Share on Facebook

Main News Page

ਅਸ਼ਲੀਲਤਾ ਕਿਸ ਨੂੰ ਕਹਿੰਦੇ ਹਨ ?
(ਅਖੌਤੀ ਦਸਮ ਗ੍ਰੰਥ ਦੇ ਸੰਧਰਭ ਵਿੱਚ) - ਭਾਗ ਆਖਰੀ
-: ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726

ਲੜੀ ਜੋੜਨ ਲਈ ਪੜ੍ਹੋ : ਭਾਗ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ

ਵੈਸੇ ਵੀ ਸਿਧਾਂਤਕ ਤੌਰ 'ਤੇ ਜੇ ਇਸ ਦੇ ਲੇਖਕ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਹੋਣ ਤਾਂ ਇਹ ਕਹਾਣੀ ਉਤਮ ਪੁਰਸ਼ (First person) ਵਿੱਚ ਹੋਣੀ ਚਾਹੀਦੀ ਹੈ, ਭਾਵ ਇਸ ਦੀ ਲੇਖਣੀ ਇੰਝ ਹੋਣੀ ਚਾਹੀਦੀ ਕਿ ਮੈਂ ਇੰਝ ਕੀਤਾ ਜਾਂ ਮੈਂ ਇਹ ਕਿਹਾ ਆਦਿ.. ਜਦਕਿ ਇਸ ਦੀ ਸਾਰੀ ਲੇਖਣੀ ਅਨਯ ਪੁਰਸ਼ (Third person) ਅਨੁਸਾਰ ਹੈ, ਜੋ ਆਪ ਨੇ ਉਪਰ ਪੜ੍ਹ ਹੀ ਲਈ ਹੈ। ਇਸ ਸਭ ਤੋਂ ਇਹ ਸਪੱਸ਼ਟ ਹੈ ਕਿ ਇਸ ਕਹਾਣੀ ਦਾ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਅਗੰਮੀ ਜੀਵਨ ਨਾਲ ਕੁਝ ਲੈਣਾ ਦੇਣਾ ਨਹੀਂ, ਇਹ ਕੇਵਲ ਇਕ ਸ਼ਰਾਰਤ ਦੇ ਤੌਰ 'ਤੇ ਸਿੱਖ ਸਿਧਾਂਤਾਂ ਵਿੱਚ ਰਲਾ ਪਾਉਣ ਅਤੇ ਸਤਿਗੁਰੂ ਦੇ ਉੱਚੇ ਸੁੱਚੇ ਕਿਰਦਾਰ ਤੇ ਲੁਕਵੇਂ ਹਮਲੇ ਕਰਨ ਲਈ ਰਚੀ ਗਈ ਹੈ।

ਜੇ ਇਨ੍ਹਾਂ ਸਾਰੀਆਂ ਦਲੀਲਾਂ ਨੂੰ ਪਾਸੇ ਵੀ ਰਖ ਦੇਈਏ, ਤਾਂ ਚਾਰ ਸੌ ਦੇ ਕਰੀਬ ਆਚਰਣ-ਹੀਨਤਾ ਫੈਲਾਉਣ ਵਾਲੀਆਂ, ਅਸ਼ਲੀਲ ਸ਼ਬਦਾਵਲੀ ਵਿੱਚ ਲਿਖੀਆਂ ਐਸੀਆਂ ਕਹਾਣੀਆਂ, ਜਿਨ੍ਹਾਂ ਵਿਚੋਂ ਹੋਰ ਕਿਸੇ ਇਕ ਵਿੱਚ ਵੀ ਆਪਣੇ ਆਚਰਣ ਨੂੰ ਬਚਾ ਕੇ ਰਖਣ ਦੀ ਗੱਲ ਤੱਕ ਨਾ ਕੀਤੀ ਗਈ ਹੋਵੇ, ਐਸੇ ਘਟੀਆ ਆਚਰਣ ਨੂੰ ਨਿੰਦਿਆ ਨਾ ਗਿਆ ਹੋਵੇ, ਵਿਚੋਂ, ਇਕ ਵਿੱਚ ਚਾਰ ਬੰਦ ਉੱਚੇ ਆਚਰਣ ਵਾਲੇ ਲਿਖ ਵੀ ਦਿੱਤੇ ਜਾਣ ਤਾਂ ਉਨ੍ਹਾਂ ਚਾਰ ਬੰਦਾਂ ਦੀ ਕੀ ਮਹੱਤਤਾ ਹੈ। ਇਹ ਤਾਂ ਬਿਲਕੁਲ ਉਂਝ ਹੋਵੇਗਾ ਜਿਵੇਂ ਕੋਈ ਪਿਤਾ ਆਪਣੇ ਪੁੱਤਰ ਨੂੰ ਸਾਲ ਭਰ ਅਸ਼ਲੀਲ (Porno) ਫਿਲਮਾਂ ਵਿਖਾਉਂਦਾ ਰਹੇ ਅਤੇ ਵਿੱਚੋਂ ਇਕ ਵਾਰੀ ਇਹ ਕਹਿ ਦੇਵੇ ਕਿ ਵੈਸੇ ਇਹ ਕਰਮ ਮਾੜੇ ਹਨ, ਐਸੇ ਕਰਮ ਕਰਨੇ ਨਹੀਂ ਚਾਹੀਦੇ।

ਆਓ ! ਹੁਣ ਇਸ ਲੇਖ ਦੇ ਦੂਸਰੇ ਪੱਖ ਨੂੰ ਵੀ ਵਿਚਾਰ ਲਈਏ ਕਿ ਕੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕੋਈ ਐਸੀ ਰਚਨਾ ਹੈ, ਜਿਸ ਨੂੰ ਅਨੈਤਕ ਅਤੇ ਆਚਰਣ-ਹੀਨਤਾ ਫੈਲਾਉਣ ਵਾਲੀ ਕਿਹਾ ਜਾ ਸਕੇ ਜਾਂ ਕੋਈ ਐਸੀ ਸ਼ਬਦਾਵਲੀ ਜਿਸ ਨੂੰ ਅਸ਼ਲੀਲ ਕਿਹਾ ਜਾ ਸਕੇ।

ਇਸ ਭਾਗ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਕ ਮੌਲਿਕ ਗੱਲ ਸਮਝ ਲੈਣੀ ਚੰਗੀ ਹੋਵੇਗੀ ਕਿ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਕ ਅਕਾਲ-ਪੁਰਖੁ ਦੀ ਸਿਫਤਿ-ਸਲਾਹ ਅਤੇ ਅਲੌਕਿਕ ਜੀਵਨ ਜੁਗਤਿ ਦੇ ਖਜ਼ਾਨਿਆਂ ਨਾਲ ਭਰਪੂਰ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਵੀ ਕਹਾਣੀ, ਇਤਿਹਾਸਕ ਜਾਂ ਮਿਥਿਹਾਸਕ ਰਚਨਾ ਨਹੀਂ ਹੈ। ਵੈਸੇ ਤਾਂ ਇਤਨੀ ਗੱਲ ਹੀ ਸਮਝ ਆ ਜਾਵੇ ਤਾਂ ਹੋਰ ਕਿਸੇ ਵਿਚਾਰ ਦੀ ਲੋੜ ਹੀ ਨਹੀਂ ਪਰ ਬਦਕਿਸਮਤੀ ਨਾਲ ਅੱਜ ਵਿਰਲੇ ਸਿੱਖ ਹਨ, ਜੋ ਵਿਚਾਰ ਕੇ ਗੁਰਬਾਣੀ ਪੜ੍ਹ ਰਹੇ ਹਨ। ਬਹੁਤਿਆਂ ਨੂੰ ਤਾਂ ਸ਼ਾਇਦ ਇਸ ਸਚਾਈ ਦਾ ਵੀ ਪਤਾ ਨਾ ਹੋਵੇ। ਆਪਣੇ ਸਤਿਗੁਰੂ ਨਾਲ ਤਾਂ ਸਾਰੀ ਕੌਮ ਦੀ ਸਿੱਧੀ ਸਾਂਝ ਹੀ ਨਹੀਂ ਪਈ, ਬਹੁਤੇ ਤਾਂ ਪਖੰਡੀ ਸਾਧਾਂ ਦੇ ਗੁੰਮਰਾਹਕੁਨ ਬਚਨਾਂ ਨੂੰ ਹੀ ਗੁਰਮਤਿ ਸਮਝ ਕੇ ਉਨ੍ਹਾਂ ਦੀ ਰਟਾਈ ਭਾਸ਼ਾ ਰਟੀ ਜਾ ਰਹੇ ਹਨ।

ਅੱਜ ਕੁਝ ਸੁਆਰਥੀ ਲੋਕ ਬਚਿਤ੍ਰ ਨਾਟਕ ਪੁਸਤਕ ਨੂੰ ਗੁਰੂ ਕ੍ਰਿਤ ਸਾਬਤ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਕੁਝ ਪੰਕਤੀਆਂ ਨੂੰ ਅਸ਼ਲੀਲ ਸਾਬਤ ਕਰਨ ਤੇ ਲਗੇ ਹੋਏ ਹਨ ਤਾਂ ਬਹੁਤੇ ਭੋਲੇ-ਭਾਲੇ ਸਿੱਖ ਬਗੈਰ ਆਪ ਸੋਚੇ ਸਮਝੇ ਉਨ੍ਹਾਂ ਦੇ ਮਗਰ ਲੱਗ ਜਾਂਦੇ ਹਨ।

ਮੈਨੂੰ ਵੱਡੀ ਹੈਰਾਨਗੀ ਤਾਂ ਉਦੋਂ ਹੋਈ ਜਦੋਂ ਕੌਮ ਦੇ ਇਕ ਉਘੇ ਵਿਦਵਾਨ ਸਮਝੇ ਜਾਣ ਵਾਲੇ ਗਿਆਨੀ ਸੰਤ ਸਿੰਘ ਮਸਕੀਨ ਜੀ ਦਾ ਇਕ ਲੇਖ ਮੇਰੇ ਕੋਲ ਪਹੁੰਚਿਆ, ਜਿਸ ਵਿੱਚ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਕੁਝ ਪੰਕਤੀਆਂ ਨੂੰ ਛੂਹਿਆ ਹੈ। ਇਨ੍ਹਾਂ ਪੰਕਤੀਆਂ ਬਾਰੇ ਮਸਕੀਨ ਜੀ ਨੇ ਜੋ ਲਿਖਿਆ ਹੈ, ਉਹ ਮੈਂ ਇੰਨ ਬਿੰਨ ਹੇਠਾਂ ਦੇ ਰਿਹਾ ਹਾਂ:

ਗੁਰੂ ਗਰੰਥ ਸਾਹਿਬ ਵਿਚ ਬਹੁਤ ਕੁਝ ਐਸਾ ਹੈ ਜੋ ,, ਹਰ ਮਨੁਖ ਨੂੰ ਪਤਾ ਨਹੀ ਹੈ ,,ਜਾਂ ਇਸ ਕਰਕੇ ਅਛੂਤਾ ਰਹਿ ਜਾਂਦਾ ਹੈ ਕਿ ਆਪਾਂ ਨੂੰ ਸਮਝ ਵਿਚ ਨਹੀ ਆਉਂਦਾ,, ਜਾਂ ਕੁਝ ਇਸ ਵਾਸਤੇ ਵੀ ਅਛੂਤਾ ਰਹਿ ਜਾਂਦਾ ਹੈ ਕਿ ਆਪਣਾ ਮਨ ਨਹੀ ਮੰਨਦਾ ਜਾਂ ਸ਼ਾਇਦ ਸਮਾਜ ਬਰਦਾਸਤ ਨਾ ਕਰੇ ,, ,,,,ਪਰ ਇਥੇ ਇਹ ਗੱਲ ਹੋਣੀ ਚਾਹੀਦੀ ਹੈ ,,ਗੁਰੂ ਨੇ ਜੋ ਆਖਿਆ ਹੈ ਉਹ ਗੱਲ ਹਰ ਹਾਲਤ ਚ ਕਹਿਣੀ ਹੈ ,,,,,,,,,, ਜੈਸੇ ਕੁਝ ਪੰਕਤੀਆਂ ਗੁਰੂ ਗਰੰਥ ਸਾਹਿਬ ਜੀ ਦੀਆਂ ਜਿਨਾ ਨੂੰ ਬਹੁਤ ਘੱਟ ਛੋਹਿਆ ਗਿਆ ਹੈ ਜੀ ,,,,,

ਉਪਰਲੇ ਬਿਆਨ ਦੁਆਰਾ ਸਤਿਕਾਰਤ ਗਿਆਨੀ ਜੀ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕੁਝ ਪੰਕਤੀਆਂ ਐਸੀਆਂ ਹਨ, ਜੋ ਆਚਰਣ-ਹੀਨਤਾ ਫੈਲਾਉਣ ਵਾਲੀਆਂ ਹਨ ਜਾਂ ਜਿਨ੍ਹਾਂ ਨੂੰ ਅਸ਼ਲੀਲ ਕਿਹਾ ਜਾ ਸਕਦਾ ਹੈ। ਇਸ ਕਰ ਕੇ ਕੌਮ ਨੇ ਅਜੇ ਤੱਕ ਉਨ੍ਹਾਂ ਨੂੰ ਛੂਹਿਆਂ ਨਹੀਂ ਭਾਵ ਸੰਗਤੀ ਤੌਰ 'ਤੇ ਵਿਚਾਰਿਆ ਨਹੀਂ ਗਿਆ। ਗਿਆਨੀ ਜੀ ਇਹ ਸ਼ੰਕਾ ਵੀ ਜ਼ਾਹਿਰ ਕਰਦੇ ਹਨ ਕਿ ਸ਼ਾਇਦ ਸਮਾਜ ਇਨ੍ਹਾਂ ਨੂੰ ਬਰਦਾਸ਼ਤ ਨਾ ਕਰੇ। ਆਓ ਆਪਾਂ ਦੂਸਰੇ ਭਾਗ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਜੀ ਦੁਆਰਾ ਅਸ਼ਲੀਲ ਗਰਦਾਨੀਆਂ ਇਨ੍ਹਾਂ ਪੰਕਤੀਆਂ ਦੀ ਵਿਚਾਰ ਹੀ ਕਰ ਲੈਂਦੇ ਹਾਂ। ਨਾਲੇ ਪਾਠਕ ਆਪ ਹੀ ਨਿਰਣਾ ਕਰ ਲੈਣਗੇ ਕਿ ਇਹ ਸਮਾਜਕ ਤੌਰ 'ਤੇ ਬਰਦਾਸ਼ਤ ਹੁੰਦੀਆਂ ਹਨ ਕਿ ਨਹੀਂ।

ਭਾਵੇਂ ਅਜ ਦੇ ਇਸ ਵਿਸ਼ੇ ਨਾਲ ਸੰਬੰਧਤ ਨਹੀਂ, ਪਰ ਮਸਕੀਨ ਜੀ ਦੁਆਰਾ ਸੰਕੇਤ ਕੀਤੇ ਇਨ੍ਹਾਂ ਸ਼ਬਦਾਂ ਨੂੰ ਵਿਚਾਰਨ ਤੋਂ ਪਹਿਲਾਂ, ਇਥੇ ਗੁਰਮਤਿ ਦਾ ਇਕ ਮੌਲਕ ਭੇਦ ਸਮਝ ਲੈਣਾ ਜ਼ਰੂਰੀ ਹੈ। ਗੁਰਬਾਣੀ ਵਿੱਚ ਜਿਥੇ ਵੀ ਕਲੀ ਜਾਂ ਕਲਿ ਸ਼ਬਦ ਆਉਂਦੇ ਹਨ ਤਾਂ ਉਨ੍ਹਾਂ ਦਾ ਅਰਥ ਬ੍ਰਾਹਮਣੀ ਵਿਵਸਥਾ ਦੁਆਰਾ ਥਾਪੇ ਕਿਸੇ ਜੁਗ ਨਾਲ ਬਿਲਕੁਲ ਨਹੀਂ, ਕਿਉਂਕਿ ਗੁਰਬਾਣੀ ਇਨ੍ਹਾਂ ਜੁਗਾਂ ਨੂੰ ਕੋਈ ਮਾਨਤਾ ਨਹੀਂ ਦੇਂਦੀ। ਗੁਰਮਤਿ ਦਾ ਸਿਧਾਂਤ, ਗੁਰੂ ਨਾਨਕ ਸਾਹਿਬ ਦੇ ਉਚਾਰਨ ਕੀਤੇ, ਹੇਠਲੇ ਸਲੋਕ ਵਿੱਚ ਸਪੱਸ਼ਟ ਪ੍ਰਗਟ ਹੁੰਦਾ ਹੈ:

ਸਲੋਕੁ ਮ: 1 ॥ ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ ॥ ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ ॥ ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ ॥
ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ ॥ ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ ॥ ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥1॥
{ਪੰਨਾ 470}

ਭਾਵ: ਜੋ ਮਨੁਖ ਸੰਤੋਖ ਵਾਲਾ ਜੀਵਨ ਬਿਤਾ ਰਿਹਾ ਹੈ ਅਤੇ ਆਪਣੇ ਜੀਵਨ ਨੂੰ ਧਰਮ ਦੀ ਅਗਵਾਈ ਵਿੱਚ ਚਲਾ ਰਿਹਾ ਹੈ, ਉਹ ਸਤਿਜੁਗ ਵਿੱਚ ਜੀ ਰਿਹਾ ਹੈ। ਇਸੇ ਤਰ੍ਹਾਂ ਜਿਸ ਨੇ ਤ੍ਰਿਸ਼ਨਾਂ ਦੀ ਅਗਨੀ ਨੂੰ ਜੀਵਨ ਦਾ ਅਧਾਰ ਬਣਾਇਆ ਹੋਇਆ ਹੈ ਅਤੇ ਕੂੜ ਭਾਵ ਧੋਖਾ ਫਰੇਬ ਠੱਗੀ ਆਦਿ ਵਿਕਾਰਾਂ ਨੂੰ ਜੀਵਨ ਦਾ ਮਾਰਗ ਬਣਾਇਆ ਹੋਇਆ ਹੈ, ਉਹ ਕਲਿਜੁਗ ਵਿੱਚ ਜੀ ਰਿਹਾ ਹੈ।

ਆਓ! ਹੁਣ ਸਤਿਕਾਰਤ ਗਿਆਨੀ ਸੰਤ ਸਿੰਘ ਮਸਕੀਨ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ, ਜੋ ਪੰਕਤੀਆਂ ਆਚਰਣਹੀਨਤਾ ਫੈਲਾਉਣ ਵਾਲੀਆਂ ਜਾਂ ਅਸ਼ਲੀਲ ਜਾਪੀਆਂ ਹਨ, ਉਨ੍ਹਾਂ ਨੂੰ ਉਸੇ ਤਰਤੀਬ ਨਾਲ ਵਿਚਾਰ ਲੈਂਦੇ ਹਾਂ, ਜਿਸ ਤਰਤੀਬ ਵਿੱਚ ਉਹ ਉਨ੍ਹਾਂ ਦੇ ਲੇਖ ਰਾਹੀਂ ਮੇਰੇ ਕੋਲ ਪਹੁੰਚੀਆਂ ਹਨ।

1) ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥

ਇਹ ਪੰਕਤੀ ਗੁਰੂ ਨਾਨਕ ਸਾਹਿਬ ਦੇ ਭਾਈ ਮਰਦਾਨਾ ਜੀ ਦੇ ਪ੍ਰਥਾਏ ਉਚਾਰਨ ਕੀਤੇ, ਗੁਰੂ ਗ੍ਰੰਥ ਸਾਹਿਬ ਦੇ ਪੰਨਾ 553 ਤੇ ਸੁਸ਼ੋਭਿਤ, ਤਿੰਨ ਸਲੋਕਾਂ ਚੋਂ ਪਹਿਲੇ ਸਲੋਕ ਦੀ ਹੈ। ਪੂਰਾ ਸਲੋਕ ਇਸ ਤਰ੍ਹਾਂ ਹੈ:

ਸਲੋਕੁ ਮਰਦਾਨਾ 1 ॥ ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥ ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥ ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ ॥ ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ ॥ ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ ॥ ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ॥1॥ {ਪੰਨਾ 553}

ਕਲਜੁਗੀ ਸੁਭਾਉ (ਮਾਨੋ) (ਸ਼ਰਾਬ ਕੱਢਣ ਵਾਲੀ) ਮੱਟੀ ਹੈ; ਕਾਮ (ਮਾਨੋ) ਸ਼ਰਾਬ ਹੈ ਤੇ ਇਸ ਨੂੰ ਪੀਣ ਵਾਲਾ (ਮਨੁੱਖ ਦਾ) ਮਨ ਹੈ, ਮੋਹ ਨਾਲ ਭਰੀ ਹੋਈ ਕ੍ਰੋਧ ਦੀ (ਮਾਨੋ) ਕਟੋਰੀ ਹੈ ਤੇ ਅਹੰਕਾਰ (ਮਾਨੋ) ਪਿਲਾਉਣ ਵਾਲਾ ਹੈ, ਕੂੜੇ ਲੱਬ ਦੀ (ਮਾਨੋ) ਮਜਲਸ ਹੈ (ਜਿਸ ਵਿੱਚ ਬਹਿ ਕੇ) ਮਨ (ਕਾਮ ਦੀ ਸ਼ਰਾਬ ਨੂੰ) ਪੀ ਪੀ ਕੇ ਖ਼ੁਆਰ ਹੁੰਦਾ ਹੈ ।

ਚੰਗੀ ਕਰਣੀ ਨੂੰ (ਸ਼ਰਾਬ ਕੱਢਣ ਵਾਲੀ) ਲਾਹਣ, ਸੱਚ ਬੋਲਣ ਨੂੰ ਗੁੜ ਬਣਾ ਕੇ ਸੱਚੇ ਨਾਮ ਨੂੰ ਸ੍ਰੇਸ਼ਟ ਸ਼ਰਾਬ ਬਣਾ । ਗੁਣਾਂ ਨੂੰ ਮੰਡੇ, ਸੀਤਲ ਸੁਭਾਉ ਨੂੰ ਘਿਉ ਤੇ ਸ਼ਰਮ ਨੂੰ ਮਾਸ-(ਇਹ ਸਾਰੀ) ਖ਼ੁਰਾਕ ਬਣਾ; ਹੇ ਨਾਨਕ ! ਇਹ ਖ਼ੁਰਾਕ ਸਤਿਗੁਰੂ ਦੇ ਸਨਮੁਖ ਹੋਇਆਂ ਮਿਲਦੀ ਹੈ ਤੇ ਇਸ ਦੇ ਖਾਧਿਆਂ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ ।1।

ਇਸ ਸ਼ਬਦ ਵਿੱਚ ਤਾਂ ਸਤਿਗੁਰੂ ਸਾਨੂੰ ਸੁਚੇਤ ਕਰ ਰਹੇ ਹਨ ਕਿ ਵਿਕਾਰਾਂ ਵਿੱਚ ਲਿਬੜਿਆ ਮਨ ਕਾਮ, ਮੋਹ, ਕ੍ਰੋਧ, ਲੋਭ ਅਤੇ ਅਹੰਕਾਰ ਵਿੱਚ ਗਲਤਾਨ ਹੋਇਆ ਰਹਿੰਦਾ ਹੈ, ਜਿਸ ਕਰ ਕੇ ਜੀਵ ਖੁਆਰ ਹੁੰਦਾ ਰਹਿੰਦਾ ਹੈ। ਸ਼ਬਦ ਦੇ ਦੂਜੇ ਭਾਗ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਸਮਝਾਉਂਦੇ ਹਨ ਕਿ ਸਤਿਗੁਰੂ ਦੇ ਸਨਮੁਖ ਹੋ ਕੇ ਭਾਵ ਗੁਰੂ ਦੇ ਉਪਦੇਸ਼ ਤੇ ਚਲ ਕੇ ਜੀਵਨ ਨੂੰ ਸ਼ੁਭ ਗੁਣਾਂ ਨਾਲ ਸ਼ਿੰਗਾਰਿਆ ਜਾ ਸਕਦਾ ਹੈ, ਜਿਸ ਨਾਲ ਸਾਰੇ ਵਿਕਾਰਾਂ ਦਾ ਨਾਸ ਹੋ ਜਾਂਦਾ ਹੈ।

ਹੁਣ ਆਪ ਜੀ ਨਿਬੇੜਾ ਕਰ ਲਓ ਕਿ ਇਸ ਸ਼ਬਦ ਰਾਹੀਂ ਆਚਰਣਹੀਨਤਾ ਸਿਖਾਈ ਜਾ ਰਹੀ ਹੈ ਕਿ ਉੱਚਾ ਸੁੱਚਾ ਆਚਰਨ ਬਨਾਉਣ ਦੀ ਪ੍ਰੇਰਨਾ ਦਿੱਤੀ ਜਾ ਰਹੀ ਹੈ? ਮੈਨੂੰ ਤਾਂ ਸਮਝ ਨਹੀਂ ਲਗੀ ਇਸ ਵਿੱਚ ਕਿਹੜਾ ਸ਼ਬਦ ਅਸ਼ਲੀਲ ਹੈ, ਆਪ ਹੀ ਲਭ ਲਓ। ਸ਼ਾਇਦ ਸਤਿਕਾਰਤ ਵਿਦਵਾਨ ਜੀ ਕਾਮ ਸ਼ਬਦ ਤੋਂ ਹੀ ਡਰ ਗਏ ਹਨ।

2) ਤੁਮ ਕਹੀਅਤ ਹੌ ਜਗਤ ਗੁਰ ਸੁਆਮੀ ॥ ਹਮ ਕਹੀਅਤ ਕਲਿਜੁਗ ਕੇ ਕਾਮੀ ॥

ਇਹ ਪੰਕਤੀ ਭਗਤ ਰਵਿਦਾਸ ਜੀ ਦੀ ਉਚਾਰਨ ਕੀਤੀ ਹੋਈ, ਗੁਰੂ ਗ੍ਰੰਥ ਸਾਹਿਬ ਦੇ ਪੰਨਾ 710 ਉਤੇ ਅੰਕਿਤ ਹੈ, ਇਸ ਪੰਕਤੀ ਦੇ ਅਰਥ ਗੁਰੂ ਗ੍ਰੰਥ ਸਾਹਿਬ ਦਰਪਨ ਵਿੱਚ ਇੰਝ ਕੀਤੇ ਗਏ ਹਨ:
ਹੇ ਨਾਥ ! ਤੂੰ ਜਗਤ ਦਾ ਖਸਮ ਅਖਵਾਉਂਦਾ ਹੈਂ, ਅਸੀ ਕਲਜੁਗੀ ਵਿਸ਼ਈ ਜੀਵ ਹਾਂ (ਮੇਰੀ ਸਹਾਇਤਾ ਕਰ) ।1।

ਭਾਵ ਇਸ ਵਿੱਚ ਭਗਤ ਰਵਿਦਾਸ ਜੀ ਅਕਾਲ-ਪੁਰਖ ਅਗੇ ਜਾਚਨਾ ਕਰ ਰਹੇ ਹਨ ਕਿ ਆਪ ਜੀ ਸਾਰੇ ਜਗਤ ਦੇ ਖਸਮ(ਮਾਲਕ) ਹੋ ਅਤੇ ਅਸੀਂ ਜੀਵ ਵਿਕਾਰਾਂ ਵਿੱਚ ਫਸੇ ਹੋਏ ਹਾਂ। ਇਸ ਤੋਂ ਅਗਲੀ ਪੰਕਤੀ ਵਿੱਚ ਭਗਤ ਜੀ ਜੋਦੜੀ ਕਰਦੇ ਹਨ ਕਿ ਇਨ੍ਹਾਂ ਪੰਜ ਵਿਕਾਰਾਂ ਨੇ ਮੇਰਾ ਮਨ ਇਤਨਾ ਵਿਗਾੜ ਦਿੱਤਾ ਹੈ ਕਿ ਹਰ ਦਿਨ ਪਰਮੇਸਰ ਨਾਲੋਂ ਮੇਰੀ ਵਿਥ ਵਧੀ ਜਾ ਰਹੀ ਹੈ:

ਇਨ ਪੰਚਨ ਮੇਰੋ ਮਨੁ ਜੁ ਬਿਗਾਰਿਓ ॥ ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ ॥
(ਕਾਮਾਦਿਕ) ਇਹਨਾਂ ਪੰਜਾਂ ਨੇ ਹੀ ਮੇਰਾ ਮਨ ਇਤਨਾ ਵਿਗਾੜ ਦਿੱਤਾ ਹੈ ਕਿ ਹਰ ਦਮ ਮੇਰੀ ਪਰਮਾਤਮਾ ਨਾਲੋਂ ਵਿੱਥ ਪਵਾ ਰਹੇ ਹਨ ।

ਕਹਿ ਰਵਿਦਾਸ ਕਹਾ ਕੈਸੇ ਕੀਜੈ ॥ ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ ॥
ਰਵਿਦਾਸ ਆਖਦਾ ਹੈ-ਹੋਰ ਕਿੱਥੇ ਜਾਵਾਂ ? ਹੋਰ ਕੀਹ ਕਰਾਂ ? (ਇਹਨਾਂ ਵਿਕਾਰਾਂ ਤੋਂ ਬਚਣ ਲਈ) ਪਰਮਾਤਮਾ ਤੋਂ ਬਿਨਾ ਹੋਰ ਕਿਸੇ ਦਾ ਆਸਰਾ ਲਿਆ ਨਹੀਂ ਜਾ ਸਕਦਾ ।

ਸ਼ਬਦ ਦੀ ਉਪਰਲੀ ਆਖਰੀ ਪੰਕਤੀ ਵਿੱਚ ਭਗਤ ਰਵਿਦਾਸ ਜੀ ਸਮਝਾ ਰਹੇ ਹਨ ਕਿ ਇਨ੍ਹਾਂ ਵਿਕਾਰਾਂ ਤੋਂ ਬਚਣ ਲਈ ਕੇਵਲ ਪ੍ਰਮੇਸ਼ਰ ਦਾ ਆਸਰਾ ਹੀ ਲਿਆ ਜਾ ਸਕਦਾ ਹੈ। ਸੋ ਇਸ ਸ਼ਬਦ ਵਿੱਚ ਵੀ ਅਕਾਲ-ਪਰਖ ਨਾਲ ਜੁੜ ਕੇ ਆਪਣੇ ਵਿਕਾਰਾਂ ਨੂੰ ਕਾਬੂ ਵਿੱਚ ਰਖਣ ਦੀ ਪ੍ਰੇਰਨਾ ਦਿੱਤੀ ਜਾ ਰਹੀ ਹੈ।

ਇਸ ਸ਼ਬਦ ਵਿੱਚ ਵੀ ਆਚਰਣ ਨੂੰ ਉੱਚਾ-ਸੁੱਚਾ ਰਖਣ ਲਈ ਪ੍ਰੇਰਨਾ ਹੈ। ਕੋਈ ਸ਼ਬਦ ਕਾਮ ਉਕਸਾਉਣ ਵਾਲਾ ਜਾਂ ਨੰਗੇਜ ਪ੍ਰਗਟ ਕਰਨ ਵਾਲਾ ਨਹੀਂ ਹੈ।

3) ਸਲੋਕ ਮ:1 ॥ ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ॥ ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥1॥ {ਪੰਨਾ 556}

ਇਸ ਸਲੋਕ ਦੇ ਅਰਥ ਗੁਰੂ ਗ੍ਰੰਥ ਸਾਹਿਬ ਦਰਪਨ ਵਿੱਚ ਇੰਝ ਦਿੱਤੇ ਗਏ ਹਨ:

ਹੇ ਨਾਨਕ ! ਕਲਜੁਗ ਵਿੱਚ(ਵਿਕਾਰੀ ਜੀਵਨ ਵਿਚ) ਰਹਿਣ ਵਾਲੇ (ਮਨੁੱਖ ਨਹੀਂ) ਭੂਤਨੇ ਜੰਮੇ ਹੋਏ ਹਨ, ਪੁਤ੍ਰ ਭੂਤਨਾ, ਧੀ ਭੂਤਨੀ ਤੇ ਇਸਤ੍ਰੀ (ਸਾਰੇ) ਭੂਤਨਿਆਂ ਦੀ ਸਿਰਦਾਰ ਹੈ (ਭਾਵ; ਨਾਮ ਤੋਂ ਸੱਖਣੇ ਸਭ ਜੀਵ ਭੂਤਨੇ ਹਨ) ।

