Share on Facebook

Main News Page

ਪਿੰਡ ਬੁਲੰਦਾ ਉਰਫ ਬੁਲੰਦਪੁਰੀ ਉਰਫ ਬੁਲੰਦਪੁਰੀ ਸਾਹਿਬ ਉਰਫ ਨਵਾਂ ਨਾਨਕਸਰ ਠਾਠ ??? ਕਿਸ਼ਤ 2
-: ਗੁਰਦੇਵ ਸਿੰਘ ਸੱਧੇਵਾਲੀਆ
sgurdev@hotmail.com

>> ਕਿਸ਼ਤ 1, ਕਿਸ਼ਤ 2ਕਿਸ਼ਤ 3, ਕਿਸ਼ਤ 4, ਕਿਸ਼ਤ ਆਖਰੀ

ਅਗਲੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਸਪਸ਼ਟ ਕਰ ਦੇਣੀ ਜਰੂਰੀ ਸਮਝਦਾ ਹਾਂ ਕਿ ਗੁਰਬਾਣੀ ਮੁਤਾਬਕ ਜਾਤ-ਪਾਤ ਵਿੱਚ ਵਿਸਵਾਸ਼ ਰੱਖਣ ਵਾਲਾ ਤੇ ਮੰਨਣ ਵਾਲਾ ਗੁਰੂ ਦਾ ਸਿੱਖ ਨਹੀਂ ਹੋ ਸਕਦਾ। ਇਸੇ ਧਾਰਨਾ ਤਹਿਤ ਜਾਤ-ਪਾਤ ਉਪਰ ਮੈਂ ਕੁਝ ਆਰਟੀਕਲ ਵੀ ਲਿਖੇ ਹੋਏ ਨੇ। ਜੱਟਵਾਦ ਨੇ ਵੀ ਪੰਜਾਬ ਵਿਚ ਸਿੱਖੀ ਨੂੰ ਖੋਰਾ ਲਾਉਣ ਵਿਚ ਅਹਿਮ ਰੋਲ ਅਦਾ ਕੀਤਾ ਹੈ। ਪਰ ਜੱਟਵਾਦ ਨੂੰ ਬੜਾਵਾ ਵੀ ਡੇਰਿਆਂ ਤੋਂ ਹੀ ਮਿਲਿਆ, ਜਿਥੇ ਜੱਟਾਂ ਅਤੇ ਆਖੇ ਜਾਂਦੇ ਚੂਹੜੇ-ਚਮਾਰਾਂ ਦੇ ਬਾਟੇ ਅੱਡ ਲਾਏ ਗਏ।

ਬਾਬਾ ਨੰਦ ਸਿੰਘ ਦੇ ਡੇਰੇ ਨਾਨਕਸਰ ਵੀ ਅਤੇ ਡੇਰਾ ਭੁੱਚੋ-ਰੂਮੀ ਤਾਂ ਪੰਗਤ ਤੱਕ ਅੱਡ ਲਾਈ ਜਾਂਦੀ ਹੈ। ਪਰ ਬਾਬਾ ਜੀਤ ਸਿੰਘ ਜਾਂ ਬਾਬਾ ਨੰਦ ਸਿੰਘ ਨੂੰ ਮਿਸਤਰੀ ਕਹਿਣ ਦਾ ਭਾਵ ਮੇਰਾ ਉਨ੍ਹਾਂ ਦੀ ਜਾਤੀ ਹੇਠੀ ਨਹੀਂ ਸੀ, ਬਲਕਿ ਉਨ੍ਹਾਂ ਦਾ ਪ੍ਰਚਲਤ ਨਾਂ ਅਤੇ ਪਿਛੋਕੜ ਬਾਰੇ ਜਾਣਕਾਰੀ ਦੱਸਣਾ ਸੀ। ਪਰ ਫਿਰ ਵੀ ਜੇ ਇਸ ਵਿਚੋਂ ਕਿਸੇ ਨੂੰ ਜਾਤ-ਪਾਤ ਦੀ ਕੋਈ ਰੜਕਵੀ ਜਾਂ ਚੁਬਵੀਂ ਗੱਲ ਜਾਪੀ ਹੋਵੇ ਅਤੇ ਉਨ੍ਹਾਂ ਨੂੰ ਮਹਿਸੂਸ ਹੋਇਆ ਹੋਵੇ, ਮੈਂ ਖਿਮਾਂ ਦਾ ਜਾਚਕ ਹਾਂ। ਅਗੇ ਨੂੰ ਖਿਆਲ ਰੱਖਿਆ ਜਾਵੇਗਾ। ਯਾਦ ਕਰਾਉਣ ਲਈ ਸ੍ਰ. ਸਵਰਨ ਸਿੰਘ ਹੋਰਾਂ ਦਾ ਧੰਨਵਾਦ।

ਪਿੱਛਲੀ ਲੜੀ ਸ਼ੁਰੂ ਕਰਦੇ ਹਾਂ, ਪਰ ਇਸ ਤੋਂ ਪਹਿਲਾਂ ਇੱਕ ਅਹਿਮ ਜਾਣਕਾਰੀ ਬਾਰੇ ਜਾਣ ਲੈਣਾ ਕੁਥਾਏ ਨਹੀਂ ਹੋਵੇਗਾ, ਕਿ ਬਾਬਾ ਜੀਤ ਸਿੰਘ ਵਰਗੇ ਸਾਧਾਰਨ ਜਿਹੇ ਕਿਰਤੀ ਵਿਅਕਤੀ ਬਾਰੇ ਕਿਵੇਂ ਗੱਪ ਛੱਡਕੇ ਲੁਕਾਈ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਬਾਬਾ ਜੀਤ ਸਿੰਘ ਦੇ ਜੱਦੀ ਪਿੰਡ, ਜਿਥੇ ਨਵੇਂ ਸਾਧ ਬਲਦੇਵ ਸਿੰਘ ਨੇ ਬਾਬੇ ਜੀਤ ਸਿੰਘ ਦੇ ਨਾਂ 'ਤੇ ਇਕ ਹੋਰ ਠਾਠ ਯਾਨੀ ਡੇਰਾ ਬਣਾ ਧਰਿਆ ਹੈ, ਜਿਹੜਾ ਕੁੱਝ ਚਿਰ ਨੂੰ ਵੱਡੇ ਡੇਰੇ ਦਾ ਰੂਪ ਲਵੇਗਾ। ਉਥੇ ਡੇਰੇ ਦੇ ਸਾਹਵੇਂ ਬਾਬਾ ਜੀਤ ਸਿੰਘ ਦੀ ‘ਸ਼ਾਟ’ ਜਿਹੇ ਵਿਚ ਜੀਵਨੀ ਲਿਖੀ ਹੋਈ ਨੂੰ ਪੜਕੇ, ਤੁਸੀਂ ‘ਧੰਨ’ ਹੋਣੋ ਨਹੀਂ ਰਹਿ ਸਕਦੇ, ਕਿ ਸਿੱਖਾਂ ਦੇ ਸਾਧੜਿਆਂ ਨੇ ਪੰਡੀਏ ਦੇ ਪੁਰਾਣਾ ਵਾਲੇ ਗਪੌੜਾਂ ਨੂੰ ਵੀ ਮਾਤ ਕਰ ਦਿੱਤਾ ਹੈ!

‘ਸੰਤ ਬਾਬਾ ਜੀਤ ਸਿੰਘ ਜੀ ਦੀ ਉਮਰ ਸਿਰਫ 11 ਕੁ ਵਰਿਆਂ ਦੀ ਸੀ ਜਦ ਬਾਬਾ ਨੰਦ ਸਿੰਘ ਜੀ ‘ਹੋਰਾਂ’ ਬਚਨ ਕੀਤੇ ਕਿ ਇਸ ਲੜਕੇ ਨੂੰ ਗੁਰੂ ਨਾਨਕ ਸਾਹਿਬ ਦੀ ਦਰਗਾਹ ਦੀ ਸੇਵਾ ਮਿਲੇਗੀ! ਅਤੇ ਜਦੋਂ ਉਹ ਬਚਨ ਪੂਰਾ ਹੋਇਆ, ਤਾਂ ਬਾਬਾ ਜੀ ਦਰਗਾਹੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਲੈ ਕੇ ਆਏ, ਜਿਹੜਾ ਬੁਲੰਦਪੁਰੀ ਸਾਹਿਬ ਆ ਕੇ ਪ੍ਰਗਟ ਹੋਇਆ’!!!

