Share on Facebook

Main News Page

ਸਿੱਖੀ ਵਿੱਚ ਬ੍ਰਾਹਮਣੀ ਕਰਮਕਾਂਡਾਂ ਅਤੇ ਕੁਰੀਤੀਆਂ ਦਾ "ਜਨਮ ਦਾਤਾ", ਅਖੌਤੀ ਦਸਮ ਗ੍ਰੰਥ, ਭਾਗ - ਤੀਜਾ
-
ਇੰਦਰਜੀਤ ਸਿੰਘ,ਕਾਨਪੁਰ

(ਜਾਨਵਰਾਂ ਦੀ ਬਲੀ ਦੇਣਾਂ ਸਿੱਖੀ ਦਾ ਨਹੀਂ, ਦੇਵੀ ਪੂਜਾ ਦਾ ਇਕ ਹਿੱਸਾ ਹੈ, ਜੋ ਸਿੱਖਾਂ ਨੂੰ ਇਸੇ ਕੂੜ ਕਿਤਾਬ ਦੀ ਦੇਣ ਹੈ)

ਇਸ ਲੇਖ ਲੜੀ ਦੇ ਦੂਜੇ ਭਾਗ ਵਿੱਚ ਅਸੀ ਉਨਾਂ ਨਸ਼ਿਆਂ ਦਾ ਜਿਕਰ ਕੀਤਾ ਸੀ, ਜੋ ਅਖੌਤੀ ਦਸਮ ਗ੍ਰੰਥ ਦੀ ਬਾਣੀ ਦੁਆਰਾ ਸਿੱਖਾਂ ਨੂੰ ਇਕ ਛੂਤ ਦੀ ਬਿਮਾਰੀ ਵਾਂਗ ਲਗ ਗਏ ਨੇ। ਅੱਜ ਇਸ ਲੇਖ ਲੜੀ ਦੇ ਤੀਜੇ ਭਾਗ ਵਿੱਚ, ਅਸੀਂ ਉਸ "ਕੁਰੀਤੀ" ਦਾ ਜ਼ਿਕਰ ਕਰਾਂਗੇ ਜਿਸ ਦਾ ਖੰਡਨ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਹਨ, ਲੇਕਿਨ ਇਹ ਕੂੜ ਕਿਤਾਬ ਅਪਣੇ ਸੁਭਾਅ ਮੁਤਾਬਿਕ ਉਹ ਕੰਮ ਅਪਣੇ ਸਿੱਖਾਂ ਨੂੰ ਕਰਨ ਲਈ ਪ੍ਰੇਰਿਤ ਕਰਦੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਤੋਂ ਬਿਲਕੁਲ ਉਲਟ ਹੋਣ। ਇਹ ਉਹ ਕੁਰੀਤੀ ਹੈ ਜਿਸ ਨੂੰ "ਪਸ਼ੁਆਂ ਦੀ ਬਲੀ" ਕਹਿਆ ਜਾਂਦਾ ਹੈ। ਗੁਰਮਤਿ ਸਿਧਾਂਤ ਅਨੁਸਾਰ, ਸਿੱਖੀ ਵਿੱਚ ਕਿਸੇ ਵੀ ਜਾਨਵਰ ਦੀ ਬਲੀ ਦੇਣ, ਯਗ, ਹੋਮ ਕਰਨ ਦਾ ਕੋਈ ਨਿਯਮ ਨਹੀਂ ਹੈ।ਐਸਾ ਕਰਕੇ ਅਪਣੇ "ਇਸ਼ਟ" ਨੂੰ ਖੁਸ਼ ਕਰਨ ਦੀ ਕੁਰੀਤੀ ਦਾ ਗੁਰਬਾਣੀ ਖੰਡਨ ਕਰਦੀ ਹੈ। ਲੇਕਿਨ ਸਿੱਖਾਂ ਦੇ ਤਖਤ ਹਜੂਰ ਸਾਹਿਬ ਅਤੇ ਆਨੰਦਪੁਰ ਸਹਿਬ ਵਿਖੇ, ਬਕਰਿਆਂ ਦੀ ਬਲੀ ਦਿੱਤੀ ਜਾਂਦੀ ਹੈ। ਇਨ੍ਹਾਂ ਜਾਨਵਰਾਂ ਨੂੰ ਮਾਰ ਕੇ ਉਨਾਂ ਦੇ ਖੂਨ ਦਾ ਤਿਲਕ ਸ਼ਸ਼ਤਰਾਂ ਨੂੰ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲਿਆਂ, ਬਸਤਰਾਂ ਅਤੇ ਨਿਸ਼ਾਨ ਸਾਹਿਬ ਨੂੰ ਲਗਾਇਆ ਜਾਂਦਾ ਹੈ। ਹੇਠ ਦਿਤੇ ਲਿੰਕ ਤੇ ਤੁਸੀਂ ਇਸ ਕੁਰੀਤੀ ਦਾ ਲਾਈਵ ਨਜਾਰਾ ਆਪ ਵੇਖ ਸਕਦੇ ਹੋ।

