Share on Facebook

Main News Page

ਸਿੱਖੀ ਵਿੱਚ ਬ੍ਰਾਹਮਣੀ ਕਰਮਕਾਂਡਾਂ ਅਤੇ ਕੁਰੀਤੀਆਂ ਦਾ "ਜਨਮ ਦਾਤਾ", ਅਖੌਤੀ ਦਸਮ ਗ੍ਰੰਥ, ਭਾਗ - ਪਹਿਲਾ
-
ਇੰਦਰਜੀਤ ਸਿੰਘ,ਕਾਨਪੁਰ

ਅੱਜ ਇਕ ਵੀਰ ਨੇ ਫੇਸ ਬੁਕ 'ਤੇ ਇਸ ਲੇਖ ਨਾਲ ਲਗੀ ਗੁਰੂ ਨਾਨਕ ਸਾਹਿਬ ਜੀ ਦੀ ਇਹ ਤਸਵੀਰ ਪਾਈ । ਇਸ ਤਸਵੀਰ ਵਿੱਚ ਕੁਝ ਅਨਮਤ ਦੇ ਦੇਵਤੇ ਨੱਚਦੇ ਟੱਪਦੇ ਅਤੇ ਸ਼ੰਖ ਵਜਾਂਦੇ ਦਿਖਾਏ ਗਏ ਹਨ, ਅਤੇ ਇਸ 'ਤੇ ਗੁਰਬਾਣੀ ਦੀ ਤੁਕ ਵੀ ਗਲਤ ਲਿਖੀ ਹੋਈ ਹੈ।

ਇਸ ਤਸਵੀਰ ਵਿੱਚ ਇਨਾਂ ਦੇਵਤਿਆਂ ਨੂੰ "ਸ਼ੰਖ" ਆਦਿ ਵਜਾਂਦਿਆ ਵੇਖ ਕੇ ਮੇਰਾ ਮੰਨ ਕਿਤੇ ਹੋਰ ਹੀ ਪਾਸੇ ਚਲਾ ਗਇਆ। ਹਿੰਦੂ ਮੰਦਰਾਂ ਵਿੱਚ ਹੀ ਅਸੀਂ ਅਕਸਰ ਸ਼ੰਖ ਅਤੇ ਘੰਟਿਆਂ ਵਜਦੀਆਂ ਵੇਖਦੇ ਹਾਂ (ਵੈਸੇ ਤੇ ਹਜੂਰ ਸਾਹਿਬ ਦੇ ਤਖਤ ਤੇ ਵੀ ਘੰਟੀਆਂ ਅਤੇ ਘੜਿਆਲ ਵਜਾ ਕੇ ਉਸ ਨੂੰ ਮੰਦਿਰ ਦਾ ਰੂਪ ਦੇ ਦਿਤਾ ਗਇਆ ਹੈ)। ਇਥੋਂ ਤਕ ਕਿ ਸਿੱਖ ਰਹਿਤ ਮਰਿਯਾਦਾ ਵਿੱਚ ਘੰਟੀਆਂ ਅਤੇ ਘੜਿਆਲ ਗੁਰੂ ਦੀ ਹਜੂਰੀ ਵਿੱਚ ਵਜਾਣੇ ਮਨਾ ਹਨ। ਜਦੋਂ ਵੀ ਇਹ ਸ਼ੰਖ ਵਜਾਉਦੇ ਹਨ ਤੇ ਇਸ ਵਿਚੋਂ ਨਿਕਲੀ ਅਵਾਜ ਨੂੰ "ਸ਼ੰਖ ਨਾਦ" ਕਹਿੰਦੇ ਹਨ।

