Share on Facebook

Main News Page

ਕਥਿਤ ਦਸਮ ਗ੍ਰੰਥ ਦੇ ਵੀਰਾਂ ਵੱਲੋਂ ਦਿੱਤੀਆਂ ਜਾਂਦੀਆਂ ਕੁੱਝ ਜਜ਼ਬਾਤੀ ਦਲੀਲਾਂ 'ਤੇ ਵਿਚਾਰ {ਭਾਗ:1}
-: ਆਤਮਜੀਤ ਸਿੰਘ, ਕਾਨਪੁਰ

ਜਦ ਤੋਂ ਬਚਿੱਤਰ ਨਾਟਕ ਗ੍ਰੰਥ (ਦਸਮ ਗ੍ਰੰਥ) ਹੋਂਦ ਵਿਚ ਆਇਆ ਹੈ, ਤਦ ਤੋਂ ਦਸਮ ਗ੍ਰੰਥ ਦੇ ਉਪਾਸਕਾਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਵਿਚਕਾਰ ਲਫ਼ਜ਼ੀ ਜੰਗ ਕਾਫੀ ਤੇਜ਼ ਹੋ ਗਈ ਹੈ, ਭਾਵੇਂ ਇਹ ਭਰਾ-ਮਾਰੂ ਜੰਗ ਬੜੀ ਅਫਸੋਸਜਨਕ ਹੈ, ਜਿਸਦਾ ਲਾਭ ਬ੍ਰਾਹਮਣਵਾਦੀ ਤਾਕਤਾਂ ਵੱਲੋਂ ਨੇੜਲੇ ਭਵਿੱਖ ਵਿੱਚ ਚੁੱਕਿਆ ਜਾਵੇਗਾ, ਪਰ ਦਸਮ ਗ੍ਰੰਥ ਦੇ ਉਪਾਸਕ ਦੁਸ਼ਮਣ ਦੀ ਇਸ ਰਣਨੀਤੀ ਨੂੰ ਸਮਝਣ ਵਿੱਚ ਅਸਫ਼ਲ ਰਹੇ ਹਨ, ਅਜਿਹੇ ਜਜ਼ਬਾਤੀ ਸੱਜਣਾਂ ਦੀ ਬਹੁਤਾਤ ਤਾਂ ਦਸਮ ਗ੍ਰੰਥ ਦੇ ਸਬੰਧ ਵਿੱਚ ਤੱਥ-ਭਰਪੂਰ ਜਾਣਕਾਰੀ ਦੇਣ ਵਾਲਾ ਕੋਈ ਲਿਟਰੇਚਰ ਪੜ੍ਹਨ ਤੋਂ ਹੀ ਇਨਕਾਰੀ ਹੋ ਜਾਂਦੀ ਹੈ, ਪਰ ਜਿਹੜੇ ਵਿਰਲੇ ਸੱਜਣ ਦਸਮ ਗ੍ਰੰਥ ਦੇ ਉਪਾਸਕ ਹੋਣ ਦੇ ਆਪਣੇ ਫੈਸਲੇ ਨੂੰ ਜਾਇਜ਼ ਠਹਿਰਾਉਣ ਲਈ ‘ਬਹਿਸ ਕਰਨ ਲਈ ਤਿਆਰ ਹੁੰਦੇ ਹਨ, ਉਹ ਵੀ ਦਸਮ ਗ੍ਰੰਥ ਸਬੰਧੀ ਇਤਿਹਾਸਕ ਅਤੇ ਸਿਧਾਂਤਕ ਨੁਕਤਿਆਂ 'ਤੇ ਵਿਚਾਰ-ਚਰਚਾ ਕਰਨ ਦੀ ਬਜਾਏ ਜਜ਼ਬਾਤੀ ਕਿਸਮ ਦੀਆਂ ਦਲੀਲਾਂ ਜਾਂ ਨਿਜੀ ਵਿਚਾਰਾਂ ਨਾਲ ਸਬੰਧਿਤ ਸਵਾਲ ਚੁੱਕਣ ਲੱਗ ਪੈਂਦੇ ਹਨ, ਅਜਿਹੇ ਕੁੱਝ ਸਵਾਲਾਂ ਅਤੇ ਦਲੀਲਾਂ ਬਾਰੇ ਇਸ ਲੇਖ ਵਿੱਚ ਕੀਤੀ ਜਾ ਰਹੀ ਹੈ, ਦਸਮ ਗ੍ਰੰਥ ਦੇ ਉਪਾਸਕਾਂ ਨੂੰ ਬੇਨਤੀ ਹੈ ਕਿ ਉਹ ਸ਼ਾਂਤ ਮਨ ਨਾਲ ਇਨ੍ਹਾਂ ਸਵਾਲਾਂ 'ਤੇ ਕੀਤੀ ਗਈ ਚਰਚਾ ਨੂੰ ਪੜ੍ਹਨ ਦੀ ਕ੍ਰਿਪਾਲਤਾ ਕਰਨ, ਜੇਕਰ ਫਿਰ ਵੀ ਉਨ੍ਹਾਂ ਦੀ ਸੰਤੁਸ਼ਟੀ ਨਾ ਹੋਵੇ, ਜਾਂ ਉਨ੍ਹਾਂ ਨੂੰ ਲਗਦਾ ਹੋਵੇ ਕਿ ਉਨ੍ਹਾਂ ਵੱਲੋਂ ਬਹਿਸ ਦੌਰਾਨ ਪੇਸ਼ ਕੀਤਾ ਜਾਂਦਾ ਕੋਈ ਨੁਕਤਾ ਇਸ ਲੇਖ ਵਿੱਚ ਸ਼ਾਮਲ ਨਹੀਂ, ਤਾਂ ਉਹ ਆਪਣੇ ਵਿਚਾਰ/ਸਵਾਲ ਲਿਖਤੀ ਰੂਪ ਵਿੱਚ ਭੇਜਣ ਦੀ ਕ੍ਰਿਪਾਲਤਾ ਕਰਨ ਜੀ, ਤਾਂ ਜੋ ਉਨ੍ਹਾਂ ਬਾਬਤ ਵੀ ਚਰਚਾ ਕਰਕੇ ਦਸਮ ਗ੍ਰੰਥ ਸਬੰਧੀ ਕਿਸੇ ਨਿਰਣੇ 'ਤੇ ਪਹੁੰਚ ਕੇ ਇਸ ਭਰਾ-ਮਾਰੂ ਜੰਗ ਨੂੰ ਜਲਦ ਤੋਂ ਜਲਦ ਖ਼ਤਮ ਕਰਨ ਦੀ ਦਿਸ਼ਾ ਵੱਲ ਵਧਿਆ ਜਾਵੇ।