ਦੋਵੇਂ ਵੀਡਿਉ ਵੇਖੋ ਤੇ ਆਪ ਫੈਸਲਾ ਕਰੋ, ਕਿ ਉਨ੍ਹਾਂ ਦੇਵੀ ਦੇ ਉਪਾਸਕਾਂ ਅਤੇ ਸਿੱਖਾਂ ਵਿੱਚ ਕੀ ਫਰਕ ਰਹਿ ਗਇਆ ਹੈ?

ਕਾਮਾਖਿਆ ਮੰਦਿਰ ਆਸਾਮ ਵਿਖੇ ਬਕਰੇ ਦੀ ਬਲੀ ਦਿੰਦੇ ਬ੍ਰਾਹਮਣ

ਤਖ਼ਤ ਹਜ਼ੂਰ ਸਹਿਬ ਵਿਖੇ ਬਕਰੇ ਦੀ ਬਲੀ ਦਿੰਦੇ ਕੇਸਾਧਾਰੀ ਬ੍ਰਾਹਮਣ

 

 

ਇਹ ਕਿਹੜੀ ਗੁਰਮਤਿ ਜਾਂ ਮਰਿਯਾਦਾ ਹੈ? ਇਹ ਘੋਰ ਬ੍ਰਾਹਮਣੀ ਅਤੇ ਗੁਰਮਤਿ ਦਾ ਘਾਣ ਕਰਨ ਵਾਲੀ ਕੁਰੀਤੀ ਹੈ। ਲੇਕਿਨ ਇਨਾਂ ਮੂਰਖਾਂ ਨੂੰ ਕੋਣ ਸਮਝਾਏ? ਜੇ ਸਮਝਾਏ ਵੀ ਤੇ ਕਿਸ ਤਰ੍ਹਾਂ ਸਮਝਾਏ? ਉਨ੍ਹਾਂ ਕੋਲ ਜਵਾਬ ਹੈ, ਕਿ ਦਸਮ ਬਾਣੀ ਇਸ ਨੂੰ ਮਾਨਤਾ ਦੇਂਦੀ ਹੈ। ਜੇ ਅਸੀਂ ਅਕਾਲ ਤਖਤ ਦੇ ਹੈਡ ਗ੍ਰੰਥੀ ਨੂੰ ਇਹ ਸਵਾਲ ਕਰਦੇ ਹਾਂ, ਕਿ ਬਕਰਾ ਝਟਕਾ ਕੇ ਉਸ ਦਾ ਖੂਨ ਰੁਮਾਲਿਆ ਅਤੇ ਨਿਸ਼ਾਨ ਸਾਹਿਬ ਨੂੰ ਲਾਉਣਾ ਕਿਸ ਰਹਿਤ ਮਰਿਯਾਦਾ ਦਾ ਹਿੱਸਾ ਹੈ? ਇਹ ਸਵਾਲ ਸੁਣ ਕੇ ਉਹ ਗੂੰਗੇ ਥੱਥੇ ਹੋ ਜਾਂਦੇ ਨੇ। ਬਹੁਤ ਦਬਾਅ ਪਾ ਕੇ ਜੇ ਪੁਛਦੇ ਹਾਂ ਤੇ ਕਹਿੰਦੇ ਨੇ ਕਿ ਇਹ ਤਾਂ "ਪੁਰਾਤਨ ਮਰਿਆਦਾ" ਚਲੀ ਆ ਰਹੀ ਹੈ, ਇਸ ਵਿੱਚ ਕੁੱਝ ਨਹੀਂ ਕੀਤਾ ਜਾ ਸਕਦਾ। ਦੋ ਵਰ੍ਹੇ ਪਹਿਲਾਂ ਇਸ ਬਾਬਤ ਦਾਸ ਨੇ, ਅਕਾਲ ਤਖਤ ਦੇ ਹੈਡ ਗ੍ਰੰਥੀ ਨਾਲ ਸਵਾਲ ਜਵਾਬ ਕੀਤੇ ਸਨ, ਲੇਕਿਨ ਉਨ੍ਹਾਂ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਇਸ ਕੁਰੀਤੀ ਨੂੰ ਬੰਦ ਕਰਵਾਉਣ ਦਾ ਉਪਰਾਲਾ ਅੱਜ ਤਕ ਕਿਸਨੇ ਕੀਤਾ? ਇਥੇ ਇਕ ਗਲ ਪਾਠਕਾਂ ਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ, ਕਿ ਇਹ ਲੇਖ ਮਾਸ ਖਾਣ ਅਤੇ ਨਾ ਖਾਣ ਦੇ ਵਿਸ਼ੇ ਨਾਲ ਉੱਕਾ ਹੀ ਸੰਬਧਿਤ ਨਹੀਂ ਹੈ। ਇਸ ਲੇਖ ਦਾ ਸਬੰਧ ਸਿਰਫ ਜਾਨਵਰ ਦੀ ਬਲੀ ਦੇਣ, ਅਤੇ ਉਸ ਦੇ ਖੂਨ ਦਾ ਤਿਲਕ ਗੁਰੂ ਗ੍ਰੰਥ ਸਾਹਿਬ ਅਤੇ ਨਿਸ਼ਾਨ ਸਾਹਿਬ ਨੂੰ ਲਾਉਚਦੀ, ਗੁਰਮਤਿ ਦੇ ਉਲਟ ਕੁਰੀਤੀ ਨਾਲ ਹੈ।

