Share on Facebook

Main News Page

"ਬਚਿਤੱਰੀ ਪੋਥੇ ਦੀਆਂ ਬਚਿੱਤਰ ਗੱਲਾਂ" ਭਾਗ - ਅੱਠਵਾਂ
-: ਇੰਦਰਜੀਤ ਸਿੰਘ, ਕਾਨਪੁਰ

ਪਿਛਲੇ ਭਾਗ ਵੀ ਜ਼ਰੂਰ ਪੜ੍ਹੋ : ਭਾਗ - ਪਹਿਲਾ (ਸਰਪਮੇਧ ਯੱਗ) ; ਦੂਜਾ (ਰਾਹਸੂਇ ਯੱਗ); ਚੌਥਾ ("ਜਾਪ" ਬਨਾਮ "ਗਿਆਨ ਪ੍ਰਬੋਧ); ਚੌਥਾ (ਮਹਾਕਾਲ) ; ਪੰਜਵਾਂ (ਰਾਮਾਇਣ) ;
ਛੇਵਾਂ (ਮੁਸਲਿਮ ਭਾਈਚਾਰੇ ਦੇ ਖਿਲਾਫ ਭੱਦੀ ਸ਼ਬਦਾਵਲੀ); ਸੱਤਵਾਂ (ਭਗਤ ਰਾਮਾਨੰਦ)

ਵਾਹ ਉਏ ਬਚਿੱਤਰੀਉ ! ਤੁਹਾਡੇ ਇਸ "ਬਚਿਤੱਰੀ ਪੋਥੇ" ਦਾ ਲਿਖਾਰੀ, ਤਾਂ ਆਪਣੇ ਅਕਾਲਪੁਰਖ ਨੂੰ ਵੀ ਭੁੱਲਣਹਾਰ ਅਤੇ ਗਲਤ ਫੈਸਲੇ ਕਰਣ ਵਾਲਾ ਸਾਬਿਤ ਕਰ ਰਿਹਾ ਹੈ। ਇਸ ਬਚਿੱਤਰ ਨਾਟਕ ਦੀਆਂ "ਬਚਿੱਤਰ ਗੱਲਾਂ" ਨੂੰ ਆਪੇ ਪੜ੍ਹੋ ਅਤੇ ਫੈਸਲਾ ਵੀ ਆਪ ਹੀ ਕਰੋ ਕਿ "ਬਚਿਤੱਰ ਨਾਟਕ" ਨਾਮ ਦੀ ਇਹ ਝੂਠੀ ਕਹਾਣੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲਿੱਖੀ ਹੋਈ ਹੋ ਸਕਦੀ ਹੈ ? ਜਿਸ ਵਿੱਚ ਅਕਾਲਪੁਰਖ, ਜੋ ਇਸ ਦੁਨੀਆ ਨੂੰ ਚਲਾਉਣ ਵਾਲੀ ਇੱਕੋ ਇੱਕ ਤਾਕਤ ਹੈ, ਉਸਨੂੰ ਵੀ ਗਲਤ ਫੈਸਲੇ ਕਰਣ ਵਾਲਾ ਸਾਬਿਤ ਕਰ ਰਿਹਾ ਹੈ। ਕਵੀ ਕਹਿੰਦਾ ਹੈ ਹੁਣ ਮੈਂ ਤੁਹਾਨੂੰ ਅਪਣੀ ਕਥਾ (ਹੱਡ ਬੀਤੀ) ਸੁਣਾਂਉਦਾ ਹਾਂ ।

