Share on Facebook

Main News Page

ਅਸ਼ਲੀਲਤਾ ਕਿਸ ਨੂੰ ਕਹਿੰਦੇ ਹਨ ?
(ਅਖੌਤੀ ਦਸਮ ਗ੍ਰੰਥ ਦੇ ਸੰਧਰਭ ਵਿੱਚ) - ਭਾਗ ਦੂਜਾ
-: ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726

ਲੜੀ ਜੋੜਨ ਲਈ ਪੜ੍ਹੋ : ਭਾਗ ਪਹਿਲਾ

ਆਓ, ਪਹਿਲਾਂ ਮੋਟੇ ਤੌਰ 'ਤੇ ਇਹ ਸਮਝ ਲਈਏ ਕਿ ਅਸ਼ਲੀਲਤਾ ਆਖਦੇ ਕਿਸ ਨੂੰ ਹਨ?

ਸ਼ਬਦਕੋਸ਼ ਅਨੁਸਾਰ ‘ਅਸ਼ਲੀਲਤਾ’, ‘ਅਸ਼ਲੀਲ’ ਵਿਸ਼ੇਸ਼ਣ ਤੋਂ ਬਣੀ ਭਾਵ-ਵਾਚਕ ਸੰਗਿਆ ਹੈ ਅਤੇ ਇਸ ਦਾ ਅਰਥ ਹੈ ‘ਅਸ਼ਲੀਲ ਹੋਣ ਦੀ ਹਾਲਤ, ਗੁਣ ਜਾਂ ਭਾਵ’।

"ਅਸ਼ਲੀਲ" ਸ਼ਬਦ ਦਾ ਅਰਥ ਹੈ ਉਹ ਸਭ ਕੁਝ ਜੋ ਨੈਤਿਕ (ਇਖ਼ਲਾਕੀ) ਅਤੇ ਸਮਾਜਿਕ ਆਦਰਸ਼ਾਂ ਤੋਂ ਡਿਗਿਆ ਹੋਇਆ ਅਤੇ ਸਭ੍ਯ (ਜਾਂ ਸ਼ਿਸ਼ਟ) ਸਮਾਜ ਦੀ ਰੁਚੀ ਦੇ ਖ਼ਿਲਾਫ਼ ਹੋਵੇ। ਇਸ ਤਰ੍ਹਾਂ ਅਸ਼ਲੀਲ (ਨੰਗੇਜ-ਭਰੇ) ਸ਼ਬਦਾਂ ਦਾ ਇਸਤੇਮਾਲ ਕਰਨਾ, ਕਿਸੇ ਅਸ਼ਲੀਲ ਦ੍ਰਿਸ਼ ਦਾ ਚਿਤ੍ਰਣ ਕਰਨਾ ਜਾਂ ਅਸ਼ਲੀਲ ਕਿਰਿਆਵਾਂ ਦਾ ਵਰਣਨ ਕਰਨਾ ਆਦਿ ਅਸ਼ਲੀਲਤਾ ਦੇ ਘੇਰੇ ਵਿੱਚ ਹੀ ਆਉਂਦੇ ਹਨ।

