Share on Facebook

Main News Page

ਸਿੱਖੀ ਵਿੱਚ ਬ੍ਰਾਹਮਣੀ ਕਰਮਕਾਂਡਾਂ ਅਤੇ ਕੁਰੀਤੀਆਂ ਦਾ "ਜਨਮ ਦਾਤਾ", ਅਖੌਤੀ ਦਸਮ ਗ੍ਰੰਥ, ਭਾਗ -  ਚੌਥਾ
-
ਇੰਦਰਜੀਤ ਸਿੰਘ,ਕਾਨਪੁਰ

(ਇਕ ਪਾਸੇ ਭੰਗ ਪੋਸਤ ਅਤੇ ਅਫੀਮ ਦਾ ਆਦੀ ਬਣਾ ਕੇ "ਸਿੱਖ" ਨੂੰ ਨਪੁੰਸਕ ਬਨਾਉਣ ਦੀ ਸਾਜਿਸ਼, ਦੂਜੇ ਪਾਸੇ "ਦੇਵੀ ਦਾ ਉਪਾਸਕ" ਬਣਾ ਕੇ ਗੁਰੂ ਗ੍ਰੰਥ ਸਾਹਿਬ ਨਾਲੋ ਤੋੜਨ ਦਾ ਕੋਝਾ ਯਤਨ)

ਇਸ ਲੇਖ ਲੜੀ ਦੇ ਤੀਜੇ ਭਾਗ ਵਿੱਚ ਅਸੀ ਸਿੱਖ ਧਰਮ ਵਿੱਚ ਜਾਨਵਰਾਂ ਦੀ ਬਲੀ ਦੇਣ ਦੀ ਕੁਰੀਤੀ ਬਾਰੇ ਜਿਕਰ ਕੀਤਾ ਸੀ, ਜੋ ਅਖੌਤੀ ਦਸਮ ਗ੍ਰੰਥ ਨਾਮ ਦੀ "ਕੂੜ ਕਿਤਾਬ" ਦੀ ਦੇਣ ਹੈ। ਅਜ ਅਸੀਂ ਇਸ ਚੌਥੇ ਅਤੇ ਅੰਤਿਮ ਭਾਗ ਵਿਚ ਉਸ ਕੁਰੀਤੀ ਦਾ ਜਿਕਰ ਕਰਾਂਗੇ ਜਿਸ ਵਿੱਚ ਪੈ ਕੇ ਸਿੱਖ ਉਸ "ਭਗੌਤੀ "ਅਗੇ ਹੀ ਅਰਦਾਸ ਕਰੀ ਜਾ ਰਿਹਾ ਹੈ। ਉਸ "ਸ਼ਿਵਾ" ਕੋਲੋ ਹੀ ਵਰ ਮੰਗ ਰਿਹਾ ਹੈ, ੳਤੇ ਪੱਕਾ "ਦੇਵੀ ਦਾ ਉਪਾਸਕ" ਬਣ ਚੁਕਾ ਹੈ। ਇਕ ਅਕਾਲ, ਨਿਰੰਕਾਰ, ਕਰਤਾਰ ਦਾ ੳਪਾਸਕ, "ਚੰਡੀ", "ਦੁਰਗਾ", " ਕਾਲਕਾ", "ਭਗੌਤੀ" ਅਤੇ "ਸ਼ਿਵਾ" ਦਾ ਉਪਾਸਕ ਕਿਵੇਂ ਬਣ ਗਇਆ? ਇਸ ਕੁਰੀਤੀ ਬਾਰੇ ਗਲ ਕਰਦੇ ਹਾਂ ਜੋ ਇਸ "ਕਾਲੀ ਦੀ ਕਿਤਾਬ" ਦੀ ਸਿੱਖੀ ਨੂੰ ਦੇਣ ਹੈ।

ਇਸ ਬਾਰੇ ਇਕ ਲੇਖ ਦਾਸ ਨੇ ਬਹੁਤ ਪਹਿਲਾਂ ਲਿਖਿਆ ਸੀ, ਜਿਸ ਵਿੱਚ ਅਪਣੀ ਹੱਡ ਬੀਤੀ ਦਾ ਜਿਕਰ ਕੀਤਾ ਸੀ। ਦੋ ਸਿੱਖ ਬੱਚੇ ਦੁਰਗਾ ਦੇਵੀ ਦੇ ਜਗਰਾਤੇ ਵਿੱਚ ਆਰਤੀ ਕਰਦੇ ਦਾਸ ਨੇ ਵੇਖੇ । ਉਨਾਂ ਨੂੰ ਮਿਲਕੇ ਜਦੋ ਪੁਛਿਆ ਕਿ "ਏਹ ਇਕ ਸਿੱਖ ਦੀ ਮਰਿਯਾਦਾ ਨਹੀਂ ਤੁਸੀਂ ਇਹ ਕੰਮ ਗੁਰਮਤਿ ਦੇ ਉਲਟ ਕਿਉਂ ਕਰ ਰਹੇ ਹੋ? ਤੇ ਉਨ੍ਹਾਂ ਜਵਾਬ ਦਿਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਤੇ "ਕਾਲਕਾ" ਦੀ ਉਸਤਤਿ ਕੀਤੀ ਤੇ ਉਸ ਨੂੰ ਪ੍ਰਗਟ ਕੀਤਾ ਸੀ। ਮੈਂ ਉਸ ਨੂੰ ਕਹਿਆ ਕਿ ਇਹ ਪੰਥ ਵਿਰੋਧੀ ਲੋਕਾਂ ਦੀ ਇਹ ਸਾਜਿਸ਼ ਹੈ, ਤੇ ਇਹ ਕੁਰੀਤੀ ਤੇ "ਅਖੌਤੀ ਦਸਮ ਗ੍ਰੰਥ" ਦੀ ਦੇਣ ਹੈ। ਉਸਨੇ ਫੌਰਨ ਜਵਾਬ ਦਿੱਤਾ ਕਿ ਇਹ ਦਸਮ ਗ੍ਰੰਥ ਨਹੀਂ, ਭਾਈ ਗੁਰਦਾਸ ਦੀ ਰਚਨਾ ਹੈ "ਗੁਰ ਸਿਮਰ ਮਨਾਈ ਕਾਲਾਕਾ, ਖੰਡੇ ਕੀ ....." ਕੀ ਇਹ ਵੀ ਕਿਸੇ ਬ੍ਰਾਹਮਣ ਦੀ ਲਿਖੀ ਹੋਈ ਹੈ? ਇਹ ਕਹਿ ਕੇ ਉਨਾਂ ਨੇ ਸਾਰੀ ਗਲ ਹੀ ਠੱਪ ਦਿਤੀ ਤੇ ਦੁਰਗਾ ਪੂਜਾ ਦੇ ਪੰਡਾਲ ਵਿੱਚ ਵਾਪਸ ਚਲੇ ਗਏ। ਉਸ ਦਿਨ ਹੀ ਇਸ ਗਲ ਦਾ ਮੈਨੂੰ ਇਹਸਾਸ ਹੋ ਚੁਕਾ ਸੀ, ਕਿ ਦੁਸ਼ਮਨ ਅਪਣੀ ਚਾਲ ਵਿੱਚ ਕਾਮਯਾਬ ਹੋ ਚੁਕਾ ਹੈ। ਉਹ ਜੋ ਚਾਹੁੰਦਾ ਸੀ, ਉਹ ਉਸ ਨੇ ਕਰ ਵਿਖਾਇਆ ਹੈ। ਉਨਾਂ ਬੱਚਿਆਂ ਨੂੰ ਸੜਕ ਤੇ ਖੜਾ ਕਰਕੇ ਇਹ ਨਹੀਂ ਸਮਝਾਇਆ ਜਾ ਸਕਦਾ ਸੀ ਕਿ ਇਸ ਸਾਰੀ ਸਾਜਿਸ਼ ਦੀ ਅਸਲਿਅਤ ਕੀ ਹੈ ।