ਪਸ਼ੂਆਂ ਦੀ ਬਲੀ ਦੇ ਕੇ ਅਪਣੇ ਦੇਵਤਿਆਂ ਨੂੰ ਖੁਸ਼ ਰਰਨ ਵਾਲੇ ਪਾਖੰਡੀਆਂ ਦੀ ਅਲੋਚਨਾ ਕਰਦੇ ਹੋਏ ਗੁਰਬਾਣੀ ਨੇ ਇਸ ਕੁਰੀਤੀ ਦੀ ਨਿਖੇਧੀ ਕੀਤੀ ਹੈ। ਜਦੋਂ ਮਾਸ ਖਾਣ ਦੀ ਗਲ ਆਉਂਦੀ ਹੈ ਤੇ ਤੂੰ ਆਪਣਾ ਨੱਕ ਬੰਦ ਕਰ ਲੈਂਦਾ ਹੈ ਤੇ ਉਸੇ ਰਾਤ ਜਦੋ ਤੂੰ ਆਪਣੇ ਦੇਵਤਿਆਂ ਨੂੰ ਗੈਂਡੇ ਦੀ ਬਲੀ ਦੇ ਕੇ ਖੁਸ਼ ਕਰ ਰਿਹਾ ਹੁੰਦਾ ਹੈ, ਤਾਂ ਇਹ ਹੀ ਤੇਰਾ ਧਰਮ ਬਣ ਜਾਂਦਾ ਹੈ। ਇਹੋ ਜਹੇ ਕਰਮਕਾਂਡ ਕਰਕੇ ਤੂੰ ਲੋਕਾਂ ਨੂੰ ਅਪਣੇ ਬਹੁਤ ਧਾਰਮਿਕ ਹੋਣ ਦਾ ਪਾਖੰਡ ਕਰਦਾ ਹੈ, ਲੇਕਿਨ ਤੈਨੂੰ ਗਿਆਨ ਅਤੇ ਧਰਮ ਦੀ ਕੋਈ ਸੋਝੀ ਨਹੀਂ ਹੈ । ਗੁਰੂ ਸਾਹਿਬ ਇਹੋ ਜਹੇ ਪਾਖੰਡੀਆਂ ਬਾਰੇ ਕਹਿੰਦੇ ਨੇ ਕਿ, ਇਹੋ ਜਹੇ ਗਿਆਨ ਦੇ ਅੰਧਿਆਂ ਨੂੰ ਕੁੱਝ ਸਮਝਾਈਏ ਤਾਂ, ਜੇ ਇਨਾਂ ਨੂੰ ਕੋਈ ਸਮਝ ਆਵੇ।

ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥
ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ ॥
ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ ॥
ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ ॥
ਅੰਕ 1289