ਸਾਡੇ ਸਮਾਜ ਵਿੱਚ ਵਿਆਹ ਤੋਂ ਪਹਿਲਾਂ ਕਿਸੇ ਲੜਕੇ ਲੜਕੀ ਦੁਆਰਾ ਆਪਸ ਵਿੱਚ ਬਣਾਏ ਕਾਮ ਸੰਬੰਧਾਂ ਨੂੰ ਆਚਰਣ-ਹੀਨਤਾ ਆਖਿਆ ਜਾਂਦਾ ਹੈ। ਵਿਆਹ ਤੋਂ ਪਹਿਲਾਂ ਦੇ ਉਨ੍ਹਾਂ ਦੇ ਇਸ ਸੰਬੰਧ ਨੂੰ ਅਨੈਤਿਕ ਸਮਝਿਆ ਜਾਂਦਾ ਹੈ। ਜੇ ਵਿਆਹ ਤੋਂ ਪਹਿਲਾਂ ਕਿਸੇ ਦੇ ਸੰਤਾਨ ਪੈਦਾ ਹੋ ਜਾਵੇ ਜਾਂ ਉਮੀਦਵਾਰੀ ਹੀ ਲੱਗ ਜਾਵੇ, ਤਾਂ ਇਸ ਤੋਂ ਵੱਡਾ ਕਲੰਕ ਕੋਈ ਨਹੀਂ ਸਮਝਿਆ ਜਾਂਦਾ। ਅਜਿਹੀ ਸੰਤਾਨ ਨੂੰ ਹਰਾਮੀ ਜਾਂ ਨਾਜਾਇਜ਼ ਆਖਿਆ ਜਾਂਦਾ ਹੈ। ਆਪਣੀ ਧੀ ਨਾਲ ਨਾਜਾਇਜ਼ ਸੰਬੰਧ ਬਨਾਉਣ ਵਾਲੇ ਲੜਕੇ ਜਾਂ ਮਰਦ ਨੂੰ ਲੋਕ ਜਾਨੋਂ ਮਾਰਨ ਤੱਕ ਜਾਂਦੇ ਹਨ। ਜਦਕਿ ਵਿਆਹ ਵੇਲੇ ਉਹੀ ਮਾਂ ਪਿਓ ਆਪਣੀ ਧੀ ਨੂੰ ਬੈਂਡ ਵਾਜੇ ਵਜਾ ਕੇ, ਨਾਲ ਵੱਡੇ ਦਹੇਜ ਅਤੇ ਤੋਹਫੇ ਦੇ ਕੇ, ਉਸ ਲਈ ਚੁਣੇ ਲੜਕੇ ਨਾਲ ਤੋਰਦੇ ਹਨ। ਇਹ ਜਾਣਦੇ ਹੋਏ ਵੀ ਕਿ ਵਿਆਹ ਤੋਂ ਬਾਅਦ ਉਸ ਨੇ ਆਪਣੇ ਪਤੀ ਨਾਲ ਉਹੀ ਸਰੀਰਕ ਸੰਬੰਧ ਬਨਾਉਣੇ ਹਨ। ਵਿਆਹ ਤੋਂ ਬਾਅਦ ਲੋਕਾਈ ਸੰਤਾਨ ਵਾਸਤੇ ਤਰਸਦੀ ਹੈ, ਹਾਲਾਂਕਿ ਉਸ ਦੀ ਉਤਪਤੀ ਵੀ ਕਾਮ ਸੰਬੰਧਾਂ ਰਾਹੀਂ ਹੀ ਹੁੰਦੀ ਹੈ। ਇਸੇ ਤਰ੍ਹਾਂ ਵਿਆਹ ਤੋਂ ਬਾਅਦ ਔਰਤ ਵਲੋਂ ਆਪਣੇ ਪਤੀ ਤੋਂ ਇਲਾਵਾ ਕਿਸੇ ਦੂਸਰੇ ਮਰਦ ਨਾਲ ਜਾਂ ਮਰਦ ਵਲੋਂ ਆਪਣੀ ਪਤਨੀ ਤੋਂ ਇਲਾਵਾ ਕਿਸੇ ਦੂਸਰੀ ਔਰਤ ਨਾਲ ਬਣਾਏ ਕਾਮ ਸੰਬੰਧ ਵੀ ਕੇਵਲ ਨਾਜਾਇਜ਼ ਹੀ ਨਹੀਂ, ਬਲਕਿ ਅਨੈਤਿਕ ਅਤੇ ਆਚਰਣ-ਹੀਨਤਾ ਅਖਵਾਉਂਦੇ ਹਨ। ਗੁਰਬਾਣੀ ਚੇਤਾਵਨੀ ਦਿੰਦੀ ਹੈ :

ਘਰ ਕੀ ਨਾਰਿ ਤਿਆਗੈ ਅੰਧਾ ॥ ਪਰ ਨਾਰੀ ਸਿਉ ਘਾਲੈ ਧੰਧਾ ॥” (ਗੁਰੂ ਗ੍ਰੰਥ ਸਾਹਿਬ, ਪੰਨਾ 1164)

