Share on Facebook

Main News Page

‘ਜਾਪੁ’ ਵਿੱਚ ‘ਲੋਕ ਮਾਤਾ’ ਦਾ ਸੰਕਲਪ - ਭਾਗ 2
‘ਜਾਪੁ’ ਵਿੱਚ ‘ਲੋਕ ਮਾਤਾ’ ਭਵਾਨੀ ਦੁਰਗਾ ਮਾਈ ਹੈ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.
181118

ਲੜੀ ਜੋੜਨ ਲਈ ਪੜੋ : ਭਾਗ 1

ਸੰਨ 1931 ਤੋਂ 1945 ਤਕ ਬਿੱਪਰਵਾਦੀ ਪ੍ਰਭਾਵ ਨਾਲ਼ ਬਣਾਈ ਸਿੱਖ ਰਹਤ ਮਰਯਾਦਾ ਨੂੰ ਸ਼੍ਰੋ. ਕਮੇਟੀ ਨੇ ਪ੍ਰਵਾਨਗੀ ਦਿੱਤੀ । ਸ਼੍ਰੋ. ਕਮੇਟੀ ਵਲੋਂ ਦਸਵੇਂ ਗੁਰੂ ਜੀ ਵਲੋਂ ਪ੍ਰਵਾਨਤ, ਸ਼੍ਰੀ ਗੁਰੂ ਗ੍ਰੰਥ ਸਾਹਿਬ (ਛਾਪੇ ਦੀ ਬੀੜ) ਦੇ ਪਹਿਲੇ 13 ਪੰਨਿਆਂ ਵਾਲ਼ਾ ਬਾਣੀ ਦਾ ਨਿੱਤਨੇਮ ਆਪਣੀ ਮਰਜ਼ੀ ਨਾਲ਼ ਗੁਰੂ ਜੀ ਦੀ ਹ਼ੁਕਮ ਅ਼ਦੂਲੀ ਕਰ ਕੇ ਬਦਲਿਆ ਗਿਆ ਜਿਸ ਵਿੱਚ ‘ਜਾਪੁ’ ਨਾਂ ਦੀ ਰਚਨਾ ਸਵੇਰ ਦੇ ਬਾਣੀ ਦੇ ਨਿੱਤਨੇਮ ਵਿੱਚ ਪਾ ਦੱਤੀ ਗਈ । ਸ਼੍ਰੋ. ਕਮੇਟੀ ਉੱਤੇ ਅੰਧ ਵਿਸ਼ਵਾਸੀ ਸਰਧਾ ਅੰਧੀਨ ਸਿੱਖ ਜਗਤ ਇਸ ਰਚਨਾ ਨੂੰ ਨਿੱਤਨੇਮ ਵਿੱਚ ਪੜ੍ਹਦਾ ਆ ਰਿਹਾ ਹੈ, ਭਾਵੇਂ, ਬਹੁਤ ਸਾਰੇ ਸਿੱਖ ‘ਜਾਪੁ’ ਦੀ ਅਸਲੀਅਤ ਨੂੰ ਸਮਝ ਕੇ ਇਸ ਨੂੰ ਨਿੱਤਨੇਮ ਵਿੱਚੋਂ ਬਾਹਰ ਦਾ ਰਸਤਾ ਦਿਖਾ ਚੁੱਕੇ ਹਨ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਪਈ ਇਸ ਰਚਨਾ ਦਾ ਆਧਾਰ ਹਿੰਦੂ ਮੱਤ ਦਾ ਗ੍ਰੰਥ ਸ਼ਿਵ ਪੁਰਾਣ ਅਤੇ ਅਖੌਤੀ ਦਸਮ ਗ੍ਰੰਥ ਵਿੱਚ ਲਿਖੀਆਂ, ਲਿਖਾਰੀਆਂ ਦੇ ਇਸ਼ਟ, ਹਿੰਦੂ ਮੱਤ ਦੀ ਦੇਵੀ ਦੁਰਗਾ ਅਤੇ ਮਹਾਂਕਾਲ਼ ਦੀਆਂ ਸਿਫ਼ਤਾਂ ਹੈ ।