ਜੇ ਅਕਾਲ ਤਖਤ ਦਾ ਸਾਬਕਾ ਹੈਡ ਗ੍ਰੰਥੀ, ਗਿਆਨੀ ਪੂਰਨ ਸਿੰਘ ਇਹ ਕਹਿੰਦਾ ਸੀ ਕਿ ਸਾਡੇ ਗੁਰੂ "ਲਵ ਕੁਸ਼ ਦੀ ਅੰਸ਼" ਨੇ ਤੇ ਉਸ ਨੂੰ ਸਾਰੇ ਗਾਲ੍ਹਾਂ ਕਡ੍ਹਨ ਲਈ ਤਿਆਰ ਹੋ ਜਾਂਦੇ ਸਨ। ਕਿਉਂਕਿ ਉਨ੍ਹਾਂ ਨੇ ਦਸਮ ਗ੍ਰੰਥ ਨਾਮ ਦੀ ਇਹ ਕਿਤਾਬ ਕਦੀ ਖੋਲ ਕੇ ਨਹੀਂ ਵੇਖੀ ਹੁੰਦੀ। ਜੇ ਉਨ੍ਹਾਂ ਨੇ ਇਹ ਕਿਤਾਬ ਪੜ੍ਹੀ ਹੁੰਦੀ ਤਾਂ ਇਸ ਨੂੰ ਕੋਟ ਕਰਨ ਵਾਲੇ ਪੂਰਨ ਸਿੰਘ ਦੀ ਥਾਂਵੇ ਇਸ ਕੂੜ ਕਿਤਾਬ ਦੇ ਮਗਰ ਪੈਂਦੇ। ਇਸ ਕਿਤਾਬ ਵਿੱਚ ਸਾਡੇ ਗੁਰੂਆਂ ਦਾ ਲਵ ਅਤੇ ਕੁਸ਼ ਦੀ ਅੰਸ਼ ਵਿੱਚੋ ਹੋਣ ਦਾ ਬਹੁਤ ਵੱਡਾ ਵਿਰਤਾਂਤ ਮੌਜੂਦ ਹੈ । ਇਹ ਵਿਰਤਾਂਤ ਬਹੁਤ ਲੰਬਾ ਹੈ ਇਸ ਦੀ ਇਕ ਵਾਂਨਗੀ ਇਥੇ ਦੇ ਰਿਹਾ ਹਾਂ -

ਭੁਜੰਗ ਪ੍ਰਯਾਤ ਛੰਦ ॥
ਲਵੀ ਸਰਬ ਜੀਤੇ ਕੁਸੀ ਸਰਬ ਹਾਰੇ ॥ ਬਚੇ ਜੇ ਬਲੀ ਪ੍ਰਾਨ ਲੈ ਕੇ ਸਿਧਾਰੇ ॥
ਚਤੁਰ ਬੇਦ ਪਠਿਯੰ ਕੀਯੋ ਕਾਸਿ ਬਾਸੰ ॥ ਘਨੇ ਬਰਖ ਕੀਨੇ ਤਹਾਂ ਹੀ ਨਿਵਾਸੰ ॥੫੨॥

ਅਖੌਤੀ ਦਸਮ ਗਰੰਥ ਸਾਹਿਬ : ਪੰਨਾ ੧੨੬ ਪੰ. ੧੩........................

ਜਿਨੈ ਬੇਦ ਪਠਿਓ ਸੁ ਬੇਦੀ ਕਹਾਏ ॥ ਤਿਨੈ ਧਰਮ ਕੇ ਕਰਮ ਨੀਕੇ ਚਲਾਏ ॥
ਸਬੈ ਬੇਦ ਪਾਠੀ ਚਲੇ ਮੱਦ੍ਰ ਦੇਸੰ ॥ ਪ੍ਰਣਾਮੰ ਕੀਯੋ ਆਨ ਕੈ ਕੈ ਨਰੇਸੰ ॥੨॥
ਬੇਦੀ ਭਏ ਪ੍ਰਸੰਨ ਰਾਜ ਕਹ ਪਾਇ ਕੈ ॥ ਦੇਤ ਭਯੋ ਬਰਦਾਨ ਹੀਐ ਹੁਲਸਾਇ ਕੈ ॥
ਜਬ ਨਾਨਕ ਕਲਿ ਮੈ ਹਮ ਆਨ ਕਹਾਇਹੈਂ ॥ ਹੋ ਜਗਤ ਪੂਜ ਕਰਿ ਤੋਹਿ ਪਰਮ ਪਦ ਪਾਇਹੈਂ ॥੭॥