1) ਦਸਮ ਗ੍ਰੰਥ ਨੂੰ ਤਿਆਗਣ ਦਾ ਮਤਲਬ ਗੁਰੂ ਗੋਬਿੰਦ ਸਿੰਘ ਜੀ ਨੂੰ ਤਿਆਗਣਾ ਹੈ।
2) ਦਸਮ ਗ੍ਰੰਥ ਨੂੰ ਮੁਕੰਮਲ ਤੌਰ 'ਤੇ ਰੱਦ ਕਰਨ ਨਾਲ ਨਿੱਤਨੇਮ ਦੀਆਂ ਬਾਣੀਆਂ ਦਾ ਕੀ ਹੋਵੇਗਾ?
3) ਦਸਮ ਗ੍ਰੰਥ ਨੂੰ ਪੂਰੀ ਤਰ੍ਹਾਂ ਤਿਆਗ ਦੇਣ ਨਾਲ ਪਹਿਲਾਂ ‘ਅੰਮ੍ਰਿਤੱ ਖ਼ਤਮ ਹੋ ਜਾਏਗਾ।
4) ਜਦ ਤੁਸੀਂ ਅੰਮ੍ਰਿਤ ਛਕਿਆ ਸੀ ਤਾਂ ਉਸ ਵੇਲੇ ਪੰਜ ਪਿਆਰਿਆਂ ਨੇ ਕਿਹੜੀਆਂ ਬਾਣੀਆਂ ਪੜ੍ਹੀਆਂ ਸਨ? ਹੁਣ ਵੀ ਜੇਕਰ ਇਹ ਬਾਣੀਆਂ ਪੜ੍ਹੀਆਂ ਜਾਂਦੀਆਂ ਰਹਿਣ ਤਾਂ ਕਿਸੇ ਨੂੰ ਕੀ ਇਤਰਾਜ਼ ਹੈ?
5) ਕਾਇਰ ਤੇ ਬੁਜ਼ਦਿਲ ਲੋਕ ਦਸਮ ਗ੍ਰੰਥ ਪੜ੍ਹ ਹੀ ਨਹੀਂ ਸਕਦੇ!!
6) ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਦਸਮ ਗ੍ਰੰਥ ਪੜ੍ਹਦੇ ਸਨ, ਸ਼ਹੀਦੀਆਂ ਦੇਣ ਵਾਲੇ ਸਿੰਘ ਵੀ ਦਸਮ ਗ੍ਰੰਥ ਪੜ੍ਹਦੇ ਰਹੇ ਹਨ।
7) ਗੁਰੂ ਗ੍ਰੰਥ ਸਾਹਿਬ ਸਾੱਨੂੰ ਸ਼ਾਤ ਰਸ ਦੇ ਸਕਦੇ ਹਨ, ਸਹਿਜ ਵਿਚ ਰਹਿਣਾ ਸਿੱਖਾਂ ਸਕਦੇ ਹਨ ਪਰ ਬੀਰ ਰਸ ਨਹੀਂ ਦੇ ਸਕਦੇ
8) ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਹੈ।

