆ ਰਹੀਆਂ ਹਨ, ਜਿਨ੍ਹਾਂ ਨੂੰ ਸਿੱਖੀ ਵਿਚਾਰਧਾਰਾ ਤੋਂ ਅਣਜਾਣ ਸਿੱਖ ਗ਼ਲਤ ਹੱਠ ਕਰ ਕੇ ਗੁਰਮਤਿ ਸਮਝ ਕੇ ਕਰੀ ਜਾ ਰਹੇ ਹਨ। ਮਹੰਤਵਾਦੀਆਂ ਵਲੋਂ ਕੋਸ਼ਿਸ਼ ਕੀਤੀ ਗਈ ਕਿ ਸਿੱਖਾਂ ਦੀ ਅਗਵਾਈ ਵਾਲ਼ਾ ਮੂਲ਼ ਸੋਮਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਮੂਲ਼ ਰੂਪ ਵਿੱਚ ਨਾ ਰਹਿਣ ਦਿੱਤਾ ਜਾਏ। ਉਨ੍ਹਾਂ ਨੇ ਇਸ ਸੋਮੇ ਦੀ ਲਿਖਣ ਪ੍ਰਣਾਲ਼ੀ ਨੂੰ ਸੱਟ ਮਾਰਦਿਆਂ ਬੋਲਣ ਵਿੱਚ ਸ਼ਬਦਾਂ ਦੇ ਉੱਚਾਰਣ ਬਦਲ ਦਿੱਤੇ ਜੋ ਅੱਜ ਤਕ ਪ੍ਰਚਲਤ ਹਨ। ਮਾਧਵਨਲ ਅਤੇ ਕਾਮ ਕੰਦਲਾ ਦੇ ਪਿਆਰ ਦੇ ਕਿੱਸੇ ਵਿੱਚੋਂ ਰਾਗਮਾਲ਼ਾ ਦੇ ਬੰਦਾਂ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋ ਜਾਣਾਂ ਸੰਭਵ ਤੌਰ ਤੇ ਮਹੰਤਵਾਦੀ ਕਾਰਵਾਈਆਂ ਦਾ ਹੀ ਸਿੱਟਾ ਹੈ।

ਬਿੱਪਰਵਾਦੀ ਅੰਸ਼ਾਂ ਵਾਲ਼ੀਆਂ ਪੁਸਤਕਾਂ ਵੀ ਜੰਮਣੀਆਂ ਸ਼ੁਰੂ ਹੋ ਗਈਆਂ ਗਈਆਂ:

ਕਾਂਸ਼ੀ ਬਨਾਰਸ ਬੈਠੇ ਸਿੱਖੀ ਦੇ ਬਿੱਪਰਵਾਦੀ ਦੁਸ਼ਮਣ ਜੋ ਗੁਰੂ ਪਾਤਿਸ਼ਾਹਾਂ ਦੇ ਪੰਚ-ਭੂਤਕ ਸ਼ਰੀਰ ਵਿੱਚ ਹੁੰਦਿਆਂ ਸਿੱਖੀ ਦਾ ਨੁਕਸਾਨ ਕਰਨ ਦੀਆਂ ਗੋਦਾਂ ਗੁੰਦ ਰਹੇ ਸਨ ਹੁਣ ਉਨ੍ਹਾਂ ਨੂੰ ਵੀ ਸਿੱਖੀ ਵਿਰੁੱਧ ਜ਼ਹਰ ਉਗਲਣ ਦਾ ਪੂਰਾ ਮੌਕਾ ਮਿਲ਼ ਗਿਆ। ਇਸੇ ਸੋਚ ਅਧੀਨ "ਗੁਰਬਿਲਾਸ ਪਾਤਿਸ਼ਾਹੀ ਛੇਵੀਂ" ਬਿੱਪਰਵਾਦੀ ਪੁਸਤਕ ਸੰਨ 1718 ਵਿੱਚ ਤਿਆਰ ਕੀਤੀ ਗਈ ਜਿਸ ਦਾ ਕੋਈ ਲਿਖਾਰੀ ਵੀ ਗੁੰਮਨਾਮ ਹੀ ਹੈ। ਕਿਸੇ ਹੋਰ ਦਾ ਨੁਕਸਾਨ ਕਰਨ ਵਾਲ਼ੇ ਬਿੱਪਰਵਾਦੀ ਗ੍ਰੰਥਾਂ ਵਿੱਚ ਬਹੁਤੇ ਗੁੰਮਨਾਮ ਲਿਖਾਰੀਆਂ ਵਲੋਂ ਹੀ ਹੁੰਦੇ ਹਨ ਜਾਂ ਨਕਲੀ ਨਾਵਾਂ ਹੇਠ ਛਪੇ ਹੁੰਦੇ ਹਨ। {ਸੰਨ 1998 ਵਿੱਚ ਇਹੀ ਪੁਸਤਕ ਸੰਪਾਦਨਾ ਰੂਪ ਵਿੱਚ ਸ਼੍ਰੋ ਗ. ਪ੍ਰ. ਕਮੇਟੀ ਵਲੋਂ, ਸ਼੍ਰੀ ਗੁਰੂ ਹਰਿਗੋਬਿੰਦ ਪਾਤਿਸ਼ਾਹ ਜੀ ਦੇ 400 ਸਾਲਾਂ ਪ੍ਰਕਾਸ਼ ਦਿਵਸ ਮੌਕੇ, ਛਾਪੀ ਗਈ।}

