Share on Facebook

Main News Page

ਮਹੰਤਵਾਦੀ (ਮਨਮਤੀ) ਪਾਠ, ਰੀਤਾਂ ਅਤੇ ਰਸਮਾਂ ਸਿੱਖਾਂ ਵਿੱਚ ਕਿਵੇਂ ਚੱਲੀਆਂ ? - ਭਾਗ ਤੀਜਾ
-: ਪ੍ਰੋ. ਕਸ਼ਮੀਰਾ ਸਿੰਘ USA

* ਲੜ੍ਹੀ ਜੋੜ੍ਹਨ ਲਈ ਪਿਛਲੇ ਅੰਕ ਪੜ੍ਹੋ... : ਪਹਿਲਾ, ਦੂਜਾ

ਦੋ ਹੋਰ ਬਿੱਪਰਵਾਦੀ ਅੰਸ਼ਾਂ ਵਾਲ਼ੀਆਂ ਪੁਸਤਕਾਂ ਬਣੀਆਂ:

ਸਰਦਾਰ ਰਤਨ ਸਿੰਘ ਭੰਗੂ ਨੇ ਸੰਨ 1841 ਵਿੱਚ ‘ਪ੍ਰਾਚੀਨ ਪੰਥ ਪ੍ਰਕਾਸ਼’ ਕਵਿਤਾ ਵਿੱਚ ਲਿਖਿਆ। ਇਸ ਗ੍ਰੰਥ ਨੇ ਵੀ ਬਿੱਪਰਵਾਦ ਨੂੰ ਹੋਰ ਪ੍ਰਚਾਰਿਆ। ਇਸ ਗ੍ਰੰਥ ਵਿੱਚ ਲਿਖਿਆ ਹੈ ਕਿ ਦਸਵੇਂ ਗੁਰੂ ਜੀ ਨੇ ਖ਼ਾਲਸੇ ਦੀ ਸਿਰਜਣਾ ਵੇਲੇ ਪੰਡਿਤਾਂ ਤੋਂ ਮਹੂਰਤ ਕਢਵਾਇਆ, ਦੁਰਗਾ ਕੀ ਵਾਰ ਦਾ ਪਾਠ ਕੀਤਾ ਅਤੇ 33 ਸਵੱਯੇ ਵੀ ਪੜ੍ਹੇ। ਇਸ ਗ੍ਰੰਥ ਵਿੱਚ ਝਟਕਾ ਕਰ ਕੇ ਬੱਕਰੇ ਖਾਣ ਦੀ ਗੱਲ ਵੀ ਗੁਰੂ ਜੀ ਵਲੋਂ ਦਿੱਤੀ ਸਿੱਖਿਆ ਵਿੱਚ, ਕਵੀ ਵਲੋਂ, ਕਹਾਈ ਗਈ ਹੈ। ਮਹੰਤਵਾਦ ਨੇ ਇਸ ਪੁਸਤਕ ਦਾ ਬਿੱਪਰਵਾਦ ਪ੍ਰਚਾਰਨ ਵਿੱਚ ਪੂਰਾ ਲਾਭ ਉਠਾਇਆ।