ਸ਼ਬਦ ਗੁਰੂ ਤੇ, ਸਾਫ ਸਾਫ ਸ਼ਬਦਾਂ ਵਿੱਚ ਕਹਿੰਦੇ ਨੇ ਕੇ ਪਸ਼ੁਆਂ ਦੀ ਬਲੀ ਦੇਣ, ਨਾਲ ਨਾਂ ਤੇ ਤੇਰਾ ਭਲਾ ਹੋਣਾ ਹੈ ਅਤੇ ਨਾ ਹੀ ਤੇਰੇ "ਈਸ਼ਟ" ਨੇ ਹੀ ਖੁਸ਼ ਹੋ ਜਾਣਾ ਹੈ। ਪਸ਼ੁਆਂ ਦੀ ਬਲੀ ਦੇ ਕੇ ਅਪਣੇ ਈਸ਼ਟ ਨੂੰ ਖੁਸ਼ ਕਰਨ ਦੀ ਬਜਾਏ, ਆਪਣੇ ਅੰਦਰ ਛੁਪੇ ਹੋਏ ਅਹੰਕਾਰ ਅਤੇ ਝੂਠੀ ਤ੍ਰਿਸ਼ਨਾਂ ਰੂਪੀ ਜਾਨਵਰਾਂ ਨੂੰ ਮਾਰ, ਉਨ੍ਹਾਂ ਦੀ ਬਲੀ ਦੇ। ਸੱਚ ਅਤੇ ਸੁੱਚੇ ਕਰਤਾਰ ਨਾਲ ਅਾਪਣਾ ਨਾਤਾ ਜੋੜ। ਇਸ ਜਗਤ ਵਿੱਚ ਤੇਰੀ ਸੱਚੀ ਕਮਾਈ "ਇਕ ਕਰਤਾਰ" ਦੇ ਗੁਣਾਂ ਨਾਲ ਜੁੜਨ ਭਾਵ ਸਮਝਣ ਨਾਲ ਹੀ ਹੋ ਸਕਦੀ ਹੈ।

ਹਉਮੈ ਤ੍ਰਿਸਨਾ ਮਾਰਿ ਕੈ ਸਚੁ ਰਖਿਆ ਉਰ ਧਾਰਿ ॥
ਜਗ ਮਹਿ ਲਾਹਾ ਏਕੁ ਨਾਮੁ ਪਾਈਐ ਗੁਰ ਵੀਚਾਰਿ ॥੬॥
ਅੰਕ 55

ਦੂਜੇ ਪਾਸੇ "ਅਖੌਤੀ ਦਸਮ ਗ੍ਰੰਥ" ਨਾਮ ਦੀ ਇਸ ਕਿਤਾਬ ਵਿੱਚ ਕਈ ਵਾਰ ਪਸ਼ੂਆਂ ਦੀ ਬਲੀ ਦੇਣ ਦਾ ਜਿਕਰ ਕੀਤਾ ਗਇਆ ਹੈ।

ਪਸੁ ਏਕ ਪੈ ਦਸ ਬਾਰ ॥ ਪੜਿ ਬੇਦ ਮੰਤ੍ਰ ਅਬਿਚਾਰ ॥
ਅਬਿ ਮੱਧਿ ਹੋਮ ਕਰਾਇ ॥ ਧਨ ਭੂਪ ਤੇ ਬਹੁ ਪਾਇ ॥
੬॥੩੧੭॥

ਅਰਥ :ਇਕ ਪਸੂ ਉਤੇ ਦਸ ਵਾਰ ਵੇਦਾ ਦੇ ਮੰਤਰ ਦਾ ਪਾਠ ਕਰਕੇ , ਉਸ ਦੀ ਬਲੀ ਦੇ ਕੇ ਯਗ ਕਰਾਨ ਨਾਲ, ਉਸ ਰਾਜੇ ਨੂੰ ਬਹੁਤ ਸਾਰੇ ਧੰਨ ਦੀ ਪ੍ਰਾਪਤੀ ਹੁੰਦੀ ਹੈ।