ਆਉ, ਕਥਿਤ ਦਸਮ ਗ੍ਰੰਥ ਦੇ ਸਮਰਥਕਾਂ ਵਲੋਂ ਦਿਤੀ ਜਾਣ ਵਾਲੀ ਪਹਿਲੀ ਦਲੀਲ ਵਿਚਾਰ ਕਰੀਏ :

੧) ਦਸਮ ਗ੍ਰੰਥ ਨੂੰ ਤਿਆਗਣ ਦਾ ਮਤਲਬ, ਗੁਰੂ ਗੋਬਿੰਦ ਸਿੰਘ ਜੀ ਨੂੰ ਤਿਆਗਣਾ ਹੈ

ਦਸਮ ਗ੍ਰੰਥ ਦੇ ਉਪਾਸਕਾਂ ਵੱਲੋਂ ਆਮ ਸਿੱਖਾਂ ਨੂੰ ਭਰਮਾਉਣ ਲਈ ਇਹ ਦਲੀਲ ਵੀ ਦਿੱਤੀ ਜਾਂਦੀ ਹੈ, ਕਿ ਦਸਮ ਗ੍ਰੰਥ ਨੂੰ ਤਿਆਗਣ ਦਾ ਅਰਥ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਤਿਆਗਣਾ, ਪਰ ਇਹ ਧਿਆਨ ਦੇਣ ਯੋਗ ਤੱਥ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਕਿਸੇ ਵੀ ਲੇਖਕ ਦੀ ਲਿਖਤ ਵਿੱਚ ‘ਦਸਮ ਗ੍ਰੰਥ ਨਾਂਅ ਦੀ ਸ਼ੈਅ ਦਾ ਜ਼ਿਕਰ ਹੀ ਨਹੀਂ ਮਿਲਦਾ, ਅਜੋਕੇ ਸਮੇਂ ਵਿੱਚ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੋਂ ਪ੍ਰਚਾਰੀ ਜਾ ਰਹੀ ਪੁਸਤਕ ਵੱਖ-ਵੱਖ ਸਾਕਤ ਮਤੀਏ (ਮਹਾਂਕਾਲ ਅਤੇ ਉਸਦੀ ਪਤਨੀ ਕਾਲਕਾ ਦੇ ਉਪਾਸਕ) ਕਵੀਆਂ ਵੱਲੋਂ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖ ਕਰਕੇ ਸੰਸਿਆਂ ਵਿੱਚ ਪਾਉਣ ਲਈ ਲਿਖੀ ਗਈ ਸੀ, ਜਿਸਦਾ ਨਾਮ ‘ਬਚਿੱਤਰ ਨਾਟਕ ਗ੍ਰੰਥ ਰੱਖਿਆ ਗਿਆ ਸੀ, ਜਿਸ ਬਾਰੇ ਜਾਗ੍ਰਿਤ ਸਿੱਖ ਹਮੇਸ਼ਾ ਹੀ ਇਤਰਾਜ਼ ਪ੍ਰਗਟਾਉਂਦੇ ਰਹੇ ਸਨ।

