Share on Facebook

Main News Page

ਕਥਿਤ ਦਸਮ ਗ੍ਰੰਥ ਦੇ ਵੀਰਾਂ ਵੱਲੋਂ ਦਿੱਤੀਆਂ ਜਾਂਦੀਆਂ ਕੁੱਝ ਜਜ਼ਬਾਤੀ ਦਲੀਲਾਂ 'ਤੇ ਵਿਚਾਰ {ਭਾਗ:7}
ਗੁਰੂ ਗ੍ਰੰਥ ਸਾਹਿਬ ਸਾਨੂੰ ਸਾਂਤ ਰਸ ਦੇ ਸਕਦੇ ਹਨ, ਸਹਿਜ ਵਿੱਚ ਰਹਿਣਾ ਸਿਖਾ ਸਕਦੇ ਹਨ, ਪਰ ਬੀਰ ਰਸ ਨਹੀਂ ਦੇ ਸਕਦੇ
-: ਆਤਮਜੀਤ ਸਿੰਘ, ਕਾਨਪੁਰ

ਲੜੀ ਜੋੜਨ ਲਈ ਪਿਛਲੇ ਅੰਕ ਪੜ੍ਹੋ :--)))) { ਭਾਗ-1 }; {ਭਾਗ-2}; {ਭਾਗ:3}; {ਭਾਗ:4}; {ਭਾਗ:5}; {ਭਾਗ:6}

ਗੁਰੂ ਨੇ ਸਾਨੂੰ ਸ਼ਬਦ ਗੁਰੂ ਦੇ ਲੜ੍ਹ ਲਾ ਕੇ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ" ਤੇ ਦ੍ਰਿੜਤਾ ਨਾਲ ਚਲਣ ਦਾ ਰਾਹ ਦਰਸਾਇਆ ਹੈ, ਪਰ ਅੱਜ ਦਾ ਸਿੱਖ ਇਕ ਦੇ ਦੱਸੇ ਰਾਹ 'ਤੇ ਚਲਣਾ ਛੱਡ ਕੇ ਹੋਰ-ਹੋਰ ਰਾਹਾਂ ਤੇ ਚੱਲ ਕੇ ਭਟਕ ਰਿਹਾ ਹੈ, ਲੋੜ ਹੈ ਗੁਰੂ ਦੇ ਦੱਸੇ ਰਾਹ ਤੇ ਚਲਣ ਦੀ ...

ਆਉ ਆਪਣੇ ਵਿਸ਼ਯ ਵੱਲ ਵਧੀਏ ਕਥਿਤ ਦਸਮ ਗ੍ਰੰਥ ਦੇ ਵੀਰਾਂ ਵੱਲੋਂ ਦਿੱਤੀ ਜਾਂਦੀ ਸਤਵੀਂ ਦਲੀਲ ਤੇ ਵਿਚਾਰ ਕਰੀਏ :

ਕਥਿਤ ਦਸਮ ਗ੍ਰੰਥ ਦੇ ਸਮਰਥਕਾਂ ਵੱਲੋਂ ਜਦ ਸਾਰੀਆਂ ਦਲੀਲਾਂ ਖਤਮ ਹੋ ਜਾਂਦੀਆਂ ਹਨ ਤੇ ਉਹ ਸਵਾਲ ਕਰਦੇ ਹਨ 'ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸ਼ਾਂਤ ਰਸ ਦੇ ਸਕਦੇ ਹਨ, ਸਹਿਜ ਵਿੱਚ ਰਹਿਣਾ ਸਿਖਾ ਸਕਦੇ ਹਨ, ਪਰ ਬੀਰ ਰਸ ਨਹੀਂ ਦੇ ਸਕਦੇ' ਇਹ ਸਵਾਲ ਕਰਕੇ ਦਸਮ ਗ੍ਰੰਥ ਦੇ ਸਮਰਥਕ ਅਪਣੀ ਅਕਲ ਦਾ ਜਨਾਜ਼ਾ ਕੱਢ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਸਾਬਿਤ ਕਰ ਰਹੇ ਹੁੰਦੇ ਹਨ, ਪਰ ਮੇਰੇ ਭੋਲਿਓ ਵੀਰੋਂ ਇਹ ਸਵਾਲ ਕਰਨ ਤੋਂ ਪਹਿਲਾਂ ਜ਼ਰਾ ਗੁਰਬਾਣੀ ਨੂੰ ਗਹੁ ਨਾਲ ਪੜ੍ਹ ਕੇ ਵੇਖੋ ਗੁਰਬਾਣੀ ਤੋਂ ਬਾਹਰ ਤਾਂ ਕੁਝ ਹੈ ਹੀ ਨਹੀਂ...