ਹਿੰਦੂ ਮੱਤ ਅਨੁਸਾਰ ਕਿਸੇ ਦੇਵਤੇ ਨੂੰ ਅਪਣੀ ਤਰਫ ਆਕਰਸ਼ਿਤ ਕਰਨ ਜਾਂ ਉਸਨੂੰ ਜਗਾਉਣ ਜਗਾਉਣ ਲਈ ਸ਼ੰਖ ਵਜਾਇਆ ਜਾਂਦਾ ਹੈ, ਜਾਂ ਇਸ ਦੀ ਆਵਾਜ "ਸ਼ੰਖ ਨਾਦ" ਨੂੰ ਕਿਸੇ ਯੁੱਧ ਦਾ ਆਗਾਜ ਜਾਂ ਜਿੱਤ ਸਮਝਿਆ ਜਾਂਦਾ ਹੈ। ਇਸ ਸ਼ੰਖ ਦਾ ਸਿੱਖੀ ਦੀ ਧਾਰਮਿਕ ਆਸਥਾ ਨਾਲ ਕਿਤੇ ਵੀ ਕੋਈ ਸੰਬੰਧ ਨਾਂ ਹੈ, ਤੇ ਨਾਂ ਹੀ ਕਦੀ ਰਹਿਆ ਹੈ। ਹਾਂ ਦਸਮ ਗ੍ਰੰਥ ਨਾਮ ਦੀ "ਕਾਲੀ ਕਿਤਾਬ" ਵਿੱਚ ਇਸ ਦਾ ਜਿਕਰ ਬਹੁਤ ਥਾਂ ਤੇ ਮਿਲਦਾ ਹੈ, ਅਤੇ ਇਕ ਪੂਰਾ (ਅਪ) ਸ਼ਬਦ ਹੀ ਅਖੌਤੀ ਦਸਮ ਬਾਣੀ ਦੇ ਨਾਮ ਤੇ ਸਾਡੀ ਰੋਜਾਨਾਂ ਪੜ੍ਹੀ ਜਾਣ ਵਾਲੀ ਆਰਤੀ ਵਿੱਚ ਵੀ ਜੋੜ ਦਿਤਾ ਗਇਆ ਹੈ।

ਇਸ ਆਰਤੀ ਵਿੱਚ ਇਸ "ਸ਼ੰਖ ਵਜਾਉਣ" ਵਾਲਾ (ਅਪ) ਸ਼ਬਦ ਪੜ੍ਹਿਆ ਜਾਂਦਾ ਹੈ। ਸਾਡੇ ਲੋਕਾਂ ਦੀ ਅਣਗਹਿਲੀ ਅਤੇ ਸੁੱਤੀ ਹੋਈ ਚੇਤਨਾ ਨੇ ਬ੍ਰਾਹਮਣ ਦੀ ਇਸ ਸਾਜਿਸ਼ ਨੂੰ ਵੀ ਸਹਿਜੇ ਹੀ ਸਵੀਕਾਰ ਕਰ ਲਿਆ ਹੈ। ਆਰਤੀ ਵਿੱਚ ਇਨਾਂ ਤੁਕਾਂ ਨੂੰ ਪਤਾ ਨਹੀਂ ਕਦੋਂ ਅਤੇ ਕਿਸਨੇ ਜੋੜਿਆ? ਇਸ ਦਾ ਕੋਈ ਪਤਾ ਨਹੀਂ, ਲੇਕਿਨ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਦੇ ਦੋ ਤਖਤਾਂ ਤੇ (ਜੋ ਬ੍ਰਾਹਮਣਚਵਾਦੀ ਤਾਕਤਾਂ ਦੇ ਹੱਥ ਵਿੱਚ ਹਨ ) ਅੱਜ ਵੀ ਆਰਤੀ ਵਿਜ ਇਹ ਪੜ੍ਹਿਆ ਜਾ ਰਿਹਾ ਹੈ। ।

ਸੰਖਨ* ਕੀ ਧੁਨ ਘੰਟਨ* ਕੀ ਕਰਿ ਫੂਲਨ ਕੀ ਬਰਖਾ ਬਰਖਾਵੈਂ ॥
ਆਰਤੀ ਕੋਟਿ ਕਰੈ ਸੁਰ ਸੁੰਦਰ ਪੇਖ ਪੁਰੰਦਰ* ਕੇ ਬਲਿ ਜਾਵੈਂ ॥
ਦਾਨਤਿ ਦੱਛਨ ਦੈ ਕੈ ਪ੍ਰਦੱਛਨ ਭਾਲ ਮੈ ਕੁੰਕਮ ਅੱਛਤ ਲਾਵੈਂ ॥
ਹੋਤ ਕੁਲਾਹਲ* ਦੇਵ ਪੁਰੀ* ਮਿਲਿ ਦੇਵਨ ਕੇ ਕੁਲਿ* ਮੰਗਲ ਗਾਵੈਂ ॥੫੫॥
ਅਖੌਤੀ ਦਸਮ ਗਰੰਥ : ਪੰਨਾ ੧੮੯ ਪੰ. ੧੪

