Share on Facebook

Main News Page

ਭਾਈ ਗੁਰਬਖਸ਼ ਸਿੰਘ ਨੂੰ ਪੁਲਿਸ ਜਬਰੀ ਚੁੱਕ ਕੇ ਲੈ ਗਈ

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

06.12.13 ਅੱਜ ਭਾਣਾ ਵਰਤ ਗਿਆ। ਰਾਤ ਦੇ ੧੨ ਵਜੇ ਦੇ ਕਰੀਬ ੫੦ ਤੋਂ ੬੦ ਪੁਲਿਸ ਵਾਲੇ ਸਮੇਤ ਬੀਬੀਆਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਜੱਥੇ ਸਮੇਤ ਅੰਬ ਸਾਹਿਬ ਪਹੁੰਚੇ, ਉਸੇ ਜਗਾ ਜਿਥੇ ਭਾਈ ਸਾਹਿਬ ਮਰਨ ਵਰਤ 'ਤੇ ਬੈਠੇ ਸਨ। ਪਹਿਰੇ 'ਤੇ ਬੈਠੇ ਸਿੰਘਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲਾਈ, ਤੇ ਕਿਹਾ ਕਿ ਅਸੀਂ ਭਾਈ ਸਾਹਿਬ ਦੇ ਦਰਸ਼ਨ ਕਰਨੇ ਹਨ।

ਉਸ ਜਗਾ ਮੌਜੂਦ ਸਿੰਘਾਂ ਨੇ ਕਿਹਾ ਕਿ ਭਾਈ ਸਾਹਿਬ ਆਰਾਮ ਕਰ ਰਹੇ ਹਨ, ਤੁਸੀਂ ਸਵੇਰੇ ਕਰ ਲੈਣਾ। ਉਹ ਜਬਰਦਸਤੀ ਅੰਦਰ ਵੜੇ ਅਤੇ ਸੱਭ ਤੋਂ ਪਹਿਲਾਂ ਉਹਨਾਂ ਕੈਮਰੇ ਤੋੜੇ, ਫਿਰ ਭਾਈ ਹਰਪਾਲ ਸਿੰਘ ਚੀਮਾਂ ਜੀ ਨਾਲ਼ ਹੱਥਾ ਪਾਈ ਵੀ ਹੋਈ। ਭਾਈ ਸਾਹਿਬ ਨੂੰ ਦੋ ਜਣਿਆਂ ਲੱਤਾਂ ਤੋਂ ਫੜਿਆ, ਦੋ ਜਣਿਆ ਬਾਹਾਂ ਤੋਂ, ਇਸ ਤਰਾਂ ਸੁੱਟਿਆ ਜਿਵੇ ਕਣਕ ਵਾਲੀ ਬੋਰੀ ਸੁੱਟੀਦੀ ਐ। ਐਬੂਲੈਂਸ ਵਿੱਚ ਪਾਇਆ ਅਤੇ ਹਸਪਤਾਲ਼ ਲੈ ਗਏ। 

ਹੁਣ ਕੀ ਹੋ ਰਿਹਾ :- ਪੰਜ ਸਿੰਘ ਭੁੱਖ ਹੜਤਾਲ਼ 'ਤੇ ਬੈਠ ਗਏ ਹਨ ਅਤੇ ਸਿੰਘ ਵੀ ਪੁੱਜਣੇ ਸ਼ੁਰੂ ਹੋ ਗਏ ਹਨ। ਬਾਬਾ ਬਲਜੀਤ ਸਿੰਘ ਦਾਦੂ ਸਾਹਿਬ ਵਾਲੇ ਪੁੱਜ ਗਏ ਹਨ।