ਹੁਣ ਕਰੋ ਇਸ ਗੱਪ ਦੇ ਅਰਥ ਕੀ ਕਰਦੇ ਹੋਂ? ਦਰਗਾਹ, ਉਸ ਦੀ ਸੇਵਾ, ਬਾਬਾ ਜੀ ਦੇ ਬਚਨ, ਗੁਰੂ ਸਾਹਿਬ ਦਾ ਹੁਕਮ, ਤੇ ਹੁਕਮ ਲੈ ਕੇ ਆਉਣ ਵਾਲੇ ਬਾਬਾ ਨੰਦ ਸਿੰਘ ਤੇ ਬੁਲੰਦਪੁਰੀ ਸਾਹਿਬ ਪ੍ਰਗਟ? ਦਰਗਾਹ ਤਾਂ ਇਨ੍ਹਾਂ ਪੰਡੀਏ ਦਾ ਖੀਰ-ਸਮੁੰਦਰ ਹੀ ਬਣਾਇਆ ਕਿ ਜਦ ਮਰਜੀ ‘ਗਰੁੜ’ ਚੜੇ ਤੇ ਜਾ ਵੜੇ ਤੇ ਹੁਕਮ ਲੈਂ ਆਦਾ! ਤੇ ਬਾਬਾ ਜੀ ਅਪਣਿਆਂ ਨੂੰ ਵੀ ਇਹ ਇੰਝ ਸਮਝਦੇ ਕਿ ਜਿਵੇ ਉਹ ਵਿਹਲੇ ਬੈਠੇ ਇਨ੍ਹਾਂ ਲਈ ਹੁਕਮ ਹੀ ਲਿਖਦੇ ਰਹਿੰਦੇ ਕਿ ਬੁਲੰਦਪੁਰੇ ਭੇਜਣਾ ਹੈ! ‘ਅਰਜੰਟ’? ਡੇਰਾ ਬਣਾਉਂਣ ਲਈ? ਕੀ ਮਖੌਲ ਹੈ? ਤੁਹਾਡੇ ਸਾਡੇ ਸਭ ਨਾਲ! ਪੂਰੀ ਕੌਮ ਨਾਲ? ਹਰੇਕ ਸਾਧ ਦੇ ਡੇਰੇ ਇਦਾਂ ਦੇ ਹੁਕਮਾਂ ਦੀਆਂ ਫਾਇਲਾਂ ਦੇ ‘ਸ਼ੈੱਡ’ ਭਰੇ ਪਏ ਨੇ, ਜਿਹੜੀਆਂ ਲੁਕਾਈ ਨੂੰ ਮੂਰਖ ਬਣਾਉਂਣ ਲਈ ਰੱਖੀਆਂ ਹੋਈਆਂ। ਜਿਸ ਸਾਧੜੇ ਦਾ ਮਰਜੀ ਗਰੰਥ ਚੁੱਕ ਲਓ, ਅਜਿਹੀਆਂ ਹੀ ਗੱਪਾਂ ਨਾਲ ਤੁਹਾਨੂੰ ਮਾਲਾ-ਮਾਲ ਮਿਲੇਗਾ।

ਪਾਠਕਾਂ ਦੇ ਇੱਕ ਗੱਲ ਨੋਟ ਕਰਨ ਵਾਲੀ ਹੈ, ਕਿ ‘ਹੋਰਾਂ’ ਲਫਜ ਬਾਬਾ ਬਲਦੇਵ ਸਿੰਘ ਹੀ ਵਰਤਦੇ ਨੇ। ਜਿਵੇਂ ਗੁਰੂ ਨਾਨਕ ਸਾਹਿਬ ਹੋਰਾਂ, ਬਾਬਾ ਨੰਦ ਸਿੰਘ ਹੋਰਾਂ! ਤੇ ਉਨ੍ਹਾਂ ਅਪਣੀ ‘ਕਥਾ’ ਵਿਚ ਵੀ ਇਹ ਕਹਾਣੀ ਕਹੀ ਹੈ। ਇਸ ਦਾ ਮਤਲਬ ਉਪਰਲੀ ਬਾਬਾ ਜੀਤ ਸਿੰਘ ਦੀ ਲਿਖੀ ਗਈ ਜੀਵਨੀ ਦੀ ਸ਼ਬਦਾਵਲੀ ਬਾਬਾ ਬਲਦੇਵ ਸਿੰਘ ਦੀ ਖੁਦ ਦੀ ਹੈ।

ਯਾਨੀ ਇਹ ਸਪੱਸ਼ਟ ਗੱਪ ਬਾਬਾ ਬਲਦੇਵ ਸਿੰਘ ਜੀ ਨੇ ਅਪਣੇ ਕਰ ਕਮਲਾ ਨਾਲ ਲਿਖੀ ਹੋਈ ਹੈ। ਤੁਸੀਂ ਕਹਿੰਨੇ ‘ਸੰਤ’ ਸਾਨੂੰ ਸੱਚ ਦਾ ਰਾਹ ਦੱਸਦਾ, ਪਰ ਉਹ ਖੁਦ ਤਾਂ ਝੂਠ ਬੋਲੀ ਜਾਂਦਾ? ਸਾਰਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਪੜ ਲਓ ਕਿਤੇ ਇੱਕ ਥਾਂ ਵੀ ਡੇਰੇ ਨੂੰ ‘ਪ੍ਰਮੋਟ’ ਕੀਤਾ ਹੋਵੇ ਗੁਰਬਾਣੀ ਨੇ। ਡੇਰੇ ਬਣਾ ਕੇ ਜਾਂ ਜੰਗਲਾਂ ਵਿਚ ਜਾ ਕੇ ਬੈਠਣ ਵਾਲੇ ਜੋਗੀਆਂ-ਸਿੱਧਾਂ ਨੂੰ ਕੀ ਕਿਹਾ ਸੀ ਬਾਬਾ ਜੀ ਨੇ?

ਸਲੋਕ ਮਃ ੧ ॥ ਗਿਆਨ ਵਿਹੂਣਾ ਗਾਵੈ ਗੀਤ ॥ ਭੁਖੇ ਮੁਲਾਂ ਘਰੇ ਮਸੀਤਿ ॥ ਮਖਟੂ ਹੋਇ ਕੈ ਕੰਨ ਪੜਾਏ ॥ ਫਕਰੁ ਕਰੇ ਹੋਰੁ ਜਾਤਿ ਗਵਾਏ ॥ ਗੁਰੁ ਪੀਰੁ ਸਦਾਏ ਮੰਗਣ ਜਾਇ ॥ ਤਾ ਕੈ ਮੂਲਿ ਨ ਲਗੀਐ ਪਾਇ ॥ ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥ {ਪੰਨਾ 1245}
ਅਤੇ
ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥੨॥

ਇਹ ਬਾਬਾ ਜੀ ਦੀ ਬਾਣੀ ਨੂੰ ਝੂਠਿਆਂ ਨਹੀਂ ਸਾਬਤ ਕਰ ਰਹੇ, ਗੁਰੂ ਸਹਿਬਾਨਾ ਦੇ ਨਾਂ 'ਤੇ ਹੁਕਮ ਮੰਗਵਾਉਂਣ ਦੀਆਂ ਗੱਪਾਂ ਛੱਡਕੇ? ਤੇ ਦੂਜਾ ਦਰਗਾਹ ਕਿਹੜੀ? ਬਲਦੇਵ ਸਿੰਘ ਦਾ ਜੱਦੀ ਪਿੰਡ ਬੁਲੰਦਾ? ਬਾਬਾ ਜੀਤ ਸਿੰਘ ਨੇ ਬੁਲੰਦੇ ਡੇਰੇ ਦੀ ਹੀ ‘ਸੇਵਾ’ ਕੀਤੀ ਸੀ, ਨਾ ਤਾਂ ਫਿਰ ਦਰਗਾਹ ਵੀ ਤਾਂ ਬੁਲੰਦਪੁਰ ਹੀ ਹੋਇਆ ਨਾਂ! ਨਹੀਂ? ਯਾਨੀ ਇਨ੍ਹਾਂ ਦੇ ਡੇਰੇ ਹੀ ਦਰਗਾਹਾਂ, ਡੇਰੇ ਹੀ ਭੋਰਾ ਸਾਹਿਬ ਤੇ ਡੇਰੇ ਹੀ ਸਚਖੰਡ?
ਬਾਬਾ ਜੀਤ ਸਿੰਘ ਜੀ ਕਰੀਬਨ 91 ਕੁ ਦੇ ਗੇੜ ਕਨੇਡਾ ਯਾਨੀ ਇਥੇ ਟਰੰਟੋ ਵਿਖੇ ਵੀ ਆ ਚੁੱਕੇ ਹੋਏ ਹਨ। ਉਨ੍ਹਾਂ ਦੇ ਇਥੇ ਆਉਣ ਬਾਰੇ ਜਦ ਮੈਂ ਇੱਕ ਚੇਲੇ ਨੂੰ ਪੁੱਛਿਆ, ਕਿ ਉਨ੍ਹਾਂ ਨੂੰ ਇਥੇ ਕਿੰਨ ਸੱਦਿਆ ਸੀ, ਤਾਂ ਉਹ ਕਹਿਣ ਲੱਗਾ ਉਨ੍ਹਾਂ ਨੂੰ ਕੌਣ ਸੱਦ ਸਕਦਾ ਸੀ, ਉਹ ਤਾਂ ਖੁਦ ਅਕਾਲ ਪੁਰਖ ਸਨ??

