Share on Facebook

Main News Page

'ਆਦਿ ਬੀੜ' ਕਿਵੇਂ ਬਣੀ ? ਕਿਸ਼ਤ ਦੂਜੀ
-: ਪ੍ਰੋ. ਕਸ਼ਮੀਰਾ ਸਿੰਘ USA
26.04.19

ਲੜੀ ਜੋੜਨ ਲਈ ਪੜ੍ਹੋ: ਕਿਸ਼ਤ ਪਹਿਲੀ

ਬਾਣੀ ਸੁਨੇਹੇ ਭੇਜ ਕੇ ਕਿਤਿਓਂ ਇਕੱਠੀ ਨਹੀਂ ਕੀਤੀ ਗਈ ।

ਪਹਿਲੀ ਕਿਸ਼ਤ ਵਿੱਚ ਇਹ ਨਿਰਣਾ ਕੀਤਾ ਗਿਆ ਸੀ ਕਿ ਗੁਰਬਾਣੀ ਦੀ ਮਹਾਨਤਾ ਤੋਂ ਕੋਰੇ ਲਿਖਾਰੀਆਂ ਦੁਆਰਾ ਪੰਜਵੇਂ ਗੁਰੂ ਜੀ ਵਲੋਂ ਗੁਰਬਾਣੀ ਇੱਕੱਠੀ ਕਰਨ ਦਾ ਹੋਕਾ ਦਿਵਾਉਣਾ ਕੋਰਾ ਝੂਠ ਸੀ । ਇਸ ਕਿਸ਼ਤ ਵਿੱਚ ਪ੍ਰਮਾਣਾ ਦੁਆਰਾ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਪੰਜਵੇਂ ਗੁਰੂ ਜੀ ਕੋਲ਼ ਪਹਿਲੇ ਚਾਰ ਗੁਰੂ ਪਾਤਿਸ਼ਾਹਾਂ ਦੀ ਬਾਣੀ ਮੌਜੂਦ ਸੀ ਜਿਸ ਕਾਰਣ ਗੁਰੂ ਜੀ ਨੂੰ ਕਿਤੇ ਵੀ ਕਿਸੇ ਨੂੰ ਆ ਕੇ ਬਾਣੀ ਜਮਾਂ ਕਰਾਉਣ ਦੇ ਸੁਨੇਹੇ ਨਹੀਂ ਭੇਜਣੇ ਪਏ । ਜਾਨ ਤੋਂ ਵੱਧ ਪਿਆਰੀ ਬਾਣੀ ਲਿਖ ਕੇ ਕੋਲ਼ ਰੱਖਣ ਦੀ ਲੋੜ ਅਤੇ ਰੀਤਿ ਖ਼ੁਦ ਪਹਿਲੇ ਪਾਤਿਸ਼ਾਹ ਜੀ ਹੀ ਚਲਾ ਗਏ ਸਨ ਜਿਸ ਦੀ ਪੁਸ਼ਟੀ ਭਾਈ ਗੁਰਦਾਸ ਜੀ ਇਉਂ ਕਰਦੇ ਹਨ-

ਪੁਛਨਿ ਗਲ ਈਮਾਨ ਦੀ ਕਾਜ਼ੀ ਮੁਲਾਂ ਇਕਠੇ ਹੋਈ॥ ਵਡਾ ਸਾਂਗ ਵਰਤਾਇਆ ਲਖਿ ਨ ਸਕੇ ਕੁਦਰਤਿ ਕੋਈ॥
ਪੁਛਨਿ ਫੋਲਿ ਕਿਤਾਬ ਨੂੰ ਹਿੰਦੂ ਵਡਾ ਕਿ ਮੁਸਲਮਾਨੋਈ॥ ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਝੋ ਦੋਨੋ ਰੋਈ॥
ਹਿੰਦੂ ਮੁਸਲਮਾਨ ਦੋਇ ਦਰਗਹਿ ਅੰਦਰ ਲਹਨਿ ਨ ਢੋਈ॥ ਕਚਾ ਰੰਗ ਕੁਸੁੰਭ ਦਾ ਪਾਣੀ ਧੋਤੈ ਥਿਰ ਨ ਰਹੋਈ॥
ਕਰਨਿ ਬਖੀਲੀ ਆਪ ਵਿਚਿ ਰਾਮ ਰਹੀਮ ਇਕ ਥਾਇ ਖਲੋਈ॥ ਰਾਹਿ ਸ਼ੈਤਾਨੀ ਦੁਨੀਆ ਗੋਈ
॥33॥ {ਵਾਰ 1 ਪਉੜੀ 33}

ਵਿਚਾਰ: ਪਉੜੀ ਵਿੱਚ ਜਿਸ ਕਿਤਾਬ ਦਾ ਜ਼ਿਕਰ ਹੈ ਉਹ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਕੋਲ਼ ਬਾਣੀ ਦੀ ਪੋਥੀ ਸੀ ਜਿਸ ਵਿੱਚ ਉਨ੍ਹਾਂ ਦੀ ਆਪਣੀ ਬਾਣੀ ਅਤੇ ਉਨ੍ਹਾਂ ਵਲੋਂ ਆਪ ਉਤਾਰੇ ਕਰ ਕੇ ਰੱਖੀ ਭਗਤ ਬਾਣੀ ਵੀ ਸੀ । ਕਾਜ਼ੀਆਂ ਅਤੇ ਮੌਲਾਣਿਆਂ ਨੇ ਵਡਾ ਹਿੰਦੂ ਕਿ ਮੁਸਲਮਾਨੋਈ ਦਾ ਉੱਤਰ ਇਸੇ ਕਿਤਾਬ ਦੀ ਵਿਚਾਰਧਾਰਾ ਅਨੁਸਾਰ ਦੇਣ ਲਈ ਆਖਿਆ ਸੀ ।

ਪਹਿਲੇ ਚਾਰ ਗੁਰੂ ਪਾਤਿਸ਼ਾਹਾਂ ਦੀ ਸਾਰੀ ਬਾਣੀ ਪੰਜਵੇਂ ਗੁਰੂ ਜੀ ਕੋਲ਼ ਮੌਜੂਦ ਸੀ:

ੳ). ਪਹਿਲੇ ਗੁਰੂ ਜੀ ਤੋਂ ਬਾਣੀ ਧੰਨੁ ਗੁਰੂ ਅੰਗਦ ਸਾਹਿਬ ਜੀ ਕੋਲ਼ ਪਹੁੰਚੀ।
ਸ. ਜੀ. ਬੀ. ਸਿੰਘ ਨੇ ਕੀ ਕਿਹਾ...
ਪ੍ਰਾਚੀਨ ਬੀੜਾਂ ਪੁਸਤਕ ਦੇ ਲਿਖਾਰੀ ਸ: ਜੀ.ਬੀ. ਸਿੰਘ ਨੇ ਪੰਨਾਂ 11-12 ਉੱਤੇ ਗੁਰਬਾਣੀ ਦੀ ਤਲਾਸ਼ ਸਿਰਲੇਖ ਹੇਠ ਲਿਖਿਆ ਹੈ ਕਿ ਪਹਿਲੇ ਗੁਰੂ ਜੀ ਕੋਲ਼ ਬਾਣੀ ਦੀ ਪੋਥੀ ਸੀ ਪਰ ਦੂਜੇ ਗੁਰੂ ਜੀ ਕੋਲ਼ ਨਹੀਂ ਪਹੁੰਚੀ ਸਗੋਂ ਉਹ ਭਾਈ ਸ਼੍ਰੀ ਚੰਦ ਨੂੰ ਮਿਲ਼ੀ । ਭਾਈ ਸ਼੍ਰੀ ਚੰਦ ਦੇ ਚਲਾਣੇ ਸਮੇਂ ਉਹ ਬਾਣੀ ਦੀ ਪੋਥੀ ਵੀ ਭਾਈ ਸ਼੍ਰੀ ਚੰਦ ਦੀਆਂ ਅਸਥੀਆਂ ਨਾਲ਼ ਹੀ ਰਾਵੀ ਦਰਿਆ ਵਿੱਚ ਰੋੜ੍ਹ ਦਿੱਤੀ ਗਈ ਕਿਉਂਕਿ ਲਿਖਾਰੀ ਅਨੁਸਾਰ ਭਾਈ ਸ਼੍ਰੀ ਚੰਦ ਦੀ ਹਦਾਇਤ ਉੱਪਰ ਅਜਿਹਾ ਕੀਤਾ ਗਿਆ ।

ਵਿਚਾਰ:
* ਜੇ ਪਹਿਲੇ ਗੁਰੂ ਜੀ ਦੀ ਬਾਣੀ ਦਰਿਆ ਵਿੱਚ ਰੋੜ੍ਹ ਦਿੱਤੀ ਗਈ ਸੀ ਤਾਂ ਦੂਜੇ ਗੁਰੂ ਜੀ ਨੇ ਕਿਹੜੀ ਬਾਣੀ ਨਾਲ਼ ਸੰਗਤਾਂ ਵਿੱਚ ਪ੍ਰਚਾਰ ਕੀਤਾ ? ਦੁਜੇ ਗੁਰੂ ਜੀ ਦੇ ਤਾਂ ਕੇਵਲ 63 ਹੀ ਸ਼ਲੋਕ ਹਨ ਅਤੇ ਉਨ੍ਹਾਂ ਨੇ 13 ਸਾਲ ਗੁਰਿਆਈ ਕੀਤੀ ।

* ਪਹਿਲੇ ਗੁਰੂ ਜੀ ਨੇ ਆਪਣੀ ਹਯਾਤੀ ਵਿੱਚ ਹੀ ਭਾਈ ਲਹਿਣਾ ਜੀ ਨੂੰ ਗੁਰਿਆਈ ਦੇ ਕੇ ਧੰਨੁ ਗੁਰੂ ਅੰਗਦ ਸਾਹਿਬ ਜੀ ਬਣਾ ਦਿੱਤਾ ਸੀ ।ਉਨ੍ਹਾਂ ਨੇ ਸਮੱਗਰ ਬਾਣੀ ਦਾ ਖ਼ਜ਼ਾਨਾ ਵੀ ਆਪਣੀ ਹੱਥੀਂ ਦੂਜੇ ਗੁਰੂ ਜੀ ਨੂੰ ਉਸੇ ਸਮੇਂ ਹੀ ਸੌਂਪਣਾ ਸੀ ਕਿਉਂਕਿ ਇਸੇ ਮਹਾਨ ਅਤੇ ਕੀਮਤੀ ਵਿਰਸੇ ਨਾਲ਼ ਹੀ ਗੁਰਮਤਿ ਵਿਚਾਰਧਾਰਾ ਨੂੰ ਅਗਾਂਹ ਤੋਰਨਾ ਸੀ ਅਤੇ ਦੂਜੇ ਗੁਰੂ ਜੀ ਹੀ ਇਸ ਖ਼ਜ਼ਾਨੇ ਨੂੰ ਸੰਭਾਲਣ ਦੇ ਯੋਗ ਵੀ ਸਨ ਅਤੇ ਖ਼ਜ਼ਾਨੇ ਦੇ ਹੱਕਦਾਰ ਵੀ । ਫਿਰ ਇਹ ਖ਼ਜ਼ਾਨਾ ਭਾਈ ਸ਼੍ਰੀ ਚੰਦ ਕੋਲ਼ ਕਿਵੇਂ ਚਲੇ ਗਿਆ?

* ਇਹ ਵੀ ਸਵਾਲ ਉੱਠਦਾ ਹੈ ਕਿ ਪੰਜਵੇਂ ਗੁਰੂ ਜੀ ਨੇ ਪਹਿਲੇ ਗੁਰੂ ਜੀ ਅਤੇ ਭਗਤਾਂ ਦੀ ਬਾਣੀ ਫਿਰ ਕਿੱਥੋਂ ਲੈ ਕੇ ਆਦਿ ਬੀੜ ਵਿੱਚ ਦਰਜ ਕੀਤੀ ਜੇ ਉਹ ਰਾਵੀ ਦਰਿਆ ਵਿੱਚ ਹੀ ਰੋੜ੍ਹ ਦਿੱਤੀ ਸੀ ? ਲਿਖਾਰੀ ਜੀ.ਬੀ. ਸਿੰਘ ਦੀ ਇਹ ਦਲੀਲ ਬਿੱਲਕੁਲ ਕੱਚੀ ਹੈ ਜੋ ਪਹਿਲੇ ਦੋ ਗੁਰੂ ਪਾਤਿਸ਼ਾਹਾਂ ਜੀ ਦੀ ਬਾਣੀ ਦੇ ਵਰਤੇ ਸਾਂਝੇ ਸ਼ਬਦਾਂ ਦੇ ਟਾਕਰੇ ਤੋਂ ਸਪੱਸ਼ਟ ਹੋ ਜਾਵੇਗੀ ।