‘ਜਾਪੁ’ ਵਿੱਚ ‘ਨਮੋ ਲੋਕ ਮਾਤਾ’ ਦਾ ਕੀ ਅਰਥ ਹੈ?
‘ਜਾਪੁ’ ਨਾਂ ਦੀ ਰਚਨਾ ਅਖੌਤੀ ਦਸਮ ਗ੍ਰੰਥ ਵਿੱਚ ਹੈ । ਅਖੌਤੀ ਦਸਮ ਗ੍ਰੰਥ ਵਿੱਚ ਲੋਕ ਮਾਤਾ, ਜਗ ਮਾਤਾ, ਜਗ ਮਾਇ ਜਿਸ ਹਸਤੀ ਲਈ ਵਰਤੇ ਗਏ ਹਨ, ਉਹ ਹੈ ਸ਼ਿਵ ਜੀ ਦੀ ਪਤਨੀ ਪਾਰਬਤੀ ਜਿਸ ਦੇ ਬਦਲਵੇਂ ਨਾਂ ਅਖੌਤੀ ਦਸਮ ਗ੍ਰੰਥ ਦੇ ਲਿਖਾਰੀਆਂ ਨੇ ਦੁਰਗਾ, ਭਵਾਨੀ, ਗਿਰਿਜਾ, ਭਗਵਤੀ, ਭਗਉਤੀ, ਸਿਵਾ (ਸ਼ਿਵਾ), ਚੰਡਕਾ, ਕਾਲਿਕਾ, ਚੰਡ ਆਦਿਕ ਰੱਖੇ ਹਨ
ਲੋਕ- ਜੱਗ। ਲੋਕ ਮਾਤਾ- ਜੱਗ ਮਾਤਾ ਦੁਰਗਾ ਮਾਈ ਪਾਰਬਤੀ ।

1). ਤ੍ਰਿਅ ਚਰਿੱਤ੍ਰ 404 ਵਿੱਚੋਂ :

ਜਗ ਮਾਤਾ ਦੁਰਗਾ ਨੇ ਅਸ਼ਲੀਲ ਕਹਾਣੀਆਂ ਦੇ ਲਿਖਾਰੀਆਂ ਉੱਤੇ ਕਿਰਪਾ ਕੀਤੀ:
ਕ੍ਰਿਪਾ ਕਰੀ ਹਮ ਪਰ ਜਗ ਮਾਤਾ ।
ਗ੍ਰੰਥ ਕਰਾ ਪੂਰਨ ਸੁਭਰਾਤਾ । {ਦਗ ਪੰਨਾਂ 1388}

2). ਦੁਰਗਾ ਦੇਵੀ ਨੂੰ ਹੀ ਕਵੀ ਨੇ ਲੋਕ ਮਾਤਾ ਕਿਹਾ ਹੈ:

ਚੰਡੀ ਚਰਿੱਤ੍ਰ । ਦੇਵੀ ਜੂ ਕੀ ਉਸਤਤਿ ਵਿੱਚੋਂ ਪ੍ਰਮਾਣ- ਚੰਡੀ ਚਰਿੱਤ੍ਰ ਵਿੱਚ ਦੁਰਗਾ ਦੇਵੀ ਪਾਰਬਤੀ ਦੀ ਦੈਂਤਾਂ ਨਾਲ਼ ਲੜਾਈ ਹੁੰਦੀ ਹੈ ਜਿਵੇਂ ‘ਵਾਰ ਦੁਰਗਾ ਕੀ’ ਵਿੱਚ । ਇਸੇ ਪਾਰਬਤੀ ਨੂੰ ਕਵੀ ਨੇ ਲੋਕ ਮਾਤਾ ਕਿਹਾ ਹੈ ਜਿਵੇਂ: -

