Share on Facebook

Main News Page

ਜਥੇਦਾਰ ਦੀ ਸੇਵਾ ਸੰਭਾਲਣ ਲਈ ਪ੍ਰੇਰਣਾ...
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਲਿਖੀ ਗਈ ਉਨ੍ਹਾਂ ਦੇ ਜੀਵਨ ਦੀਆਂ ਆਪ ਬੀਤੀਆਂ "ਬੋਲਹਿ ਸਾਚੁ ਮਿਥਿਆ ਨਹੀ ਰਾਈ" ਭਾਗ ਉਨ੍ਹੀਵਾਂ

👉 "ਬੋਲਹਿ ਸਾਚੁ ਮਿਥਿਆ ਨਹੀ ਰਾਈ" ਦੇ ਪਿਛਲੇ ਭਾਗ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ ।

🙏 ਵੀਰ ਆਤਮਜੀਤ ਸਿੰਘ ਕਾਨਪੁਰ ਵੱਲੋਂ ਇਸ ਕਿਤਾਬ ਨੂੰ ਲਿੱਖ ਕੇ ਭੇਜਣ ਲਈ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ।

ਉਨਾਂ ਦਿਨਾਂ ਵਿਚ ਖਾੜਕੂ ਜਥੇਬੰਦੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਟਕਰਾਅ ਚਲ ਰਿਹਾ ਸੀ । ਸਰਬਤ ਖਾਲਸਾ ਵਿੱਚ ਖਾੜਕੂ ਸੰਘ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਭੰਗ ਕਰਨ ਦਾ ਐਲਾਨ ਕਰ ਚੁਕੇ ਸਨ, ਪਰ ਇਸ ਕੰਮ ਲਈ ਗੁਰਦੁਆਰਾ ਐਕਟ ਮੁਤਾਬਕ ਉਨ੍ਹਾਂ ਕੋਲ ਕੋਈ ਕਾਨੂੰਨੀ ਅਧਿਕਾਰ ਨਹੀਂ ਸਨ । ਇਸ ਲਈ ਉਹ ਸਮਝਦੇ ਸਨ ਕਿ ਜੇ ਤਖ਼ਤ ਸਾਹਿਬਾਨ ਦੇ ਜਥੇਦਾਰ ਉਨ੍ਹਾਂ ਦੇ ਆਪਣੇ ਰਖੇ ਜਾਣ ਤਾਂ ਧਾਰਮਿਕ ਸ਼ਕਤੀ ਉਨ੍ਹਾਂ ਦੇ ਹੱਥ ਆ ਜਾਂਦੀ ਹੈ ਅਤੇ ਇਸ ਤਰ੍ਹਾਂ ਸਰੇਮਣੀ ਕਮਟੀ ਤੇ ਅਕਾਲੀ ਲੀਡਰਸ਼ਿਪ ਨੂੰ ਆਸਾਨੀ ਨਾਲ ਅਰਥਹੀਨ ਕੀਤਾ ਜਾ ਸਕਦਾ ਹੈ ।

ਇਹੋ ਕਾਰਨ ਸੀ ਕਿ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ, ਗਿਆਨੀ ਸਾਹਿਬ ਸਿੰਘ ਆਦਿ ਨੂੰ ਸੇਵਾ ਮੁਕਤ ਕਰਨ ਤੋਂ ਬਾਅਦ ਨਵੇਂ ਜਥੇਦਾਰਾਂ ਦੀ ਨਿਯੁਕਤੀ ਉੱਤੇ ਆਪਸੀ ਟਕਰਾਉ ਚਲ ਰਿਹਾ ਸੀ । ਉਸ ਵੇਲੇ ਬੰਦੂਕ ਦਾ ਰਾਜ ਸੀ, ਜਿਸਦੇ ਸਾਹਮਣੇ ਸ੍ਰੋਮਣੀ ਕਮੇਟੀ ਸਾਹਸਹੀਨ ਮਹਿਸੂਸ ਕਰਦੀ ਸੀ ਤੇ ਬੇਬਸ ਸੀ ਬਾਕੀ ਚਾਰ ਸਿੰਘ ਸਾਹਿਬਾਨ ਖਾੜਕੂਆਂ ਦੀ ਮਰਜ਼ੀ ਦੇ ਪ੍ਰਵਾਨ ਕਰ ਲਏ ਗਏ ਸਨ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਮ ਦਾ ਫ਼ੈਸਲਾ ਨਹੀਂ ਹੋ ਰਿਹਾ ਸੀ ।