ਗੁਰੂ ਦਾ ਹੁਕਮ ਹੈ :

ਸਭੁ ਕਿਛੁ ਘਰਿ ਮਹਿ ਬਾਹਰ ਨਾਹੀ ॥ ਬਾਹਰਿ ਟੋਲੈ ਸੋ ਭਰਮ ਭੁਲਾਹੀ ॥

ਗੁਰੁ ਗ੍ਰੰਥ ਸਾਹਿਬ ਜੀ ਵਿੱਚ ਤਾਂ ਸਾਰੇ ਰਸ ਮੌਜੂਦ ਹਨ, ਇਹੋ ਜਿਹਾ ਕੋਈ ਰਸ ਨਹੀਂ, ਜਿਸਦਾ ਫੁਰਮਾਨ ਗੁਰਬਾਣੀ ਵਿਚ ਨ ਹੋਵੇ, ਸਾਰੇ ਰਸਾਂ ਸੋਮਾ ਪਰਮਾਤਮਾ ਹੈ, ਵਿਦਵਾਨਾਂ ਨੇ ਕਾਵਿ ਦੇ ਨੌਂ ਰਸ ਮੰਨੇ ਹਨ, ਉਹ ਸਾਰੇ ਰਸ ਗੁਰਬਾਣੀ ਵਿਚ ਮੌਜੂਦ ਹਨ -

1. ਸ਼ਿੰਗਾਰ ਰਸ 2. ਹਾਸ ਰਸ 3. ਕਰੁਣਾ ਰਸ 4. ਰੌਦਰ ਰਸ 5. ਬੀਰ ਰਸ 6. ਭਿਆਨਕ ਰਸ 7. ਬੀਭਤਸ ਰਸ 8. ਅਦਭੁਤ ਰ9. ਸ਼ਾਂਤ ਰਸ

ਬੀਰ ਦਾ ਅਰਥ ਹੈ ਬਹਾਦਰ ਸੂਰਮਾਂ ਭਾਵ ਜਿਸ ਕੋਲ ਬਹਾਦਰੀ ਅਤੇ ਸੁਰਮਤਾਈ ਹੈ, ਉਹ ਬੀਰ ਰਸ ਵਾਲਾ ਹੈ, ਬੀਰ ਰਸ ਦਾ ਸਬੰਧ ਬਹਾਦਰੀ ਅਤੇ ਉਤਸ਼ਾਹ ਨਾਲ ਹੈ, ਜਿਨ੍ਹਾਂ ਸਜਣਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਅਤੇ ਬੀਰ ਰਸ ਦੀ ਸਮਝ ਨਹੀਂ ਜਾਂ ਸੁਣੇ ਸੁਣਾਏ ਹੀ ਕਥਿਤ ਦਸਮ ਗ੍ਰੰਥ ਦਾ ਪੱਖ ਪੂਰਨ ਵਾਸਤੇ ਕਹਿ ਦਿੰਦੇ ਹਨ ਕਿ “ਗੁਰੂ ਗ੍ਰੰਥ” ਨੂੰ ਪੜ੍ਹ ਕੇ ਸ਼ਾਂਤ ਰਸ ਅਤੇ ਦਸਮ ਗ੍ਰੰਥ ਨੂੰ ਪੜ੍ਹ ਕੇ ਬੀਰ ਰਸ ਪੈਦਾ ਹੁੰਦਾ ਹੈ, ਉਹ ਵਿਚਾਰ ਕੇ ਦੇਖਣ ਕਿ ਜਦ ਤੋਂ ਦੁਨੀਆਂ ਹੋਂਦ ਵਿੱਚ ਆਈ ਹੈ ਅਤੇ ਬਹਾਦਰੀ ਭਰੇ ਕਾਰਨਾਮੇ ਅਤੇ ਜੰਗ ਯੁੱਧ ਸ਼ੁਰੂ ਹੋਏ ਹਨ, ਬੀਰ ਰਸ ਸੁਭਾਵ ਵੀ ਓਦੋਂ ਦੇ ਹੀ ਪੈਦਾ ਹੋਏ ਹਨ, ਜਦ ਅਸੀਂ ਪੁਰਤਨ ਇਤਿਹਾਸ ਅਤੇ ਮਿਥਿਹਾਸ ਪੜ੍ਹਦੇ ਹਾਂ ਤਾਂ ਕਿਤਨੇ ਹੀ ਬੀਰ ਬਹਾਦਰ ਜੋਧੇ ਮਿਲਦੇ ਹਨ, ਹਿੰਦੂ, ਮੁਸਲਿਮ, ਯਹੂਦੀ ਅਤੇ ਈਸਾਈ ਆਦਿਕ ਸਾਰੇ ਧਰਮ ਸਿੱਖ ਧਰਮ ਤੋਂ ਪੁਰਾਣੇ ਹਨ, ਕੀ ਉਨ੍ਹਾਂ ਦੇ ਬਹਾਦਰ ਜੋਧਿਆਂ ਨੂੰ ਕਥਿਤ ਦਸਮ ਗ੍ਰੰਥ ਪੜ੍ਹ ਕੇ ਬੀਰ ਰਸ ਮਿਲਿਆ ਸੀ? ਕਦਾ ਚਿੱਤ ਨਹੀਂ, ਕਿਉਂਕਿ ਓਦੋਂ ਤਾਂ ਇਹ ਅਖੌਤੀ ਦਸਮ ਗ੍ਰੰਥ ਪੈਦਾ ਵੀ ਨਹੀਂ ਸੀ ਹੋਇਆ, ਬਾਕੀ ਧਰਮਾਂ ਨੂੰ ਛੱਡ ਕੇ ਆਪਾਂ ਕੇਵਲ ਸਿੱਖ ਧਰਮ ਦੀ ਹੀ ਗੱਲ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਵਿਖੇ 15 ਭਗਤਾਂ ਦੀ ਬਾਣੀ ਅੰਕਿਤ ਹੈ ਜਿਨ੍ਹਾਂ ਵਿੱਚੋਂ ਬਹੁਤਿਆਂ ਨੇ ਵੀ ਬੀਰ ਰਸ ਦੀ ਵਰਤੋਂ ਕੀਤੀ ਹੈ ਜਿਵੇਂ-