ੳ). ਚੰਡੀ ਚਰਿੱਤ੍ਰ । ਦੇਵੀ ਜੂ ਕੀ ਉਸਤਤਿ ।

ਪਿਲੰਗੀ ਪਵੰਗੀ ਨਮੋ ਚਰ ਚਿਤੰਗੀ।ਨਮੋ ਭਾਵਨੀ ਭੂਤ ਹੰਤਾ ਭੜਿੰਗੀ।
ਨਮੋ ਭੀਮਿ ਰੂਪਾ ਨਮੋ ਲੋਕ ਮਾਤਾ।ਭਵੀ ਭਾਵਨੀ ਭਵਿਖਯਾਤਾ ਬਿਧਾਤਾ।254

ਪਿਲੰਗੀ-ਸ਼ੇਰ ਦੀ ਸਵਾਰੀ ਕਰਨ ਵਾਲ਼ੀ ਦੁਰਗਾ ਦੇਵੀ । ਪਵੰਗੀ- ਘੋੜੇ ਦੀ ਸਵਾਰੀ ਕਰਨ ਵਾਲ਼ੀ ਦੁਰਗਾ । ਭੀਮਿ ਰੂਪਾ- ਮਹਾਂ ਬਲੀ ਭੀਮ ਵਰਗੀ ਦੇਵੀ ਦੁਰਗਾ । ਭੜਿੰਗੀ- ਭੇੜ ਕਰਨ ਵਾਲ਼ੀ ਦੁਰਗਾ ਦੇਵੀ ।

ਸੋਚ ਵਿਚਾਰ: ਰੱਬ ਭੜਿੰਗੀ ਨਹੀਂ । ਰੱਬ ਪਿਲੰਗੀ ਨਹੀਂ । ਰੱਬ ਪਵੰਗੀ ਨਹੀਂ । ਰੱਬ ਚਿਤੰਗੀ ਨਹੀਂ । ਰੱਬ ਭੀਮਿ ਰੂਪਾ ਨਹੀਂ । ਰੱਬ ਲੋਕ ਮਾਤਾ ਵੀ ਨਹੀਂ ਕਿਉਂਕਿ ਲੋਕ ਮਾਤਾ ਹੀ ਭੜਿੰਗੀ, ਪਿਲੰਗੀ, ਪਵੰਗੀ, ਚਿਤੰਗੀ, ਭੀਮਿ ਰੂਪਾ ਆਦਿਕ ਹੈ ।

ਅ). ਲੋਕ ਮਾਤਾ ਨੂੰ ਕਵੀ ਨੇ ਖ਼ੁਦ ਹੀ ਭਵਾਨੀ ਅਤੇ ਦਾਤਾ (ਦਾਤੀ ਕਹਿਣਾ ਬਣਦਾ ਸੀ) ਵੀ ਕਿਹਾ ਹੈ, ਜਿਵੇਂ-

ਚੰਡੀ ਚਰਿੱਤ੍ਰ । ਦੇਵੀ ਜੂ ਕੀ ਉਸਤਤਿ ।
ਸਭੈ ਸੰਤ ਉਬਾਰੀ ਬਰੰ ਬਯੂਹ ਦਾਤਾ।
ਨਮੋ ਤਾਰਣੀ ਕਾਰਣੀ ਲੋਕ ਮਾਤਾ।ਨਮਸਤਯੰ ਨਮਸਤਯੰ ਨਮਸਤਯੰ ਭਵਾਨੀ। ਸਦਾ ਰਾਖਿ ਲੈ ਮਹਿ ਕ੍ਰਿਪਾ ਕੈ ਕ੍ਰਿਪਾਨੀ।256।
ਸੋਚ ਵਿਚਾਰ: ਰੱਬ ਭਵਾਨੀ ਨਹੀਂ, ਰੱਬ ਤਾਰਣੀ ਕਾਰਣੀ ਨਹੀਂ, ਰੱਬ ਕ੍ਰਿਪਾਨੀ ਨਹੀਂ ਕਿਉਂਕਿ ਇਹ ਸਾਰੇ ਲੋਕ ਮਾਤਾ ਦੇ ਦੀ ਰੂਪ ਹਨ ।