ਇਸ ਸਲੋਕ ਵਿੱਚ ਗੁਰੂ ਨਾਨਕ ਪਾਤਿਸ਼ਾਹ, ਵਿਕਾਰੀ ਜੀਵਨ ਬਤੀਤ ਕਰ ਰਹੇ ਮਨੁੱਖਾਂ ਬਾਰੇ ਕਹਿੰਦੇ ਹਨ ਕਿ ਉਹ ਮਨੁੱਖਾ ਜੀਵਨ ਪ੍ਰਾਪਤ ਕਰਕੇ ਵੀ ਭੂਤਨਿਆਂ ਵਰਗਾ ਜੀਵਨ ਬਿਤਾ ਰਹੇ ਹਨ। ਭਾਵ ਵਿਕਾਰੀ ਜੀਵਨ ਨੂੰ ਨਿੰਦਿਆ ਗਿਆ ਹੈ, ਜਿਸ ਤੋਂ ਸਪੱਸ਼ਟ ਪ੍ਰੇਰਨਾ ਮਿਲਦੀ ਹੈ ਕਿ ਸਾਨੂੰ ਵਿਕਾਰਾਂ ਨੂੰ ਤਿਆਗ ਕੇ ਉੱਚੇ ਆਚਰਨ ਵਾਲਾ ਜੀਵਨ ਬਤੀਤ ਕਰਨਾ ਚਾਹੀਦਾ ਹੈ।

4) ਮ:1 ॥ ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ ॥ ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ ॥ ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ ॥ ਨਾਨਕ ਸਚਾ ਏਕੁ ਹੈ ਅਉਰੁ ਨ ਸਚਾ ਭਾਲਿ ॥2॥ (ਪੰਨਾ 1243)

ਇਸ ਸਲੋਕ ਦੇ ਅਰਥ ਉੱਘੇ ਕੌਮੀ ਵਿਦਵਾਨ ਪ੍ਰੋ. ਸਾਹਿਬ ਸਿੰਘ ਜੀ ਨੇ ਇੰਝ ਕੀਤੇ ਹਨ:

(ਰੱਬ ਤੋਂ ਵਿੱਛੁੜ ਕੇ) ਮਨੁੱਖ ਜ਼ਾਲਮ ਹੋ ਰਹੇ ਹਨ ਤੇ ਤੀਵੀਆਂ ਇਸ ਜ਼ੁਲਮ ਲਈ ਸਲਾਹਕਾਰ ਬਣ ਰਹੀਆਂ ਹਨ; ਮਿੱਠਾ ਸੁਭਾਉ, ਜੁਗਤਿ ਵਿੱਚ ਰਹਿਣਾ, ਦਿਲ ਦੀ ਸਫ਼ਾਈ-ਇਹ ਸਭ ਗੱਲਾਂ ਦੂਰ ਹੋ ਗਈਆਂ ਹਨ ਤੇ ਵੱਢੀ ਆਦਿਕ ਹਰਾਮ ਮਾਲ ਇਹਨਾਂ ਲੋਕਾਂ ਦਾ ਮਨ-ਭਾਉਂਦਾ ਖਾਣਾ ਹੋ ਗਿਆ ਹੈ; ਸ਼ਰਮ-ਹਯਾ ਕਿਤੇ ਆਪਣੇ ਵਤਨ ਚਲੀ ਗਈ ਹੈ (ਭਾਵ, ਇਹਨਾਂ ਮਨੁੱਖਾਂ ਤੋਂ ਕਿਤੇ ਦੂਰ ਦੁਰੇਡੇ ਹੋ ਗਈ ਹੈ) ਅਣਖ ਭੀ ਸ਼ਰਮ-ਹਯਾ ਦੇ ਨਾਲ ਹੀ ਚਲੀ ਗਈ ਹੈ ।

ਹੇ ਨਾਨਕ ! (ਜੇ ਸੀਲ ਸੰਜਮ ਸੁਚ ਆਦਿਕ ਗੁਣ ਲੱਭਣੇ ਹਨ, ਤਾਂ ਉਹਨਾਂ ਦਾ ਸੋਮਾ) ਸਿਰਫ਼ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਹੈ, (ਇਹਨਾਂ ਗੁਣਾਂ ਲਈ) ਕੋਈ ਹੋਰ ਥਾਂ ਨਾਹ ਲੱਭੋ (ਭਾਵ, ਪ੍ਰਭੂ ਤੋਂ ਬਿਨਾ ਕਿਸੇ ਹੋਰ ਥਾਂ ਇਹ ਗੁਣ ਨਹੀਂ ਮਿਲ ਸਕਦੇ) ।

ਬੇਸ਼ਕ ਇਸ ਸਲੋਕ ਵਿੱਚ ਗੁਰੂ ਨਾਨਕ ਪਾਤਿਸ਼ਾਹ ਨੇ ਵਿਕਾਰਾਂ ਵਿੱਚ ਗਲਤਾਨ ਹੋਏ ਇਸਤਰੀ ਅਤੇ ਪੁਰਸ਼ ਦੋਹਾਂ ਲਈ ਕੁਝ ਕਰੜੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਪਰ ਕੋਈ ਵੀ ਸ਼ਬਦ ਅਸ਼ਲੀਲ ਨਹੀਂ ਹੈ। ਵਿਕਾਰਾਂ ਕਾਰਨ ਜੀਵਨ ਵਿੱਚ ਹਰ ਰੋਜ਼ ਆ ਰਹੀ ਗਿਰਾਵਟ ਦਾ ਵਰਨਣ ਕੀਤਾ ਗਿਆ ਹੈ। ਸ਼ਬਦ ਦੇ ਅੰਤ ਵਿੱਚ ਸਪੱਸ਼ਟ ਉਪਦੇਸ਼ ਵਿਕਾਰਾਂ ਨੂੰ ਤਿਆਗ ਕੇ, ਅਕਾਲ-ਪੁਰਖੁ ਦੀ ਸ਼ਰਨ ਵਿੱਚ ਆਉਣ ਦਾ ਮਿਲਦਾ ਹੈ, ਜਿਥੇ ਆਉਣ ਨਾਲ ਜੀਵਨ ਗੁਣਾਂ ਨਾਲ ਸ਼ਿੰਗਾਰਿਆ ਜਾਣਾ ਹੈ।

5) ਕਾਮੁ ਕ੍ਰੋਧੁ ਕਾਇਆ ਕਉ ਗਾਲੈ ॥ ਜਿਉ ਕੰਚਨ ਸੋਹਾਗਾ ਢਾਲੈ ॥ {ਪੰਨਾ 932}

ਇਹ ਪੰਕਤੀ ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਬਾਣੀ ਓਅੰਕਾਰ ਦੇ 18ਵੇਂ ਪਦੇ ਵਿਚੋਂ ਹੈ। ਜਿਸ ਦੇ ਅਰਥ ਪ੍ਰੋ. ਸਾਹਿਬ ਸਿੰਘ ਜੀ ਕ੍ਰਿਤ ਗੁਰੂ ਗ੍ਰੰਥ ਸਾਹਿਬ ਦਰਪਨ ਵਿੱਚ ਇੰਝ ਦਿੱਤੇ ਗਏ ਹਨ:
ਜਿਵੇਂ ਸੋਹਾਗਾ (ਕੁਠਾਲੀ ਵਿੱਚ ਪਾਏ) ਸੋਨੇ ਨੂੰ ਨਰਮ ਕਰ ਦੇਂਦਾ ਹੈ, (ਤਿਵੇਂ) ਕਾਮ ਅਤੇ ਕ੍ਰੋਧ (ਮਨੁੱਖ ਦੇ) ਸਰੀਰ ਨੂੰ ਨਿਰਬਲ ਕਰ ਦੇਂਦਾ ਹੈ ।

ਬਚਿੱਤ੍ਰ ਨਾਟਕ ਪੁਸਤਕ ਦੇ ਪਖਯਾਨ ਚਰਿਤ੍ਰ ਭਾਵ ਤ੍ਰਿਆ ਚਰਿਤ੍ਰ ਭਾਗ ਦੇ 404 ਚਰਿਤ੍ਰਾਂ ਚੋਂ ਦੋ-ਤਿੰਨ ਛੱਡ ਕੇ ਬਾਕੀ ਸਭ ਰਚਨਾਵਾਂ ਵਿੱਚ ਜਿਥੇ ਕਾਮ ਨੂੰ ਵੱਧ ਤੋਂ ਵੱਧ ਉਕਸਾਇਆ ਗਿਆ ਹੈ, ਕਾਮ ਵਿੱਚ ਗਲਤਾਨ ਵਿਕਾਰੀ ਜੀਵਨ ਦੇ ਸੋਹਲੇ ਗਾਏ ਗਏ ਹਨ, ਇਸ ਦੇ ਉਲਟ ਗੁਰਬਾਣੀ ਦੀ ਉਪਰਲੀ ਪਾਵਨ ਪੰਕਤੀ ਵਿੱਚ ਸਤਿਗੁਰੁ ਸਾਨੂੰ ਸੁਚੇਤ ਕਰ ਰਹੇ ਹਨ ਕਿ ਕਾਮ ਅਤੇ ਕ੍ਰੋਧ ਐਸੇ ਵਿਕਾਰ ਹਨ, ਜਿਨ੍ਹਾਂ ਨਾਲ ਸ਼ਰੀਰ ਗਲ ਜਾਂਦਾ ਹੈ ਭਾਵ ਕਮਜ਼ੋਰ ਅਤੇ ਰੋਗੀ ਹੋ ਜਾਂਦਾ ਹੈ। ਅਜ ਦੇ ਸਮਾਜ ਵਿੱਚ ਏਡਜ਼ ਵਰਗੇ ਮਾਰੂ ਰੋਗਾਂ ਦਾ ਫੈਲਣਾ, ਇਸ ਦੀ ਸੱਚਾਈ ਅਤੇ ਸਾਰਥਕਤਾ ਆਪੇ ਸਿੱਧ ਕਰਦਾ ਹੈ। ਬਲਿਹਾਰ ਹਾਂ ਉੱਘੇ ਵਿਦਵਾਨ ਜੀ ਦੇ ਜਿਨ੍ਹਾਂ ਸਗੋਂ ਉਲਟਾ, ਇਸ ਪੰਕਤੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਅਸ਼ਲੀਲਤਾ ਦੱਸਣ ਲਈ ਵਰਤਿਆ ਹੈ।

ਅਗਲੇ ਪ੍ਰਮਾਣ ਨੂੰ ਵਿਚਾਰਨ ਤੋਂ ਪਹਿਲਾਂ ਗੁਰਮਤਿ ਦਾ ਇਕ ਹੋਰ ਮੂਲ ਸਿਧਾਂਤ ਸਮਝ ਲੈਣਾ ਜ਼ਰੂਰੀ ਹੈ, ਕਿ ਗੁਰਬਾਣੀ ਵਿੱਚ ਕੇਵਲ ਇਕ ਪ੍ਰਮੇਸਰ ਨੂੰ ਪੁਰਖੁ ਭਾਵ ਮਰਦ ਅਤੇ ਪਤੀ (ਕੰਤ) ਮੰਨਿਆ ਗਿਆ ਹੈ। ਬਾਕੀ ਸਭ ਭਾਵੇਂ ਮਰਦ ਜਾਂ ਇਸਤ੍ਰੀ, ਅਕਾਲ-ਪੁਰਖੁ ਦੀਆਂ ਜੀਵ ਇਸਤਰੀਆਂ ਹਨ। ਗੁਰਬਾਣੀ ਦਾ ਪਾਵਨ ਫੁਰਮਾਨ ਹੈ:

ਮ: 3 ॥ ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥ ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ ॥ {ਪੰਨਾ 592}

ਅਰਥ :-ਇਸ ਸੰਸਾਰ ਵਿੱਚ ਪਤੀ ਇੱਕੋ ਪਰਮਾਤਮਾ ਹੀ ਹੈ, ਹੋਰ ਸਾਰੀ ਸ੍ਰਿਸ਼ਟੀ (ਉਸ ਦੀਆਂ) ਇਸਤ੍ਰੀਆਂ ਹਨ; ਪਰਮਾਤਮਾ ਪਤੀ ਸਾਰੇ ਘਟਾਂ ਨੂੰ ਭੋਗਦਾ ਹੈ (ਭਾਵ, ਸਾਰੇ ਸਰੀਰਾਂ ਵਿੱਚ ਵਿਆਪਕ ਹੈ) ਤੇ ਨਿਰਲੇਪ ਭੀ ਹੈ, ਇਸ ਅਲੱਖ ਪ੍ਰਭੂ ਦੀ ਸਮਝ ਨਹੀਂ ਪੈਂਦੀ ।

ਏਕੋ ਪ੍ਰਿਉ ਸਖੀਆ ਸਭ ਪ੍ਰਿਅ ਕੀ ਜੋ ਭਾਵੈ ਪਿਰ ਸਾ ਭਲੀ ॥
ਨਾਨਕੁ ਗਰੀਬੁ ਕਿਆ ਕਰੈ ਬਿਚਾਰਾ ਹਰਿ ਭਾਵੈ ਤਿਤੁ ਰਾਹਿ ਚਲੀ ॥
{ਦੇਵਗੰਧਾਰੀ ਮਹਲਾ 4, ਪੰਨਾ 527}

(ਹੇ ਸਖੀ !) ਇਕ ਪਰਮਾਤਮਾ ਹੀ ਸਭ ਦਾ ਖਸਮ ਹੈ, ਸਾਰੀਆਂ ਸਖੀਆਂ (ਜੀਵ-ਇਸਤ੍ਰੀਆਂ) ਉਸ ਪਿਆਰੇ ਦੀਆਂ ਹੀ ਹਨ; ਪਰ ਜੇਹੜੀ ਪਤੀ-ਪ੍ਰਭੂ ਨੂੰ ਪਸੰਦ ਆ ਜਾਂਦੀ ਹੈ ਉਹ ਚੰਗੀ ਬਣ ਜਾਂਦੀ ਹੈ । ਵਿਚਾਰਾ ਗਰੀਬ ਨਾਨਕ (ਉਸ ਦੇ ਰਸਤੇ ਉਤੇ ਤੁਰਨ ਲਈ) ਕੀਹ ਕਰ ਸਕਦਾ ਹੈ ? ਜੇਹੜੀ ਜੀਵ-ਇਸਤ੍ਰੀ ਹਰੀ-ਪ੍ਰਭੂ ਨੂੰ ਚੰਗੀ ਲੱਗ ਪਏ, ਉਹੀ ਉਸ ਰਸਤੇ ਉਤੇ ਤੁਰ ਸਕਦੀ ਹੈ ।
ਆਓ ਹੁਣ ਅਗਲੇ ਸ਼ਬਦ ਨੂੰ ਵਿਚਾਰਦੇ ਹਾਂ।

6) ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ ॥ ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ ॥30॥ {ਸੇਖ ਫਰੀਦ ਜੀ, ਪੰਨਾ 1379}

ਇਸ ਸਲੋਕ ਦੇ ਅਰਥ ਪ੍ਰੋ ਸਾਹਿਬ ਸਿੰਘ ਜੀ ਨੇ ਇੰਝ ਕੀਤੇ ਹਨ:

ਮੈਂ (ਤਾਂ ਕੇਵਲ) ਅੱਜ (ਹੀ) ਪਿਆਰੇ ਨਾਲ ਨਹੀਂ ਸੁੱਤੀ (ਭਾਵ, ਮੈਂ ਤਾਂ ਕੇਵਲ ਅੱਜ ਹੀ ਪਿਆਰੇ ਪਤੀ-ਪਰਮਾਤਮਾ ਵਿੱਚ ਲੀਨ ਨਹੀਂ ਹੋਈ, ਤੇ ਹੁਣ) ਇਉਂ ਹੈ ਜਿਵੇਂ ਮੇਰਾ ਸਰੀਰ ਟੁੱਟ ਰਿਹਾ ਹੈ । ਜਾ ਕੇ ਛੁੱਟੜਾਂ (ਮੰਦ-ਭਾਗਣਾਂ) ਨੂੰ ਪੁੱਛੋ ਕਿ ਤੁਹਾਡੀ (ਸਦਾ ਹੀ) ਰਾਤ ਕਿਵੇਂ ਬੀਤਦੀ ਹੈ (ਭਾਵ, ਮੈਨੂੰ ਤਾਂ ਅੱਜ ਹੀ ਥੋੜਾ ਚਿਰ ਪ੍ਰਭੂ ਵਿਸਰਿਆ ਹੈ ਤੇ ਮੈਂ ਦੁਖੀ ਹਾਂ । ਜਿਨ੍ਹਾਂ ਕਦੇ ਭੀ ਉਸ ਨੂੰ ਯਾਦ ਨਹੀਂ ਕੀਤਾ, ਉਹਨਾਂ ਦੀ ਤਾਂ ਸਾਰੀ ਉਮਰ ਹੀ ਦੁਖੀ ਗੁਜ਼ਰਦੀ ਹੋਵੇਗੀ) ।

ਇਹ ਪਾਵਨ ਪੰਕਤੀ ਸ਼ੇਖ ਫਰੀਦ ਜੀ ਦੇ ਸਲੋਕਾਂ ਵਿੱਚੋਂ 30ਵਾਂ ਸਲੋਕ ਹੈ, ਜਿਸ ਵਿੱਚ ਭਗਤ ਸਾਹਿਬ ਜੀ ਅਕਾਲ-ਪੁਰਖ ਦੇ ਨਿਰਮਲ ਰੰਗ ਵਿੱਚ ਰੰਗੀ ਹੋਈ ਜੀਵ ਇਸਤਰੀ ਦੀ ਬਿਰਹੋਂ ਦੀ ਅਵਸਥਾ ਬਿਆਨ ਕਰਦੇ ਹਨ ਕਿ ਜੋ ਉਸ ਪ੍ਰਮੇਸਰ ਕੰਤ ਦੇ ਰੰਗ ਵਿੱਚ ਰੰਗੇ ਜਾਂਦੇ ਹਨ, ਉਨ੍ਹਾਂ ਨੂੰ ਇਕ ਪਲ ਦਾ ਵਿਛੋੜਾ ਵੀ ਬਰਦਾਸ਼ਤ ਨਹੀਂ ਹੁੰਦਾ, ਉਨ੍ਹਾਂ ਨੂੰ ਵਿਛੋੜੇ ਦਾ ਹਰ ਸੁਆਸ ਅਜਾਂਈ ਗਿਆ ਜਾਪਦਾ ਹੈ। ਨਾਲ ਹੀ ਉਨ੍ਹਾਂ ਦੇ ਜੀਵਨ ਤੇ ਹੈਰਾਨਗੀ ਅਤੇ ਚਿੰਤਾ ਜਤਾਈ ਗਈ ਹੈ ਜੋ ਪ੍ਰਮੇਸਰ ਨਾਲੋਂ ਪੂਰੀ ਤਰ੍ਹਾਂ ਟੁੱਟੇ ਹੋਏ ਹਨ, ਕਿ ਉਨ੍ਹਾਂ ਦੀ ਜੀਵਨ ਰੂਪੀ ਰਾਤ ਕਿਵੇਂ ਬਤੀਤ ਹੋ ਰਹੀ ਹੈ।

ਐਸੇ ਉੱਚੇ ਅਧਿਆਤਮਕ ਜੀਵਨ ਦੀ ਅਵਸਥਾ ਨੂੰ ਸਾਡੇ ਉੱਘੇ ਵਿਦਵਾਨ ਮਸਕੀਨ ਜੀ ਨੇ ਅਸ਼ਲੀਲ ਗਰਦਾਨ ਦਿੱਤਾ ਹੈ। ਬਲਿਹਾਰ ਜਾਵਾਂ ਇਸ ਵਿਦਵਤਾ ਤੋਂ ਕਿ ਅਸ਼ਲੀਲ ਸ਼ਬਦਾਵਲੀ ਵਿੱਚ ਪਰਾਏ ਮਰਦ ਅਤੇ ਇਸਤਰੀ ਨਾਲ ਬਣਾਏ ਆਚਰਣ-ਹੀਨ, ਅਨੈਤਿਕ ਸੰਬੰਧਾਂ ਅਤੇ ਅਨਮੋਲ ਅਧਿਆਤਮਕ ਅਵਸਥਾ ਦੇ ਵਿੱਚ ਫਰਕ ਹੀ ਨਹੀਂ ਮਹਿਸੂਸ ਹੋਇਆ।

ਚਲੋ ਅਧਿਆਤਮਕ ਪੱਖ ਨੂੰ ਪਾਸੇ ਰਖ ਕੇ ਨਿਰੋਲ ਦੁਨਿਆਵੀ ਪੱਖ ਹੀ ਵਿਚਾਰ ਲਈਏ। ਕੀ ਕਿਸੇ ਇਸਤਰੀ ਦਾ ਆਪਣੇ ਕੰਤ (ਪਤੀ) ਨਾਲ ਸੌਣਾ ਆਚਰਣ-ਹੀਨਤਾ ਅਤੇ ਅਨੈਤਿਕ ਕਰਮ ਹੈ? ਇਥੇ ਇਕ ਪਤੀਵ੍ਰਤਾ ਇਸਤਰੀ ਦੀ ਆਪਣੇ ਪਤੀ ਤੋਂ ਵਿਛੋੜੇ ਦੀ ਹਾਲਤ ਬਿਆਨ ਕੀਤੀ ਗਈ ਹੈ ਕਿ ਪਤੀ ਤੋਂ ਵਿਛੁੜ ਕੇ ਪਤੀਵ੍ਰਤਾ ਇਸਤਰੀ ਨੂੰ ਨੀਂਦ ਨਹੀਂ ਆਉਂਦੀ। ਜਿਸ ਬਚਿਤ੍ਰ ਨਾਟਕ ਦੀਆਂ ਰਚਨਾਵਾਂ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਸ ਵਿੱਚ ਤਾਂ ਸਾਰੀ ਗੱਲ ਹੀ ਯਾਰ ਨਾਲ ਸੇਜਾ ਮਾਨਣ ਦੀ ਅਤੇ ਪਤੀ ਨੂੰ ਧੋਖਾ ਦੇਣ ਦੀ ਹੈ। ਫਿਰ ਕਿਸ ਕਾਮ ਅੰਗ ਦਾ ਜਾਂ ਉਸ ਦੀ ਕਿਰਿਆ ਦਾ ਵਰਨਣ ਕੀਤਾ ਗਿਆ ਹੈ, ਜਿਸ ਨਾਲ ਇਹ ਅਸ਼ਲੀਲ ਬਣ ਗਿਆ ਹੈ? ਸ਼ਾਇਦ ਬਚਿੱਤ੍ਰ ਨਾਟਕ ਦੀਆਂ ਰਚਨਾਵਾਂ ਪੜ੍ਹ ਪੜ੍ਹ ਕੇ ਅਸ਼ਲੀਲਤਾ ਵਿਦਵਾਨ ਜੀ ਦੀ ਸੋਚ ਵਿੱਚ ਵੜ ਗਈ ਹੈ।

7) ਗਿਆਨਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ ॥

ਇਹ ਪੰਕਤੀ ਗੁਰੂ ਨਾਨਕ ਸਾਹਿਬ ਦੇ ਉਚਾਰਨ ਕੀਤੇ, ਹੇਠ ਦਿੱਤੇ ਸ਼ਬਦ ਦੇ ਆਖਰੀ ਚੌਥੇ ਬੰਦ ਦੀ ਦੂਸਰੀ ਪੰਕਤੀ ਹੈ:

ੴਸਤਿਗੁਰ ਪ੍ਰਸਾਦਿ ॥ ਆਸਾ ਘਰੁ 6 ਮਹਲਾ 1 ॥ ਮਨੁ ਮੋਤੀ ਜੇ ਗਹਣਾ ਹੋਵੈ ਪਉਣੁ ਹੋਵੈ ਸੂਤ ਧਾਰੀ ॥ ਖਿਮਾ ਸੀਗਾਰੁ ਕਾਮਣਿ ਤਨਿ ਪਹਿਰੈ ਰਾਵੈ ਲਾਲ ਪਿਆਰੀ ॥1॥ ਲਾਲ ਬਹੁ ਗੁਣਿ ਕਾਮਣਿ ਮੋਹੀ ॥ ਤੇਰੇ ਗੁਣ ਹੋਹਿ ਨ ਅਵਰੀ ॥1॥ ਰਹਾਉ ॥ ਹਰਿ ਹਰਿ ਹਾਰੁ ਕੰਠਿ ਲੇ ਪਹਿਰੈ ਦਾਮੋਦਰੁ ਦੰਤੁ ਲੇਈ ॥ ਕਰ ਕਰਿ ਕਰਤਾ ਕੰਗਨ ਪਹਿਰੈ ਇਨ ਬਿਧਿ ਚਿਤੁ ਧਰੇਈ ॥2॥ ਮਧੁਸੂਦਨੁ ਕਰ ਮੁੰਦਰੀ ਪਹਿਰੈ ਪਰਮੇਸਰੁ ਪਟੁ ਲੇਈ ॥ ਧੀਰਜੁ ਧੜੀ ਬੰਧਾਵੈ ਕਾਮਣਿ ਸ੍ਰੀਰੰਗੁ ਸੁਰਮਾ ਦੇਈ ॥3॥ ਮਨ ਮੰਦਰਿ ਜੇ ਦੀਪਕੁ ਜਾਲੇ ਕਾਇਆ ਸੇਜ ਕਰੇਈ ॥ ਗਿਆਨਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ ॥4॥1॥35॥ {ਪੰਨਾ 359}

ਇਸ ਪੰਕਤੀ ਦੇ ਅਰਥ ਸਮਝਣ ਤੋਂ ਪਹਿਲਾਂ ਇਹ ਸਮਝ ਲਈਏ ਕਿ ਇਹ ਸ਼ਬਦ ਕਿਸ ਸੰਧਰਭ ਵਿੱਚ ਹੈ ਅਤੇ ਇਸ ਰਾਹੀਂ ਸਤਿਗੁਰੂ ਸਾਨੂੰ ਕੀ ਉਪਦੇਸ਼ ਦੇ ਰਹੇ ਹਨ।

ਸਭ ਤੋਂ ਪਹਿਲਾਂ ਰਹਾਉ ਦੀ ਪੰਕਤੀ ਦੇ ਅਰਥ ਗੁਰੂ ਗ੍ਰੰਥ ਸਾਹਿਬ ਦਰਪਨ ਵਿੱਚ ਇੰਝ ਅੰਕਿਤ ਹਨ:

ਹੇ ਬਹੁ-ਗੁਣੀ ਲਾਲ ਪ੍ਰਭੂ ! ਜੇਹੜੀ ਜੀਵ-ਇਸਤ੍ਰੀ ਤੇਰੇ ਗੁਣਾਂ ਵਿੱਚ ਸੁਰਤਿ ਜੋੜਦੀ ਹੈ, ਉਸ ਨੂੰ ਤੇਰੇ ਵਾਲੇ ਗੁਣ ਕਿਸੇ ਹੋਰ ਵਿੱਚ ਨਹੀਂ ਦਿੱਸਦੇ (ਉਹ ਤੈਨੂੰ ਵਿਸਾਰ ਕੇ ਕਿਸੇ ਹੋਰ ਪਾਸੇ ਪ੍ਰੀਤ ਨਹੀਂ ਜੋੜਦੀ) ।1।ਰਹਾਉ।

ਜਿਵੇਂ ਕੋਈ ਇਸਤ੍ਰੀ ਆਪਣੇ ਪਤੀ ਨੂੰ ਮਿਲਣ ਦੀ ਆਸ ਤੇ ਆਪਣਾ ਸਰੀਰ ਸਿੰਗਾਰਦੀ ਹੈ ਤਾ ਕਿ ਪਤੀ ਨੂੰ ਉਸ ਦਾ ਸਰੀਰ ਚੰਗਾ ਲੱਗੇ ਅਤੇ ਪਤਨੀ ਪਤੀ ਨੂੰ ਭਾ ਜਾਵੇ ਤਾਂ ਉਨ੍ਹਾਂ ਦਾ ਮਿਲਾਪ ਹੋ ਜਾਂਦਾ ਹੈ, ਉਸੇ ਤਰ੍ਹਾਂ ਜੀਵ-ਇਸਤ੍ਰੀ ਅਤੇ ਪਰਮਾਤਮਾ-ਪਤੀ ਦਾ ਆਤਮਕ ਮੇਲ ਹੀ ਹੋ ਸਕਦਾ ਹੈ, ਇਸ ਮੇਲ ਦੀ ਸੰਭਾਵਨਾ ਤਦੋਂ ਹੀ ਹੋ ਸਕਦੀ ਹੈ, ਜੇ ਜੀਵ-ਇਸਤ੍ਰੀ ਆਪਣੇ ਆਤਮਾ ਨੂੰ ਸੁੰਦਰ ਬਣਾਏ। ਸਤਿਗੁਰੂ ਬਖਸ਼ਿਸ਼ ਕਰਦੇ ਸਮਝਾ ਰਹੇ ਹਨ ਕਿ ਆਤਮਾ ਦੀ ਖ਼ੂਬ-ਸੂਰਤੀ ਵਾਸਤੇ ਵਿਖਾਵੇ ਦੇ ਦੁਨਿਆਵੀ ਹਾਰ-ਸ਼ਿੰਗਾਰ ਦੀ ਜਗ੍ਹਾਂ ਪਵਿਤ੍ਰ ਆਚਰਨ, ਸੁਆਸ ਸੁਆਸ ਨਾਮ ਸਿਮਰਨ, ਖਿਮਾ, ਧੀਰਜ, ਗਿਆਨ, ਆਦਿਕ ਗੁਣ ਜੀਵਨ ਵਿੱਚ ਧਾਰਨ ਕਰਨੇ ਪੈਂਦੇ ਹਨ। ਪਹਿਲੇ, ਦੂਸਰੇ ਅਤੇ ਤੀਸਰੇ ਬੰਦ ਵਿੱਚ ਸਤਿਗੁਰੂ ਨੇ ਅਕਾਲ-ਪੁਰਖ ਪਤੀ ਨਾਲ ਮਿਲਾਪ ਲੋਚਦੀ ਜੀਵ ਇਸਤ੍ਰੀ ਨੂੰ ਸਮਝਾਇਆ ਹੈ ਕਿ ਦੁਨਿਆਵੀ ਵਿਖਾਵੇ ਛੱਡ ਕੇ ਆਪਣੇ ਜੀਵਨ ਨੂੰ ਉਪਰੋਕਤ ਗੁਣਾਂ ਨਾਲ ਸ਼ਿੰਗਾਰ ਲੈ।

ਜੇ ਜੀਵ-ਇਸਤ੍ਰੀ ਆਪਣੇ ਮਨ ਨੂੰ ਸੁੱਚੇ ਮੋਤੀ ਵਰਗਾ ਗਹਿਣਾ ਬਣਾ ਲਏ (ਮੋਤੀਆਂ ਦੀ ਮਾਲਾ ਬਣਾਨ ਲਈ ਧਾਗੇ ਦੀ ਲੋੜ ਪੈਂਦੀ ਹੈ) ਜੇ ਸੁਆਸ ਸੁਆਸ (ਦਾ ਸਿਮਰਨ ਮੋਤੀ ਪ੍ਰੋਣ ਲਈ) ਧਾਗਾ ਬਣੇ, ਜੇ ਦੁਨੀਆ ਦੀ ਵਧੀਕੀ ਨੂੰ ਸਹਾਰ ਲੈਣ ਦੇ ਸੁਭਾਵ ਨੂੰ ਜੀਵ-ਇਸਤ੍ਰੀ ਸਿੰਗਾਰ ਬਣਾ ਕੇ ਆਪਣੇ ਸਰੀਰ ਉਤੇ ਪਹਿਨ ਲਏ, ਤਾਂ ਪਤੀ-ਪ੍ਰਭੂ ਦੀ ਪਿਆਰੀ ਹੋ ਕੇ ਉਸ ਨੂੰ ਮਿਲ ਪੈਂਦੀ ਹੈ ।1।