ਸੂਰਾ ਸੋ ਪਹਿਚਾਨੀਐਂ ਜੋ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨ ਛਾਡੈ ਖੇਤੁ ॥ (1105-ਭਗਤ ਕਬੀਰ ਜੀ)

ਇਵੇਂ ਹੀ ਗੁਰੂ ਨਾਨਕ ਸਾਹਿਬ ਜੀ ਵੀ ਫੁਰਮਾਂਦੇ ਹਨ- ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰਿ ਤਲੀ ਗਲੀ ਮੇਰੀ ਆਉ ॥ (1412), ਪਹਿਲਾਂ ਮਰਣੁ ਕਬੂਲ ਜੀਵਨ ਕੀ ਛਡਿ ਆਸਿ ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥ (1102), ਰਣੁ ਦੇਖਿ ਸੂਰੇ ਚਿਤ ਉਲਾਸ ॥ (1180), ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ (1105) ਅਤੇ ਗੁਰੂਆਂ ਤੋਂ ਪਹਿਲਾਂ ਵੱਖ ਵੱਖ ਧਰਮਾਂ ਦੇ ਯੋਧੇ, ਭਗਤ ਅਤੇ ਗੁਰੂ ਸਾਹਿਬਾਨਾਂ ਨੇ ਕਿਹੜੇ ਦਸਮ ਗ੍ਰੰਥ ਨੂੰ ਪੜ੍ਹ ਕੇ ਬੀਰ ਰਸ ਪ੍ਰਾਪਤ ਕੀਤਾ ਸੀ? ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ, ਭਾ. ਉਦੈ ਸਿੰਘ, ਜੀਵਨ ਸਿੰਘ, ਪੀਰ ਬੁਧੂ ਸ਼ਾਹ, ਚਾਰੇ ਸਾਹਿਬਜ਼ਾਦੇ, ਮਾਈ ਭਾਗ ਕੌਰ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਨੌਧ ਸਿੰਘ, ਭਾ. ਬਾਜ ਸਿੰਘ, ਬਾਬਾ ਦੀਪ ਸਿੰਘ, ਭਾ. ਮਨੀ ਸਿੰਘ, ਸ੍ਰ ਜੱਸਾ ਸਿੰਘ ਰਾਮਗੜ੍ਹੀਆ ਅਤੇ ਸ੍ਰ ਜੱਸਾ ਸਿੰਘ ਆਹਲੂਵਾਲੀਆ ਸੁਲਤਾਨੁਲ ਕੌਮ, ਨਵਾਬ ਕਪੂਰ ਸਿੰਘ, ਬਾਬਾ ਬੋਤਾ ਸਿੰਘ ਅਤੇ ਗਰਜਾ ਸਿੰਘ, ਸਿੱਖਾਂ ਦੇ 65 ਜਥੇ ਫਿਰ 12 ਮਿਸਲਾਂ, ਮਹਾਂਰਾਜਾ ਰਣਜੀਤ ਸਿੰਘ, ਅਕਾਲੀ ਫੂਲਾ ਸਿੰਘ, ਬਹਾਦਰ ਜਰਨੈਲ ਹਰੀ ਸਿੰਘ ਨਲੂਆ, ਸ੍ਰ ਸ਼ਾਮ ਸਿੰਘ ਅਟਾਰੀ ਵਾਲਾ, ਫਿਰ ਸਿੰਘ ਸਭਾ ਲਹਿਰ ਦੇ ਮੋਢੀ ਪ੍ਰੋ. ਗੁਰਮੁਖ ਸਿੰਘ, ਗਿ. ਦਿੱਤ ਸਿੰਘ, ਸਤਵੰਤ ਸਿੰਘ, ਬਿਅੰਤ ਸਿੰਘ, ਸ਼ੁਬੇਗ ਸਿੰਘ ਕੀ ਇਨ੍ਹਾਂ ਬੀਰ ਬਹਦਰਾਂ ਨੂੰ ਦਸਮ ਗ੍ਰੰਥ ਪੜ੍ਹ ਕੇ ਬੀਰ ਰਸ ਪ੍ਰਾਪਤ ਹੋਇਆ ਸੀ?