ਦੋਹਾਂ ਧਿਰਾਂ ਦੀਆਂ ਗੱਲਬਾਤਾਂ ਵਿੱਚ ਮੇਰਾ ਨਾਮ ਵੀ ਆਇਆ, ਤਾਂ ਕਿਸੇ ਹਦ ਤਕ ਮੇਰੇ ਨਾਮ ਉੱਤੇ ਦੋਵੇਂ ਧਿਰਾਂ ਰਾਜ਼ੀ ਹੋ ਗਈਆਂ। ਕਿਉਂਕਿ ਅਕਾਲੀ ਦਲ ਮੈਨੂੰ ਗੁਰਬਾਣੀ ਕੀਰਤਨੀਆ ਅਤੇ ਸ਼ਹਿਰੀ ਸਿੱਖ ਹੋਣ ਕਰਕੇ ਸਮਝਦਾ ਸੀ ਕਿ ਇਹ ਹਾਰਡ ਲਾਈਨਰ ਨਹੀਂ ਹੋਵੇਗਾ ਅਤੇ ਖਾੜਕੂ ਸਿੰਘ ਸਰਕਾਰੀ ਜ਼ੁਲਮ ਦੇ ਖ਼ਿਲਾਫ਼ ਬੇਖ਼ੋਫ਼ ਨਿੱਡਰ ਅਵਾਜ ਤੇ ਸਰਕਾਰ ਵਲੋਂ ਮੇਰੇ ਉੱਤੇ ਕੀਤੀ ਗਈ ਸਖ਼ਤੀ ਕਾਰਨ ਮੈਨੂੰ ਆਪਣਾ ਸਾਥੀ ਜਾਣਦੇ ਸਨ। ਸੋ ਮੇਰੇ ਨਾਮ ਉੱਤੇ ਦੋਵੇਂ ਧਿਰਾਂ ਮੰਨ ਗਈਆਂ।

ਇੱਕ ਦਿਨ ਮੇਰੇ ਕੋਲ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰ. ਭਾਨ ਸਿੰਘ, ਸ੍ਰ. ਰਾਜ ਸਿੰਘ ਤੇ ਸ੍ਰ. ਮਨਜੀਤ ਸਿੰਘ ਕਲਕੱਤਾ ਆਏ ਅਤੇ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਲਈ ਪੇਰਣਾ ਕੀਤੀ। ਕੁਝ ਦਿਨਾਂ ਬਾਅਦ ਇਸ ਸੇਵਾ ਲਈ ਸ੍ਰ. ਗੁਰਚਰਨ ਸਿੰਘ ਟੌਹੜਾ ਦਾ ਸੰਦੇਸ਼ ਲੈ ਕੇ ਸ੍ਰ. ਸੁਰਜਨ ਸਿੰਘ ਠੇਕੇਦਾਰ ਜੀ ਆਏ। ਮੈਂ ਉਨ੍ਹਾਂ ਨੂੰ ਆਪਣੀਆਂ ਮਜਬੂਰੀਆਂ ਸਮਝਾਈਆਂ। ਫਿਰ ਕੁਝ ਦਿਨਾਂ ਬਾਅਦ ਹੀ ਸ੍ਰ. ਭਾਨ ਸਿੰਘ ਜੀ ਦਾ ਫ਼ੋਨ ਆ ਗਿਆ ਕਿ ਇੱਕ ਵਾਰ ਅੰਮ੍ਰਿਤਸਰ ਆਵੋ । ਨਾਲ ਹੀ ਕੁਝ ਮਿੰਟਾਂ ਬਾਅਦ ਹੀ ਪ੍ਰਿ. ਸਤਬੀਰ ਸਿੰਘ ਜੀ ਦਾ ਫੋਨ ਵੀ ਆ ਗਿਆ ਕਿ ਅੰਮਿ੍‌ਤਸਰ ਜ਼ਰੂਰ ਜਾਣਾ ਹੈ ਅਤੇ ਮੈਂ ਰਸਤੇ ਵਿੱਚ ਲੁਧਿਆਣੇ ਆ ਕੇ ਮਿਲਾਂਗਾ ।