ਮੌਜੂਦਾ ਡੇਰੇਦਾਰ ਬਲਦੇਵ ਸਿੰਘ ਵੀ ਬਾਬਾ ਜੀਤ ਸਿੰਘ ਨੂੰ ਇਥੇ ਹੀ ਮਿਲਿਆ ਸੀ। ਉਨਾ ਕੁ ਸਮਿਆਂ ਵਿਚ ਹੀ ਬਲਦੇਵ ਸਿੰਘ ਸੰਤੋਖ ਸਿੰਘ ਧਰਮ ਤੋਂ ਉਦਾਸ ਹੋ ਚੁੱਕਾ ਹੋਇਆ ਸੀ। ਯਾਦ ਰਹੇ ਕੋਈ 1985 ਕੁ ਦੇ ਗੇੜ ਇਥੇ ਸੰਤੋਖ ਸਿੰਘ ਧਰਮ ਨਾਂ ਦਾ ਬੰਦਾ ਆਇਆ, ਜਿਸ ਆ ਕੇ ਗੱਪ ਮਾਰੀ, ਕਿ ਉਸ ਨੂੰ ਬਾਬਾ ਜਰਨੈਲ ਸਿੰਘ ਨੇ ਸਿੱਖੀ ਦਾ ਪ੍ਰਚਾਰ ਕਰਨ ਲਈ ਭੇਜਿਆ ਹੈ। ਉਹ ਪੂਨੇ ਦਾ ਪੜਿਆ ਤੇ ਉਥੇ ਹੀ ਉਸ ਨੇ ‘ਪੀ.ਐਚ.ਡੀ’ ਕੀਤੀ ਹੋਈ ਸੀ। ਉਹ ਸ਼ਾਤਰ ਬੰਦਾ ਸੀ। ਉਸੇ ਦੇ ਮੁੰਡੇ ਨੇ ਵੈਨਕੁਵਰ ਵਾਲੇ ਤਾਰੇ ਹੇਅਰ ਦੇ ਗੋਲੀਆਂ ਮਾਰੀਆਂ ਸਨ। ਵੈਸਟ ਵਾਲੇ ਪਾਸੇ ਇੱਕ ਛੋਟਾ ਜਿਹਾ ਪਿੰਡ ਹੈ, ਸ਼ਾਇਦ ‘ਪੈਰਿਸ’ ਉਥੇ ਉਸ ਨੂੰ ਕਾਫੀ ਜਮੀਨ ਅਤੇ ਵਿਚੇ ਘਰ ਲੈ ਦਿੱਤਾ ਗਿਆ, ਜਿਥੇ ਉਹ ਗਰਮੀਆਂ ਵਿਚ ਨਿਆਣਿਆ ਦੇ ਕੈਂਪ ਲਾਇਆ ਕਰਦਾ ਸੀ। ਘੋੜ ਸਵਾਰੀ ਤੋਂ ਲੈ ਕੇ ਪੂਲ ਬਗੈਰਾ ਵੀ ਉਥੇ ਉਸ ਨੂੰ ਬਣਵਾ ਕੇ ਦਿੱਤੇ ਗਏ।

ਅਮਰੀਕਾ ਤੱਕ ਤੋਂ ਲੋਕ ਉਸ ਕੋਲੇ ਬੱਚੇ ਭੇਜਦੇ ਸਨ। ਧਰਮ ਕੋਲੇ ਬਲਦੇਵ ਸਿੰਘ, ਉਸ ਦੇ ਭਰਾ ਅਤੇ ਭਣਵੀਏ ਦੇ ਬੱਚੇ ਵੀ ਜਾਂਦੇ ਸਨ। ਸੰਤੋਖ ਸਿੰਘ ਬੱਚੇ ਪੜਾਉਣ ਦੇ ਨਾਲ ਨਾਲ ਬੰਦੇ-ਬੁੱੜੀਆਂ ਵੀ ਚਾਰਦਾ ਸੀ। ਖੁਦ ਉਹ ਪਿੱਛੋਂ ਹੀ ਇਕ ਵੀਹ ਕੁ ਸਾਲ ਦੀ ਸਿੰਧਣ ਕੁੜੀ ਲੈ ਕੇ ਆਇਆ ਸੀ, ਘਰਵਾਲੀ ਬਾਅਦ ਸੱਦੀ, ਜਿਸ ਨੂੰ ਉਸ ਨੇ ਪਾਗਲ ਕਰਾਰ ਦੇ ਕੇ ‘ਪੈਰਿਸ’ ਵਾਲੇ ਡੇਰਿਓਂ ਕੱਢ ਦਿੱਤਾ ਹੋਇਆ ਸੀ।

ਬਲਦੇਵ ਸਿੰਘ ਉਦੋਂ ਹਾਲੇ ਮੋਨਾ ਹੁੰਦਾ ਸੀ, ਅਤੇ ਸੰਤੋਖ ਦੇ ਪ੍ਰਭਾਵ ਹੇਠ ਹੀ ਪਹਿਲੀ ਵਾਰ ਸਮੇਤ ਪ੍ਰਰਿਵਾਰ ਅੰਮ੍ਰਿਤ ਛਕਿਆ ਸੀ। ਸੰਤੋਖ ਸਿੰਘ ਬੱਚਿਆਂ ਨੂੰ ਇਸ ਤਰੀਕੇ ‘ਟੈਕਲ’ ਕਰਦਾ ਸੀ, ਕਿ ਉਹ ਮਾਂ-ਪੇ ਨੂੰ ਵੀ ਛੱਡਣ ਲਈ ਤਿਆਰ ਹੋ ਜਾਂਦੇ ਸਨ ਇਸੇ ਸੰਦਰਭ ਵਿਚ ਉਸ ਨੇ ਬਲਦੇਵ ਸਿੰਘ ਦੇ ਭਰਾ ਮਿਲਖਾ ਸਿੰਘ ਦੀ ਬੱਚੀ ਨੂੰ ਅਪਣੇ ਲੜਕੇ ਗੁਰਸੇਵਕ ਨਾਲ ਵਿਆਹ ਲਈ ਰਾਜੀ ਕਰ ਲਿਆ ਜਿਸ ਲਈ ਬੱਚੀ ਦਾ ਬਾਪ ਰਾਜੀ ਨਹੀਂ ਸੀ ਅਤੇ ਉਹ ਇਸੇ ਗੱਲੇ ਦੁੱਖੀ ਹੋਇਆ ਇਥੇ ਟਰੌਟੋ ਵਿਖੇ ਹੀ ਆਤਮ-ਹੱਤਿਆ ਕਰ ਗਿਆ।

ਸੰਤੋਖ ਸਿੰਘ ਪੜਿਆ-ਲਿਖਿਆ ਸੀ, ਪਰ ਉਹ ਸਿਰੇ ਦਾ ਪਖੰਡੀ ਸੀ। ਉਹ ਬੱਚਿਆਂ ਨੂੰ ਅੱਖਾਂ ਬੰਦ ਕਰ ਸਮਾਧੀ ਲਵਾਉਂਦਾ ਅਤੇ ਜਦ ਬੱਚਿਆਂ ਦੇ ਮਾਂ-ਬਾਪ ਜਾਂਦੇ ਤਾਂ ਬੱਚੇ ਅੱਖਾਂ ਮੀਚੀ ਚੁਫਾਲ ਡਿੱਗ ਪੈਂਦੇ, ਜਿਸ ਨੂੰ ਉਹ ਸਮਾਧੀ ਲੱਗ ਜਾਣੀ ਕਹਿੰਦਾ ਸੀ। ਇਹ ਗੱਲ ਕਈ ਬੱਚਿਆਂ ਬਾਅਦ ਵਿਚ ਅਪਣੇ ਮਾਂ-ਬਾਪ ਨੂੰ ਦੱਸੀ, ਕਿ ਉਸਨੇ ਇਸ ਡਿੱਗ ਜਾਣ ਵਾਲੀ ਸਮਾਧੀ ਬਾਰੇ ਉਨ੍ਹਾਂ ਨੂੰ ਸਿਖਾਇਆ ਹੁੰਦਾ ਸੀ, ਕਿ ਮਾਂ-ਪੇ ਦੇ ਆਉਂਣ ਤੇ ਲਾਉਣੀ ਹੈ! ਉਹ ਸਿਮਰਨ ਦੇ ਨਾਂ 'ਤੇ ਵਡਭਾਗੀਆਂ ਜਾਂ ਤਰਮਾਲੇ ਵਾਂਗ ਲੋਕਾਂ ਦੇ ਸਿਰ ਘੁੰਮਾਉਂਦਾ ਸੀ। ਉਸੇ ਘੁੰਮ-ਘੁੰਮਾ ਵਿਚ ਕਹਿੰਦੇ ਬਾਬਾ ਬਲਦੇਵ ਸਿੰਘ ਦਾ ਸਿਰ ਵੀ ਘੁੰਮ ਗਿਆ ਤੇ ਇੱਕ ਰਿਸ਼ਤੇਦਾਰ ਦੇ ਮੁਤਾਬਕ ਉਹ ਸਿਵਿਆਂ ਵਿੱਚ ਜਾ ਕੇ ਸ਼ਿਵਕੁਮਾਰ-ਬਟਾਲਵੀ ਦਾ ‘ਮਾਏ ਨੀ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ’ ਗਾਉਂਦਾ ਰਹਿੰਦਾ ਸੀ

 

ਇਸ ਗੱਲ ਦੀ ਤਸਦੀਕ ਬਲਦੇਵ ਸਿੰਘ ਦੀਆਂ ਸ੍ਰੀ ਗੁਰੂ ਜੀ ਦੀ ਹਜੂਰੀ ਵਿਚ ਗਾਈਆਂ ਜਾਂਦੀਆਂ ਕੱਚੀਆਂ ਧਾਰਨਾ ਯਾਨੀ ਉਸ ਦੀਆਂ ਅਪਣੀਆਂ ਕਵਿਤਾਵਾਂ ਵੀ ਕਰਦੀਆਂ ਹਨ, ਜਿਹੜੀਆਂ ਉਹ ਮਗਰ ਸਾਰੀ ‘ਸੰਗਤ’ ਕੋਲੋਂ ਗਵਾਉਂਦਾ ਹੈ। ਜਿਵੇਂ:

‘ਇਹ ਮਹਿਫਲ ਵਿਰਲਿਆਂ ਦੀ, ਨੀ ‘ਮਾਏਂ’ ਕਿਥੇ ਆਣ ਲੱਗੀ!
ਹੁੰਦੀ ਸੂਖਮ ਦ੍ਰਿਸ਼ਟ ਉਨ੍ਹਾਂ ‘ਮਾਏਂ’ ਜਿੰਨਾ ਨੂੰ ਉਹ ਨਦਰ ਆਵਦਾਂ!
ਸੱਜਣ ਆਏ ਨੀ ‘ਮਾਏਂ’ ਸੱਚੀਆਂ ਸਰਕਾਰਾਂ ਦੇ!
ਚਲ ਬਾਹਰ ਚਲੀਏ ਨੀ ‘ਮਾਏਂ’ ਬੜਾ ਚਿਰ ਕੈਦ ਕੱਟ ਲਈ!

