Share on Facebook

Main News Page

'ਆਦਿ ਬੀੜ' ਕਿਵੇਂ ਬਣੀ ? ਕਿਸ਼ਤ ਪਹਿਲੀ - ਇਤਿਹਾਸਕ ਨਜ਼ਰੀਏ ਤੋਂ
-: ਪ੍ਰੋ. ਕਸ਼ਮੀਰਾ ਸਿੰਘ USA
25.04.19

ਲੜੀ ਜੋੜਨ ਲਈ ਪੜ੍ਹੋ: ਕਿਸ਼ਤ ਦੂਜੀ

ਸੰਨ 1604 ਈਸਵੀ {ਭਾਦਉਂ ਵਦੀ 1 ਸੰਮਤ 1661} ਵਿੱਚ ਧੰਨੁ ਗੁਰੂ ਅਰਜੁਨ ਸਾਹਿਬ ਨੇ 'ਪੋਥੀ' ਸਹਿਬ ਦੀ ਰਚਨਾ ਕੀਤੀ ਅਤੇ ਪਹਿਲਾ ਪ੍ਰਕਾਸ਼ ਭਾਦਉਂ ਸੁਦੀ 1 ਸੰਮਤ 1661 ਨੂੰ ਦਰਬਾਰ ਸਾਹਿਬ ਵਿੱਚ ਕਰ ਦਿੱਤਾ ਗਿਆ ਸੀ । 'ਪੋਥੀ' ਨਾਂ ਭਾਈ ਗੁਰਦਾਸ ਵਲੋਂ ਲਿਖੇ 'ਪੋਥੀ ਲਿਖਿ ਪਹੁੰਚੇ' ਵਾਕ-ਅੰਸ਼ ਤੋਂ ਸਪੱਸ਼ਟ ਹੈ । 'ਪੋਥੀ' ਸਾਹਿਬ ਨੂੰ 'ਆਦਿ ਬੀੜ' ਵੀ ਕਿਹਾ ਜਾਣ ਲੱਗ ਪਿਆ ਹੈ । ਚੌਤੀ ਬਾਣੀਕਾਰਾਂ ਵਲੋਂ ਰਚੀ ਬਾਣੀ ਨੂੰ ਇੱਕੋ ਜਿਲਦ ਵਿੱਚ ਲਿਖਣ ਦੀ ਸੇਵਾ ਭਾਈ ਗੁਰਦਾਸ ਜੀ ਨੇ ਪੰਜਵੇਂ ਗੁਰੂ ਜੀ ਦੀ ਦੇਖ-ਰੇਖ ਹੇਠ ਰਾਮਸਰ ਦੇ ਅਸਥਾਨ 'ਤੇ ਅੰਮ੍ਰਿਤਸਰ ਵਿੱਚ ਸੰਪੂਰਨ ਕੀਤੀ । ਭਾਈ ਬੰਨੋ ਵਾਲ਼ੀ ਬੀੜ ਵੀ ਉਸੇ ਸਮੇਂ ਤਿਆਰ ਕੀਤੀ ਕੀਤੀ ਗਈ ਜਿਸ ਨੂੰ ਲਿਖਣ ਲਈ 12 ਲਿਖਾਰੀ ਲਾਏ ਗਏ ।

ਬਾਣੀ ਦੇ ਭੰਡਾਰ ਬਾਰੇ ਪੁਰਾਤਨ ਗ੍ਰੰਥ ਕੀ ਕਹਿੰਦੇ ਹਨ?

ਕੁੱਝ ਪੁਰਾਤਨ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਬਾਣੀ ਦਾ ਸਾਰਾ ਭੰਡਾਰ ਪੰਜਵੇਂ ਗੁਰੂ ਜੀ ਕੋਲ਼ ਨਹੀਂ ਸੀ । ਇਹ ਗ੍ਰੰਥ ਹਨ:

ੳ). ਸੂਰਜ ਪ੍ਰਕਾਸ਼ ਕ੍ਰਿਤ ਕਵੀ ਸੰਤੋਖ ਸਿੰਘ ਨਿਰਮਲਾ
ਅ). ਗੁਰਬਿਲਾਸ ਪਾਤਿਸ਼ਾਹੀ 6 ਲਿਖਾਰੀ ਦਾ ਨਾਂ ਨਹੀਂ
ੲ). ਤਵਾਰੀਖ਼ ਗੁਰੂ ਖ਼ਾਲਸਾ ਕ੍ਰਿਤ ਗਿਆਨੀ ਗਿਆਨ ਸਿੰਘ