ਅਬ ਮੈ ਅਪਨੀ ਕਥਾ ਬਖਾਨੋ ॥ ਤਪ ਸਾਧਤ ਜਿਹ ਬਿਧਿ ਮੁਹਿ ਆਨੋ ॥ ਹੇਮ ਕੁੰਟ ਪਰਬਤ ਹੈ ਜਹਾਂ ॥ ਸਪਤ ਸ੍ਰਿੰਗ ਸੋਭਿਤ ਹੈ ਤਹਾਂ ॥੧॥ ਸਪਤ ਸ੍ਰਿੰਗ ਤਿਹ ਨਾਮੁ ਕਹਾਵਾ ॥ ਪੰਡੁ ਰਾਜ ਜਹ ਜੋਗੁ ਕਮਾਵਾ ॥ ਤਹ ਹਮ ਅਧਿਕ ਤਪੱਸਿਆ ਸਾਧੀ ॥ ਮਹਾਕਾਲ ਕਾਲਿਕਾ ਅਰਾਧੀ ॥੨॥ ਇਹ ਬਿਧਿ ਕਰਤ ਤਪਸਿਆ ਭਯੋ ॥ ਦ੍ਵੈ ਤੇ ਏਕ ਰੂਪ ਹ੍ਵੈ ਗਯੋ ॥

ਇਹ ਕਵੀ ਅਪਣੀ ਆਤਮ ਕਥਾ ਲਿੱਖਦਾ ਹੋਇਆ ਕਹਿੰਦਾ ਹੈ ਕਿ ਹੇਮਕੁੰਟ ਪਰਬਤ ਜਿਥੇ ਪਾਂਡਵਾਂ ਨੇ ਜੋਗ ਤਪਸਿਆ ਕੀਤੀ। ਉਥੇ ਮੈਂ ਵੀ ਬਹਿ ਕੇ ਬਹੁਤ ਅਧਿਕ ਤਪਸਿਆ ਕੀਤੀ। ਕਾਲ ਅਤੇ ਕਾਲਕਾ ਦੇਵੀ ਦੀ ਅਰਾਧਨਾ ਕੀਤੀ । ਉਏ ਬਚਿੱਤਰੀਉ ! ਤੁਸੀਂ ਦਸਵੇਂ ਨਾਨਕ ਨੂੰ ਹੁਣ ਕਾਲ ਅਤੇ ਕਾਲਕਾ ਦਾ ਉਪਾਸਕ ਬਣਾਂ ਰਹੇ ਹੋ, ਇਸ ਝੂਠੀ ਕਹਾਣੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆਤਮ ਕਥਾ ਕਹਿ ਕੇ ? ਕੀ ਗੁਰੂ ਨਾਨਕ ਦਾ ਦਸਵਾਂ ਰੂਪ, ਅਪਣੇ ਹੀ ਲਿਖੇ " ੴ ਸਤਿਗੁਰ ਪ੍ਰਸਾਦਿ ॥" ਦੇ ਉਪਦੇਸ਼ ਨੂੰ ਭੁੱਲ ਗਿਆ ਜੋ, ਕਾਲ ਅਤੇ ਕਾਲੀ ਦੇਵੀ ਦਾ ਉਪਾਸਕ ਬਣ ਬੈਠਾ ? ਤੁਸਾਂ ਕੀ ਜਵਾਬ ਦੇਣਾ ਹੈ ? ਤੁਸੀਂ ਤਾਂ ਅਪਣੀ ਜਾਨ ਛੁਡਾਉਣ ਲਈ ਕਹਿ ਦੇਣਾ ਹੈ ਕਿ, ਇਹ ਕਾਲ ਵੀ ਅਕਾਲਪੁਰਖ ਹੈ ਅਤੇ ਕਾਲਕਾ ਵੀ ਅਕਾਲਪੁਰਖ ਹੈ । ਚਲੋ ਅੱਗੇ ਵਧਦੇ ਹਾਂ ।

ਅਕਾਲ ਪੁਰਖ ਬਾਚ ਇਸ ਕੀਟ ਪ੍ਰਤਿ ॥
ਚੌਪਈ ॥ ਜਬ ਪਹਿਲੇ ਹਮ ਸ੍ਰਿਸਟਿ ਬਨਾਈ ॥ ਦਈਤ ਰਚੇ ਦੁਸਟ ਦੁਖਦਾਈ ॥ ਤੇ ਭੁਜ ਬਲ ਬਵਰੇ ਹ੍ਵੈ ਗਏ ॥ ਪੂਜਤ ਪਰਮ ਪੁਰਖ ਰਹਿ ਗਏ ॥੬॥ ਪੰਨਾਂ ਨੰਬਰ 54