ਖੈਰ! ਮੈਂ ਅੰਮ੍ਰਿਤਸਰ ਜਾਂਦਿਆ ਰਾਹ ਵਿੱਚ ਲੁਧਿਆਣੇ ਰੁੱਕਿਆ । ਪ੍ਰਿ. ਸਤਬੀਰ ਸਿੰਘ ਜੀ ਵੀ ਉਥੇ ਆ ਗਏ । ਉਨ੍ਹਾਂ ਨੇ ਮੈਨੂੰ ਸਾਰੀ ਗੱਲ ਦੱਸੀ ਤੇ ਕਿਹਾ, "ਤੁਹਾਡੇ ਆਉਣ ਨਾਲ ਸਾਡਾ ਆਪਸੀ ਟਕਰਾਉ ਟੱਲਦਾ ਹੈ, ਸੋ ਇਸ ਪੰਥਕ ਕਾਜ ਲਈ ਤੁਹਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਪ੍ਰਵਾਨ ਕਰ ਲੈਣੀ ਚਾਹੀਦੀ ਹੈ ।"

ਮੈੰ ਬੇਨਤੀ ਕੀਤੀ, ਮੈਂ ਜੀਵਨ ਦੇ ਕਈ ਸਾਲਾਂ ਦੀ ਘਾਲਣਾ ਨਾਲ ਕੀਰਤਨ ਰਾਹੀਂ ਕੌਮ ਵਿਚ ਸਿੱਧਾ ਪਿਆਰ-ਸਤਕਾਰ ਤੇ ਮਾਣ ਪ੍ਰਾਪਤ ਕੀਤਾ ਹੈ ਅਤੇ ਫੈਸਲਾ ਕੀਤਾ ਹੋਇਆ ਹੈ ਕਿ ਕਿਸੇ ਵੀ ਕਮੇਟੀ ਦੀ ਮੁਲਾਜ਼ਮਤ ਨਹੀਂ ਕਰਨੀ । ਨਾਲ ਹੁਣੇ ਹੀ ਦਸ ਮਹੀਨੇ ਜੇਲ੍ਹ ਵਿੱਚ ਕੱਟ ਕੇ ਬਾਰਰ ਆਇਆ ਹਾਂ, ਘਰ ਵਿੱਚ ਸਭ ਕੁਝ ਹਿਲਿਆ ਹੋਇਆ ਹੈ ਅਤੇ ਬਚ ਅਜੇ ਛੋਟੇ ਹਨ। ਸੋ ਮੈਂ ਸੰਗਤ ਵਿੱਚ ਵਿਚਰ ਕੇ ਹੀ ਕੌਮੀ ਆਵਾਜ ਦੇ ਰੂਪ ਵਿੱਚ ਸੇਵਾ ਕਰਨੀ ਚਾਹੁੰਦਾ ਹਾਂ ।

ਪ੍ਰਿ. ਸਾਹਿਬ ਕਹਿਣ ਲੱਗੇ, “ਤੁਸੀਂ ਆਪਣਾ ਨਾਮ ਸਾਨੂੰ ਦੇ ਦੇਵੇ, ਭਾਵੇਂ ਪੰਦ੍ਹਾਂ ਦਿਨਾਂ ਬਾਅਦਾ ਹੀ ਚੱਕਰ ਜਾਇਆ ਕਰੋ, ਰੋਜ ਦੀ ਸੇਵਾ ਗ੍ਰੰਥੀ ਸਿੰਘ ਨਿਭਾ ਲਿਆ ਕਰੇਗਾ। ਮੈਂ ਇਹ ਸਭ ਕੁਝ ਭਾਨ ਸਿੰਘ ਨੂੰ ਲਿਖ ਕੇ ਭੇਜ ਦਿੰਦਾ ਹਾਂ।"