ਅਗਲੀ ਰਣਨੀਤੀ :- ਸਿੰਘ ਪੁੱਜਣੇ ਸ਼ੁਰੂ ਹੋ ਗਏ ਹਨ। ਵੱਧ ਤੋਂ ਵੱਧ ਗਿਣਤੀ ਵਿੱਚ ਸਿੰਘ ਪੁੱਜੋ। ਸਾਰਿਆਂ ਨਾਲ਼ ਸਲਾਹ ਕਰਕੇ ਇੱਕ ਵਿਸਾਲ ਰੋਸ ਮਾਰਚ ਸਿਵਲ ਹਸਪਤਾਲ਼ ਤੱਕ ਕੱਢਿਆ ਜਾਵੇਗਾ। ਨਾਲ਼ ਹੀ ਪੰਜਾਬ ਬੰਦ ਦਾ ਸੱਦਾ ਦੇਣ ਦਾ ਵੀ ਵਿਚਾਰ ਹੈ ਜੀ। ਸੋ, ਸਾਰੇ ਜਿੰਨੀ ਜਲਦੀ ਹੋ ਸਕੇ, ਅੰਬ ਸਾਹਿਬ ਪਹੁੰਚੋ।

ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ : ੯੮੭੨੦ ੯੯੧੦੦

 

ਮੌਕੇ 'ਤੇ ਮੌਜੂਦ ਸਿੰਘ ਦੀ ਗਵਾਹੀ

ਟਿੱਪਣੀ: ਜਾਗਰੂਕ ਅਖਵਾਉਣ ਵਾਲਿਆਂ ਨੇ ਇੱਕ ਹੋਰ ਮੌਕਾ ਖੁੰਝਾ ਦਿੱਤਾ... ਪੜ੍ਹੋ...

ਭਾਈ ਗੁਰਬਖਸ਼ ਸਿੰਘ ਨੂੰ ਅੱਧੀ ਰਾਤ ਨੂੰ ਪੁਲਿਸ ਨੇ ਧਰਨਾ ਸਥਾਨ ਤੋਂ ਚੁੱਕਕੇ ਹਸਪਤਾਲ ਪੁਚਾਇਆ

Source: http://punjab2012.babushahi.com/viewcompletenews.php?id=12918&type=news&refresh=yes

ਸਾਹਿਬਜ਼ਾਦਾ ਅਜੀਤ ਸਿੰਘ ਨਗਰ 5 ਦਸੰਬਰ (ਗਗਨਦੀਪ ਸੋਹਲ):- ਕਈ ਸਾਲ ਤੋਂ ਜੇਲ੍ਹਾਂ ਚ ਬੰਦ ਸਿੱਖਾਂ ਦੀ ਰਿਹਾਈ ਲਈ ਬੀਤੇ 22 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਭਾਈ ਗੁਰਬਖਸ਼ ਸਿੰਘ ਨੂੰ ਅੱਜ ਰਾਤ ਤਕਰੀਬਨ 12 ਵਜੇ ਦੇ ਕਰੀਬ ਮੋਹਾਲੀ ਪੁਲਿਸ ਜਬਰੀ ਚੁੱਕ ਕੇ ਹਸਪਤਾਲ ਲੈ ਗਈ| ਬਾਬੂਸ਼ਾਹੀ ਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਐਸਡੀਐਮ ਲਖਮੀਰ ਸਿੰਘ ਐਸ ਪੀ ਸਵਰਨਜੀਤ ਸਿੰਘ ਦੀ ਅਗਵਾਈ ਚ ਭਾਰੀ ਪੁਲਿਸ ਫੋਰਸ ਅੱਧੀ ਰਾਤ ਨੂੰ ਧਰਨਾ ਸਥਾਨ 'ਤੇ ਪੁੱਜੀ ਤੇ ਭਾਈ ਗੁਰਬਖਸ਼ ਸਿੰਘ ਨੂੰ ਚੁੱਕ ਕੇ 6 ਫੇਜ ਦੇ ਹਸਪਤਾਲ ਵਿਖੇ ਲੈ ਗਈ| ਇਸ ਮੌਕੇ ਮੌਜੂਦ ਸਿੱਖ ਜਥੇਬੰਦੀਆਂ ਦੇ ਮੈਂਬਰਾਂ ਨਾਲ ਪੁਲਿਸ ਵਾਲਿਆਂ ਦੀ ਖਿਚਧੂਹ ਵੀ ਹੋਈ|