*ਪੁਰੰਦਰ= ਇੰਦਰ ਦੇਵਤਾ ,*ਦੇਵ ਪੁਰੀ = ਇੰਦਰ ਦਾ ਰਾਜ , *ਦੇਵਨ ਕੇ ਕੁਲਿ = ਦੇਵਤਿਆਂ ਦੇ ਪਰਿਵਾਰ , * ਸੰਖਨ=ਸ਼ੰਖ, ਘੁੱਗੂ, *ਘੰਟਨ = ਟੱਲ, ਘੰਟੀਆਂ, ਕੋਲਾਹਲ = ਸ਼ੋਰ, ਰੌਲਾ

ਇਥੋਂ ਤਕ ਤੇ ਇਸ ਅਖੌਤੀ ਦਸਮ ਬਾਣੀ ਨੂੰ ਤੇ ਢੋਲ ਵਜਾ ਵਜਾ ਕੇ ਪੜ੍ਹਾਇਆ ਜਾਂਦਾ ਹੈ, ਲੇਕਿਨ ਇਸ ਤੋ ਅਗੇ ਦੀਆਂ ਤੁਕਾਂ, ਇਹ ਦਸਮ ਗ੍ਰੰਥੀਏ ਆਰਤੀ ਵਿੱਚ ਨਹੀਂ ਪੜ੍ਹਦੇ । ਕਿਉਂਕਿ ਜੇ ਇਸ ਦੀਆਂ ਪੂਰਵਲੀਆਂ ਅਤੇ ਪਿਛਲੀਆਂ ਲਾਈਂਨਾਂ ਸਿੱਖ ਪੜ੍ਹਨਗੇ ਤੇ ਇਹ ਭੇਦ ਖੁਲ ਜਾਵੇਗਾ ਕਿ ਜੋ (ਅਪ) ਸ਼ਬਦ ਪੜ੍ਹ ਕੇ ਅਸੀਂ ਸਿੱਖਾਂ ਨੂੰ ਅਖੌਤੀ ਦਸਮ ਬਾਣੀ ਦਾ ਧੋਖਾ ਦੇ ਰਹੇ ਹਾਂ, ਅਤੇ ਇਹ ਦਰਸਾ ਰਹੇ ਹਾਂ ਕਿ ਇਹ ਤੁਕਾਂ "ਅਕਾਲ ਪੁਰਖ" ਲਈ ਪੜ੍ਹ ਰਹੇ ਹਾਂ, ਇਹ ਆਰਤੀ ਅਕਾਲਪੁਰਖ ਦੀ ਨਹੀਂ ਬਲਕਿ ਯੁਧ ਜਿਤ ਕੇ ਆਈ "ਦੁਰਗਾ" ਦੀ ਸਾਰੇ ਦੇਵਤੇ ਮਿਲ ਕੇ ਕਰ ਰਹੇ ਨੇ। ਇਸ ਤੋਂ ਪਹਿਲਾਂ ਅਤੇ ਅਗਲੀਆਂ ਲਾਈਨਾਂ ਜੋ ਮੀਣਿਆਂ ਅਤੇ ਮਸੰਦਾ ਨੇ ਸਿੱਖਾਂ ਕੋਲੋਂ ਲੁਕੋ ਲਈਆਂ ਨੇ।