"ਸੂਰਜ ਪ੍ਰਕਾਸ਼ ਗ੍ਰੰਥ" ਕਵੀ ਸੰਤੋਖ ਸਿੰਘ, ‘ਨਿਰਮਲਾ’ ਸੰਪ੍ਰਦਾ ਨਾਲ਼ ਸੰਬੰਧਤ, (ਸੰਨ 1788-1843) ਨੇ ਸੰਨ 1843 ਵਿੱਚ ਮੁਕੰਮਲ ਕੀਤਾ, ਜਿਸ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਨੂੰ ਖ਼ਾਲਸਾ ਸਾਜਣ ਤੋਂ ਪਹਿਲਾਂ ਆਸ਼ੀਰਵਾਦ ਲੈਣ ਲਈ ਦੁਰਗਾ ਦੇਵੀ ਦੀ ਪੂਜਾ ਕਰਦਿਆਂ ਸਿੱਧ ਕਰਨ ਲਈ ਨਿਰਮਲੇ ਕਵੀ ਸੰਤੋਖ ਸਿੱਘ ਨੇ ਲਗਭਗ 8 ਅਧਿਆਇ ਫੂਕ ਦਿੱਤੇ ਹਨ। ਇਸ ਘਟਨਾ ਦੇ ਬਿਆਨ ਤੋਂ ਹੀ ਕਵੀ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਸੁੱਚੀ ਵਿਚਾਰਧਾਰਾ ਪ੍ਰਤੀ ਘੋਰ ਅਗਿਆਨਤਾ ਰੱਖਣ ਦੀ ਪੁਸ਼ਟੀ ਹੁੰਦੀ ਹੈ; ਜੇ ਉਸ ਨੇ ਗੁਰਬਾਣੀ ਦਾ ਡੂੰਘਾ ਅਧਿਅਨ ਕੀਤਾ ਹੁੰਦਾ ਤਾਂ ਅਜਿਹਾ ਨਾ ਲਿਖਦਾ ਪਰ ਉਹ ਤਾਂ ‘ਨਿਰਮਲਾ ਸੰਪ੍ਰਦਾ’ ਵਾਲ਼ਾ ਹੋਣ ਕਰਕੇ ਗੁਰਬਾਣੀ ਦੇ ਸੱਚ ਤੋਂ ਦੂਰ ਰਿਹਾ ਤੇ ਦਸਵੇਂ ਪਾਤਿਸ਼ਾਹ ਨੂੰ ਦੁਰਗਾ ਦੇ ਪੁਜਾਰੀ ਬਣਾ ਦਿੱਤਾ।

ਅੱਜ ਤਕ ਸ਼੍ਰੋ.ਗੁ.ਪ੍ਰ. ਕਮੇਟੀ ਸਮੇਤ ਕਿਸੇ ਹੋਰ ਸੰਸਥਾ ਜਾਂ ਸਿੱਖ ਕੌਮ ਦੇ ਕਿਸੇ ਆਗੂ ਨੇ ਇਹੋ ਜਿਹੇ ਬਿੱਪਰਵਾਦੀ ਅੰਸ਼ਾਂ ਦਾ ਪ੍ਰਚਾਰ ਕਰਨ ਵਾਲ਼ੇ  ਗ੍ਰੰਥਾਂ ਵਲੋਂ ਸਿੱਖੀ ਦੇ ਕੀਤੇ ਨੁਕਸਾਨ ਦਾ ਨੋਟਿਸ ਨਹੀਂ ਲਿਆ ਤੇ ਨਾ ਹੀ ਗੁਰਮਤਿ ਵਿਰੋਧੀ ਤੱਤਾਂ ਨੂੰ ਅਜਿਹੇ ਗ੍ਰੰਥਾਂ ਵਿੱਚੋਂ ਬਾਹਰ ਕੱਢਿਆ ਹੈ। ਹੋਰ ਤਾਂ ਹੋਰ ਗੁਰਦੁਆਰਿਆਂ ਵਿੱਚ ਸੂਰਜ ਪ੍ਰਕਾਸ਼ ਦੀ ਕਥਾ ਵੀ ਕੀਤੀ ਜਾ ਰਹੀ ਹੈ, ਜਦੋਂ ਕਿ ਕਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਹੋਣੀ ਚਾਹੀਦੀ ਸੀ। ਇਸ ਗ੍ਰੰਥ ਦੀ ਕਥਾ ਵੀ ਮਹੰਤਵਾਦੀ ਸੋਚ ਅਧੀਨ ਹੀ ਚਾਲੂ ਕੀਤੀ ਗਈ ਸੀ ਤਾਂ ਜੁ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਤੇ ਸੁੱਚੀ ਵਿਚਾਰਧਾਰਾ ਤੋਂ, ਜਿੰਨਾਂ ਹੋ ਸਕੇ, ਦੂਰ ਰੱਖੇ ਜਾ ਸਕਣ।

ਪੰਜਾਬ ਵਿੱਚ ਅੰਗ੍ਰੇਜ਼ੀ ਰਾਜ ਦਾ ਸਮਾਂ:

ਸੰਨ 1849 ਵਿੱਚ ਮਹਾਰਾਜੇ ਦੇ ਪੰਜਾਬ ਵਿੱਚ ਬਣਾਏ ਸਿੱਖ ਰਾਜ ਨੂੰ ਅੰਗ੍ਰੇਜ਼ਾਂ ਨੇ ਆਪਣੇ ਅਧੀਨ ਕਰ ਲਿਆ। ਇੱਸ ਸੰਘਰਸ਼ ਵਿੱਚ ਵੀ ਅਨੇਕਾਂ ਸਿੱਖਾਂ ਨੇ ਸ਼ਹੀਦੀਆਂ ਪਾਈਆਂ। ਹਿੰਦ ਵਿੱਚ 7 ਨਵੰਬਰ, ਸੰਨ 1862 ਵਿੱਚ ਆਖ਼ਰੀ ਮੁਗਲ ਬਾਦਸ਼ਾਹ ਬਹਾਦੁਰ ਸ਼ਾਹ ਜ਼ਫ਼ਰ {ਇਹ ਅਕਬਰ ਸ਼ਾਹ ਅਤੇ ਲਾਲ ਬਾਈ ਦਾ ਪੁੱਤ੍ਰ ਸੀ। ਇਸ ਦੀਆਂ ਚਾਰਿ ਪਤਨੀਆਂ, 32 ਪੁੱਤਰੀਆਂ ਅਤੇ 22 ਪੁੱਤਰ ਸਨ। ਇਸ ਨੇ ਸੰਨ 1857 ਤਕ 19 ਸਾਲ ਰਾਜ ਕੀਤਾ- ਦੇਖੋ ਮਹਾਨ ਕੋਸ਼ ਕ੍ਰਿਤ ਭਾਈ ਕਾਨ੍ਹ ਸਿੰਘ ਨਾਭਾ} ਜੋ ਅੰਗ੍ਰੇਜ਼ਾਂ ਨੇ ਗ੍ਰਿਫ਼ਤਾਰ ਕੀਤਾ ਹੋਇਆ ਸੀ, ਦੀ ਭੀ ਰੰਗੂਨ ਵਿੱਚ ਮੌਤ ਹੋ ਗਈ ਤੇ ਪੂਰੇ ਹਿੰਦੁਸਤਾਨ ਉੱਤੇ ਅੰਗ੍ਰੇਜ਼ਾਂ ਦਾ ਕਬਜ਼ਾ ਹੋ ਗਿਆ।

ਬਿੱਪਰਵਾਦੀ ਅੰਸ਼ਾਂ ਵਾਲ਼ੀ ਇੱਕ ਹੋਰ ਪੁਸਤਕ ਬਣੀ:

ਸੰਨ 1880 ਵਿੱਚ ਗਿਆਨੀ ਗਿਆਨ ਸਿੰਘ ਨੇ ‘ਪੰਥ ਗ੍ਰੰਥ’ ਕਵਿਤਾ ਵਿੱਚ ਲਿਖਿਆ ਜਿਸ ਵਿੱਚ ‘ਪ੍ਰਾਚੀਨ ਪੰਥ ਪ੍ਰਕਾਸ਼’ ਤੋਂ ਅਤੇ ਕਵੀ ਨਿਹਾਲ ਸਿੰਘ ਦੀ ਲਿਖੀ ਕਵਿਤਾ ਦੇ ਬਹੁਤੇ ਅੰਸ਼ ਨਵੇਂ ਰੂਪ ਵਿੱਚ ਹੀ ਲਿਖੇ ਗਏ ਹਨ (ਮਹਾਨ ਕੋਸ਼)। ਇਸ ਗ੍ਰੰਥ ਵਿੱਚ ਕਵੀ ਨੇ ਦਸਵੇਂ ਪਾਤਿਸ਼ਾਹ ਨੂੰ ਦੁਰਗਾ ਪੂਜਾ ਕਰਦੇ ਸਾਬਤ ਕੀਤਾ ਹੋਇਆ ਹੈ ਜਿਸ ਤੋਂ ਕਵੀ ਦੀ ਮਹੰਤਵਾਦੀ ਸੋਚ ਦਾ ਪਤਾ ਲੱਗਦਾ ਹੈ, ਪਰ ਕਿਸੇ ਸੰਸਥਾ ਨੇ ਇਸ ਦਾ ਨੋਟਿਸ ਨਹੀਂ ਲਿਆ। ਇਸ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਖ਼ਾਲਸਾ ਸਾਜਣ ਵੇਲੇ ਦੁਰਗਾ ਮਾਈ ਵਲੋਂ ਬਖ਼ਸ਼ੇ ਖੰਡੇ ਨਾਲ਼ ਅੰਮ੍ਰਿਤ ਛਕਾਇਆ ਗਿਆ ਸੀ। ਮਹੰਤਵਾਦ ਨੇ ਪੁਸਤਕਾਂ ਦੀਆਂ ਇਨ੍ਹਾਂ ਬਿੱਪਰਵਾਦੀ ਘਟਨਾਵਾਂ ਦਾ ਖ਼ੂਬ ਪ੍ਰਚਾਰ ਕੀਤਾ।