ਉੱਪਰੋਕਤ ਤਿੰਨੇ ਲਿਖਾਰੀ ਕਹਿੰਦੇ ਹਨ ਕਿ ਪੰਜਵੇਂ ਗੁਰੂ ਜੀ ਕੋਲ਼ ਪਹਿਲੇ ਗੁਰੂ ਪਾਤਿਸ਼ਾਹਾਂ ਦੀ ਬਾਣੀ ਨਹੀਂ ਸੀ ਅਤੇ ਉਹ ਥਾਂ-ਥਾਂ ਖਿੱਲਰੀ ਪਈ ਸੀ । ਇਨ੍ਹਾਂ ਦੀ ਇਹ ਨਿਰੀ ਗੱਪ ਹੈ ਅਤੇ ਝੂਠ ਦਾ ਪੁਲੰਦਾ ਹੈ । ਇਨ੍ਹਾਂ ਦੇ ਮਨਾਂ ਵਿੱਚ ਗੁਰਬਾਣੀ ਦੀ ਰਤਾ ਜਿੰਨੀ ਵੀ ਕਦਰ ਨਹੀਂ ਸੀ । ਕੋਈ ਕਵੀ ਆਪਣੀ ਕਵਿਤਾ ਲਿਖ ਕੇ ਉਸ ਨੂੰ ਗਵਾਉਂਦਾ ਨਹੀਂ । ਗੁਰਬਾਣੀ ਤਾਂ ਖ਼ਸਮ ਦੀ ਬਾਣੀ ਸੀ ਜਿਸ ਨੂੰ ਕਿਵੇਂ ਗਵਾਇਆ ਜਾ ਸਕਦਾ ਸੀ? ਜੇ ਇਨ੍ਹਾਂ ਨੇ ਗੁਰਬਾਣੀ ਦੀ ਹੇਠ ਲਿਖੀ ਇੱਕ ਪੰਕਤੀ ਹੀ ਪੜ੍ਹੀ ਹੁੰਦੀ ਤਾਂ ਅਜਿਹਾ ਨਾ ਲਿਖਦੇ । ਦੇਖੋ ਇਹ ਪੰਕਤੀ:

ਆਸਾ ਮਹਲਾ 5 ॥ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਿ ਨਿਮਖ ਨ ਮਨ ਤੇ ਟਾਰੀ ਰੇ ॥1॥ ਰਹਾਉ ॥ {ਗਗਸ 404/14}
ਵਿਚਾਰ: ਗੁਰੂ ਪਾਤਿਸ਼ਾਹ ਤਾਂ ਆਖਦੇ ਹਨ ਕਿ ਗੁਰਬਾਣੀ ਏਨੀ ਪਿਆਰੀ ਸੀ ਕਿ ਇਸ ਨੂੰ ਨਿਮਖ ਭਰ ਲਈ ਵੀ ਦੂਰ ਨਹੀਂ ਕੀਤਾ ਗਿਆ, ਪਰ ਤਿੰਨੇ ਲਿਖਾਰੀ ਆਖਦੇ ਹਨ ਕਿ ਗੁਰਬਾਣੀ ਥਾਂ-ਥਾਂ ਖਿੱਲਰੀ ਪਈ ਸੀ ਅਤੇ ਉਸ ਨੂੰ ਸੰਭਾਲ਼ਿਆ ਨਹੀਂ ਸੀ ਗਿਆ ।

ੳ). ‘ਗੁਰਬਿਲਾਸ ਪਾ:6’ ਵਿੱਚ ਘੜੀ ਕਹਾਣੀ:
ਇਸ ਗ੍ਰੰਥ ਵਿੱਚ ਇਸ ਦਾ ਰਚਨ ਕਾਲ਼ ਸੰਨ 1718 ਲਿਖਿਆ ਹੈ ਪਰ ਇਸ ਵਿੱਚ ਲਿਖੀਆਂ ਘਟਨਾਵਾਂ ਸੰਨ 1839 ਤਕ ਜਾਂਦੀਆਂ ਹਨ { www.archive.org , ਡਾ. ਗੁਰਮੁਖ ਸਿੰਘ ਸੰਪਾਦਕ}। ਇਸ ਗ੍ਰੰਥ ਨੇ ਭਾਈ ਮੋਹਨ ਤੋਂ ਗੁਰਬਾਣੀ ਦੀਆਂ ਪੋਥੀਆਂ ਲੈਣ ਵਾਲ਼ੀ ਕਹਾਣੀ ਘੜੀ ਜਿਸ ਤੋਂ ਸਪੱਸ਼ਟ ਹੈ ਕਿ ਇਸ ਦੇ ਲਿਖਾਰੀ ਨੂੰ ਗੁਰਬਾਣੀ ਵਿੱਚ ਲਿਖੇ ‘ਮੋਹਨ’ ਸ਼ਬਦ ਦੇ ਅਰਥ ਤੋਂ ਕੋਈ ਸੂਝ-ਬੂਝ ਨਹੀਂ ਸੀ । ਇਕੱਲੀਆਂ ਦੋ ਪੋਥੀਆਂ ਦੀ ਗੁਰਬਾਣੀ ਨਾਲ਼ ‘ਆਦਿ ਬੀੜ’ ਮੁਕੰਮਲ ਨਹੀਂ ਹੋ ਸਕਦੀ ਸੀ । ਸਿੱਖ ਇਤਿਹਾਸ ਨੂੰ ਵਿਗਾੜਨ ਵਿੱਚ ਇੱਸ ਗ੍ਰੰਥ ਨੇ ਬਹੁਤ ਹਿੱਸਾ ਪਾਇਆ ਹੈ ਜਿਵੇਂ, ਦਰਬਾਰ ਸਾਹਿਬ ਵਿਸ਼ਣੂ ਮੰਦਰ ਹੈ, ਭਾਈ ਬੁੱਢਾ ਜੀ ਦੇ ਵਰ ਨਾਲ਼ ਮਾਤਾ ਗੰਗਾ ਜੀ ਦੇ ਪੇਟ ਵਿੱਚ ਓਸੇ ਸਮੇਂ ਹਵਾ ਭਰ ਗਈ ਆਦਿਕ ।