ਸ. ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਨੇ ‘ਗੁਰਬਿਲਾਸ ਪਾਤਿਸ਼ਾਹੀ ਛੇਵੀਂ ਸਤਿਗੁਰੂ ਨਾਨਕ ਦੇ ਪਰਖ ਦਰਬਾਰ ਵਿੱਚ’ ਨਾਮੀ ਪੁਸਤਕ ਲਿਖੀ ਜੋ ਈ-ਬੁੱਕ ਵਜੋਂ ਉਪਲਬਧ ਹੈ। ਇੱਸ ਵਿੱਚ ‘ਗੁਰਬਿਲਾਸ ਪਾਤਿਸ਼ਾਹੀ ਛੇਵੀਂ’ ਦੇ ਬਿੱਪਰਵਾਦੀ ਵਿਚਾਰਾਂ ਦੀ ਖੁੱਲ ਕੇ ਚਰਚਾ ਕੀਤੀ ਗਈ ਹੈ। ਸੰਨ 1751 ਵਿੱਚ ਇਸੇ ਸੋਚ ਅਧੀਨ ਇੱਕ ਪੁਸਤਕ ਗੁਰਬਿਲਾਸ ਪਾਤਿਸ਼ਾਹੀ ਦਸਵੀਂ ਹੋਂਦ ਵਿੱਚ ਆ ਗਈ ਜਿਸ ਦਾ ਲਿਖਾਰੀ ਬਿਸ਼ਨ ਚੰਦ ਇੱਕ ਵੈਸ਼ਨੋ ਹਿੰਦੂ ਸੀ। ਇਸ ਪੁਸਤਕ ਦੇ ਲਿਖਾਰੀ ਦਾ ਬਦਲਵਾਂ ਨਾਂ ਕੌਇਰ ਸਿੰਘ ਰੱਖਿਆ ਗਿਆ। ਇਸ ਬਿਸ਼ਨ ਚੰਦ ਕੌਇਰ ਸਿੰਘ ਨੇ ਦਸਵੇਂ ਪਾਤਿਸ਼ਾਹ ਨੂੰ ਦੁਰਗਾ ਦੇ ਪੁਜਾਰੀ ਹੋਣ ਦੀ ਝੂਠੀ ਕਹਾਣੀ ਪੁਸਤਕ ਵਿੱਚ ਘੜੀ ਹੈ। ਗੁਰਦੁਆਰਿਆਂ ਵਿੱਚ ਸਿੱਖੀ ਦੇ ਨੁਕਸਾਨ ਲਈ ਪ੍ਰਚਾਰਕ ਬਣੇ ਬੈਠੇ ਮਹੰਤਾਂ ਨੇ ਇਨ੍ਹਾਂ ਪੁਸਤਕਾਂ ਦਾ ਹਵਾਲਾ ਦੇ ਦੇ ਕੇ ਬਿੱਪਰਵਾਦ ਨੂੰ ਵਧਾਇਆ। ਇਹ ਪੁਸਤਕਾਂ ਵੱਖ-ਵੱਖ ਰੂਪਾਂ ( ੳੇੁਦਾਸੀ, ਨਿਰਮਲੇ, ਡੇਰੇਦਾਰ ਆਦਿਕ) ਵਿੱਚ ਕਾਂਸੀ ਬੈਠੇ ਵਿਦਵਾਨ ਬਿੱਪਰਵਾਦੀਆਂ ਦੀ ਉਪਜ ਹਨ।