ਭਾਈ ਗੁਰਬਖਸ਼ ਸਿੰਘ ਨੂੰ 6 ਫੇਜ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਉਥੇ ਡਾਕਟਰਾਂ ਵਲੋਂ ਉਨ੍ਹਾਂ ਦਾ ਚੈਕਅਪ ਕੀਤਾ ਜਾ ਰਿਹਾ ਹੈ| ਹਸਪਤਾਲ ਨੂੰ ਪੂਰਾ ਛਾਉਣੀ ਚ ਤਬਦੀਲ ਕਰ ਦਿਤਾ ਗਿਆ ਹੈ ਤੇ ਉਥੇ ਵੱਡੀ ਮਾਤਰਾ ਚ ਫੋਰਸ ਤੈਨਾਤ ਕਰ ਦਿਤੀ ਗਈ ਹੈ| ਇਸ ਵੇਲੇ ਭਾਈ ਫੌਜਾ ਸਿੰਘ ਟਰੱਸਟ ਦੀ ਮੁੱਖ ਸੇਵਾਦਾਰ ਬੀਬੀ ਮਨਜੀਤ ਕੌਰ ਭਾਈ ਗੁਰਬਖਸ਼ ਸਿੰਘ ਦੀ ਸੀਟ ਤੇ ਭੁੱਖ ਹੜਤਾਲ ਤੇ ਬੈਠ ਗਏ ਹਨ।

