Share on Facebook

Main News Page

ਅਖੌਤੀ ਦਸਮ ਗ੍ਰੰਥ ਦੇ ਲਿਖਾਰੀ ਦੀ ਕਲਮ ਨੂੰ ਤਾਂ ਹਿੰਦੂ ਦੇਵੀ ਦੇਵਤਿਆਂ, ਅਵਤਾਰਾਂ ਦੇ ਮਿਥਿਹਾਸ ਲਿਖਣ ਤੋਂ ਹੀ ਵਿਹਲ ਨਹੀਂ
ਵੇਦਾਂਤੀ ਜੀ, ਸੱਚੇ ਅਕਾਲ ਪੁਰਖ ਦੇ ਸੱਚੇ ਤਖਤ ਦਾ ਨਾਮ ਵਰਤ ਕੇ ਲਿਖੇ ਗਏ ਇਸ ਗੁਰਮਤੇ ਵਿਚ ਕੀ ਸੱਚ ਹੈ ? ਸਪਸ਼ਟ ਕਰੋ !
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਪਿਛਲੇ ਭਾਗ ਵੀ ਜ਼ਰੂਰ ਪੜ੍ਹੋ : ਭਾਗ 1; ਭਾਗ 2

ਜੇਕਰ ਸਿੱਖ ਪੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਹਮੇਸ਼ਾਂ ਰਾਹਨੁਮਾਈ ਲੈਂਦਾ ਰਿਹਾ ਹੈ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਏਕੋ ਜਪਿ ਏਕੋ ਸਾਲਾਹਿ ॥ ਏਕੁ ਸਿਮਰਿ ਏਕੋ ਮਨ ਆਹਿ ॥ ਏਕਸ ਕੇ ਗੁਨ ਗਾਉ ਅਨੰਤ ॥ ਮਨਿ ਤਨਿ ਜਾਪਿ ਏਕ ਭਗਵੰਤ ॥" ਅਤੇ "ਆਰਾਧਿ ਏਕੰਕਾਰੁ ਸਾਚਾ ਨਿਤ ਦੇਇ ਚੜੈ ਸਵਾਇਆ ॥" ਦਾ ਹੁਕਮ ਕਰਦਾ ਹੈ, ਫਿਰ ਸਿੱਖ ਪੰਥ ਨੇ "ਮਹਾਕਾਲ ਕਾਲਕਾ ਅਰਾਧੀ" ਅਤੇ "ਗੁਰ ਸਿਮਰ ਮਨਾਈ ਕਾਲਕਾ" ਵਾਲੀ ਰਚਨਾ ਕਿਸ ਦੀ ਰਾਹਨੁਮਾਈ ਵਿੱਚ ਪ੍ਰਵਾਣ ਕਰ ਲਈ।

ਵੇਦਾਂਤੀ ਜੀ, ਤੁਸਾਂ ਅਪਣੇ ਲਿਖੇ ਗੁਰਮਤੇ ਵਿਚ ਭੀ ਲਿਖਿਆ ਹੈ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਅਖੌਤੀ ਦਸਮ ਗ੍ਰੰਥ ਨੂੰ ਬਰਾਬਰਤਾ ਜਾਂ ਗੁਰ ਗੱਦੀ ਨਹੀਂ ਦਿਤੀ, ਗੱਦੀ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿਤੀ ਗਈ, ਤਾਂ ਫਿਰ ਜਿਨ੍ਹਾਂ ਅਸਥਾਨਾਂ ਜਾਂ ਡੇਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਹੁਕਮਨਾਮੇ ਸੇਵਾ ਸੰਭਾਲ ਅਖੰਡ ਪਾਠ ਹੋ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਗੁਰੂ ਮਾਨਿਓ ਗ੍ਰੰਥ ਤੇ ਅਮਲ ਕਰਨ ਵਾਲੇ ਸਿੱਖ ਪੰਥ ਨੇ ਗੁਰੂ ਦੇ ਹੁਕਮ ਦੀ ਬੇਅਦਬੀ ਰੋਕਣ ਲਈ, ਅੱਜ ਤੱਕ ਕੀ ਕੀਤਾ ਜਾਂ ਇਹ ਭੀ ਦਸੋ ਕੇ ਇਸ ਤਰਾਂ ਗੁਰੂ ਹੁਕਮ ਦੀ ਬੇਅਦਬੀ ਕਰਨ ਵਾਲਿਆਂ ਨੂੰ ਤੁਸੀਂ ਸਿੱਖ ਪੰਥ ਨਹੀਂ ਮੰਨਦੇ?

