Share on Facebook

Main News Page

ਮਹੰਤਵਾਦੀ (ਮਨਮਤੀ) ਪਾਠ, ਰੀਤਾਂ ਅਤੇ ਰਸਮਾਂ ਸਿੱਖਾਂ ਵਿੱਚ ਕਿਵੇਂ ਚੱਲੀਆਂ ? - ਭਾਗ ਪਹਿਲਾ
-: ਪ੍ਰੋ. ਕਸ਼ਮੀਰਾ ਸਿੰਘ USA

ਇੱਕ ਅਧਿਐਨ

ਜਦੋਂ ਵੀ ਸਮਾਜ ਵਿੱਚ ਕੋਈ ਨਵੀਂ ਸੁਧਾਰ ਲਹਿਰ ਚੱਲਦੀ ਹੈ ਤਾਂ ਸਮਾਜ ਉਸ ਨੂੰ ਤਿੰਨ ਤਰ੍ਹਾਂ ਦੇਖਦਾ ਹੈ। ਕੁੱਝ ਲੋਕ ਉਸ ਲਹਿਰ ਦੇ ਪ੍ਰਸ਼ੰਸਕ ਹੋ ਕੋ ਕੇ ਉਸ ਵਿੱਚ ਸ਼ਾਮਲ ਹੋ ਜਾਂਦੇ ਹਨ, ਕੁੱਝ ਲੋਕ ਲਹਿਰ ਦੇ ਵਿਰਧੀ ਹੋ ਕੇ ਉਸ ਨੂੰ ਬੰਦ ਕਰਾਉਣ ਵਿੱਚ ਜੁੱਟ ਜਾਂਦੇ ਹਨ ਅਤੇ ਕੁੱਝ ਲੋਕ ਲਹਿਰ ਪ੍ਰਤੀ ਉਦਾਸੀਨ ਰਹਿੰਦੇ ਹਨ।

ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਸਤਿ ਨਾਮ ਦਾ ਚੱਕ੍ਰ ਫਿਰਾਉਣ ਲਈ ਸਰਬੱਤ ਦੇ ਭਲੇ ਲਈ ਜੋ ਲਹਿਰ ਸ਼ੁਰੂ ਕੀਤੀ ਸੀ, ਉਸ ਵਿੱਚ ਸ਼ਾਮਲ ਹੋਣ ਵਾਲ਼ੇ ਪ੍ਰਾਣੀ ਗੁਰੂ ਦੇ ਸਿੱਖ ਹੋ ਗਏ ਤੇ ਵਿਰੋਧ ਕਰਨ ਵਾਲ਼ੇ ਪੀੜ੍ਹੀ ਦਰ ਪੀੜ੍ਹੀ ਵਿਰੋਧ ਵਿੱਚ ਜੁੱਟ ਗਏ ਤੇ ਹੁਣ ਤਕ ਵਿਰੋਧ ਕਰਦੇ ਚਲੇ ਆ ਰਹੇ ਹਨ। ਇੱਸ ਵਿਰੋਧੀ ਮੱਤ ਨੂੰ ਹੀ ਮਹੰਤਵਾਦੀ, ਬਿਪਰਵਾਦੀ ਜਾਂ ਸਨਾਤਨਵਾਦੀ ਮੱਤ ਕਿਹਾ ਜਾਂਦਾ ਹੈ। ਇਸ ਦੇ ਮੂਲ਼ ਸਿਧਾਂਤ ਸਿੱਖੀ ਵਿਚਾਰਧਾਰਾ ਨਾਲ਼ ਨਹੀਂ ਮਿਲ਼ਦੇ। ਮਹੰਤਵਾਦ ਦੇ ਕੀਤੇ ਇਸ ਵਿਰੋਧ ਵਿੱਚੋਂ ਸਿੱਖ ਸ਼ਹੀਦੀਆਂ ਨੇ ਜਨਮ ਲਿਆ ਤੇ ਸਰਬੰਸ਼ ਤਕ ਵਾਰਨੇ ਪਏ ਤਾਂ ਜੁ ਸਰਬੱਤ ਦੇ ਭਲੇ ਵਾਲ਼ੀ ਸਿੱਖੀ ਲਹਿਰ ਬੰਦ ਨਾ ਹੋ ਜਾਏ।