ਹੁਣ ਟਾਕਰਾ ਕਰਦੇ ਹਾਂ ਪਹਿਲੇ ਦੋ ਗੁਰੂ ਪਾਤਿਸ਼ਾਹਾਂ ਜੀ ਦੀ ਬਾਣੀ ਦਾ:

1). ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ॥ {ਮ: 1 474}
ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥ {ਮ: 2 474}

2.) ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ ॥22॥ {ਮ: 1 474}
ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ ॥ {ਮ: 2 474}

3). ਸਲੋਕੁ ਮ: 1 ॥ ਸੇਈ ਪੂਰੇ ਸਾਹ ਵਖਤੈ ਉਪਰਿ ਲੜਿ ਮੁਏ ॥ {ਗਗਸ 145}
ਮ: 2 ॥ ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ ॥ {ਗਗਸ 146}

4). ਸਭੇ ਵੇਲਾ ਵਖਤ ਸਭਿ ਜੇ ਅਠੀ ਭਉ ਹੋਇ ॥ {ਮਹਲਾ 1 146}
ਅਠੀ ਵੇਪਰਵਾਹ ਰਹਨਿ ਇਕਤੈ ਰੰਗਿ ॥ {ਮ: 2 146}
ਸਲੋਕ ਮ: 2 ॥ ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ ॥ {ਗਗਸ 146}

5). ਸਲੋਕੁ ਮ: 1 ॥ ਸਬਾਹੀ ਸਾਲਾਹ ਜਿਨੀ ਧਿਆਇਆ ਇਕ ਮਨਿ ॥ {ਗਗਸ 145}
ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ ॥ ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ ॥ {ਮ:2 146}

6). ਸਲੋਕੁ ॥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥
1॥ {ਮਹਲਾ 1 ਪੰਨਾਂ 8}

ਮ: 2 ॥ ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ ॥
2॥ {ਗਗਸ 146}

ਉੱਪਰੋਕਤ ਬਾਣੀ ਵਿੱਚ ਸ਼ਬਦਾਂ ਦੀ ਸਾਂਝ ਤੋਂ ਇਹੀ ਸਿੱਟਾ ਨਿਕਲ਼ਦਾ ਹੈ ਕਿ ਪਹਿਲੇ ਗੁਰੂ ਜੀ ਤੋਂ ਬਾਣੀ ਦਾ ਖ਼ਜ਼ਾਨਾ ਦੂਜੇ ਗੁਰੂ ਜੀ ਕੋਲ਼ ਆ ਗਿਆ ਸੀ । ਨਾ ਹੀ ਇਸ ਖ਼ਜ਼ਾਨੇ ਨੂੰ ਰਾਵੀ ਦਰਿਆ ਵਿੱਚ ਰੋੜ੍ਹਿਆ ਗਿਆ ਸੀ, ਨਾ ਹੀ ਇਹ ਖ਼ਜ਼ਾਨਾ ਭਾਈ ਸ਼੍ਰੀ ਚੰਦ ਕੋਲ਼ ਗਿਆ ਸੀ ਅਤੇ ਨਾ ਹੀ ਕਿਤੇ ਖਿਲਾਰਿਆ ਗਿਆ ਸੀ ।

ਅ). ਪਹਿਲੇ ਗੁਰੂ ਜੀ ਦੀ ਬਾਣੀ ਦੀ ਤੀਜੇ, ਚਉਥੇ ਅਤੇ ਪੰਜਵੇਂ ਗੁਰੂ ਜੀ ਦੀ ਬਾਣੀ ਨਾਲ਼ ਸ਼ਬਦਾਂ ਦੀ ਸਾਂਝ:

ਸ਼੍ਰੀ ਰਾਗ ਦੇ ਸ਼ਬਦਾਂ ਵਿੱਚ ਵਰਤੇ ਸਾਂਝੇ ਸ਼ਬਦ:

ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਸ਼੍ਰੀ ਰਾਗ ਦੇ ਕੁੱਝ ਸ਼ਬਦਾਂ ਦੀ ਰਹਾਉ ਦੀ ਤੁਕ ਵਿੱਚ ਭਾਈ ਰੇ, ਮਨ ਮੇਰੇ, ਮੇਰੇ ਮਨ ਅਤੇ ਮੁੰਧੇ ਸ਼ਬਦਾਂ ਦੀ ਸੰਬੋਧਨ ਕਾਰਕ ਵਿੱਚ ਵਰਤੋਂ ਕੀਤੀ ਹੈ । ਇਸੇ ਨੂੰ ਮੁੱਖ ਰੱਖ ਕੇ ਤੀਜੇ ਗੁਰੂ ਜੀ ਨੇ ਵੀ ਭਾਈ ਰੇ, ਮਨ ਮੇਰੇ, ਮੇਰੇ ਮਨ ਅਤੇ ਮੁੰਧੇ ਸ਼ਬਦਾਂ ਦੀ ਸ਼੍ਰੀ ਰਾਗ ਵਿੱਚ ਕੁੱਝ ਸ਼ਬਦਾਂ ਦੀ ਰਹਾਉ ਦੀ ਤੁਕ ਵਿੱਚ ਵਰਤੋਂ ਕੀਤੀ ਹੈ । ਚੌਥੇ ਗੁਰੂ ਜੀ ਨੇ ਵੀ ਭਾਈ ਰੇ ਅਤੇ ਪੰਜਵੇਂ ਗੁਰੂ ਜੀ ਨੇ ਮਨ ਮੇਰੇ, ਮੇਰੇ ਮਨ, ਭਾਈ ਰੇ ਸ਼ਬਦ ਸੰਬੋਧਨ ਕਾਰਕ ਵਿੱਚ ਸ਼੍ਰੀ ਰਾਗ ਦੇ ਕੁੱਝ ਸ਼ਬਦਾਂ ਦੀ ਰਹਾਉ ਦੀ ਤੁਕ ਵਿੱਚ ਵਰਤੇ ਹਨ । ਪ੍ਰਮਾਣ ਵਜੋਂ ਪਹਿਲੇ ਗੁਰੂ ਜੀ ਦੇ ਰਚੇ ਸ਼੍ਰੀ ਰਾਗ ਦੇ ਸ਼ਬਦ ਨੰਬਰ 10, 11, 12, 13, 15, 19, 20, 21 22 ਅਤੇ 23 ਦੇਖੇ ਜਾ ਸਕਦੇ ਹਨ । ਤੀਜੇ ਗੁਰੂ ਜੀ ਦੇ ਏਸੇ ਰਾਗ ਦੇ ਸ਼ਬਦ ਨੰਬਰ 1, 2, 5, 6, 7, 8, 10, 11, 12, 19, 28 ਅਤੇ 29 ਦੇਖੇ ਜਾ ਸਕਦੇ ਹਨ । ਚਉਥੇ ਗੁਰੂ ਜੀ ਦੇ ਏਸੇ ਰਾਗ ਦੇ ਸ਼ਬਦ ਨੰਬਰ 5 ਅਤੇ 6 ਦੇਖੇ ਜਾ ਸਕਦੇ ਹਨ । ਪੰਜਵੇਂ ਗੁਰੂ ਜੀ ਦੇ ਸ਼੍ਰੀ ਰਾਗ ਦੇ ਸ਼ਬਦ ਨੰਬਰ 1, 2, 5, 6, 13, ਅਤੇ 30 ਦੇਖੇ ਜਾ ਸਕਦੇ ਹਨ । ਇਹ ਇਸ ਗੱਲ ਦਾ ਸਬੂਤ ਹੈ ਕਿ ਪਹਿਲੇ ਗੁਰੂ ਜੀ ਦੀ ਬਾਣੀ ਬਾਕੀ ਚਾਰ ਗੁਰੂ ਪਾਤਿਸ਼ਾਹਾਂ ਕੋਲ਼ ਮੌਜੂਦ ਸੀ । ਦੂਜੇ ਗੁਰੂ ਜੀ ਨੇ ਸ਼ਬਦ ਰਚਨਾ ਨਹੀਂ ਕੀਤੀ, ਉਨ੍ਹਾਂ ਦੇ ਕੇਵਲ ਸ਼ਲੋਕ ਹੀ ਹਨ ਜੋ ਵੱਖ-ਵੱਖ ਵਾਰਾਂ ਵਿੱਚ ਲਿਖੇ ਦੇਖੇ ਜਾ ਸਕਦੇ ਹਨ । ਹੇਠਾਂ ਕੁੱਝ ਹੋਰ ਪ੍ਰਮਾਣ ਦਿੱਤੇ ਜਾ ਰਹੇ ਹਨ ਜੋ ਸਾਬਤ ਕਰਦੇ ਹਨ ਕਿ ਪਹਿਲੇ ਪਾਤਿਸ਼ਾਹ ਜੀ ਦੀ ਬਾਣੀ ਤੀਜੇ ਗੁਰੂ ਜੀ ਕੋਲ਼, ਦੂਜੇ ਗੁਰੂ ਜੀ ਰਾਹੀਂ, ਆ ਗਈ ਸੀ:

1). ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ ॥27॥ {ਮਹਲਾ 1 ਪੰ.1412}
ਮਹਲਾ 3 ॥ ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ ॥28॥ {ਗਗਸ ਪੰਨਾਂ 1412}
ਵਿਚਾਰ: ਸ਼ਲੋਕ ਵਾਰਾਂ ਤੇ ਵਧੀਕ ਵਿੱਚੋਂ ਲਿਆ ਉੱਪਰੋਕਤ ਇੱਕੋ ਪ੍ਰਮਾਣ ਹੀ ਸਿੱਧ ਕਰਦਾ ਹੈ ਕਿ ਪਹਿਲੇ ਸਤਿਗੁਰੂ ਜੀ ਦਾ ਲਿਖਿਆ ਸ਼ਲੋਕ ਨੰਬਰ 27 ਤੀਜੇ ਗੁਰੂ ਜੀ ਕੋਲ਼ ਆਏ ਬਾਣੀ ਦੇ ਖ਼ਜ਼ਾਨੇ ਵਿੱਚ ਸੀ ਜਿਸ ਨੂੰ ਪੜ੍ਹ-ਵਿਚਾਰ ਕੇ ਤੀਜੇ ਗੁਰੂ ਜੀ ਨੇ ਆਪਣਾ ਇੱਕ ਸ਼ਲੋਕ ਨੰਬਰ 28 ਇਸੇ ਪ੍ਰਥਾਇ ਲਿਖ ਦਿੱਤਾ । ਇਹ ਦੋਵੇਂ ਸ਼ਲੋਕ ਪੰਜਵੇਂ ਗੁਰੂ ਜੀ ਕੋਲ਼ ਵੀ ਸਨ ਕਿਉਂਕਿ ਉਨ੍ਹਾਂ ਨੇ ਹੀ ਪਹਿਲੇ ਗੁਰੂ ਜੀ ਦੇ ਸ਼ਲੋਕਾਂ ਵਿੱਚ ਤੀਜੇ ਗੁਰੂ ਜੀ ਦਾ ਸ਼ਲੋਕ ਦਰਜ ਕੀਤਾ ਸੀ ਅਤੇ ਉਨ੍ਹਾਂ ਨੇ ਹੀ ਸ਼ਲੋਕ ਵਾਰਾਂ ਤੇ ਵਧੀਕ ਸੰਗ੍ਰਿਹ ਬਣਾਇਆ ਸੀ ।

2). ਤੀਜੇ ਗੁਰੂ ਜੀ ਨੇ ਪਹਿਲੇ ਗੁਰੂ ਜੀ ਦੇ ਵਿਚਾਰ ਨੂੰ ਖੋਲ੍ਹ ਕੇ ਲਿਖਿਆ ਜੋ ਸਿੱਧ ਕਰਦਾ ਹੈ ਕਿ ਤੀਜੇ ਗੁਰੂ ਜੀ ਕੋਲ਼ ਦੂਜੇ ਗੁਰੂ ਜੀ ਰਾਹੀਂ, ਪਹਿਲੇ ਗੁਰੂ ਜੀ ਕੋਲ਼ ਬਣਿਆਂ ਬਾਣੀ ਦਾ ਖ਼ਜ਼ਾਨਾ, ਪਹੁੰਚ ਚੁੱਕਾ ਸੀ । ਦੇਖੋ ਇਹ ਪ੍ਰਮਾਣ:

ਸਲੋਕੁ ਮ: 1 ॥ ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥
ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥ ਵਿਚਿ ਹਉਮੈ ਕਰਿ ਦੁਖੁ ਰੋਈ ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥1॥