ੲ). ਚੰਡੀ ਚਰਿੱਤ੍ਰ ਉਸਤਤਿ ਬਰਨੰ- ਦੁਰਗਾ ਨੂੰ ਹੀ ਲੋਕ ਮਾਤਾ ਕਿਹਾ:

ਭਏ ਸਾਧੁ ਸੰਮੂਹ ਭੀਤੰ ਅਭੀਤੇ।
ਨਮੋ ਲੋਕ ਮਾਤਾ ਭਵੇ ਸ਼ਤ੍ਰ ਜੀਤੇ।259

ਸ). ਲੋਕ ਮਾਤਾ ਦਾ ਨਾਂ ਕਾਲਕਾ ਵੀ ਹੈ:

ਚੰਡੀ ਚਰਿੱਤ੍ਰ । ਦੇਵੀ ਜੂ ਕੀ ਉਸਤਤਿ ।
ਨਮੋ ਲੰਕੁੜੇਸੀ ਨਮੋ ਸ਼ਕਤਿ ਪਾਣੀ।
ਨਮੋ ਕਾਲਕਾ ਖੜਗ ਪਾਣੀ ਕ੍ਰਿਪਾਣੀ।243
ਸੋਚ ਵਿਚਾਰ: ਰੱਬ ਲੰਕੁੜੇਸੀ ਨਹੀਂ, ਰੱਬ ਸ਼ਕਤਿ ਪਾਣੀ ਨਹੀਂ, ਰੱਬ ਕਾਲਕਾ ਨਹੀਂ, ਰੱਬ ਖੜਗ ਪਾਣੀ ਕ੍ਰਿਪਾਣੀ ਨਹੀਂ ਕਿਉਂਕਿਇਸ ਸਾਰੇ ਨਾਂ ਲੋਕ ਮਾਤਾ ਦੇ ਹੀ ਹਨ ਰੱਬ ਦੇ ਨਹੀਂ ।

ਹ). ਲੋਕ ਮਾਤਾ, ਪਿਤਾ ਨਹੀਂ, ਮਾਤਾ ਹੀ ਹੈ ।

ਚੰਡੀ ਚਰਿਤ੍ਰ । ਦੇਵੀ ਜੂ ਕੀ ਉਸਤਤਿ ।
ਨਮੋ ਸੂਲਣੀ ਸੈਥਣੀ ਪਾਣਿ ਮਾਤਾ।
ਨਮੋ ਗਯਾਨ ਬਿਗਯਾਨ ਕੀ ਗਯਾਨ ਗਯਾਤਾ।231
ਸੋਚ ਵਿਚਾਰ: ਰੱਬ ਸੂਲਣੀ ਨਹੀਂ, ਰੱਬ ਸੈਥਣੀ ਨਹੀਂ, ਰੱਬ ਇਸਤ੍ਰੀ ਲਿੰਗ ਨਹੀਂ, ਰੱਬ ਗਯਾਨ ਬਿਗਯਾਨ ਕੀ ਗਯਾਤਾ ਨਹੀਂ ਕਿਉਂਕਿਮਇਹ ਸਾਰੇ ਨਾਂ ਲੋਕ ਮਾਤਾ ਦੇ ਹੀ ਹਨ ।

ਕ). ਲੋਕ ਮਾਤਾ ਅਤੇ ਜਗ ਮਾਇ ਇੱਕੋ ਹੀ ਹਨ:

ਚੰਡੀ ਚਰਿੱਤ੍ਰ । ਦੇਵੀ ਜੂ ਕੀ ਉਸਤਤਿ ।
ਸੰਤ ਸਹਾਇ ਸਦਾ ਜਗ ਮਾਈ । ਜਹ ਤਹ ਸਾਧਨ ਹੋਇ ਸਹਾਈ ।222

ਖ). ਚੰਡੀ ਚਰਿੱਤ੍ਰ ਉਕਤਿ ਬਿਲਾਸ ਵਿੱਚ ਦੁਰਗਾ ਨੂੰ ਹੀ ਕਵੀ ਨੇ ਇੱਕੋ ਕਵਿੱਤ ਵਿੱਚ ਕਾਲਕਾ, ਜਗ ਮਾਤ ਅਤੇ ਚੰਡਕਾ ਲਿਖਿਆ ਹੈ, ਦੇਖੋ ਪ੍ਰਮਾਣ:

ਮਿਲਿ ਕੈ ਸੁ ਦੇਵਨ ਬਡਾਈ ਕਰੀ ਕਾਲਕਾ ਕੀ ਏਹੋ ਜਗ ਮਾਤ ਤੈ ਤੋ ਕਟਿਓ ਬਡ ਪਾਪ ਹੈ । ਦੈਂਤਨ ਕੋ ਮਾਰ ਰਾਜ ਦੀਨੋ ਤੈ ਸੁਰੇਸ਼ ਹੂ ਕੋ ਬਡੋ ਜਸ਼ ਲੀਨੋ ਜਗ ਤੇਰੋ ਹੀ ਪ੍ਰਤਾਪ ਹੈ । ਦੇਤ ਹੈ ਅਸ਼ੀਸ਼ ਦਿਗ ਰਾਜ ਰਿਖ ਬਾਰਿ ਬਾਰਿ ਤਹਾ ਹੀ ਪੜਿਓ ਹੈ ਬ੍ਰਹਮ ਕਉਚ ਹੂੰ ਕੋ ਜਾਪ ਹੈ । ਐਸੇ ਜਸ਼ ਪੂਰਿ ਰਹਿਓ ਚੰਡਕਾ ਕੋ ਤੀਨ ਲੋਕ ਜੈਸੇ ਧਾਰ ਸਾਗਰ ਮੈ ਗੰਗਾ ਜੀ ਕੋ ਆਪ ਹੈ ।

ਸੋਚ ਵਿਚਾਰ: ਉੱਪਰ ਦਿੱਤੇ ਪ੍ਰਮਾਣਾ ਤੋਂ ਪਤਾ ਲੱਗਦਾ ਹੈ ਕਿ ‘ਨਮੋ ਲੋਕ ਮਾਤਾ’ ਸ਼ਬਦਾਂ ਦਾ ਅਰਥ ਹੈ- ਹੇ ਦੁਰਗਾ ਮਾਈ ਪਾਰਬਤੀ ਤੈਨੂੰ ਨਮਸਕਾਰ ਹੈ! ਲੋਕ ਮਾਤਾ ਸ਼ਬਦ ‘ਦੇਵੀ ਜੂ ਕੀ ਉਸਤਤਿ’ ਵਿੱਚ ਲਿਖੇ ਛੰਦਾ ਵਿੱਚ ਵਰਤਿਆ ਗਿਆ ਹੈ । ਚੰਡੀ ਚਰਿੱਤ੍ਰ ਉਕਤਿ ਬਿਲਾਸ ਵਿੱਚ ਵੀ ਚੰਡੀ ਚਰਿੱਤ੍ਰ ਵਾਲ਼ੀ ਹੀ ਦੁਰਗਾ ਅਤੇ ਦੈਂਤਾਂ ਦੇ ਜੰਗ ਦੀ ਕਹਾਣੀ ਹੈ ਜਿੱਥੇ ਦੁਰਗਾ ਮਾਈ ਪਾਰਬਤੀ ਨੂੰ ਲੋਕ ਮਾਤਾ ਲਿਖਿਆ ਗਿਆ ਹੈ ।