ਅਖੌਤੀ ਦਸਮ ਗਰੰਥ ਸਾਹਿਬ : ਪੰਨਾ ੧੨੮ ਪੰ. ੫

ਖੈਰ ਅਸੀ ਤਾਂ "ਦੇਵੀ" ਦੀ ਗਲ ਕਰ ਰਹੇ ਸੀ, ਉਹੀ ਕਰਦੇ ਹਾਂ। ਪੰਜਾਬ ਵਿੱਚ ਆਸ਼ੂਤੋਸ਼ ਇਹ ਖੁਲਾ ਪ੍ਰਚਾਰ ਕਰਦਾ ਹੈ, ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ "ਸ਼ੰਕਰ" ਦੀ ਪਤਨੀ" "ਸ਼ਿਵਾ" ਦੀ ਪੂਜਾ ਕੀਤੀ ਅਤੇ ਉਸ ਕੋਲੋਂ ਵਰ ਮੰਗਿਆ "‘ਦੇਹਿ ਸਿਵਾ ਬਰ ਮੋਹਿ’ .............।" ਜੇ ਉਸ ਨੂੰ ਕੁਝ ਪਤਰਕਾਰਾਂ ਨੇ ਕਹਿਆ ਕਿ "ਤੁਸੀ ਸਿੱਖਾਂ ਬਾਰੇ ਇਹੋ ਜਹਿਆਂ ਗੱਲਾਂ ਕਰਕੇ ਉਨਾਂ ਦੀ ਧਾਰਮਿਕ ਭਾਵਨਾਂ ਨੂੰ ਕਿਉ ਭੜਕਾਂਦੇ ਹੋ, ਜੋ ਬਾਅਦ ਨੂੰ ਹਿੰਸਾ ਦਾ ਕਾਰਣ ਬਣਦਾ ਹੈ" । ਇਸ ਤੇ ਆਸ਼ੂਤੋਸ਼ ਨੇ ਜਵਾਬ ਦਿੱਤਾ ਕਿ "ਇਹ ਮੈਂ ਅਪਣੇ ਕੋਲੋਂ ਥੋੜੀ ਹੀ ਕਹਿ ਰਿਹਾਂ ਹਾਂ, ਕਿ ਗੁਰੂ ਗੋਬਿੰਦ ਸਿੰਘ ਨੇ "ਸ਼ਿਵਾ" ਦੀ ਉਸਤਤਿ ਕੀਤੀ ਹੈ ।

 

ਇਹ ਤੇ ਇਨਾਂ ਦੇ ਗੁਰੂ ਦੀ ਲਿਖੀ "ਦਸਮ ਗ੍ਰੰਥ ਦੀ ਬਾਣੀ ਹੈ, ਜੋ ਆਪ ਕਹਿ ਰਹੀ ਹੈ ਕੇ "ਸ਼ਿਵਾ" ਦੇਵੀ ਦੀ ਉਸਤਤਿ ਇਨਾਂ ਦੇ ਗੁਰੂ ਗੋਬਿੰਦ ਸਿੰਘ ਨੇ ਕੀਤੀ ਹੈ। ਜਾ ਕੇ ਪੁਛ ਲਵੋ ਉਨਾਂ ਖਾੜਕੂਆਂ ਤੋਂ ਜਿਨਾਂ ਨੇ ਖਾਲਿਸਤਾਨ ਦਾ ਰਾਸ਼ਟਰੀਯ ਗੀਤ ਹੀ ਇਸ ਸ਼ਬਦ ਨੂੰ ਬਣਾਇਆ ਹੋਇਆ ਹੈ।" ਹੇਠ ਦਿਤੇ ਲਿੰਕ ਤੇ ਆਸ਼ੂਤੋਸ਼ ਦੇ ਚੇਲੇ ਦਾ ਇਹ ਬਿਆਨ ਸੁਣੋ, ਕੀ ਜਵਾਬ ਹੈ ਸਾਡੇ ਕੋਲ ਇਸਦਾ? ਇਹ ਸਾਰਾ ਜਹਿਰ ਇਸ "ਕਾਲੀ ਦੀ ਕਿਤਾਬ" ਕਰਕੇ ਹੀ ਤੇ ਇਹ ਉਗਲ ਰਿਹਾ ਹੈ। ਜੇ ਇਹ ਕਿਤਾਬ ਨਾਂ ਹੁੰਦੀ ਤੇ ਇਸ ਦੀ ਕੀ ਔਕਾਤ ਸੀ, ਕਿ ਇਹ ਗਲ ਕਹਿ ਲੈਂਦਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ "ਸ਼ਿਵਾ" ਕੋਲੋਂ ਵਰ ਮੰਗਿਆ ਸੀ। ਅਸੀਂ ਇਨ੍ਹਾਂ ਪੰਥ ਦੋਖੀਆਂ ਨਾਲ ਮਰਨ ਮਾਰਨ ਤੇ ਫੌਰਨ ਉਤਾਰੂ ਹੋ ਜਾਂਦੇ ਹਾਂ। ਲੇਕਿਨ ਕਦੀ ਇਨ੍ਹਾਂ ਰੋਸ਼ ਅਤੇ ਗੁੱਸਾ ਅਸੀਂ ਇਸ "ਝੂਠ ਦੀ ਕਿਤਾਬ" ਤੇ ਵੀ ਉਤਾਰਿਆ ਹੈ? ਇਹ ਕਿਤਾਬ ਸਾਡੇ ਗੁਰੂ ਨੂੰ ਤਾਂ ਬਦਨਾਮ ਕਰ ਹੀ ਰਹੀ ਹੈ, ਨਾਲ ਹੀ ਗੁਰੂ ਗ੍ਰੰਥ ਸਾਹਿਬ ਦੇ ਰੱਬੀ ਸਿਧਾਂਤਾਂ ਦਾ ਅਪਮਾਨ ਵੀ ਕਰ ਰਹੀ ਹੈ।

ਵੈਸੇ ਵੀ ਸ਼ਿਵਾ (ਪਾਰਵਤੀ ) ਦਾ ਜਿਕਰ ਅਤੇ ਉਸਤਤਿ ਇਸ ਕਿਤਾਬ ਵਿੱਚ ਬਹੁਤ ਥਾਂਵਾਂ ਤੇ ਹੈ। ਕਿਉ ਕੇ ਇਸ ਕਿਤਾਬ ਵਿੱਚ "ਸਿਯਾਮ ਕਵੀ" ਜੋ ਪਾਰਵਤੀ (ਸ਼ਿਵਾ) ਦਾ ਬਹੁਤ ਵੱਡਾ ਭਗਤ ਹੈ, ਇਸ ਦੀਆਂਬਹੁਤ ਸਾਰੀਆ ਦੇਵੀ ਪੂਜਕ ਰਚਨਾਵਾਂ ਮਿਲਦੀਆਂ ਹਨ । ਬਹੁਤ ਥਾਂਵਾਂ ਤੇ ਉਹ "ਸ਼ਿਵਾ" ਦਾ ਜਿਕਰ ਕਰਦਾ ਹੈ।