ਸਿੱਖੀ ਲਹਿਰ ਦੇ ਵਿਰੋਧ ਵਿੱਚ ਮਹੰਤਵਾਦ, ਬਿੱਪਰਵਾਦ ਜਾਂ ਸਨਾਤਨਵਾਦ ਉੱਭਰ ਕੇ ਸਾਮ੍ਹਣੇ ਆਇਆ ਜਿੱਸ ਨੇ ਸਿੱਖੀ ਦੀ ਹੋਂਦ ਖ਼ਤਮ ਕਰਨ ਲਈ ਹਰ ਹੀਲਾ ਵਰਤ ਕੇ ਸਿੱਖੀ ਵਿਚਾਰਧਾਰਾ ਨੂੰ ਬਿੱਪਰਵਾਦ ਵਿੱਚ ਸਮਾਉਣ ਦਾ ਪੂਰਾ ਯਤਨ ਕੀਤਾ ਜਿਸ ਵਿੱਚ ਉਸ ਨੇ ਬਹੁਤੀ ਕਾਮਯਾਬੀ ਪ੍ਰਾਪਤ ਵੀ ਕਰ ਲਈ ਹੈ।

ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਕਹੇ ਹੋਏ ਸੱਚ ਦੇ ਬੋਲ ਮੌਕੇ ਦੇ ਧਾਰਮਕ ਆਗੂਆਂ ਅਤੇ ਸ਼ਾਸਕਾਂ ਵਲੋਂ ਗ਼ਰੀਬਾਂ ਤੇ ਨਿਤਾਣਿਆਂ ਦਾ ਖ਼ੂਨ ਚੂਸਣ ਵਾਲ਼ਾਂ ਪਾਖੰਡ ਲੋਕਾਂ ਸਾਮ੍ਹਣੇ ਰੱਖਣ ਵਾਲ਼ੇ ਸਨ, ਜੋ ਧਾਰਮਕ ਅਗੂਆਂ ਅਤੇ ਸ਼ਾਸਕਾਂ ਨੂੰ ਪਸੰਦ ਨਹੀਂ ਸਨ ਕਿਉਂਕਿ ਸੱਚ ਦੇ ਬੋਲ, ਲੁੱਟੇ ਜਾ ਰਹੇ, ਗ਼ਰੀਬਾਂ ਅਤੇ ਨਿਤਾਣਿਆਂ ਦੇ ਹੱਕ ਵਿੱਚ ਸਨ ਅਤੇ ਜ਼ਾਲਮਾਂ ਵਲੋਂ ਕੀਤੀ ਜਾਂਦੀ ਠੱਗੀ ਦਾ ਪੋਲ ਖੋਲ੍ਹ ਰਹੇ ਸਨ। ਸੱਚ ਦੇ ਕੁੱਝ ਅਜਿਹੇ ਬੋਲ ਗੁਰਬਾਣੀ ਵਿੱਚ ਮਿਲ਼ਦੇ ਹਨ -

ਜ਼ਾਲਮ ਸ਼ਾਸਕਾਂ ਨੂੰ ਵੰਗਾਰਨ ਵਾਲ਼ੇ:

ੳ) ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨ ਬੈਠੇ ਸੁਤੇ॥ ਗਗਸ 1288

ਅ) ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਿ ਰਹਿਆ ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥ ਗਗਸ 145

ਠੱਗੀ ਕਰਨ ਵਾਲ਼ੇ ਸਮਾਜਕ ਆਗੂਆਂ- ਨਿਆਂ ਕਰਤਾ ਕਾਜ਼ੀਆਂ, ਪ੍ਰੋਹਤ ਬ੍ਰਾਹਣਾਂ, ਹ਼ਾਕਮਾਂ ਦੇ ਮੁਲਾਜ਼ਮ ਖੱਤ੍ਰੀਆਂ ਅਤੇ ਘਰ-ਬਾਰ ਤਿਆਗਣ ਵਾਲ਼ੇ ਜੋਗੀਆਂ ਨੂੰ ਵੰਗਾਰਨ ਵਾਲ਼ੇ:

ੲ) ਕਾਦੀ ਕੂੜੁ ਬੋਲਿ ਮਲੁ ਖਾਇ ॥ ਬਾਮ੍ਹਣ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ॥ ਗਗਸ 662

ਸ) ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥ ਗਗਸ 471

ਹ) ਮਾਣਸ ਖਾਣਹਿ ਕਰਹਿ ਨਿਵਾਜ ॥ ਛੁਰੀ ਵਗਾਇਨਿ ਤਿਨ ਗਲਿ ਤਾਗ॥ ਤਿਨ ਘਰਿ ਬ੍ਰਾਹਮਣ ਪੂਰਹਿ ਨਾਦ॥ ਉਨਾ ਭਿ ਆਵਹਿ ਓਈ ਸਾਦ ॥ ਕੂੜੀ ਰਾਸਿ ਕੂੜਾ ਵਾਪਾਰੁ॥ ਕੂੜ ਬੋਲਿ ਕਰਹਿ ਆਹਾਰੁ॥ ਸਰਮ ਧਰਮ ਕਾ ਡੇਰਾ ਦੂਰਿ ॥ ਨਾਨਕ ਕੂੜੁ ਰਹਿਆ ਭਰਪੂਰਿ ॥ ਮਥੈ ਟਿਕਾ ਤੇੜਿ ਧੋਤੀ ਕਖਾਈ ॥ ਹਥਿ ਛੁਰੀ ਜਗਤ ਕਾਸਾਈ॥ ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥ ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥ ਅਭਾਖਿਆ ਕਾ ਕੁਠਾ ਬਕਰਾ ਖਾਣਾ ॥ ਚਉਕੇ ਊਪਰਿ ਕਿਸੈ ਨਾ ਜਾਣਾ ॥ ਦੇ ਕੈ ਚਉਕਾ ਕਢੀ ਕਾਰ ॥ ਊਪਰਿ ਆਇ ਬੈਠੇ ਕੂੜਿਆਰ ॥ ਮਤੁ ਭਿਟੈ ਵੇ ਮਤੁ ਭਿਟੈ ॥ ਇਹੁ ਅੰਨੁ ਅਸਾਡਾ ਫਿਟੈ ॥ ਤਨਿ ਫਿਟੈ ਫੇੜ ਕਰੇਨਿ ॥ ਮਨਿ ਜੂਠੈ ਚੁਲੀ ਭਰੇਨਿ ॥ ਕਹੁ ਨਾਨਕ ਸਚੁ ਧਿਆਈਐ ॥ ਸੁਚਿ ਹੋਵੈ ਤਾ ਸਚੁ ਪੳਈਐ ॥2॥ ਗਗਸ 471

ਮਹੰਤਵਾਦ ਨੇ ਕਿਵੇਂ ਪੈਰ ਪਸਾਰੇ, ਇਤਿਹਾਸ ਦੇ ਕੁਝ ਕੁ ਪੰਨਿਆਂ ਉੱਤੇ ਝਾਤੀ ਮਾਰਨੀ ਪਵੇਗੀ।

ਸੰਨ 1469 ਤੋਂ ਸੰਨ 1708 ਤਕ ਦਾ ਗੁਰੂ ਕਾਲ਼ ਦਾ ਸਮਾਂ:

ਸੰਨ 1469 ਤੋਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਤੋਂ 1708 ਤਕ ਸਿੱਖ ਸਤਿਗੁਰੂ ਜੀ ਜਗਿਆਸੂਆਂ ਨੂੰ ਆਪਿ ਗੁਰਬਾਣੀ ਦੀ ਸੂਝ ਬੂਝ ਅਤੇ ਸਿੱਖੀ ਜੀਵਨ ਜਾਚ ਦੇਣ ਵਿੱਚ ਅਗਵਾਈ ਕਰਦੇ ਰਹੇ। ਗੁਰੂ-ਕਾਲ਼ ਸਮੇਂ ਦੂਰ ਦੁਰੇਡੇ ਦੀਆਂ ਸੰਗਤਾਂ ਨੂੰ ਗੁਰਬਾਣੀ ਦੀ ਸੰਥਿਆ ਦੇਣ ਲਈ ਇਲਾਕਿਆਂ ਦੀ ਵੰਡ ਕਰਕੇ ਸਿੱਖ ਪ੍ਰਚਾਰਕ ਭੀ ਤਿਆਰ ਕਰਕੇ ਪੱਕੇ ਤੌਰ ਤੇ ਭੇਜੇ ਜਾਂਦੇ ਰਹੇ, ਜਿਨ੍ਹਾਂ ਨੂੰ ‘ਮੰਜੀਆਂ ਜਾਂ ਪੀੜ੍ਹੀਆਂ ਅਤੇ ਪੀੜ੍ਹੇ ਕਾਇਮ ਕੀਤੇ’ ਲਿਖਿਆ ਗਿਆ ਹੈ ਅਤੇ ਹੋਰ ਗੁਰੂ ਪਿਆਰੇ ਅਨੇਕਾਂ ਸਿੱਖ ਜਿਵੇਂ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਆਦਿਕ ਵੀ ਇਹ ਸੇਵਾ ਕਰਦੇ ਰਹੇ।

ਗੁਰੂ ਹਰਿ ਗੋਬਿੰਦ ਸਾਹਿ਼ਬ ਅਤੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਦੇ ਅਨੇਕਾਂ ਨਿਕਟਵਰਤੀ ਪਿਆਰੇ ਸਿੱਖ, ਗੁਰਬਾਣੀ ਦੇ ਸ਼ੁੱਧ ਪਾਠ ਅਤੇ ਗੁਰਮਤਿ ਰਹਿਣੀ ਬਹਿਣੀ ਤੋਂ ਜਾਣੂ ਅਤੇ ਨਾਮ ਦੇ ਰਸੀਏ, ਮੁਗ਼ਲਾਂ ਵਲੋਂ ਕੀਤੇ ਹਮਲਿਆਂ ਵਿੱਚ ਧਰਮ, ਦੇਸ਼ ਅਤੇ ਕੌਮ ਦੀ ਰੱਖਿਆ ਲਈ ਸ਼ਹੀਦ ਹੋ ਗਏ। ਗੁਰ ਕੇ ਪੰਜ ਪਿਆਰੇ, ਚਾਰੇ ਸਾਹਿਬਜ਼ਾਦੇ ਅਤੇ ਪਰਿਵਾਰ ਦੇ ਹੋ ਕਈ ਮੈਂਬਰ ਸ਼ਹੀਦ ਹੋ ਗਏ। ਗੁਰੂ ਤੇਗ਼ ਬਹਾਦੁਰ ਜੀ ਦੇ ਨਿਕਟਵਰਤੀ, ਗੁਰਬਾਣੀ ਦੇ ਸਹੀ ਉੱਚਾਰਣ ਤੇ ਗੁਰਮਤਿ ਰੀਤਾਂ ਰਸਮਾਂ ਤੋਂ ਜਾਣੂ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਉਨ੍ਹਾਂ ਦੇ ਸਾਮ੍ਹਣੇ, ਔਰੰਗਜ਼ੇਬ ਦੇ ਜ਼ੁਲਮ ਤੇ ਧੱਕੇ ਦਾ ਸ਼ਿਕਾਰ ਹੋ ਕੇ, ਸ਼ਹੀਦ ਹੋ ਗਏ।

ਬਿੱਪਰਵਾਦ ਨੇ ਵੀ ਸਿੱਖਾਂ ਨੂੰ ਖ਼ਤਮ ਕਰਾਉਣ ਵਿੱਚ ਮੁਗ਼ਲ ਸਰਕਾਰ ਦਾ ਹੀ ਸਾਥ ਦਿੱਤਾ। ਹਜ਼ੂਰੀ ਸਿੱਖਾਂ ਦੀਆਂ ਇਸ ਤਰ੍ਹਾਂ ਹੋਈਆਂ ਸ਼ਹੀਦੀਆਂ ਨਾਲ਼ ਪੁਰਾਤਨ ਸਹੀ ਉੱਚਾਰਣ ਦੀਆਂ ਭਾਸ਼ਾ ਧੁਨੀਆਂ ਭੀ ਅਲੋਪ ਹੁੰਦੀਆਂ ਗਈਆਂ ਅਤੇ ਸਹੀ ਰੀਤਾਂ ਰਸਮਾਂ ਦੀ ਦ੍ਰਿੜਤਾ ਵੀ ਘਟਦੀ ਗਈ, ਫਿਰ ਵੀ ਸੰਨ 1708 ਤਕ ਸਿੱਖਾਂ ਨੂੰ ਯੋਗ ਅਗਵਾਈ ਮਿਲ਼ਦੀ ਰਹੀ। ਸੰਨ 1708 ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਗੁਰ-ਗੱਦੀ ਦੀ ਬਖ਼ਸ਼ਸ਼, ਆਪਣੇ ਹੱਥੀਂ ਸੰਪੂਰਨ ਕੀਤੀ ਦਮਦਮੀ ਬੀੜ ਨੂੰ , ਸਦਾ ਲਈ ਕਰ ਗਏ।