<< ਇਸ ਵੀਡੀਓ ਦੇ 20ਵੇਂ ਮਿਨਟ 'ਤੇ ਸੁਣੋ ਇਸ ਪਖੰਡੀ ਸਾਧ ਦੇ ਵੈਣ...

ਯਾਦ ਰਹੇ ਕਿ ਸੰਤੋਖ ਸਿੰਘ ਧਰਮ ਦੇ ਮੁਰਦੇ ਉਖਾੜਨ ਦੀ ਇਥੇ ਲੋੜ ਨਹੀਂ ਸੀ, ਪਰ ਪਾਠਕਾਂ ਦੀ ਦਿਲਚਸਪੀ ਵਾਸਤੇ ਕਿ ਬਾਬਾ ਬਲਦੇਵ ਸਿੰਘ ਦੇ ਸਾਧ ਬਣਨ ਦੇ ਬੀਜ ਕਿਸ ਧਰਤੀ ਵਿਚ ਪੁੰਗਰੇ ਅਤੇ ਕਿਵੇਂ ਉਸਨੇ ਉਸ ਕੋਲੋਂ ਸਿੱਖ-ਮੱਤ ਲੈ ਕੇ ਬੁਲੰਦੇ ਪਿੰਡ ਨੂੰ ਬੁਲੰਦਪੁਰੀ ਸਾਹਿਬ ਬਣਾ ਧਰਿਆ। ਯਾਨੀ ਬਲਦੇਵ ਸਿੰਘ ਨੇ ਸੰਤੋਖ ਕੋਲੋਂ ਕਾਫੀ ਕੁਝ ਸਿੱਖਿਆ ਤੇ ਉਹ ਉਧਰੋਂ ਹਟ ‘ਡੰਡਾਸ ਸਟਰੀਟ’ ਉਪਰ ਵਾਲੇ ਅਪਣੇ ਜੱਦੀ ਘਰੇ ਹੀ ਦੀਵਾਨ ਲਾਉਂਣ ਲੱਗ ਪਿਆ ਜਿਥੇ ਕੋਈ 15-20 ਲੋਕ ਜੁੜਨੇ ਸ਼ੁਰੂ ਹੋ ਗਏ। ਜਿਹੜੇ ਬੰਦੇ ਸੰਤੋਖ ਸਿੰਘ ਧਰਮ ਦੇ ਨੇੜੇ ਰਹੇ ਜਾਂ ਜਾਣਦੇ ਨੇ ਉਹ ਗੌਰ ਨਾਲ ਦੇਖਣ ਤਾਂ ਬਾਬਾ ਬਲਦੇਵ ਸਿੰਘ ਥੋੜੇ ਜਿਹੇ ਫਰਕ ਨਾਲ ਉਸ ਦੀ ਹੀ ਕਾਪੀ ਹੈ। ਸੰਤੋਖ ਸਿੰਘ ਮਾ-ਪੇ ਦੀ ਦੁੱਖਦੀ ਨਾੜ ਫੜਦਾ ਸੀ ਯਾਨੀ ਬੱਚੇ! ਬਲਦੇਵ ਸਿੰਘ ਵੀ ਬੱਚਿਆਂ ਉਪਰ ‘ਫੋਕਸ’ ਰੱਖਦਾ ਹੈ। ਇਸ ਦੇ ਬੁਲੰਦਪੁਰ ਡੇਰੇ ਬਾਹਰਲਿਆਂ ਲਈ ਤਾਂ ਹੀ ਲੰਗਰ?? ਨਹੀਂ ਲੰਗਰ ਨਹੀਂ ਲੰਗਰ ਦੇ ਨਾਂ ਤੇ ‘ਹਾਈ-ਫਾਈ’ ਰੈਸੋਰਾਂ ਦਾ ਖਾਸ ਪ੍ਰਬੰਧ ਹੁੰਦਾ ਜਿਥੇ ਬਾਹਰਲੇ ਬੱਚਿਆਂ ਦੀਆਂ ਪਨਪਸੰਦ ਚੀਜਾਂ ਜਿਵੇਂ ‘ ਪੀਜੇ, ਬਰਗਰ, ਫਰਾਹੀਆਂ, ਕੋਕ, ਸਪਰਾਈਟ ਆਦਿ ਖਾਸ ਤੌਰ 'ਤੇ ਮੁਹੱਈਆ ਕੀਤਾ ਜਾਂਦਾ ਹੈ। ਇੱਕ ਬੰਦੇ ਨੇ ਜਦ ਉਸ ਨੂੰ ਇਸ ਅਜੀਬ ਅਤੇ ਬਾਕੀ ਲੋਕਲ ਲੋਕਾਂ ਨਾਲੋਂ ਅਲੱਗ ‘ਲੰਗਰ’ ਬਾਰੇ ਪੁੱਛਿਆ ਕਿ ਇਹ ਕਿਉਂ ਤਾਂ ਬਾਬੇ ਦਾ ਜਵਾਬ ਸੀ, ਜੀ ਉਹ ਬਾਹਰ ਵਾਲਿਆਂ ਨੂੰ ਇਥੇ ਦਾ ਪਾਣੀ ਮਾਫਕ ਨਹੀਂ ਨਾ ਹੁੰਦਾ, ਇਸ ਲਈ ਥੋੜਾ ਬਾਹਰਲੇ ਸਿਸਟਮ ਮੁਤਾਬਕ ਪ੍ਰਬੰਧ ਕਰਨਾ ਪੈਂਦਾ ਹੈ!!! ਪਰ ਫਿਰ ਉਹ ਗੁਰੂ ਕਾ ਲੰਗਰ ਕਿਵੇਂ ਰਹਿ ਗਿਆ ਤੇ ਜਿਥੇ ਇਹ ਸਭ ਵਰਤਦਾ, ਉਹ ਗੁਰੂ ਦਾ ਘਰ ਕਿਵੇਂ ਰਹਿ ਗਿਆ? ਦਰਅਸਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਤਾਂ ਲੁਕਾਈ ਨੂੰ ਮੂਰਖ ਬਣਾਉਣ ਲਈ ਹੀ ਵਰਤਿਆ ਜਾਂਦਾ, ਬਾਕੀ ਸਾਰੇ ਹੁਕਮ ਤਾਂ ਸਾਧ ਦੇ ਹੀ ਚਲਦੇ। ਪਰ ਫਿਰ ਅੰਮ੍ਰਿਤ? ਉਹ ਵੀ ਬਾਹਰਲੇ ਲੋਕਾਂ ਦੀ ਸਿਹਤ ਦਾ ਖਿਆਲ ਰੱਖਕੇ ਬਣਾਉਂਣਾ ਪੈਣਾ!

ਇਸ ਨਵੀਂ ਜਿਹੀ ਖਿੱਚੜੀ ਦਾ ਨਾਂ ਵਾਕਿਆ ਹੀ ਨਵਾਂ ਨਾਨਕਸਰ ਹੀ ਹੋਣਾ ਚਾਹੀਦਾ ਸੀ ਕਿਉਂਕਿ ਇਥੇ ਬਾਬਾ ਨੰਦ ਸਿੰਘ ਵਾਲੇ ਪੁਰਾਣੇ ਠਾਠ ਨਾਲੋਂ ਸਭ ਕੁਝ ਹੀ ਨਵਾਂ ਹੈ। ਲੱਤਾਂ ਨੰਗੀਆਂ ਤੋਂ ਲੈ ਕੇ ਲੰਗਰਾਂ ਤੱਕ। ਬਾਬੇ ਨੰਦ ਸਿੰਘ ਵਾਲੇ ਛੜੇ-ਛਾਂਟ ਇਹ ਇਹ ਨਿਆਣਿਆਂ=ਪਰਿਵਾਰ ਵਾਲੇ। ਇਹ ਪੰਜਾਮੀਆਂ ਪਾਉਂਣ ਲੱਗ ਗਏ ਉਹ ਉਂਝ ਹੀ ਮੁੰਗਲੀਆਂ ਵਰਗੇ ਪਿੰਝੇ ਕੱਢੀ ਫਿਰਦੇ। ਉਹ ਤਾਂ ਕਹਿੰਦੇ ਸਾਡੇ ਬਾਬਾ ਜੀ ਅੱਗ ਵੀ ਨਹੀਂ ਸਨ ਬਲਣ ਦਿੰਦੇ ਇਹ ਕਹਿੰਦੇ ਸਾਡੇ ਬਾਬਾ ਜੀ ਦੀ ਤਾਂ ਪੀਜਿਆਂ ਤੱਕ ਪਹੁੰਚ ਹੈ। ਇਹ ‘Franchise’ ਪੁਰਾਣੇ ਨਾਲੋਂ ਬਿਲਕੁੱਲ ਅਲਹਿਦਾ ਹੈ, ਪਰ ਚਲੋ ਸਿਆਣਪ ਕੀਤੀ ਨਾਲ ‘ਨਵਾ’ ਜੋੜ ਦਿੱਤਾ। ਪਰ ਇਕ ਗਲੇ ਇਨ੍ਹਾਂ ਬਾਬਾ ਨੰਦ ਸਿੰਘ ਨਾਲ ਬੇਇਨਸਾਫੀ ਕੀਤੀ। ਦਰਗਾਹ ਵਿਚੋਂ ਹੁਕਮ ਉਹ ਲਿਆਉਂਦੇ ਰਹਿ ਗਏ ਬਾਬਾ ਜੀਤ ਸਿੰਘ ਲਈ, ਪਰ ਇਹ ਉਨ੍ਹਾਂ ਦੀ ਮਰਿਯਾਦਾ ਵੀ ਪੂਰੀ ਨਹੀਂ ਰੱਖ ਸਕੇ।