ਹੁਣ ਤੱਕ ਤਾਂ ਤੁਸਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਵਾਲਿਆਂ ਨੂੰ ਸਿੱਖ ਪੰਥ ਵਿਚੋਂ ਛੇਕ ਕੇ, ਜ਼ੁਬਾਨ ਬੰਦ ਕਰਨ ਦੀ ਕੋਸ਼ਿਸ਼ ਹੀ ਕੀਤੀ ਹੈ। ਤਾਂ ਫਿਰ ਦੱਸੋ ਤੁਹਾਡਾ ਉਹ ਸਿੱਖ ਪੰਥ ਕਿਹੜਾ ਹੈ, ਜਿਹੜਾ ਗੁਰੂ ਮਾਨਿਓ ਗ੍ਰੰਥ ਵਾਲੇ ਹੁਕਮ 'ਤੇ ਅਮਲ ਕਰਦਾ ਹੈ ਅਤੇ ਜਿਸਦਾ ਤੁਸਾਂ ਆਪਣੇ ਗੁਰਮਤੇ ਵਿਚ ਜ਼ਿਕਰ ਕੀਤਾ ਹੈ?

ਹੁਣ ਜ਼ਰਾ ਉਹਨਾ ਕੁਛ ਪੰਨਿਆਂ 'ਤੇ ਭੀ ਵੀਚਾਰ ਕਰੀਏ, ਜਿਨ੍ਹਾਂ ਨੂੰ ਪ੍ਹੜ ਕੇ ਸਾਨੂੰ ਸਿੱਖ ਇਤਿਹਾਸ ਹੋਣ ਦਾ ਭੁਲੇਖਾ ਪੈਂਦਾ ਹੈ, ਕਿਵੇਂ ਸਿੱਖ ਇਤਿਹਾਸ ਦੇ ਨਾਮ ਨਾਲ ਖਿਲਵਾੜ ਕੀਤਾ ਗਿਆ ਹੈ।

- ਗੁਰੂ ਨਾਨਕ ਪਾਤਸ਼ਾਹ ਨੂੰ ਲਵ ਕੁਸ਼ ਦੀ ਸੰਤਾਨ ਸਾਬਤ ਕਰਨ ਵਾਲੇ ਇਤਿਹਾਸ, ਜੋ ਅਸਲ ਵਿੱਚ ਗੁਰੂ ਨਾਨਕ ਦਾ ਨਹੀਂ, ਬਲਕਿ ਰਾਮਚੰਦਰ ਦੇ ਪੁਤਰ ਲਵ ਕੁਸ਼ ਦਾ ਮਨਘੜਤ ਬੰਸਾਵਲੀ ਨਾਮਾ ਅਤੇ ਉਨ੍ਹਾਂ ਦੀ ਖਾਨਦਾਨੀ ਕਹਾਣੀ ਹੀ ਲਿਖੀ ਗਈ ਹੈ, ਉਸਤੋਂ ਇਲਾਵਾ ਗੁਰੂ ਨਾਨਕ ਦੇ ਇਨਕਲਾਬੀ ਜੀਵਨ ਦਾ ਸੰਘਰਸ਼ ਮਨੁੱਖੀ ਸਾਰ ਸੰਭਾਲ ਲਈ ਬਾਬੇ ਡਿਠੀ ਪ੍ਰਿਥਮੀ ਨਵੈ ਖੰਡ ਜਿਥੋਂ ਤਕ ਆਹੀ ਦਾ ਕਿਤੇ ਜ਼ਿਕਰ ਨਹੀਂ, ਗੁਰੂ ਅੰਗਦ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਜੀ, ਗੁਰੂ ਹਰ ਗੋਬਿੰਦ ਜੀ, ਗੁਰੂ ਹਰ ਰਾਏ ਜੀ, ਗੁਰੂ ਹਰ ਕਿਸ਼ਨ ਜੀ, ਸਭ ਦੇ ਜੀਵਨ ਦਾ ਜ਼ਿਕਰ ਕਰਨਾ ਭੀ ਇਸ ਗ੍ਰੰਥ ਦਾ ਲਿਖਾਰੀ ਭੁਲ ਗਿਆ!

