ਲੜੀ ਜੋੜਨ ਲਈ ਪੜੋ :
ਭਾਗ 2
ਪੰਜਵੇਂ
ਗੁਰੂ ਜੀ ਵਲੋਂ ਵੱਖ-ਵੱਖ ਰਾਗਾਂ ਦੇ ਸ਼ਬਦਾਂ ਦੇ ਵਿਸ਼ੇਸ਼ ਸ਼ਬਦ ਸੰਗ੍ਰਿਹ ਬਣਾ ਕੇ ਨਿਰਧਾਰਤ
ਕੀਤੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ‘ਸ਼੍ਰੀ ਰਾਗੁ’ ਦੇ ਆਰੰਭ ਹੋਣ ਤੋਂ ਪਹਿਲਾਂ
ਦੀ ਰਚਨਾ (ਪਹਿਲੇ 13 ਪੰਨੇਂ ਛਾਪੇ ਦੀ ਬੀੜ), ਅਤੇ ਦਸਵੇਂ ਗੁਰੂ ਜੀ ਵਲੋਂ ਦਸਦਮੀ ਬੀੜ
ਲਿਖਵਾਉਣ ਸਮੇਂ ਹੂ-ਬ-ਹੂ ਪ੍ਰਵਾਨਤ ਕੀਤੇ ਨਿੱਤ-ਨੇਮ ਨੂੰ ਬੜੀ ਬੇ ਰਹਿਮੀ ਨਾਲ਼ ਅਤੇ ਗੁਰੂ
ਭੈ ਤੋਂ ਬੇ-ਖ਼ੌਫ਼ ਹੋ ਕੇ ਸਨਾਤਨਵਾਦੀ ਪ੍ਰਭਾਵ ਨਾਲ਼ ਰੱਦ ਕਰ ਕੇ ਸ਼੍ਰੋ. ਕਮੇਟੀ ਨੇ ਸੰਨ
1931 ਤੋਂ ਸ਼ੁਰੂ ਕਰ ਕੇ ਸੰਨ 1945 ਵਿੱਚ ਬਣਾਈ ਸਿੱਖ ਰਹਤ ਮਰਯਾਦਾ ਵਿੱਚ ਕੁੱਝ ਰਚਨਾਵਾਂ
(ਜਾਪੁ, ਸਵੱਯੇ ਅਤੇ ਚੌਪਈ) ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰੋਂ ਸ਼ਾਹੀ ਨਿੱਤ-ਨੇਮ
ਵਿਚ ਰਲ਼ਾ ਦਿੱਤੀਆਂ।
ਭਾਵੇਂ ਇਹ ਰਲ਼ਾ ਸੰਨ 1780 ਤੋਂ ਹੀ ਸ਼੍ਰੀ
ਦਰਬਾਰ ਸਾਹਿਬ ਉੱਪਰ ਕਾਬਜ਼ ਹੋਏ ਨਿਰਮਲੇ ਪ੍ਰਬੰਧਕਾਂ ਵਲੋਂ ਹੀ ਕਰ ਦਿੱਤਾ ਗਿਆ ਸੀ
ਪਰ ਮਰਯਾਦਾ ਵਿੱਚ ਰਲ਼ਾਉਣ ਵਾਲ਼ੀ ਉਸ ਸਮੇਂ ਦੀ ਸ਼੍ਰੋ. ਕਮੇਟੀ ਹੀ ਸੀ ਜਿੱਸ ਵਿੱਚ
36 ਮੈਂਬਰ ਅੰਗ੍ਰੇਜ਼ ਸਰਕਾਰ ਦੇ ਚੁਣੇ ਹੋਏ ਉਸ ਦੇ ਆਪਣੇ ਪਿੱਠੂ ਵੀ ਸਨ ਜੋ ਸਿੱਖਾਂ ਨੂੰ
ਹਰ ਸਮੇਂ ਠਿੱਬੀ ਮਾਰਨ ਨੂੰ ਤੱਤਪਰ ਰਹਿੰਦੇ ਸਨ, ਕਿਉਂਕਿ ਅੰਗ੍ਰੇਜ਼ ਸਰਕਾਰ ਸਿੱਖਾਂ ਨੂੰ
ਕਮਜ਼ੋਰ ਕਰ ਕੇ ਖ਼ੁਸ਼ ਸੀ ਤਾਂ ਜੁ ਉਹ ਨਿਸਚਿੰਤ ਹੋ ਕੇ ਉਨ੍ਹਾਂ ਉੱਪਰ ਰਾਜ ਕਰ ਸਕੇ।
ਮਹਾਂਰਾਜਾ ਰਣਜੀਤ ਸਿੰਘ ਦਾ ਇਹ ਰਾਜ ਉਸ ਨੇ ਸਨ 1849 ਵਿੱਚ (ਮਹਾਂਰਾਜੇ ਦੀ ਮੌਤ ਤੋਂ 10
ਸਾਲਾਂ ਦੇ ਅੰਦਰ) ਸਿੱਖਾਂ ਕੋਲ਼ੋਂ , ਡੋਗਰਿਆਂ ਦੀ ਗੱਦਾਰੀ ਅਤੇ ਉਨ੍ਹਾਂ ਵਲੋਂ ਮਹਾਂਰਾਜੇ
ਨੂੰ ਆਪਣੇ ਵਿਸ਼ਵਾਸਘਾਤੀ ਜਾਲ਼ ਵਿੱਚ ਫਸਾਉਣ ਕਾਰਣ, ਖੋਹ ਲਿਆ ਸੀ। ਵਿੱਚੋ-ਵਿੱਚੀ ਡੋਗਰਿਆਂ
ਦਾ ਲਾਲਚੀ ਗੱਠ ਜੋੜ, ਸਿੱਖ ਰਾਜ ਨੂੰ ਖ਼ਤਮ ਕਰਨ ਲਈ, ਅੰਗ੍ਰੇਜ਼ ਸਰਕਾਰ ਨਾਲ਼ ਹੋ ਚੁੱਕਾ
ਸੀ।
‘ਜਾਪੁ’ ਰਚਨਾ ਵਿੱਚ ਲਿਖੀ ਤੁਕ ‘ਨਮੋ ਲੋਕ ਮਾਤਾ’
ਵਿੱਚ ‘ਲੋਕ ਮਾਤਾ’ ਦੇ ਸੰਕਲਪ ਨੂੰ ਸਮਝਣ ਲਈ ‘ਬਚਿੱਤ੍ਰ ਨਾਟਕ’ ਦੀਆਂ ਰਚਨਾਵਾਂ ਨੂੰ
ਵਾਚਣਾ ਪਵੇਗਾ ਜਿੱਥੋਂ ‘ਜਾਪੁ’ ਰਚਨਾ ਨੂੰ ਸਿੱਖਾਂ ਦੇ ਸ਼ਾਹੀ ਨਿੱਤ-ਨੇਮ ਵਿੱਚ ਘਸੋੜਿਆ
ਗਿਆ ਹੈ।