Share on Facebook

Main News Page

"ਬਚਿਤੱਰੀ ਪੋਥੇ ਦੀਆਂ ਬਚਿੱਤਰ ਗੱਲਾਂ" ਭਾਗ - ਚੌਥਾ
-: ਇੰਦਰਜੀਤ ਸਿੰਘ, ਕਾਨਪੁਰ

ਪਿਛਲੇ ਭਾਗ ਵੀ ਜ਼ਰੂਰ ਪੜ੍ਹੋ : ਭਾਗ - ਪਹਿਲਾ (ਸਰਪਮੇਧ ਯੱਗ) ; ਦੂਜਾ (ਰਾਹਸੂਇ ਯੱਗ); ਚੌਥਾ ("ਜਾਪ" ਬਨਾਮ "ਗਿਆਨ ਪ੍ਰਬੋਧ)

"ਬਚਿਤੱਰੀ ਪੋਥੇ ਦੀਆਂ ਬਚਿੱਤਰ ਗੱਲਾਂ' ਵਾਲੀ ਇਸ ਲੇਖ ਲੜੀ ਵਿੱਚ ਅਜ ਤਾਂ ਬਹੁਤ ਹੀ ਬਚਿੱਤ੍ਰ ਗੱਲ ਸਾਮ੍ਹਣੇ ਆ ਰਹੀ ਹੈ। ਬਚਿੱਤਰੀਏ ਅਕਸਰ ਇਹ ਕਹਿੰਦੇ ਨਹੀਂ ਥਕਦੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਥਿਤ ਦਸਮ ਗ੍ਰੰਥ ਵਿੱਚ "ਅਕਾਲਪੁਰਖ" ਨੂੰ "ਕਾਲ" ਅਤੇ "ਮਹਾਕਾਲ" ਦੀ ਸੰਗਿਆ ਦਿੱਤੀ ਹੈ। ਬੜਾ ਹਾੱਸਾ ਆਂਉਦਾ ਹੈ, ਜਦੋਂ ਉਨ੍ਹਾਂ ਦੀ ਇਸ ਦਲੀਲ ਸੁਣੀਦੀ ਹੈ। ਇਸ ਬਚਿੱਤਰ ਨਾਟਕ ਦੇ ਹਰ ਪਾਤਰ ਨੂੰ ਇਹ, "ਅਕਾਲਪੁਰਖ" ਲਈ ਵਰਤਿਆ ਸ਼ਬਦ ਕਹੀ ਜਾਂਦੇ ਹਨ। ਭਾਵੇਂ ਉਹ ਕਾਲ ਹੋਵੇ, ਮਹਾਕਾਲ ਹੋਵੇ, ਕਾਲਕਾ ਹੋਵੇ, ਸ਼ਿਵਾ ਹੋਵੇ, ਅਸਿਧੁਜ ਹੋਵੇ, ਖੜਗਕੇਤੁ, ਸਰਬਕਾਲ ਹੋਵੇ ਤੇ ਭਾਵੇ ਭਗਉਤੀ ਜਗਮਾਤਾ ਹੀ ਕਿਉ ਨਾਂ ਹੋਵੇ। ਸਾਰਿਆਂ ਦਾ ਮਤਲਬ ਅਕਾਲਪੁਰਖ ਹੀ ਦੱਸੀ ਜਾਂਦੇ ਨੇ। ਆਪਣਾ ਪਿਉ ਹੁੰਦਿਆਂ ਸੁੰਦਿਆਂ ਕਿਸੇ ਗਵਾਂਢੀ ਦੇ ਪਿਉ ਨੂੰ ਆਪਣਾ ਪਿਉ ਕਹੀ ਜਾਣਾ, ਪਾਗਲ ਪਨ ਦੀ ਨਿਸ਼ਾਨੀ ਨਹੀਂ ਤਾਂ, ਹੋਰ ਕੀ ਹੈ ?

