Share on Facebook

Main News Page

ਮਹੰਤਵਾਦੀ (ਮਨਮਤੀ) ਪਾਠ, ਰੀਤਾਂ ਅਤੇ ਰਸਮਾਂ ਸਿੱਖਾਂ ਵਿੱਚ ਕਿਵੇਂ ਚੱਲੀਆਂ ? - ਭਾਗ ਚੌਥਾ
-: ਪ੍ਰੋ. ਕਸ਼ਮੀਰਾ ਸਿੰਘ USA

* ਲੜ੍ਹੀ ਜੋੜ੍ਹਨ ਲਈ ਪਿਛਲੇ ਅੰਕ ਪੜ੍ਹੋ... : ਪਹਿਲਾ, ਦੂਜਾ, ਤੀਜਾ

ਮੁੱਖ ਸਿਰਲੇਖ ਬਦਲ ਕੇ ਦਸਵੇਂ ਪਾਤਿਸ਼ਾਹ ਜੀ ਨਾਲ਼ ਜੋੜ ਦਿੱਤੇ ਗਏ ਹਨ ਤਾਂ ਜੁ ਸਿੱਖਾਂ ਨੂੰ ਆਸਾਨੀ ਨਾਲ਼ ਸੰਮੋਹਿਤ ( ) ਕਰ ਕੇ ਬਿੱਪਰਵਾਦੀ ਬਣਾਇਆ ਸਕੇ। ‘ਵਾਰ ਦੁਰਗਾ ਕੀ’ ਦਾ ਸਿਰਲੇਖ ਬਦਲ ਕੇ ‘ਵਾਰ ਸ਼੍ਰੀ ਭਗਉਤੀ ਜੀ ਕੀ ਪਾ: 10’ ਕਰ ਦਿੱਤਾ ਗਿਆ। ‘ਕਾਲ ਉਸਤਤਿ’ ਨੂੰ ‘ਅਕਾਲ ਉਸਤਤਿ’ ਬਣਾ ਦਿੱਤਾ ਗਿਆ। ‘ਕ੍ਰਿਸ਼ਨਾਵਤਾਰ’ ਵਿੱਚ ਲਿਖੀਆਂ ਦੁਰਗਾ ਦੇਵੀ ਦੀਆਂ ਸਿਫ਼ਤਾਂ ਨੂੰ ਪੁਲਿੰਗ ਰੂਪ ਬਣਾ ਕੇ ‘ਜਾਪੁ’ ਨਾਂ ਦੀ ਰਚਨਾ ਤਿਆਰ ਕੀਤੀ ਹੋਈ ਹੈ। ‘ਪਾਇ ਗਹੇ ਜਬ ਤੇ ---ਬਖਾਨਯੋ।’ ਅਤੇ ‘ਸਗਲ ਦੁਆਰ ਕਉ ਛਾਡਿ ਕੈ---ਤੁਹਾਰ।’ ਰਾਮਾਵਤਾਰ ਦੀ ਰਮਾਇਣ ਵਿੱਚ ਦਰਜ ਹਨ। ਕਬਿਯੋ ਬਾਚ ਚੌਪਈ ਇਸ ਗ੍ਰੰਥ ਵਿੱਚਲੇ ਤ੍ਰਿਅ ਚਰਿੱਤ੍ਰ ਨੰਬਰ 404 ਵਿੱਚ ਦਰਜ ਹੈ ਜੋ ਕਿ ਮਹਾਂਕਾਲ਼ ਦੇਵਤੇ ਅੱਗੇ ਲਿਖਾਰੀ ਦੀ ਪੁਕਾਰ ਹੈ।

ਮਹੰਤਵਾਦੀ ਰੀਤਾਂ ਸੀਨਾ-ਬ-ਸੀਨਾ ਚੱਲੀਆਂ:

ਗੁਰੂ ਸਾਹਿਬਾਨ ਤੋਂ ਸੀਨਾ-ਬ-ਸੀਨਾ ਚੱਲਣ ਵਾਲ਼ੀਆਂ ਸੱਚੀਆਂ ਪ੍ਰੰਪਰਾਵਾਂ ਤਾਂ ਮੁਗ਼ਲਾਂ ਵਲੋਂ ਅਣਗਿਣਤ ਸਿੱਖਾਂ ਦੀਆਂ ਸ਼ਹੀਦੀਆਂ ਨਾਲ਼ ਹੀ ਖ਼ਤਮ ਹੋ ਗਈਆਂ, ਪਰ ਮਹੰਤਵਾਦ ਵਲੋਂ ਚਲਾਈਆਂ ਸਨਾਤਨਵਾਦੀ ਰੀਤਾਂ ਬਾਕੀ ਰਹਿੰਦੇ, ਸਿੱਖੀ ਵਿਚਾਰਧਾਰਾ ਤੋਂ ਅਣਜਾਣ ਨਾਨਕ ਨਾਮ-ਲੇਵਾ ਸਿੱਖ, ਸੀਨਾ-ਬ-ਸੀਨਾ ਨਾਲ਼ ਲਈ ਆ ਰਹੇ ਹਨ। ਜੇ ਕੋਈ ਗੁਰੂ ਕਾ ਪਿਆਰਾ ਗੁਰਬਾਣੀ ਦਾ ਖੋਜੀ ਕਿਸੇ ਮਨਮਤੀ ਕੱਚੀ ਰਚਨਾ ਜਾਂ ਪਾਠ ਦੀ ਰੀਤ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਅਨੁਸਾਰ ਅਸਲੀਅਤ ਦੱਸਣ ਦਾ ਯਤਨ ਕਰਦਾ ਵੀ ਹੈ ਤਾਂ ਉਸ ਦੇ ਸੱਭ ਵਿਰੋਧੀ ਬਣ ਜਾਂਦੇ ਹਨ ਤੇ ਦਲੀਲ ਨਾਲ਼ ਗੱਲ ਕਰਨ ਤੇ ਸੁਣਨ ਲਈ ਕੋਈ ਤਿਆਰ ਨਹੀਂ ਹੁੰਦਾ; ‘ਐਵੇਂ ਵਾਦ ਵਿਵਾਦ ਅਸੀਂ ਨਹੀਂ ਖੜਾ ਕਰਨਾ’ ਕਹਿ ਕੇ ਉਸ ਗੁਰੂ ਕੇ ਪਿਆਰੇ ਨੂੰ ਆਪ ਸੱਚ ਤੋਂ ਅਣਜਾਣ ਬਹੁ ਗਿਣਤੀ ਚੁੱਪ ਕਰਾ ਦਿੰਦੀ ਹੈ।

ਵਾਦ-ਵਿਵਾਦ ਕੀ ਹੈ ? ਕਦੇ ਕਿਸੇ ਨੇ ਇਸ ਤੇ ਵੀਚਾਰ ਨਹੀਂ ਕੀਤੀ। ਵਾਦ-ਵਿਵਾਦ (controversy) ਦੀ ਪਰਿਭਾਸ਼ਾ ਇਸ ਤਰ੍ਹਾਂ ਹੈ:

Benford's law of controversy, as expressed by science fiction author Gregory Benford in 1980, states: Passion is inversely proportional to the amount of real (true) information available.

ਇਸ ਦਾ ਅਰਥ ਹੈ- ਜਿੰਨੇ ਵੱਧ ਤੋਂ ਵੱਧ ਲੋਕ ਵੱਧ ਤੋਂ ਵੱਧ ਸਹੀ ਤੇ ਸੱਚੀ ਜਾਣਕਾਰੀ ਰੱਖਣਗੇ ਉਸੇ ਹਿਸਾਬ ਨਾਲ਼ ਨਾਲ਼ ਵਾਦ ਵਿਵਾਦ ਤੇ ਝੂਠ ਨਾਲ਼ ਲਗਾਅ ਵੀ ਘੱਟ ਤੋਂ ਘੱਟ ਹੁੰਦਾ ਜਾਵੇਗਾ। ਇਉਂ ਵੀ ਕਹਿ ਸਕਦੇ ਹਾਂ -ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਤੇ ਸੁੱਚੀ ਵਿਚਾਰਧਾਰਾ ਦੀ ਜਿੰਨੀ ਵੱਧ ਤੋਂ ਵੱਧ ਜਾਣਕਾਰੀ ਹੋਵੇਗੀ ਸਿੱਖੀ ਦੇ ਮੁੱਦਿਆਂ ਤੇ ਵਾਦ ਵਿਵਾਦ ਓਨਾ ਹੀ ਘੱਟ ਤੋਂ ਘੱਟ ਹੋਵੇਗਾ। ਜਿੰਨਾਂ ਕੋਈ ਦਸਮ ਗ੍ਰੰਥ ਨੂੰ ਆਪ ਪੜ੍ਹ ਕੇ ਅਰਥ ਸਮਝ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਿਆਨ ਰੂਪੀ ਰੌਸ਼ਨੀ ਨਾਲ਼ ਪਰਖ ਕੇ ਸੱਚਾਈ ਤੋਂ ਜਾਣੂੰ ਹੋਵੇਗਾ ਓਨਾਂ ਹੀ ਦਸਮ ਗ੍ਰੰਥ ਪ੍ਰਤੀ ਲਗਾਅ ਜਾਂ ਵਾਦ ਵਿਵਾਦ ਘਟੇਗਾ ਤੇ ਉਹ ਪ੍ਰਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਜਾਵੇਗਾ।

ਮਹੰਤਾਂ ਵਿਰੁੱਧ ਮੋਰਚਾ ਬੰਦੀ

ਸੰਨ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਅੰਗ੍ਰੇਜ਼ੀ ਸਰਕਾਰ ਦੇ ਚੁਣੇ ਹੋਏ 36 ਮੈਂਬਰ ਵੀ ਇਸ ਕਮੇਟੀ ਵਿੱਚ ਸ਼ਾਮਲ ਕੀਤੇ ਗਏ। ਜਿਸ ਨੇ ਅੰਗ੍ਰੇਜ਼ੀ ਰਾਜ ਵਿੱਚ ‘ਗੁਰਦੁਆਰਾ ਸੁਧਾਰ ਲਹਿਰ’ (ਸੰਨ 1920 ਤੋਂ 1925) ਚਲਾ ਕੇ ਗੁਰਦੁਆਰਿਆਂ ਨੂੰ ਦੋ ਸਦੀਆਂ ਤੋਂ ਚੱਲੇ ਆ ਰਹੇ ਮਹੰਤਾਂ ਦੇ ਕਬਜ਼ੇ ਤੋਂ ਮੁਕਤ ਕਰਾਇਆ, ਭਾਵੇਂ, ਅੰਗ੍ਰੇਜ਼ੀ ਸਰਕਾਰ ਦੇ ਸ਼ਸਤ੍ਰਧਾਰੀ ਫ਼ੌਜੀ ਮਹੰਤਾਂ ਦੀ ਹਮਾਇਤ ਕਰਨ ਲਈ ਅੱਗੇ ਆ ਖੜਦੇ ਸਨ। ਇਸ ਸੰਘਰਸ਼ ਵਿੱਚ ਅਨੇਕਾਂ ਸਿੱਖਾਂ ਨੇ ਅਕਹਿ ਅਤੇ ਅਸਹਿ ਤਸੀਹੇ ਝੱਲਦਿਆਂ ਸ਼ਾਂਤ-ਮਈ ਰਹਿ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਸ ਸਮੇਂ ਨਨਕਾਣਾ ਸਾਹਿਬ ਦਾ ਮੋਰਚਾ, ਜੈਤੋ ਦਾ ਮੋਰਚਾ, ਗੁਰੂ ਕੇ ਬਾਗ਼ ਦਾ ਮੋਰਚਾ, ਚਾਬੀਆਂ ਦਾ ਮੋਰਚਾ ਆਦਿਕ ਅਨੇਕਾਂ ਮੋਰਚੇ ਲਾ ਕੇ ਮਹੰਤਾਂ ਤੋਂ ਗੁਰਦੁਆਰਿਆਂ ਦੇ ਕਬਜ਼ੇ ਲਏ ਗਏ, ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਮਹੰਤਾਂ ਤੋਂ ਆਜ਼ਾਦ ਹੋਏ। ਮਹੰਤ ਤਾਂ ਜ਼ਰੂਰ ਗੁਰਦੁਆਰਿਆਂ ਵਿੱਚੋਂ ਕੱਢੇ ਗਏ ਪਰ ਮਹੰਤਵਾਦ ਵਲੋਂ ਪ੍ਰਚਾਰਿਆ ਬਿੱਪਰਵਾਦ ਤੇ ਸਨਾਤਨਵਾਦ ਹੁਣ ਤਕ ਵੀ ਗੁਰਦੁਆਰਿਆਂ ਵਿੱਚ ਭਾਰੂ ਹੈ , ਉਸ ਨੂੰ ਹੁਣ ਤਕ ਵੀ ਬਾਹਰ ਨਹੀਂ ਕੱਢਿਆ ਜਾ ਸਕਿਆ।

ਬਿੱਪਰਵਾਦੀ ਅੰਸ਼ਾਂ ਵਾਲ਼ੀ ਸਿੱਖ ਰਹਿਤ ਮਰਯਾਦਾ ਬਣ ਗਈ:

ਸ਼੍ਰੋ. ਕਮੇਟੀ ਦੀਆਂ ਗੁਰਦੁਆਰਾ ਸੁਧਾਰ ਲਹਿਰ ਰਾਹੀਂ ਕੀਤੀਆਂ ਪ੍ਰਾਪਤੀਆਂ ਤੋਂ ਈਰਖਾ ਕਰ ਕੇ ਸੰਨ 1925 ਵਿੱਚ ਆਰ. ਐੱਸ. ਐੱਸ. (੍ਰਸ਼ਸ਼) ਜਥੇਬੰਦਕ ਤੌਰ 'ਤੇ ਸਥਾਪਤ ਹੋ ਗਈ ਜਿਸ ਦਾ ਪਹਿਲਾ ਪ੍ਰਧਾਨ ਕੇ ਬੀ ਹੈੱਡਗਵਾਰ (ਪ੍ਰਧਾਨਗੀ ਸੰਨ 1925-40) ਬਣਿਆਂ।

ਮੋਹਨ ਭਾਗਵਤ ਸੰਨ 2012 ਵਿੱਚ ਛੇਵਾਂ ਪ੍ਰਧਾਨ ਬਣਿਆਂ। ਜਾਪਦਾ ਹੈ ਕਿ ਇਸ ਸਨਾਤਨਵਾਦੀ ਜਥੇਬੰਦੀ ਨੇ ਪੂਰਾ ਧਿਆਨ ਸ਼੍ਰ. ਕਮੇਟੀ ਦੀਆਂ ਕਾਰਵਾਈਆਂ ਉੱਤੇ ਰੱਖਣਾਂ ਸ਼ੁਰੂ ਕਰ ਦਿੱਤਾ, ਕਿਉਂਕਿ ਇਹ ਜਥੇਬੰਦੀ ਨਹੀਂ ਚਾਹੁੰਦੀ ਸੀ ਕਿ ਘੱਟ ਗਿਣਤੀ ਸਿੱਖ ਆਪਣੀ ਸਿੱਖੀ ਵਿਚਾਰਧਾਰਾ ਨੂੰ ਮਜ਼ਬੂਤੀ ਨਾਲ਼ ਅੱਗੇ ਤੋਰ ਕੇ ਆਪਣੀ ਵੱਖਰੀ ਹੋਂਦ ਕਾਇਮ ਰੱਖ ਸਕਣ। ਇਸ ਦਾ ਨਿਸ਼ਾਨਾਂ ਸਿੱਖਾਂ ਨੂੰ ਸਨਾਤਨੀ ਵਿਾਚਾਰਧਾਰਾ ਵਿੱਚ ਸਮਾਅ ਲੈਣ ਦਾ ਸੀ। ਸਿੱਖ ਰਹਿਤ ਮਰਯਾਦਾ ਦਾ ਖਰੜਾ ਸੰਨ 1931 ਤੋਂ 1945 ਤਕ ਬਣਨ ਸਮੇਂ ਪ੍ਰਧਾਨ ਹੈੱਡਗਵਾਰ ਦੀ ਮੌਜੂਦਗੀ ਤੋਂ ਬਿਨਾਂ ਸੰਸਥਾ ਦੇ ਬਣੇ ਦੂਜੇ ਪ੍ਰਧਾਨ ਦੀ ਉਮਰ 39 ਸਾਲ, ਤੀਜੇ ਦੀ 30 ਸਾਲ ਅਤੇ ਚੌਥੇ ਦੀ 23 ਸਾਲ ਸੀ।

