ਲੜੀ ਜੋੜਨ ਲਈ
ਪੜ੍ਹੋ:
ਕਿਸ਼ਤ
ਪਹਿਲੀ,
ਦੂਜੀ,
ਤੀਜੀ,
ਚਉਥੀ
ਚਹੁੰਆਂ
ਕਿਸ਼ਤਾਂ ਵਿੱਚ ਦਿੱਤੇ ਵਿਚਾਰਾਂ ਦਾ ਸਾਰ: ਧੰਨੁ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ
ਅਤੇ ਭਗਤਾਂ ਦੀ, ਉਤਾਰੇ ਕਰ ਕੇ ਆਪਣੇ ਕੋਲ਼ ਰੱਖੀ, ਸਾਰੀ ਬਾਣੀ ਦੇ ਮਹਾਨ ਵਿਰਸੇ ਨੂੰ ਦੂਜੇ
ਗੁਰੂ ਨੂੰ ਗੁਰਗੱਦੀ ਦੇਣ ਸਮੇਂ ਸਉਂਪ ਦਿੱਤਾ ਸੀ। ਫਿਰ ਦੂਜੇ
ਗੁਰੂ ਜੀ ਨੇ ਆਪਣੀ ਰਚੀ ਬਾਣੀ ਸਮੇਤ ਬਾਣੀ ਦਾ ਸਾਰਾ ਖ਼ਜ਼ਾਨਾ ਤੀਜੇ ਗੁਰੂ ਜੀ ਨੂੰ ਗੁਰਗੱਦੀ
ਦੇਣ ਸਮੇਂ ਸਉਂਪ ਦਿੱਤਾ ਅਤੇ ਇਸੇ ਤਰ੍ਹਾਂ ਬਾਣੀ ਦਾ ਇਹ ਸਾਰਾ ਖ਼ਜ਼ਾਨਾ ਤੀਜੇ ਅਤੇ ਚਉਥੇ
ਗੁਰੂ ਪਾਤਿਸ਼ਾਹਾਂ ਦੀ ਬਾਣੀ ਸਮੇਤ ਪੰਜਵੇਂ ਗੁਰੂ ਜੀ ਕੋਲ਼ ਪਹੁੰਚ ਚੁੱਕਾ ਸੀ ।
ਪੰਜਵੇਂ ਗੁਰੂ ਜੀ ਕੋਲ਼ ਉਨ੍ਹਾਂ ਦੀ ਆਪਣੀ ਰਚੀ ਬਾਣੀ ਸਮੇਤ 20 ਬਾਣੀਕਾਰਾਂ ਦੀ ਬਾਣੀ ਹੋ
ਗਈ ਸੀ ਜਿਸ ਵਿੱਚ ਆਪਣੇ ਸਮਕਾਲੀ 11 ਭੱਟਾਂ, ਸਮਕਾਲੀ ਰਬਾਬੀਆਂ ਸੱਤੇ ਅਤੇ ਬਲਵੰਡ, ਅਤੇ
ਭਾਈ ਸੁੰਦਰ { ਤੀਜੇ ਗੁਰੂ ਜੀ ਦੇ ਪੜਪੋਤੇ } ਜੀ ਦੀ ਬਾਣੀ ਸ਼ਾਮਲ ਕਰ ਕੇ 34 ਬਾਣੀਕਾਰਾਂ
{ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 35 ਬਾਣੀਕਾਰ ਹਨ, 36 ਨਹੀਂ। ਭਾਈ ਮਰਦਾਨਾ ਜੀ ਦੀ ਕੋਈ
ਬਾਣੀ ਨਹੀਂ ਹੈ ਜਿਸ ਨੂੰ ਕਈਆਂ ਨੇ, ਗੁਰਬਾਣੀ ਵਿੱਚ ਵਰਤੇ ਮਰਦਾਨਾ ਨਾਂ ਤੋਂ ਟਪਲ਼ਾ ਖਾ