- ਇਥੋਂ ਤੱਕ ਕੇ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਦੀ ਮਹਾਨ ਸ਼ਹੀਦੀ ਦੀ ਗੱਲ ਭੀ ਨਹੀਂ ਕੀਤੀ, ਕਿਉਂਕਿ ਉਸ ਸ਼ਹੀਦੀ ਦੇ ਇਤਹਾਸ ਦਾ ਮੁਖ ਕਾਰਨ ਇਕ ਹਿੰਦੂ ਚੰਦੂ ਹੈ। ਪਰ ਦੁਰਗਾ ਦੀ ਵਾਰ ਦੇ ਅਰੰਭ ਵਿਚ "ਪ੍ਰਿਥਮ ਭਗਉਤੀ" ਲਿਖ ਕੇ ਇਕ ਅਕਾਲ ਪੁਰਖ ਨੂੰ ਸਿਮਰਨ ਵਾਲੇ ਸਾਰੇ ਗੁਰੂ ਜਾਮਿਆਂ ਦੇ ਨਾਮ ਉਸ ਭਗਉਤੀ ਦੇਵੀ ਦੇ ਉਪਾਸ਼ਕ ਬਣਾ ਦਿਤੇ। ਇਹ ਹੈ ਇਸ ਗ੍ਰੰਥ ਵਿੱਚ ਸਿੱਖ ਪੰਥ ਦਾ ਇਤਹਾਸ?

- ਅਖੀਰ, ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਕੋਝੇ ਢੰਗ ਨਾਲ ਜ਼ਿਕਰ ਕਰਦਿਆਂ ਮਨੁੱਖੀ ਅਧਿਕਾਰਾਂ ਲਈ ਹੋਈ ਇਸ ਮਹਾਨ ਸ਼ਹੀਦੀ ਨੂੰ ਸਿਰਫ ਹਿੰਦੂ ਦੇ ਤਿਲਕ ਜੰਝੂ ਦੀ ਰਾਖੀ ਲਈ ਸੀਮਿਤ ਕਰ ਦਿੱਤਾ, ਕੀ ਇਹ ਹੈ ਸਿੱਖ ਪੰਥ ਦਾ ਇਤਿਹਾਸ?

- ਭੰਗਾਣੀ ਦਾ ਯੁਧ ਲਿਖਦਿਆਂ ਪੀਰ ਬੁਧੂ ਸ਼ਾਹ ਜਿਸ ਨੇ ਆਪਣੇ ਦੋ ਸਾਹਿਬਜ਼ਾਦੇ ਅਤੇ ਸੱਤ ਸੌ ਮੁਰੀਦ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿੱਚ ਕੁਰਬਾਣ ਕਰ ਦਿੱਤੇ, ਉਸਦਾ ਨਾਮ ਤੱਕ ਲਿਖਣਾ ਲਿਖਾਰੀ ਭੁਲ ਗਿਆ।

- ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਮਹਾਨ ਕਾਜ਼ ਪਾਹੁਲ (ਅੰਮ੍ਰਿਤ) ਦੀ ਦਾਤ ਝੋਲੀ ਪਾਉਣ ਦਾ, ਸਿੱਖੀ ਬਾਣੀ ਬਾਣੇ ਨਾਲ ਸਜਾ ਕੇ ਸੰਪੂਰਣ ਕਰਨ ਦਾ ਜ਼ਿਕਰ ਕਰਨਾ ਭੀ ਭੁਲ ਗਿਆ, ਗੁਰੂ ਹੁਕਮ ਅੱਗੇ ਸਮਰਪਨ ਹੋਣ ਵਾਲੇ ਪੰਜਾਂ ਪਿਆਰਿਆਂ ਦੇ ਨਾਮ ਤੱਕ ਦਾ ਜ਼ਿਕਰ ਨਹੀਂ ਹੈ, ਬਲਕਿ ਗੁਰੂ ਨਾਨਕ ਤੋਂ ਲੈਕੇ ਦਸਮ ਪਾਤਸ਼ਾਹ ਤੱਕ ਕਿਸੇ ਭੀ ਗੁਰੂ ਨੂੰ ਸਮਰਪਨ ਸਿੱਖ ਦਾ ਇਤਿਹਾਸ ਲਿਖਣ ਲਈ 1428 ਪੰਨੇ ਵਿਚੋਂ ਲਿਖਾਰੀ ਨੂੰ ਕੋਈ ਪੰਨਾ ਖਾਲੀ ਨਹੀਂ ਮਿਲਿਆ?

- ਗਨੀ ਖਾਂ - ਨਬੀ ਖਾਂ ਚੁਫੇਰੇ ਦੁਸ਼ਮਣ ਦੀ ਨਿਗਾਹ ਚੀਰਦੇ ਹੋਏ ਮਛੀਵਾੜੇ ਦੇ ਕੰਡਿਆਲੇ ਜੰਗਲ ਵਿੱਚ ਗੁਰੂ ਦੀ ਸੇਵਾ ਵਿੱਚ ਹਾਜ਼ਰ ਹੋਂਦੇ ਹਨ, ਪਰ ਲਿਖਾਰੀ ਗਨੀ ਖਾਂ ਨਬੀ ਖਾਂ ਦਾ ਨਾਮ ਭੀ ਲਿਖਣਾ ਭੁਲ ਗਿਆ, ਕਿਉਂਕਿ ਇਸ ਲਿਖਤ ਨਾਲ ਇਸਲਾਮ ਨਾਲ ਸਾਂਝ ਪੈਂਦੀ ਸੀ ਅਤੇ ਲਿਖਾਰੀ ਗੁਰੂ ਜੀਵਨ ਸਿਰਫ ਹਿੰਦੂ ਲਈ ਰਾਖਵਾਂ ਕਰਨਾ ਚਾਹੁੰਦਾ ਹੈ।