ਜੇ ਜੀਵ-ਇਸਤ੍ਰੀ ਪਰਮਾਤਮਾ ਦੀ ਹਰ ਵੇਲੇ ਯਾਦ ਨੂੰ ਹਾਰ ਬਣਾ ਕੇ ਆਪਣੇ ਗਲ ਵਿੱਚ ਪਾ ਲਏ, ਜੇ ਪ੍ਰਭੂ-ਸਿਮਰਨ ਨੂੰ (ਦੰਦਾਂ ਦਾ) ਦੰਦਾਸਾ ਵਰਤੇ, ਜੇ ਕਰਤਾਰ ਦੀ ਭਗਤੀ-ਸੇਵਾ ਨੂੰ ਕੰਗਣ ਬਣਾ ਕੇ ਹੱਥੀਂ ਪਾ ਲਏ, ਤਾਂ ਇਸ ਤਰ੍ਹਾਂ ਉਸ ਦਾ ਚਿੱਤ ਪ੍ਰਭੂ-ਚਰਨਾਂ ਵਿੱਚ ਟਿਕਿਆ ਰਹਿੰਦਾ ਹੈ ।2।

ਜੇ ਜੀਵ-ਇਸਤ੍ਰੀ ਹਰੀ-ਭਜਨ ਦੀ ਮੁੰਦਰੀ ਬਣਾ ਕੇ ਹੱਥ ਦੀ ਉਂਗਲੀ ਵਿੱਚ ਪਾ ਲਏ, ਪ੍ਰਭੂ ਨਾਮ ਦੀ ਓਟ ਨੂੰ ਆਪਣੀ ਪਤ ਦਾ ਰਾਖਾ ਰੇਸ਼ਮੀ ਕਪੜਾ ਬਣਾਏ, (ਸਿਮਰਨ ਦੀ ਬਰਕਤਿ ਨਾਲ ਪ੍ਰਾਪਤ ਕੀਤੀ) ਗੰਭੀਰਤਾ ਨੂੰ ਪੱਟੀਆਂ ਸਜਾਣ ਹਿਤ ਵਰਤੇ, ਲੱਛਮੀ-ਪਤੀ ਪ੍ਰਭੂ ਦੇ ਨਾਮ ਦਾ (ਅੱਖਾਂ ਵਿਚ) ਸੁਰਮਾ ਪਾਏ ।3।

ਜਾਪਦਾ ਹੈ ਕਿ ਉੱਘੇ ਵਿਦਵਾਨ ਮਸਕੀਨ ਜੀ ਨੇ ਸੇਜ ਅਤੇ ਭੋਗ ਦੇ ਲਫ਼ਜ਼ ਵੇਖ ਕੇ ਹੀ ਇਸ ਪੰਕਤੀ ਉਤੇ ਅਸ਼ਲੀਲਤਾ ਦਾ ਲੇਬਲ ਲਾ ਕੇ ਲੋਕਾਈ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ ਜਦਕਿ ਆਖਰੀ ਚੌਥੇ ਬੰਦ ਵਿੱਚ, ਜਿਸ ਵਿੱਚ ਇਹ ਪੰਕਤੀ ਵੀ ਆਉਂਦੀ ਹੈ, ਇਹ ਬਿਲਕੁਲ ਸਪੱਸ਼ਟ ਹੈ ਕਿ ਇਥੇ ਕਿਸੇ ਰਾਜੇ ਦੇ ਮਹਿਲ ਵਿੱਚ ਦੁਨਿਆਵੀ ਮਖਮਲੀ ਪਲੰਘ ਉਤੇ ਕਾਮ-ਸੁਖ ਮਾਨਣ ਦੀ ਗੱਲ ਨਹੀਂ ਹੋ ਰਹੀ। ਬਲਕਿ ਸਤਿਗੁਰੂ ਜੀਵ ਇਸਤਰੀ ਨੂੰ ਸਮਝਾ ਰਹੇ ਹਨ ਕਿ ਤੂੰ ਮਨ ਦੇ ਮਹਿਲ ਵਿੱਚ, ਗਿਆਨ ਦਾ ਚਾਨਣ ਕਰਕੇ ਆਪਣੀ ਹਿਰਦੇ ਰੂਪੀ ਸੇਜ ਤਿਆਰ ਕਰੇਂ ਤਾਂ ਉਸ ਉਤੇ ਗਿਆਨ ਦੇ ਦਾਤੇ ਅਕਾਲ-ਪੁਰਖ ਨਾਲ ਆਤਮਕ ਮਿਲਾਪ ਦਾ ਆਨੰਦ ਮਾਣ ਸਕੇਗੀ।

ਇਸ ਚੌਥੇ ਬੰਦ ਦੇ ਅਰਥ ਗੁਰੂ ਗ੍ਰੰਥ ਸਾਹਿਬ ਦਰਪਨ ਵਿੱਚ ਇੰਝ ਅੰਕਿਤ ਹਨ:

ਜੇ ਜੀਵ-ਇਸਤ੍ਰੀ ਆਪਣੇ ਮਨ ਦੇ ਮਹਿਲ ਵਿੱਚ ਗਿਆਨ ਦਾ ਦੀਵਾ ਜਗਾਏ, ਹਿਰਦੇ ਨੂੰ (ਪ੍ਰਭੂ-ਮਿਲਾਪ ਵਾਸਤੇ) ਸੇਜ ਬਣਾਏ, ਹੇ ਨਾਨਕ ! (ਉਸ ਦੇ ਇਸ ਸਾਰੇ ਆਤਮਕ ਸਿੰਗਾਰ ਉਤੇ ਰੀਝ ਕੇ) ਜਦੋਂ ਗਿਆਨ-ਦਾਤਾ ਪ੍ਰਭੂ ਉਸ ਦੀ ਹਿਰਦੇ-ਸੇਜ ਉਤੇ ਪਰਗਟ ਹੁੰਦਾ ਹੈ, ਤਾਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ।

ਹੁਣ ਨਿਰਣਾ ਪਾਠਕ ਹੀ ਕਰ ਲੈਣ ਕਿ ਉਨ੍ਹਾਂ ਨੂੰ ਇਸ ਪੰਕਤੀ ਚੋਂ ਕਾਮ-ਰਸ ਪ੍ਰਾਪਤ ਹੋਇਆ ਹੈ ਕਿ ਆਤਮਕ ਰਸ?

8) ਕਹਉ ਕਹਾ ਅਪਨੀ ਅਧਮਾਈ ॥ ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥ {ਟੋਡੀ ਮਹਲਾ 9, ਪੰਨਾ 718}

ਗੁਰੂ ਤੇਗ ਬਹਾਦਰ ਸਾਹਿਬ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ 718 'ਤੇ ਸਭਾਏਮਾਨ ਹੈ। ਜਿਸ ਵਿੱਚ ਸਤਿਗਰੂ ਪ੍ਰਮੇਸਰ ਤੋਂ ਟੁੱਟ ਕੇ ਸੰਸਾਰਕ ਮੋਹ ਮਾਇਆ ਵਿੱਚ ਗੁਆਚੇ ਹੋਏ ਮਨੁੱਖ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੂਰਾ ਸ਼ਬਦ ਹੇਠ ਦਿੱਤਾ ਜਾ ਰਿਹਾ ਹੈ:

ਟੋਡੀ ਮਹਲਾ 9 ੴ ਸਤਿਗੁਰ ਪ੍ਰਸਾਦਿ ॥ ਕਹਉ ਕਹਾ ਅਪਨੀ ਅਧਮਾਈ ॥ ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥1॥ ਰਹਾਉ ॥ ਜਗ ਝੂਠੇ ਕਉ ਸਾਚੁ ਜਾਨਿ ਕੈ ਤਾ ਸਿਉ ਰੁਚ ਉਪਜਾਈ ॥ ਦੀਨਬੰਧ ਸਿਮਰਿਓ ਨਹੀ ਕਬਹੂ ਹੋਤ ਜੁ ਸੰਗਿ ਸਹਾਈ ॥1॥ ਮਗਨ ਰਹਿਓ ਮਾਇਆ ਮੈ ਨਿਸਦਿਨਿ ਛੁਟੀ ਨ ਮਨ ਕੀ ਕਾਈ ॥ ਕਹਿ ਨਾਨਕ ਅਬ ਨਾਹਿ ਅਨਤ ਗਤਿ ਬਿਨੁ ਹਰਿ ਕੀ ਸਰਨਾਈ ॥2॥1॥31॥

ਜਿਸ ਪੰਕਤੀ ਵਿੱਚ ਮਸਕੀਨ ਜੀ ਨੂੰ ਅਸ਼ਲੀਲਤਾ ਨਜ਼ਰ ਆਈ ਹੈ, ਉਹ ਰਹਾਉ ਦੀ ਪੰਕਤੀ ਹੈ ਭਾਵ ਸ਼ਬਦ ਦਾ ਕੇਂਦਰੀ ਭਾਵ ਹੈ, ਜਿਸ ਦੇ ਅਰਥ ਪ੍ਰੋ. ਸਾਹਿਬ ਸਿੰਘ ਜੀ ਨੇ ਇਹ ਕੀਤੇ ਹਨ:

ਹੇ ਭਾਈ ! ਮੈਂ ਆਪਣੀ ਨੀਚਤਾ ਕਿਤਨੀ ਕੁ ਬਿਆਨ ਕਰਾਂ ? ਮੈਂ (ਕਦੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਕੀਤੀ, (ਮੇਰਾ ਮਨ) ਧਨ-ਪਦਾਰਥ ਅਤੇ ਇਸਤ੍ਰੀ ਦੇ ਰਸਾਂ ਵਿੱਚ ਹੀ ਫਸਿਆ ਰਹਿੰਦਾ ਹੈ।

ਗਿਆਨੀ ਸੰਤ ਸਿੰਘ ਮਸਕੀਨ ਜੀ ਜਿਹੇ ਉੱਘੇ ਵਿਦਵਾਨ ਵਲੋਂ ਸਿਰਫ ਕਾਮਨੀ ਅਤੇ ਰਸ ਜਿਹੇ ਸ਼ਬਦ ਵੇਖ ਕੇ ਉਸ ਸ਼ਬਦ ਨੂੰ ਅਸ਼ਲੀਲ ਦੀ ਪੰਕਤੀ ਵਿੱਚ ਲਿਆ ਖੜਾ ਕਰਨਾ, ਸੱਚ-ਮੁੱਚ ਹੈਰਾਨ ਕਰ ਦੇਣ ਵਾਲੀ ਗੱਲ ਹੈ, ਜਦਕਿ ਗੁਰੂ ਤੇਗ ਬਹਾਦੁਰ ਸਾਹਿਬ ਸ਼ਬਦ ਦੇ ਇਸ ਰਹਾਉ ਦੇ ਬੰਦ ਦੀ ਪਹਿਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਹਨ ਕਿ ਮੈਂ ਆਪਣੀ ਅਧਮਾਈ ਭਾਵ ਮਾੜਾ ਕਿਰਦਾਰ ਕਿਵੇਂ ਬਿਆਨ ਕਰਾਂ? ਸਤਿਗੁਰੂ ਤਾਂ ਧਨ-ਪਦਾਰਥਾਂ ਅਤੇ ਇਸਤਰੀ ਦੇ ਰਸਾਂ ਵਿੱਚ ਫਸਨ ਨੂੰ ਨੀਚ ਕਰਮ ਦਸ ਰਹੇ ਹਨ।

ਪੂਰਾ ਸ਼ਬਦ ਦੋ ਬੰਦਾਂ ਦਾ ਹੈ, ਜਿਸ ਦੇ ਪਹਿਲੇ ਬੰਦ ਵਿੱਚ ਸਤਿਗੁਰੂ ਅਕਾਲ-ਪੁਰਖ ਨਾਲੋਂ ਟੁੱਟੇ ਮਨੁੱਖਾਂ ਦੀ ਹਾਲਤ ਬਿਆਨ ਕਰਦੇ ਹਨ ਕਿ ਉਹ ਪ੍ਰਮੇਸਰ ਦੇ ਨਾਮ ਨਾਲੋਂ ਟੁੱਟ ਕੇ ਕੇਵਲ ਸੰਸਾਰਕ ਪਦਾਰਥਾਂ ਨਾਲ ਹੀ ਮੋਹ ਬਣਾਈ ਰਖਦੇ ਹਨ:

ਹੇ ਭਾਈ ! ਇਸ ਨਾਸਵੰਤ ਸੰਸਾਰ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਕੇ ਮੈਂ ਇਸ ਸੰਸਾਰ ਨਾਲ ਹੀ ਪ੍ਰੀਤਿ ਬਣਾਈ ਹੋਈ ਹੈ । ਮੈਂ ਉਸ ਪਰਮਾਤਮਾ ਦਾ ਨਾਮ ਕਦੇ ਨਹੀਂ ਸਿਮਰਿਆ ਜੋ ਨਿਮਾਣਿਆਂ ਦਾ ਰਿਸ਼ਤੇਦਾਰ ਹੈ, ਅਤੇ ਜੇਹੜਾ (ਸਦਾ ਸਾਡੇ) ਨਾਲ ਮਦਦਗਾਰ ਹੈ ।1।

ਸ਼ਬਦ ਦੇ ਆਖਰੀ ਬੰਦ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਕੇਵਲ ਅਕਾਲ-ਪੁਰਖ ਦੀ ਸਰਨ ਪਿਆਂ ਭਾਵ ਗੁਰੂ ਦੇ ਉਪਦੇਸ਼ ਤੇ ਚੱਲ ਕੇ ਹੀ ਵਿਕਾਰਾਂ ਦੀ ਮੈਲ ਉਤਰ ਸਕਦੀ ਹੈ ਅਤੇ ਉੱਚੀ ਆਤਮਕ ਅਵਸਥਾ ਪਰਾਪਤ ਹੋ ਸਕਦੀ ਹੈ। ਪ੍ਰੋ. ਸਾਹਿਬ ਸਿੰਘ ਜੀ ਨੇ ਇਸ ਬੰਦ ਦੇ ਅਰਥ ਗੁਰੂ ਗ੍ਰੰਥ ਸਾਹਿਬ ਦਰਪਨ ਵਿੱਚ ਇੰਝ ਅੰਕਿਤ ਕੀਤੇ ਹਨ:
ਹੇ ਭਾਈ ! ਮੈਂ ਰਾਤ ਦਿਨ ਮਾਇਆ (ਦੇ ਮੋਹ) ਵਿਚ ਮਸਤ ਰਿਹਾ ਹਾਂ, (ਇਸ ਤਰ੍ਹਾਂ ਮੇਰੇ) ਮਨ ਦੀ ਮੈਲ ਦੂਰ ਨਹੀਂ ਹੋ ਸਕੀ । ਹੇ ਨਾਨਕ ! ਆਖ-ਹੁਣ (ਜਦੋਂ ਮੈਂ ਗੁਰੂ ਦੀ ਸਰਨ ਪਿਆ ਹਾਂ, ਤਾਂ ਮੈਨੂੰ ਸਮਝ ਆਈ ਹੈ ਕਿ) ਪ੍ਰਭੂ ਦੀ ਸਰਣ ਪੈਣ ਤੋਂ ਬਿਨਾ ਕਿਸੇ ਭੀ ਹੋਰ ਥਾਂ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ ।2।

ਸਤਿਗੁਰੂ ਸਾਨੂੰ ਮਾੜੇ ਸੰਸਾਰਕ ਰਸ-ਕਸ ਤਿਆਗ ਕੇ ਇਕ ਅਕਾਲ-ਪੁਰਖ ਨਾਲ ਜੁੜਨ ਦੀ ਪ੍ਰੇਰਨਾ ਦੇ ਰਹੇ ਹਨ ਅਤੇ ਸਾਡੇ ਸਤਿਕਾਰਤ ਵੀਰਾਂ ਨੂੰ ਇਸ ਵਿੱਚੋਂ ਅਸ਼ਲੀਲਤਾ ਅਤੇ ਆਚਰਣਹੀਨਤਾ ਨਜ਼ਰ ਆ ਰਹੀ ਹੈ। ਬਲਿਹਾਰ ਜਾਵਾਂ ਐਸੀ ਗੁਰਮਤਿ ਦੀ ਸੋਝੀ ਅਤੇ ਸੋਚ ਤੋਂ !!