ਰੀਝ ਸ਼ਿਵਾ ਤਿਨ ਪੈ ਤਵਹੀ "ਕਬਿ ਸਯਾਮ" ਇਹੀ ਬਰੁਦਾਨ ਦਿਵਾਯੋ ॥ ਆਇ ਹੈ ਸਯਾਮ ਨ ਸ਼ੋਕ ਕਰੋ ਤਬ ਲਉ ਹਰਿ ਲੀਨੇ ਤ੍ਰੀਆ ਮਨਿ ਆਯੋ ॥੨੦੬੦॥
ਜਾਦਵ ਅਉਰ ਸਭੈ ਹਰਖੈ ਅਰੁ ਬਾਜਤ ਭੀ ਪੁਰ ਬੀਚ ਬਧਾਈ ॥ ਅਉਰ ਕਹੈ ਕਬਿ ਸਯਾਮ ਸ਼ਿਵਾ ਸੁ ਸਭੈ ਜਗਮਾਇ ਸਹੀ ਠਹਰਾਈ ॥੨੦੬੧॥
ਪੇਜ 1087 ਅਖੌਤੀ ਦਸਮ ਗ੍ਰੰਥ

ਇਥੇ ਸਾਫ ਸਾਫ ਅਕਿਤ ਹੈ ਲਿਖਣ ਵਾਲੇ ਦਾ ਨਾਮ "ਕਬਿ ਸਿਯਾਮ" ਦਿਤਾ ਹੋਇਆ ਹੈ। ਫੇਰ ਵੀ ਅਕਿਰਤ ਘਣ , ਗੁਰੂ ਦੋਖੀ ਇਸ ਨੂੰ ਦਸਮ ਬਾਣੀ ਕਹੀ ਜਾਂਦੇ ਨੇ।
ਧਾਰਿ ਧਿਆਨ ਮਨ ਸਿਵਾ ਕੋ ਤਕੀ ਪੁਰੀ ਕੈਲਾਸ ॥੧੯॥ ਪੇਜ 193

ਧਾਇ ਗਯਾ ਗਹਿ ਫੋਰਿ ਕੈ ਫਉਜ ਕੋ ਘਾਉ ਸਿਵਾ ਸਿਰ ਦੈਤ ਕੇ ਮਾਰਿਓ ॥ਪੇਜ 201
ਨਮੋ ਕਾਰਤਿਕਯਾਨੀ ਸਿਵਾ ਸੀਤਲਾਯੰ ॥੧੦॥
੨੨੯॥ਪੇਜ 287

ਭੂਤ ਪਿਸਾਚ ਕਰੈ ਕਿਲਕਾਰ ਫਿਰੈ ਰਨ ਜੋਗਿਨ ਖੱਪਰ ਲੀਨੇ ॥
ਆਨ ਫਿਰਯੋ ਤਹ ਸ੍ਰੀ ਤ੍ਰਿਪਰਾਰ ਸੁ ਆਧੋਈ ਅੰਗ ਸਿਵਾ ਤਨ ਕੀਨੇ ॥
੧੨੩੧॥ਅਖੌਤੀ ਦਸਮ ਗ੍ਰੰਥ

ਮਹਾ ਭੈਰਵੀ ਭੂਤਨੇਸੁਰੀ ਭਵਾਨੀ ॥ ਭਵੀ ਭਾਵਨੀ ਭਬਯੰ ਕਾਲੀ ਕ੍ਰਿਪਾਣੀ ॥
ਜਯਾ ਆਜਯਾ ਹਿੰਗੁਲਾ ਪਿੰਗੁਲਾ ਹੈ ॥ ਸ਼ਿਵਾ ਸੀਤਲਾ ਮੰਗਲਾ ਤੋਤਲਾ ਹੈ ॥
੪੨੬॥ਪੇਜ 731ਅਖੌਤੀ ਦਸਮ ਗ੍ਰੰਥ

ਇਨੇ ਪ੍ਰਮਾਣ ਪਵ੍ਹ ਕੇ ਵੀ ਜੇ ਇਹ ਦਸਮ ਗ੍ਰੰਥੀਏ ਇਸ "ਸ਼ਿਵਾ" ਨੂੰ "ਅਕਾਲ ਪੁਰਖ" ਹੀ ਸਮਝ ਕੇ ਉਸ ਤੋਂ ਵਰ ਮੰਗੀ ਜਾਂਣ ਤੇ ਫੇਰ ਰੱਬ ਹੀ ਇਨਾਂ ਨੂੰ ਸੁਮਤਿ ਦੇ ਸਕਦਾ ਹੈ। ? ਬੜੇ ਦੁਖ ਦੀ ਗਲ ਇਹ ਹੈ ਕਿ ਅਸੀ ਇਨਾਂ ਗਲਾਂ ਬਾਰੇ ਭਾਵੇ ਕਿਨਾਂ ਹੀ ਲਿੱਖ ਲਈਏ, ਭਾਂਵੇ ਕਿਨਾਂ ਹੀ ਕੂਕਦੇ ਰਹਿਏ ਇਹ "ਕੂੜ ਕਿਤਾਬ" ਪੰਥ ਦਾ ਬਹੁਤ ਵੱਡਾ ਨੁਕਸਾਨ ਕਰ ਚੁਕੀ ਹੈ, ਕੇ ਉਸ ਦਾ ਪ੍ਰਭਾਵ ਸਪਸਟ ਦਿੱਖ ਰਿਹਾ ਹੈ । ਕੌਮ ਦੋ ਧੜਿਆਂ ਵਿੱਚ ਵੰਡੀ ਜਾ ਚੁਕੀ ਹੈ। ਇਕ ਉਹ ਹਨ ਜੋ ਇਨਾਂ ਗੁਰੂ ਸ਼ਬਦਾਂ ਅਨੁਸਾਰ ਪਹਿਲਾਂ ਉਸ ਵਸਤੂ ਦੀ ਖੋਜ, ਪੜਤਾਲ ਕਰ ਲੈੰਦੇ ਨੇ ਫੇਰ ਉਸ ਤੇ ਵਿਸ਼ਵਾਸ਼ ਕਰਦੇ ਨੇ।

ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ॥ ਅੰਕ 1410

ਦੂਜੇ ਉਹ ਹਨ ਕਿ ਜਿਨਾਂ ਕੋਲ ਧਰਮ ਅਤੇ ਅਧਿਐਨ ਦੇ ਨਾਮ ਤੇ ਅੰਧੀ ਸ਼ਰਧਾ ਅਤੇ ਰੂੜੀਵਾਦ ਤੋਂ ਅਲਾਵਾਂ ਕੁਝ ਵੀ ਨਹੀ ਹੈ । ਇਨਾਂ ਦੇ ਨਾਲ ਹੀ ਕੁਝ ਪੰਥ ਦੋਖੀ ਅਤੇ ਪੰਥ ਵਿਰੋਧੀ ਵੀ ਜੁੜ ਗਏ ਨੇ, ਜੋ ਕਿਸੇ ਹਾਲ ਵਿੱਚ ਵੀ ਇਸ ਕੂੜ ਕਿਤਾਬ ਨੂੰ ਜੀਵਿਤ ਰਖਨਾਂ ਚਾਂਉਦੇ ਨੇ, ਭਾਵੇ ਪੂਰੀ ਕੌਮ ਦਾ ਹੀ ਨਾਸ ਕਿਉ ਨਾਂ ਹੋ ਜਾਵੇ।

ਗਲ ਕਰ ਰਹੇ ਹਾਂ ਸਿੱਖ ਦੇ ਦੇਵੀ ਪੂਜਕ ਬਨ ਜਾਂਣ ਦੀ। ਇਸ ਲਈ ਕੁਝ ਵਿਸਤਾਰ ਵਿੱਚ ਜਾਂਣਾਂ ਪਵੇਗਾ ਕੇ ਇਹ "ਸ਼ਿਵਾ" ਜਿਸ ਕੋਲੋਂ ਇਨਾਂ ਦਸਮ ਗ੍ਰੰਥੀਆਂ ਦਾ ਗੁਰੂ ਵਰ ਮੰਗਦਾ ਹੈ, ਉਹ ਹੈ ਕੌਣ ?

ਅਾਸਾਮ ਦੇ ਗੁਹਾਟੀ ਸ਼ਹਿਰ ਤੋਂ ਦਸ ਕਿਲੋ ਮੀਟਰ ਦੂਰ ਇਕ "ਕਾਮਾਖੀਆ ਮੰਦਿਰ" ਹੈ। (ਇਸ ਮੰਦਿਰ ਦੀ ਵੀਡਿਉ, ਇਸ ਲੇਖ ਦੇ ਪਿਛਲੇ ਭਾਗ ਵਿੱਚ ਦਿਤੀ ਗਈ ਸੀ, ਜਿਸ ਵਿੱਚ ਬਕਰੇ ਦੀ ਬਲੀ ਦਿਤੀ ਜਾ ਰਹੀ ਹੈ) ਇਥੇ ਸ਼ਿਵ ਅਤੇ ਉਸ ਦੀ ਪਤਨੀ "ਸ਼ਿਵਾ" ਅਤੇ ਉਨਾਂ ਦੇ ਪੁੱਤਰ ਗਣੇਸ਼ ਦੀ ਪੂਜਾ ਹੁੰਦੀ ਹੈ। ਇਹ "ਅਘੌਰੀ ਅਤੇ ਤਾਂਤਰਿਕ ਵਿਦਿਆ" ਦਾ ਇਕ ਅਹਿਮ ਕੇਂਦਰ ਹੈ। ਇਸ ਮੰਦਿਰ ਦਾ ਮਿਥਿਹਾਸ ਇਸ ਤਰ੍ਹਾਂ ਹੈ।