ਚਲੋ ਅਸੀਂ ਆਉਂਦੇ ਹਾਂ ਇਸ ਪੋਥੇ ਦੇ "ਬਚਿੱਤਰ ਨਾਟਕ" ਨਾਮ ਦੀ ਰਚਨਾ ਦੀਆਂ ਵਿਚਿਤ੍ਰ ਗੱਲਾਂ ਵੱਲ। ਇਹ ਰਚਨਾਂ ਇਸ ਪੋਥੀ ਦੇ ਪੰਨਾਂ ਨੰਬਰ 39 ਤੋਂ ਸ਼ੁਰੂ ਹੁੰਦੀ ਹੈ ਅਤੇ ਇਸ ਪੋਥੀ ਦਾ ਨਾਂ ਵੀ ਇਸੇ ਰਚਨਾ "ਬਚਿੱਤਰ ਨਾਟਕ" ਦੇ ਨਾਮ 'ਤੇ ਹੀ ਪਿਆ ਹੋਇਆ ਹੈ, ਜਿਸਨੂੰ ਬਾਆ ਵਿੱਚ ਪੰਥ ਦੋਖੀਆਂ ਨੇ, "ਸ਼੍ਰੀ ਦਸਮ ਗ੍ਰੰਥ ਜੀ" ਅਤੇ ਕਈ ਥਾਂਵਾਂ ਤੇ "ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ" ਦੇ ਸਿਰਲੇਖ ਹੇਠ ਛਾਪ ਦਿੱਤਾ ਹੈ। ਕਿਸੇ ਵੀ ਪੁਰਾਤਨ ਬੀੜ, ਇਥੋਂ ਤਕ ਕਿ ਤਖਤ ਹਜ਼ੂਰ ਸਾਹਿਬ ਅਤੇ ਤਖਤ ਪਟਨਾ ਸਾਹਿਬ ਤੇ ਪਈਆਂ ਪੁਰਾਤਨ ਬੀੜਾਂ ਤੇ ਵੀ "ਦਸਮ ਗ੍ਰੰਥ" ਨਾਮ ਦਾ ਸਿਰਲੇਖ ਮੌਜੂਦ ਨਹੀਂ ਹੈ। ਬਹੁਤੀਆਂ ਬੀੜਾਂ ਉੱਤੇ "ਬਚਿਤੱਰ ਨਾਟਕ" ਹੀ ਅੰਕਿਤ ਹੈ। ਇਹ ਕੁਲ 34 ਪੰਨਿਆਂ ਦੀ ਛੋਟੀ ਜਹੀ ਰਚਨਾ ਹੈ, ਲੇਕਿਨ ਲਿਖਾਰੀ ਇਸਨੂੰ "ਬਚਿਤ੍ਰ ਨਾਟਕ ਗ੍ਰੰਥ" ਕਹਿ ਕੇ ਵਾਰ ਵਾਰ ਸੰਬੋਧਿਤ ਕਰਦਾ ਹੈ।

ਇਸ ਰਚਨਾ ਦਾ ਲਿਖਾਰੀ, ਇਸ ਰਚਨਾ ਦੀ ਸ਼ੁਰੂਆਤ "ਕਾਲ ਦੇਵਤੇ" ਦੀ ਉਸਤਤਿ ਦੇ ਨਾਲ ਕਰਦਾ ਹੈ। "ਅਕਾਲਪੁਰਖ" ਦੀ ਉਸਤਤਿ ਨਾਲ ਨਹੀਂ! "ਜਾਪ ਦੀ ਬਾਣੀ" ਵਿੱਚ ਵੀ ਤਾਂ ਇਹ ਕਵੀ, ਕਈਂ ਥਾਂਵਾਂ ਤੇ "ਕਾਲ ਦੇਵਤੇ" ਦੀ ਹੀ ਉਸਤਤਿ ਕਰ ਰਿਹਾ ਹੈ,

"ਨਮੋ ਕਾਲ ਕਾਲੇ ॥ ਨਮਸਤਸਤੁ ਦਿਆਲੇ ॥......ਨਮੋ ਕਾਲ ਕਾਲੇ ॥ ਨਮੋ ਸਰਬ ਪਾਲੇ ॥....ਸਰਬੰ ਕਾਲੇ॥ ਸਰਬੰ ਪਾਲੇ ॥੭੮॥...