ਸੰਨ 1758 ਤੋਂ ਸੰਨ 1801 ਦਾ ਸਮਾਂ

ਸੰਨ 1758 ਤੋਂ ਸੰਨ 1801 ਦੇ ਸਮੇਂ ਵਿੱਚ 12 ਸਿੱਖ ਮਿਸਲਾਂ ਬਣੀਆਂ ਜੋ ਸਿੱਖੀ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਸੰਘਰਸ਼ ਕਰਦੀਆਂ ਰਹੀਆਂ ਜਿਸ ਵਿੱਚ ਹੋਰ ਵੀ ਅਨੇਕਾਂ ਸਿੰਘ ਸ਼ਹੀਦ ਹੋ ਗਏ।

ਹੋਰ ਬਿੱਪਰਵਾਦੀ ਅੰਸ਼ਾਂ ਵਾਲ਼ੀਆਂ ਪੁਸਤਕਾਂ ਬਣੀਆਂ:

ਸੰਨ 1769 ਵਿੱਚ ਇੱਕ ਬਿੱਪਰਵਾਦੀ ਸੋਚ ਵਾਲ਼ੇ ਬ੍ਰਾਹਮਣ ਕੇਸਰ ਸਿੰਘ ਛਿੱਬਰ ਨੇ ‘ਬੰਸਾਵਲੀ ਨਾਮਾਨਾਂ ਦੀ ਪੁਸਤਕ ਲਿਖੀ ਜਿਸ ਵਿੱਚ ਦਸਵੇਂ ਪਾਤਿਸ਼ਾਹ ਵਲੋਂ ਦੁਰਗਾ ਮਾਈ ਦੀ ਪੂਜਾ ਕਰਨ ਦੀ ਕਹਾਣੀ ਵੀ ਲਿਖੀ ਗਈ ਹੈ। ਮਹੰਤਵਾਦੀਆਂ ਨੇ ਇਸ ਪੁਸਤਕ ਦੇ ਸਹਾਰੇ ਬਿੱਪਰਵਾਦ ਨੂੰ ਹੋਰ ਵਧਾਇਆ। ਸੰਨ 1795 ਵਿੱਚ ਇੱਕ ਉਦਾਸੀ ਸਾਧੂ ਅਨੰਦਘਨ ਨੇ ‘ਜਪੁ’ ਜੀ ਦਾ ਟੀਕਾ ਲਿਖਿਆ। ਇਹ ਟੀਕਾ ਵੇਦਾਂ ਅਤੇ ਉਪਨਿਸ਼ਦਾਂ ਦੀ ਰੌਸ਼ਨੀ ਵਿੱਚ ਲਿਖਿਆ ਗਿਆ ਜੋ ਸਿੱਖੀ ਵਿਚਾਰਧਾਰਾ ਤੋਂ ਬਹੁਤ ਦੂਰ ਸੀ।

ਮਹਾਰਾਜਾ ਰਣਜੀਤ ਸਿੰਘ (ਸੰਨ 1780-1839) ਦਾ ਸਮਾਂ ਸੰਨ 1801 ਤੋਂ 1839:

ਵੈਸਾਖੀ ਸੰਨ 1801 ਨੂੰ ਸ਼ੁਕਰਚੱਕੀਆ ਮਿਸਲ ਦੇ ਜਥੇਦਾਰ ਸਰਦਾਰ ਰਣਜੀਤ ਸਿੰਘ ਨੂੰ ਲਾਹੌਰ ਵਿੱਚ ਪੰਜਾਬ ਦਾ ਮਹਾਂਰਾਜਾ ਥਾਪਿਆ ਗਿਆ।