ਅਕਾਲਪੁਰਖ ਨੇ ਇਸ ਕੀਟ ਜਹੇ ਨੂੰ ਕਹਿਆ:

ਚੌਪਈ ॥ ਜਦੋ ਮੈਂ ਪਹਿਲਾਂ ਸ੍ਰਸਟੀ ਬਣਾਈ । ਮੈਂ ਦੁੱਖ ਦੇਣ ਵਾਲੇ ਦੁਸ਼ਟ ਦੈੰਤਾਂ ਦੀ ਰਚਨਾਂ ਕੀਤੀ । ਅਪਣੀ ਅਪਾਰ ਤਾਕਤ ਕਰਕੇ ਉਹ ਪਾਗਲਾ ਗਏ । ਪਰਮਪੁਰਖ ਨੂੰ ਪੂਜਨਾਂ ਹੀ ਭੁੱਲ ਗਏ । ਵਾਹ ਉਏ ਬਚਿਤੱਰੀ ਪੋਥੇ ਦਿਆ ਲਿਖਾਰੀਆ ! ਕੀ ਅਕਾਲਪੁਰਖ ਵੀ ਭੁਲਣਹਾਰ ਹੈ , ਉਸਨੇ ਦੈਂਤ ਬਣਾਂ ਕੇ ਗਲਤੀ ਕਰ ਦਿੱਤੀ ਸੀ । ਤੂੰ ਕੀ ਇਹ ਸਾਬਿਤ ਕਰਣਾਂ  ਚਾਹੁੰਦਾ ਹੈ ਕਿ ਇਸ ਦੁਨੀਆਂ ਦਾ ਪਾਲਣਹਾਰ ਗਲਤੀਆਂ ਵੀ ਕਰਦਾ ਹੈ ? ਜਦ ਕਿ ਗੁਰਬਾਣੀ ਦਾ ਫੁਰਮਾਨ ਹੈ ।

ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ ॥ ਅੰਕ 301
ਆਪਿ ਅਭੁਲੁ ਨ ਭੁਲੈ ਕਬ ਹੀ ਸਭੁ ਸਚੁ ਤਪਾਵਸੁ ਸਚੁ ਥਿਆ ॥ ਅੰਕ 553
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥ ਅੰਕ 61
ਕਰਤਾ ਆਪਿ ਅਭੁਲੁ ਹੈ ਨ ਭੁਲੈ ਕਿਸੈ ਦਾ ਭੁਲਾਇਆ ॥ ਅੰਕ 145

ਇਸ ਕਵੀ ਦੇ ਅਕਾਲਪੁਰਖ ਨੇ ਇਸ "ਬਚਿੱਤਰ ਨਾਟਕ" ਦੇ ਨਾਟਕ ਕਾਰ ਨੂੰ ਕਹਿਆ

ਤੇ ਹਮ ਤਮਕਿ ਤਨਕ ਮੋ ਖਾਪੇ ॥ ਤਿਨ ਕੀ ਠਉਰ ਦੇਵਤਾ ਥਾਪੇ ॥ ਤੇ ਭੀ ਬਲਿ ਪੂਜਾ ਉਰਝਾਏ ॥ ਆਪਨ ਹੀ ਪਰਮੇਸਰ ਕਹਾਏ ॥੭॥