ਇਸ ਲੇਖ ਲੜੀ ਦੇ ਪਿਛਲੇ ਭਾਗ ਵਿੱਚ ਵੀ ਤੁਹਾਨੂੰ ਦਸਿਆ ਸੀ ਕਿ ਇਸ ਪੋਥੇ ਦੀਆਂ ਤਿੰਨ ਰਚਨਾਵਾਂ "ਗਿਆਨ ਪ੍ਰਬੋਧ", "ਜਾਪ" ਅਤੇ "ਬਚਿਤੱਰ ਨਾਟਕ" ਇਕੋ ਹੀ ਕਵੀ ਦੀਆਂ ਲਿੱਖੀਆਂ ਹੋਈਆਂ ਹਨ। ਹੁਣ ਤੁਰਦੇ ਹਾਂ "ਬਚਿੱਤਰ ਨਾਟਕ" ਦੀ ਅੱਜ ਦੀ "ਬਚਿੱਤਰ ਗੱਲ" ਵੱਲ

ਤ੍ਰੀਭੰਗੀ ਛੰਦ ॥ ਸ੍ਰੀ ਕਾਲ ਜੀ ਕੀ ਉਸਤਤਿ ॥
ਫਿਰ ਇਸ ਕਾਲ (ਅਕਾਲ ਨਹੀਂ ) ਨੂੰ ਨਿਰੰਕਾਰ ਸਾਬਿਤ ਕਰਣ ਲਈ ਲਿਖਦਾ ਹੈ
ਨਿਰੰਕਾਰ ਨ੍ਰਿਬਿਕਾਰ ਨਿਤਯਾੰ ਨਿਰਾਲੰ ॥ ਨ ਬ੍ਰਿਧੰ ਬਿਸੇਖੰ ਨ ਤਰੁਨੰ ਨ ਬਾਲੰ ॥......
ਨ ਰੰਕੰ ਨ ਰਾਯੰ ਨ ਰੂਪੰ ਨ ਰੇਖੰ ॥ ਨ ਰੰਗੰ ਨ ਰਾਗੰ ਅਪਾਰੰ ਅਭੇਖੰ ॥
੪॥ ਪੰਨਾ 39

ਇਹ ਇਸ ਰਚਨਾਂ ਦਾ ਚੌਥਾ ਬੰਦ ਹੈ। ਬਸ ! ਇੱਥੇ ਹੀ ਬਚਿਤੱਰੀਏ ਭੁੜਕ ਡੰਡਿਉ ਪਾਰ ਹੋ ਜਾਂਦੇ ਨੇ ਕਿ, "ਵੇਖਿਆ ! ਗੁਰੂ ਸਾਹਿਬ ਕਹਿੰਦੇ ਹਨ ਕਿ ਇਹ "ਕਾਲ", "ਮਹਾਕਾਲ", "ਨਿਰੰਕਾਰ" ਹੀ ਹੈ, ਜਿਸਦਾ ਕੋਈ ਰੂਪ ਰੰਗ ਅਤੇ ਅਕਾਰ ਨਹੀਂ ਹੈ।

ਖਲੋ ਜਾਉ ! ਖਲੋ ਜਾਉ ! ਬਚਿਤੱਰੀਉ ! ਬਹੁਤਾ ਭੁੜਕਨ ਦੀ ਲੋੜ ਨਹੀਂ ਹੈ ! ਇਹ ਹੀ ਤਾਂ ਇਸ "ਬਚਿਤੱਰ ਨਾਟਕ" ਦੀਆਂ ਬਚਿਤ੍ਰ ਗੱਲਾਂ ਨੇ, ਜੋ ਅਸੀਂ ਤੁਹਾਨੂੰ ਸਮਝਾਉਣ ਦਾ ਯਤਨ ਕਰ ਰਹੇ ਹਾਂ।