ਇਹ ਹੀ ਚਾਲਕੀ ਬ੍ਰਾਹਮਣ ਵਾਦੀ ਮੀਣਿਆਂ ਅਤੇ ਮਸੰਦਾਂ ਨੇ, ਸੋ ਦਰ ਦੀ ਬਾਣੀ ਵਿੱਚ "ਕਬਿਉ ਬਾਚ ਬੇਨਤੀ ਚੌਪਈ" ਨੂੰ ਘਸੋੜਨ ਵੇਲੇ ਕੀਤੀ। ਉਨਾਂ ਨੇ ਚੌਪਈ ਜਿਸਦੀ ਪੌੜੀ ਅਖੌਤੀ ਦਸਮ ਗ੍ਰੰਥ ਵਿਚ 377 ਤੋਂ ਸ਼ੁਰੂ ਹੂੰਦੀ ਹੈ, ਉਸ ਦਾ ਨੰਬਰ ਬਦਲ ਕੇ ਨਿਤਨੇਮ ਦੇ ਗੁਟਕਿਆਂ ਵਿੱਚ "ਇੱਕ" ਕਰ ਦਿਤਾ, ਅਤੇ ਇਸੇ ਤਰ੍ਹਾਂ 378 ਨੂੰ ਨਿਤਨੇਮ ਦਿਆਂ ਗੁਟਕਿਆ ਵਿੱਚ ਪੌੜੀ 2 ਕਰ ਦਿਤਾ। ਇਸ ਸਾਜਿਸ਼ ਦੇ ਪਿਛੇ ਬ੍ਰਾਹਮਣਵਾਦੀ ਮੀਣਿਆ ਅਤੇ ਮਸੰਦਾਂ ਦਾ ਇਕੋ ਇਕ ਮਕਸਦ ਸੀ, ਕਿ ਇਸ ਬਾਣੀ ਨੂੰ ਸਿੱਖ, ਗੁਰੂ ਦੀ ਬਾਣੀ ਤਾਂ ਮੰਨ ਲੈਣ, ਲੇਕਿਨ ਇਸ ਦੇ ਅਗੇ ਅਤੇ ਪਿਛੇ ਕੀ ਹੈ, ਇਹ ਕਦੀ ਵੀ ਜਾਨਣ ਦੀ ਕੋਸ਼ਿਸ਼ ਨਾ ਕਰਨ। ਜੇ ਚੌਪਈ ਦੀਆਂ ਪੌੜੀਆਂ 377, 378...379... ਨੂੰ ਬਦਲ ਕੇ 1-2-3------ ਨਾਂ ਕਰਦੇ ਤੇ ਕਿਸੇ ਵੀ ਸਿੱਖ ਦੇ ਮੰਨ ਵਿਚ ਸੁਭਾਵਕ ਹੀ ਇਸ ਬਾਣੀ ਨੂੰ ਪੜ੍ਹਦਿਆ ਪੜ੍ਹਦਿਆਂ ਇਹ ਜਰੂਰ ਆੳਣਾ ਸੀ, ਕਿ 375 374 373............301....ਅਤੇ ਪਹਿਲੀ ਪੌੜੀ ਤੇ ਕੀ ਲਿਖਿਆ ਹੋਇਆ ਹੈ? ਜੇ ਸਿੱਖ ਇਸ ਦੀਆਂ ਪੂਰਵਲੀਆਂ ਪੌੜੀਆਂ ਅਤੇ ਚਰਿਤ੍ਰ ਪੜ੍ਹ ਲਵੇਗਾ ਤੇ ਉਹ ਚੌਪਈ ਕਦੀ ਵੀ ਨਹੀਂ ਪੜ੍ਹੇਗਾ, ਇਹ ਉਹ ਮੀਣੇ ਚੰਗੀ ਤਰ੍ਹਾਂ ਸਮਝਦੇ ਸਨ । ਕਿਉਂਕਿ ਇਹ ਚੌਪਈ ਉਸ "ਤਰਿਤ੍ਰਯੌ ਪਾਖੀਯਾਨ" ਨਾਮ ਦੀ ਅਸ਼ਲੀਲ ਕਵਿਤਾ ਦੇ 404 ਵੇਂ ਚਰਿਤਰ ਦੀਆਂ ਅਖੀਰਲੀਆਂ ਪੌੜੀਆਂ ਹਨ। ਇਸ ਸਾਜਿਸ਼ ਦੇ ਅਧੀਨ ਹੀ ਸਾਡੇ ਨਿਤਨੇਮ ਦੇ ਗੁਟਕਿਆਂ ਵਿੱਚ ਚੌਪਈ ਦੀਆਂ ਪੌੜੀਆਂ ਦੇ ਨੰਬਰ ਬਦਲ ਦਿਤੇ ਗਏ ਹਨ। ਇਥੌਂ ਤਕ ਕਿ ਸਾਡੀ ਸ਼੍ਰੌਮਣੀ ਕਮੇਟੀ ਨੇ ਵੀ ਇਹ ਕਾਲਾ ਕਾਰਨਾਮਾਂ, ਅਪਣੇ ਛਾਪੇ ਹੋਏ ਨਿਤਨੇਮ ਦੇ ਗੁਟਕਿਆ ਵਿੱਚ ਕੀਤਾ ਹੋਇਆ ਹੈ।