ਲਉ ਜੀ ! ਅਕਾਲਪੁਰਖ ਨੇ ਦੈਂਤ ਬਣਾਂ ਕੇ ਇਕ ਵਾਰ ਗਲਤੀ ਨਹੀਂ ਕੀਤੀ । ਉਸਨੇ ਦੋਬਾਰਾ ਗਲਤੀ ਕਰ ਦਿੱਤੀ । ਇਸ ਲਿਖਾਰੀ ਦਾ ਅਕਾਲ ਪੁਰਖ ਕਹਿੰਦਾ ਹੈ ਕਿ ਮੈਂ ਬਿਨਾਂ ਟਾਈਮ ਖਰਾਬ ਕੀਤੀਆਂ ਇਨ੍ਹਾਂ ਨੂੰ ਠੀਕ ਕਰਣ ਲਈ, ਦੇਵਤੇ ਥਾਪ ਦਿੱਤੇ । ਲੇਕਿਨ ਉਹ ਵੀ ਆਪਣੀ ਤਾਕਤ ਨੂੰ ਹੀ ਪੂਜਵਾਉਣ ਵਿੱਚ ਰੁੱਝ ਗਏ। ਆਪਣੇ ਆਪ ਨੂੰ ਹੀ ਪਰਮੇਸ਼ਵਰ ਅਖਵਾਉਣ ਲੱਗ ਪਏ। (ਅਕਾਲਪੁਰਖ ਕੋਲੋਂ ਦੂਜੀ ਵਾਰ ਗਲਤੀ ) ਇਸਤੋਂ ਬਾਅਦ ਤਾਂ ਹੁਣ ਇਹ ਕਵੀ ਅਪਣੇ ਅਕਾਲਪੁਰਖ ਕੋਲੋਂ ਗਲਤੀਆਂ ਦਰ ਗਲਤੀਆਂ ਕਰਵਾਂਉਦਾ ਹੀ ਜਾਵੇਗਾ । ਲਗਦਾ ਹੈ ਇਹ ਕਾਲਪੁਰਖ ਇਸ ਕਵੀ ਦਾ ਬਹੁਤ ਗਹਿਰਾ ਮਿੱਤਰ ਹੈ ਜੋ, ਆਪਣੇ ਸਾਰੇ ਦੁੱਖ ਸੁੱਖ ਇਸ ਕਵੀ ਨਾਲ ਹੀ ਸਾਂਝੇ ਕਰਦਾ ਹੈ।

ਮਹਾਦੇਵ ਅਚੁੱਤ ਕਹਾਯੋ ॥ ਬਿਸਨ ਆਪ ਹੀ ਕੋ ਠਹਿਰਾਯੋ ॥
ਸ਼ੰਕਰ ਨੂੰ ਭੇਜਿਆ, ਉਹ ਅਪਣੇ ਆਪ ਨੂੰ ਅਮਰ ਅਖਵਾਉਣ ਲੱਗਾ ॥ (ਅਕਾਲਪੁਰਖ ਕੋਲੋਂ ਤੀਜੀ ਵਾਰ ਗਲਤੀ )
ਵਿਸ਼ਨੂੰ ਨੂੰ ਭੇਜਿਆ, ਉਹ ਅਪਣੇ ਆਪ ਹੀ ਰੱਬ ਬਣ ਬੈਠਾ ॥ (ਅਕਾਲਪੁਰਖ ਕੋਲੋਂ ਚੌਥੀ ਵਾਰ ਗਲਤੀ )
ਬ੍ਰਹਮਾ ਆਪ ਪਾਰਬ੍ਰਹਮ ਬਖਾਨਾ ॥ ਪ੍ਰਭ ਕੋ ਪ੍ਰਭੂ ਨ ਕਿਨਹੂੰ ਜਾਨਾ ॥੮॥
ਬ੍ਰਹਮੇ ਨੂੰ ਭੇਜਿਆ ਉਹ ਵੀ ਆਪਣੇ ਆਪ ਨੂੰ ਪਾਰਬ੍ਰਹਮ ਕਹਿਣ ਲੱਗ ਪਿਆ । ਪਰਮਾਤਮਾਂ ਨੂੰ ਕਿਸੇ ਨੇ ਵੀ ਨਾਂ ਜਾਣਿਆ ।( ਅਕਾਲਪੁਰਖ ਕੋਲੋਂ ਪੰਜਵੀ ਵਾਰ ਗਲਤੀ )
ਤਬ ਸਾਖੀ ਪ੍ਰਭ ਅਸਟ ਬਨਾਏ ॥ ਸਾਖ ਨਮਿਤ ਦੇਬੇ ਠਹਿਰਾਏ ॥ ਤੇ ਕਹੈ ਕਰੋ ਹਮਾਰੀ ਪੂਜਾ ॥ ਹਮ ਬਿਨ ਅਵਰੁ ਨ ਠਾਕੁਰੁ ਦੂਜਾ ॥੯॥