ਇਹ ਹਜ਼ਾਰਾਂ ਸਾਲਾ ਪੁਰਾਨਾਂ ਮੰਦਿਰ ਦਸਿਆ ਜਾਂਦਾ ਹੈ। ਇਹ ਕਈ ਵਾਰ ਨਸ਼ਟ ਹੋਇਆ ਅਤੇ ਫੇਰ ਬਣਾਇਆ ਗਇਆ । ਮੌਜੂਦਾ ਮੰਦਰ ਦੀ ਉਸਾਰੀ 1565 ਦੇ ਲਗਭਗ ਕੀਤੀ ਗਈ । "ਸਤੀ" (ਪਾਰਵਤੀ ਦਾ ਪਹਿਲੇ ਜਨਮ ਦਾ ਨਾਮ ) ਦੇ ਪਿਤਾ "ਦਕਸ਼" ਨੇ ਤਿਨਾਂ ਲੋਕਾਂ ਦੇ ਦੇਵੀ ਦੇਵਤਿਆਂ ਨੂੰ ਬੁਲਾ ਕੇ ਇਕ ਬਹੁਤ ਵੱਡਾ ਯਗ ਕੀਤਾ। ਲੇਕਿਨ ਸ਼ੰਕਰ ਅਤੇ ਉਸ ਦੀ ਜਵਾਨ ਖੂਬਸੂਰਤ ਪਤਨੀ "ਸਤੀ" ਨੂੰ ਨਹੀਂ ਬੁਲਾਇਆ। ਸ਼ੰਕਰ ਦੀ ਇਸ ਪਤਨੀ "ਸਤੀ" ਦਾ ਹੀ ਦੂਜੇ ਜਨਮ ਵਿੱਚ ਨਾਮ ਪਾਰਵਤੀ (ਸਿਵਾ) ਹੋਇਆ ਤੇ ਦੂਜੇ ਜਨਮ ਵਿੱਚ ਵੀ ਦੋਬਾਰਾ ਉਹ ਸ਼ੰਕਰ ਦੀ ਹੀ ਪਤਨੀ ਬਣੀ। ਅਪਣੇ ਪਤੀ ਦੀ ਤੌਹੀਨ ਸਮਝ ਕੇ ਪਾਰਵਤੀ ਸ਼ੰਕਰ ਦੀ ਇਛਾ ਦੇ ਉਲਟ ਉਸ ਯਗ ਵਿੱਚ ਪੰਹੁਚ ਗਈ ਤੇ ਅਪਣੇ ਪਿਤਾ "ਦਖਸ਼" ਨਾਲ ਲੜਾਈ ਝਗੜਾ ਕੀਤਾ। ਇਸ ਤੇ ਦਕਸ਼ ਨੇ ਸ਼ੰਕਰ ਨੂੰ ਬਹੁਤ ਬੁਰਾ ਭਲਾ ਕਹਿਆ ਤੇ "ਸਤੀ" ਬਹੁਤ ਦੁਖੀ ਹੋ ਗਈ ਅਤੇ ਉਸ ਨੇ ਯਗ ਦੇ ਹਵਨ ਕੁੰਡ ਵਿੱਚ ਕੁਦ ਕੇ ਅਪਣੀ ਜਾਨ ਦੇ ਦਿਤੀ। ਇਹ ਗਲ ਜਦੋਂ ਸ਼ੰਕਰ ਨੂੰ ਪਤਾ ਚਲੀ ਤੇ ਉਸ ਦਾ ਤੀਸਰਾ ਨੇਤੱਰ ਖੁਲ ਗਇਆ ਤੇ ਉਹ ਸਤੀ ਦੇ ਮਿਰਤਕ ਸ਼ਰੀਰ ਨੂੰ ਚੁਕ ਕੇ ਤਾਂਡਵ ਕਰਨ ਲਗਾ। ਉਸ ਦਾ ਇਹ ਭਿਆਨਕ ਰੂਪ ਵੇਖ ਕੇ ਸਾਰੇ ਦੇਵਤੇ ਭੱਜ ਖਲੋਤੇ ਲੇਕਿਨ "ਵਿਸ਼ਨੂੰ" ਨੇ ਸਤੀ ਦੇ ਮ੍ਰਿਤਕ ਸ਼ਰੀਰ ਦੇ, ਸੁਦਰਸ਼ਨ ਚਕਰ ਨਾਲ 51 ਟੋਟੇ ਕਰ ਦਿਤੇ ਅਤੇ ਉਨਾਂ ਟੋਟਿਆਂ ਨੂੰ ਦੂਰ ਦੂਰ ਸੁੱਟ ਦਿਤਾ। ਜਿਸ ਜਿਸ ਥਾਂ ਤੇ ਉਸ ਦੇ ਸ਼ਰੀਰ ਦੇ ਟੋਟੇ ਡਿਗੇ ਉਥੇ ਇਕ ਮੰਦਿਰ ਬਣਾ ਦਿਤਾ ਗਇਆ। ਜਿਸ ਥਾਂ 'ਤੇ "ਸਤੀ" ਦੀ "ਯੋਨੀ" (ਇਸਤਰੀ ਗੁਪਤ ਅੰਗ) ਡਿਗਾ ਉਸ ਥਾਂ ਤੇ ਇਹ "ਕਾਮਾਖਿਆ" ਦਾ ਮੰਦਿਰ ਸਥਾਪਿਤ ਕੀਤਾ ਗਇਆ। ਉਨਾਂ ਦੀ ਇਹ ਮਾਨਤਾ ਹੈ ਕਿ ਜਿਸ ਥਾਂ ਤੇ "ਸਤੀ ਦੀ ਯੋਨੀ ਡਿੱਗੀ ਸੀ, ਉਹ ਯੋਨੀ ਅਜ ਵੀ ਉਸ ਮੰਦਿਰ ਦੇ ਗਰਭ ਗ੍ਰਿਹ ਵਿੱਚ ਮੌਜੂਦ ਹੈ ਅਤੇ ਉਥੌ ਇਕ ਗਾੜ੍ਹਾ ਦ੍ਰਿਵ (ਤਰਲ ਪਦਾਰਥ) ਨਿਕਲਦਾ ਰਹਿੰਦਾ ਹੈ । ਇਸ ਸਥਾਨ ਨੂੰ "ਸ਼ਕਤੀ ਪੀਠ" ਕਹਿਆ ਜਾਂਦਾ ਹੈ। ਜਦੋਂ ਵੀ ਉਸ ਨੂੰ ਮਹਾਵਾਰੀ ਹੁੰਦੀ ਹੈ, ਤੇ ਇਸ ਮੰਦਿਰ ਵਿੱਚ ਤਿਨ ਦਿਨ ਤਕ ਉਸ ਦੀ ਮਾਹਵਾਰੀ ਦਾ ਖੂਨ ਮੰਦਿਰ ਤੋਂ ਬਾਹਰ ਪਾਣੀ ਨਾਲ ਨਿਕਲਦਾ ਦਿਖਾਈ ਦੇਂਦਾ ਹੈ, ਜਿਸਦੇ ਦਰਸ਼ਨ ਉਸ ਦੇ ਭਗਤਾਂ ਨੂੰ ਹੁੰਦੇ ਨੇ । ਇਸ ਮੰਦਿਰ ਵਿੱਚ ਬਕਰੇ ਦੀ ਬਲੀ ਦਿਤੀ ਜਾਂਦੀ ਹੈ ਅਤੇ ਭੰਗ ਆਦਿਕ ਦਾ ਭੋਗ ਸ਼ਿਵਾ ਦੇ ਪਤੀ ਸ਼ੰਕਰ ਨੂੰ ਲੁਆਇਆ ਜਾਂਦਾ ਹੈ। ਦੇਵੀ ਉਸਤਤਿ ਕੀਤੀ ਜਾਂਦੀ ਹੈ। ਕਈ ਪ੍ਰਕਾਰ ਦੀਆਂ ਤਾਂਤ੍ਰਿਕ ਕ੍ਰਿਆਵਾਂ ਕੀਤੀਆਂ ਜਾਂਦੀਆਂ ਨੇ।

ਹਜ਼ੂਰ ਸਾਹਿਬ

ਕਾਮਾਖਿਆ ਮੰਦਿਰ


ਪਟਨੇ ਦਾ ਗ੍ਰੰਥੀ ਸੁੱਖਾ ਸਿੰਘ, ਜਿਸਨੇ "ਬਚਿੱਤਰ ਨਾਟਕ" ਦੀ ਪੋਥੀ ਨੂੰ ਦਸਮ ਗ੍ਰੰਥ ਦਾ ਰੂਪ ਅਤੇ ਨਾਮ ਦਿਤਾ । ਉਹ "ਸ਼ਿਵਾ" ਅਤੇ ਚੰਡੀ" ਦਾ ਬਹੁਤ ਵਡਾ ਉਪਾਸਕ ਸੀ । ਉਸ ਨੇ "ਬਚਿੱਤਰ ਨਾਟਕ" ਦੀ ਪੋਥੀ ਵਿੱਚ ਬਹੁਤ ਸਾਰੀ ਮਿਲਾਵਟ ਕੀਤੀ ਅਤੇ ਕਈ ਥਾਂਵਾਂ ਤੇ ਦੁਰਗਾ ਉਸਤਤਿ ਦੇ "ਤ੍ਰਿਭੰਗੀ ਛੰਦ" ਗੁਰੂ ਦੇ ਨਾਮ ਤੇ ਇਸ ਵਿਚ ਪਾ ਦਿਤੇ।