ਸਦਾ ਯਾਦ ਰੱਖੋ ਸੱਚ ਹੀ ਬੀਰ ਰਸ ਹੈ, ਸਾਰਾ ਗੁਰੂ ਗ੍ਰੰਥ ਸਾਹਿਬ ਸਚਾਈ ਨਾਲ ਭਰਿਆ ਪਿਆ ਹੈ, ਸਾਰੇ ਰਸਾਂ ਦੀ ਜਾਣਕਾਰੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਮਿਲ ਜਾਂਦੀ ਹੈ, ਬਲਵਾਨ ਆਤਮਾਂ ਹੀ ਬੀਰ ਰਸੀ ਹੋ ਸਕਦੀ ਹੈ ਅਤੇ ਸਿੱਖ ਦੀ ਆਤਮਾਂ ਬਲਵਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ, ਸੁਣ, ਵਿਚਾਰ ਅਤੇ ਧਾਰ ਕੇ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਬਲਕਿ ਪੂਰੀ ਲੋਕਾਈ ਦੇ ਸਰਬਸਾਂਝੇ ਪੂਰਨ ਗੁਰੂ ਹਨ, ਫਿਰ ਅਸੀਂ ਐਸੇ ਮਹਾਨ ਗੁਰੂ ਗ੍ਰੰਥ ਨੂੰ ਛੱਡ ਕੇ ਹੋਰ ਗ੍ਰੰਥਾਂ ਦੇ ਪਿਛੇ ਕਿਉਂ ਲੱਗੀਏ? ਇਹ ਤਾਂ ਇਊਂ ਹੈ ਜਿਵੇਂ ਸਾਡੇ ਘਰ ਆਟਾ ਹੈ ਫਿਰ ਵੀ ਅਸੀਂ ਗੁਆਂਢੀ ਦੇ ਘਰੋਂ ਮੰਗਦੇ ਹਾਂ, ਦੇਖੋ !

ਗੁਰੂ ਗ੍ਰੰਥ ਸਾਹਿਬ ਜੀ ਇਸ ਬਾਰੇ ਕੀ ਫੁਰਮਾਂਦੇ ਹਨ- ਜੇ ਘਰਿ ਹੋਂਦੈ ਮੰਗਣਿ ਜਾਈਐ ਫਿਰਿ ਓਲ੍ਹਾਮਾਂ ਮਿਲੈ ਤਹੀਂ॥ (903) ਜੇ ਸਿੱਖ ਗੁਰੂ ਗ੍ਰੰਥ ਨੂੰ ਛੱਡ ਕੇ ਹੋਰ ਗ੍ਰੰਥਾਂ ਦੇ ਮਗਰ ਜਾਵੇਗਾ ਤਾਂ ਉਸ ਨੂੰ ਗੁਰੂ ਅਤੇ ਲੋਕ ਵੀ ਓਲ੍ਹਾਮੇ ਹੀ ਦੇਣਗੇ...

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top