ਕੇ, ਉਸ ਨੂੰ ਬਾਣੀਕਾਰ ਮੰਨ ਲਿਆ ਹੈ । ਜਿਵੇਂ ਭਾਈ ਲਾਲੋ ਜੀ ਦਾ ਨਾਂ ਵਰਤਿਆ ਹੈ ਇਵੇਂ
ਭਾਈ ਮਰਦਾਨਾ ਜੀ ਨੂੰ ਉਸ ਦਾ ਨਾਂ ਵਰਤ ਕੇ ਭਾਈ ਲਾਲੋ ਜੀ ਵਾਂਗ ਅਮਰ ਕਰ ਦਿੱਤਾ ਗਿਆ
ਹੈ।} ਦੀ ਮਿੱਠੀ ਬਾਣੀ ਨਾਲ਼ ‘ਆਦਿ ਬੀੜ’ ਜਾਂ ‘ਪੋਥੀ’ ਸਾਹਿਬ ਨੂੰ ਹੋਂਦ ਵਿੱਚ ਲਿਆਂਦਾ
ਗਿਆ । ਪੰਜਵੇਂ ਗੁਰੂ ਜੀ ਵਲੋਂ ਬਾਣੀ ਦੀ ਪ੍ਰਾਪਤੀ ਲਈ ਸੁਨੇਹੇ ਭੇਜਣ ਦੀਆਂ, ਭਾਈ ਮੋਹਨ
ਤੋਂ ਉਸ ਦੀਆਂ ਸਿਫ਼ਤਾਂ ਕਰ ਕੇ ਬਾਣੀ ਲੈਣ ਦੀਆਂ, ਫ਼ਰਜ਼ੀ ਨਾਂ ਭਾਈ ਬਖ਼ਤੇ ਵਲੋਂ ਬਹੁਤ ਭਾਰਾ
ਪੋਥਾ ਲਿਆਉਣ ਦੀਆਂ, ਕਵੀਆਂ ਵਲੋਂ ਲਿਖੀਆਂ ਕਹਾਣੀਆਂ ਝੂਠੀਆਂ ਅਤੇ ਬਾਣੀ ਦੀ ਕੀਮਤ ਨੂੰ
ਜ਼ੀਰੋ ਬਣਾਉਣ ਵਾਲ਼ੀਆਂ ਹਨ । ਸੱਚ ਅਤੇ ਝੂਠ ਦਾ ਨਿਤਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਵਿੱਚੋਂ ਪ੍ਰਮਾਣ ਦੇ ਕੇ ਕੀਤਾ ਗਿਆ ਹੈ ।
ਇਸ ਕਿਸ਼ਤ ਵਿੱਚ ਵਿਚਾਰ ਕੀਤੀ ਜਾਵੇਗੀ ਕਿ ਆਦਿ
ਬੀੜ ਦੀ ਜਿਲਦ ਕਿੱਥੇ ਬੰਨ੍ਹੀ ਗਈ ਸੀ ।
ੳ). ਗੁਰ ਬਿਲਾਸ
ਪ:6॥ ਦੇ ਲਿਖਾਰੀ ਦੀ ਸੋਚ:
ਲਿਖਾਰੀ ਦੇ ਗੁਰਬਿਲਾਸ ਵਿੱਚ ਲਿਖੇ ਜਿਲਦ
ਬੰਨ੍ਹਣ ਬਾਰੇ ਵਿਚਾਰਾਂ ਦਾ ਸਾਰ ਇਸ ਤਰ੍ਹਾਂ ਹੈ:
1. ਸਾਰੀ ਬਾਣੀ ਲਿਖੀ ਜਾਣ ਤੇ ਭਾਈ ਬੰਨੋ ਨੂੰ ਗੁਰੂ ਜੀ ਨੇ ਲਾਹੌਰ
ਜਾ ਕੇ ਜਿਲਦ ਬੰਨ੍ਹਾਉਣ ਲਈ ਆਗਿਆ ਦਿੱਤੀ ।
2. ਭਾਈ ਬੰਨੋ ਨੇ ਇਹ ਮੰਗ ਕੀਤੀ ਕਿ ਇੱਕ ਰਾਤ ਆਦਿ ਬੀੜ ਦੇ ਦਰਸ਼ਨ ਮਾਂਗਟ ਦੀਆਂ ਸੰਗਤਾਂ