ਸੁੱਖਾ ਸਿੰਘ ਗਰੰਥੀ ਔਫਰ , ਰਚੀ ਬੀੜ ਪਟਨੇ ਮੈਂ ਗੌਰ।
ਅਠਾਰਹ ਸੈ ਬੱਤੀ ਮਾਹਿ।ਰਖਿਉ ਸੁਖਮਨਾਂ ਛੱਕੇ ਵਾਹਿ।
ਅੰਕਪਾਲ ਲੌ ਅਨਿਕ ਪ੍ਰਸੰਗ। ਰਾਖੇ ਉਨੇ ਆਪਣੇ ਢੰਗ।
ਭੋਗ ਛਕਿਉਂ ਪਰ ਪਾਇਉ ਤਾਹਿ। ਤੀਨ ਬੀੜ ਹੋਈ ਬਿੱਧ ਯਾਹਿ।
ਪੰਥ ਪ੍ਰਕਾਸ਼, ਨਿਵਾਸ 36

ਇਸ ਸੁਖਾਂ ਸਿੰਘ ਗ੍ਰੰਥੀ ਤੋਂ ਬਾਦ ਰਹੀ ਸਹੀ ਕਸਰ ਉਸ ਦੇ ਪੁਤੱਰ ਚੜ੍ਹਤ ਸਿੰਘ ਨੇ ਪੂਰੀ ਕਰ ਦਿਤੀ

ਪੂਨਾ ਚੜ੍ਹਤ ਸਿੰਘ ਤਾਂ ਕੋ ਪੂਤ। ਅੱਖਰ ਗੁਰੂ ਦਸਮ ਸਮ ਸੂਤ।
ਕਰਕੇ ਪਾਂਚ ਪਤਰੇ ਔਰ। ਗੁਰ ਤਰਫੋਂ ਲਿਖ ਪਾਏ ਗੌਰ।
ਔਰ ਗ੍ਰੰਥ ਵੈਸਾ ਇਕ ਕੀਉ। ਸੌ ਬਾਵੈ ਹਾਕਿਮ ਸਿੰਘ ਲੀਉ।
ਸੌ ਗੁਰਗੁਆਰੇ ਮੋਤੀ ਬਾਗ। ਹੈ ਅਬ ਪਿਖਉ ਬਿਲਾਗ।
ਔਰ ਗ੍ਰੰਥ ਕਈ ਉਨ ਲਿਖੈ। ਅਖਰ ਗੁਰ ਸਮ ਹੈ ਹਮ ਪਿਖੈ।
ਦਸਖਤ ਦਸਮ ਗੁਰ ਕੇ ਕਹਿ ਕੇ। ਕੀਮਤ ਲਇ ਚੌਗਨੀ ਚਹਿ ਕੈ।
ਪੰਥ ਪ੍ਰਕਾਸ਼ , ਗਿਆਨੀ ਗਿਆਨ ਸਿੰਘ ਨਿਵਾ 36 ਅੰਖ 21

ਇਹ ਸਾਰੀ ਗਲ ਇਸ ਲਈ ਇਥੇ ਦਸਣੀ ਜ਼ਰੂਰੀ ਸੀ ਕਿ ਪਟਨੇ ਦਾ ਗ੍ਰੰਥੀ ਸੁੱਖਾ ਸਿੰਘ ਅਤੇ ਉਸ ਦਾ ਪੁੱਤਰ ਚੜ੍ਹਤ ਸਿੰਘ ਹੀ ਇਸ ਅਖੌਤੀ ਦਸਮ ਗ੍ਰੰਥ ਦੇ ਸੰਪਾਦਕ ਹਨ। ਇਸ ਗ੍ਰੰਥ ਨੂੰ ਗੁਰੂ ਮੰਨਣ ਵਾਲੇ ਤਖਤ ਹਜੂਰ ਸਾਹਿਬ ਵਿੱਚ ਜੇ ਵੇਖੋ ਤੇ ਇਸ "ਕਾਮਾਖਿਆ ਮੰਦਿਰ" ਦੀਆਂ ਬਹੁਤ ਸਾਰੀਆਂ ਪਰੰਪਰਾਵਾਂ ਅਤੇ ਰੀਤੀਆਂ ਦੀ ਨਕਲ ਅੱਜ ਵੀ ਕੀਤੀ ਜਾਂਦੀ ਹੈ। ਜੋ ਇਸ ਦੇਵੀ ਪੂਜਕ ਕਿਤਾਬ ਦੀ ਦੇਣ ਹੈ । ਬਕਰੇ ਅਤੇ ਹੋਰ ਜਾਨਵਰਾਂ ਦੀ ਬਲੀ ਕਾਮਾਖਿਆ ਮੰਦਿਰ ਵਿੱਚ ਵੀ ਦਿਤੀ ਜਾਂਦੀ ਹੈ, ਹਜੂਰ ਸਾਹਿਬ ਵੀ ਦਿੱਤੀ ਜਾਂਦੀ ਹੈ । ਭੰਗ ਉਥੇ ਵੀ ਪੀਤੀ ਜਾਂਦੀ ਹੈ, ਹਜੂਰ ਸਾਹਿਬ ਵੀ ਪੀਤੀ ਜਾਂਦੀ ਹੈ । ਦੇਵੀ ਦੀ ਉਸਤਤਿ ਉਥੇ ਵੀ ਕੀਤੀ ਜਾਂਦੀ ਹੇ, ਹਜੂਰ ਸਾਹਿਬ ਵੀ ਕੀਤੀ ਜਾਂਦੀ ਹੈ । ਕਹਿਣ ਦਾ ਭਾਵ ਇਹ ਹੈ ਕਿ ਸੁਖਾ ਸਿੰਘ ਗ੍ਰੰਥੀ ਅਤੇ ਉਸ ਦੇ ਪੁਤੱਰ ਚੜ੍ਹਤ ਸਿੰਘ ਨੇ "ਅਖੌਤੀ ਦਸਮ ਗ੍ਰੰਥ " ਵਿੱਚ ਉਹ ਸਭ ਕੁਝ ਪਾਇਆ ਜੋ ਉਸ ਦੇ ਮਤਲਬ ਦਾ ਸੀ । ਭਾਵੇ ਉਹ ਰਾਮ ਸਿਯਾਮ ਦੀਆ ਰਚਨਾਵਾਂ ਸਨ, ਭਾਂਵੇ ਉਹ ਸ਼ਿਵ ਪੁਰਾਣ ਅਤੇ ਮਾਰਕੰਡੇ ਪੁਰਾਣ ਦੇ ਉਤਾਰੇ ਸਨ ਉਸ ਨੇ ਕੁਲ ਮਿਲਾ ਕੇ ਇਕ ਇਹੋ ਜਹੀ ਕਿਤਾਬ ਬਣਾ ਦਿਤੀ, ਜਿਸ ਵਿੱਚ ਉਸ ਦਾ " ਦੇਵੀ ਪ੍ਰੇਮ" ਤੇ ਉਜਾਗਰ ਹੂੰਦਾ ਹੀ ਸੀ, ਨਾਲ ਹੀ ਨਾਲ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਦੇ "ੴ ਸਤਿਗੁਰ ਪ੍ਰਸਾਦਿ" ਤੋ ਤੋੜ ਕੇ , ਦੇਵੀ ਉਸਤਿਤਿ ਅਤੇ "ਪ੍ਰਥਿਮ ਭਗੌਤੀ" ਨਾਲ ਜੋੜ ਦਿਤਾ।