ਨੋਟ: ਇਹ ਰਾਜ 27 ਜੂਨ ਸੰਨ 1839 ਨੂੰ ਮਹਾਂਰਾਜੇ ਦੇ ਅਕਾਲ ਚਲਾਣੇ ਨਾਲ਼ ਅਮਲੀ ਤੌਰ 'ਤੇ ਖ਼ਤਮ ਹੋ ਗਿਆ ਕਿਉਂਕਿ ਮਹਾਂਰਾਜੇ ਨੇ, ਫ਼ੌਜੀ ਜਰਨੈਲਾਂ ਨੂੰ ਰਾਜ ਦੀ ਵਾਗ ਡੋਰ ਨਾ ਦੇ ਕੇ, ਗੱਦਾਰ ਡੋਗਰਿਆਂ ਨੂੰ ਸੰਭਾਲ਼ ਦਿੱਤੀ। ਦਲੀਪ ਸਿੰਘ (ਸੰਨ 1838-1893) ਸੰਨ 1843 ਵਿੱਚ ਮਹਾਂਰਾਜਾ ਬਣਿਆਂ, ਪਰ 29 ਮਾਰਚ ਸੰਨ 1849 ਨੂੰ ਅੰਗ੍ਰੇਜ਼ੀ ਸਰਕਾਰ ਨੇ ਉਸ ਤੋਂ ਲਿਖਵਾ ਲਿਆ ਕਿ ਉਹ ਉਸ ਦੇ ਪਿਤਾ ਦੀ ਕਿਸੇ ਜਾਇਦਾਦ ਦਾ ਮਾਲਕ ਨਹੀਂ ਹੈ, ਉਸ ਦਾ ਕੋਹਿਨੂਰ ਹੀਰੇ ਤੇ ਕੋਈ ਹੱਕ ਨਹੀਂ ਤੇ ਉਹ ਮੁੜ ਰਾਜਾ ਨਹੀ ਬਣੇਗਾ। ਇਸਾਈ ਬਣਾ ਕੇ ਉਸ ਨੂੰ ਸੰਨ 1858 ਵਿੱਚ ਇੰਗਲੈਂਡ ਭੇਜ ਦਿੱਤਾ ਗਿਆ। ਸੰਨ 1864 ਵਿੱਚ ਉਸ ਨੇ ਕਾਇਰੋ ਇਜਿਪਟ ਵਿੱਚ ਜੰਮੀ ਜਰਮਨ ਇਸਤ੍ਰੀ ਬੰਬਾ ਮੁਲਰ( ਸੰਨ 1848-1887) ਨਾਲ਼ (ਕਾਇਰੋ ਵਿੱਚ ਪਹਿਲੀ ਵਾਰ ਮਿਲਣ ਤੇ) ਸ਼ਾਦੀ ਕੀਤੀ ਜਿਸ ਤੋਂ 3 ਲੜਕੇ ਤੇ 3 ਲੜਕੀਆਂ ( ਵਿਕਟਰ ਦਲੀਪ ਸਿੰਘ, ਫ੍ਰੈੱਡਰਿਕ, ਐੱਡਵਰਡ, ਸ਼ਹਿਜ਼ਾਦੀ ਬੰਬਾ ਸਦਰਲੈਂਡ, ਕੈਥਰੀਨ ਅਤੇ ਸੋਫੀਆ) ਨੇ ਜਨਮ ਲਿਆ ਪਰ ਅੱਗੋਂ ਦਲੀਪ ਸਿੰਘ ਦੀ ਸਾਰੇ ਬੱਚੇ ਬੇ-ਔਲਾਦੇ ਹੀ ਚੜ੍ਹਾਈ ਕਰ ਗਏ। ਬੰਬਾ ਮੁਲਰ ਨੇ ਸੰਨ 1887 ਅਤੇ ਦਲੀਪ ਸਿੰਘ ਨੇ ਸੰਨ 1893 ਵਿੱਚ ਚੜ੍ਹਾਈ ਕੀਤੀ। ਦਲੀਪ ਸਿੰਘ ਦੀ ਇੱਕ ਲੜਕੀ ਬੰਬਾ ਸਦਰਲੈਂਡ ਨੇ ਸੰਨ 1957 ਵਿੱਚ ਲਾਹੌਰ ਵਿੱਚ ਚਲਾਣਾ ਕੀਤਾ।

ਮਹਾਰਾਜਾ ਰਣਜੀਤ ਸਿੰਘ ਅਤੇ ਮਹੰਤਵਾਦ:

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਮਹੰਤਵਾਦ ਹੋਰ ਵੀ ਜ਼ੋਰ-ਸ਼ੋਰ ਨਾਲ਼ ਗੁਰਦੁਆਰਿਆਂ ਵਿੱਚ ਫੈਲਿਆ ਕਿਉਂਕਿ ਮਹਾਂਰਾਜੇ ਨੇ ਗੁਰਦੁਅਰਿਆਂ ਵਿੱਚ ਮਹੰਤਵਾਦੀ ਪ੍ਰਥਾ ਨੂੰ ਬਦਲਣ ਦੀ ਥਾਂ ਗੁਰਦੁਆਰਿਆਂ ਤੇ ਹੋਰ ਧਰਮ ਅਸਥਾਨਾਂ ਨਾਲ਼ ਜ਼ਮੀਨਾ ਲਾ ਦਿੱਤੀਆਂ ਜਿਸ ਨਾਲ਼ ਮਹੰਤਵਾਦੀ ਤ਼ਬਕ਼ਾ ਹੋਰ ਸ਼ਕਤੀਸ਼ਾਲੀ ਹੋ ਗਿਆ। ਗੁਰਬਾਣੀ ਦੀ ਥਾਂ ਰਾਮ ਸ਼ਿਆਮ ਆਦਿਕ ਕਵੀਆਂ ਦੀਆਂ ਲਿਖੀਆਂ ਬਿਪਰਵਾਦੀ ਕੱਚੀਆਂ ਰਚਨਾਵਾਂ ਦਸਵੇਂ ਪਾਤਿਸ਼ਾਹ ਜੀ ਦੇ ਨਾਂ ਨਾਲ਼ ਜੋੜ ਕੇ (ਆਪੂੰ ਕਿਸੇ ਨੇ ਵਿੱਚ ਵਿੱਚ ਪਾਤਿਸ਼ਾਹੀ 10 ਲਿਖ ਕੇ) ਗੁਰਦੁਆਰਿਆਂ ਵਿੱਚ ਪੜੀਆਂ ਜਾਣ ਲੱਗ ਪਈਆਂ। ਗੀਤਾ ਅਤੇ ਰਮਾਇਣ ਦੇ ਪਾਠਾਂ ਦੀ ਤਰਜ਼ ਤੇ ਗੁਰਬਾਣੀ ਦੇ ਤੋਤਾ ਰਟਨੀ ਪਾਠ ਪ੍ਰਚੱਲਤ ਕੀਤੇ ਗਏ ਤਾਂ ਜੁ ਸਿੱਖ ਲੋਕ ਸ਼ਬਦ ਦੀ ਵੀਚਾਰ ਤੋਂ ਦੂਰ ਰਹਿ ਕੇ ਪਾਠਾਂ ਤੋਂ ਹੀ ਸੁੱਖਣਾਂ ਪੂਰੀਆਂ ਕਰਦੇ ਰਹਿਣ ਅਤੇ ਬਿਪਰਵਾਦ ਦੀ ਅਸਲੀਅਤ ਨਾ ਸਮਝ ਕੇ ਉਸ ਦੇ ਗ਼ੁਲਾਮ ਬਣੇ ਰਹਿਣ।