ਫਿਰ ਸ਼ਾਮ ਨੂੰ ਮੈਂ ਅੰਮ੍ਰਿਤਸਰ ਪੁੱਜਾ, ਰਾਤ ਅਕਾਲ ਰੈਸਟ ਹਾਊਸ ਵਿੱਚ ਠਹਿਰਿਆ । ਉਥੇ ਸ੍ਰ. ਭਾਨ ਸਿੰਘ, ਸ੍ਰ. ਰਾਜ ਸਿੰਘ ਅਤੇ ਸ੍ਰ. ਅਬਿਨਾਸ਼ੀ ਸਿੰਘ ਆ ਕੇ ਮਿਲੇ। ਰਾਤ ਨੂੰ ਤਕਰੀਬਨ ਗਿਆਰ੍ਹਾਂ ਵਜੇ ਲੋਹਗੜ੍ਹ ਸਾਹਿਬ ਦੇ ਪ੍ਰਧਾਨ ਸ੍ਰ. ਸੁਰਿੰਦਰ ਸਿੰਘ, ਜਿਨ੍ਹਾਂ ਦੀ ਰੁਮਾਲਿਆਂ ਦੀ ਦੁਕਾਨ ਹੈ ਅਤੇ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਦੇ ਸਮੇਂ ਸਵੱਯੈ ਦਾ ਪਾਠ ਕਰਦੇ ਹਨ, ਉਹ ਆਏ ਤੇ ਕਹਿਣ ਲੱਗੇ, "ਕੋਈ ਖਾੜਕੂ ਸਿੰਘ ਤੁਹਾਨੂੰ ਮਿਲਣਾ ਚਾਹੁੰਦਾ ਹੈ, ਇਸ ਲਈ ਹੁਣੇ ਮੇਰੇ ਨਾਲ ਚਲਣਾ ਹੋਵੇਗਾ।" ਉਹ ਮੈਨੂੰ ਆਪਣੇ ਸਕੂਟਰ ਉੱਤੇ ਬਿਠਾ ਕੇ ਗੁਰਦੁਆਰਾ ਲੋਹਗੜ੍ਹ ਸਾਹਿਬ ਲੈ ਗਏ ਜਿਥੇ ਪਹੁੰਚ ਕੇ ਉਨ੍ਹਾਂ ਨੇ ਇੱਕ ਬੰਦ ਕਮਰ ਦਾ ਤਾਲਾ ਖੋਲ੍ਹਿਆ ਅਤੇ ਅੰਦਰ ਬੈਠੇ ਟਕਸਾਲ ਦੇ ਸਿੰਘ ਭਾਈ ਅਜੈਬ ਸਿੰਘ ਅਭਿਆਸੀ ਨੂੰ ਮਿਲਾਇਆ ।