ਅ). ਕਵੀ ਸੰਤੋਖ ਸਿੰਘ ਨਿਰਮਲੇ ਨੇ ਸੂਰਜ ਪ੍ਰਕਾਸ਼ ਵਿੱਚ ਕੀ ਲਿਖਿਆ?
ਕਵੀ ਸੰਤੋਖ ਸਿੰਘ ਨੇ ‘ਸੂਰਜ ਪ੍ਰਕਾਸ਼’ ਸੰਨ 1843 ਵਿੱਚ ਮੁਕੰਮਲ ਕੀਤਾ । ਬਿਨਾਂ ਸੋਚੇ ਸਮਝੇ ਇਸ ਕਵੀ ਨੇ ਗੁਰਬਿਲਾਸ ਪਾ: 6 ਵਾਲ਼ੀ ਭਾਈ ਮੋਹਨ ਤੋਂ ਗੁਰਬਾਣੀ ਦੀਆਂ ਪੋਥੀਆਂ ਲਿਆਉਣ ਵਾਲ਼ੀ ਸਾਖੀ ਦੀ ਨਕਲ ਕਰ ਕੇ ਮਨਮੱਤ ਵਿੱਚ ਵਾਧਾ ਹੀ ਕੀਤਾ ਹੈ { ਇਸ ਗ੍ਰੰਥ ਵਿੱਚ ਕਵੀ ਸੰਤੋਖ ਸਿੰਘ ਨੇ ਹੋਰ ਵੀ ਕਈ ਮਨਮਤਾਂ ਕੀਤੀਆਂ ਹਨ ਜਿਵੇਂ-ਦਸਵੇਂ ਗੁਰੂ ਜੀ ਨੂੰ ਭੰਗ ਅਤੇ ਅਫ਼ੀਮ ਦਾ ਸੇਵਨ ਕਰਦੇ ਲਿਖਣਾ, ਦਸਵੇਂ ਗੁਰੂ ਜੀ ਤੋਂ ਖੰਡੇ ਦੀ ਪਾਹੁਲ ਤੋਂ ਪਹਿਲਾਂ ਕਈ ਮਹੀਨੇ ਦੁਰਗਾ ਮਾਈ ਪਾਰਬਤੀ ਕਾਲਕਾ ਦੀ ਪੂਜਾ ਕਰਵਾਉਣੀ ਅਤੇ ਦੇਵੀ ਦੇ ਦਰਸ਼ਨ ਕਰ ਕੇ ਉਸ ਤੋਂ ਕਰਦ ਅਤੇ ਬਰ ਪ੍ਰਾਪਤ ਕਰਨੇ ਆਦਿਕ} । ਭਾਈ ਬੁੱਢਾ ਜੀ ਅਤੇ ਭਾਈ ਭਾਈ ਗੁਰਦਾਸ ਜੀ ਵਲੋਂ ਭਾਈ ਮੋਹਨ ਤੋਂ ਚਾਰ ਗੁਰੂ ਪਾਤਿਸ਼ਾਹਾਂ ਦੀ ਬਾਣੀ ਲੈਣ ਜਾਣਾ ਤੇ ਨਿਰਾਸ਼ ਮੁੜਨਾ ਲਿਖਿਆ ਹੈ । ਪੰਜਵੇਂ ਗੁਰੂ ਜੀ ਵਲੋਂ ਭਾਈ ਮੋਹਨ ਦੀ ਸਿਫ਼ਤਿ ਕਰ ਕੇ ਪੋਥੀਆਂ ਲਿਆਉਣੀਆਂ ਲਿਖਿਆ ਹੈ । ਕਵੀ ਸੰਤੋਖ ਸਿੰਘ ਨੂੰ ਵੀ ਇਹ ਨਹੀਂ ਪਤਾ ਲੱਗਾ ਕਿ ਗੁਰਬਾਣੀ ਵਿੱਚ ‘ਮੋਹਨ’ ਸ਼ਬਦ ਦਾ ਅਰਥ ਅਕਾਲ ਪੁਰਖ ਹੈ ਨਾ ਕਿ ਭਾਈ ਮੋਹਨ । ‘ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ---’ ਵਾਲ਼ੇ ਸ਼ਬਦ ਨੂੰ ਭਾਈ ਮੋਹਨ ਨਾਲ਼ ਜੋੜਨਾ ਕਵੀ ਸੰਤੋਖ ਸਿੰਘ ਦੀ ਗੁਰਬਾਣੀ ਦੇ ਅਰਥਾਂ ਪੱਖੋਂ ਅਗਿਆਨਤਾ ਅਤੇ ਝੂਠੀ ਕਹਾਣੀ ਦੀ ਨਕਲ ਕਰਨ ਦੀ ਮਹਾਨ ਗ਼ਲਤੀ ਸੀ । ‘ਮੋਹਨ’ ਵਾਲ਼ੇ ਸ਼ਬਦ ਦੀ ਵਿਚਾਰ ਕਰੋ ਤਾਂ ਪਤਾ ਲੱਗ ਜਾਂਦਾ ਹੈ ਕਿ ‘ਮੋਹਨ’ ਅਕਾਲ ਪੁਰਖ ਹੈ ਭਾਈ ਮੋਹਨ ਨਹੀਂ, ਦੇਖੋ ਇਸ ਨਕਲੀ ਕਹਾਣੀ ਨਾਲ਼ ਸੰਬੰਧਤ ਗੁਰਬਾਣੀ ਦੇ ਸ਼ਬਦ ਦਾ ਜੋੜਿਆ ਇੱਕ ਬੰਦ:

ਮੋਹਨ ਤੁਧੁ ਸਤਸੰਗਤਿ ਧਿਆਵੈ ਦਰਸ ਧਿਆਨਾ ॥ ਮੋਹਨ ਜਮੁ ਨੇੜਿ ਨ ਆਵੈ ਤੁਧੁ ਜਪਹਿ ਨਿਦਾਨਾ ॥
ਜਮਕਾਲੁ ਤਿਨ ਕਉ ਲਗੈ ਨਾਹੀ ਜੋ ਇਕ ਮਨਿ ਧਿਆਵਹੇ ॥ ਮਨਿ ਬਚਨਿ ਕਰਮਿ ਜਿ ਤੁਧੁ ਅਰਾਧਹਿ ਸੇ ਸਭੇ ਫਲ ਪਾਵਹੇ ॥
ਮਲ ਮੂਤ ਮੂੜ ਜਿ ਮੁਗਧ ਹੋਤੇ ਸਿ ਦੇਖਿ ਦਰਸੁ ਸੁਗਿਆਨਾ ॥ ਬਿਨਵੰਤਿ ਨਾਨਕ ਰਾਜੁ ਨਿਹਚਲੁ ਪੂਰਨ ਪੁਰਖ ਭਗਵਾਨਾ॥
{ਗਗਸ 248}

ਗੁਰਬਾਣੀ ਵਿੱਚ ਮੋਹਨ ਸ਼ਬਦ ਦੀ ਹੋਰ ਵਰਤੋਂ ਦੇਖੋ:

ਗੁਰਬਾਣੀ ਵਿੱਚ ‘ਮੋਹਨ’ ਸ਼ਬਦ 30 ਵਾਰੀ, ‘ਮੋਹਨੁ’ 7 ਵਾਰੀ, ਮੋਹਨਾ 2 ਵਾਰੀ ਅਤੇ ‘ਮੋਹਨਿਆ’ 1 ਵਾਰੀ ਵਰਤਿਆ ਗਿਆ ਹੈ । ਕੁੱਝ ਪ੍ਰਮਾਣ ਦੇਖੋ:
1. ਅਨਿਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨ ਕਾਮਾ ॥ {ਗਗਸ 215/15}
2. ਮੋਹਨ ਲਾਲ ਅਨੂਪ ਸਰਬ ਸਾਧਾਰੀਆ ॥ {ਗਗਸ 241/1}
3. ਕਹੁ ਨਾਨਕ ਛੰਤ ਦਇਆਲ ਮੋਹਨ ਕੇ ਮਨ ਹਰਿ ਚਰਣ ਗਹੀਜੈ ਐਸੀ ਮਨ ਪ੍ਰੀਤਿ ਕੀਜੈ ॥4॥1॥4॥ {ਗਗਸ 455/11}
4. ਕਰਤ ਫਿਰੇ ਬਨ ਭੇਖ ਮੋਹਨ ਰਹਤ ਨਿਰਾਰ॥ {ਗਗਸ 534/16}
5. ਦੇਵਗੰਧਾਰੀ 5 ॥ ਅੰਮ੍ਰਿਤਾ ਪ੍ਰਿਅ ਬਚਨ ਤੁਹਾਰੇ ॥ ਅਤਿ ਸੁੰਦਰ ਮਨਮੋਹਨ ਪਿਆਰੇ ਸਭਹੂ ਮਧਿ ਨਿਰਾਰੇ ॥1॥ ਰਹਾਉ ॥ {ਗਗਸ 534/3}