9) ਰੂਪ ਰੰਗ ਸੁਗੰਧ ਭੋਗ ਤਿਆਗਿ ਚਲੇ ਮਾਇਆ ਛਲੇ ਕਨਿਕ ਕਾਮਿਨੀ ॥

ਇਹ ਪਾਵਨ ਪੰਕਤੀ ਗੁਰੂ ਅਰਜਨ ਸਾਹਿਬ ਦੀ ਉਚਾਰਨ ਕੀਤੀ ਹੋਈ, ਗੁਰੂ ਗ੍ਰੰਥ ਸਾਹਿਬ ਦੇ ਪੰਨਾ 901 'ਤੇ ਸੁਸ਼ੋਭਤ, ਹੇਠਾਂ ਅੰਕਤ ਕੀਤੇ ਸ਼ਬਦ ਵਿੱਚ ਰਹਾਉ ਦੀ ਪੰਕਤੀ ਹੈ:

ਰਾਮਕਲੀ ਮਹਲਾ 5 ॥ ਰੂਪ ਰੰਗ ਸੁਗੰਧ ਭੋਗ ਤਿਆਗਿ ਚਲੇ ਮਾਇਆ ਛਲੇ ਕਨਿਕ ਕਾਮਿਨੀ ॥1॥ ਰਹਾਉ ॥ ਭੰਡਾਰ ਦਰਬ ਅਰਬ ਖਰਬ ਪੇਖਿ ਲੀਲਾ ਮਨੁ ਸਧਾਰੈ ॥ ਨਹ ਸੰਗਿ ਗਾਮਨੀ ॥1॥ ਸੁਤ ਕਲਤ੍ਰ ਭ੍ਰਾਤ ਮੀਤ ਉਰਝਿ ਪਰਿਓ ਭਰਮਿ ਮੋਹਿਓ ਇਹ ਬਿਰਖ ਛਾਮਨੀ ॥ ਚਰਨ ਕਮਲ ਸਰਨ ਨਾਨਕ ਸੁਖੁ ਸੰਤ ਭਾਵਨੀ ॥2॥2॥60॥

ਰਹਾਉ ਦੀ ਪੰਕਤੀ ਹੋਣ ਨਾਤੇ ਇਹ ਸ਼ਬਦ ਦਾ ਕੇਂਦਰੀ ਭਾਵ ਹੈ, ਇਸ ਦੇ ਅਰਥ ਉੱਘੇ ਸਿੱਖ ਵਿਦਵਾਨ ਪ੍ਰੋ. ਸਾਹਿਬ ਸਿੰਘ ਜੀ ਨੇ ਇੰਝ ਕੀਤੇ ਹਨ:

ਹੇ ਭਾਈ ! ਸੋਨਾ, ਇਸਤ੍ਰੀ ਆਦਿਕ ਮਾਇਆ ਦੇ ਠੱਗੇ ਹੋਏ ਜੀਵ (ਆਖ਼ਰ ਦੁਨੀਆ ਦੇ ਸਾਰੇ) ਸੋਹਣੇ ਰੂਪ ਰੰਗ ਸੁਗੰਧੀਆਂ ਤੇ ਭੋਗ-ਪਦਾਰਥ ਛੱਡ ਕੇ (ਇਥੋਂ) ਤੁਰ ਪੈਂਦੇ ਹਨ ।1।ਰਹਾਉ।

ਇਸ ਰਹਾਉ ਦੀ ਪੰਕਤੀ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਸਮਝਾ ਰਹੇ ਹਨ, ਕਿ ਇਕ ਆਮ ਮਨੁੱਖ ਸਾਰੀ ਜ਼ਿੰਦਗੀ ਧਨ-ਦੌਲਤ, ਇਸਤ੍ਰੀ ਆਦਿ ਮਾਇਆ ਦੇ ਰੰਗਾਂ ਵਿੱਚ ਠੱਗਿਆ ਹੋਇਆ ਹੀ ਜੀਵਨ ਬਤੀਤ ਕਰਕੇ, ਆਖਿਰ ਇਹ ਸਾਰੇ ਭੋਗ-ਪਦਾਰਥ ਜੋ ਉਸ ਨੂੰ ਜੀਵਨ ਵਿੱਚ ਬੜੇ ਸੋਹਣੇ ਅਤੇ ਪਿਆਰੇ ਲਗਦੇ ਸਨ, ਇਥੇ ਹੀ ਛੱਡ ਕੇ ਸੰਸਾਰ ਤੋਂ ਚਲਾ ਜਾਂਦਾ ਹੈ।

ਇਹ ਵੀ ਦੋ ਪਦਿਆਂ(ਬੰਦਾਂ) ਦਾ ਸ਼ਬਦ ਹੈ, ਅੱਗੇ ਦੋ ਪਦਿਆਂ ਦੇ ਅਰਥ ਗੁਰੂ ਗ੍ਰੰਥ ਸਾਹਿਬ ਦਰਪਨ ਵਿੱਚ ਇੰਝ ਅੰਕਿਤ ਹਨ:

ਹੇ ਭਾਈ ! ਬੇਅੰਤ ਧਨ ਦੇ ਖ਼ਜ਼ਾਨਿਆਂ ਦੀ ਮੌਜ ਵੇਖ ਵੇਖ ਕੇ (ਮਨੁੱਖ ਦਾ) ਮਨ (ਆਪਣੇ ਅੰਦਰ) ਢਾਰਸ ਬਣਾਂਦਾ ਰਹਿੰਦਾ ਹੈ, (ਪਰ ਇਹਨਾਂ ਵਿਚੋਂ ਕੋਈ ਚੀਜ਼ ਇਸ ਦੇ) ਨਾਲ ਨਹੀਂ ਜਾਂਦੀ ।1।
ਹੇ ਭਾਈ ! ਪੁੱਤਰ, ਇਸਤ੍ਰੀ, ਭਰਾ, ਮਿੱਤਰ (ਆਦਿਕ ਦੇ ਮੋਹ) ਵਿੱਚ ਜੀਵ ਫਸਿਆ ਰਹਿੰਦਾ ਹੈ, ਭੁਲੇਖੇ ਦੇ ਕਾਰਨ ਮੋਹ ਵਿੱਚ ਠੱਗਿਆ ਜਾਂਦਾ ਹੈ-ਪਰ ਇਹ ਸਭ ਕੁਝ ਰੁੱਖ ਦੀ ਛਾਂ (ਵਾਂਗ) ਹੈ । (ਇਸ ਵਾਸਤੇ) ਹੇ ਨਾਨਕ ! ਪਰਮਾਤਮਾ ਦੇ ਸੋਹਣੇ ਚਰਨਾਂ ਦੀ ਸਰਨ ਦਾ ਸੁਖ ਹੀ ਸੰਤ ਜਨਾਂ ਨੂੰ ਚੰਗਾ ਲੱਗਦਾ ਹੈ ।

ਹੁਣ ਸ਼ਬਦ ਨੂੰ ਸਮਝੀਏ, ਵਿਚਾਰੀਏ ਤਾਂ ਸਤਿਗੁਰੂ ਸਮਝਾ ਰਹੇ ਹਨ ਕਿ ਇਕ ਆਮ ਮਨੁੱਖ ਸਾਰੀ ਜ਼ਿੰਦਗੀ ਪਦਾਰਥੀ ਰਸਾਂ-ਕਸਾਂ ਵਿੱਚ ਗਲਤਾਨ ਹੋਇਆ ਹੀ ਸੰਸਾਰ ਤੋਂ ਚਲਾ ਜਾਂਦਾ ਹੈ ਅਤੇ ਇਹ ਸਾਰੇ ਧਨ ਦੌਲਤ ਆਦਿ ਦੁਨਿਆਵੀ ਸੁੱਖ ਸਾਧਨ ਇਥੇ ਹੀ ਛੱਡ ਜਾਂਦਾ ਹੈ, ਇਨ੍ਹਾਂ ਵਿੱਚੋਂ ਕੁਝ ਵੀ ਉਸ ਦੇ ਨਾਲ ਨਹੀਂ ਜਾਂਦਾ। ਪਰ ਸੰਤ-ਜਨ ਭਾਵ ਸ਼ੁਭ ਗੁਣਾਂ ਵਾਲੇ ਮਨੁੱਖ ਇਨ੍ਹਾਂ ਪਦਾਰਥਕ ਸੁੱਖਾਂ ਵਿੱਚ ਗਲਤਾਨ ਨਹੀਂ ਹੁੰਦੇ ਅਤੇ ਆਪਣਾ ਚਿੱਤ ਸਦਾ ਪ੍ਰਭੂ ਚਰਨਾਂ ਵਿੱਚ ਜੋੜੀ ਰਖਦੇ ਹਨ। ਇਹੀ ਸੁੱਖ ਉਨ੍ਹਾਂ ਨੂੰ ਸਭ ਤੋਂ ਚੰਗਾ ਲਗਦਾ ਹੈ।

ਇਕ ਉੱਘੇ ਵਿਦਵਾਨ ਵਲੋਂ ਸ਼ਬਦ ਦੀ ਇਕ ਪੰਕਤੀ ਵਿੱਚ ਕੇਵਲ ਕਾਮਿਨੀ ਅਤੇ ਭੋਗ ਸ਼ਬਦ ਵੇਖ ਕੇ ਉਸ ਨੂੰ ਅਸ਼ਲੀਲ ਅਤੇ ਆਚਰਣ-ਹੀਨਤਾ ਵਾਲੀਆਂ ਰਚਨਾਵਾਂ ਨਾਲ ਤੁਲਨਾ ਦੇਣੀ, ਭੋਲੀ ਭੋਲੀ ਸੰਗਤ ਨੂੰ ਗੁੰਮਰਾਹ ਕਰਨ ਅਤੇ ਮੂਰਖ ਬਨਾਉਣ ਤੋਂ ਸਿਵਾ ਹੋਰ ਕੁਝ ਨਹੀਂ ਕਿਹਾ ਜਾ ਸਕਦਾ। ਹਾਲਾਂਕਿ ਇਹ ਵੀ ਸਭ ਜਾਣਦੇ ਹਨ ਕਿ ਭੋਗ ਸ਼ਬਦ ਕੇਵਲ ਇਸਤ੍ਰੀ ਸੁਖ ਵਾਸਤੇ ਹੀ ਨਹੀਂ ਆਉਂਦਾ, ਸਗੋਂ ਸੰਸਾਰਕ ਪਦਾਰਥਾਂ ਦੇ ਸੁੱਖਾਂ ਨੂੰ ਮਾਨਣਾ ਵੀ ਭੋਗਣਾ ਹੀ ਕਹਾਉਂਦਾ ਹੈ।

10) ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥

ਗੁਰਬਾਣੀ ਦੀ ਇਹ ਪੰਕਤੀ ਗੁਰੂ ਨਾਨਕ ਸਾਹਿਬ ਦੇ ਉਚਾਰਨ ਕੀਤੇ ਹੋਏ, ਗੁਰੂ ਗ੍ਰੰਥ ਸਾਹਿਬ ਦੇ ਪੰਨਾ 878-879 ਤੇ ਅੰਕਤ, ਚਾਰ ਬੰਦਾਂ ਵਾਲੇ, ਇਸ ਪਾਵਨ ਸ਼ਬਦ ਦੇ ਤੀਸਰੇ ਬੰਦ ਦੀ ਪਹਿਲੀ ਪੰਕਤੀ ਹੈ:
ਰਾਮਕਲੀ ਮਹਲਾ 1 ॥ ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ ਕਵਣੁ ਬੁਝੈ ਬਿਧਿ ਜਾਣੈ ॥ ਉਤਭੁਜ ਚਲਤ ਆਪਿ ਕਰਿ ਚੀਨੈ ਆਪੇ ਤਤੁ ਪਛਾਣੈ ॥1॥ ਐਸਾ ਗਿਆਨੁ ਬੀਚਾਰੈ ਕੋਈ ॥ ਤਿਸ ਤੇ ਮੁਕਤਿ ਪਰਮ ਗਤਿ ਹੋਈ ॥1॥ ਰਹਾਉ ॥ ਦਿਨ ਮਹਿ ਰੈਣਿ ਰੈਣਿ ਮਹਿ ਦਿਨੀਅਰੁ ਉਸਨ ਸੀਤ ਬਿਧਿ ਸੋਈ ॥ ਤਾ ਕੀ ਗਤਿ ਮਿਤਿ ਅਵਰੁ ਨ ਜਾਣੈ ਗੁਰ ਬਿਨੁ ਸਮਝ ਨ ਹੋਈ ॥2॥ ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥ ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ ॥3॥ ਮਨ ਮਹਿ ਜੋਤਿ ਜੋਤਿ ਮਹਿ ਮਨੂਆ ਪੰਚ ਮਿਲੇ ਗੁਰ ਭਾਈ ॥ ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸਬਦਿ ਲਿਵ ਲਾਈ ॥4॥9॥

ਗੁਰੂ ਗ੍ਰੰਥ ਸਾਹਿਬ ਦਰਪਨ ਵਿੱਚ, ਸ਼ਬਦ ਦੇ ਭਾਵ ਅਰਥ ਇੰਝ ਦਿੱਤੇ ਗਏ ਹਨ:

(ਜਿਵੇਂ) ਸਮੁੰਦਰ ਵਿੱਚ ਬੂੰਦਾਂ ਹਨ (ਜਿਵੇਂ) ਬੂੰਦਾਂ ਵਿੱਚ ਸਮੁੰਦਰ ਵਿਆਪਕ ਹੈ (ਤਿਵੇਂ ਸਾਰੇ ਜੀਅ ਜੰਤ ਪਰਮਾਤਮਾ ਵਿੱਚ ਜੀਊਂਦੇ ਹਨ ਅਤੇ ਸਾਰੇ ਜੀਵਾਂ ਵਿੱਚ ਪਰਮਾਤਮਾ ਵਿਆਪਕ ਹੈ) ਉਤਭੁਜ (ਆਦਿਕ ਚਾਰ ਖਾਣੀਆਂ ਦੀ ਰਾਹੀਂ ਉਤਪੱਤੀ) ਦਾ ਤਮਾਸ਼ਾ ਰਚ ਕੇ ਪ੍ਰਭੂ ਆਪ ਹੀ ਵੇਖ ਰਿਹਾ ਹੈ, ਤੇ ਆਪ ਹੀ ਇਸ ਅਸਲੀਅਤ ਨੂੰ ਸਮਝਦਾ ਹੈ-ਕੋਈ ਵਿਰਲਾ ਮਨੁੱਖ ਇਸ ਭੇਤ ਨੂੰ ਬੁੱਝਦਾ ਹੈ ਤੇ ਵਿਓਂਤ ਨੂੰ ਸਮਝਦਾ ਹੈ ।1।

ਉਸ (ਸਰਬ-ਸਿਰਜਣਹਾਰ ਤੇ ਸਰਬ-ਵਿਆਪਕ ਪ੍ਰਭੂ ਦੀ ਸਿਫ਼ਤਿ-ਸਾਲਾਹ) ਦੀ ਬਰਕਤਿ ਨਾਲ ਮਨੁੱਖ ਨੂੰ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਹੁੰਦੀ ਹੈ ਤੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਹੁੰਦੀ ਹੈ-ਅਜੇਹਾ ਗਿਆਨ ਕੋਈ ਵਿਰਲਾ (ਗੁਰਮੁਖਿ) ਵਿਚਾਰਦਾ ਹੈ ।1।ਰਹਾਉ।