ਸੰਨ 1931 ਵਿੱਚ ਸ਼੍ਰੋ ਕਮੇਟੀ ਨੇ 25 ਮੈਂਬਰੀ ਕਮੇਟੀ ਬਣਾ ਕੇ ਸਿੱਖ ਰਹਿਤ ਮਰਯਾਦਾ ਦਾ ਖਰੜਾ ਤਿਆਰ ਕਰਾਉਣਾ ਸੁਰੂ ਕਰਵਾ ਦਿੱਤਾ। ਆਰ. ਐਸ. ਐਸ. ਨੂੰ ਸਿੱਖੀ ਵਿਚਾਰਧਾਰਾ ਵਿਰੁੱਧ ਆਪਣਾ ਸਨਾਤਨਵਾਦੀ ਪੈਂਤੜਾ ਖੇਡਣ ਦਾ ਬਹੁਤ ਵਧੀਆ ਸਮਾਂ ਮਿਲ਼ ਗਿਆ, ਜਿਸ ਨੂੰ ਉਸ ਨੇ ਹੱਥੋਂ ਨਹੀਂ ਗੁਆਇਆ। ਅੰਗ੍ਰੇਜ਼ ਅਤੇ ਹੋਰ ਮਹੰਤਵਾਦੀ ਲੋਕ ਵੀ ਸਿੱਖੀ ਦੀ ਪ੍ਰਫੁੱਲਤਾ ਦੇਖਣੀ ਨਹੀਂ ਚਾਹੁੰਦੇ ਸਨ। ਸ਼੍ਰੋ. ਕਮੇਟੀ ਵਿੱਚ ਅੰਗ੍ਰੇਜ਼ੀ ਸਰਕਾਰ ਪੱਖੀ 36 ਮੈਂਬਰ ਵੀ ਸ਼ਾਮਲ ਕੀਤੇ ਗਏ ਸਨ ਜੋ ਸਿੱਖੀ ਦੇ ਹਿਤਾਇਸ਼ੀ ਨਹੀਂ ਸਨ ਤੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਸਰਕਾਰ ਵਲੋਂ ਹੀ ਬਣਾਏ ਗਏ ਸਨ। ਸ਼੍ਰੋ. ਕਮੇਟੀ ਦੇ ਕੁੱਲ 175 ਮੈਂਬਰ ਸਨ।

ਸਿੱਖ ਰਹਿਤ ਮਰਯਾਦਾ ਦੇ ਖਰੜੇ ਨੇ 14 ਸਾਲਾਂ ਦਾ ਲੰਬਾ ਸਫ਼ਰ ਤੈਅ ਕਰਦਿਆਂ ਸਮਕਾਲੀ ਸਿੱਖੀ ਵਿਰੋਧੀ ਜਥੇਬੰਦੀਆਂ ਦੇ ਮਨਸੂਬਿਆਂ ਕਾਰਣ ਆਪਣੇ ਵਿੱਚ ਬਿੱਪਰਵਾਦੀ ਅੰਸ਼ ਵੀ ਸਮਾਅ ਲਏ। ਸਿੱਖੀ ਵਿਚਾਰਧਾਰਾ ਦੇ ਵਿਰੋਧੀ ਆਪਣਾ ਦਾਅ ਲਾਉਣ ਵਿੱਚ ਕਾਮਯਾਬ ਹੋ ਗਏ ਜਿੱਸ ਨਾਲ਼ ਸਿੱਖੀ ਵਿਚਾਰਧਾਰਾ ਉੱਤੇ ਬਹੁਤ ਹੀ ਕਰਾਰੀ ਸਨਾਤਨਵਾਦੀ ਚੋਟ ਕੀਤੀ ਗਈ। ਸਵੇਰ ਅਤੇ ਸ਼ਾਮ ਦੇ ਨਿੱਤ-ਨੇਮ ਅਤੇ ਅਰਦਾਸਿ ਵਿੱਚ ਬਿੱਪਰਵਾਦੀ ਅੰਸ਼ ਸ਼ਾਮਲ ਹੋ ਗਏ। ਗੁਰੂ ਅਰਜੁਨ ਸਾਹਿਬ ਪਾਤਿਸ਼ਾਹ ਜੀ ਦਾ ਬਣਾਇਆ ਨਿੱਤ-ਨੇਮ ( ਛਾਪੇ ਦੀ ਬੀੜ ਦੇ ਪਹਿਲੇ 13 ਪੰਨੇ ਜੋ ਇੱਕ ਇਤਹਾਸਕ ਦਸਤਾਵੇਜ਼ ਸੀ) ਬਦਲ ਕੇ ਕਮੇਟੀ ਨੇ ਗੁਰੂ ਤੋਂ ਵੱਧ ਸਿਆਣਪ ਰੱਖਣ ਦਾ ਦਾਅਵਾ ਕਰ ਦਿੱਤਾ। ਗੁਰਸਿੱਖੀ ਵਾਲ਼ੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਤੇ ਆਧਾਰਤ ਅਰਦਾਸਿ ਸਿੱਖਾਂ ਤੋਂ ਖੋਹ ਲਈ ਗਈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਗੈਰ-ਸਿੱਖ ਤੇ ਗੁਰੂ ਸਾਹਿਬ ਵਲੋਂ ਅਪ੍ਰਵਾਨਤ ਰਚਨਾਵਾਂ ਸੱਚੀ ਗੁਰਬਾਣੀ ਦੀ ਬਰਾਬਰੀ ਕਰਦਿਆਂ ਨਿੱਤ-ਨੇਮ ਵਿੱਚ ਘੁਸ-ਪੈਠ ਕਰ ਗਈਆਂ। ਗੁਰੂ ਪਾਤਿਸ਼ਾਹਾਂ ਨੇ 239 ਸਾਲਾਂ ਦਾ ਸਮਾਂ ਲਾ ਕੇ ਅਨੇਕਾਂ ਕੁਰਬਾਨੀਆਂ ਨਾਲ਼ ਜਿਸ ਸਨਾਤਨਵਾਦ ਤੋਂ ਸਿੱਖਾਂ ਨੂੰ ਬਚਾਇਆ ਸੀ ਸ਼੍ਰੋ. ਕਮੇਟੀ ਨੇ ਮੁੜ ਸਨਾਤਨਵਾਦੀ ਰਚਨਾਵਾਂ ਨੂੰ ਜ਼ਿੰਦਗੀ ਭਰ ਲਈ ਨਿੱਤ-ਨੇਮ ਰਾਹੀਂ ਸਿਖਾਂ ਨੂੰ ਪੜ੍ਹਨ ਲਾ ਦਿੱਤਾ। {ਖ਼ਾਲਸਾ ਨਿਊਜ਼ (3 ਸਤੰਬਰ, 2015) 'ਤੇ ਕਰੀਬ 200 ਸਾਲ ਪੁਰਾਣੇ ਚਮੜੇ ਦੀ ਜਿਲਦ ਵਾਲ਼ੇ ਇੱਕ ਗੁਟਕੇ ਦੇ ਹੱਥ ਲਿਖਤ ਪੰਨੇ ਦਿਖਾਏ ਗਏ ਹਨ, ਜਿਨ੍ਹਾਂ ਵਿੱਚ ਨਿੱਤ-ਨੇਮ ਦੀਆਂ ਬਾਣੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲ਼ੀਆਂ ਹੀ ਹਨ (ਪਹਿਲੇ 13 ਪੰਨਿਆਂ ਵਾਲ਼ੀਆਂ)।}