ਲਿਖਾਰੀ ਦੀ ਕਲਮ ਨੂੰ ਤਾਂ ਹਿੰਦੂ ਦੇਵੀ ਦੇਵਤਿਆਂ ਅਵਤਾਰਾਂ ਦੇ ਮਿਥਹਾਸ ਲਿਖਣ ਤੋਂ ਹੀ ਵਿਹਲ ਨਹੀਂ, ਕਿਰਪਾਨਾਂ ਛਵੀਆਂ, ਗੰਡਾਸੇ, ਲਿਖਾਰੀ ਦੇ ਗੁਰੂ ਪੀਰ ਹਨ ਸਬਦ ਗੁਰੂ ਸੁਰਤ ਧੁਨ ਚੇਲਾ ਅਤੇ ਬਾਣੀ ਗੁਰੂ ਗੁਰੂ ਹੈ ਬਾਣੀ ਤਾਂ ਲਿਖਾਰੀ ਨੂੰ ਭੁਲ ਹੀ ਗਈ ਹੈ। ਸਿਰਫ ਦੁਰਗਾ, ਮਹਾਕਾਲ, ਕਾਲਕਾ ਦੀ ਉਪਮਾ ਦੇ ਗੀਤ ਗਾਉਂਦਾ ਨਹੀਂ ਥੱਕਦਾ, ਬਲਕਿ ਦੁਰਗਾ ਦੀ ਉਪਮਾ ਲਿਖਦਿਆਂ ਕਹਿੰਦਾ ਹੈ ਕਿ "ਗ੍ਰੰਥ ਬਢਣ ਤੋਂ ਡਰਦਾ ਹਾਂ" ਇਸ ਲਈ ਹੋਰ ਉਪਮਾ ਨਹੀਂ ਲਿਖ ਰਿਹਾ, ਜੇ ਕੋਈ ਵਰ ਭੀ ਮੰਗਦਾ ਹੈ, ਤਾਂ ਸ਼ਿਵ ਜੀ ਦੀ ਪਤਨੀ ਸ਼ਿਵਾ ਕੋਲੋਂ ਹੀ ਮੰਗਦਾ ਹੈ, ਕਿਉਂਕਿ ਸ਼ਿਵਾ - ਦੁਰਗਾ ਭਗਉਤੀ ਦੀ ਰਹਿਮਤ ਨਾਲ ਹੀ ਉਸਨੇ ਇਹ ਵਡ ਅਕਾਰੀ ਗ੍ਰੰਥ ਲਿਖਿਆ ਅਤੇ ਸੰਪੂਰਣ ਕੀਤਾ ਹੈ। ਇਸ ਲਈ ਲਿਖਾਰੀ "ਪ੍ਰਿਥਮ ਭਗਉਤੀ" ਦਾ ਧਿਆਨ ਧਰਦਾ ਹੈ ਪ੍ਰਿਥਮ ਧਰੋਂ ਭਗਵਤ ਕੋ ਧਿਆਨਾ ਬਹੁਰ ਕਰੋਂ ਕਵਿਤਾ ਬਿਧ ਨਾਨਾ ਅਤੇ ਸਾਧ ਅਸਾਧ ਜਾਨਿਓ ਨਹੀਂ ਬਾਦ ਸਬਾਦ ਬਿਬਾਦ। ਗ੍ਰੰਥ ਸਕਲ ਪੂਰਨ ਕੀਓ ਸ੍ਰੀ ਭਗਵਤ ਕਿਰਪਾ ਪ੍ਰਸਾਦ ਮਹਾਕਾਲ 'ਤੇ ਹੀ ਉਸਨੂੰ ਭਰੋਸਾ ਹੈ, ਮਹਾਕਾਲ ਹੀ ਹਰ ਬਿਪਤਾ ਵੇਲੇ ਉਸਦੀ ਸਹਾਇਤਾ ਕਰਦਾ ਹੈ, ਇਸ ਲਈ ਲਿਖਾਰੀ ਕਹਿੰਦਾ ਹੈ ਮਹਾਕਾਲ ਰਖਵਾਰ ਹਮਾਰੋ ਇਸੇ ਲਈ ਲਿਖਾਰੀ ਨੂੰ ਮੇਰੋ ਗੁਰ ਰਖਵਾਰੋ ਮੀਤ ਭੁਲ ਗਿਆ ਹੈ। ਇਹ ਹੈ ਸਿੱਖ ਪੰਥ ਦਾ ਸਾਹਿਤ ਅਤੇ ਇਤਿਹਾਸ?