ਦਿਨ (ਦੇ ਚਾਨਣ) ਵਿੱਚ ਰਾਤ (ਦਾ ਹਨੇਰਾ) ਲੀਨ ਹੋ ਜਾਂਦਾ ਹੈ, ਰਾਤ (ਦੇ ਹਨੇਰੇ) ਵਿੱਚ ਸੂਰਜ (ਦਾ ਚਾਨਣ) ਮੁੱਕ ਜਾਂਦਾ ਹੈ । ਇਹੀ ਹਾਲਤ ਹੈ ਗਰਮੀ ਦੀ ਤੇ ਠੰਢ ਦੀ (ਕਦੇ ਗਰਮੀ ਹੈ ਕਦੇ ਠੰਢ, ਕਿਤੇ ਗਰਮੀ ਹੈ ਕਿਤੇ ਠੰਢ)-(ਇਹ ਸਾਰੀ ਖੇਡ ਉਸ ਪਰਮਾਤਮਾ ਦੀ ਕੁਦਰਤਿ ਦੀ ਹੈ) । ਉਹ ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਨਹੀਂ ਜਾਣਦਾ । ਗੁਰੂ ਤੋਂ ਬਿਨਾ ਇਹ ਸਮਝ ਨਹੀਂ ਆਉਂਦੀ (ਕਿ ਅਕਾਲ ਪੁਰਖ ਬੇਅੰਤ ਹੈ ਤੇ ਅਕੱਥ ਹੈ) ।2।

ਹੇ ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ ! ਵੇਖ ਅਚਰਜ ਖੇਡ ਕਿ ਮਨੁੱਖਾਂ ਦੇ ਵੀਰਜ ਤੋਂ ਇਸਤ੍ਰੀਆਂ ਪੈਦਾ ਹੁੰਦੀਆਂ ਹਨ ਤੇ ਇਸਤ੍ਰੀਆਂ ਤੋਂ ਮਨੁੱਖ ਜੰਮਦੇ ਹਨ । ਪਰਮਾਤਮਾ ਦੀ ਕੁਦਰਤਿ ਦੀ ਕਹਾਣੀ ਬਿਆਨ ਨਹੀਂ ਹੋ ਸਕਦੀ । ਪਰ ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿੱਚ ਆਪਣੀ ਸੁਰਤਿ ਜੋੜਦਾ ਹੈ ਤੇ ਉਸ ਸੁਰਤਿ ਵਿਚੋਂ ਪਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦਾ ਹੈ ।3।

ਹੇ ਨਾਨਕ ! (ਆਖ-) ਮੈਂ ਉਹਨਾਂ ਗੁਰਮੁਖਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿੱਚ ਸੁਰਤਿ ਜੋੜੀ ਹੈ । ਉਹਨਾਂ ਦੇ ਮਨ ਵਿੱਚ ਅਕਾਲ ਪੁਰਖ ਦੀ ਜੋਤਿ ਪਰਗਟ ਹੋ ਜਾਂਦੀ ਹੈ, ਪਰਮਾਤਮਾ ਦੀ ਯਾਦ ਵਿੱਚ ਉਹਨਾਂ ਦਾ ਮਨ ਸਦਾ ਲੀਨ ਰਹਿੰਦਾ ਹੈ, ਉਹਨਾਂ ਦੇ ਪੰਜੇ ਗਿਆਨ-ਇੰਦ੍ਰੇ ਇਕੋ ਇਸ਼ਟ ਵਾਲੇ ਹੋ ਕੇ ਭਟਕਣੋਂ ਹਟ ਜਾਂਦੇ ਹਨ ।4।

ਜਿਸ ਸਮੇਂ ਸ਼ਬਦ ਨੂੰ ਅਰਥਾਂ ਸਮੇਤ ਵਿਚਾਰੀਏ ਤਾਂ ਪਤਾ ਲਗਦਾ ਹੈ ਕਿ ਸਤਿਗੁਰੁ, ਅਕਾਲ ਪੁਰਖ ਵਲੋਂ ਇਸ ਸ੍ਰਿਸ਼ਟੀ ਦਾ ਸਾਜਨਾ ਅਤੇ ਪਾਲਣਾ ਲਈ ਬਣਾਏ, ਆਚੰਭਤ ਕਰ ਦੇਣ ਵਾਲੇ ਅਟੱਲ ਨੇਮਾਂ ਦੀ ਵਿਆਖਿਆ ਅਲੌਕਿਕ ਸ਼ਬਦਾਂ ਵਿੱਚ ਕਰ ਰਹੇ ਹਨ। ਸਤਿਗੁਰੂ ਸਮਝਾਉਂਦੇ ਹਨ ਕਿ ਇਨ੍ਹਾਂ ਅਚੰਭਤ ਕਰ ਦੇਣ ਵਾਲੇ ਗੁਣਾਂ ਨੂੰ ਉਹ ਵਿਰਲੇ ਹੀ ਸਮਝ ਸਕਦੇ ਹਨ, ਜੋ ਗੁਰੂ ਦਾ ਗਿਆਨ ਪ੍ਰਾਪਤ ਕਰ ਲੈਂਦੇ ਹਨ। ਅਕਾਲ-ਪੁਰਖ ਦੇ ਇਸ ਗਿਆਨ ਦੀ ਬਰਕਤ ਨਾਲ ਉਨ੍ਹਾਂ ਦਾ ਜੀਵਨ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ ।

ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥ ਇਸ ਪੰਕਤੀ ਵਿੱਚ ਗੁਰੂ ਨਾਨਕ ਪਾਤਿਸ਼ਾਹ ਕਹਿੰਦੇ ਹਨ ਕਿ ਅਕਾਲ-ਪੁਰਖ ਦਾ ਰਚਿਆ ਹੋਇਆ ਇਹ ਖੇਲ ਐਸਾ ਕਮਾਲ ਦਾ ਹੈ ਕਿ ਆਦਮੀ ਦੇ ਵੀਰਜ ਤੋਂ ਔਰਤ ਪੈਦਾ ਹੋ ਜਾਂਦੀ ਹੈ ਅਤੇ ਔਰਤ ਦੀ ਕੁੱਖ ਤੋਂ ਮਰਦ ਵੀ ਜਨਮ ਲੈ ਲੈਂਦਾ ਹੈ। ਕੁਦਰਤ ਦਾ ਬਣਾਇਆ ਹੋਇਆ ਇਹ ਹੈਰਾਨ ਕਰ ਦੇਣ ਵਾਲਾ ਖੇਲ ਹੈ। ਇਸ ਖੇਲ ਨੂੰ ਉਸ ਅਕਾਲ-ਪੁਰਖ ਦੇ ਅਲੌਕਿਕ ਗਿਆਨ ਵਿੱਚ ਜੁੜ ਕੇ ਹੀ ਸਮਝਿਆ ਜਾ ਸਕਦਾ ਹੈ।

ਸ਼ਬਦ ਦੇ ਅਖੀਰ ਤੇ ਸਤਿਗੁਰੂ ਕਹਿੰਦੇ ਹਨ ਕਿ ਮੈਂ ਉਨ੍ਹਾਂ ਤੋਂ ਬਲਿਹਾਰ ਜਾਂਦਾ ਹਾਂ ਜਿਨ੍ਹਾਂ ਨੇ ਆਪਣੀ ਸੁਰਤਿ ਗਰੂ ਦੇ ਸ਼ਬਦ ਵਿੱਚ ਜੋੜੀ ਹੈ। ਉਨ੍ਹਾਂ ਦੇ ਹਿਰਦੇ ਵਿੱਚ ਅਕਾਲ-ਪੁਰਖ ਦੀ ਜੋਤਿ ਪ੍ਰਗਟ ਹੋ ਜਾਂਦੀ ਹੈ। ਉਨ੍ਹਾਂ ਦੇ ਗਿਆਨ ਇੰਦ੍ਰਿਆਂ ਦੀ ਵਿਕਾਰਾਂ ਪਿਛੇ ਭਟਕਣਾ ਖਤਮ ਹੋ ਜਾਂਦੀ ਹੈ ਅਤੇ ਮਨ ਸਦਾ ਪ੍ਰਮੇਸਰ ਦੀ ਯਾਦ ਵਿੱਚ ਲੀਨ ਰਹਿੰਦਾ ਹੈ।

ਹੁਣ ਅਗਰ ਕਿਸੇ ਨੂੰ ਇਸ ਸ਼ਬਦ ਜਾਂ ਇਸ ਦੀ ਕਿਸੇ ਪੰਕਤੀ ਚੋਂ ਕੋਈ ਅਸ਼ਲੀਲਤਾ ਜਾਂ ਆਚਰਣ-ਹੀਨਤਾ ਨਜ਼ਰ ਆਉਂਦੀ ਹੈ, ਤਾਂ ਉਸ ਦੀ ਅਕਲ ਅਤੇ ਸੋਝੀ ਉਤੇ ਤਰਸ ਹੀ ਖਾਧਾ ਜਾ ਸਕਦਾ ਹੈ।

11) ਸਤਿਕਾਯੋਗ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਅਸ਼ਲੀਲਤਾ ਲੱਭਣ ਦੀ ਕੋਸ਼ਿਸ਼ ਵਿੱਚ ਜੋ ਆਖਰੀ ਪ੍ਰਮਾਣ ਦਿੱਤਾ ਹੈ ਉਹ ਇਹ ਹੈ:

ਚਉਥਹਿ ਚੰਚਲ ਮਨ ਕਉ ਗਹਹੁ ॥ ਕਾਮ ਕ੍ਰੋਧ ਸੰਗਿ ਕਬਹੁ ਨ ਬਹਹੁ ॥

ਇਹ ਪੰਕਤੀ ਭਗਤ ਕਬੀਰ ਜੀ ਦੀ ਉਚਾਰਨ ਕੀਤੀ ਹੋਈ ਥਿੰਤੀ ਬਾਣੀ ਵਿੱਚੋਂ ਪੰਜਵਾਂ ਬੰਦ ਹੈ। ਜਿਵੇ ਕਿ ਅਸੀਂ ਜਾਣਦੇ ਹਾਂ ਕਿ ਬ੍ਰਾਹਮਣ ਨੇ ਥਿੱਤਾਂ ਬਾਰੇ ਸਮਾਜ ਨੂੰ ਵੱਡੇ ਭਰਮ ਜਾਲ ਫਸਾਇਆ ਹੋਇਆ ਹੈ। ਉਹ ਕਿਸੇ ਥਿਤ ਨੂੰ ਪਵਿੱਤਰ ਅਤੇ ਕਿਸੇ ਨੂੰ ਭਾਰੀ ਭਾਵ ਅਪਵਿੱਤਰ ਗਰਦਾਨਦਾ ਹੈ। ਫਿਰ ਉਸੇ ਅਨੁਸਾਰ ਉਨ੍ਹਾਂ ਥਿੱਤਾਂ ਤੇ ਦਾਨ, ਪੁੰਨ, ਤੀਰਥ ਇਸਨਾਨ, ਪੂਜਾ ਆਦਿ ਭਾਂਤ ਭਾਂਤ ਦੇ ਕਰਮ-ਕਾਂਡ ਕਰਨ ਲਈ ਕਹਿਕੇ, ਆਪਣੀ ਲੁੱਟ ਦਾ ਸਾਧਨ ਬਣਾਉਂਦਾ ਹੈ। ਗੁਰਬਾਣੀ ਨੇ ਬਾਰ-ਬਾਰ ਇਸ ਭਰਮਜਾਲ ਨੂੰ ਤੋੜਿਆ ਹੈ, ਜਿਸ ਵਿੱਚ ਭਗਤ ਕਬੀਰ ਸਾਹਿਬ ਦੀ ਬਾਣੀ ਦਾ ਵੀ ਵੱਡਾ ਯੋਗਦਾਨ ਹੈ। ਇਹ ਬੰਦ ਚਉਥੀ ਥਿਤਿ ਨਾਲ ਸੰਬੰਧਤ ਹੈ, ਜਿਸ ਵਿੱਚ ਭਗਤ ਕਬੀਰ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਚਉਥਹਿ ਵਾਲੇ ਦਿਨ ਕੋਈ ਕਰਮ-ਕਾਂਡ ਕਰਨ ਦੀ ਬਜਾਏ ਆਪਣੇ ਮਨ ਨੂੰ ਕਾਬੂ ਵਿੱਚ ਰਖਣਾ ਸਿੱਖੋ, ਕਾਮ ਕ੍ਰੋਧ ਜਿਹੀਆ ਭੈੜੀਆਂ ਲ੍ਹਾਨਤਾਂ ਤੋਂ ਬਚ ਕੇ ਰਹੋ ਅਤੇ ਸਰਬ ਵਿਆਪਕ ਅਕਾਲ-ਪੁਰਖ ਦੀ ਯਾਦ ਵਿੱਚ ਜੁੜ ਕੇ ਸਦਾ ਉਸ ਦਾ ਨਾਮ ਜਪੋ।
ਗੁਰੂ ਗ੍ਰੰਥ ਸਾਹਿਬ ਦਰਪਨ ਵਿੱਚ, ਸ਼ਬਦ ਦੇ ਭਾਵ ਅਰਥ ਇੰਝ ਅੰਕਤ ਹਨ:

ਚਉਥਹਿ ਚੰਚਲ ਮਨ ਕਉ ਗਹਹੁ ॥ ਕਾਮ ਕ੍ਰੋਧ ਸੰਗਿ ਕਬਹੁ ਨ ਬਹਹੁ ॥ ਜਲ ਥਲ ਮਾਹੇ ਆਪਹਿ ਆਪ ॥ ਆਪੈ ਜਪਹੁ ਆਪਨਾ ਜਾਪੁ ॥5॥ {ਰਾਗੁ ਗਉੜੀ ਥਿਤੀ ਕਬੀਰ ਜੀ ਕੀ ॥, ਪੰਨਾ 343}
ਚੌਥੀ ਥਿੱਤ ਨੂੰ (ਕਿਸੇ ਕਰਮ-ਧਰਮ ਦੇ ਥਾਂ) ਇਸ ਚੰਚਲ ਮਨ ਨੂੰ ਪਕੜ ਕੇ ਰੱਖੋ, ਕਦੇ ਕਾਮ ਕ੍ਰੋਧ ਦੀ ਸੰਗਤਿ ਵਿੱਚ ਨਾਹ ਬੈਠੋ । ਜੋ ਪਰਮਾਤਮਾ ਜਲ ਵਿਚ, ਧਰਤੀ ਉੱਤੇ (ਹਰ ਥਾਂ) ਆਪ ਹੀ ਆਪ ਵਿਆਪਕ ਹੈ, ਉਸ ਦੀ ਜੋਤ ਵਿੱਚ ਜੁੜ ਕੇ ਉਹ ਜਾਪ ਜਪੋ ਜੋ ਤੁਹਾਡੇ ਕੰਮ ਆਉਣ ਵਾਲਾ ਹੈ ।

ਜਿਸ ਪੰਕਤੀ ਉਤੇ ਅਸ਼ਲੀਲਤਾ ਦਾ ਠੱਪਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਆਪਣੇ ਆਪ ਵਿੱਚ ਇਤਨੀ ਸਪੱਸ਼ਟ ਹੈ ਕਿ ਕਿਸੇ ਲੰਬੇ ਚੌੜੇ ਵਿਚਾਰ ਦੀ ਲੋੜ ਨਹੀਂ। ਸਪੱਸ਼ਟ ਤੌਰ 'ਤੇ ਭਗਤ ਕਬੀਰ ਸਾਹਿਬ ਆਪਣੇ ਮਨ ਨੂੰ ਕਾਬੂ ਰਖ ਕੇ ਵਿਕਾਰਾਂ ਤੋਂ ਬਚਣ ਅਤੇ ਹਰ ਵੇਲੇ ਅਕਾਲ-ਪੁਰਖ ਨੂੰ ਹਾਜ਼ਰ ਨਾਜ਼ਰ ਮਹਿਸੂਸ ਕਰਨ ਦਾ ਉਪਦੇਸ਼ ਕਰ ਰਹੇ ਹਨ।