ਪਸੁਮੇਧ* ਜੱਗ ਕਰਾਇ ॥ ਬਹੁ ਭਾਂਤ ਰਾਜ ਸੁਹਾਇ ॥ਪੰਨਾ ੪੦੬ ਪੰ. ੭ਅਖੌਤੀ ਦਸਮ ਗ੍ਰੰਥ

ਅਰਥ : ਪਸ਼ੁ ਦੀ ਬਲੀ ਦੇ ਕੇ ਯਗ ਕਰਵਾਉਣ ਨਾਲ , ਭਾਤ ਭਾਤ ਦੇ ਰਾਜਸੀ (ਸੁਖ) ਪ੍ਰਾਪਤ ਹੋਏ।

ਤਿਨ ਬੋਲ ਬਿੱਪ੍ਰ ਮਹਾਨ ॥ ਪਸੁਮੇਧ ਜੱਗ ਰਚਾਨ ॥
ਬਰਖ ਅੱਸੀ ਅਸਟ ਪ੍ਰਮਾਨ ॥ ਦੁਇ ਮਾਸ ਰਾਜੁ ਕਮਾਨ ॥੭॥੩੧੮॥
ਅਖੌਤੀ ਦਸਮ ਗਰੰਥ : ਪੰਨਾ ੪੦੬

ਅਰਥ: ਉਸ ਨੇ ਵੱਡੇ ਬ੍ਰਾਹਮਣਾ ਨੂੰ ਬੁਲਾ ਕੇ ਹੁਕਮ ਕੀਤਾ ਕੇ ਪਸ਼ੁਆਂ ਦੀ ਬਲੀ ਦੇ ਕੇ ਯਗ ਕਰਾਉ। ਇਸ ਸ਼ੁਭ ਕਾਰਜ ਕਰਨ ਨਾਲ ਉਸ ਨੇ ਅੱਠਾਸੀ ਸਾਲ ਅਤੇ ਦੋ ਮਹੀਨੇ ਕੁਸ਼ਲ ਰਾਜ ਕੀਤਾ।

ਨਿਜ ਮਾਸ ਕਾਟ ਕਰ ਕਰਤ ਹੋਮ ॥ ਥਰਹਰਤ ਭੂੰਮਿ ਅਰ ਚਕਤ ਬਯੋਮ ॥
ਤਹ ਗਯੋ ਰਾਮ ਭ੍ਰਾਤਾ ਨਿਸੰਗਿ ॥ਕਰ ਧਰੇ ਧਨਖ ਕਟ ਕਸਿ ਨਿਖੰਗ ॥੪੮੧॥
ਅਖੌਤੀ ਦਸਮ ਗਰੰਥ: ਪੰਨਾ ੪੦੬

ਲਉ ਜੀ! ਇਥੇ ਪਸ਼ੂ ਹੀ ਨਹੀਂ ਮਨੁਖ ਦੇ ਆਪਣੇ ਹੀ ਮਾਸ ਨੂੰ ਵੱਡ ਵੱਡ ਕੇ ਬਲੀ ਦੇਣ ਦੀ ਗਲ ਵੀ ਆ ਗਈ ਹੈ। ਰਾਜੇ ਨੇ ਆਪਣਾ ਮਾਸ ਕੱਟ ਕੱਟ ਕੇ ਉਸ ਹਵਨ ਕੂੰਡ ਵਿੱਚ ਪਾਉਣਾ ਸ਼ੁਰੂ ਕਰ ਦਿਤਾ। ਇਹ ਦ੍ਰਿਸ਼ ਵੇਖ ਕੇ ਪੂਰੀ ਧਰਤੀ ਕੰਬ ਗਈ। ਪੂਰਾ ਆਸਮਾਨ ਹੈਰਾਨ ਹੋ ਗਇਆ। ਲੇਕਿਨ ਰਾਮ ਚੰਦਰ ਦਾ ਭਰਾ (ਲਛਮਣ) ਨਹੀਂ ਡਰਿਆ ਅਤੇ ਉਸ ਨੂੰ ਪਿਛੋਂ ਜਾ ਕੇ ਘੁੱਟ ਕੇ ਕਾਬੂ ਕਰ ਲਿਆ।