ਜਾਪੁ ਵਿੱਚ ‘ਨਮੋ ਲੋਕ ਮਾਤਾ’ ਦਾ ਅਰਥ ਹੈ - ਹੇ ਦੁਰਗਾ ਮਾਈ ਪਾਰਬਤੀ ਤੈਨੂੰ ਮੇਰੀ ਨਮਸਕਾਰ ਹੈ । ਅਖੌਤੀ ਦਸਮ ਗ੍ਰੰਥ ਵਿੱਚੋਂ ਦਿੱਤੇ ਪ੍ਰਮਾਣਾ ਦੇ ਹੁੰਦਿਆਂ ਇਸ ਅਰਥ ਤੋਂ ਬਿਨਾਂ ‘ਨਮੋ ਲੋਕ ਮਾਤਾ’ ਦੇ ਕੋਈ ਹੋਰ ਅਰਥ ਕੀਤੇ ਹੀ ਨਹੀਂ ਜਾ ਸਕਦੇ । ਹੁਣ ਸੋਚਣ ਵਾਲੀ ਗੱਲ ਹੈ ਕਿ ‘ਜਾਪੁ’ ਰਚਨਾ ਵਿੱਚ ਕੀ ਦੁਰਗਾ ਦੇਵੀ ਪਾਰਬਤੀ ਮਾਈ ਨੂੰ ‘ਨਮੋ ਲੋਕ ਮਾਤਾ’ ਕਹਿ ਕੇ ਨਮਸਕਾਰ ਨਹੀਂ ਕੀਤਾ ਹੋਇਆ? ‘ਨਮੋ ਲੋਕ ਮਾਤਾ’ ‘ਜਾਪੁ’ ਨਾਂ ਦੀ ਰਚਨਾ ਵਿੱਚ ਫਿਰ ਅਕਾਲ ਪੁਰਖ ਦੀ ਉਸਤਤਿ ਕਿਵੇਂ ਹੋਈ? ਕੀ ਜਾਪੁ ਰਾਹੀਂ ਦੁਰਗਾ ਮਾਈ ਪਾਰਬਤੀ ਦੇ ‘ਨਮੋ ਲੋਕ ਮਾਤਾ’ ਕਹਿ ਕੇ ਗੁਣ ਨਹੀਂ ਗਾਏ ਜਾ ਰਹੇ? ਕੀ ਜਾਪੁ ਨਾਂ ਦੀ ਰਚਨਾ ਦੁਰਗਾ ਮਾਈ ਪਾਰਬਤੀ ਦੇ ਪੁਜਾਰੀ ਕਵੀ ਦੀ ਸਿੱਧ ਨਹੀਂ ਹੁੰਦੀ? ਜਿਨ੍ਹਾਂ ਨੇ ਆਪ ਕਦੇ ਅਖੌਤੀ ਦਸਮ ਗ੍ਰੰਥ ਪੜ੍ਹਿਆ ਨਹੀਂ ਉਹ ਧੱਕੇ ਨਾਲ਼ ਹੀ ਅਕਾਲ ਪੁਰਖ ਨੂੰ ਲੋਕ ਮਾਤਾ ਕਹਿ ਕੇ ਸਿੱਖਾਂ ਨੂੰ ਗੁੰਮਰਾਹ ਅਤੇ ਅਰਥਾਂ ਦੇ ਅਨੱਰਥ ਕਰ ਰਹੇ ਹਨ । ‘ਜਾਪੁ’ ਨਾਂ ਦੀ ਰਚਨਾ ਜੇ ਗੁਰੂ ਕ੍ਰਿਤ ਬਾਣੀ ਹੁੰਦੀ ਤਾਂ ਇਹ ਦਸਵੇਂ ਗੁਰੂ ਜੀ ਦੁਆਰਾ ‘ਦਮਦਮੀ ਬੀੜ’ ਵਿੱਚ ਦਰਜ ਹੋ ਜਾਣੀ ਸੀ । ਇੱਸ ਇਤਿਹਾਸਕ ਸੱਚਾਈ ਨੂੰ ਸਮਝਣ ਅਤੇ ਲਾਗੂ ਕਰਨ ਦੀ ਲੋੜ ਹੈ ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top