ਉਸਤੋਂ ਬਾਅਦ ਮੈਂ ਆਪਣੇ ਅੱਠ ਸਾਥੀ ਬਣਾ ਕੇ ਭੇਜੇ। (ਸਰਦਾਰ ਰਤਨ ਸਿੰਘ ਜੱਗੀ ਅਨੁਸਾਰ, ਚੰਦ੍ਰਮਾਂ, ਸੂਰਜ, ਵਾਯੂ, ਪ੍ਰਥਵੀ, ਧ੍ਰੂ, ਅਗਨੀ, ਪ੍ਰਤਿਯੂਸ਼ ਅਤੇ ਪ੍ਰਭਾ) ਅਤੇ ਇਨ੍ਹਾਂ ਦੇਵਤਿਆਂ ਨੂੰ ਆਪਣਾ ਸਾਥ ਦੇਣ ਲਈ ਬਣਾਇਆ। ਲੇਕਿਨ ਉਹ ਵੀ ਇਹ ਕਹਿਣ ਲੱਗੇ ਕਿ ਸਾਡੀ ਹੀ ਪੂਜਾ ਕਰੋ। ਸਾਡੇ ਤੋਂ ਬਿਨਾਂ ਹੋਰ ਕੋਈ ਦੂਜਾ ਰੱਬ ਨਹੀਂ ਹੈ। (ਅਕਾਲਪੁਰਖ ਕੋਲੋਂ ਛੇਵੀਂ ਵਾਰ ਗੱਲਤੀ ) ਇਕ ਪਾਸੇ ਤੇ ਇਹ ਕਵੀ ਜਾਪ ਵਾਲੀ ਰਚਨਾ ਵਿੱਚ ਕਹਿੰਦਾ ਹੈ "ਨ ਚਿੱਤ੍ਰੈ ॥ ਨ ਮਿੱਤ੍ਰੈ ॥ ਪਰੇ ਹੈਂ ॥ ਪਵਿੱਤ੍ਰੈ ॥੧੦੧॥ ਅਤੇ "ਨ ਨੇਹੰ ਨ ਗੇਹੰ ਸਨੇਹੰ ਨ ਸਾਥੇ ॥ " ਇਥੇ ਕਹਿ ਰਿਹਾ ਹੈ ਕਿ ਉਸਨੂੰ ਸਾਥੀਆਂ ਦੀ ਜ਼ਰੂਰਤ ਪੈ ਗਈ ! ਤਦੇ ਤਾਂ ਬਚਿੱਤਰੀ ਕਹਿੰਦੇ ਹਨ ਕਿ ਇਹ ਬਾਣੀ ਸਮਝਣਾ ਤੁਹਾਡੇ ਬਸ ਦੀ ਗੱਲ ਨਹੀਂ ਹੈ ।

ਤਬ ਹਰਿ ਸਿੱਧ ਸਾਧ ਠਹਿਰਾਏ ॥ ਤਿਨ ਭੀ ਪਰਮ ਪੁਰਖ ਨਹੀ ਪਾਏ ॥ ਜੇ ਕੋਈ ਹੋਤ ਭਯੋ ਜਗਿ ਸਿਆਨਾ ॥ ਤਿਨ ਤਿਨ ਅਪਨੋ ਪੰਥੁ ਚਲਾਨਾ ॥੧੪॥

ਫਿਰ ਅਸੀਂ ਸਿੱਧ ਅਤੇ ਸਾਧੂ ਭੇਜੇ । ਉਹ ਵੀ ਪਰਮਪੁਰਖ ਦਾ ਭੇਦ ਨਹੀਂ ਪਾ ਸਕੇ । ਜੇੜ੍ਹਾ ਕੋਈ ਥੋੜਾ ਜਿਹਾ ਸਿਆਣਾਂ ਹੋ ਜਾਂਦਾ ਸੀ, ਉਹ ਆਪਣਾ ਆਪਣਾ ਪੰਥ ਚਲਾ ਲੈਂਦਾ ਸੀ। ( ਅਕਾਲਪੁਰਖ ਕੋਲੋਂ ਸਤਵੀਂ ਵਾਰ ਗੱਲਤੀ )