ਚੌਥੀ ਪੌੜ੍ਹੀ ਦੇ ਨਿਰੰਕਾਰ ਰੂਪ ਵਾਲੇ "ਕਾਲ ਦੇਵਤੇ" ਦੀ ਫੂਕ ਇਸ ਰਚਨਾ ਦਾ ਲਿਖਾਰੀ, ਇਸੇ ਰਚਨਾ ਦੀ ਸਤਰ੍ਹਵੀਂ ਪੌੜ੍ਹੀ ਵਿੱਚ ਆਪ ਹੀ ਕਡ੍ਹ ਕੇ ਬਚਿਤੱਰੀਆਂ ਦੇ ਮੂੰਹ ਨੂੰ ਤਾਲਾ ਲਾਅ ਦੇਂਦਾ ਹੈ! ਇਹ ਚੌਥੀ ਪੌੜੀ ਵਿੱਚ ਇਸ "ਕਾਲ" ਨੂੰ ਨਿਰੰਕਾਰ ਦਸ ਰਿਹਾ ਸੀ 'ਤੇ ਸਤਰ੍ਹਵੀਂ ਪੌੜ੍ਹੀ ਵਿੱਚ ਹੀ ਇਸਨੂੰ ਵੱਡੀਆਂ ਦਾੜ੍ਹਾਂ ਵਾਲਾ ਦੇਵਤਾ ਦਸਣ ਲੱਗ ਪੈਂਦਾ ਹੈ। ਖਾਲਸਾ ਜੀ ! ਜਦੋਂ ਤੁਹਾਡੇ ਕੋਲ ਸਮਰਥ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਮੌਜੂਦ ਹੈ, ਫਿਰ ਕਿਉ "ਖਸਮੁ ਛੋਡ ਦੂਜੇ ਲਗੇ ਡੂਬੇ ਸੇ ਵਣਜਾਰਿਆ" ਦੇ ਮਹਾਵਾਕ ਅਨੁਸਾਰ ਆਪਣੇ ਜੀਵਨ ਨੂੰ ਬਰਬਾਦ ਕਰਣ ਤੇ ਤੁਲੇ ਹੋਏ ਹੋ ? ਕਿਉ ਦੂਜਿਆਂ ਦੇ ਕਾਲ, ਮਹਾਕਾਲ ਦੇਵਤਿਆਂ ਨੂੰ ਆਪਣਾ ਅਕਾਲਪੁਰਖ ਬਣਾਈ ਜਾਂਦੇ ਹੋ? ਚੌਥੀ ਪੌੜ੍ਹੀ ਵਿੱਚ "ਕਾਲ" ਨੂੰ ਨਿਰੰਕਾਰ ਦਸਣ ਵਾਲਾ ਕਵੀ ਹੁਣ ਇੱਸੇ ਰਚਨਾਂ ਦੀ ਸਤਰ੍ਹਵੀਂ ਪੌੜ੍ਹੀ ਵਿੱਚ ਕਹਿੰਦਾ ਹੈ।