ਇਸ ਤੋਂ ਪਹਿਲਾਂ ਅੱਜ ਦਿਨ ਵੇਲੇ ਭਾਈ ਗੁਰਬਖਸ਼ ਸਿੰਘ ਦੇ ਸਮਰਥਨ ਵਿਚ ਸੰਤ ਸਮਾਜ, ਸਮੂਹ ਸੰਪ੍ਰਦਾਵਾਂ ਅਤੇ ਨਿਹੰਗ ਸਿੰਘਾਂ ਦੀਆਂ ਜੱਥੇਬੰਦੀਆਂ ਵਲੋਂ ਅੱਜ ਗੁ. ਅੰਬ ਸਾਹਿਬ ਫ਼ੇਜ਼ -8 ਵਿਖੇ ਵੱਡੀ ਇਕਤਰਤਾ ਕੀਤੀ ਹੋਈ। ਇਸ ਵਾਰੇ ਜਾਣਕਾਰੀ ਦਿੰਦਿਆਂ ਸੰਤ ਸਮਾਜ ਦੇ ਮੁੱਖ ਬੁਲਾਰੇ ਭਾਈ ਗੁਰਪ੍ਰੀਤ ਸਿੰਘ ਰੰਧਾਵਾਵਾਲੇ ਅਤੇ ਭਾਈ ਸੁੱਖਵਿੰਦਰ ਸਿੰਘ ਰਤਵਾੜਾ ਸਾਹਿਬ ਬਲੋਂਗੀ ਵਾਲਿਆਂ ਨੇ ਸਾਂਝੇ ਤੋਰ ਤੇ ਦਸਿਆ ਕਿ ਸੰਤ ਸਮਾਜ ਦੇ ਸਕੱਤਰ ਜਨਰਲ ਸੰਤ ਹਰੀ ਸਿੰਘ ਰੰਧਾਵੇ ਵਾਲਿਆਂ ਅਤੇ ਜਨਰਲ ਸਕੱਤਰ ਸੰਤ ਲਖਬੀਰ ਸਿੰਘ ਦੀ ਅਗਵਾਈ ਵਿਚ ਕੀਤੀ ਗਈ। ਇਸ ਦੌਰਾਨ ਸੰਤ ਸਮਾਜ ਵਲੋਂ ਕੀਤੀ ਗਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਜਿਨਾਂ ਸੁੱਤੀ ਕੌਮ ਨੂੰ ਭੁੱਖ ਹੜਤਾਲ ਰਾਹੀਂ ਹਲੂਣ ਕੇ ਰੱਖ ਦਿਤਾ ਹੈ ਦੇ ਸਮਰਥਨ ਵਿਚ ਸੰਤ ਸਮਾਜ ਸਮੇਤ ਸਮੂਹ ਨਿਹੰਗ ਸਿੰਘ ਜੱਥੇਬੰਦੀਆਂ ਅਤੇ ਸਮੂਹ ਸੰਪ੍ਰਦਾਵਾਂ ਦੀ ਇਸ ਵੱਡੀ ਇਕੱਤਰਤਾ ਦੌਰਾਨ ਸਬੰਧੀ ਵਿਚਾਰਾਂ ਕੀਤੀ ਗਈਆਂ । ਜਿਸ ਦੌਰਾਨ ਨਜਰਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਗੁਰਮਤਿ ਸਿਧਾਂਤਕ ਪ੍ਰਚਾਰਕ ਸੰਤ ਸਮਾਜ ਵਲੋਂ ਸਮੂਹ ਕੌਮ ਨੂੰ ਇਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਭਾਈ ਗੁਰਬਖਸ਼ ਸਿੰਘ ਦੇ ਵਲੋਂ ਛੇੜੇ ਸੰਘਰਸ਼ ਵਿਚ ਵੱਧ-ਚੜ ਕੇ ਯੋਗਦਾਨ ਪਾਇਆ ਜਾਵੇ। ਵਿਚਾਰਾਂ ਉਪਰੰਤ ਸੰਤ ਸਮਾਜ ਵਲੋਂ ਸਮਰਥਨ ਦੀ ਇਕ ਕਾਪੀ ਐਸ ਡੀ ਐਮ ਲਖਮੀਰ ਸਿੰਘ ਦੇ ਰਾਹੀਂ ਪ੍ਰਸ਼ਸ਼ਨ ਨੂੰ ਭੇਜੀ ਗਈ। ਇਸ ਦੌਰਾਨ ਦੇਰ ਸ਼ਾਮ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਪਹੁੰਚਣ ਤੇ ਸੰਤ ਸਮਾਜ ਦੇ ਆਗੂਆਂ ਅਤੇ ਬੰਦੀ -ਸਿੰਘ ਰਿਹਾਈ ਮੁਹਿੰਮ ਦੇ ਮੈਂਬਰ ਭਾਈ ਹਰਪਾਲ ਸਿੰਘ ਚੀਮਾ, ਸ. ਗੁਰਨਾਮ ਸਿੰਘ ਸਿੱਧੂ ,ਭਾਈ ਜਸਵਿੰਦਰ ਸਿੰਘ ਬਰਾੜ ਅਤੇ ਬੀਬੀ ਕਸ਼ਮੀਰ ਕੌਰ ਵਲੋਂ ਆਪਸੀ ਮੀਟਿੰਗ ਕੀਤੀ ਗਈ ।