ਮਹਾਂਰਾਜੇ ਵਲੋਂ ਗੁਰਬਾਣੀ ਦੇ ਪ੍ਰਚਾਰ ਅਤੇ ਪਸਾਰ ਦਾ, ਕੋਈ ਸਿੱਖ ਵਿੱਦਿਆਲੇ ਆਦਿਕ ਸਥਾਪਿਤ ਕਰਕੇ, ਗੁਰਬਾਣੀ ਦੀਆਂ ਭਾਸ਼ਾਵਾਂ ਦੀ ਖੋਜ ਵਿਚਾਰ ਦਾ ਉਪਰਾਲ਼ਾ ਨਹੀਂ ਹੋਇਆ ਤੇ ਗੁਰਬਾਣੀ ਦੀ ਵਿਚਾਰਧਾਰਾ ਦੇ ਪ੍ਰਚਾਰ ਤੇ ਪਸਾਰ ਦਾ ਸਾਲਾਂ-ਬੱਧੀ ਮਿਲ਼ਿਆ ਇਹ ਸੁਨਹਿਰੀ ਮੌਕਾ ਖੁੰਝ ਗਿਆ। ਇਹ ਸਮਾਂ ਮਹੰਤਾਂ ਨੇ ਗੁਰਦੁਆਰਿਆਂ ਵਿੱਚ ਸਨਾਤਨੀ ਮੱਤ ਦੀਆਂ ਰੀਤਾਂ ਰਸਮਾਂ ਤੇ ਦੁਰਗਾ ਮਹਾਂਕਾਲ਼ ਦੀ ਪੂਜਾ ਵਾਲ਼ੀਆਂ ਤੇ ਇੰਦ੍ਰ ਦੇਵਤੇ ਦੀ ਮੁੜ ਰਾਜ-ਵਾਪਸੀ ਤੇ ਕੀਤੀ ਆਰਤੀ ਆਦਿਕ ਕੱਚੀਆਂ ਰਚਨਾਵਾਂ ਪ੍ਰਚੱਲਤ ਕਰਨ ਵਿੱਚ ਪੂਰੀ ਤਰ੍ਹਾਂ ਖੁੱਲ੍ਹ ਕੇ ਵਰਤਿਆ ਤੇ ਇਹ ਕੱਚੀਆਂ ਪਿੱਲੀਆਂ ਰਚਨਾਵਾਂ ਤੇ ਮਨਮਤੀ ਰੀਤਾਂ ਹੁਣ ਸਿੱਖਾਂ ਦੇ ਮਨਾ ਵਿੱਚ ਘਰ ਬਣਾ ਦੇ ਬੈਠੀਆਂ ਹੋਈਆਂ ਹਨ।

ਬਿੱਪਰਵਾਦੀ ਅੰਸ਼ਾਂ ਵਾਲ਼ੀ ਇੱਕ ਹੋਰ ਪੁਸਤਕ ਬਣੀ:

ਸੰਨ 1807 ਵਿੱਚ ਕਵੀ ਭਾਈ ਸੁੱਖਾ ਸਿੰਘ ਨੇ ‘ਗੁਰਬਿਲਾਸ ਪਾਤਿਸ਼ਾਹੀ 10’ ਨਾਮਕ ਪਸਤਕ ਲਿਖੀ ਜਿੱਸ ਵਿੱਚ ਦਸਵੇਂ ਪਾਤਿਸ਼ਾਹ ਰਾਹੀਂ ਕਰਵਾਈ ਦੁਰਗਾ ਪੂਜਾ ਦੀ ਬਿੱਪਰਵਾਦੀ ਝੂਠੀ ਕਹਾਣੀ ਦਾ ਪ੍ਰਚਾਰ ਕੀਤਾ ਗਿਆ ਹੈ। ਇਸ ਪੁਸਤਕ ਨੇ ਵੀ ਸਿੱਖੀ ਵਿਚਾਰਧਾਰਾ ਨੂੰ ਮਿਲ਼ਗੋਭਾ ਕਰਨ ਲਈ ਮਹੰਤਾਂ ਵਲੋਂ ਵਰਤਿਆ ਗਿਆ।

ਸਿੱਖ ਰਾਜ ਖ਼ਤਮ ਹੋ ਗਿਆ:

ਮਹਾਂਰਾਜੇ ਦੇ ਮਹੱਲਾਂ ਵਿੱਚ ਪਲ਼ੇ ਡੋਗਰਿਆਂ ਧਿਆਨ ਸਿੰਘ , ਤੇਜਾ ਸਿੰਘ, ਗੁਲਾਬ ਸਿੰਘ, ਪਹਾੜਾ ਸਿੰਘ ਆਦਿਕਾਂ ਦੀ ਸਿੱਖ ਫ਼ੌਜਾਂ ਨਾਲ਼ ਕੀਤੀ ਗੱਦਾਰੀ ਕਾਰਨ ਸੰਨ 1849 ਵਿੱਚ ਅੰਗ੍ਰੇਜ਼ਾਂ ਨੇ ਪੂਰੀ ਤਰ੍ਹਾਂ ਪੰਜਾਬ ਨੂੰ ਆਪਣੇ ਅਧੀਨ ਕਰ ਲਿਆ ਤੇ ਮਹਾਂਰਾਜੇ ਦਾ ਸ਼ਾਹੀ ਖ਼ਜ਼ਾਨਾ ਲੁੱਟ ਲਿਆ; ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।

ਚਲਦਾ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top