ਇਹੋ ਜਹੀਆਂ ਫਜੂਲ ਗਲਾਂ ਅਤੇ ਕਹਾਣੀਆਂ ਨਾਲ ਇਹ "ਕੂੜ ਕਿਤਾਬ " ਭਰੀ ਪਈ ਹੈ। ਇਸ ਦਾ ਕੋਈ ਸਿਰ ਪੈਰ ਨਹੀਂ ਹੈ। ਮਨੁਖ ਦੇ ਜੀਵਨ ਵਿੱਚ ਕੋਈ ਗਿਆਨ ਪੈਦਾ ਹੋ ਸਕੇ, ਇਸ ਵਿੱਚ ਇਹੋ ਜਹੀ ਇਕ ਵੀ ਗਲ ਨਹੀਂ ਹੈ। ਵੀਰੋ ! ਸਾਵਧਾਨ !! ਸਿੱਖਾਂ ਨੂੰ ਚੰਡੀ ਦੇਵੀ ਦਾ ਪੱਕਾ ਉਪਾਸਕ ਬਨਾਉਣ ਦੀ ਇਹ ਕਿਤਾਬ, ਇਕ ਕੋਝੀ ਸਾਜਿਸ਼ ਹੈ, ਕਿਉਂਕਿ ਦੇਵੀ ਦੇ ਉਪਾਸਕ ਹੀ ਇਹੋ ਜਹੀਆਂ ਬਲੀਆਂ ਦੇ ਕੇ ਦੇਵੀ ਨੂੰ ਉਸ ਦਾ ਪ੍ਰਸਾਦ ਚੜਾਂਦੇ ਨੇ। ਲੇਕਿਨ ਸਿੱਖ ਇਹ ਬਲੀ ਦੇ ਕੇ, ਕਿਸ ਨੂੰ ਖੁਸ਼ ਕਰ ਰਿਹਾ ਹੈ? ਅੱਜ ਸਾਡੇ ਸਿੱਖ ਵੀ ਇਹ ਕੰਮ ਕਰ ਰਹੇ ਨੇ। ਜਿਸ ਤਰ੍ਹਾਂ ਉਨ੍ਹਾਂ ਨੇ ਭੰਗ ਦੇ ਨਸ਼ੇ ਨੂੰ "ਸੁਖ ਨਿਧਾਨ" ਨਾਮ ਦੇ ਕਿ ਉਸ ਨੂੰ ਧਾਰਮਿਕ ਮਾਨਤਾ ਦੁਆ ਦਿੱਤੀ ਹੈ, ਉਸੇ ਤਰ੍ਹਾਂ ਇਸ ਬਲੀ ਦੇ ਬਕਰੇ ਤੋਂ ਰਿਨਿਆ ਗਇਆ ਮਾਸ ਪਕਾ ਕੇ ਸੰਗਤਾਂ ਨੂੰ ਪ੍ਰਸਾਦਿ ਦੇ ਰੂਪ ਵਿੱਚ ਵੰਡਿਆ ਜਾਂਦਾ ਹੈ। ਇਸ ਪ੍ਰਸਾਦ ਨੂੰ "ਮਹਾ ਪ੍ਰਸਾਦ" ਦਾ ਨਾਮ ਦੇ ਦਿਤਾ ਗਇਆ ਹੈ। ਇਸ ਕੂੜ ਕਿਤਾਬ ਦਾ ਕਿਨਾਂ ਬੁਰਾ ਪ੍ਰਭਾਵ ਸਿੱਖੀ ਤੇ ਪੈ ਚੁਕਾ ਹੈ ਅਤੇ ਪੈ ਰਿਹਾ ਹੈ, ਉਸ ਨੂੰ ਦੂਰ ਕਰਨ ਵਿੱਚ ਸਦੀਆਂ ਦਾ ਸਮਾਂ ਲਗ ਜਾਵੇਗਾ। ਇਹ ਸਦੀਆਂ ਵੀ ਤਾਂ, ਜੇ ਸਾਡੇ ਧਾਰਮਿਕ ਆਗੂ ਇਸ ਕੰਮ ਅਗੇ ਆਉਣ, ਨਹੀਂ ਤਾਂ ਕਈ ਜੁਗ ਵੀ ਥੋੜੇ ਹਨ। ਇਹ ਕੰਮ ਵੀ ਬਹੁਤ ਮੁਸ਼ਕਿਲ ਹੈ, ਕਿਉ ਕਿਸੇ ਵੀ ਆਗੂ ਵਿੱਚ ਇੰਨੀ ਇੱਛਾ ਸ਼ਕਤੀ ਨਹੀਂ ਹੈ, ਕਿ ਉਹ ਗੁਰਮਤਿ ਦੀ ਰਾਖੀ ਲਈ ਆਪਣੇ ਅਹੁਦਿਆਂ ਨਾਲ ਸਮਝੌਤਾ ਕਰ ਸਕਣ।


ਭਾਗ  ਪਹਿਲਾ, ਦੂਜਾ, ਤੀਜਾ, ਚੌਥਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top