ਕੁਝ ਦਸਮ ਗ੍ਰੰਥੀਏ ਇਹ ਅਕਸਰ ਇਹ ਕਹਿੰਦੇ ਨੇ ਕੇ ਤੁਹਾਨੂੰ 6-7 ਸਾਲਾਂ ਤੋਂ ਹੀ ਦਸਮ ਗ੍ਰੰਥ ਦਾ ਵਿਰੋਧ ਕਰਨਾਂ ਕਿਉ ਯਾਦ ਆ ਗਇਆ? ਮੈਂ ਇਸ ਸਵਾਲ ਦੇ ਜਵਾਬ ਵਿਚ ਇਕ ਸਵਾਲ ਇਨਾਂ ਦਸਮ ਗ੍ਰੰਥੀਆਂ ਅਤੇ ਅਪਣੇ ਧਾਰਮਿਕ ਆਗੂਆਂ ਕੋਲੋਂ ਪੁਛਦਾ ਹਾਂ, ਕਿ ਜੇ ਇਹ ਚੌਪਈ ਦਸਮ ਬਾਣੀ ਹੈ (ਉਨਾਂ ਅਨੁਸਾਰ), ਤੇ ਦਸਮ ਬਾਣੀ ਨੂੰ ਬਦਲਣ ਅਤੇ ਉਸ ਵਿੱਚ ਛੇੜ ਛਾੜ ਕਰਨ ਦਾ ਅਧੀਕਾਰ ਇਨਾਂ ਨੂੰ ਕਿਸਨੇ ਦੇ ਦਿਤਾ? ਗੁਰੂ ਬਾਣੀ ਵਿੱਚ ਤੇ ਇਕ ਅਖਰ ਦੀ ਛੇੜ ਛਾੜ ਕਰਨ ਵਾਲਾ ਗੁਰੂ ਘਰ ਦਾ ਦੋਖੀ ਮਨਿਆ ਜਾਂਦਾ ਹੈ। ਅਖੌਤੀ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲਿਆ ਨੂੰ ਤਾਂ ਚਲੋ, 6-7 ਸਾ਼ਲਾਂ ਤੋ ਹੋਸ਼ ਤਾਂ ਆ ਗਈ ਹੈ (ਇਨਾਂ ਮੁਤਾਬਿਕ ਜਦ ਕਿ ਇਹ ਕਈ ਦਹਾਕੇ ਪੁਰਾਣੀ ਜਾਗਰੂਕਤਾ ਹੈ), ਚੌਪਈ ਨੂੰ "ਦਸਮ ਬਾਣੀ" ਕਹਿਣ ਵਾਲੇ ਤੇ ਹਲੀ ਵੀ ਸੁੱਤੇ ਪਏ ਨੇ। ਉਨਾਂ ਦੇ ਗੁਰੂ ਦੀ ਬਾਣੀ ਨੂੰ ਹੀ ਵਿਕ੍ਰਤ ਕਰ ਕੇ ਰੱਖ ਦਿਤਾ ਗਇਆ ਅਤੇ ਉਸ ਦੇ ਵਿਕ੍ਰਤ (ਵਿਗੜੇ) ਪਾਠ ਨੂੰ ਹੀ ਉਹ, ਨਿਤਨੇਮ ਦੇ ਗੁਟਕਿਆਂ ਵਿੱਚ ਪੜ੍ਹੀ ਜਾ ਰਹੇ ਨੇ। ਕੀ ਉਨਾਂ ਦਾ ਕੋਈ ਫਰਜ ਨਹੀਂ ਕਿ ਉਹ ਨਿਤਨੇਮ ਦੇ ਗਲਤ ਗੁਟਕੇ ਛਾਪਣ ਵਾਲਿਆਂ ਦੇ ਖਿਲਾਫ ਅਵਾਜ ਉਠਾਉਨ?