ਸਿੱਖਾਂ ਵਲੋਂ ਸਿੱਖੀ ਦੀ ਚੜ੍ਹਦੀ ਕਲਾ ਲਈ ਕੀਤੇ ਯਤਨ:

ਅੰਗ੍ਰੇਜ਼ੀ ਰਾਜ ਸਮੇਂ ਭਾਈ ਗੁਰਮੁਖ ਸਿੰਘ (ਸੰਨ 1849-ਸੰਨ 1898), ਗਿਆਨੀ ਦਿੱਤ ਸਿੰਘ (ਸੰਨ 1850-ਸੰਨ 1901) ਅਤੇ ਭਾਈ ਜਵਾਹਰ ਸਿੰਘ (ਸੰਨ 1849-ਸੰਨ 1898) ਵਰਗੇ ਗੁਰਸਿੱਖਾਂ ਨੇ ਸਿੱਖੀ ਵਿਚਾਰਧਾਰਾ ਨੂੰ ਪ੍ਰਚਾਰਨ ਲਈ ਸਿੰਘ ਸਭਾ ਲਹਿਰ (ਸੰਨ 1879) ਸਥਾਪਤ ਕਰ ਕੇ ਸ਼ਲਾਘਾ ਯੋਗ ਕੰਮ ਕੀਤਾ ਜਿਸ ਨਾਲ਼ ਸੰਨ 1881 ਤੋਂ ਸੰਨ 1901 ਤਕ ਸਿੱਖ ਆਬਾਦੀ 17,06,165 ਤੋਂ ਵਧ ਕੇ 21,02,896 ਹੋ ਗਈ। ਇਸ ਨਾਲ਼ ਆਰੀਆ ਸਮਾਜ ਅਤੇ ਇਸਾਈ ਮਿਸ਼ਨ ਦੇ ਪ੍ਰਚਾਰਕਾਂ ਵਲੋਂ ਸਿੱਖੀ ਵਿਰੁੱਧ ਚਲਾਈ ਲਹਿਰ ਨੂੰ ਕੁਝ ਠੱਲ੍ਹ ਵੀ ਪਈ।

ਨਿਰਮਲਿਆਂ ਵਲੋਂ ਵੇਦਾਂ ਅਤੇ ਉਪਨਿਸ਼ਦਾਂ ਦੇ ਗਿਆਨ ਵਾਲ਼ੇ ਗੁਰਬਾਣੀ ਦੇ ਟੀਕੇ ਬਣਾਏ ਗਏ:

ਗੁਰਬਾਣੀ ਦਾ ਪਹਿਲਾ ਫ਼ਰੀਦਕੋਟ ਵਾਲ਼ਾ ਟੀਕਾ ਸੰਨ 1883 ਵਿੱਚ, ਗਿਆਨੀ ਬਦਨ ਸਿੰਘ ਨਿਰਮਲੇ (ਸੰਪ੍ਰਦਾ) ਵਲੋਂ ਲਿਖਿਆ ਗਿਆ। ਇਸ ਟੀਕੇ ਤੇ ਮਹੰਤ ਸੁਮੇਰ ਸਿੰਘ ਦੀ ਅਗਵਾਈ ਵਿੱਚ ਇਕ ਕਮੇਟੀ ਨੇ ਮੁੜ ਵੀਚਾਰ ਕੀਤੀ। ਇਹ ਟੀਕਾ ਸੰਨ 1906 ਵਿੱਚ ਛਪਿਆ। ਵੇਦਾਂ ਦੀ ਵਿਚਾਰਧਾਰਾ ਵਿੱਚ ਮਾਹਰ ਨਿਰਮਲੇ ਗਿਆਨੀਆਂ ਵਲੋਂ ਇਨ੍ਹਾਂ ਪੁਸਤਕਾਂ ਦੇ ਆਧਾਰ 'ਤੇ ਲਿਖੇ ਇਸ ਟੀਕੇ ਨੇ ਬਹੁਤ ਸਾਰੀਆਂ ਮਨਘੜਤ ਉਥਾਨਕਾਵਾਂ ਨੂੰ ਜਨਮ ਦਿੱਤਾ। ਸੰਨ 1910 ਵਿੱਚ ਕਵੀ ਸੰਤੋਖ ਸਿੱਘ ਨਿਰਮਲੇ ਨੇ ‘ਜਪੁ’ ਜੀ ਦਾ ‘ਗਰਬਗੰਜਨੀ’ ਨਾਂ ਦਾ ਟੀਕਾ ਬਣਾਇਆ ਜੋ ਵੇਦਾਂ ਦੀ ਵਿਚਾਰਧਾਰਾ ਨਾਲ਼ ਹੀ ਲਿਖਿਆ ਗਿਆ।