ਭਾਈ ਅਜੈਬ ਸਿੰਘ ਨੇ ਵੀ ਖਾੜਕੂ ਜਥੇਬੰਦੀਆਂ ਵਲੋਂ ਮੈਨੂੰ ਜਥੇਦਾਰ ਵਜੋਂ ਸੇਵਾ ਸੰਭਾਲਣ ਲਈ ਮਜਬੂਰ ਕੀਤਾ। ਉਹ ਕਹਿਣ ਲੱਗਾ, "ਪ੍ਰੋਫੈਸਰ ਸਾਹਿਬ ! ਜੇ ਸਰਕਾਰ ਹੋਰ ਇੱਕ ਸਾਲ ਜੇਲ੍ਹ ਵਿੱਚ ਰੱਖ ਲੈਂਦੀ ਤਾਂ ਵੀ ਤੇ ਘਰ ਚਲਣਾ ਸੀ। ਹੁਣ ਤੁਸੀਂ ਸੇਵਾ ਸੰਭਾਲੋਂ। ਜਿਸ ਦਿਨ ਭਾਈ ਜਸਬੀਰ ਸਿੰਘ (ਰੋਡੇ) ਜੋਲ੍ਹ ਤੋਂ ਬਾਹਰ ਆ ਗਏ. ਫਿਰ ਬੇਸ਼ਕ ਛੱਡ ਦੇਣਾ।" ਖਾੜਕੂ ਲਹਿਰ ਦਾ ਮੇਰੇ ਉੱਤੇ ਜ਼ਿਆਦਾ ਅਸਰ ਸੀ, ਸੋ ਮੈਂ ਸੋਚੀ ਪੈ ਗਿਆ ਤੇ ਖਾਮੋਸ਼ ਹੋ ਗਿਆ। ਫਿਰ ਪ੍ਰਧਾਨ ਸਾਹਿਬ ਮੈਨੂੰ ਅਕਾਲ ਰੈਸਟ ਹਾਉਸ ਵਾਪਸ ਛੱਡ ਗਏ ।

ਅਗਲੇ ਦਿਨ ਸਵੇਰੇ ਮੈਂ ਵਾਪਸ ਆਪਣੇ ਘਰ ਜ਼ੀਰਕਪੁਰ ਆ ਗਿਆ। ਚਾਰ ਦਿਨਾਂ ਬਾਅਦ ਅਚਾਨਕ ਸ਼੍ਰੋਮਣੀ ਕਮੇਟੀ ਦੇ ਚੰਡੀਗੜ੍ਹ ਸਬ-ਆਫ਼ਿਸ ਤੋਂ ਸਵੇਰੇ ਹੀ ਬੇਦੀ ਸਾਹਿਬ ਦਾ ਫ਼ੋਨ ਆਇਆ ਕਿ ਸ੍ਰ. ਭਾਨ ਸਿੰਘ ਜੀ ਦਾ ਸੰਦੇਸ਼ ਆਇਆ ਹੈ, ਅੱਜ ਹੀ ਅੰਮਿ੍‌ਤਸਰ ਜ਼ਰੂਰ ਪਹੁੰਚੋ। ਉਨ੍ਹਾਂ ਹੋਰ ਕੋਈ ਗੱਲ ਨਹੀਂ ਦੱਸੀ। ਖ਼ੈਰ ! ਮੈਂ, ਸਿੰਘਣੀ ਤੇ ਵੱਡਾ ਬੇਟਾ ਗੁਰਪਾਲ ਸਿੰਘ ਦੁਪਹਿਰ ਬਾਅਦ ਅੰਮ੍ਰਿਤਸਰ ਲਈ ਚਲ ਪਏ ਅਤੇ ਸ਼ਾਮ ਛੇ ਵਜੇ ਦੇ ਕਰੀਬ ਅੰਮ੍ਰਿਤਸਰ ਪੁੱਜ ਗਏ।