ਵਿਸ਼ੇ ਤੋਂ ਨਾ ਭਟਕਦੇ ਹੋਏ, ਉਸ ਆਰਤੀ ਵਿੱਚ ਪੜ੍ਹੀ ਜਾਣ ਵਾਲੇ (ਅਪ) ਸ਼ਬਦਾ ਬਾਰੇ ਸੰਖੇਪ ਵਿਚ ਗਲ ਕਰ ਲੈਂਦੇ ਹਾਂ। ਆਰਤੀ ਵਿੱਚ ਇਨਾਂ ਤੁਕਾਂ ਨੂੰ ਪੜ੍ਹਨ ਵਾਲੇ ਸਿੱਖਾਂ ਨੂੰ ਇਹ ਪਤਾ ਚਲ ਜਾਵੇ, ਕਿ ਉਹ ਅਕਾਲ ਪੁਰਖ ਦੀ ਆਰਤੀ ਨਹੀਂ ਬਲਕਿ "ਦੁਰਗਾ ਦੇਵੀ" ਦੀ ਆਰਤੀ ਕਰ ਰਹੇ ਨੇ। ਇਸ ਲਈ ਇਨਾਂ ਤੁਕਾਂ ਦੇ ਪਹਿਲਾਂ ਅਤੇ ਬਾਅਦ ਦੀਆਂ ਕੁੱਝ ਲਾਈਨਾਂ ਨੂੰ ਪੜ੍ਹਦਿਆਂ ਹੀ ਸਮਝ ਆ ਜਾਂਦੀ ਹੈ, ਕਿ ਦੇਵੀ ਦੁਰਗਾ ਦੀ ਉਸਤੱਤ ਵਿਚ ਦੇਵਤੇ ਇਹ ਗਾਇਨ ਕਰ ਰਹੇ ਨੇ।

ਸਭ ਸੂਰ ਸੰਘਾਰ ਦਏ ਤਿਹ ਖੇਤ ਮਹਾਂ ਬਰ ਬੰਡ ਪਰਾਕ੍ਰਮ ਕੈ ॥
ਤਹ ਸ੍ਰਉਨਤ ਸਿੰਧ ਭਇਓ ਧਰਨੀ ਪਰਿ ਪੁੰਜ ਗਿਰੇ ਅਸਿ ਕੈ ਧਮ ਕੈ ॥
ਜਗਮਾਤ ਪ੍ਰਤਾਪ ਹਨੇ ਸੁਰ ਤਾਪ ਸੁ ਦਾਨਵ ਸੈਨ ਗਈ ਜਮ ਕੈ ॥

ਪੰਨਾ 188,ਅਖੌਤੀ ਦਸਮ ਗ੍ਰੰਥ

ਅਰਥ : ਸਾਰੇ ਦਾਨਵਾਂ ਨੂੰ ਉਨਾਂ ਦੀਆਂ ਸ਼ਕਤੀਆਂ ਸਮੇਤ ਉਸ ਚੰਡੀ (ਦੁਰਗਾ) ਨੇ ਮਾਰ ਕੇ ਅਪਣਾਂ ਪ੍ਰਾਕਰਮ ਫੈਲਾ ਦਿਤਾ। ਇੱਨਾਂ ਖੂਨ ਧਰਤੀ ਤੇ ਫੈਲ ਗਇਆ, ਕਿ ਖੂਨ ਦਾ ਇਕ ਸਮੂੰਦਰ ਹੀ ਉਮੜ ਪਿਆ। ਪੂਰੇ ਜਗਤ ਦੀ ਮਾਤਾ (ਜਗਮਾਤਾ, ਅਕਾਲ ਪੁਰਖ ਨਹੀਂ) ਨੇ ਅਪਣੀ ਤਾਕਤ ਨਾਲ ਦੇਵਤਿਆਂ ਦੇ ਦੁਖਾਂ ਨੂੰ ਸ਼ਾਂਤ ਕੀਤਾ ਅਤੇ ਦਾਨਵਾਂ ਨੂੰ ਜੰਮ ਦੇ ਹਵਾਲੇ ਕਰ ਦਿਤਾ। ਸੁਰਪਤੀ (ਦੇਵਤਿਆਂ ਦਾ ਰਾਜਾ ਇੰਦਰ) ਦਾ ਕਾਜ ਪੂਰਾ ਕਰਕੇ ਚੰਡਿਕਾ (ਦੁਰਗਾ) ਅਲੋਪ ਹੋ ਗਈ। ਹਾਥੀਆਂ ਦੇ ਝੂੰਡ ਤੇ ਬੈਠੀ ਦੁਰਗਾ ਦਾ ਪ੍ਰਤਾਪ ਇਕ ਬਿਜਲੀ ਵਾਂਗ ਦਮਕ ਰਿਹਾ ਸੀ।