ਵਿਚਾਰ: ਉੱਪਰੋਕਤ ਪੰਜਾਂ ਪ੍ਰਮਾਣਾਂ ਵਿੱਚੋਂ ਪਹਿਲੇ ਪ੍ਰਮਾਣ ਵਿੱਚ ‘ਮੋਹਨ’ ਸ਼ਬਦ ਦਾ ਅਰਥ ਮਨ ਨੂੰ ਮੋਹ ਲੈਣ ਵਾਲ਼ੇ ਰੰਗ ਤਮਾਸ਼ੇ ਅਤੇ ਬਾਕੀ ਪ੍ਰਮਾਣਾਂ ਵਿੱਚ ‘ਮੋਹਨ’ ਸ਼ਬਦ ਦਾ ਅਰਥ ਅਕਾਲ ਪੁਰਖ ਹੈ । ਕਿਤੇ ਵੀ ‘ਮੋਹਨ’ ਦਾ ਅਰਥ ਭਾਈ ਮੋਹਨ ਨਹੀਂ ਹੈ ।

ੲ). ਤਵਾਰੀਖ਼ ਖ਼ਾਲਸਾ ਵਿੱਚ ਬਾਣੀ ਇੱਕੱਠੀ ਕਰਨ ਬਾਰੇ ਕੀ ਲਿਖਿਆ ਹੈ?
ਗਿਆਨੀ ਗਿਆਂਨ ਸਿੰਘ ਦਾ ਜੀਵਨ ਕਾਲ਼ ਸੰਨ 1822 ਤੋਂ ਸੰਨ 1921 ਤਕ ਦਾ ਹੈ । ਇਸ ਤੋਂ ਪਤਾ ਲੱਗਦਾ ਹੈ ਕਿ ਇਸ ਲਿਖਾਰੀ ਨੇ ਗੁਰਬਿਲਾਸ ਅਤੇ ਸੂਰਜ ਪ੍ਰਕਾਸ਼ ਵਿੱਚ ਦਿੱਤੀ ਜਾਣਕਾਰੀ ਜ਼ਰੂਰ ਪੜ੍ਹੀ ਹੋਵੇਗੀ । ਗੁਰਬਿਲਾਸ ਅਤੇ ਸੂਰਜ ਪ੍ਰਕਾਸ਼ ਵਿੱਚ ਕਵੀਆਂ ਨੇ ਕੇਵਲ ਭਾਈ ਮੋਹਨ ਤੋਂ ਹੀ ਪੋਥੀਆਂ ਲੈਣ ਉੱਤੇ ਜ਼ੋਰ ਦਿੱਤਾ ਹੈ ਅਤੇ ਭਗਤ ਬਾਣੀ ਪ੍ਰਾਪਤ ਕਰਨ ਬਾਰੇ ਕੁੱਝ ਨਹੀਂ ਲਿਖਿਆ । ਤਵਾਰੀਖ਼ ਖ਼ਾਲਸਾ ਵਿੱਚ ਲਿਖਿਆ ਹੈ ਕਿ ਭਾਈ ਮੋਹਨ ਵਾਲ਼ੀਆਂ ਪੋਥੀਆਂ ਵਿੱਚ ਬਹੁਤ ਥੋੜੀ ਬਾਣੀ ਸੀ ਅਤੇ ਇਹ ਲਿਖ ਕੇ ਉਸ ਨੇ ਗੁਰਬਿਲਾਸ ਅਤੇ ਸੂਰਜ ਪ੍ਰਕਾਸ਼ ਦੀ ਇਸ ਗੱਲ ਨੂੰ ਰੱਦ ਕਰ ਦਿੱਤਾ ਕਿ ਪੋਥੀਆਂ ਵਿੱਚ ਹੀ ਸਾਰੀ ਬਾਣੀ ਸੀ ।

ਤਵਾਰੀਖ਼ ਖ਼ਾਲਸਾ ਦੀ ਵੱਖਰੀ ਮਨਮਤੀ ਕਾਢ!
ਤਵਾਰੀਖ਼ {ਤਾਰੀਖ਼ ਸ਼ਬਦ ਦਾ ਬਹੁ-ਵਚਨ} ਦਾ ਅਰਥ ਹੈ ਤਾਰੀਖ਼ਵਾਰ ਲਿਖੀ ਹੋਈ ਰਚਨਾ । ਗਿਆਨੀ ਗਿਆਨ ਸਿੰਘ ਨੇ ਭਾਈ ਮੋਹਨ ਤੋਂ ਪੋਥੀਆਂ ਲ਼ੈਣ ਤੋਂ ਬਿਨਾਂ ਇਹ ਵੀ ਲਿਖਿਆ ਹੈ ਕਿ ਪੰਜਵੇਂ ਗੁਰੂ ਜੀ ਨੇ ਦੂਰ-ਦੁਰਾਡੇ ਸਿੱਖ ਸੰਗਤਾਂ ਵਿੱਚ ਸੁਨੇਹੇ ਭੇਜੇ ਕਿ ਜਿੱਥੇ ਕਿਤੇ ਵੀ ਕੋਈ ਗੁਰਬਾਣੀ ਦਾ ਸ਼ਬਦ ਕਿਸੇ ਕੋਲ਼ ਪਿਆ ਹੈ ਉਹ ਉਨ੍ਹਾਂ ਕੋਲ਼ ਪਹੁੰਚਾ ਦੇਣ । ਤਵਾਰੀਖ਼ ਵਿੱਚ ਲਿਖਿਆ ਹੈ ਕਿ ਇਸ ਕੰਮ ਨੂੰ ਕਈ ਸਾਲ ਲੱਗ ਗਏ । ਗਿਆਨੀ ਜੀ ਦੀ ਸੋਚ ਉੱਤੇ ਅਫ਼ਸੋਸ ਹੈ ਕਿ ਉਸ ਨੇ ਗੁਰਬਿਲਾਸ ਅਤੇ ਸੂਰਜ ਪ੍ਰਕਾਸ਼ ਦੇ ਲਿਖਾਰੀਆਂ ਦੀ ਗੁਰਬਾਣੀ ਦੀ ਮਹਾਨਤਾ ਪੱਖੋਂ ਅਗਿਆਨਤਾ ਨਾਲ਼ੋਂ ਵਧ ਕੇ ਆਪਣੀ ਅਗਿਆਨਤਾ ਦਿਖਾਈ ਹੈ।