ਇਨ੍ਹਾਂ ਸਾਰੇ ਸ਼ਬਦਾਂ ਨੂੰ ਵਿਚਾਰਨ ਤੋਂ ਬਾਅਦ ਇਕ ਵੱਡਾ ਸੁਆਲ ਪੈਦਾ ਹੁੰਦਾ ਹੈ ਕਿ ਕੀ ਗਿਆਨੀ ਸੰਤ ਸਿੰਘ ਮਸਕੀਨ ਜੀ ਜਿਹੇ ਉੱਘੇ ਵਿਦਵਾਨ ਨੂੰ ਇਸ ਦੀ ਸਮਝ ਨਹੀਂ ਸੀ? ਇਹ ਤਾਂ ਹੋ ਨਹੀਂ ਸਕਦਾ। ਉਨ੍ਹਾਂ ਦੀ ਵਿਦਵਤਾ ਬਾਰੇ ਤਾਂ ਕੋਈ ਸ਼ੰਕਾ ਨਹੀਂ ਕੀਤਾ ਜਾ ਸਕਦਾ। ਫਿਰ ਕਿਤੇ ਕੋਈ ਉਨ੍ਹਾਂ ਦਾ ਨਾਂ ਵਰਤਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਹਾ? ਇਕ ਗੱਲ ਹੋਰ ਹੈ ਕਿ ਮਸਕੀਨ ਜੀ ਨੂੰ ਇਹ ਪਤਾ ਸੀ ਕਿ ਬਹੁਤੇ ਸਿੱਖਾਂ ਨੇ ਆਪ ਗੁਰਬਾਣੀ ਪੜ੍ਹਨੀ ਵਿਚਾਰਨੀ ਨਹੀਂ, ਇਸ ਲਈ ਅਸੀਂ ਜੋ ਕਹਿ ਦਿਆਂਗੇ, ਉਹੀ ਵਿਦਵਾਨ ਦੇ ਬਚਨ ਸਮਝ ਕੇ ਮੰਨ ਲੈਣਾ ਹੈ। ਇਸ ਲਈ ਉਨ੍ਹਾਂ ਗੁੰਮਰਾਹ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਫਿਰ ਉਨ੍ਹਾਂ ਦੀ ਨੀਯਤ ਉਤੇ ਹੀ ਸ਼ੰਕਾ ਕਰਨੀ ਪਵੇਗੀ।

ਆਪਣੇ ਲੇਖ ਦੇ ਦੋ (2) ਨੰਬਰ 'ਤੇ ਉਹ ਲਿਖਦੇ ਹਨ ਕਿ ਇਸ ਦੇ ਵਿੱਚ ਜਿਨ੍ਹਾਂ ਰਚਨਾਵਾਂ ਨੂੰ ਅਸ਼ਲੀਲ ਕਿਹਾ ਜਾ ਰਿਹਾ ਹੈ, ਉਨ੍ਹਾਂ ਦਾ ਮਕਸਦ ਕਾਮ ਫੈਲਾਉਣਾ ਨਹੀਂ। ਉਨ੍ਹਾਂ ਨੇ ਕਾਮ ਦੀ ਭਰਪੂਰ ਸ਼ਬਦਾਂ ਵਿੱਚ ਵਕਾਲਤ ਵੀ ਕੀਤੀ ਹੈ। ਬੇਸ਼ਕ ਸਮਾਜਿਕ ਨੇਮਾਂ ਅਨੁਸਾਰ, ਸੰਜਮ ਵਿੱਚ ਕੀਤਾ ਗਿਆ ਕਾਮ ਕੋਈ ਮਾੜੀ ਚੀਜ਼ ਨਹੀਂ, ਇਸੇ ਕਰ ਕੇ ਗੁਰਬਾਣੀ ਵਿੱਚ ਗ੍ਰਿਹਸਥ ਜੀਵਨ ਨੂੰ ਪ੍ਰਵਾਨ ਕੀਤਾ ਗਿਆ ਹੈ। ਪਰ ਇਸ ਲੇਖ ਦੇ ਪਹਿਲੇ ਭਾਗ ਵਿੱਚ ਵਿਚਾਰੇ ਗਏ ਪ੍ਰਮਾਣਾਂ ਤੋਂ ਬਾਅਦ ਕੋਈ ਸ਼ੰਕਾ ਹੀ ਨਹੀਂ ਰਹਿ ਜਾਂਦੀ ਕਿ ਬਚਿਤ੍ਰ ਨਾਟਕ ਪੁਸਤਕ ਵਿਚਲੇ ਚਰਿਤ੍ਰੋ ਪਖਯਾਨ (ਤ੍ਰਿਆ ਚਰਿਤ੍ਰ) ਭਾਗ ਵਿਚਲੀਆਂ ਅਸ਼ਲੀਲ ਸ਼ਬਦਾਵਲੀ ਵਰਤ ਕੇ ਲਿਖੀਆਂ ਗਈਆਂ ਰਚਨਾਵਾਂ, ਸਿੱਧਾ ਅਨੈਤਿਕਤਾ ਅਤੇ ਆਚਰਣ-ਹੀਨਤਾ ਵੱਲ ਉਤੇਜਿਤ ਕਰਕੇ, ਕਾਮ ਦੀ ਦੁਰਵਰਤੋਂ ਵੱਲ ਲੈ ਕੇ ਜਾਂਦੀਆਂ ਹਨ। ਫਿਰ ਇਹ ਤਾਂ ਉਪਰ ਐਵੇਂ ਨਮੂਨਾ ਪੇਸ਼ ਕੀਤਾ ਗਿਆ ਹੈ, ਇਹੋ ਜਿਹੀਆਂ ਤਾਂ ਤਕਰੀਬਨ 400 ਦੇ ਕਰੀਬ ਰਚਨਾਵਾਂ ਹਨ। ਇਥੇ ਹੀ ਬਸ ਨਹੀਂ ਇਸ ਦੇ ਲੇਖਕ ਨੂੰ ਇਸ ਭਾਗ ਤੋਂ ਇਲਾਵਾ ਵੀ ਜਿਥੇ ਮੌਕਾ ਮਿਲਿਆ ਹੈ, ਉਸ ਨੇ ਆਪਣੀ ਅਸ਼ਲੀਲ ਪ੍ਰਵਿਰਤੀ ਦਾ ਵਿਖਾਵਾ ਕਰਨ ਦਾ ਮੌਕਾ ਨਹੀਂ ਛੱਡਿਆ।
ਇਸ ਲੇਖ ਦੇ ਦੂਸਰੇ ਭਾਗ ਤੋਂ ਇਹ ਵੀ ਸਪੱਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਬਾਰ ਬਾਰ ਉੱਚਾ-ਸੁੱਚਾ ਆਚਰਣ ਬਨਾਉਣ ਦੀ ਪ੍ਰੇਰਨਾ ਦੇਂਦੀ ਹੈ। ਗੁਰਬਾਣੀ ਵਿੱਚ ਸੁਹਾਗਣ ਦੇ ਜੀਵਨ ਨੂੰ ਸਤਿਕਾਰਿਆ ਅਤੇ ਦੁਹਾਗਣ ਦੇ ਜੀਵਨ ਨੂੰ ਦੁਰਕਾਰਿਆ ਗਿਆ ਹੈ।

ਅੱਗੋਂ ਆਪ ਹੀ ਮਹਾਨ ਵਿਦਵਾਨ ਜੀ ਆਪਣੇ ਲੇਖ ਦੇ ਤੀਸਰੇ(3) ਨੰਬਰ ਤੇ ਲਿਖਦੇ ਹਨ ਕਿ ਇਹ ਚਰਿਤ੍ਰੋ ਪਖਯਾਨ (ਤ੍ਰਿਆ ਚਰਿਤ੍ਰ) ਭਾਗ, ਮਹਾਨ ਰਿਸ਼ੀ ਬਾਤਸਾਇਨ ਦੇ ਕਾਮਸੂਤ੍ਰ ਗ੍ਰੰਥ ਦਾ ਤਰਜਮਾ ਹੈ। ਇਤਨਾਂ ਹੀ ਨਹੀਂ ਉਹ ਆਪ ਅਗੇ ਮੰਨਦੇ ਹਨ ਕਿ ਸਾਰੇ ਦਸਮ ਗ੍ਰੰਥ (ਬਚਿਤ੍ਰ ਨਾਟਕ) ਦਾ ਨੱਬੇ ਪ੍ਰਤੀਸ਼ਤ ਪੁਰਾਤਨ ਹਿੰਦੂ ਧਰਮ ਗ੍ਰੰਥਾਂ ਦਾ ਤਰਜਮਾ ਹੈ। ਪਹਿਲਾਂ ਤਾਂ ਤਰਜਮਾ ਕਰਨ ਵਾਲਾ ਉਸ ਦਾ ਲੇਖਕ ਨਹੀਂ, ਸਗੋਂ ਕੇਵਲ ਤਰਜਮਾਕਾਰ (ਅਨੁਵਾਦਕ-Translator) ਹੁੰਦਾ ਹੈ। ਫੇਰ ਸਤਿਗੁਰੂ ਨੂੰ ਕੀ ਲੋੜ ਪਈ ਸੀ ਕਿ ਉਹ ਹਿੰਦੂ ਧਰਮ ਗ੍ਰੰਥਾਂ ਦਾ ਤਰਜਮਾ ਕਰਦੇ ਜਾਂ ਕਰਾਉਂਦੇ? ਆਪ ਵਲੋਂ ਦਿੱਤੀ ਗਈ ਇਹ ਦਲੀਲ ਤਾਂ ਬਿਲਕੁਲ ਥੋਥੀ ਹੈ ਕਿ ਕਿਉਂਕਿ ਬ੍ਰਾਹਮਣ ਛੋਟੀਆਂ ਜ਼ਾਤਾਂ ਵਾਲਿਆਂ ਨੂੰ ਧਰਮ ਗ੍ਰੰਥ ਪੜ੍ਹਨ ਦੀ ਆਗਿਆ ਨਹੀਂ ਸੀ ਦੇਂਦਾ, ਇਸ ਲਈ ਬਹੁਤ ਲੋਕ ਅਗਿਆਨੀ ਰਹਿ ਜਾਂਦੇ ਸਨ। ਜਦ ਸਤਿਗੁਰੂ ਨੇ ਆਪ ਗੁਰੂ ਗ੍ਰੰਥ ਸਾਹਿਬ ਤਿਆਰ ਕਰ ਦਿੱਤਾ ਸੀ, ਜਿਨ੍ਹਾਂ ਦੀ ਅਲੌਕਿਕ ਬਾਣੀ ਦਾ ਗਿਆਨ ਕਿਸੇ ਊਚ-ਨੀਚ, ਜਾਤ ਪਾਤ ਦੇ ਭੇਦ ਭਾਵ ਤੋਂ ਬਗੈਰ ਸਾਰੀ ਮਨੁੱਖਤਾ ਲਈ ਖੁੱਲ੍ਹਾ ਹੈ, ਜਿਸ ਦੀ ਪਵਿੱਤਰ ਬਾਣੀ ਦਾ ਫੁਰਮਾਨ ਹੈ:

ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥
ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ ॥
{ਸੂਹੀ ਮਹਲਾ 5, ਪੰਨਾ 747}

ਹੇ ਭਾਈ ! (ਪਰਮਾਤਮਾ ਦਾ ਨਾਮ ਸਿਮਰਨ ਦਾ) ਉਪਦੇਸ਼ ਖੱਤ੍ਰੀ ਬ੍ਰਾਹਮਣ ਵੈਸ਼ ਸ਼ੂਦਰ ਚੌਹਾਂ ਵਰਨਾਂ ਦੇ ਲੋਕਾਂ ਵਾਸਤੇ ਇਕੋ ਜਿਹਾ ਹੈ। (ਕਿਸੇ ਭੀ ਵਰਨ ਦਾ ਹੋਵੇ) ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਪ੍ਰਭੂ ਦਾ ਨਾਮ ਜਪਦਾ ਹੈ ਉਹ ਜਗਤ ਵਿਚ ਵਿਕਾਰਾਂ ਤੋਂ ਬਚ ਨਿਕਲਦਾ ਹੈ । ਹੇ ਨਾਨਕ ! ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸਦਾ ਹੈ ।

ਗੁਰੂ ਗ੍ਰੰਥ ਸਾਹਿਬ ਵਰਗੀ ਮਹਾਨ ਦੇਣ, ਉੱਚੀ ਸੁੱਚੀ ਧੁਰ ਕੀ ਬਾਣੀ, ਮਨੁੱਖੀ ਸਮਾਜ ਨੂੰ ਦੇਕੇ, ਸਤਿਗੁਰੂ ਜੀ ਨੂੰ ਕੀ ਲੋੜ ਪਈ ਸੀ ਕਿ ਬ੍ਰਾਹਮਣ ਦੇ ਕੂੜ ਭਾਰ ਨੂੰ ਢੋਈ ਜਾਂਦੇ?

ਇਹ ਲੇਖ ਕਿਉਂਕਿ ਕੇਵਲ ਅਨੈਤਿਕਤਾ, ਆਚਰਣ-ਹੀਨਤਾ ਅਤੇ ਅਸ਼ਲੀਲਤਾ ਨਾਲ ਸੰਬੰਧਤ ਹੈ, ਇਸ ਲਈ ਇਥੇ ਸਮਾਪਤ ਕਰਦਾ ਹਾਂ। ਗਿਆਨੀ ਜੀ ਦੇ ਲੇਖ ਦੀਆਂ ਹੋਰ ਢੁੱਚਰਾਂ ਦਾ ਜੁਆਬ ਫੇਰ ਕਿਸੇ ਹੋਰ ਲੇਖ ਰਾਹੀਂ ਦੇਣ ਦੀ ਕੋਸ਼ਿਸ਼ ਕਰਾਂਗਾ। ਉਂਝ ਵੀ ਇਸ ਬਾਰੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਜਾ ਚੁਕੀਆਂ ਹਨ ਜੋ ਪੂਰੇ ਭਰਮਜਾਲ ਨੂੰ ਤੋੜ ਦੇਂਦੀਆਂ ਨੇ।

ਆਖਿਰ ਵਿੱਚ ਸਿਰਫ ਇਤਨੀ ਬੇਨਤੀ ਕਰਾਂਗਾ ਕਿ ਸੱਚ ਨੂੰ ਪਛਾਣੀਏ। ਜੋ ਲੋਕ ਕਿਸੇ ਸੁਆਰਥ ਜਾਂ ਆਪਣੀ ਹਉਮੈਂ ਅਧੀਨ ਬਚਿਤ੍ਰ ਨਾਟਕ ਨੂੰ ਚੁੱਕੀ ਫਿਰਦੇ ਹਨ, ਉਨ੍ਹਾਂ ਤਾਂ ਭੋਲੀ-ਭਾਲੀ ਸੰਗਤ ਨੂੰ ਗੁੰਮਰਾਹ ਕਰਨ ਲਈ ਢੁੱਚਰਾਂ ਲਭਦੇ ਹੀ ਰਹਿਣਾ ਹੈ। ਆਪ ਸੁਚੇਤ ਹੋਈਏ। ਆਪ ਸਮਝ ਕੇ ਗੁਰਬਾਣੀ ਪੜ੍ਹੀਏ, ਫਿਰ ਬਚਿਤ੍ਰ ਨਾਟਕ ਪੜ੍ਹ ਕੇ ਵੇਖੀਏ, ਕਿਸੇ ਦੇ ਕੁਝ ਸਮਝਾਉਣ ਦੀ ਲੋੜ ਹੀ ਨਹੀਂ ਰਹੇਗੀ। ਸਾਰੇ ਭਰਮਜਾਲ ਆਪੇ ਟੁੱਟ ਜਾਣਗੇ ਅਤੇ ਮਨ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਲੀਨ ਹੋ ਜਾਵੇਗਾ।

ਘੱਟੋ ਘੱਟ- ਘੱਟੋ ਘੱਟ ਆਪਣੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਤੇ ਐਸੇ ਅਸ਼ਲੀਲਤਾ ਵਰਗੇ ਲਾਂਛਣ ਲਾਕੇ ਸਤਿਗੁਰੂ ਦੇ ਅਪਮਾਨ ਦੇ ਭਾਗੀ ਨਾ ਬਣੀਏ। ਸਤਿਗੁਰੂ ਅੱਗੇ ਨਿਮਾਣੇ ਬਣ ਕੇ ਜੋਦੜੀ ਕਰੀਏ,

ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ ॥
ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ ॥
(ਗੁਰ ਗ੍ਰੰਥ ਸਾਹਿਬ, 759)

ਵਾਹਿ ਗੁਰੂ ਜੀ ਕਾ ਖ਼ਾਲਸਾ ॥ ਵਾਹਿ ਗੁਰੂ ਜੀ ਕੀ ਫਤਹਿ ॥

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top