ਤਬ ਜੇ ਜੇ ਰਿਖਰਾਜ ਬਨਾਏ ॥ ਤਿਨ ਆਪਨ ਪੁਨ ਸਿੰਮ੍ਰਿਤ ਚਲਾਏ ॥੧੭॥ ਜੇ ਸਿੰਮ੍ਰਿਤਨ ਕੇ ਭਏ ਅਨੁਰਾਗੀ ॥ ਤਿਨਿ ਤਿਨਿ ਕ੍ਰਿਆ ਬ੍ਰਹਮ ਕੀ ਤਿਆਗੀ ॥

ਤਾਂ ਫਿਰ ਮੈਂ ਰਿਸ਼ੀ ਮੁਨੀ ਬਣਾਏ । ਉਨ੍ਹਾਂ ਨੇ ਆਪੋ ਆਪਣੀਆਂ ਸਿਮ੍ਰਤੀਆਂ ਚਾਲਾ ਦਿੱਤੀਆਂ। ਜੋ ਸਿਮ੍ਰਤੀਆਂ ਦੇ ਅਨੁਯਾਈ ਬਣ ਗਏ । ਉਨ੍ਹਾਂ ਨੇ ਪਾਰਬ੍ਰਹਮ ਨੂੰ ਤਿਆਗ ਦਿੱਤਾ । (ਅਕਾਲਪੁਰਖ ਕੋਲੋਂ ਅਠਵੀ ਵਾਰ ਗੱਲਤੀ )

ਤਬ ਹਰਿ ਬਹੁਰ ਦੱਤ ਉਪਜਾਇਓ ॥ ਤਿਨ ਭੀ ਅਪਨਾ ਪੰਥੁ ਚਲਾਇਓ ॥ ਕਰ ਮੋ ਨਖ ਸਿਰ ਜਟਾਂ ਸਵਾਰੀ ॥ ਪ੍ਰਭ ਕੀ ਕ੍ਰਿਆ ਨ ਕਛੂ ਬਿਚਾਰੀ ॥੨੩॥
ਤਾਂ ਫਿਰ ਅਸਾਂ ਦੱਤਾ ਤ੍ਰਿਯ ਨੂੰ ਪੈਦਾ ਕੀਤਾ । ਉਸਨੇ ਵੀ ਅਪਣਾਂ ਪੰਥ ਚਲਾ ਦਿੱਤਾ। ਉਸਨੇ ਹੱਥਾਂ ਦੇ ਲੰਮੇ ਨਾਖੂੰਨ ਅਤੇ ਜਟਾਵਾਂ ਰੱਖ ਲਈਆਂ । ਲੇਕਿਨ ਇਸਨੇ ਵੀ ਪਰਮਾਤਮਾਂ ਬਾਰੇ ਕੋਈ ਵਿਚਾਰ ਨਾਂ ਕੀਤੀ।

( ਅਕਾਲਪੁਰਖ ਕੋਲੋਂ ਨੌਵੀਂ ਵਾਰ ਗੱਲਤੀ )

ਪੁਨਿ ਹਰਿ ਗੋਰਖ ਕੌ ਉਪਰਾਜਾ ॥ ਸਿੱਖ ਕਰੇ ਤਿਨਹੂੰ ਬਡ ਰਾਜਾ ॥ਸ੍ਰਵਨ ਫਾਰਿ ਮੁਦ੍ਰਾ ਦੁਐ ਡਾਰੀ ॥ ਹਰਿ ਕੀ ਪ੍ਰੀਤ ਰੀਤਿ ਨ ਬਿਚਾਰੀ ॥੨੪॥