ਇੱਕ ਉਥੇ ਰਹਿ ਚੁੱਕੇ ਪਾਠੀ ਨੇ ਦੱਸਿਆ ਕਿ ਲੰਗਰ ਹੀ ਨਹੀਂ ਬਲਕਿ ਬਾਹਰਲੇ ਵਾਲੇ ਲੋਕਾਂ ਦੇ ਏਰੀਏ ਵਲ ਕਿਸੇ ਲੋਕਲ‘ਦਬੜੂ-ਘੁਸੜੂ’ ਨੂੰ ਜਾਣ ਹੀ ਨਹੀਂ ਦਿੱਤਾ ਜਾਂਦਾ ਅਤੇ ਉਨ੍ਹਾਂ ਦੇ ਕੱਪੜੇ ਤੱਕ ਪ੍ਰੈਸ ਕਰਨ ਲਈ ਬਕਾਇਦਾ ਬੈਹਰਿਆਂ ਦਾ ਪ੍ਰਬੰਧ ਹੈ। ਇਹ ਵੀ ਕਿ ਗਰਮੀਆਂ ਵਿਚ ਬਾਹਰੋਂ ਗਏ ਬੱਚਿਆਂ ਨੂੰ ਖਾਸ ਬੱਸਾਂ ਰਾਹੀਂ ਜਲੰਧਰ ਦੇ ਮਹਿੰਗੇ ਪੂਲਾਂ ਵਿਚ ਲਿਜਾਇਆ ਜਾਂਦਾ ਹੈ! ਇਸ਼ਨਾਨ ਕਰਾੳਂਣ ਲਈ? ਬਾਹਰੋਂ ਗਏ ਲੋਕਾਂ ਲਈ ਬਾਬੇ ਦੀਆਂ ਕਾਰਾਂ ਜਾਂ ‘ਡੀ-ਲੈਕਸ ਬਸਾਂ’ ਬਕਾਇਦਾ ਏਅਰਪੋਟ ਤੇ ਲੈਣ ਜਾਦੀਆਂ ਤੇ ਛੱਡਣ ਜਾਂਦੀਆਂ। ਇਹ ਗੱਲ ਬਾਬੇ ਨੇ ਖੁਦ ਵੀ ਅਪਣੀ ‘ਕਥਾ’ ਵਿਚ ਕਹੀ ਹੈ ਕਿ ਤੁਸੀਂ ਬਰਸੀ ਤੇ ਆਉ ਪਰ ਆਉਂਣ ਤੋਂ ਪਹਿਲਾਂ ਤੁਸੀਂ ਅਪਣੀ ਫਲਾਈਟ ਨੰਬਰ ਬਗੈਰਾ ਜਰੁਰ ਲਿਖਾ ਦੇਣਾ ‘ਸੰਗਤ’ ਤੁਹਾਨੂੰ ਅ ਕੇ ਲੈ ਜਾਵੇਗੀ। ਇਸ ਦੇ ਡੇਰੇ ਜਾਣ ਵਾਲੇ ਬਹੁਤੇ ਲੋਕ ਪੰਜਾਬ ਕਿਸੇ ਰਿਸ਼ਤੇਦਾਰ ਦੇ ਜਾਂ ਘਰੇ ਵੀ ਨਹੀਂ ਜਾਂਦੇ ਬਲਕਿ ਡੇਰੇ ਹੀ ‘ਰੱਬ’ ਨੂੰ ਮਿਲ ਕੇ ਆ ਜਾਂਦੇ ਹਨ। ਜਾਂ ਇੰਝ ਕਹਿ ਲਓ ਕਿ ਬਾਬਾ ਏਅਰਪੋਟ ਤੋਂ ਹੀ ‘ਬੁੱਚ’ ਲੈਂਦਾ ਹੈ ਤੇ ‘ਉਨ’ ਲਾਹ ਕੇ ਵਾਪਸ ਕਰ ਦਿੰਦਾ ਹੈ।

ਇਨ੍ਹਾਂ ਸਾਰੀਆਂ ਗੱਲਾਂ ਦਾ ਰੱਬ ਮਿਲਣ ਨਾਲ, ਜਾਂ ਸਿੱਖੀ ਕਮਾਉਣ ਨਾਲ, ਜਾਂ ਸਿੱਖ ਬਣਨ ਨਾਲ, ਜਾਂ ਸਿੱਖੀ ਰਾਹ ਤੁਰਨ ਨਾਲ ਕੋਈ ਦੂਰ ਦਾ ਵੀ ਵਾਸਤਾ ਹੈ? ਯਾਦ ਰਹੇ ਡੇਰਿਆਂ ਤੇ ਸੰਗਤਾਂ ਜਾਂ ਗੁਰਸਿੱਖ ਨਹੀਂ ਜਾਂਦੇ! ਭੀੜਾਂ ਜਾਦੀਆਂ ਹਨ ਜਾਂ ਗਾਹਕ ਜਾਂਦੇ ਹਨ ਤੇ ਗਾਹਕਾਂ ਲਈ ਵੱਧ ਤੋਂ ਵੱਧ ਅਤੇ ਵਧੀਆ ਪ੍ਰਬੰਧ ਡੇਰੇਦਾਰ ਕਰਦਾ ਹੈ। ਅਟੈਚ-ਵਾਸ਼ਰੂਮ ਕਮਰੇ, ਏਅਰਕੰਡੀਸ਼ਨ ਕਮਰੇ, ਗਰਮ ਠੰਠੇ ਪਾਣੀਆਂ ਦਾ ਪ੍ਰਬੰਧ, ਖਾਣ ਪੀਣ ਵੱਖਰਾ, ਤੁੜਕਿਆਂ ਵਾਲੇ ਖਾਣੇ ਅਤੇ ਪੀਜੇ ਬਰਗਰ ਤਾਂ ਇਸ ਮੌਡਰਨ ਬਾਬੇ ਦੀ ਕਾਢ ਹੈ! ਡੇਰੇਦਾਰ ਮਨੁੱਖ ਦੀ ਸਾਇਕੀ ਨੂੰ ਬਾਖੂਭ ਸਮਝਦਾ ਹੈ ਤੇ ਉਹ ਗਾਹਕ ਦੇ ਹਿਸਾਬ ਉਸ ਨੂੰ ਅਸ਼ੀਰਵਾਦਾਂ ਤੇ ਸਹੂਲਤਾਂ ਦਿੰਦਾ ਹੈ। ਅਮੀਰ ਗਾਹਕ ਲਈ ਹੋਰ ਤੇ ਗਰੀਬ ਲਈ ਹੋਰ। ਬਾਹਰ ਵਾਲਿਆਂ ਲਈ ਹੋਰ ਤੇ ਅੰਦਰ ਵਾਲਿਆਂ ਲਈ ਹੋਰ! ਜਿੰਨਾਂ ਗੁਰੂ ਸਾਹਿਬਾਨਾ ਦੇ ਤਖਤ ਬਣਾਉਣ ਦੀਆਂ ਇਹ ਡੀਂਗਾ ਮਾਰਦੇ ਹਨ ਉਸ ਗੁਰੂ ਦੇ ਲੰਗਰ ਵਿਚ ਤਾਂ ਗਰੀਬ ਵੀ ਉਥੇ ਬਹਿੰਦਾ ਸੀ ਤੇ ਅਕਬਰ ਵਰਗਾ ਹਿੰਦੋਸਤਾਨ ਦਾ ਬਾਦਸ਼ਾਹ ਵੀ? ਇਨ੍ਹਾਂ ਸਿੱਖਿਆ ਕੀ ਗੁਰੂ ਸਹਿਬਾਨਾ ਦੇ ਜੀਵਨ ਤੋਂ? ਚੇਲਿਆਂ ਵੀ ਤੇ ਬਾਬੇ ਵੀ?

ਕੁਝ ਇੱਕ ਸਾਲਾਂ ਦੀ ਗੱਲ ਹੈ ਟਰੰਟੋ ਦੇ ਸਾਰੇ ਬੁਲੰਦਪੁਰੀਏ ਇਕੇ ਜਿਹੀਆਂ ਵਰਦੀਆਂ ਪਾ ਕੇ ਪਹਿਲੇ ਮਰੇ ਸਾਧ ਦੇ ਸਰਾਧ ਪਾਉਂਣ ਯਾਨੀ ਬਰਸੀ ਮਨਾਉਂਣ ਜਾ ਰਹੇ ਸਨ। ਮੈਂ ਵੀ ਉਸੇ ਜਹਾਜ ਵਿਚ ਸੀ। ਵਾਸ਼ਰੂਮ ਦੇ ਬਾਰ ਮੂਹਰੇ ‘ਵੇਟ’ ਕਰਦਾ ਇਕ ਚੇਲਾ ਇਨ੍ਹਾਂ ਦਾ ਮੇਰੇ ਨਾਲ ਗੱਲੀ ਲੱਗ ਗਿਆ। ਉਹ ਅਪਣੇ ਵਲੋਂ ਡੇਰੇ ਦੀ ‘ਪ੍ਰਮੋਸ਼ਨ’ ਕਰਦਾ ਡੇਰੇ ਦੇ ਪੁੱਲ ਬੰਂਨਣ ਲੱਗ ਪਿਆ। ਬਾਬਾ ਜੀ ਇੳਂੁ, ਬਾਬਾ ਜੀ ਜਿਉਂ, ਬਾਬਾ ਜੀ ਧਰਤੀ ਤੇ, ਬਾਬਾ ਜੀ ਅਕਾਸ਼ ਤੇ, ਜਲੇ ਥਲੇ ਬਾਬਾ ਜੀ ਹੀ ਬਾਬਾ ਜੀ! ਉਹ ਕਈ ਚਿਰ ਬਾਬੇ ਅਪਣੇ ਦੇ ਵੈਣ ਮੇਰੇ ਕੋਲੋ ਪਾਉਂਦਾ ਰਿਹਾ। ਤੇ ਆਖਰ ਮੈਨੂੰ ਬਲੁੰਦਪੁਰੇ ਦੀ ‘ਦਰਗਾਹ’ ਬਾਰੇ ਦੱਸਦਾ ਕਹਿਣ ਲੱਗਾ ਕਿ ਬਾਬਾ ਜੀ ਨੇ ਧਰਤੀ ਪੁਰ ਸਵਰਗ ਬਣਾਇਆ ਹੈ ਤੁਸੀਂ ਪੰਜਾਬ ਜਾ ਰਹੇ ਹੋ ਇੱਕ ਵਾਰ ਜਰੂਰ ਆਉਂਣਾ ਤੁਸੀਂ ਬਾਰ ਬਾਰ ਆਉਂਗੇ। ਬੱਚਿਆਂ ਨੂੰ ਖਾਸ ਕਰਕੇ ਲੈ ਕੇ ਆਉਣਾ ਉਨ੍ਹਾਂ ਦਾ ਉਥੇ ਖਾਣ-ਪੀਣ ਦਾ ਪੂਰਾ ਪ੍ਰਬੰਧ ਹੁੰਦਾ। ਬਾਬਾ ਜੀ ਬੱਚਿਆਂ ਦੀਆਂ ਲੋੜਾਂ ਦਾ ਖਾਸ ਖਿਆਲ ਰੱਖਦੇ ਹਨ, ਉਨ੍ਹਾਂ ਲਈ ਪੀਜਾ-ਬਰਗਰ ਸਭ ਕੁਝ ਦਾ ਪ੍ਰਬੰਧ ਕਰਦੇ ਨੇ! ਬੜੀ ਮਿਹਰ ਹੈ ਬਾਬਾ ਜੀ ਦੀ!