ਨੂੰ ਕਰਵਾਉਣ ਲਈ ਓਥੇ ਬੀੜ ਲੈ ਜਾਣ ਦੀ ਆਗਿਆ ਵੀ ਦਿਓ ਅਤੇ ਆਗਿਆ ਮਿਲ਼ ਗਈ ।
3. ਭਾਈ ਬੰਨੋ ਦੇ ਮਨ ਵਿੱਚ ਖ਼ਿਆਲ ਆਇਆ ਕਿ ਮਾਂਗਟ ਰਹਿਣ ਦਾ ਇੱਕ ਦਿਨ ਦਾ ਇਕਰਾਰ ਮਿਲ਼ਿਆ
ਹੈ ਪਰ ਰਸਤੇ ਵਿੱਚ ਲਗਦੇ ਦਿਨਾਂ ਦਾ ਕੋਈ ਜ਼ਿਕਰ ਨਹੀਂ ਹੋਇਆ ।
4. ਭਾਈ ਬੰਨੋ ਨੇ ਰਸਤੇ ਵਿੱਚ ਆਉਂਦਿਆਂ ਜਾਂਦਿਆਂ ਬੀੜ ਦਾ ਇੱਕ ਉਤਾਰਾ ਕਰਨ ਲਈ ਲਿਖਾਰੀ
ਨਾਲ਼ ਲੈ ਲਏ ਅਤੇ ਪੰਜ-ਪੰਜ ਕੋਹ ਤੇ ਪੜਾਅ ਕਰ ਕੇ ਬੀੜ ਦਾ ਉਤਾਰਾ ਕਰਵਾਉਂਦਾ ਰਿਹਾ ।
5. ਮਾਂਗਟ ਤੋਂ ਵਾਪਸੀ ਸਮੇਂ ਲਾਹੌਰ ਤੱਕ ਉਤਾਰਾ ਮੁਕੰਮਲ ਕਰ ਲਿਆ ਗਿਆ ।
6. ਭਾਈ ਬੰਨੋ ਨੇ ਲਾਹੌਰ ਤੋਂ ਦੋਹਾਂ ਬੀੜਾਂ ਦੀਆਂ ਜਿਲਦਾਂ ਬੰਨ੍ਹਵਾ ਲਈਆ ਅਤੇ ਵਾਪਸ
ਅੰਮ੍ਰਿਤਸਰ ਆ ਗਿਆ ।
7. ਗੁਰਬਿਲਾਸ ਅਨੁਸਾਰ ਭਾਈ ਬੰਨੋ ਨੂੰ ਇਸ ਕਾਰਜ ਲਈ 35 ਦਿਨ ਲੱਗ ਗਏ ।
ਉੱਪਰੋਕਤ ਲਿਖਤ
ਤੋਂ ਸਿੱਟਾ :
ਅੰਮ੍ਰਿਤਸਰ ਵਿੱਚ ਕੋਈ ਜਿਲਦ-ਸਾਜ਼ ਨਹੀਂ ਸੀ ਜੋ ਹੈਰਾਨ ਕਰਨ ਵਾਲ਼ੀ ਗੱਲ ਹੈ ।
ਗੁਰੂ ਜੀ ਕੋਲ਼ ਮਾਇਆ ਦੀ ਕੋਈ ਘਾਟ ਨਹੀਂ ਸੀ । ਉਹ ਲਾਹੌਰ ਤੋਂ ਕੋਈ ਵਧੀਆ ਜਿਲਦ-ਸਾਜ਼
ਅੰਮ੍ਰਿਤਸਰ ਵੀ ਮੰਗਵਾ ਮੰਗਵਾ ਸਕਦੇ ਸਨ ਪਰ ਅੰਮ੍ਰਿਤਸਰ ਵਿੱਚ ਜਿਲਦ-ਸਾਜ਼ਾਂ ਦੀ ਕਮੀ ਨਹੀਂ
ਸੀ । ਭਾਈ ਬੰਨੋ ਨੇ ਗੁਰੂ ਜੀ ਦੀ ਆਗਿਆ ਤੋਂ ਬਿਨਾਂ ਹੀ ਉਤਾਰਾ ਕਰ ਦਿੱਤਾ ਜੋ ਗੁਰੂ ਜੀ
ਦੀ ਨਿਰਾਦਰੀ ਹੈ । ਪੰਜਵੇਂ ਗੁਰੂ ਜੀ ਨੇ 34 ਬਾਣੀਕਾਰਾਂ ਦੀ ਕੀਤੀ ਕਮਾਈ ਨੂੰ ਖ਼ਤਰੇ