ਸੰਨ 1901 ਵਿੱਚ ਚੀਫ ਖ਼ਾਲਸਾ ਦੀਵਾਨ ਦੀ ਸਥਾਪਨਾ ਹੋਈ। ਭਾਈ ਕਾਨ੍ਹ ਸਿੰਘ ਨਾਭਾ (ਸੰਨ 1861-ਸੰਨ 1938) ਨੇ ਜੀਵਨ ਭਰ ਦੀ ਮਿਹਨਤ ਨਾਲ਼ ਸਿੱਖੀ ਵਿਚਾਰਧਾਰਾ ਨੂੰ ਪ੍ਰਫੁੱਲਤ ਕਰਨ ਲਈ ਅਨਮੋਲ ਪੁਸਤਕਾਂ ਲਿਖੀਆਂ ਜਿਨ੍ਹਾਂ ਵਿੱਚ ਸੱਭ ਤੋਂ ਪ੍ਰਸਿੱਧ ‘ਮਹਾਨ ਕੋਸ਼’ ਦੀ ਰਚਨਾ ਹੈ, ਜੋ ਕਿ ਗੁਰਬਾਣੀ ਦੀਆਂ ਪੁਰਾਤਨ ਤੇ ਸਹੀ ਭਾਸ਼ਾ ਧੁਨੀਆਂ ਦਾ ਖ਼ਜ਼ਾਨਾ ਭੀ ਹੈ। ਡਾਕਟਰ ਭਾਈ ਵੀਰ ਸਿੰਘ (ਸੰਨ 1872-ਸੰਨ 1957) ਨੇ ਭੀ ਸਿੱਖ ਸਾਹਿਤ ਰਚ ਕੇ ਆਪਣਾ ਯੋਗਦਾਨ ਪਾਇਆ। ਪ੍ਰੋਫੈੱਸਰ ਸਾਹਿਬ ਸਿੰਘ (ਸੰਨ 1892-ਸੰਨ 1977) ਨੇ ਗੁਰਬਾਣੀ ਦੀ ਰੌਸ਼ਨੀ ਵਿੱਚ ਸਿੱਖ ਇਤਹਾਸ ਲਿਖਣ ਤੋਂ ਇਲਾਵਾ ਸਾਰੀ ਗੁਰਬਾਣੀ ਦਾ 10 ਭਾਗਾਂ ਵਿੱਚ, ਆਪ ਖੋਜ ਕੇ ਬਣਾਈ, ਗੁਰਬਾਣੀ ਵਿਆਕਰਣ ਤੇ ਆਧਾਰਿਤ ਟੀਕਾ ਕੀਤਾ, ਜੋ ਆਪਣੇ ਆਪ ਵਿੱਚ ਵਿਲੱਖਣ ਤੇ ਲਾਸਾਨੀ ਹੈ। ਇਹ ਟੀਕਾ ਸਿੱਖ ਜਗਤ ਵਿੱਚ ਸੱਭ ਤੋਂ ਵੱਧ ਪ੍ਰਮਾਣਿਤ ਗਿਣਿਆਂ ਜਾਂਦਾ ਹੈ। ਦੇਸ਼ ਦੀ ਗ਼ੁਲਾਮੀ ਕਾਰਨ ਗੁਰਦੁਆਰਿਆਂ ਵਿੱਚ ਮਹੰਤਵਾਦੀ ਬਿੱਪਰਵਾਦ ਤੇ ਸਨਾਤਨਵਾਦ ਅੰਗ੍ਰੇਜ਼ੀ ਸਰਕਾਰ ਦੀ ਸ਼ਹਿ ਰਾਹੀਂ ਉਸੇ ਤਰ੍ਹਾਂ ਪਨਪਦਾ ਰਿਹਾ ਤੇ ਸਿੱਖੀ ਦਾ ਨੁਕਸਾਨ ਕਰਦਾ ਰਿਹਾ।