ਤੇ ਭਰਾ ਜੇ ਕਿਸੇ ਉਥੇ ਦੇ ਲੋਕਲ ਗਰੀਬ ਦੇ ਬੱਚੇ ਦਾ ਪੀਜਾ-ਬਰਗਰ ਖਾਂਣ ਨੂੰ ਦਿੱਲ ਕਰ ਆਏ ਬਾਬਾ ਜੀ ਉਸ ਉਪਰ ਵੀ ‘ਮਿਹਰ’ ਕਰਦੇ ਜਾਂ ਸਾਰੀਆਂ ‘ਮਿਹਰਾਂ’ ਬਾਹਰਲਿਆਂ ਵਾਸਤੇ ਹੀ ਹਨ?
ਉਹ ਮੇਰੀ ਇਨੀ ਕੁ ਹੀ ‘ਨੁਕਤਾਚੀਨੀ’ ਬਰਦਾਸ਼ਤ ਨਾਂ ਕਰ ਸਕਿਆ ਤੇ ਢੈਲਾ ਜਿਹਾ ਮੂੰਹ ਕਰਕੇ ਵਾਸ਼ਰੂਮ ਵੜ ਗਿਆ ਤੇ ਮੇਰੇ ਕੋਲੋਂ ਲੰਘਦੇ ਸਮੇ ਉਸ ਅੱਖ ਵੀ ਨਾ ਰਲਾਈ!

ਪਿੱਛੇ ਤੁਸੀਂ ਦੇਖ ਆਏ ਹੋਂ ਕਿ ਬਾਬਾ ਜੀਤ ਸਿੰਘ ਪ੍ਰਤਾਪੁਰੇ ਦਾ ਸਧਾਰਣ ਜਿਹਾ ਕਿਰਤੀ ਬੰਦਾ ਸੀ। ਪਰ ਕਿਉਂਕਿ ਉਹ ਨਾਨਕਸਰੀਆ ਦੇ ਆਮ ਜਾਂਦਾ ਰਹਿੰਦਾ ਹੁੰਦਾ ਸੀ ਤੇ ਉਥੇ ਕੁਝ ਸਾਲ ਰਿਹਾ ਵੀ ਸੀ ਤੇ ਉਥੋਂ ਹੀ ਸ਼ਾਇਦ ਉਸ ਨੂੰ ਲਗਨ ਲੱਗੀ ਹੋਵੇ ਕਿ ਝਿੜੀਆਂ ਜਾਂ ਕੁੱਲੀਆਂ ਵਿਚ ਬਹਿ ਕੇ ਨਾਮ ਜਪਣਾ ਹੀ ਭਗਤੀ ਹੈ ਤੇ ਉਹ ਕੁਝ ਚਿਰ ਨਾਨਕਸਰ ਰਹਿ ਕੇ ਬੁਲੰਦੇ ਆਣ ਬੈਠਾ। ਇਹ ਗੱਲ ਤਾਂ ਪੱਕੀ ਹੈ ਉਹ ਵਿਚਾਰਾ ਸਾਰੀ ਜਿੰਦਗੀ ਗੁਰਬਤ ਅਤੇ ਗਰੀਬੀ ਨਾਲ ਘੁਲਦਾ ਰਿਹਾ ਅਤੇ ਅਖੀਰੀ ਜਿਹੀ ਉਮਰੇ ਉਸ ਨੂੰ ਵੀ ਸੰਤ ਬਣਨ ਦਾ ਸ਼ੌਕ ਪੈਦਾ ਹੋ ਗਿਆ ਹੋਵੇਗਾ ਜਾਂ ਉਸ ਦਾ ਸ਼ੁਰੂ ਮੱਕਸਦ ਤਾਂ ਰੱਬ ਦੀ ਬੰਦਗੀ ਹੀ ਹੋਵੇਗਾ ਪਰ ਮੱਥੇ ਟੇਕਣ ਵਾਲਿਆਂ ਉਸ ਦਾ ਅੰਦਰਲਾ ‘ਸੰਤ’ ਜਗਾ ਦਿੱਤਾ ਹੋਵੇਗਾ। ਅਤੇ ਉਸ ਛੋਟੀ ਜਿਹੀ ਕੁੱਲੀ ਤੋਂ ਡੇਰਾ ਬਣਾਉਣਾ ਸ਼ੁਰੂ ਕਰ ਦਿੱਤਾ ਜਿਸ ਲਈ ਉਸ ਦੀ ਖਾਸ ਮਦਦ ਬਲਦੇਵ ਸਿੰਘ ਦੇ ਵੱਡੇ ਭਰਾ ਹਰਬੰਸ ਸਿੰਘ ਨੇ ਕੀਤੀ ਅਤੇ ਬਲਦੇਵ ਸਿੰਘ ਵੀ ਬਾਹਰੋਂ ਪੈਸਾ ਭੇਜਦਾ ਰਿਹਾ। ਇਸ ਦੇ ਇਕ ਚੇਲੇ ਮੈਨੂੰ ਦੱਸਿਆ ਕਿ ਬਾਬਾ ਜੀ ਬੁਲੰਦਪਰੁ ਦੀ ਜਦ ‘ਸੇਵਾ’ ਕਰਵਾ ਰਹੇ ਸਨ ਤਾਂ ਬਲਦੇਵ ਸਿੰਘ ਨੂੰ ਪੈਸੇ ਭੇਜਣ ਨੂੰ ਕਿਹਾ ਤਾਂ ਇਹ ਕਹਿਣ ਲੱਗੇ ਕਿ ਬਾਬਾ ਜੀ ਪੈਸੇ ਤਾਂ ਮੁੱਕ ਗਏ ਤਾਂ ਬਾਬਾ ਜੀਤ ਸਿੰਘ ਕਹਿਣ ਲੱਗੇ ਤੂੰ ਅਪਣੇ ਘਰੇ ਰੱਖੀ ਹੋਈ ਫਲਾਣੀ ਬਾਰੀ ਖੋਹਲ ਤੇ ਜਦ ਬਲਦੇਵ ਸਿੰਘ ਨੇ ਉਹ ਬਾਰੀ ਖੋਹਲੀ ਤਾਂ ਉਹ ਡਾਲਰਾਂ ਦੀ ਭਰੀ ਪਈ ਸੀ?