ਵਿੱਚ ਪਾ ਦਿੱਤਾ ਕਿਉਂਕਿ ਰਸਤੇ ਵਿੱਚ ਕੋਈ ਵੀ ਦੁਰਘਟਨਾ ਵਾਪਰ ਸਕਦੀ ਸੀ ਪਰ ਗੁਰੂ ਜੀ
ਅਜਿਹਾ ਕਦੇ ਵੀ ਸੋਚ ਹੀ ਨਹੀਂ ਸਕਦੇ ਸਨ ਕਿ ਸਿੱਖੀ ਦੇ ਇਸ ਮਹਾਨ ਕੀਮਤੀ ਵਿਰਸੇ ਨੂੰ ਅੱਖੋਂ
ਪਰੋਖੇ ਕਰ ਦਿੱਤਾ ਜਾਵੇ ਕਿਉਂਕਿ ਗੁਰਬਾਣੀ ਦੀ ਤਾਲੀਮ ਦੇ ਬਹੁਤ ਦੁਸ਼ਮਣ ਬਣ ਚੁੱਕੇ ਸਨ
ਜਿਨ੍ਹਾਂ ਲਈ ਬੀੜ ਨੂੰ ਸਿੱਖੀ ਵਿੱਚੋਂ ਲਾਂਭੇ ਕਰਨਾ ਬਹੁਤ ਸੌਖਾ ਸੀ । ਗੁਰੂ ਜੀ ਤਾਂ
ਇੱਕ ਨਿਮਖ ਭਰ ਲਈ ਵੀ ਬਾਣੀ ਨੂੰ ਦੂਰ ਨਹੀਂ ਕਰ ਸਕਦੇ ਸਨ ਤਾਂ ਉਨ੍ਹਾਂ ਬੀੜ ਤੋਂ ਬਿਨਾਂ
ਦਿਨ ਕਿਵੇਂ ਬਿਤਾਏ ਹੋਣਗੇ? ਜਿਲਦ ਬੰਨ੍ਹਵਾਉਣ ਦੀ ਸੇਵਾ ਜੋ ਭਾਈ ਗੁਰਦਾਸ ਜੀ ਕਰਵਾ ਸਕਦੇ
ਸਨ ਉਹ ਕੋਈ ਹੋਰ ਨਹੀਂ ਕਰਵਾ ਸਕਦਾ ਸੀ । ਕਿਹਾ ਜਾ ਸਕਦਾ ਹੈ ਕਿ ਜਿਲਦ ਬੰਨ੍ਹਵਾਉਣ ਲਈ
ਬੀੜ ਭਾਈ ਬੰਨੋ ਨੂੰ ਨਹੀਂ ਦਿੱਤੀ ਜਾ ਸਕਦੀ ਸੀ ਅਤੇ ਗੁਰਬਿਲਾਸ ਦੇ ਲਿਖਾਰੀ ਵਲੋਂ ਘੜੀ
ਭਾਈ ਬੰਨੋ ਵਾਲ਼ੀ ਕਹਾਣੀ ਝੂਠੀ ਹੈ ।
ਕਹਾਣੀ ਦੇ ਝੂਠੀ ਹੋਣ ਦਾ ਹੋਰ ਕਾਰਣ:
ਜੇ ਭਾਈ ਬੰਨੋ ਭਾਦਰੋਂ ਵਦੀ 10 ਨੂੰ ਤੁਰ ਕੇ 35 ਦਿਨਾਂ ਬਾਅਦ ਵਾਪਸ ਅੰਮ੍ਰਿਤਸਰ ਪੁੱਜਾ
ਤਾਂ ਫਿਰ ਬੀੜ ਦਾ ਪਹਿਲਾ ਪ੍ਰਕਾਸ਼ ਭਾਦੋਂ ਸੁਦੀ ਏਕਮ ਨੂੰ ਹੋ ਹੀ ਨਹੀਂ ਸਕਦਾ ਉਸ ਦੀ
ਵਾਪਸੀ ਦਾ ਸਮਾਂ ਤਾਂ ਅੱਸੂ ਸੁਦੀ ਏਕਮ ਤੋਂ ਵੀ ਅਗਾਂਹ ਟੱਪ ਗਿਆ ।
ਅ). ਸੂਰਜ
ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਦੀ ਸੋਚ:
1. ਬੀੜ ਦਾ ਪ੍ਰਕਾਸ਼ ਦਰਬਾਰ ਸਾਹਿਬ ਵਿੱਚ ਕਰ ਦਿੱਤਾ ਗਿਆ ਸੀ।
2. ਮਾਂਗਟ ਦੀਆਂ ਸੰਗਤਾਂ ਨਾਲ਼ ਭਾਈ ਬੰਨੋ ਦਰਸ਼ਨ ਲਈ ਆਇਆ ਅਤੇ ਵਾਪਸੀ
ਸਮੇਂ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਕੁੱਝ ਦਿਨਾ ਲਈ ਬੀੜ ਮਾਂਗਵੀਂ ਦੇ ਦੇਣ ਤਾਂ ਜੁ
ਮਾਂਗਟ ਦੀਆਂ ਹੋਰ ਸੰਗਤਾਂ ਨੂੰ ਦਰਸ਼ਨ ਕਰਵਾਏ ਜਾ ਸਕਣ । ਗੁਰੂ ਜੀ ਮੰਨ ਗਏ ਅਤੇ ਇੱਕ ਰਾਤ
ਹੀ ਮਾਂਗਟ ਰਹਿਣ ਲਈ ਹੁਕਮ ਕੀਤਾ ।
3. ਭਾਈ ਬੰਨੋ ਨੇ ਆਪ ਹੀ ਬੀੜ ਦਾ ਉਤਾਰਾ ਕਰਨ ਦਾ ਖ਼ਿਆਲ ਬਣਾਇਆ ਅਤੇ
ਰੋਜ਼ ਦਾ ਇੱਕ ਕੋਹ ਪੈਂਡਾ ਚੱਲਦਾ ਅਤੇ ਪੜਾਅ ਕਰ ਕੇ ਉਤਰਾ ਵੀ ਕਰਵਾਉਂਦਾ । ਮਾਂਗਟ
ਪਹੁੰਚਦਿਆਂ ਅੱਧੀ ਬੀੜ ਦਾ ਉਤਾਰਾ ਹੋ ਗਿਆ ।
ਵਿਚਾਰ:
1. ਪਹਿਲੀ ਗੱਲ ਤਾਂ ਇਹ ਹੈ ਕਿ ਬੀੜ ਨੂੰ ਦਰਬਾਰ ਸਾਹਿਬ ਤੋਂ ਬਾਹਰ ਲੈ ਜਾਣ ਦੀ ਕੋਈ
ਤੁਕ ਨਹੀਂ ਬਣਦੀ ਕਿਉਂਕਿ ਦੂਰ ਦੀਆਂ ਸੰਗਤਾਂ ਅੰਮ੍ਰਿਤਸਰ ਆ ਕੇ ਵੀ ਦਰਸ਼ਨ ਕਰ ਸਕਦੀਆਂ
ਸਨ ਅਤੇ ਬੀੜ ਨੂੰ ਥਾਂ-ਥਾਂ ਘੁਮਾਉਣ ਦੀ ਕੋਈ ਲੋੜ ਨਹੀਂ ਬਣਦੀ । ਕਵੀ ਸੰਤੋਖ ਸਿੰਘ
ਦੀ ਇਹ ਮਨਘੜਤ ਅਤੇ ਕੋਝੀ ਸੋਚ ਹੈ ।
2. ਬੀੜ ਨੂੰ ਰਸਤਿਆਂ ਵਿੱਚ ਫੇਰਨਾਂ ਦੁਸ਼ਮਣਾ ਦੇ ਵਾਰ ਤੋਂ
ਕਿਸੇ ਤਰ੍ਹਾਂ ਵੀ ਸੁਰੱਖਿਅਤ ਨਹੀਂ ਸੀ ਕਿਉਂਕਿ ਬੀੜ ਦੀ ਤਾਲੀਮ ਬਹੁਤ ਸਾਰੇ ਲੋਕਾਂ
ਨੂੰ ਚੁੱਭਦੀ ਸੀ । ਕਵੀ ਦੀ ਇਹ ਬਹੁਤ ਘਟੀਆ ਸੋਚ ਹੈ ਕਿ ਬੀੜ ਮਾਂਗਟ ਭੇਜੀ ਗਈ ਸੀ ।