ਪਤੀ ਪਤਨੀ ਦੇ ਰਿਸ਼ਤੇ ਨੂੰ ਸਮਾਜਿਕ ਅਤੇ ਧਾਰਮਿਕ ਪ੍ਰਵਾਨਗੀ ਪ੍ਰਾਪਤ ਹੈ। ਉਨ੍ਹਾਂ ਦਾ ਆਪਸ ਵਿੱਚ ਕਾਮ ਸੰਬੰਧ ਬਨਾਉਣਾ ਗ੍ਰਿਹਸਥ ਧਰਮ ਅਖਵਾਉਂਦਾ ਹੈ। ਪਤੀ ਪਤਨੀ ਦੇ ਪੜਦੇ ਵਿੱਚ ਬਣਾਏ ਕਾਮ ਸੰਬੰਧਾਂ ਨੂੰ ਉਨ੍ਹਾਂ ਦਾ ਪ੍ਰੇਮ ਸੰਬੰਧ ਆਖਿਆ ਜਾਂਦਾ ਹੈ। ਪਰੰਤੂ ਪਤੀ ਪਤਨੀ ਦੁਆਰਾ ਇਹੀ ਕਰਮ ਦੁਨਿਆਂ ਦੇ ਸਾਹਮਣੇ ਕੀਤਾ ਜਾਣਾ ਅਸ਼ਲੀਲਤਾ ਅਖਵਾਉਂਦਾ ਹੈ। ਆਪਣੇ ਗੁਪਤ ਅੰਗਾਂ ਦਾ ਨੰਗੇਜ਼ ਵੀ ਅਸ਼ਲੀਲਤਾ ਦਾ ਹੀ ਭਾਗ ਹੈ। ਇਸ ਤੋਂ ਇਲਾਵਾ ਕਾਮ ਅੰਗਾਂ ਅਤੇ ਕਾਮ ਸੰਬੰਧਾਂ ਦਾ ਨੰਗੇਜ਼ ਭਰਪੂਰ ਸ਼ਬਦਾਂ ਨਾਲ ਪ੍ਰਗਟਾਵਾ ਕਰਨਾ (ਭਾਵੇਂ ਲਿੱਖ ਕੇ ਜਾਂ ਬੋਲ ਕੇ) ਵੀ ਵੱਡੀ ਅਸ਼ਲੀਲਤਾ ਮੰਨਿਆ ਜਾਂਦਾ ਹੈ।

ਕਿਸੇ ਅੱਖੀਂ ਵੇਖੀ ਅਸ਼ਲੀਲ ਘਟਨਾ ਦਾ ਵਰਨਣ ਕਰਨ ਦੇ ਦੋ ਤਰੀਕੇ ਹਨ, ਉਸ ਨੂੰ ਪੜਦੇ ਵਾਲੇ ਸਭਯ ਸ਼ਬਦਾਂ ਨਾਲ ਦਸਣਾ ਅਤੇ ਦੂਸਰਾ ਉਸ ਦਾ ਰਸ ਲੈਕੇ, ਚਸਕੇ ਲਾਕੇ ਸਿੱਧੇ ਨੰਗੇਜ਼ ਭਰਪੂਰ ਸ਼ਬਦਾਂ ਨਾਲ ਬਿਆਨ ਕਰਨਾ।

ਉਦਾਹਰਨ ਦੇ ਤੌਰ 'ਤੇ

- ਕੋਈ ਵਿਅਕਤੀ ਕਿਸੇ ਜੋੜੇ ਨੂੰ ਕਾਮ ਕਿਰਿਆ ਵਿੱਚ ਵੇਖ ਲਵੇ ਤਾਂ ਉਸ ਦਾ ਇਹ ਕਹਿ ਦੇਣਾ ਕਿ ਮੈਂ ਉਨ੍ਹਾਂ ਨੂੰ ਇਤਰਾਜ਼ ਯੋਗ ਹਾਲਤ ਵਿੱਚ ਵੇਖਿਆ ਜਾਂ ਸ਼ਰਮਨਾਕ ਹਰਕਤਾਂ ਕਰਦੇ ਵੇਖਿਆ, ਸਾਰੀ ਸੱਚਾਈ ਬਿਆਨ ਕਰਨ ਲਈ ਕਾਫੀ ਹੈ। ਕੋਈ ਵੀ ਸਭਯ ਵਿਅਕਤੀ ਇਹੀ ਤਰੀਕਾ ਵਰਤੇਗਾ।