ਇਹ ਦੱਸਣ ਜਾਂ ਪੁੱਛਣ ਦੀ ਕਿਸੇ ਚੇਲੇ ਨੂੰ ਲੋੜ ਨਹੀਂ ਕਿ ਬਾਬੇ ਜੀਤ ਸਿੰਘ ਨੇ ਡਾਲਰਾਂ ਵਾਲੀ ਬਾਰੀ ਇਨੀ ਦੂਰ ਜੋ ਪ੍ਰਗਟ ਕੀਤੀ ਉਥੇ ਹੀ ਕੱਢ ਕੱਢ ਲਾਈ ਜਾਂਦਾ! ਪਰ ਉਹ ‘ਸਤਸੰਗੀ’ ਹੀ ਕੀ ਹੋਇਆ ਜੋ ਸਾਧ ਅਪਣੇ ਨੂੰ ਸਵਾਲ ਕਰ ਗਿਆ। ਸਵਾਲ ਹੀ ਤਾਂ ਮਾਰਦੇ ਇਹ ਬੰਦੇ ਵਿਚੋਂ। ਸਵਾਲ ਸਾਰੇ ਬੰਦੇ ਦੇ ਸਿਰ ਵਿਚੋਂ ਕੱਢ ਲੈਂਦੇ ਤੇ ਖਾਲੀ ਸਿਰ ਇਨ੍ਹਾਂ ਦੇ ਪੈਰਾਂ ਤੇ ਡਿੱਗੀ ਜਾਂਦਾ।ਸਵਾਲ ਵਾਲੇ ਦਾ ਇਹ ਗਿਆਨੀ ਕਹਿ ਕੇ ਮਖੌਲ ਉਡਾਉਂਦੇ ਨੇ। ਮੱਤ ਸੋਚਣਾ ਕਿ ਸਾਧ ਦੇ ਖਰੋੜਿਆਂ ਤੇ ਡਿੱਗਣ ਵਾਲੇ ਬੰਦੇ ਦੇ ਸਿਰ ਵਿਚ ‘ਸਿਰ’ ਹੈ। ਉਪਰ ਸੋਹਣੀ ਵੜੀ ਦਿੱਸਦੀ ਦਸਤਾਰ ਹੇਠੋਂ ਸਿਰ ਡੇਰੇ ਨੇ ਕੱਢ ਲਿਆ ਹੈ। ਨਹੀਂ ਤਾਂ ਤੁਸੀਂ ਦੱਸੋ ਕਿ ਮਰੇ ਸਾਧਾਂ ਦੀਆਂ ਬਰਸੀਆਂ ਯਾਨੀ ਸਰਾਧਾਂ ਤੇ ਢਾਣੇ ਬੰਨ ਕੇ ਤੁਰੇ ਫਿਰਦੇ ਕਦੇ ਗੁਰੂ ਦੇ ਸਾਹਿਬਜਾਦਿਆਂ, ਸ਼ਹੀਦਾਂ, ਗੁਰੂ ਸਾਹਿਬਾਨਾ ਦੇ ਪੁਰਬਾਂ ਤੇ ਇੰਝ ਢਾਣੇ ਬੰਨ ਕੇ, ਚਾਰਟਰ ਫਲਾਇਟਾਂ ਕਰਕੇ ਗਏ ਦੇਖੇ? ਜਿਵੇਂ ਅਪਣੇ ਸਾਧੜਿਆਂ ਦੀਆਂ ਕਹਾਣੀਆਂ ਵੈਣ ਪਾ ਪਾ ਦੱਸਦੇ ਕਦੇ ਗੁਰੂ ਦੇ ਸਿੱਖਾਂ ਦੀਆਂ ਦੱਸਦੇ? ਕਿਵੇਂ ਕਹਿੰਨੇ ਤੁਸੀਂ ਕਿ ‘ਸਾਧ’ ਨੇ ਇਨ੍ਹਾਂ ਵਿਚ ਸਿਰ ਰਹਿਣ ਦਿੱਤਾ ਹੈ? ਬਾਬੇ ਜੀਤ ਸਿੰਘ ਦੇ ਜੱਦੀ ਪਿੰਡ, ਪ੍ਰਤਾਪਪੁਰੇ ਦੀਆਂ ਗਲੀਆਂ ਵਿਚ ਗਲਾਂ ਵਿਚ ਢੋਲਕੀਆਂ ਪਾ ਪਾ ਜਲੂਸ ਕੱਢਦੇ ਫਿਰਦੇ ਕਿ ‘ਧੰਨ ਪ੍ਰਤਾਪਪੁਰੇ ਦੀਆਂ ਗਲੀਆਂ ਜਿਥੇ ਸਾਡਾ ਪ੍ਰੀਤਮ ਖੇਡਿਆ’? ਕਹਿਣਾ ਤਾਂ ਚਾਹੀਦਾ ਸੀ ‘ਪ੍ਰਤਾਪਪੁਰੇ ਦੀਆਂ ਬਦਨਸੀਬ ਗਲੀਆਂ ਜਿਥੇ ਬਾਬਾ ਜੀਤਾ ਵਿਚਾਰਾ ਭੁੱਖ ਅਤੇ ਗਰੀਬੀ ਨਾ ਘੁਲਦਾ ਰਿਹਾ’ ਪਰ ਇਹ ਉਸ ਨੂੰ ਖੇਡਿਆ ਹੀ ਦੱਸੀ ਜਾਂਦੇ ਹਨ। ਹੁਣ ਤੁਸੀਂ ਦੱਸੋ ਕਿ ਇਹ ਸਿਰ ਵਾਲੇ ਬੰਦਿਆ ਦੀਆਂ ਗੱਲਾਂ? ਉਸ ਦਾ ਜੀਵਨ ਤਾਂ ਤੰਗੀਆਂ-ਤਰੁਸ਼ੀਆਂ ਵਿਚ ਲੰਘ ਗਿਆ ਇਨ੍ਹਾਂ ਨੂੰ ਖੇਡਾਂ ਸੁਝਣ ਡਹੀਆਂ ਨੇ।

ਮੁੱਕਦੀ ਗੱਲ ਕਿ ਬਾਬਾ ਜੀਤ ਸਿੰਘ ਬਲੁੰਦੇ ਪਿੰਡ ਡੇਰਾ ਜਮਾ ਕੇ ਬੈਠ ਗਿਆ ਜਿਸ ਨੂੰ ਪਿੱਛੋਂ ਬਾਬਾ ਬਲਦੇਵ ਸਿੰਘ ਨੇ ਲਾਲ ਕਿਲੇ ਵਰਗਾ ਆਲੀਸ਼ਾਨ ਕਰ ਦਿੱਤਾ ਤੇ ਜਿਸ ਦੀ ‘ਕਾਰ ਸੇਵਾ’ ਹਾਲੇ ਤੱਕ ਨਿਰੰਤਰ ਚਲ ਰਹੀ ਹੈ। ਨਹੀਂ ਤਾਂ ਨਾਮ ਜਪਣ ਲਈ ਜਾਂ ਭਗਤੀ ਕਰਨ ਲਈ ਜਾਂ ਰੱਬ ਨੂੰ ਯਾਦ ਕਰਨ ਲਈ, ਜਾਂ ਰੱਬ ਨੂੰ ‘ਪਾਉਣ’ ਲਈ ਜਾਂ ਰੱਬ ਨੂੰ ਮਿਲਣ ਲਈ, ਜਾਂ ਪ੍ਰਚਾਰ ਕਰਨ ਲਈ ਹੀ ਸਹੀਂ ਦੱਸੋ ਡੇਰੇ ਦੀ ਕੀ ਲੋੜ ਹੈ। ਡੇਰਾ ਬਣਾਉਂਣਾ ਹੀ ਇਹ ਸਾਬਤ ਕਰਦਾ ਕਿ ਬੰਦੇ ਅੰਦਰ ਉਸ ਹੰਕਾਰੀ ਮਨੁੱਖ ਨੇ ਸਿਰ ਚੁੱਕ ਲਿਆ ਹੈ ਜਿਹੜਾ ਲੁਕਾਈ ਕੋਲੋਂ ਅਪਣੀ ਪੂਜਾ-ਪ੍ਰਸ਼ਟਾ ਕਰਾਉਂਣੀ ਚਾਹੁੰਦਾ, ਮੱਥੇ ਟਿਕਾਉਂਣੇ ਚਾਹੁੰਦਾ, ਰੱਬ ਬਣਕੇ ਵਿਚਰਨਾ ਚਾਹੁੰਦਾ, ਵੰਨ-ਸਵੁੰਨੀਆਂ ਬੀਬੀਆਂ ਦੇ ਸਿਰ ਹੱਥ ਰੱਖਣੇ ਚਾਹੁੰਦਾ ਤੇ ਖੁਦ ਕਾਨੇ ਵਾਂਗ ਆਕੜ ਕੇ ਅਸ਼ੀਰਵਾਦ ਦੇਣੀ ਚਾਹੁੰਦਾ। ਤੁਸੀਂ ਸੋਚ ਵੀ ਨਹੀਂ ਸਕਦੇ ਕਿ ਉਪਰੋਂ ਅੱਤ ਨਿਮਰ ਦਿੱਸਣ ਵਾਲੇ ‘ਸੰਤ’ ਦਾ ਅੰਦਰਲਾ ਮਨੁੱਖ ਕਿੰਨਾ ਹੰਕਾਰੀ ਹੈ। ਉਸ ਦੇ ਡੇਰੇ ਦੇ ਦੂਰੋਂ ਦਿੱਸਦੇ ਵੱਡੇ ਵੱਡੇ ਗੁੰਬਜ਼ ਉਸ ਦੇ ਹੰਕਾਰ ਦੀ ਇੰਤਹਾ ਹਨ!