ਗੁਰੂ ਜੋਤਿ ਦੀ ਸ਼ਰੀਰਕ ਤੌਰ 'ਤੇ ਮੌਜੂਦਗੀ ਦਾ ਜੋ ਡਰ ਸੀ, ਉਹ ਸਿੱਖੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲ਼ਿਆਂ ਵਿੱਚ ਖ਼ਤਮ ਹੋ ਗਿਆ। ਕਾਂਸ਼ੀ ਬਨਾਰਸ ਬੈਠੇ ਵਿਦਵਾਨ ਨਿਰਮਲੇ ਅਤੇ ਉਦਾਸੀ ਬਿੱਪਰਵਾਦੀਆਂ ਦੇ ਘਰ ਜਿਵੇਂ ਘਿਉ ਦੇ ਦੀਵੇ ਜਗ ਪਏ ਹੋਣ। ਸਿੱਖੀ ਦੇ ਨੁਕਸਾਨ ਦੇ, ਬਿਪਰਵਾਦੀ ਲਿਖਤਾਂ ਦੁਅਰਾ, ਜੋ ਕੰਮ ਉਹ ਸੰਨ 1708 ਤਕ ਨਹੀਂ ਕਰ ਸਕੇ ਸਨ ਹੁਣ ਨਿਡੱਰ ਹੋ ਕੇ ਅਜਿਹਾ ਕਰਨ ਦਾ ਪੂਰਾ ਮੌਕਾ ਮਿਲ਼ ਗਿਆ।