ਮ: 3 ॥ ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ ॥ ਗੁਰਮੁਖਿ ਕੋਈ ਉਤਰੈ ਪਾਰਿ ॥ ਜਿਸ ਨੋ ਨਦਰਿ ਕਰੇ ਤਿਸੁ ਦੇਵੈ ॥ ਨਾਨਕ ਗੁਰਮੁਖਿ ਰਤਨੁ ਸੋ ਲੇਵੈ ॥2॥ {ਗਗਸ 145}

ਵਿਚਾਰ: ਦੋਵੇਂ ਸ਼ਲੋਕ ਇੱਕੋ ਥਾਂ ਮਾਝ ਰਾਗ ਦੀ ਵਾਰ ਦੀ 16ਵੀਂ ਪਉੜੀ ਨਾਲ਼ ਦਰਜ ਹਨ । ਦਰਜ ਕਰਨ ਵਾਲ਼ੇ ਪੰਜਵੇਂ ਗੁਰੂ ਜੀ ਹਨ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਚਉਥੇ ਗੁਰੂ ਜੀ ਰਾਹੀਂ ਬਾਣੀ ਦਾ ਖ਼ਜ਼ਾਨਾ ਉਨ੍ਹਾਂ ਕੋਲ਼ ਆ ਚੁੱਕਾ ਸੀ । ਤੀਜੇ ਗੁਰੂ ਜੀ ਨੇ ਪਹਿਲੇ ਗੁਰੂ ਜੀ ਦੀ ਲਿਖੀ ਪੰਕਤੀ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥ ਵਿੱਚ ਦਿੱਤੇ ਪ੍ਰਸ਼ਨ ਦੇ ਉੱਤਰ ਨੂੰ ਖੋਲ੍ਹ ਕੇ ਲਿਖ ਦਿੱਤਾ ਹੈ ਜੋ ਇਸ਼ਾਰੇ ਮਾਤ੍ਰ ਸਚੁ ਚੰਦ੍ਰਮਾ ਲਿਖ ਕੇ ਦਿੱਤਾ ਗਿਆ ਸੀ ।

3). ਰਾਗਾਂ ਦੀ ਸਾਂਝ:
ਪਹਿਲੇ ਗੁਰੂ ਜੀ ਨੇ 19 ਰਾਗਾਂ ਵਿੱਚ ਬਾਣੀ ਲਿਖੀ । ਤੀਜੇ ਗੁਰੂ ਜੀ ਨੇ 17 ਉਨ੍ਹਾਂ ਰਾਗਾਂ ਵਿੱਚ ਬਾਣੀ ਰਚੀ ਜੋ ਪਹਿਲੇ ਗੁਰੂ ਜੀ ਨੇ ਬਾਣੀ ਵਿੱਚ ਵਰਤੇ ਹੋਏ ਸਨ । ਇਹ ਸੰਜੋਗ ਐਵੇਂ ਹੀ ਨਹੀਂ ਬਣਿਆਂ,
ਤੀਜੇ ਗੁਰੂ ਜੀ ਨੇ ਪਹਿਲੇ ਗੁਰੂ ਜੀ ਦੀ ਬਾਣੀ ਦਾ ਚੰਗੀ ਤਰ੍ਹਾਂ ਅਧਿਅਨ ਕੀਤਾ ਸੀ ਜਿਸ ਤੋਂ ਸਿੱਧ ਹੁੰਦਾ ਹੈ ਕਿ ਤੀਜੇ ਗੁਰੂ ਜੀ ਕੋਲ਼ ਇਹ ਸਾਰੀ ਬਾਣੀ ਆ ਚੁੱਕੀ ਸੀ ।

4). ਲੰਬੀਆਂ ਬਾਣੀਆਂ ਲਿਖਣ ਦੀ ਪ੍ਰੇਰਨਾ:
ਤੀਜੇ ਗੁਰੂ ਜੀ ਨੇ ਰਾਮਕਲੀ ਰਾਗ ਵਿੱਚ ਅਨੰਦੁ ਨਾਂ ਦੀ ਲੰਬੀ ਬਾਣੀ ਲਿਖਣ ਲਈ ਪਹਿਲੇ ਗੁਰੂ ਜੀ ਦੀਆਂ ਰਾਮਕਲੀ ਰਾਗ ਵਿੱਚ ਹੀ ਲਿਖੀਆਂ ਲੰਬੀਆਂ ਸਿਧ ਗੋਸਟਿ ਅਤੇ ਓਅੰਕਾਰੁ ਤੋਂ ਹੀ ਪ੍ਰੇਰਨਾ ਲਈ ਸੀ । ਇਸ ਤੋਂ ਸਾਬਤ ਹੁੰਦਾ ਹੈ ਕਿ ਤੀਜੇ ਗੁਰੂ ਜੀ ਕੋਲ਼ ਪਹਿਲੇ ਦੋ ਪਾਤਿਸ਼ਾਹਾਂ ਦੀ ਬਾਣੀ ਆ ਚੁੱਕੀ ਸੀ ਅਤੇ ਇਹ ਕਿਤੇ ਖਿੱਲਰੀ ਅਥੇ ਅਣਦੇਖੀ ਨਹੀਂ ਪਈ ਸੀ ।

5). ਆਸਾ ਰਾਗ ਵਿੱਚ ਪਟੀ ਲਿਖਣ ਦੀ ਪ੍ਰੇਰਨਾ:
ਪਹਿਲੇ ਗੁਰੂ ਜੀ ਨੇ ਆਸਾ ਰਾਗ ਵਿੱਚ ਪਟੀ ਲਿਖੀ ਸੀ ਅਤੇ ਤੀਜੇ ਗੁਰੂ ਜੀ ਨੇ ਵੀ ਇਸ ਲਿਖਤ ਤੋਂ ਅਗਵਾਈ ਲੈ ਕੇ ਆਸਾ ਰਾਗ ਵਿੱਚ ਹੀ ਪਟੀ ਦੀ ਰਚਨਾ ਕਰ ਦਿੱਤੀ । ਸਪੱਸ਼ਟ ਹੈ ਕਿ ਤੀਜੇ ਗੁਰੂ ਜੀ ਕੋਲ਼ ਪਹਿਲੇ ਗੁਰੂ ਜੀ ਦੀ ਬਾਣੀ ਮੌਜੂਦ ਸੀ ਅਤੇ ਕਿਤੇ ਖਿੱਲਰੀ ਨਹੀਂ ਪਈ ਸੀ । ਰਹਾਉ ਦੇ ਬੰਦਾਂ ਵਿੱਚ ਬੋਲੀ ਦੀ ਸਾਂਝ ਵੀ ਦੇਖੋ:

ਰਾਗੁ ਆਸਾ ਮਹਲਾ 1 ਪਟੀ ਲਿਖੀ
ਮਨ ਕਾਹੇ ਭੂਲੇ ਮੂੜ ਮਨਾ ॥ ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ॥1॥ ਰਹਾਉ ॥ {ਗਗਸ 432/10}

ਰਾਗੁ ਆਸਾ ਮਹਲਾ 3 ਪਟੀ
ਮਨ ਐਸਾ ਲੇਖਾ ਤੂੰ ਕੀ ਪੜਿਆ ॥ ਲੇਖਾ ਦੇਣਾ ਤੇਰੈ ਸਿਰਿ ਰਹਿਆ ॥1॥ ਰਹਾਉ ॥

6). ਅਲਾਹਣੀਆ ਬਾਣੀ ਦੀ ਰਚਨਾ ਸਾਂਝੀ ਹੈ:
ਪਹਿਲੇ ਗੁਰੂ ਜੀ ਨੇ ਵਡਹੰਸ ਰਾਗ ਵਿੱਚ ਅਲਾਹਣੀਆ ਦੇ ਪੰਜ ਸ਼ਬਦ ਲਿਖੇ ਹਨ । ਇਸੇ ਹੀ ਰਾਗ ਵਿੱਚ ਤੀਜੇ ਗੁਰੂ ਜੀ ਨੇ ਚਾਰ ਸ਼ਬਦ ਅਲਾਹਣੀਆ ਦੇ ਰਚੇ ਹਨ ਜਿਨ੍ਹਾਂ ਦਾ ਸਿਰਲੇਖ ਅਤੇ ਮਜ਼ਮੂਨ ਵੀ ਉਹੀ ਹੈ ਜੋ ਪਹਿਲੇ ਗੁਰੂ ਜੀ ਦੀਆਂ ਲਿਖੀਆਂ ਪੰਜਾਂ ਅਲਾਹਣੀਆ ਵਿੱਚ ਹੈ । ਅਜਿਹਾ ਕੋਈ ਅਚਾਨਕ ਨਹੀਂ ਹੋਇਆ । ਤੀਜੇ ਗੁਰੂ ਜੀ ਕੋਲ਼ ਪਹਿਲੇ ਗੁਰੂ ਜੀ ਦੀ ਬਾਣੀ ਮੌਜੂਦ ਸੀ, ਤਾਂ ਹੀ ਅਜਿਹਾ ਹੋ ਸਕਿਆ ।

7). ਮਾਰੂ ਰਾਗ ਵਿੱਚ ਰਚੇ ਸੋਲਹੇ- ਇੱਕ ਸਾਂਝ :
ਪਹਿਲੇ ਗੁਰੂ ਜੀ ਨੇ ਮਾਰੂ ਰਾਗ ਵਿੱਚ 22 ਸੋਲਹੇ ਰਚੇ ਅਤੇ ਤੀਜੇ ਗੁਰੂ ਜੀ ਨੇ ਵੀ ਮਾਰੂ ਰਾਗ ਵਿੱਚ 24 ਸੋਲਹੇ ਰਚ ਦਿੱਤੇ । ਇਹ ਕੋਈ ਐਵੇਂ ਨਿਰੇ ਸਬੱਬ ਦੀ ਗੱਲ ਨਹੀਂ ਕਹੀ ਜਾ ਸਕਦੀ । ਸੱਚ ਇਹ ਹੈ ਕਿ ਤੀਜੇ ਗੁਰੂ ਜੀ ਕੋਲ਼ ਪਹਿਲੇ ਗੁਰੂ ਜੀ ਦੀ ਬਾਣੀ ਮੌਜੂਦ ਸੀ ਜਿਸ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਬਾਣੀ ਕਿਤੇ ਖਿੱਲਰੀ ਨਹੀਂ ਪਈ ਸੀ ।

8). ਜਪੁ ਬਾਣੀ ਨਾਲ਼ ਸਾਂਝ:
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥ {ਗਗਸ 2/10}

ਸਿਰੀ ਰਾਗ ਮਹਲਾ 3॥
ਸਭਨਾ ਜੀਆ ਕਾ ਇਕੁ ਦਾਤਾ ਜੋਤੀ ਜੋਤਿ ਮਿਲਾਵਣਹਾਰੁ ॥ { ਗਗਸ 68/17}

ਮਾਝ ਮਹਲਾ 3॥
ਸਭਨਾ ਜੀਆ ਕਾ ਏਕੋ ਦਾਤਾ ਸਬਦੇ ਮਾਰਿ ਜੀਵਾਵਣਿਆ ॥5॥ (ਗਗਸ 112/16}

ਵਿਚਾਰ: ਤੀਜੇ ਗੁਰੂ ਜੀ ਨੂੰ ਸ਼੍ਰੀ ਰਾਗ ਅਤੇ ਮਾਝ ਰਾਗ ਵਿੱਚ ਬਾਣੀ ਰਚਦਿਆਂ ਪਹਿਲੇ ਗੁਰੂ ਜੀ ਦੀ ਜਪੁ ਜੀ ਵਿੱਚ ਲਿਖੀ ਪੰਕਤੀ ਵਿੱਸਰੀ ਨਹੀਂ ਜਿਸ ਦਾ ਇੱਕ ਭਾਗ ਉਨ੍ਹਾਂ ਦੋ ਵਾਰੀ ਵਰਤਿਆ ਜਿਸ ਤੋਂ ਸਿੱਧ ਹੁੰਦਾ ਹੈ ਕਿ ਪਹਿਲੇ ਗੁਰੂ ਜੀ ਦੀ ਬਾਣੀ ਤੀਜੇ ਗੁਰੂ ਜੀ ਕੋਲ਼ ਮੌਜੂਦ ਸੀ ।