ਭਾਈ ਬਖ਼ਤਾ ਅਰੋੜਾ ਇੱਕ ਬਹੁਤ ਵੱਡਾ ਪੋਥਾ ਲੈ ਕੇ ਆਇਆ!
ਤਵਾਰੀਖ਼ ਖ਼ਾਲਸਾ ਦਾ ਲਿਖਾਰੀ ਬਹੁਤ ਤਕੜੀ ਗੱਪ ਮਾਰਦਾ ਲਿਖਦਾ ਹੈ ਕਿ ਬਖ਼ਤਾ ਅਰੋੜਾ ਨਾ ਦਾ ਇੱਕ ਸਿੱਖ ਪੰਜਵੇਂ ਗੁਰੂ ਜੀ ਕੋਲ਼ ਇੱਕ ਗ੍ਰੰਥ ਲੈ ਕੇ ਆਇਆ ਜਿਸ ਨੂੰ ਬਹੁਤ ਭਾਰਾ ਹੋਣ ਕਾਰਣ ਇੱਕ ਬੰਦਾ ਮਸਾਂ ਹੀ ਚੁੱਕ ਸਕਦਾ ਸੀ । ਅੱਗੇ ਉਹ ਗੱਪ ਨੂੰ ਜਾਰੀ ਕਰਦਾ ਲਿਖਦਾ ਹੈ ਕਿ ਇਸ ਗ੍ਰੰਥ ਵਿੱਚ ਬਾਣੀ ਵੀ ਚਹੁੰ ਗੁਰੂ ਪਾਤਿਸ਼ਾਹਾਂ ਦੀ ਸੀ ਅਤੇ ਬਖ਼ਤਾ ਆਪ ਪਹਿਲੇ ਗੁਰੂ ਜੀ ਤੋਂ ਲੈ ਕੇ ਚਉਥੇ ਗੁਰੂ ਜੀ ਦੇ ਹਜ਼ੂਰ ਰਹਿ ਕੇ ਬਾਣੀ ਦਾ ਉਤਾਰਾ ਕਰਦਾ ਰਿਹਾ ਅਤੇ ਗੁਰੂ ਪਾਤਿਸ਼ਾਹਾਂ ਕੋਲ਼ੋਂ ਦਸਖ਼ਤ ਵੀ ਕਰਵਾਉਂਦਾ ਰਿਹਾ । ਇਹ ਸਿੱਖ ਬਖ਼ਤਾ ਅਰੋੜਾ ਜਲਾਲਪੁਰੀ ਪਰਗਨੇ ਹਸਨ ਅਬਦਾਲ ਤੋਂ ਪੋਥਾ ਲਿਆਇਆ ਦੱਸਿਆ ਗਿਆ ਹੈ । ਫਿਰ ਲਿਖਾਰੀ ਗੱਪ ਨੂੰ ਅੱਗੇ ਤੋਰਦਾ ਲਿਖਦਾ ਹੈ ਕਿ ਬਖ਼ਤੇ ਵਾਲ਼ੇ ਪੋਥੇ ਵਿੱਚੋਂ ਜੋ ਬਾਣੀ ਗੁਰੂ ਜੀ ਨੇ ਲਿਖਣੀ ਚਾਹੀ ਉਹ ਲਿਖ ਕੇ ਪੋਥਾ ਉਸ ਨੂੰ ਵਾਪਸ ਮੋੜ ਦਿੱਤਾ ।

ਵਿਚਾਰ: ਭਾਈ ਬਖ਼ਤੇ ਵਾਲ਼ੀ ਗੱਪ ਕਹਾਣੀ ਦਾ ਕੋਈ ਆਧਾਰ ਨਹੀਂ ਹੈ । ਕਾਰਣ ਇਹ ਹਨ:

1. ਭਾਈ ਬਖ਼ਤਾ ਜੇ 25 ਸਾਲ ਦੀ ਉਮਰੇ ਪਹਿਲੇ ਗੁਰੂ ਜੀ ਦੀਆਂ ਇਤਿਹਾਸਕ ਫੇਰੀਆਂ ਤੋਂ ਪਿੱਛੋਂ ਕਰਤਾਰਪੁਰ ਆਇਆ ਮੰਨਿਆਂ ਜਾਵੇ ਤਾਂ ਉਸ ਦੀ ਉਮਰ ਆਦਿ ਬੀੜ ਦੀ ਲਿਖਾਈ ਸੰਨ 1604 ਸਮੇਂ 108 ਸਾਲ ਦੀ ਬਣਦੀ ਹੈ ਜਿਸ ਵਿੱਚੋਂ ਉਸ ਨੇ 83 ਸਾਲ ਪਹਿਲੇ 4 ਗੁਰੂ ਪਾਤਿਸ਼ਾਹਾਂ ਦੇ ਹਜ਼ੂਰ ਬਾਣੀ ਦੇ ਉਤਾਰੇ ਕਰਨ ਵਿੱਚ ਬਿਤਾਏ । ਭਾਈ ਗੁਰਦਾਸ ਜੀ ਨੇ ਆਪਣੀਆਂ ਲਿਖੀਆਂ ਵਾਰਾਂ ਵਿੱਚ ਸਿੱਖਾਂ ਦੇ ਨਾਂਵਾਂ ਦਾ ਜ਼ਿਕਰ ਕਰਦਿਆਂ ਕਿਤੇ ਬਖ਼ਤੇ ਦਾ ਨਾਂ ਨਹੀਂ ਲਿਖਿਆ ਅਤੇ ਨਾ ਹੀ ਏਡੇ ਉੱਘੇ ਅਖੌਤੀ ਦਰਸ਼ਨੀ ਸਿੱਖ ਦਾ ਬਿਆਨ ਤਵਾਰੀਖ਼ ਦੇ ਲਿਖਾਰੀ ਤੋਂ ਬਿਨਾਂ ਕਿਸੇ ਹੋਰ ਨੇ ਆਪਣੀਆ ਲਿਖਤਾਂ ਵਿੱਚ ਕੀਤਾ ਹੈ ।

2. ਭਾਈ ਬਖ਼ਤਾ ਪਹਿਲੇ 4 ਗੁਰੂ ਪਾਤਿਸ਼ਾਹਾਂ ਦੀ ਬਾਣੀ ਤਾਂ ਆਪ ਜਾ ਕੇ ਕਾਗ਼ਜ਼ਾਂ ਉੱਤੇ ਉਤਾਰਦਾ ਰਿਹਾ ਪਰ ਪੰਜਵੇਂ ਗੁਰੂ ਜੀ ਕੋਲ਼ ਬਾਣੀ ਦਾ ਉਤਾਰਾ ਕਰਨ ਉਹ ਕਿਉਂ ਨਹੀਂ ਆਇਆ? ਕੀ ਉਹ ਥੱਕ ਗਿਆ ਸੀ? ਕੀ ਉਸ ਦਾ ਬਾਣੀ ਦੇ ਉਤਾਰੇ ਕਰਨ ਦਾ ਚਾਅ ਮੁੱਕ ਗਿਆ ਸੀ? ਕੀ ਉਸ ਕੋਲ਼ ਕਾਗ਼ਜ਼ ਅਤੇ ਸਿਆਹੀ ਮੁੱਕ ਚੁੱਕੇ ਸਨ? ਕੀ ਉਸ ਨੂੰ ਪੰਜਵੇਂ ਗੁਰੂ ਜੀ ਦੀ ਬਾਣੀ ਨਾਲ਼ ਕੋਈ ਪਿਆਰ ਨਹੀਂ ਸੀ?

3. ਧੰਨੁ ਗੁਰੂ ਨਾਨਕ ਸਾਹਿਬ ਤਾਂ ਇਤਿਹਾਸਕ ਫੇਰੀਆਂ ਤੋਂ ਪਿੱਛੋਂ ਵੀ ਦੂਰ-ਨੇੜੇ ਸਤਿਨਾਮ ਦਾ ਉਪਦੇਸ਼ ਦੇਣ ਜਾਂਦੇ ਰਹੇ ਪਰ ਬਖ਼ਤੇ ਦਾ ਕਿਸੇ ਨੇ ਜ਼ਿਕਰ ਨਹੀਂ ਕੀਤਾ ਕਿ ਉਹ ਵੀ ਨਾਲ਼ ਜਾਂਦਾ ਹੁੰਦਾ ਸੀ । ਕੇਵਲ ਭਾਈ ਮਰਦਾਨੇ ਦਾ ਹੀ ਹਰ ਥਾਂ ਗੁਰੂ ਜੀ ਦਾ ਸਾਥੀ ਬਣਨ ਦਾ ਜ਼ਿਕਰ ਹੈ ।

4. ਜੇ ਬਾਣੀ ਖਿੱਲਰੀ ਪਈ ਸੀ ਅਤੇ ਗੁਰੂ ਜੀ ਆਪਣੇ ਕੋਲ਼ ਲਿਖ ਕੇ ਨਹੀਂ ਰੱਖਦੇ ਸਨ ਤਾਂ ਭਾਈ ਬਖ਼ਤੇ ਨੇ ਉਹ ਬਾਣੀ ਕਿੱਥੋਂ ਉਤਾਰੀ ਜੋ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਇਤਿਹਾਸਕ ਸਫ਼ਰਾਂ ਸਮੇਂ ਲੋਕਾਂ ਨੂੰ ਸਮਝਾਉਣ ਲਈ ਗਾਈ ਸੀ?