ਇਹ ਵਿਵਾਦਿਤ ਪੁਸਤਕ ਆਮ ਸਿੱਖਾਂ ਦੀ ਪਹੁੰਚ ਤੋਂ ਬਾਹਰ ਹੋਣ ਕਰਕੇ ਅਤੇ ਇਸਦਾ ਨਾਮ ਗੁਰੂ ਗੋਬਿੰਦ ਸਿੰਘ ਲਈ ਵਰਤੇ ਜਾਂਦੇ ਵਿਸ਼ੇਸ਼ਣ ‘ਦਸਮ ਦੇ ਅਧਾਰ 'ਤੇ ਰੱਖ ਦਿਤੇ ਜਾਣ ਕਾਰਨ, ਲੰਮੇਂ ਚਿਰ ਤੱਕ ਸਿੱਖ ਇਸ ਪੁਸਤਕ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਸਮਝਦੇ ਰਹੇ, ਪਰ ਮੌਜੂਦਾ ਸਮੇਂ ਵਿੱਚ ਚੇਤੰਨ ਸਿੱਖਾਂ ਵੱਲੋਂ ਇਤਿਹਾਸਕ ਤੱਥਾਂ ਦੀ ਪੜਚੋਲ ਕਰਨ ਅਤੇ ਬਚਿੱਤਰ ਨਾਟਕ ਗ੍ਰੰਥ ਦੀਆਂ ਰਚਨਾਵਾਂ ਦੀ ਗੁਰਬਾਣੀ ਨਾਲ ਤੁਲਨਾ ਕਰਕੇ ਸਾਬਿਤ ਕੀਤਾ ਹੈ ਕਿ ਇਸ ਗ੍ਰੰਥ ਦੀ ਕੋਈ ਵੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਨਹੀਂ ਹੈ, ਕੋਈ ਵੀ ਨਿਰਪੱਖ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਅਧਿਐਨ ਕਰਕੇ ਅਤੇ ਫਿਰ ਬਚਿੱਤਰ ਨਾਟਕ ਗ੍ਰੰਥ ਦੀਆਂ ਰਚਨਾਵਾਂ ਨੂੰ ਗੁਰਬਾਣੀ ਦੀ ਦੀ ਕਸਵੱਟੀ 'ਤੇ ਪਰਖ ਕੇ ਅਸਾਨੀ ਨਾਲ ਇਹ ਸਮਝ ਸਕਦਾ ਹੈ ਕਿ ਹਿੰਦੂ ਦੇਵੀ-ਦੇਵਤਿਆਂ ਦੀ ਉਸਤਤਿ ਕਰਨ ਵਾਲੀ, ਗੁਰਬਾਣੀ ਦੇ ਸਿਧਾਂਤਾਂ ਦਾ ਉਲੰਘਣਾ ਕਰਨ ਵਾਲੀਆਂ, ਗੁਰੂ ਸਾਹਿਬਾਨ ਨੂੰ ਲਵ-ਕੁਸ਼ ਦੀ ਔਲਾਦ ਦੱਸਣ ਵਾਲੀਆਂ ਰਚਨਾਵਾਂ ਦੇ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਨਹੀਂ ਹੋ ਸਕਦੇ ਜਦ ਗੁਰੂ ਗੋਬਿੰਦ ਸਿੰਘ ਜੀ ਇਨ੍ਹਾਂ ਰਚਨਾਵਾਂ ਦੇ ਲਿਖਾਰੀ ਹੀ ਨਹੀਂ, ਤਾਂ ਫਿਰ ਇਨ੍ਹਾਂ ਨੂੰ ਤਿਆਗਣ ਨਾਲ ਗੁਰੂ ਸਾਹਿਬ ਦਾ ਤਿਆਗ ਕਰਨ ਦਾ ਖਦਸ਼ਾ ਬਿਲਕੁਲ ਹੀ ਨਿਰਮੂਲ ਹੈ।

ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸਿੱਖਾਂ ਦਾ ਸਦੀਵੀ ਗੁਰੂ, ਗੁਰੂ ਗ੍ਰੰਥ ਸਾਹਿਬ ਨੂੰ ਮਨੋਨੀਤ ਕੀਤਾ ਸੀ, ਜਿਨ੍ਹਾਂ ਦੇ ਉਪਦੇਸ਼ਾਂ ਦੀ ਪਾਲਣਾ ਕਰਕੇ ਹੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ, ਬਲਕਿ ਗੁਰੂ ਗ੍ਰੰਥ ਸਾਹਿਬ ਨੂੰ ਤਿਆਗਣਾ (ਉਨ੍ਹਾਂ ਦੀ ਪਵਿੱਤਰ ਬਾਣੀ ਦੀ ਬਜਾਏ ਇਸ ਵਿਵਾਦਿਤ ਕਿਤਾਬ ਦੀਆਂ ਰਚਨਾਵਾਂ 'ਤੇ ਜ਼ਿਆਦਾ ਜਾਂ ਬਰਾਬਰ ਸ਼ਰਧਾ ਰੱਖਣਾ) ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਤਿਆਗਣਾ ਹੈ,.... ਤੇ ਇਹ ਕੰਮ ਦਮਦਮੀ ਟਕਸਾਲ, ਨਿਹੰਗ ਜੱਥਿਆਂ ਅਤੇ ਬ੍ਰਾਹਮਣਵਾਦੀ ਮਾਨਸਿਕਤਾ ਵਾਲੇ ਕੁੱਝ ਹੋਰ ਸੰਗਠਨਾਂ ਵੱਲੋਂ ਸ਼ਰੇਆਮ ਕੀਤਾ ਜਾ ਰਿਹਾ ਹੈ।  ਇਸ ਤੋਂ ਵੀ ਵੱਧ ਹੈਰਾਨੀ ਤੇ ਅਫ਼ਸੋਸ ਦੀ ਗੱਲ ਹੈ ਕਿ ਇਹ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਗੁਰੂ ਮੰਨਣ ਵਾਲੇ (ਸਿਰਫ਼ ਤੇ ਸਿਰਫ਼ ਗੁਰੂ ਗ੍ਰੰਥ ਸਾਹਿਬ 'ਤੇ ਆਪਣੀ ਆਸਥਾ ਰੱਖਣ ਵਾਲੇ) ਸਿੱਖਾਂ ਨੂੰ ਨਾਸਤਿਕ, ਪੰਥ-ਵਿਰੋਧੀ ਆਦਿਕ ਵਿਸ਼ੇਸ਼ਣਾਂ ਨਾਲ ਸੰਬੋਧਿਤ ਕਰਕੇ ਆਪਣੀ ਅਕਲ ਦਾ ਦਿਵਾਲੀਆਪਨ ਖ਼ੁਦ ਜ਼ਾਹਿਰ ਕਰ ਰਹੇ ਹਨ।

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top