9). ਬਸੰਤ ਰਾਗ ਵਿੱਚ ਸ਼ਬਦਾਂ ਵਿੱਚ ਸ਼ਬਦ:
ਬਾਣੀ ਰਾਗਾਂ ਅਨੁਸਾਰ ਲਿਖੀ ਗਈ ਹੈ ਪਰ ਬਸੰਤ ਰਾਗ ਵਿੱਚ ਇੱਕ ਅਨੋਖੀ ਤਰਤੀਬ ਦੇਖਣ ਨੂੰ ਮਿਲ਼ਦੀ ਹੈ । ਬਸੰਤ ਰਾਗ ਵਿੱਚ ਪਹਿਲੇ ਗੁਰੂ ਜੀ ਦੇ ਦੋ ਸ਼ਬਦਾਂ ਦੇ ਨਾਲ਼ ਹੀ ਤੀਜੇ ਗੁਰੂ ਜੀ ਦੇ ਦੋ ਸ਼ਬਦ ਲਿਖੇ ਮਿਲ਼ਦੇ ਹਨ ਜਿਵੇਂ ਸ਼ਲੋਕ ਵਾਰਾਂ ਤੇ ਵਧੀਕ ਵਿੱਚ ਪਹਿਲੇ ਗੁਰੂ ਜੀ ਦੇ ਸ਼ਲੋਕ ਨੰਬਰ 27 ਨਾਲ਼ ਇੱਕ ਸ਼ਲੋਕ ਨੰਬਰ 28 ਤੀਜੇ ਗੁਰੂ ਜੀ ਦਾ ਵੀ ਦਰਜ ਹੈ ਜਦੋਂ ਕਿ ਤੀਜੇ ਗੁਰੂ ਜੀ ਦੇ ਸ਼ਲੋਕ
ਵੱਖਰੇ ਸਿਰਲੇਖ ਹੇਠ ਲਿਖੇ ਹੋਏ ਹਨ, ਜਿੱਥੇ ਇਹ ਸ਼ਲੋਕ ਦਰਜ ਹੋ ਸਕਦਾ ਸੀ । ਜਾਪਦਾ ਹੈ ਇਹ ਤਰਤੀਬ ਤੀਜੇ ਗੁਰੂ ਜੀ ਨੇ ਆਪ ਹੀ ਬਣਾਈ ਹੋਵੇ । ਬਸੰਤ ਰਾਗ ਵਿੱਚ ਪਹਿਲੇ ਗੁਰੂ ਜੀ ਦੇ ਸ਼ਬਦ ਨੰਬਰ 3 {ਗਗਸ 1168} ਨਾਲ਼ ਤੀਜੇ ਗੁਰੂ ਜੀ ਦਾ ਸਬਦ ਦਰਜ ਹੈ { ਨਾਨਕ ਸਾਚੇ ਕੇ ਸਿਫਤਿ ਭੰਡਾਰ ॥4॥3॥ ਬਸੰਤੁ ਮਹਲਾ 3 ਤੀਜਾ ॥ } ਅਤੇ ਇਸੇ ਤਰ੍ਹਾਂ ਸ਼ਬਦ ਨੰਬਰ 7 {ਗਗਸ 1170} ਨਾਲ਼ ਵੀ ਤੀਜੇ ਗੁਰੂ ਜੀ ਦਾ ਇੱਕ ਸਬਦ ਦਰਜ ਹੈ { ਕਹੁ ਨਾਨਕ ਪਾਵਹਿ ਵਿਰਲੇ ਕੇਇ ॥4॥7॥ ਬਸੰਤੁ ਮਹਲਾ 3 ਇਕ ਤੁਕਾ ॥} ਅਤੇ ਸ਼ਬਦਾਂ ਦੀ ਗਿਣਤੀ ਲਗਾਤਾਰ ਚੱਲਦੀ ਹੈ ਜਦੋਂ ਕਿ ਬਸੰਤ ਰਾਗ ਵਿੱਚ ਤੀਜੇ ਗੁਰੂ ਜੀ ਦੇ ਸ਼ਬਦ ਵੱਖਰੇ ਸੰਗ੍ਰਿਹ ਹੇਠ ਦਰਜ ਹਨ । ਹੋ ਸਕਦਾ ਹੈ ਕਿ ਇਹ ਤਰਤੀਬ ਤੀਜੇ ਗੁਰੂ ਜੀ ਆਪ ਹੀ ਬਣਾ ਕੇ ਚਉਥੇ ਗੁਰੂ ਜੀ ਨੂੰ ਦੇ ਗਏ ਹੋਣ ਜਿਸ ਨੂੰ ਪੰਜਵੇਂ ਗੁਰੂ ਜੀ ਨੇ ਵੀ ਇੰਨ-ਬਿੰਨ ਇਵੇਂ ਹੀ ਰੱਖਿਆ ਹੋਵੇ ਪਰ ਇਸ ਤੋਂ ਸਾਫ਼ ਪ੍ਰਗਟ ਹੈ ਕਿ ਤੀਜੇ ਗੁਰੂ ਜੀ ਕੋਲ਼ ਪਹਿਲੇ ਪਾਤਿਸ਼ਾਹ ਜੀ ਦੀ ਬਾਣੀ ਦਾ ਖ਼ਜ਼ਾਨਾ ਦੂਜੇ ਗੁਰੂ ਜੀ ਰਾਹੀਂ ਆ ਚੁੱਕਾ ਸੀ ਅਤੇ ਬਾਣੀ ਨਾ ਤਾਂ ਕਿਤੇ ਖਿੱਲਰੀ ਪਈ ਸੀ ਅਤੇ ਨਾ ਹੀ ਰਾਵੀ ਦਰਿਆ ਵਿੱਚ ਰੋੜ੍ਹ ਦਿੱਤੀ ਗਈ ਸੀ ।

ੲ). ਤੀਜੇ ਗੁਰੂ ਜੀ ਦੀ ਬਾਣੀ ਪੰਜਵੇਂ ਗੁਰੂ ਜੀ ਕੋਲ਼ ਆ ਚੁੱਕੀ ਸੀ:

ਆਦਿ ਬੀੜ ਦੀ ਲਿਖਾਈ ਸ਼ੁਰੂ ਹੋਣ ਤੋਂ ਪਹਿਲਾਂ ਪੰਜਵੇਂ ਗੁਰੂ ਨੇ ਆਪਣੀ ਬਾਣੀ ਦੀ ਰਚਨਾ ਮੁਕੰਮਲ ਕਰ ਲਈ ਸੀ । ਉਨ੍ਹਾਂ ਕੋਲ਼ ਤੀਜੇ ਗੁਰੂ ਜੀ ਦੀ ਬਾਣੀ ਹੋਣ ਦਾ ਪ੍ਰਮਾਣ-