ਉਹ ਲੁਕਾਈ ਨੂੰ ਦੂਰੋਂ ਦਿੱਸਣਾ ਚਾਹੁੰਦਾ, ਬਹੁਤ ਦੂਰੋਂ? ਤੇ ਦੂਰੋਂ ਦਿੱਸਣ ਲਈ ਉਸ ਨੂੰ ਸੱਤ ਮੰਜਲਾ ਵੱਡਾ ਡੇਰਾ ਚਾਹੀਦਾ! ਤੇ ਸੱਤ ਮੰਜਲੇ ਡੇਰੇ ਲਈ ਫਿਰ ਉਹ ਕਹਾਣੀ ਘੜਦਾ! ਪਿੱਛਲੇ ਜਨਮ ਦੀ। ਪਿੱਛਲੇ 100 ਜਨਮ ਦੀ? ਇਸ ਜਨਮ ਵਿਚ ਤਾਂ ਉਸ ਫੜਿਆ ਜਾਣਾ ਪਿੱਛਲੇ ਜਨਮ ਵਿਚ ਫੜੇ ਜਾਣ ਦਾ ਕੋਈ ਖਤਰਾ ਨਹੀਂ, ਕੋਈ ਡਰ ਨਹੀਂ! ਕਿਵੇਂ ਫੜੋਗੇਂ ਤੁਸੀਂ ਮੇਰਾ ਪਿੱਛਲਾ ਜਨਮ। ਕਿਹੜਾ ਥਰਮਾਮੀਟਰ ਹੈ ਪਿੱਛਲਾ ਜਨਮ ਫੜਨ ਦਾ? ਕਿੰਨੀ ਸੌਖੀ ਅਤੇ ਸਾਫ ਕਹਾਣੀ ਹੈ, ਕੋਈ ਡਰ ਨਹੀਂ, ਕੋਈ ਤੌਖਲਾ ਨਹੀਂ ਪਿੱਛਲੇ ਜਨਮ ਦਾ! ਕੋਈ ਹੈ? ਜਿਦਾਂ ਦੀ ਮਰਜੀ ਘੜੋ, ਜਿੰਨੀ ਮਰਜੀ ਵੱਡੀ ਗੱਪ ਛੱਡੋ ਕੋਈ ਨਹੀਂ ਫੜ ਸਕਦਾ। ਗੱਲ ਨੂੰ ਥੋੜਾ ਸਮਝੋ। ਸਦੀਆਂ ਤੋਂ ਪੰਡੀਆਂ ਤੇ ਹੁਣ ਅਪਣੇ ਵਾਲੇ ਸਾਧ ਪਿੱਛਲੇ ਜਨਮਾ ਵਿਚ ਭਲਾ ਕਿਉਂ ਜਾਦੇ ਨੇ? ਪਤਾ ਕਿਉਂ ਜਾਂਦੇ ਨੇ? ਲੁੱਕਣ ਲਈ! ਝੂਠ ਹਮੇਸ਼ਾਂ ਲੁੱਕਣਾ ਚਾਹੁੰਦਾ ਹੁੰਦਾ ਤੇ ਇਨ੍ਹਾਂ ਦੀ ਲੁੱਕਣ ਦੀ ਸਭ ਤੋਂ ਸੁਰਖਿਅਤ ਥਾਂ ਹੈ ਪਿੱਛਲਾ ਜਨਮ!

ਮੈਨੂੰ ਪਤੈ ਬਾਬੇ ਨੇ ਮੇਰੀਆਂ ਇਨ੍ਹਾਂ ਗੱਲਾਂ ਨੂੰ ਵੀ ਪਿੱਛਲੇ ਜਨਮ ਦੇ ਖਾਤੇ ਵਿਚ ਪਾ ਦੇਣਾ ਹੈ ਕਿਉਂਕਿ ਉਹ ਅਪਣੀ ਇਕ ‘ਕਥਾ’ ਵਿਚ ਕਹਿੰਦਾ ਹੈ ਕਿ ਕੋਈ ਜੇ ਸਾਡੀ ਨਿੰਦਿਆ ਕਰਦਾ ਹੈ ਤਾਂ ਤੁਹਾਨੂੰ ਗੁੱਸੇ ਵਿਚ ਆਉਂਣ ਦੀ ਲੋੜ ਨਹੀਂ। ਉਹ ਅਪਣੇ ਪਿੱਛਲੇ ਜਨਮ ਦਾ ਕੋਈ ਬਦਲਾ ਲੈ ਰਿਹਾ ਹੈ ਜਰੂਰ ਕਿਤੇ ਅਸੀਂ ਪਿੱਛਲੇ ਜਨਮ ਵਿਚ ਉਸ ਦੀ ਨਿੰਦਿਆ ਕੀਤੀ ਹੋਵੇਗੀ!

ਕਿੰਨਾ ਅਸਾਨ ਲੁਕਾਈ ਨੂੰ ਮੂਰਖ ਬਣਾਉਂਣਾ ਤੇ ਜਵਾਬ ਤੋਂ ਦੌੜਨਾ। ਨਹੀਂ ਤਾਂ ਜੇ ਪਿੱਛਲੇ ਜਨਮ ਦਾ ਹੀ ਲੇਖਾ ਹੈ ਤਾਂ ਇਨ੍ਹਾਂ ਦੇ ਅਪਣੇ ਹੀ ਵੈਨਕੁਵਰ ਦੇ ਇੱਕ ਪੁਰਾਣੇ ਚੇਲੇ ਮੁਤਾਬਕ ਨਿੰਦਿਆਂ ਕਰਨ ਦੇ ਜੁਰਮ ਵਿਚ ਉਸ ਦੀ ਇਨ੍ਹਾਂ ਧੌੜੀ ਲਾਹੀ। ਕਿਉਂਕਿ ਉਹ ਇਨ੍ਹਾਂ ਵਿਰੁਧ ਬਾਬੇ ਦੀ ਸਕੀ ਭਤੀਜੀ ਨਾਲ ਰਲ ਕੇ ਗੱਦੀ ਉਪਰ ਕਾਬਜ ਹੋਣਾ ਚਾਹੁੰਦਾ ਸੀ, ਜਾਂ ਭਤੀਜੀ ਨੂੰ ਕਰਨਾ ਚਾਹੁੰਦਾ ਸੀ ਕਿਉਂਕਿ ਭਤੀਜੀ ਮੁਤਾਬਕ ਬੁਲੰਦੇ ਦਾ ਡੇਰਾ ਖੜਾ ਕਰਨ ਵਿਚ ਬਾਬਾ ਜੀਤ ਸਿੰਘ ਦੀ ਜਿਆਦਾ ਮਦਦ ਉਸ ਦੇ ਬਾਪ ਹਰਬੰਸ ਸਿੰਘ ਯਾਨੀ ਬਲਦੇਵ ਸਿੰਘ ਦੇ ਭਰਾ ਨੇ ਕੀਤੀ ਸੀ, ਪਰ ਕਬਜਾ ਬਲਦੇਵ ਸਿੰਘ ਨੇ ਕਰ ਲਿਆ। ਸੋਹਲ ਨਾਂ ਦੇ ਬੰਦੇ ਦੱਸਿਆ ਕਿ ਉਸ ਨਾਲ ਨਾ ਮਿਲ-ਵਰਤਣ ਰੱਖਣ ਲਈ ਬਾਕੀ ਸਭ ਚੇਲਿਆਂ ਜਾਂ ‘ਸੰਗਤਾਂ’ ਨੂੰ ਸ੍ਰੀ ਗੁਰੂ ਜੀ ਦੀ ਹਜੂਰੀ ਵਿਚ ਸੌਹਾਂ ਖਵਾਈਆਂ ਗਈਆਂ, ਕਿ ਇਸ ਨਾਲ ਕੂਣ-ਬੋਲਣ ਵੀ ਨਹੀਂ ਰੱਖਣਾ ਤੇ ਭਤੀਜੀ ਬਾਬੇ ਦੀ ਹੁਣ ਇਨ੍ਹਾਂ ਤੋਂ ਲੁੱਕਦੀ ਫਿਰਦੀ ਹੈ। ਤੇ ਅਪਣੀ ਸਕੀ ਭਤੀਜੀ ਉਪਰ ਉਸ ਬੰਦੇ ਨਾਲ ਭੋਰੇ ਵਿਚ ਜਾ ਕੇ ‘ਘੋਰ-ਤੱਪ’ ਕਰਨ ਦੇ ਇਲਜਾਮ ਇਨ੍ਹਾਂ ਵਲੋਂ ਲਾਏ ਗਏ। ਇਹ ਕਿਹੜੇ ਜਨਮ ਦੀ ਕਹਾਣੀ ਹੈ ਜਾਂ ਬਦਲਾ ਹੈ! ਪਿਛਲੇ, ਅਗਲੇ ਜਾਂ ਹੁਣ ਵਾਲੇ ਜਾਂ ਕਿਸੇ ਹੋਰ ਦਾ ਜਾਂ ਉਦੋਂ ਵੀ ਹੋਰ ਦਾ? ਜਿਹੜੇ ਦਾ ਮਰਜੀ ਕਹਿ ਦਿਓ ਕਿਹੜਾ ਕਿਸੇ ਪੁੱਛਣਾ। ਬਾਕੀ ਜਨਮਾ ਦੀ ਕਹਾਣੀ ਅਗਲੇ ਐਤਵਾਰ ਯਾਨੀ...

ਚਲਦਾ - ਬਾਕੀ ਅਗਲੇ ਐਤਵਾਰ...

ਖਾਸ ਨੋਟ - ਮੈਨੂੰ ਬੜਾ ਦੁੱਖ ਹੈ ਕਿ ਸਾਧਾਂ ਨੂੰ ਵਾਹਣੇ ਪਾਉਣ ਦੀਆਂ ਗੱਲਾਂ ਕਰਨ ਵਾਲੇ ਕੁਝ ਭਰਾ ਇਨ੍ਹਾਂ ਦੀ ਗੱਲ ਕਰਨੋਂ ਦੌੜ ਗਏ। ਖਾਸ ਕਰ ਵੈਨਕੁਵਰ ਵਾਲਿਆਂ 'ਤੇ ਮੈਨੂੰ ਆਸ ਸੀ, ਤੇ ਉਨ੍ਹਾਂ ਭਰੋਸਾ ਵੀ ਦਵਾਇਆ ਸੀ, ਪਰ ਸਿਵਾਏ ਪੰਜਾਬ-ਗਾਰਡੀਅਨ ਦੇ, ਸਭ ਨੇ ਫਤਿਹ ਬੁਲਾਉਂਣੀ ਭਲੀ ਸਮਝੀ। ਪਰ ਫਿਰ ਵੀ ਮੈਂ ਸ੍ਰ. ਕੁਲਦੀਪ ਸਿੰਘ ਸ਼ੇਰੇ ਪੰਜਾਬ ਰੇਡੀਓ ਵਰਗੇ ਭਰਾਵਾਂ ਦਾ ਧੰਨਵਾਦ ਕਰਦਾਂ, ਜਿੰਨਾ ਮੇਰੀ ਇਸ ਮਸਲੇ 'ਤੇ ਕਾਫੀ ਮਦਦ ਕੀਤੀ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top