- ਦੂਸਰਾ ਤਰੀਕਾ ਹੈ, ਸੁਆਦ ਲੈ-ਲੈਕੇ ਉਸ ਘਟਨਾ ਦੇ ਇਕ ਇਕ ਸੀਨ, ਇਕ-ਇਕ ਕਿਰਿਆ ਦਾ ਉਨ੍ਹਾਂ ਦੇ ਗੁਪਤ ਅੰਗਾਂ ਦੇ ਨਾਂਅ ਆਦਿ ਵਰਤ ਕੇ, ਨੰਗੇਜ਼ ਭਰਪੂਰ ਸ਼ਬਦਾਂ ਨਾਲ ਬਿਆਨ ਕਰਨਾ, ਜਿਵੇਂ “ਉਨ੍ਹਾਂ ਨੇ ਪਹਿਲਾਂ ਇਹ ਹਰਕਤ ਕੀਤੀ, ਫੇਰ ਇਹ ਗੰਦ ਘੋਲਿਆ ਅਤੇ ਫੇਰ ਇਹ ਖੇਹ ਖਾਧੀ, ਆਦਿ ਆਦਿ...”। ਇਹ ਤਰੀਕਾ ਆਮ ਤੌਰ 'ਤੇ ਘਟੀਆ ਕਿਸਮ ਦੇ ਆਚਰਣਹੀਨ ਲੋਕਾਂ ਵਲੋਂ ਆਪਣੇ ਚਸਕੇ ਲੈਣ ਲਈ ਵਰਤਿਆ ਜਾਂਦਾ ਹੈ।

ਆਓ ! ਹੁਣ ਇਹ ਵੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਬਚਿੱਤ੍ਰ ਨਾਟਕ ਨਾਮੀ ਪੁਸਤਕ ਵਿੱਚਲੀਆਂ ਕੁਝ ਰਚਨਾਵਾਂ, ਜਿਨ੍ਹਾਂ ਨੂੰ ਅਨੈਤਿਕ, ਅਸ਼ਲੀਲ ਜਾਂ ਆਚਰਣਹੀਨਤਾ ਵਾਲੀਆਂ ਕਿਹਾ ਜਾ ਰਿਹਾ ਹੈ, ਕੀ ਉਹ ਸੱਚਮੁੱਚ ਹੀ ਅਨੈਤਿਕ, ਅਸ਼ਲੀਲ ਅਤੇ ਆਚਰਣ-ਹੀਨਤਾ ਫੈਲਾਉਣ ਵਾਲੀਆਂ ਹਨ ਜਾਂ ਉਨ੍ਹਾਂ ਤੋਂ ਕੋਈ ਚੰਗੀ ਆਚਰਣ ਉਸਾਰੀ ਵਾਲੀ ਸਿਖਿਆ ਵੀ ਮਿਲਦੀ ਹੈ?

ਦੂਸਰਾ ਇਹ ਵੇਖਣ ਦੀ ਵੀ ਕੋਸ਼ਿਸ਼ ਕਰਦੇ ਹਾਂ ਕਿ ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਕਿਧਰੇ ਕੋਈ ਅਸ਼ਲੀਲਤਾ ਦਾ ਅੰਸ਼ ਹੈ, ਜਿਵੇਂ ਕਿ ਅੱਜ ਬਚਿੱਤ੍ਰ ਨਾਟਕ ਦੇ ਸ਼ਰਧਾਲੂਆਂ ਵਲੋਂ ਪਰਚਾਰਿਆ ਜਾ ਰਿਹਾ ਹੈ?