1). ਸਲੋਕੁ ਮ: 3 ॥ ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ ॥ ਜਿਤੁ ਖਾਧੈ ਮਨੁ ਤ੍ਰਿਪਤੀਐ ਪਾਈਐ ਮੋਖ ਦੁਆਰੁ ॥ ਇਹੁ ਭੋਜਨੁ ਅਲਭੁ ਹੈ ਸੰਤਹੁ ਲਭੈ ਗੁਰ ਵੀਚਾਰਿ ॥ ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ ॥ ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ ॥ ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ ॥1॥

ਮੁੰਦਾਵਣੀ ਮਹਲਾ 5 ॥ ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥ ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ ॥ ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥1॥

2). ਮਾਝ ਮਹਲਾ 3 ॥ ਨਿਰਗੁਣੁ ਸਰਗੁਣੁ ਆਪੇ ਸੋਈ ॥ ਤਤੁ ਪਛਾਣੈ ਸੋ ਪੰਡਿਤੁ ਹੋਈ ॥
ਮਹਲਾ 5॥ ਸਲੋਕੁ ॥ ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ॥ {ਗਗਸ 290/16}

3). ਬੈਰਾੜੀ ਰਾਗ ਵਿੱਚ ਬਾਣੀ:
ਪੰਜਵੇਂ ਗੁਰੂ ਜੀ ਨੇ ਬੈਰਾੜੀ ਰਾਗ ਵਿੱਚ ਇੱਕ ਸ਼ਬਦ ਲਿਖਿਆ ਹੈ । ਕੇਵਲ ਚਉਥੇ ਗੁਰੂ ਜੀ ਨੇ ਹੀ ਬੈਰਾੜੀ ਰਾਗ ਵਰਤਿਆ ਹੈ । ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਚਉਥੇ ਗੁਰੂ ਜੀ ਤੋਂ ਬਾਣੀ ਦਾ ਖ਼ਜ਼ਾਨਾ ਪੰਜਵੇਂ ਗੁਰੂ ਜੀ ਕੋਲ਼ ਆ ਚੁੱਕਾ ਸੀ ਜਿਸ ਦੇ ਅਧਿਅਨ ਤੋਂ ਬੈਰਾੜੀ ਰਾਗ ਦੀ ਕੀਤੀ ਵਰਤੋਂ ਦਾ ਪਤਾ ਲੱਗਾ ਅਤੇ ਫਿਰ ਪੰਜਵੇਂ ਗੁਰੂ ਜੀ ਨੇ ਵੀ ਇੱਕ ਸ਼ਬਦ ਬੈਰਾੜੀ ਰਾਗ ਵਿੱਚ ਰਚ ਦਿੱਤਾ ।

ਸਿੱਟਾ: ਗੁਰਬਾਣੀ ਵਿੱਚੋਂ ਹੀ ਲਏ ਪ੍ਰਮਾਣਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਪਹਿਲੇ ਗੁਰੂ ਜੀ ਵਲੋਂ ਬਾਣੀ ਦਾ ਖ਼ਜ਼ਾਨਾ ਦੂਜੇ ਗੁਰੂ ਜੀ ਕੋਲ਼ ਗੁਰਗੱਦੀ ਪ੍ਰਾਪਤ ਕਰਨ ਸਮੇਂ ਆ ਗਿਆ ਸੀ । ਦੂਜੇ ਗੁਰੂ ਜੀ ਤੋਂ ਇਹ ਖ਼ਜ਼ਾਨਾ, ਦੂਜੇ ਗੁਰੂ ਜੀ ਦੀ ਬਾਣੀ ਸਮੇਤ, ਤੀਜੇ ਗੁਰੂ ਜੀ ਕੋਲ਼ ਆ ਗਿਆ ਸੀ । ਹੁਣ ਸੋਚਣ ਵਾਲ਼ੀ ਗੱਲ ਹੈ ਕਿ ਤੀਜੇ ਗੁਰੂ ਜੀ ਕੋਲੋਂ ਇਹ ਖ਼ਜ਼ਾਨਾ ਚਉਥੇ ਗੁਰੂ ਜੀ ਕੋਲ਼ ਗੁਰਗੱਦੀ ਦੀ ਪ੍ਰਾਪਤੀ ਸਮੇਂ ਹਰ ਹਾਲਤ ਵਿੱਚ ਪਹੁੰਚਣਾ ਹੀ ਸੀ । ਇਹ ਕਿਤੇ ਗੁਆਚਣ ਵਾਲ਼ਾ ਨਹੀਂ ਸੀ । ਪੰਜਵੇਂ ਗੁਰੂ ਜੀ ਨੂੰ ਜਦੋਂ ਇਹ ਬਾਣੀ ਦਾ ਖ਼ਜ਼ਾਨਾ ਚਉਥੇ ਗੁਰੂ ਪਿਤਾ ਜੀ ਕੋਲ਼ੋਂ ਉਨ੍ਹਾਂ ਦੀ ਆਪਣੀ ਬਾਣੀ ਸਮੇਤ ਮਿਲ਼ਿਆ ਤਾਂ ਆਪ ਜੀ ਗਦਗਦ ਹੋ ਗਏ ਅਤੇ ਆਤਮਕ ਅਨੰਦ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਨੇ ਇਉਂ ਲਿਖਿਆ :

ਗਉੜੀ ਗੁਆਰੇਰੀ ਮਹਲਾ 5 ॥
ਹਮ ਧਨਵੰਤ ਭਾਗਠ ਸਚ ਨਾਇ ॥ ਹਰਿ ਗੁਣ ਗਾਵਹ ਸਹਜਿ ਸੁਭਾਇ ॥1॥ ਰਹਾਉ ॥ ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ ਤਾ ਮੇਰੈ ਮਨਿ ਭਇਆ ਨਿਧਾਨਾ ॥1॥ ਰਤਨ ਲਾਲ ਜਾ ਕਾ ਕਛੂ ਨ ਮੋਲੁ ॥ ਭਰੇ ਭੰਡਾਰ ਅਖੂਟ ਅਤੋਲ ॥2॥ ਖਾਵਹਿ ਖਰਚਹਿ ਰਲਿ ਮਿਲਿ ਭਾਈ ॥ ਤੋਟਿ ਨ ਆਵੈ ਵਧਦੋ ਜਾਈ ॥3॥ ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ ॥ ਸੁ ਏਤੁ ਖਜਾਨੈ ਲਇਆ ਰਲਾਇ ॥4॥31॥100॥ {ਗਗਸ 186}

ਚਲਦਾ...

ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top