ਅੰਗ੍ਰੇਜ਼ੀ ਰਾਜ ਸਮੇਂ ਮਹੰਤਵਾਦ ਹੋਰ ਮਜ਼ਬੂਤ ਹੋਇਆ

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਧੇ ਫੁੱਲੇ ਤੇ ਪਲ਼ੇ ਮਹੰਤਵਾਦ ਨੂੰ ਅਗਾਂਹ 71 ਸਾਲ਼ (ਸੰਨ 1849 ਤੋਂ 1920 ਤਕ) ਅੰਗ੍ਰੇਜ਼ਾਂ ਦੀ ਸਰਪ੍ਰਸਤੀ ਤੇ ਸ਼ਹਿ ਵੀ ਮਿਲ਼ੀ ਜਿਸ ਨਾਲ਼ ਸਿੱਖੀ ਵਿਰੁੱਧ ਹਰ ਤਰ੍ਹਾਂ ਜ਼ਹਿਰ ਉਗਲਣ ਦੇ ਸਾਰੇ ਹੱਦ ਬੰਨੇ ਮਹੰਤ ਪੁਜਾਰੀਆਂ ਵਲੋਂ ਪਾਰ ਕੀਤੇ ਗਏ। ਅੰਗ੍ਰੇਜ਼ ਵੀ ‘ਪਾੜੋ ਤੇ ਰਾਜ ਕਰੋ ਦੀ ਨੀਤੀ’ ਅਨੁਸਾਰ ਸਿੱਖਾਂ ਨੂੰ ਗੁਰਦੁਆਰਿਆਂ ਤੇ ਸ਼ਬਦ ਵੀਚਾਰ ਤੋਂ ਦੂਰ ਹੀ ਰੱਖਣਾ ਚਾਹੁੰਦੇ ਸਨ ਤਾਂ ਜੁ ਸਿੱਖ ਸ਼ਕਤੀਸ਼ਾਲੀ ਨਾ ਬਣ ਸਕਣ। ਇਸ ਮਨੋਰਥ ਲਈ ਅੰਗ੍ਰੇਜ਼ਾਂ ਨੇ ਗੁਰਦੁਆਰਿਆਂ ਵਿੱਚ ਕਾਬਜ਼ ਮਹੰਤਾਂ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਦੇ ਕੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਸਿੱਖਾਂ ਨੂੰ ਸ਼ਕਤੀਹੀਣ ਕਰਨ, ਸਿੱਖੀ ਸਿਧਾਂਤਾਂ ਦੇ ਵਿਰੁੱਧ ਕੰਮ ਕਰਨ ਅਤੇ ਗੁਰ ਅਸਥਾਨਾਂ ਤੋਂ ਲਾਂਭੇ ਰੱਖਣ ਲਈ ਬਾ-ਖ਼ੂਬੀ ਵਰਤਿਆ।

ਬਿੱਪਰਵਾਦੀ ਅੰਸ਼ਾਂ ਵਾਲੇ "ਅਖੌਤੀ ਦਸਮ ਗ੍ਰੰਥ" ਦੀ ਹੋਂਦ ਬਣੀ

ਸੰਨ 1897 ਵਿੱਚ ‘ਦਸਮ ਗ੍ਰੰਥ’ ਹੋਂਦ ਵਿੱਚ ਆਇਆ, ਜਿਸ ਵਿੱਚ ਦੁਰਗਾ ਅਤੇ ਮਹਾਕਾਲ਼ ਦੇ ਪੁਜਾਰੀ ਕਵੀਆਂ ਦੀਆਂ ਰਚਨਾਵਾਂ ਦਰਜ ਕੀਤੀਆਂ ਗਈਆਂ, ਤਾਂ ਜੁ ਸਿੱਖਾਂ ਨੂੰ ਆਪਣੇ ਅਸਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚ ਨਾਲੋਂ ਤੋੜ ਕੇ ਇਕ ਹੋਰ ਖ਼ਸਮ ਦੇ ਲੜ ਲਾ ਕੇ ਦੇਵੀ ਦੇਵਤਿਆਂ ਤੇ ਪੁਜਾਰੀ ਅਤੇ ਨਸ਼ੇ ਦੇ ਵਾਪਾਰੀ ਬਣਾ ਕੇ ਬਿੱਪਰਵਾਦੀ ਬਣਾਇਆ ਜਾ ਸਕੇ।