ਪਹਿਲਾਂ ਬਚਿੱਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਪੁਸਤਕ ਅੰਦਰ ਝਾਤੀ ਮਾਰਦੇ ਹਾਂ।

ਇਸ ਪੁਸਤਕ ਅੰਦਰ ਦਾ ਇਕ ਵਡਾ ਭਾਗ ਹੈ, ‘ਪਖਯਾਨ ਚਰਿਤ੍ਰ” ਭਾਵ ਤ੍ਰਿਆ ਚਰਿਤ੍ਰ। ਇਹ ਭਾਗ ਪੁਸਤਕ ਦੇ 809 ਪੰਨੇ ਤੋਂ ਸ਼ੁਰੂ ਹੁੰਦਾ ਹੈ ਅਤੇ 1386 ਪੰਨੇ ਤੇ ਸਮਾਪਤ ਹੁੰਦਾ ਹੈ। ਇਸ ਤਰ੍ਹਾਂ ਇਹ ਭਾਗ ਕੁਲ 578 ਪੰਨਿਆਂ ਵਿੱਚ ਫੈਲਿਆ ਹੋਇਆ ਹੈ। ਇਨ੍ਹਾਂ 578 ਪੰਨਿਆਂ ਵਿੱਚ ਕੁੱਲ 404 ਚਰਿਤ੍ਰ ਹਨ। ਇਸ ਭਾਗ ਦੀ ਸ਼ੁਰੂਆਤ, ਇਸ ਦਾ ਲਿਖਾਰੀ ‘ਸ੍ਰੀ ਭਗਉਤੀ ਜੀ ਸਹਾਇ’(ਪੁਰਾਤਨ ਹਸਤ ਲਿਖਤ ਖਰੜਿਆਂ ਵਿੱਚ “ਸ੍ਰੀ ਭਗੌਤੀ ਏ ਨਮ” ਲਿਖਿਆ ਹੋਇਆ ਹੈ) ਲਿਖ ਕੇ, ਬਾਕੀ ਭਾਗਾਂ ਦੀ ਤਰ੍ਹਾਂ ਪਹਿਲਾਂ ਭਗੌਤੀ ਦੇਵੀ ਦੀ ਅਰਾਧਨਾ ਕਰਕੇ ਕਰਦਾ ਹੈ।

ਉਸ ਤੋਂ ਬਾਅਦ ਇਸ ਭਾਗ ਦਾ ਨਾਂ ਲਿਖਿਆ ਹੈ, “ਅਥ ਪਖ੍‍ਯਾਨ ਚਰਿਤ੍ਰ ਲਿਖ੍‍ਯਤੇ” ਇਸਦੇ ਪਹਿਲੇ ਚਰਿਤ੍ਰ ਦੇ ਕੁਲ 48 ਬੰਦ ਹਨ ਅਤੇ ਸਾਰੀ ਰਚਨਾ ਵਿੱਚ ਭਗੌਤੀ ਦੇਵੀ ਦੀ ਉਸਤਤਿ ਹੈ, ਜੋ ਕਿ ਇਕ ਹਿੰਦੂ ਗ੍ਰੰਥ “ਮਾਰਕੰਡੇ ਪੁਰਾਣ ਦੇ ਦੁਰਗਾ-ਸਪਤਸ਼ਤੀ ਅਧਯਾਯ” ਦਾ ਤਰਜੁਮਾ (Translation) ਹੈ। ਇਸ ਗੱਲ ਦੀ ਪ੍ਰੋੜਤਾ ਇਸ ਦਾ ਲਿਖਾਰੀ ਆਪ ਵੀ ਪਹਿਲੇ ਚਰਿਤ੍ਰ ਦੀ ਸਮਾਪਤੀ ਤੇ ਇਹ ਲਿਖ ਕੇ ਕਰਦਾ ਹੈ, “ਇਤਿ ਸ੍ਰੀ ਚਰਿਤ੍ਰ ਪਖ੍‍ਯਾਨੇ ਚੰਡੀ ਚਰਿਤ੍ਰੇ ਪ੍ਰਥਮ ਧ੍‍ਯਾਇ ਸਮਾਪਤ ਸਤੁ ਸੁਭਮ ਸਤੁ।

ਚਲਦਾ...

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top