ਅੰਮਿ੍‌ਤਸਰ ਪਹੁੰਚ ਕੇ ਬੇਟੇ ਨੇ ਆਪਣੀ ਦੁਕਾਨ ਲਈ ਕੁਝ ਕੈਸਟਾਂ ਤੇ ਟੇਪਾਂ ਲੈਣੀਆਂ ਸਨ। ਸੋ ਵਾਪਸੀ ਤਕ ਬਾਜ਼ਾਰ ਦੇ ਬੰਦ ਹੋਣ ਦੇ ਡਰ ਤੋਂ ਅਸੀਂ ਪਹਿਲੇ ਹਾਲ ਬਾਜ਼ਾਰ ਵਿੱਚ 'ਪੰਜਾਬ ਰੇਡੀਓ' ਦੀ ਦੁਕਾਨ ਉੱਤੇ ਪਹੁੰਚ ਗਏ। ਬੇਟਾ ਉਥੇ ਟੇਪਾਂ ਖ਼ਰੀਦ ਰਿਹਾ ਸੀ ਅਤੇ ਦੁਕਾਨ ਵਿੱਚ ਰੇਡੀਓ ਲੱਗਾ ਹੋਇਆ ਸੀ ਜਿਸ ਵਿੱਚ ਸਤ ਵਜੇ ਦੀਆਂ ਖ਼ਬਰਾਂ ਵਿੱਚ ਇਹ ਐਲਾਨ ਹੋਇਆ ਕਿ ਪ੍ਰੋਫ਼ੈਸਰ ਦਰਸ਼ਨ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਹੈ। ਮੈਂ ਹੈਰਾਨ ਹੋ ਗਿਆ ਕਿ ਮੈਨੂੰ ਦੱਸੇ ਬਿਨਾ ਹੀ ਫ਼ੈਸਲਾ ਵੀ ਸੁਣਾ ਦਿੱਤਾ ਗਿਆ। ਹੁਣ ਮੈਂ ਸੋਚੀ ਪੈ ਗਿਆ ਕਿ ਜੇ ਹੁਣ ਪੰਦਰ੍ਹਾਂ ਮਿੰਟਾਂ ਬਾਅਦ ਹੀ ਦਰਬਾਰ ਸਾਹਿਬ ਪਹੁੱਚ ਜਾਂਦਾ ਹਾਂ ਤਾਂ ਇੰਝ ਜਾਪੇਗਾ ਜਿਵੇਂ ਇਹ ਫੈਸਲਾ ਮੈਨੂੰ ਇਥੇ ਬੁਲਾ ਕੇ ਹੀ ਕੀਤਾ ਗਿਆ ਤੇ ਫਿਰ ਸੁਣਾਇਆ ਗਿਆ ਹੈ । ਮੈਂ ਉਸੇ ਵੇਲੇ ਫ਼ੈਸਲਾ ਕੀਤਾ ਕਿ ਪੰਜਾਬ ਰੇਡੀਓ ਵਾਲੇ ਸਿੰਘ ਦੇ ਘਰ ਹੀ ਰਾਤ ਰੁੱਕ ਜਾਵਾਂ । ਫਿਰ ਉਸ ਵੀਰ ਨੇ ਸ੍ਰ. ਭਾਨ ਸਿੰਘ ਨੂੰ ਫੋਨ ਕੀਤਾ ਤੇ ਕਿਹਾ, “ਅਚਾਨਕ ਰੇਡੀਓ ਉੱਤੇ ਅਨਾਊਂਮਮੈਂਟ ਸੁਣ ਕੇ ਪ੍ਰੋਫੈਸਰ ਸਾਹਿਬ ਮੇਰੇਕੌਲ ਹੀ ਰੁੱਕ ਗਏ ਹਨ। ਤੁਸੀਂ ਇੱਕ ਵਾਰ ਇਥੇ ਮੇਰੇ ਘਰ ਵਿੱਚ ਹੀ ਆ ਜਾਓ।'

ਅੱਧੇ ਘੰਟੇ ਵਿੱਚ ਹੀ ਸ਼੍ਰੋਮਣੀ ਕਮੇਟੀ ਦੇ ਤਿੰਨ ਮੁਖੀ ਵੀਰ, ਸਿਰੀ ਸਾਹਿਬ ਤੋਂ ਸਿਰੋਪਾਓ ਲੈ ਕੇ ਉਥੇ ਪਹੁੰਚ ਗਏ ਅਤੇ ਕਹਿਣ ਲੱਗੇ, “ਸਿਰੀ ਸਾਹਿਬ ਹੱਥ ਵਿੱਚ ਲਵੋ ਤੇ ਜ਼ਿੰਮੇਵਾਰੀ ਸੰਭਾਲੋਂ । ਸ਼੍ਰੋਮਣੀ ਕਮੇਟੀ ਅੱਜ ਦੀਆਂ ਖ਼ਬਰਾਂ ਵਿੱਚ ਅਨਾਊਂਸ ਕਰਨਾ ਚਾਹੁੰਦੀ ਸੀ, ਇਸ ਲਈ ਤੁਹਾਡੀ ਉਡੀਕ ਨਹੀਂ ਕਰ ਸਕੀ। ਸਾੱਨੂੰ ਭਰੋਸਾ ਸੀ ਕਿ ਤੁਸੀਂ ਸਾਡੇ ਫ਼ੈਸਲੇ ਦੀ ਲਾਜ ਰਖੋਗੇ ।'