ਲਿਖਾਰੀਆਂ ਵਿੱਚ ਰਾਮ, ਸ਼ਿਆਮ, ਕਾਲ, ਸੂਮ ਆਦਿਕ ਸ਼ਾਕਤ ਮੱਤ ਦੇ ਕਵੀਆਂ ਦੇ ਨਾਂ ਲਿਖਤਾਂ ਵਿੱਚ ਮੁਹਰ ਛਾਪ ਵਲੋਂ ਵਰਤੇ ਗਏ ਹਨ। ਗ੍ਰੰਥ ਵਿੱਚ ਭੰਗ, ਅਫ਼ੀਮ, ਸ਼ਰਾਬ ਆਦਿਕ ਨਸ਼ਿਆਂ ਦੀ ਵਰਤੋਂ ਦੇ ਨਾਲ਼ ਤੀਵੀਆਂ ਮਰਦਾਂ ਦੇ ਗੁਪਤ ਸੰਬੰਧਾਂ ਨੂੰ ਕਹਾਣੀਆਂ ਦੇ ਰੂਪ ਵਿੱਚ ਲਿਖਿਆ ਗਿਆ ਹੈ। ਗੁਰੂ ਦੀ ਬਾਣੀ ਦੀ ਅਸਲੀ ਪਛਾਣ ਵਜੋਂ ਕਿਤੇ ਵੀ ‘ਨਾਨਕ’ ਸ਼ਬਦ ਇੱਸ ਗ੍ਰੰਥ ਵਿੱਚ ਨਹੀਂ ਹੈ। ਇਸ ਦੇ ਪੰਨੇਂ 1477 ਬਣਾਏ ਗਏ, ਤਾਂ ਜੁ ਗੁਰੂ ਕੇ ਬਣਾਏ ਇਸ ਸ਼ਰੀਕ ਦਾ ਆਕਾਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਾ ਹੋ ਸਕੇ। ਅੰਗ੍ਰੇਜ਼ ਵੀ ਇਹੀ ਚਾਹੁੰਦੇ ਸਨ, ਕਿ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਕਿਸੇ ਤਰ੍ਹਾਂ ਟੁੱਟ ਜਾਣ। ਇਸ ਗ੍ਰੰਥ ਦੀ ਆੜ ਵਿੱਚ ਗੁਰਦੁਆਰਿਆਂ ਵਿੱਚ ਸਨਾਤਨੀ ਰੀਤਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਲੈ ਜਾਣ ਵਾਲ਼ੀਆਂ ਕੱਚੀਆਂ ਤੇ ਗੁਰੂ ਵਲੋਂ ਅਪ੍ਰਵਾਨਤ ਬਹੁਤ ਸਾਰੀਆਂ ਰਚਨਾਵਾਂ ਦਾ ਮਹੰਤਾਂ ਵਲੋਂ ਰੱਜ ਕੇ ਪ੍ਰਚਾਰ ਕੀਤਾ ਗਿਆ ਤਾਂ ਜੁ ਸਿੱਖ ਆਪਸ ਵਿੱਚ ਸੱਚ ਝੂਠ ਦਾ ਨਿਤਾਰਾ ਕਰਦੇ ਉਲਝੇ ਹੀ ਰਹਿਣ। ਕਈ ਸਿੱਖ ਅਸਥਾਨਾਂ ਪੁਰ ਇਸ ਗੰ੍ਰਥ ਦੇ ਪ੍ਰਕਾਸ਼ ਦੇ ਨਾਲ਼ ਪਾਠ, ਅਖੰਡਪਾਠ ਵੀ ਕੀਤੇ ਜਾ ਰਹੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰੀਕੀ ਬਰਾਬਰਤਾ ਕੀਤੀ ਜਾ ਰਹੀ ਹੈ।

ਚਲਦਾ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top