ਫਿਰ ਮੈਂ ਗੋਰਖਨਾਥ ਨੂੰ ਪੈਦਾ ਕੀਤਾ । ਉਸਨੇ ਬਹੁਤ ਵੱਡੇ ਵੱਡੇ ਰਾਜਿਆਂ ਨੂੰ ਅਪਣਾਂ ਸ਼ਿਸ਼ ਬਣਾਂ ਲਿਆ। ਉਸ ਪ੍ਰਭੂ ਨਾਲ ਪ੍ਰੀਤ ਕਰਣ ਦੀ ਰੀਤ ਕਿਸੇ ਨੇ ਨਾਂ ਵਿਚਾਰੀ । ( ਅਕਾਲਪੁਰਖ ਕੋਲੋਂ ਦਸਵੀਂ ਵਾਰ ਗੱਲਤੀ )

ਪੁਨਿ ਹਰਿ ਰਾਮਾਨੰਦ ਕੋ ਕਰਾ ॥ ਭੇਸ ਬੈਰਾਗੀ ਕੋ ਜਿਨ ਧਰਾ ਕੰਠਿ ਕਾਠ ਕੀ ਡਾਰੀ ॥ ਪ੍ਰਭ ਕੀ ਕ੍ਰਿਆ ਨ ਕਛੂ ਬਿਚਾਰੀ ॥੨੫॥

ਫਿਰ ਅਸੀਂ ਰਾਮਾਨੰਦ ਨੂੰ ਭੇਜਿਆ । ਉਸਨੇ ਬੈਰਾਗੀ ਦਾ ਭੇਖ ਬਣਾਂ ਲਿਆ। ਗੱਲ ਵਿੱਚ ਕਾਠ ਦੀ ਮਾਲਾ ਪਾ ਲਈ । ਲੇਕਿਨ ਉਸ ਪਰਮਾਤਮਾਂ ਬਾਰੇ ਕੁਝ ਵੀ ਵਿਚਾਰ ਨਾਂ ਕਰ ਸਕਿਆ। ( ਅਕਾਲਪੁਰਖ ਕੋਲੋਂ ਗਿਆਰ੍ਹਵੀਂ ਵਾਰ ਗੱਲਤੀ )

ਮਹਾਦੀਨ ਤਬ ਪ੍ਰਭ ਉਪਰਾਜਾ ॥ ਅਰਬ ਦੇਸ ਕੋ ਕੀਨੋ ਰਾਜਾ ॥੨੬॥ਤਿਨ ਭੀ ਏਕ ਪੰਥ ਉਪਰਾਜਾ ॥ ਲਿੰਗ ਬਿਨਾ ਕੀਨੇ ਸਭ ਰਾਜਾ ॥ਸਭ ਤੇ ਅਪਨਾ ਨਾਮੁ ਜਪਾਯੋ ॥ ਸਤਿ ਨਾਮੁ ਕਾਹੂੰ ਨ ਦ੍ਰਿੜਾਯੋ ॥੨੭॥
ਫਿਰ ਪਰਮਾਤਮਾਂ ਨੇ ਹਜਰੱਤ ਮੁਹੱਮਦ ਨੂੰ ਪੈਦਾ ਕੀਤਾ । ਅਰਬ ਦੇਸ਼ ਦਾ ਰਾਜਾ ਬਣਾਇਆ। ਉਸਨੇ ਵੀ ਅਪਣਾਂ ਇਕ ਪੰਥ ਬਣਾਂ ਦਿੱਤਾ। ਉਸਨੇ ਸਾਰੇ ਰਾਜਿਆਂ ਨੂੰ ਲਿੰਗ ਵਿਹੀਨ ਕਰ ਦਿੱਤਾ ।ਭਾਵ " ਸਭ ਦੀ ਸੁੱਨਤਿ ਕਰ ਦਿੱਤੀ । ਸਾਰਿਆ ਕੋਲੋਂ ਅਪਣੀ ਉਸਤਤਿ ਕਰਵਾਈ । ਲੇਕਿਨ ਉਸ ਪ੍ਰਭੂ ਦਾ ਸੱਚਾ ਨਾਮ ਕਿਸੇ ਕੋਲੋਂ ਨਾਂ ਜਪਵਾਇਆ । ( ਕਵੀ ਅਨੁਸਾਰ, ਅਕਾਲਪੁਰਖ ਕੋਲੋਂ ਬਾਰ੍ਹਵੀਂ ਵਾਰ ਗੱਲਤੀ )