ਸੰਨ 1709 ਤੋਂ ਸੰਨ 1757 ਦਾ ਸਮਾਂ

ਸੰਨ 1709 ਤੋਂ ਸੰਨ 1757 ਤਕ ਦੇ ਸਮੇਂ ਵਿੱਚ ਬਾਬਾ ਬੰਦਾ ਸਿੰਘ ਬਹਾਦੁਰ (ਸੰਨ 1670- 1716) ਤੋਂ ਲੈ ਕੇ ਬਾਬਾ ਦੀਪ ਸਿੰਘ (ਸ਼ਹੀਦੀ ਸੰਨ 1757) ਤਕ ਹੋਰ ਚੋਟੀ ਦੇ ਸਿੰਘ ਮੁਗ਼ਲਾਂ ਦੇ ਜ਼ੁਲਮ ਕਾਰਣ ਸ਼ਹੀਦ ਹੋ ਗਏ। ਇਨ੍ਹਾਂ ਵਿੱਚ ਬਾਬਾ ਬੰਦਾ ਸਿੰਘ ਬਹਾਦੁਰ ਦੇ ਨਾਲ਼ ਮਿਲ਼ ਕੇ ਮੁਗ਼ਲਾਂ ਨਾਲ਼ ਲੜੀਆਂ ਜੰਗਾਂ ਵਿੱਚ ਅਤੇ ਉਨ੍ਹਾਂ ਨਾਲ਼ ਗ੍ਰਿਫ਼ਤਾਰ ਕੀਤੇ ਅਤੇ ਸ਼ਿਕਾਰ ਕਰ ਕੇ ਫੜੇ ਹਜ਼ਾਰਾਂ ਦੀ ਗਿਣਤੀ ਵਿੱਚ ਹੋਰ ਸਿੰਘਾਂ ਤੋਂ ਬਿਨਾਂ, ਭਾਈ ਬਾਜ਼ ਸਿੰਘ (ਸ਼ਹੀਦੀ 1716), ਭਾਈ ਬਿਨੋਦ ਸਿੰਘ (ਸ਼ਹੀਦੀ 1716), ਭਾਈ ਤਾਰਾ ਸਿੰਘ ਵਾਂ (ਸ਼ਹੀਦੀ ਸੰਨ 1726), ਭਾਈ ਮਨੀ ਸਿੰਘ (ਸ਼ਹੀਦੀ ਸੰਨ 1738), ਭਾਈ ਬੋਤਾ ਸਿੰਘ (ਸ਼ਹੀਦੀ ਸੰਨ 1739), ਭਾਈ ਗਰਜਾ ਸਿੰਘ (ਸ਼ਹੀਦੀ ਸੰਨ 1739), ਭਾਈ ਮਤਾਬ ਸੰਘ (ਸ਼ਹੀਦੀ ਸੰਨ 1745), ਭਾਈ ਤਾਰੂ ਸਿੰਘ (ਸ਼ਹੀਦੀ ਸੰਨ 1745), ਭਾਈ ਸੁਬੇਗ ਸਿੰਘ (ਸ਼ਹੀਦੀ ਸੰਨ 1746), ਭਾਈ ਸ਼ਾਹਬਾਜ਼ ਸਿੰਘ (ਸ਼ਹੀਦੀ ਸੰਨ 1746), ਭਾਈ ਸੁੱਖਾ ਸਿੰਘ ਜੀ (ਸ਼ਹੀਦੀ ਸੰਨ 1751) ਆਦਿਕ ਸਿੰਘ ਸ਼ਹੀਦ ਹੋ ਗਏ । ਦਸਵੇਂ ਪਾਤਿਸ਼ਾਹ ਜੀ ਦੇ ਨਿਕਟਵਰਤੀ ਸਿੱਖ, ਬਾਬਾ ਬੰਦਾ ਸਿੰਘ ਬਹਾਦੁਰ ਨਾਲ਼ ਹੀ ਹੋਰ ਅਨੇਕਾਂ ਫੜੇ ਸਿੱਖਾਂ ਨਾਲ਼, ਸ਼ਹੀਦ ਕਰ ਦਿੱਤੇ ਗਏ ਅਤੇ ਮੁਗ਼ਲਾਂ {ਮੁਗ਼ਲ ਸ਼ਬਦ ਤੁਰਕੀ ਭਾਸ਼ਾ ਦਾ ਹੈ ਜਿਸ ਦਾ ਅਰਥ ਹੈ- ਸਿੱਧਾ ਸਾਦਾ ਤੇ ਭੋਲ਼ਾ। ਇਹ ਅਰਥ ਅਕਬਰ ਤੋਂ ਬਿਨਾਂ ਗੁਰੂ ਕਾਲ਼ ਦੇ ਬਾਕੀ ਜ਼ਾਲਮ ਮੁਗ਼ਲ ਰਾਜਿਆਂ ਤੇ ਢੁੱਕਦਾ ਨਹੀਂ ਹੈ} ਦੇ ਜ਼ੁਲਮ ਦਾ ਸ਼ਿਕਾਰ ਹੋ ਗਏ। ਸਿੱਖਾਂ ਦਾ ਕ਼ਤਲੇਆਮ ਕੀਤਾ ਗਿਆ। ਪੁਰਾਤਨ ਸਿੱਖਾਂ ਦੇ ਇੱਸ ਤਰ੍ਹਾਂ ਸ਼ਹੀਦ ਹੋਣ ਨਾਲ਼ ਗੁਰਬਾਣੀ ਦੀਆਂ ਸ਼ੁੱਧ ਉੱਚਾਰਣ ਤੇ ਮੂਲ਼ ਨੂੰ ਸੰਭਾਲਣ ਦੀਆਂ ਸਿੱਖ ਰੀਤਾਂ ਅਤੇ ਰਸਮਾਂ ਭੀ ਅਲੋਪ ਹੁੰਦੀਆਂ ਗਈਆਂ।

ਚਲਦਾ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top