ਮੈਂ ਆਖਿਆ, 'ਮੇਰੀਆਂ ਮੁੱਖ ਦੋ ਸ਼ਰਤਾਂ ਹਨ । ਪਹਿਲੀ ਕਿ ਮੈਂ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਨਹੀਂ ਅਤੇ ਮੈਂ ਸ਼੍ਰੋਮਣੀ ਕਮੇਟੀ ਤੋਂ ਤਨਖ਼ਾਹ ਨਹੀਂ ਲਵਾਂਗਾ।'' ਉਨ੍ਹਾਂ ਵੀਰਾਂ ਨੇ ਮੇਗੀਆਂ ਗੱਲਾਂ ਮੰਨ ਲਈਆਂ ਅਤੇ ਆਖਿਆ, 'ਹੁਣ ਅਸੀਂ ਗੁਰ ਘਰ, ਸਿੱਖ ਸੰਸਥਾਵਾਂ ਅਤੇ ਸੰਪਰਦਾਵਾਂ ਵੱਲੋਂ ਸਿਰਪਾਓ ਦੀ ਰਸਮ ਦਾ ਦਿਨ ਨਿਸ਼ਚਿਤ ਕਰਕੇ ਹਾਜ਼ਰ ਹੋਵਾਂਗੇ।" ਸੋ ਰਾਤ ਮੈ ਉਸੇ ਵੀਰ ਦੇ ਘਰ ਰੁਕਿਆ ਅਤੇ ਅੰਮ੍ਰਿਤ ਵੇਲੇ ਦਰਬਾਰ ਸਹਿਬ ਮੱਥਾ ਟੇਕ ਕੇ ਵਾਪਸ ਜ਼ੀਰਕਪੁਰ ਆ ਗਿਆ।

ਜੀਵਨ ਦੇ ਸਫ਼ਰ ਵਿੱਚ ਇਹ ਇੱਕ ਨਵਾਂ ਮੋੜ ਸੀ ਤਖ਼ਤ ਦੀਆਂ ਪਰੰਪਰਾਵਾਂ, ਮਾਣ-ਮਰਯਾਦਾ ਦੀ ਰਾਖੀ ਅਤੇ ਇਸ ਬਿਖੜੇ ਸਮੇਂ ਵਿੱਚ ਉੱਜਲੇ ਪੰਥਕ ਭਵਿੱਖ ਲਈ ਸੰਘਰਸ਼ ਦੀ ਜਿੰਮੇਵਾਰੀ ਅਤੇ
ਥਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ ਸੁਖ ਸਹਜ ਸੇਤੀ ਘਰਿ ਜਾਤੇ ॥ { ਗ.ਗ੍ਰੰ .ਸਾ. ਪੰਨਾ ੧੧੮੫}

ਦੇ ਮਹਾਵਾਕ ਅਨੁਸਾਰ ਗੁਰੂ ਅੱਗੇ ਅਰਦਾਸ ਕਰਕੇ ਮਨ ਬਣਾ ਰਿਹਾ ਸੀ । ਚਾਰ-ਚੁਫੇਰੇ ਪਹਿਰੇ, ਸੇਵਾਦਾਰ, ਜੀ-ਹਜ਼ੂਰੀ ..... ਸਾਰਾ ਜੀਵਨ ਕੌਮ ਵਿੱਚ ਪਰਿਵਾਰ ਵਾਂਗੂੰ ਵਿਚਰਨ ਵਾਲੇ ਮੇਰੇ ਵਰਗੇ ਲਈ ਇਹ ਸਭ ਕੁਝ ਓਪਰਾ ਸੀ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top