ਮਹਾ ਤੇਜ ਤੇਜੰ ਮਹਾ ਜ੍ਵਾਲ ਜ੍ਵਾਲੰ ॥ ਮਹਾ ਮੰਤ੍ਰ ਮੰਤ੍ਰੰ ਮਹਾ ਕਾਲ ਕਾਲੰ ॥੧੭॥
ਕਰੰ ਬਾਮ ਚਾਪਿਯੰ ਕ੍ਰਿਪਾਣੰ ਕਰਾਲੰ ॥ ਮਹਾ ਤੇਜ ਤੇਜੰ ਬਿਰਾਜੈ ਬਿਸਾਲੰ ॥
ਮਹਾਂ ਦਾੜ੍ਹ ਦਾਤ੍ਹੰ ਸੁ ਸੋਹੰ ਅਪਾਰੰ ॥ ਜਿਨੈ ਚਰਬੀਯੰ ਜੀਵ ਜੱਗਯਾੰ ਹਜਾਰੰ ॥੧੮॥
ਡਮਾਡੱਮ ਡਉਰੂ ਸਿਤਾ ਸੇਤ ਛਤ੍ਰੰ ॥ ਹਾਹਾ ਹੂਹੂ ਹਾਸੰ ਝਮਾਝੱਮ ਅਤ੍ਰੰ ॥
ਮਹਾ ਘੋਰ ਸਬਦੰ ਬਜੇ ਸੰਖ ਐਸੇ ॥ ਪ੍ਰਲੈ ਕਾਲ ਕੇ ਕਾਲ ਕੀ ਜ੍ਵਾਲ ਜੈਸੇ ॥
੧੯॥ ਪੰਨਾਂ 40

ਅਰਥ : ਉਹ ਮਹਾ ਤੇਜ ਵਾਲਾ ਅਤੇ ਮਹਾ ਜਵਾਲ (ਅੱਗ ਛੱਡਣ) ਵਾਲਾ ਹੈ ॥ ਉਹ ਮੰਤ੍ਰਾਂ ਵਿੱਚ ਮਹਾ ਮਂਤ੍ਰ ਅਤੇ ਉਹ ਕਾਲਾਂ ਵਿੱਚ ਮਹਾਕਾਲ ਹੈ ॥ ਜਿਸਦੇ ਸੱਜੇ ਹੱਥ ਵਿੱਚ ਧਨੁਸ਼ ਅਤੇ ਖੱਬੇ ਹੱਥ ਵਿੱਚ ਭਿਆਨਕ ਤਲਵਾਰ ਹੈ ॥ ਉਹ ਬਹੁਤ ਤੇਜਵਾਨ ਅਤੇ ਵਿਸ਼ਾਲ ਸ਼ਰੀਰ ਵਾਲਾ ਹੈ ॥ ਉਹ ਵੱਡੀਆਂ ਦਾੜ੍ਹਾਂ ਵਾਲਾ ਹੈ ਜਿਨ੍ਹਾਂ ਨਾਲ ਉਸਨੇ ਹਜਾਰਾਂ ਜੀਵਾਂ ਨੂੰ ਚੱਬ ਚੱਬ ਕੇ ਖਾ ਲਿਆ ਹੈ ॥ 18॥ ਉਸ (ਮਹਾਕਾਲ) ਦਾ ਡਮਰੂ ਡੰਮਾਂ ਡੰਮ ਕਰ ਕੇ ਵਜਦਾ ਹੈ ਅਤੇ ਉੱਸਦੇ ਸਿਰ ਤੇ ਕਾਲੇ ਅਤੇ ਸਫੇਦ ਰੰਗ ਦਾ ਛੱਤਰ ਹੈ ॥ ਉਹ ਹਾ ਹਾ , ਹੂ ਹੂ (ਹੱੜਹੜਾ) ਕਰਕੇ ਹਸਦਾ ਹੈ ਅਤੇ ਉਸ ਦੇ ਸ਼ਸ਼ਤ੍ਰ ਚਮਕਦੇ ਹਨ ॥ ਉਹ ਸ਼ੰਖ ਵਜਾਉਦਾ ਹੈ 'ਤੇ ਉਸ ਵਿੱਚੋ ਮਹਾ ਘੋਰ ਅਵਾਜ ਇਸ ਤਰ੍ਹਾਂ ਨਿਕਲਦੀ ਹੈ ॥ ਪਰਲੈ ਕਾਲ ਦੇ ਆਂਉਣ ਦਾ ਜਿਵੇਂ ਸ਼ੋਰ ਮੱਚ ਰਿਹਾ ਹੋਵੇ ॥19॥