ਸ੍ਵੈਯਾ ॥
ਲੋਪ ਚੰਡਕਾ* ਹੋਇ ਗਈ ਸੁਰਪਤਿ* ਕਉ ਦੇ ਰਾਜ ॥
ਦਾਨਵ ਮਾਰੇ ਅਭੇਖ ਕਰਿ ਕੀਨੇ ਸੰਤਨ ਕਾਜ ॥੫੩॥
ਝਾਲਰ ਤਾਲ ਮ੍ਰਿਦੰਗ ਉਪੰਗ ਰਬਾਬ ਲੀਏ ਸੁਰ ਸਾਜ ਮਿਲਾਵੈਂ ॥........
ਆਰਤੀ ਕੋਟਿ ਕਰੈ ਸੁਰ ਸੁੰਦਰ ਪੇਖ ਪੁਰੰਦਰ* ਕੇ ਬਲਿ ਜਾਵੈਂ ॥
ਪੰਨਾ 189 ਅਖੌਤੀ ਦਸਮ ਗ੍ਰੰਥ
ਚੰਡਕਾ*= ਚੰਡੀ, ਦੁਰਗਾ, ਸੁਰਪਤਿ* = ਦੇਵਤਿਆਂ ਦਾ ਮੁੱਖੀ, ਇੰਦਰ ਦੇਵਤਾ , ਪੁਰੰਦਰ* = ਇੰਦਰ ਦੇਵਤਾ।

ਅਰਥ: ਦੁਰਗਾ ਨੇ ਯੁਧ ਜਿਤਕੇ ਇੰਦਰ ਦੇਵਤੇ ਦਾ ਰਾਜ ਵਾਪਸ ਦੁਆਇਆ ਅਤੇ ਆਪ ਅਲ਼ੋਪ ਹੋ ਗਈ । ਦੁਰਗਾ ਨੇ ਕਈ ਦਾਨਵਾਂ ਨੂੰ ਮਾਰ ਕੇ ਦੇਵਤਿਆ ਦੀ ਭਲਾਈ ਕੀਤੀ। ਇੰਦਰ ਦੇਵਤੇ ਦਾ ਰਾਜ ਮੁੜ ਵਾਪਸ ਮਿਲ ਜਾਣ ਤੇ ਵੱਡੇ ਵੱਡੇ ਮੁਨੀ ਅਤੇ ਦੇਵਤੇ ਬਹੁਤ ਖੁਸ਼ ਹੋ ਗਏ। ਉਹ ਸਾਰੇ ਦੇਵਤੇ ਯਗ ਕਰਕੇ, ਵੇਦਾਂ ਦਾ ਪਾਠ ਕਰ ਰਹੇ ਸਨ। ਉਹ ਡੋਲਕੀ, ਮ੍ਰਦੰਗ ਅਤੇ ਰਬਾਬ ਆਦਿਕ ਸਾਜ ਵਜਾ ਵਾਜ ਕੇ ਇਕ ਸੁਰ ਨਾਲ (ਦੁਰਗਾ ਦੀ) ਇਹ ਆਰਤੀ ਉਤਾਰ ਰਹੇ ਸਨ। ਕਰੋੜਾਂ ਦੇਵਤੇ ਇਹ ਆਰਤੀ ਕਰ ਰਹੇ ਸਨ ਅਤੇ (ਪਰੰਦਰ) ਇੰਦਰ ਦੇਵਤੇ ਦੇ ਸੋਹਣੇ ਰੂਪ ਨੂੰ ਵੇਖ ਕੇ ਬਹੁਤ ਹੀ ਖੂਸ਼ ਹੋ ਰਹੇ ਸਨ।