3. ਕਵੀ ਸੰਤੋਖ ਸਿੰਘ ਦੀ ਗੱਲ ਮੰਨੀਏਂ ਤਾਂ ਅੰਮ੍ਰਿਤਸਰੋਂ
ਮਾਂਗਟ 100 ਕੋਹ ਜਾਣ ਅਤੇ 100 ਕੋਹ ਆਉਣ ਵਿੱਚ 200 ਦਿਨ ਲੱਗੇ ਕਿਉਂਕਿ ਇੱਕ ਕੋਹ
ਹੀ ਰੋਜ਼ ਦਾ ਪੈਂਡਾ ਕਰਨਾ ਸੀ । ਇਸ ਦਾ ਭਾਵ ਹੈ ਕਿ ਦਰਬਾਰ ਸਾਹਿਬ ਵਿੱਚ ਬੀੜ ਦੇ
ਪ੍ਰਕਾਸ਼ ਦੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ 7 ਮਹੀਨੇ ਨਿਰਾਸ਼ ਹੋ ਕੇ ਮੁੜਦੀਆਂ
ਰਹੀਆਂ ਜੋ ਅਣਹੋਣੀ ਗੱਲ ਹੈ ।
4. ਗੁਰੂ ਜੀ ਤਾਂ ਗੁਰਬਾਣੀ ਨੂੰ ਇੱਕ ਨਿਮਖ ਵੀ ਦੂਰ ਨਹੀਂ
ਕਰਦੇ ਸਨ ਤਾਂ ਉਹ 7 ਮਹੀਨੇ ਇਸ ਮਹਾਨ ਖ਼ਜ਼ਾਨੇ ਤੋਂ ਬਿਨਾਂ ਕਿਵੇਂ ਰਹਿ ਸਕੇ? ਕਵੀ ਦੀ
ਇਹ ਕਹਾਣੀ ਝੂਠੀ ਅਤੇ ਮਨਘੜਤ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਕਵੀ ਨੂੰ ਗੁਰਬਾਣੀ
ਦੀ ਅਸਲ ਕੀਮਤਿ ਦਾ ਕੋਈ ਨਹੀਂ ਪਤਾ ਸੀ ।
5. ਕੀ ਭਾਈ ਬੰਨੋ ਤੋਂ ਬਿਨਾ ਜੇ ਕਿਸੇ ਹੋਰ ਸਿੱਖ ਨੇ ਆਪਣੇ
ਇਲਾਕੇ ਵਿੱਚ ਬੀੜ ਲੈ ਜਾਣ ਲਈ ਗੁਰੂ ਜੀ ਨੂੰ ਬੇਨਤੀ ਕੀਤੀ ਹੋਵੇਗੀ ਤਾਂ ਗੁਰੂ ਜੀ
ਨੇ ਨਾਂ ਕਰ ਕੇ ਸਿੱਖ ਨੂੰ ਨਾਰਾਜ਼ ਕਰ ਲਿਆ ਹੋਵੇਗਾ ? ਭਾਈ ਬੰਨੋ ਵਲੋਂ ਬੀੜ ਲੈ ਜਾਣ
ਦੀ ਗੁਰਬਿਲਾਸ ਵਾਲ਼ੀ ਝੂਠੀ ਕਹਾਣੀ ਹੀ ਕਵੀ ਸੰਤੋਖ ਸਿੰਘ ਵਲੋਂ ਕੁੱਝ ਫੇਰ-ਬਦਲ
ਦੁਹਰਾਈ ਗਈ ਹੈ ਜੋ ਕਵੀ ਦੀ ਸਿਆਣਪ ਨਹੀਂ ਕਹੀ ਜਾ ਸਕਦੀ ।
6. ਕਵੀ ਸੰਤੋਖ ਸਿੰਘ ਅਨੁਸਾਰ ਬੀੜ ਦੇ ਉਤਾਰੇ ਨੂੰ 7 ਮਹੀਨੇ