5. ਜੇ ਬਖ਼ਤੇ ਕੋਲ਼ ਸਾਰੀ ਬਾਣੀ ਹੀ ਸੀ ਅਤੇ ਗੁਰੂ ਪਾਤਿਸ਼ਾਹਾਂ ਦੇ ਦਸਖ਼ਤ ਵੀ ਨਾਲ਼ ਕਰਵਾਏ ਸਨ ਤਾਂ ਪੰਜਵੇਂ ਗੁਰੂ ਜੀ ਨੂੰ ਚੋਣਵੀਂ ਬਾਣੀ ਰੱਖ ਕੇ ਬਾਕੀ ਕਿਉਂ ਮੋੜਨੀ ਪਈ? ਕੀ ਬਾਕੀ ਮੋੜੀ ਬਾਣੀ ਨਕਲੀ ਇਕੱਠੀ ਕੀਤੀ ਹੋਈ ਸੀ?

ਸਿੱਟਾ:
ਸਾਰੀ ਵਿਚਾਰ ਦਾ ਸਿੱਟਾ ਇਹ ਹੈ ਕਿ ਭਾਈ ਬਖ਼ਤੇ ਨੂੰ ਤਵਾਰੀਖ਼ ਖ਼ਾਲਸਾ ਦੇ ਲਿਖਾਰੀ ਨੇ ਇਸ ਲਈ ਸਿਰਜਿਆ ਕਿ ਉਹ ਗੁਰਬਿਲਾਸ ਅਤੇ ਸੂਰਜ ਪ੍ਰਕਾਸ਼ ਵਿੱਚ ਲਿਖੇ ਤੱਥਾਂ ਤੋਂ ਕੋਈ ਵੱਖਰੀ ਗੱਲ ਲਿਖ ਸਕੇ । ਤਵਾਰੀਖ ਦੇ ਲਿਖਾਰੀ ਨੇ ਸੋਚਿਆ ਕਿ ਭਾਈ ਮੋਹਨ ਤੋਂ ਲਿਆਂਦੀਆਂ ਦੋ ਪੋਥੀਆਂ ਤੋਂ ਤਾਂ ਐਡਾ ਵੱਡਾ ਗ੍ਰੰਥ {ਆਦਿ ਬੀੜ} ਨਹੀਂ ਤਿਆਰ ਹੋ ਸਕਦਾ ਤੇ ਕਿਉਂ ਨਾ ਬਾਣੀ ਨੂੰ ਖਿੱਲਰੀ ਸਮਝ ਕੇ ਉਸ ਨੂੰ ਇਕੱਠਾ ਕੀਤੇ ਜਾਣ ਦਾ ਢੋਂਗ ਰਚੀਏ । ਭਗਤ ਬਾਣੀ ਵੀ ਤਾਂ ਬੀੜ ਵਿੱਚ ਸ਼ਾਮਲ ਹੈ ਸੀ । ਵਿਚਾਰ ਅਧੀਨ ਲਈਆਂ ਤਿੰਨੇ ਲਿਖਾਰੀਆਂ ਦੀਆਂ ਲਿਖਤਾਂ ਵਿੱਚ ਗੁਰਬਾਣੀ ਨੂੰ ਇੱਕੱਠਾ ਕਰਨ ਦੀ ਕਹਾਣੀ ਬਿੱਲਕੁਲ਼ ਕੋਰਾ ਝੂਠ ਹੈ ਜਿਸ ਤੋਂ ਲਿਖਾਰੀਆਂ ਦੀ ਗੁਰਬਾਣੀ ਦੀ ਮਹਾਨਤਾ ਪੱਖੋਂ ਘੋਰ ਅਗਿਆਨਤਾ ਨਜ਼ਰੀਂ ਪੈਂਦੀ ਹੈ । ਸਿੱਖਾਂ ਵਾਲ਼ੇ ਨਾਂ ਵਰਤ ਕੇ ਪੁਰਾਤਨ ਲਿਖਾਰੀਆਂ ਨੇ ਆਪਣੇ ਲਿਖੇ ਗ੍ਰੰਥਾਂ ਵਿੱਚ ਸਿੱਖਾਂ ਦਾ ਅਸਲੀ ਇਤਿਹਾਸ ਵਿਗਾੜ ਦਿੱਤਾ ਹੋਇਆ ਹੈ ।

ਚਲਦਾ...

ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top