ਅਰਦਾਸਿ ਵਿੱਚ ‘ਦੁਰਗਾ ਕੀ ਵਾਰ’ ਵਿੱਚੋਂ ਪਹਿਲੀ ਪਉੜੀ ਸ਼ਾਮਲ ਹੋ ਗਈ ਜਿਸ ਨਾਲ਼ ਸਿੱਖਾਂ ਨੂੰ, ਬਿਨਾਂ ਪਤਾ ਲਾਉਣ ਤੋਂ, ਸਹਜੇ ਹੀ ਦੁਰਗਾ ਮਾਈ ਦੇ ਭਗਤ ਬਣਾ ਦਿੱਤਾ ਗਿਆ। ਗੁਰੂ ਪ੍ਰਮੇਸ਼ਰ ਨੂੰ ਯਾਦ ਕਰਨ ਤੋਂ ਪਹਿਲਾਂ ਦੁਰਗਾ ਮਾਈ ਦਾ ਨਾਂ ਅਰਦਾਸਿ ਵਿੱਚ ਲੈਣਾਂ ਸਿੱਖਾਂ ਲਈ ਜ਼ਰੂਰੀ ਕਰ ਦਿੱਤਾ ਗਿਆ। ‘ਪ੍ਰਿਥਮ’ ਦਾ ਅਰਥ ਹੈ -ਪਹਿਲਾਂ ਅਤੇ ‘ਭਗਉਤੀ’ ਦਾ ਅਰਥ - ਦੁਰਗਾ, ਦੁਰਗਸ਼ਾਹ, ਪਾਰਬਤੀ, ਜਗ ਮਾਇ, ਜਗ ਮਾਤਾ, ਭਵਾਨੀ, ਗਿਰਜਾ, ਕਾਲ਼ਕਾ ਆਦਿਕ ਜੋ ‘ਦੁਰਗਾ ਕੀ ਵਾਰ’ ਦੀ ਨਾਇਕਾ ਹੈ ਤੇ ਇੰਦ੍ਰ ਨੂੰ ਮੁੜ ਰਾਜ ਗੱਦੀ ਦਿਵਾਉਣ ਲਈ ਦੈਂਤਾਂ ਨਾਲ਼ ਲੜਦੀ ਕਾਮਯਾਬ ਹੋ ਜਾਂਦੀ ਹੈ।

ਚਲਦਾ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top