ਵੀਰੋ, ਹੁਣ ਵੀ ਜੇ ਤੁਸੀ ਆਰਤੀ ਵਿੱਚ ਇਸ ਅਖੌਤੀ ਦਸਮ ਬਾਣੀ ਨੂੰ ਪੜ੍ਹੀ ਜਾਣਾ ਹੈ ਤੇ ਬੇਸ਼ਕ ਪੜ੍ਹੀ ਜਾਵੋ, ਲੇਕਿਨ ਇਕ ਗਲ ਯਾਦ ਰਖਿਉ ਕਿ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਹਿਲਾਂ ਅਪਣਾਂ ਨਾਤਾ ਜਰੂਰ ਤੋੜ ਲਵੋ। ਕਿਉਂਕਿ ਦੋ ਬੇੜੀਆਂ ਉਤੇ ਪੈਰ ਨਹੀਂ ਰਖਿਆ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਨਾਂ ਦੇਵੀ ਦੇਵਤਿਆਂ ਦਾ ਖੰਡਨ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਉਹ ਬੋਹਿਥ ਹੈ, ਜੋ ਸਾਨੂੰ ਇਕ "ਕਰਤਾਰ" ਤਕ ਲੈ ਜਾਂਦੀ ਹੈ, ਅਤੇ ਇਹ "ਕੂੜ ਕਬਾੜ ਕਿਤਾਬ " ਦੁਰਗਾ ਦੀ ਉਸਤੱਤ ਹੈ, ਅਤੇ ਸਾਨੂੰ ਉਸ ਦਾ ਉਪਾਸਕ ਬਣਾਂ ਰਹੀ ਹੈ। ਇਸ ਲੇਖ ਦਾ ਸਿਰਲੇਖ ਹੈ "ਸਿੱਖੀ ਵਿੱਚ ਬ੍ਰਾਹਮਣੀ ਕਰਮਕਾਂਡਾਂ ਅਤੇ ਕੂਰੀਤੀਆਂ ਦਾ "ਜਨਮ ਦਾਤਾ", ਅਖੌਤੀ ਦਸਮ ਗ੍ਰੰਥ। ਇਸ ਦੇ ਪਹਿਲੇ ਭਾਗ ਵਿੱਚ ਅਸੀ ਆਰਤੀ ਵਿੱਚ ਪੜ੍ਹੇ ਜਾਣ ਵਾਲੀ "ਦੁਰਗਾ ਉਸਤਤਿ" ਬਾਰੇ ਸਿੱਖਾਂ ਨੂੰ ਜਾਣਕਾਰੀ ਦਿਤੀ ਹੈ, ਜਿਸ ਨੂੰ ਅਸੀਂ ਅਗਿਆਨਤਾ ਵਸ਼ ਗਾਈ ਚਲੇ ਜਾ ਰਹੇ ਹਾਂ, ਬਿਨਾਂ ਵੇਖੇ, ਬਿਨਾਂ ਸਮਝੇ। ਸਿੱਖੀ ਵਿੱਚ ਇਸ "ਕੂੜ ਗ੍ਰੰਥ" ਨੇ ਹੋਰ ਕੀ ਕੀ ਕੂਰੀਤੀਆਂ ਪੈਦਾ ਕੀਤੀਆਂ ਹਨ, ਗੁਰੂ ਬਖਸ਼ਿਸ਼ ਨਾਲ, ਇਨਾਂ ਕੁਰੀਤੀਆਂ ਦਾ ਜਿਕਰ ਇਸ ਲੇਖ ਲੜੀ ਦੇ ਅਗਲੇ ਭਾਗਾਂ ਵਿੱਚ ਕਰਨ ਦੀ ਕੋਸ਼ਿਸ ਕਰਾਂਗੇ।


ਭਾਗ ਪਹਿਲਾ, ਦੂਜਾ, ਤੀਜਾ, ਚੌਥਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top