ਲਉ ਖਾਲਸਾ ਜੀ ! ਹੁਣ ਦੱਸੋ ਅਤੇ ਸੋਚੋ ! ਕਿ, ਤੁਹਾਡਾ " ਅਕਾਲਪੁਰਖ "ੴ" ਡਮਰੂ ਵੀ ਵਜਾਂਉਦਾ ਹੈ ? ਸ਼ੰਖ ਵੀ ਵਜਾਉਂਦਾ ਹੈ ਅਤੇ ਹੜ ਹੜਾ ਕੇ ਹੱਸਦਾ ਵੀ ਹੈ? ਡਮਰੂ ਕੌਣ ਵਜਾਂਉਦਾ ਹੈ ? ਸੰਖ ਕੌਣ ਵਜਾਉਂਦਾ ਹੈ ? ਸਿੱਧਾ ਜਿਹਾ ਜਵਾਬ ਹੈ, ਇਹ ਸ਼ੰਕਰ ਦੇਵਤੇ ਦਾ ਰੁਦ੍ਰ ਰੂਪ "ਕਾਲ" ਦੇਵਤਾ ਹੈ, ਨਾਂ ਕਿ ਅਕਾਲਪੁਰਖ। ਹੈ ਨਾਂ ਇਸ ਬਚਿਤੱਰ ਪੋਥੇ ਦੀ ਇਹ ਵਚਿਤੱਰ ਗੱਲ ? ਜਿਸ ਕਾਲ ਨੂੰ ਇਹ ਲਿਖਾਰੀ ਚੌਥੀ ਪੌੜ੍ਹੀ ਵਿੱਚ "ਨਿਰੰਕਾਰ" ਕਹਿ ਰਿਹਾ ਸੀ, ਉਸੇ ਨੂੰ ਇੱਸੇ ਰਚਨਾਂ ਦੀ ਸਤਰ੍ਹਵੀਂ ਪੌੜ੍ਹੀ ਵਿੱਚ ਸ਼ੰਕਰ ਦੇਵਤੇ ਦਾ ਰੁਦ੍ਰ ਰੂਪ "ਕਾਲ ਦੇਵਤਾ" ਸਾਬਿਤ ਕਰਕੇ ਉਸਦਾ ਹੁਲਿਆ ਬਿਆਨ ਕਰ ਰਿਹਾ ਹੈ।

ਬਚਿੱਤਰੀਉ ! ਹੁਣ ਕਿਵੇ ਸਾਬਿਤ ਕਰੋਗੇ ਕਿ, ਇਹ ਡਮਰੂ ਅਤੇ ਸ਼ੰਖ ਵਜਾਉਣ ਵਾਲਾ, ਹੜਹੜਾ ਕੇ ਜ਼ੋਰ ਜ਼ੋਰ ਦੀ ਆਵਾਜ਼ ਕੱਢਣ ਵਾਲਾ ਅਤੇ ਵੱਡੀਆਂ ਦਾੜ੍ਹਾਂ ਵਾਲਾ "ਕਾਲ ਦੇਵਤਾ" ਤੁਹਾਡਾ "ਅਕਾਲਪੁਰਖ ਹੈ ? ਇਸ ਦੇਵਤੇ ਨੂੰ ਪੂਜ ਪੂਜ ਕੇ ਤੁਸਾਂ ਉਸ ਵਾਂਗ ਭੰਗ ਖਾ ਖਾ ਕੇ ਆਪਣੀ ਮਤਿ ਤਾਂ ਮਾਰ ਲਈ ਹੈ, ਦੂਜਿਆਂ ਨੂੰ ਤਾਂ ਗੁਮਰਾਹ ਨਾ ਕਰੋ ! ਉਸ ਭਿਆਨਕ ਰੂਪ ਵਾਲੇ "ਕਾਲ" ਦੇਵਤੇ ਨੂੰ ਸਿੱਖਾਂ ਦਾ ਅਕਾਲਪੁਰਖ ਤੇ ਨਾ ਬਣਾਉ !

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top