ਲੱਗਣ ਨਾਲ਼ ਉਤਾਰਾ ਖ਼ਤਮ ਹੋਣ ਦਾ ਸਮਾਂ ਚੇਤ, ਸੰਮਤ 1662 ਬਣਦਾ ਹੈ । ਇਹ ਝੂਠ ਹੈ
ਕਿਉਂਕਿ ਭਾਈ ਬੰਨੋ ਵਾਲ਼ੀ ਬੀੜ ਵਿੱਚ ਹੀ ਉਤਾਰਾ ਖ਼ਤਮ ਹੋਣ ਦੀ ਤਾਰੀਖ਼ ਅੱਸੂ ਵਦੀ 1
ਸੰਮਤ 1661 ਲਿਖੀ ਹੋਈ ਹੈ ।
ੲ). ਗਿਆਨੀ ਗਿਆਨ ਸਿੰਘ ਨੇ ਤਵਾਰੀਖ਼
ਗੁਰੂ ਖ਼ਾਲਸਾ ਵਿੱਚ ਕੀ ਲਿਖਿਆ ਹੈ:
ਇਸ ਕਵੀ ਨੇ ਵੀ ਗੁਰਬਿਲਾਸ ਵਾਲ਼ੀ ਸਾਖੀ ਹੀ ਦੁਹਰਾਈ ਹੈ ਅਤੇ ਆਪਣਾ
ਦਿਮਾਗ਼ ਵਰਤ ਕੇ ਕੋਈ ਪੁਣ-ਛਾਣ ਨਹੀਂ ਕੀਤੀ ।
ਜਿਲਦ ਕਿੱਥੇ
ਬੰਨ੍ਹੀ ਗਈ ?
ਜਿਲਦ ਬੰਨ੍ਹਣ ਲਈ ਬੀੜ ਅੰਮ੍ਰਿਤਸਰ ਤੋਂ ਕਿਤੇ ਬਾਹਰ ਨਹੀਂ
ਭੇਜੀ ਗਈ । ਆਦਿ ਬੀੜ ਦੀ ਜਿਲਦ ਅੰਮ੍ਰਿਤਸਰ ਵਿੱਚ ਹੀ ਭਾਈ ਗੁਰਦਾਸ ਜੀ ਦੀ ਦੇਖ-ਰੇਖ
ਹੇਠ ਬੰਨ੍ਹੀ ਗਈ ਸੀ । ਭਾਈ ਗੁਰਦਾਸ ਜੀ ਨੇ ਬੀੜ ਦੀ ਲਿਖਾਈ ਭਾਦਉਂ ਵਦੀ ਏਕਮ ਸੰਮਤ
1661 ਨੂੰ ਮੁਕਾ ਲਈ ਸੀ । ਫਿਰ ਤੱਤੱਕਰਾ ਲਿਖਣ ਲਈ 10 ਕੁ ਦਿਨ ਜ਼ਰੂਰ ਲੱਗ ਗਏ ਹੋਣਗੇ
। ਬਾਕੀ ਦੇ 4 ਦਿਨ ਜ਼ਿਲਦ ਬੰਨ੍ਹਣ ਅਤੇ ਸੁਕਾਉਣ ਨੂੰ ਲੱਗ ਗਏ ਅਤੇ ਭਾਦਉਂ ਸੁਦੀ ਏਕਮ
ਨੂੰ ਦਰਬਾਰ ਸਾਹਿਬ ਵਿੱਚ ਆਦਿ ਬੀੜ ਦਾ ਪ੍ਰਕਾਸ਼ ਕਰ ਦਿੱਤਾ ਗਿਆ ਸੀ ।
ਨੋਟ:
ਲੇਖ ਲੜੀ ਲਈ ਵਿਚਾਰਾਂ ਦਾ ਆਧਾਰ ਪ੍ਰੋ. ਸਾਹਿਬ ਸਿੰਘ ਦੀ ਖੋਜ
ਅਤੇ ਗੁਰੂ ਗ੍ਰੰਥ ਸਾਹਬ ਜੀ ਦੀ ਬਾਣੀ ਨੂੰ ਬਣਾਇਆ ਗਿਆ ਹੈ ।
ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!