ਤਪ ਸਾਧਤ ਹਰਿ ਮੋਹਿ ਬੁਲਾਯੋ ॥ ਇਮ ਕਹਿ ਕੈ ਇਹ ਲੋਕ ਪਠਾਯੋ ॥੨੮॥

ਇਸ ਬਚਿਤੱਰ ਨਾਟਕ ਦਾ ਲਿਖਾਰੀ ਕਹਿੰਦਾ ਹੈ ਕਿ ਫਿਰ ਕਾਲ ਅਤੇ ਕਾਲਕਾ ਦੀ ਸਾਧਨਾ ਕਰਦਿਆਂ ਅਕਾਲਪੁਰਖ ਨੇ ਧਰਮ ਚਲਾਉਣ ਲਈ ਇਸ ਲੋਕ ਵਿੱਚ ਮੈਨੂੰ ਭੇਜਿਆ ।

ਖਾਲਸਾ ਜੀ ਹੁਣ ਫੈਸਲਾ ਤੁਸੀਂ ਆਪ ਕਰ ਲੈਣਾਂ ਕਿ ਕਿਤੇ ਇਸ ਕਵਿਤਾ ਦੇ ਕਥਿਤ ਅਕਾਲਪੁਰਖ ਨੇ ਇਸ ਕਵੀ ਨੂੰ ਇਸ ਸੰਸਾਰ ਵਿੱਚ ਭੇਜ ਕੇ ਇਕ ਵਾਰ ਫਿਰ ਤਾਂ ਗਲਤੀ ਨਹੀਂ ਕਰ ਦਿੱਤੀ ? ਜੇੜ੍ਹਾ ਅਕਾਲਪੁਰਖ ਨੂੰ ਹੀ ਵਾਰ ਵਾਰ ਗਲਤੀਆਂ ਕਰਣ ਵਾਲਾ ਭੁਲਣਹਾਰ ਦੱਸ ਰਿਹਾ ਹੈ। ਇਹ "ਬਚਿਤੱਰ ਨਾਟਕ" ਸਾਡੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬਦਨਾਮ ਕਰਣ ਦੀ ਇਕ ਕੋਝੀ ਸਾਜਿਸ਼ ਤੋਂ ਅਲਾਵਾ ਕੁਝ ਵੀ ਨਹੀਂ ਹੈ । ਜਿਸ ਧਰਮ ਦਾ ਵਾਲੀ "ਅਕਾਲਪੁਰਖ" ਆਪ ਹੋਵੇ । ਦਸ ਮਹਾਨ ਗੁਰੂ ਸਾਹਿਬਾਨ ਦੀ ਜੋਤਿ ਸਰੂਪ ਇਕੋ ਇਕ , "ਗੁਰੂ ਗ੍ਰੰਥ ਸਾਹਿਬ ਜੀ" ਵਰਗਾ ਸਮਰੱਥ, ਸ਼ਬਦ ਗੁਰੂ ਹੋਵੇ ! ਜੋ ਅਪਣੇ ਸਿੱਖਾਂ ਨੂੰ "ੴ" ਦਾ ਉਪਦੇਸ਼ ਦੇ ਕੇ ਉਸ ਇਕ ਨਿਰੰਕਾਰ ਕਰਤਾਰ ਨਾਲ ਜੋੜਦਾ ਹੋਵੇ, ਉਹ ਇਹੋ ਜਹੀਆਂ ਗਲਤੀਆਂ ਕਰਣ ਵਾਲਾ ਭੁਲਣਹਾਰ ਕਿੱਸ ਤਰ੍ਹਾਂ ਹੋ ਸਕਦਾ ਹੈ?

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top