ਹੁਣ ਸਿੱਖ 300 ਸਾਲਾਂ ਤੋਂ ਇਸ ਦੇਵੀ ਉਸਤਤ ਨਾਲ ਇਸ ਤਰ੍ਹਾਂ ਜੋੜ ਦਿਤਾ ਗਇਆ ਹੈ ਕਿ ਉਸ ਨੂੰ ਉਸ ਤੋਂ ਤੋੜਨਾ ਇਨਾਂ ਸੌਖਾ ਕੰਮ ਨਹੀ । ਸਾਡੀ ਰੋਜ ਪੜ੍ਹੀ ਜਾਣ ਵਾਲੀ ਅਰਦਾਸ ਵਿੱਚ ਵੀ ਉਸ ਦੇਵੀ ਭਗੌਤੀ ਨੂੰ ਪਹਿਲਾਂ ਤਿਨ ਵਾਰ ਸਿਮਰਨਾ ਪੈਂਦਾ ਹੈ ਤਾਂ ਅਸੀਂ ਗੁਰੂ ਨਾਨਕ ਦਾ ਨਾਮ ਲੈ ਸਕਦੇ ਹਾਂ। "ਭਗੌਤੀ ਜੀ ਸਹਾਏ" ਨਾਲ ਤੇ "ਜੀ" ਸ਼ਬਦ ਵਰਤਦੇ ਹਾਂ , ਲੇਕਿਨ ਗੁਰੂ ਰਾਮ ਦਾਸ ਵਰਗੇ ਪਰਉਪਕਾਰੀ ਅਤੇ ਸਮਰਥ ਗੁਰੂ ਨੂੰ "ਰਾਮਦਾਸੈ" ਕਹਿ ਕੇ ਬੁਲਾਂਦੇ ਹਾਂ। ਭਾਈ ਗੁਰਦਾਸ ਦੂਜੇ ਜੀ ਦੀ ਉਸ ਵਾਰ ਨਾਲ ਮੁਹਰ ਲਾਈ ਜਾਂਦੀ ਹੈ ਕੇ ਗੁਰ ਨੇ "ਕਾਲਕਾ" ਨੂੰ ਪੂਜਿਆ ਸੀ । (ਭਾਵੇ ਬਾਅਦ ਨੂੰ ਤੁਸੀਂ ਇਹ ਕਹਿੰਦੇ ਰਹੋ ਇਸ ਵਾਰ ਵਿੱਚ ਵੀ ਮਿਲਾਵਟ ਕੀਤੀ ਗਈ ਹੈ) ਲੇਕਿਨ ਇਹ ਗਲ ਸਾਡੇ ਅਤੇ ਤੁਹਾਡੇ ਸਮਝਣ ਲਈ ਨਹੀਂ, ਬਲਕਿ ਉਨ੍ਹਾਂ ਨੂੰ ਸਮਝਾਉਣ ਵਾਲੀ ਹੈ ਜੋ ਅੰਧੀ ਸ਼ਰਧਾ ਅਗੇ ਇਹ ਗਲ ਸੁਨਣ ਨੂੰ ਰਾਜੀ ਹੀ ਨਹੀਂ ਹਨ। ਚੰਡੀ ਕੀ ਵਾਰ ਦੇ ਅੰਦਰ ਸਾਫ ਸਾਫ ਜਿਕਰ ਹੈ ਕਿ ਇਹ ਦੁਰਗਾ ਦੀ ਉਸਤਿਤ ਹੈ ਤੇ ਇਹ "ਦੁਰਗਾ ਪਾਠ ਬਣਾਇਆ" ਹੈ । ਫੇਰ ਵੀ ਜੇ ਸਾਡੇ ਵੀਰ ਨਾਂ ਮਨਣ ਤੇ ਇਸ ਨੂੰ "ਦਸਮ ਬਾਣੀ" ਹੀ ਕਹੀ ਜਾਣ ਤੇ ਸਾਡੀ ਖਲਾਸੀ ਇਸ "ਦੇਵੀ" ਤੋਂ ਕਿਸ ਤਰ੍ਹਾਂ ਹੋ ਸਕੇਗੀ? ਖਾਸ ਕਰ ਉਨਾਂ ਹਾਲਾਤਾਂ ਵਿੱਚ ਜਿਸ ਵੇਲੇ ਸਾਡੀ ਕੌਮ ਬਿਨਾਂ ਕਿਸੇ ਆਗੂ ਦੇ "ਦਿਸ਼ਾ ਹੀਨ" ਹੋ ਕੇ ਭੱਟਕ ਰਹੀ ਹੈ। ਦੁਸ਼ਮਨ ਚਹੁਆਂ ਪਾਸਿਉ ਵਾਰ ਕਰ ਰਿਹਾ ਹੈ। ਅੰਦਰੋਂ ਵੀ ਤੇ ਬਾਹਰੋਂ ਵੀ।


ਭਾਗ  ਪਹਿਲਾ, ਦੂਜਾ, ਤੀਜਾ, ਚੌਥਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top