ਇਸ ਯੁੱਧ ਵਿੱਚ ਜਿਹੜੇ ਸਧਾਰਣ ਲੋਕ ਸ਼ਸਤਰ ਚੁੱਕ ਕੇ ਗੁਰੂ ਨਾਲ ਸ਼ਾਮਲ ਹੋਕੇ ਨਹੀਂ ਲੜ ਸਕੇ, ਉਨ੍ਹਾਂ ਨੂੰ ਗੁਰੂ ਤਸੀਹੇ ਦੇਕੇ ਮਾਰਦਾ ਘਰੋਂ ਬੇਘਰ ਕਰਕੇ ਦਰ ਦਰ ਦਾ ਮੰਗਤਾ ਬਣਾ ਦੇਂਦਾ ਹੈ ਸਤਿਗੁਰੁ ਸਭਨਾ ਦਾ ਭਲਾ ਮਨਾਇਂਦਾ ਅਖਵਾਉਣ ਵਾਲਾ ਗੁਰੂ ਕੀ ਐਸਾ ਨਿਰਦਈ ਹੋ ਸਕਦਾ ਹੈ? ਕੀ ਇਹ ਹੈ ਸਿੱਖ ਪੰਥ ਦਾ ਇਤਿਹਾਸ?

ਗੁਰਮਤਾ ਲਿਖਣ ਵਾਲੇ ਸਮਝਦਾਰ ਵੀਰਾ, ਮੈਂ ਇਹ ਸਭ ਕੁਛ ਬੜਾ ਸੰਖੇਪ ਕਰਕੇ ਤੇਰੇ ਸਾਹਮਣੇ ਰੱਖਿਆ ਹੈ, ਹਾਂ ਜੇ ਤੂੰ ਚਾਹੇ ਤਾਂ ਖੋਲ ਕੇ ਵਿਸਥਾਰ ਨਾਲ ਪੇਸ਼ ਕਰਨ ਲਈ ਭੀ ਹਾਜ਼ਰ ਹਾਂ। ਮੇਰੇ ਵਾਸਤੇ ਵੱਡੇ ਦੁਖ ਦੀ ਗੱਲ ਹੈ ਕਿ ਇਸ ਗ੍ਰੰਥ ਵਿਚ ਲਿਖਿਆ ਹੋਇਆ ਕੂੜ ਕਬਾੜ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਸੋਚ ਅਤੇ ਪਾਕ ਦਾਮਨ ਨਾਲ ਜੋੜਿਆ ਜਾ ਰਿਹਾ ਹੈ। ਜੇ ਕੋਈ ਇਸ ਗ੍ਰੰਥ ਦੇ ਅੰਦਰ ਦਾ ਭੇਤ ਤੁਹਾਡੇ ਸਾਹਮਣੇ ਰਖਦਾ ਹੈ, ਤਾਂ ਤੁਸੀਂ ਉਸਨੂੰ ਬੇਲੋੜਾ ਵਿਵਾਦ ਆਖ ਕੇ ਅਰਥਹੀਨ ਕਰ ਦੇਂਦੇ ਹੋ। ਪਰ ਵਿਸ਼ਵਾਸ਼ ਕਰੋ, ਹੁਣ ਕੌਮ ਜਾਗ ਪਈ ਹੈ, ਇਸ ਗ੍ਰੰਥ ਨੂੰ ਵਿਹੜੇ ਵਿਚੋਂ ਕੱਢੇ ਬਗੈਰ ਤੁਹਾਨੂੰ ਭੀ ਚੈਣ ਦੀ ਨੀਂਦੇ ਨਹੀਂ ਸੌਣ ਦੇਵੇਗੀ। ਇਸ ਲਈ ਸਮੇਂ ਨਾਲ ਸੁਚੇਤ ਹੋਕੇ, ਆਪਣੇ ਘਰ ਵਿਚੋਂ ਕੂੜਾ ਕਰਕਟ ਸਾਫ ਕਰ ਦੇਵੋ, ਤਾਂ ਕੇ ਗੁਰੂ ਅੱਗੇ ਮੁੱਖ ਉਜਲਾ ਹੋਵੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top