ਇਸ ਦੌਰਾਨ ਗਿਆਨੀ ਗੁਰਬਚਨ ਸਿੰਘ ਵਿਸ਼ੇਸ਼ ਤੌਰ 'ਤੇ ਭਾਈ ਗੁਰਬਖ਼ਸ਼ ਸਿੰਘ ਨੂੰ ਮਿਲੇ ਅਤੇ ਉਨਾਂ ਦਾ ਹਾਲ -ਚਾਲ ਪੁਛਿਆ ਅਤੇ ਨੌਜਵਾਨਾਂ ਦੀ ਰਿਹਾਈ ਦੀ ਕੀਤੀ ਜਾਰਹੀ ਪੈਰਵਾਈ ਨੂੰ ਜਲਦੀ ਕਰਨ ਦਾ ਭਰੋਸਾ ਕੀਤਾ। ਸੰਤ ਸਮਾਜ ਵਲੋਂ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਸ਼੍ਰੋਮਣੀ ਕਮੇਟੀ ਮੈਂਬਰ ਫ਼ਤਿਹਗੜ ਸਾਹਿਬ ਅਤੇ ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਬਡਮਾਜਰਾ ਨੂੰ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਪੂਰਾ ਧਿਆਨ ਰਖਣ ਲਈ ਜਿੰਮੇਂਵਾਰੀ ਲਗਾਈ ਗਈ ਹੈ ਅਤੇ ਇਸ ਦੌਰਾਨ ਯੂਨਾਇਟਿਡ ਸਿੱਖ ਮੂਵਮੈਂਟ ਦੇ ਪ੍ਰਧਾਨ ਮੋਹਕਮ ਸਿੰਘ ,ਭਾਈ ਜਸਬੀਰ ਸਿੰਘ ਰੋਡੇ ,ਭਾਈ ਗੁਰਦੀਪ ਸਿੰਘ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਵੀ ਹਾਜ਼ਰ ਸਨ। ਐਸ ਡੀ ਐਮ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਭਾਈ ਗੁਰਬਖਸ਼ ਸਿੰਘ ਵਲੋਂ 6ਨਜ਼ਰਬੰਦ ਸਿੱਖ ਨੋਜਵਾਨਾ ਦੀ ਰਿਹਾਈ ਲਈ ਇਕ ਅਪੀਲ ਪਤੱਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਨਾਂਅ ਸੋਂਪਿਆ ਗਿਆ। ਜਿਸ ਵਿਚ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਨੌਜਵਾਨਾਂ ਦੀ ਰਿਹਾਈ ਕਰਨ ਦੀ ਅਪੀਲ ਦੇ ਨਾਲ ਇਹ ਵੀ ਚੇਤਾਵਨੀ ਦਿਤੀ ਹੈ ਕਿ ਉਹ ਉਸ ਸਮੇਂ ਤਕ ਭੁੱਖ ਹੜਤਾਲ ਜਾਰੀ ਰਖਣਗੇ ਜਦੋਂ ਤਕ ਕਿ 6 ਨੌਜਵਾਨਾਂ ਦੀ ਰਿਹਾਈ ਨਹੀਂ ਹੋ ਜਾਂਦੀ ਹੈ। ਭਾਈ ਖਾਲਸਾ ਦਾ ਮੈਡੀਕਲ ਚੈਕਅਪ ਕੀਤਾ ਗਿਆ ਜਿਸ ਦੌਰਾਨ ਭਾਈ ਸਾਹਿਬ ਸਰੀਰਕ ਤੋਰ ਤੇ ਕਮਜੋਰ ਜਰੂਰ ਪਾਏ ਗਏ ਪਰ ਮਾਨਸਿਕ ਤੌਰ ਤੇ ਪੂਰੀ ਚੜਦੀ ਕਲਾ ਵਿਚ ਹਨ।

ਭਰੋਸੇਯੋਗ ਸੁਤਰਾਂ ਤੋਂ ਇਹ ਵੀ ਪਤਾ ਲਗਾ ਹੈ ਕਿ ਸੰਤ ਸਮਾਜ ਦੀ ਅੱਜ ਹੋਈ ਮੀਟਿੰਗ ਨੂੰ ਗੁਰਦੁਆਰਾ ਅੰਬ ਸਾਹਿਬ ਵਿਖੇ ਕਰਨ ਤੋਂ ਰੋਕਣ ਲਈ ਕਾਫੀ ਦਬਾਓ ਬਣਾਇਆ ਗਿਆ, ਪਰ ਸੰਤਾਂ ਮਹਾਂਪੁਰਖਾਂ ਵਲੋਂ ਦਬਾਓ ਦੇ ਬਾਵਜੂਦ, ਮੀਟਿੰਗ ਗੁ. ਅੰਬ ਸਾਹਿਬ ਵਿਖੇ ਖੁਲੇ ਮੈਦਾਨ ਵਿਚ ਹੀ ਕੀਤੀ ਗਈ। ਸਜ਼ਾਵਾਂ ਭੁਗਤ ਚੁਕੇ ਲੰਮੇਂ ਸਮੇਂ ਤੋਂ ਭਾਰਤ ਦੀਆਂ ਜੇਲਾਂ 'ਚ ਨਜ਼ਰਬੰਦ ਰਿਹਾਈ ਵਾਲੀ ਪਹਿਲੇ 6 ਸਿੰਘਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਜਿਨਾਂ ਵਿਚ:

- ਭਾਈ ਲਖਵਿੰਦਰ ਸਿੰਘ ਪੁਤੱਰ ਸ. ਦਰਸ਼ਨ ਸਿੰਘ,ਵਾਸੀ ਗੁਰੂ ਨਾਨਕ ਨਗਰ, ਨੇੜੇ ਗੁਰਬਖ਼ਸ਼ ਕਲੋਨੀ ਗਲੀ ਨੰ:9,ਮਕਾਨ ਨੰ:156, ਪਟਿਆਲਾ, ਹਾਲ ਨਜ਼ਰਬੰਦ ਮਾਡਰਨ ਜੇਲ,ਬੁੜੈਲ, ਚੰਡੀਗੜ (ਯੂਟੀ)।

- ਭਾਈ ਗੁਰਮੀਤ ਸਿੰਘ ਪੁਤੱਰ ਸਵ. ਜਸਵਿੰਦਰ ਸਿੰਘ, ਵਾਸੀ ਮਕਾਨ ਨੰ: 1431, ਗਲੀ ਨੰ: 14, ਗੁਰੂ ਨਾਨਕ ਨਗਰ ਨੇੜੇ ਗੁਰਬਖਸ਼ ਕਲੋਨੀ, ਪਟਿਆਲਾ ਹਾਲ ਨਜ਼ਰਬੰਦ ਮਾਡਰਨ ਜੇਲ ਬੁੜੈਲ, ਚੰਡੀਗੜ (ਯੂਟੀ)।

- ਭਾਈ ਸ਼ਮਸ਼ੇਰ ਸਿੰਘ ਪੁਤੱਰ ਸਵ.ਸੁਰਜੀਤ ਸਿੰਘ ਵਾਸੀ ਪਿੰਡ ਕਵਰ ਪੁਰ (ਉਕੱਸੀ ਜੱਟਾਂ) ਜਿਲਾ ਪਟਿਆਲਾ, ਹਾਲ ਨਜ਼ਰਬੰਦ, ਮਾਡਰਨ ਜੇਲ ,ਚੰਡੀਗੜ(ਯੂਟੀ) ।

- ਭਾਈ ਗੁਰਦੀਪ ਸਿੰਘ ਖੈੜਾ ਪੁਤੱਰ ਸ. ਬੰਤਾ ਸਿੰਘ ਪਹਿਲਵਾਨ, ਵਾਸੀ ਵੀ ਪੀ ਓ ਜੱਲੂ ਪੁਰ ਖੈੜਾ ਨੇੜੇ ਰਈਆ ਮੰਡੀ (ਤਰਨਤਾਰਨ), ਹਾਲ ਨਜ਼ਰਬੰਦ ਓ.ਟੀ 18852 , ਸੈਂਟਰਲ ਜੇਲ ਗੁਲਬਰਗ, ਕਰਨਾਟਕਾ।

- ਭਾਈ ਵਰਿਆਮ ਸਿੰਘ ਪੁਤੱਰ ਆਤਮਾ ਸਿੰਘ ਵਾਸੀ ਪਿੰਡ ਵਰੇ, ਤਹਿਸੀਲ ਪੁਆਏ, ਜਿਲਾ ਸ਼ਾਹਜਹਾਂ ਪੁਰ, ਉੱਤਰ ਪ੍ਰਦੇਸ਼ ਹਾਲ ਨਜ਼ਰਬੰਦ ਪੀਲੀ-ਭੀਤ ਜੇਲ।

- ਭਾਈ ਲਾਲ ਸਿੰਘ ਪੁਤੱਰ ਸ. ਭਾਗ ਸਿੰਘ ਵਾਸੀ ਪਿੰਡ ਅਕਾਲਗੜ, ਜਿਲਾ ਕਪੂਰਥਲਾ, ਹਾਲ ਨਜ਼ਰਬੰਦ ਨਾਭਾ ਜੇਲ ਵਿਚ ਬੰਦ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top