ਜੇਹਲ
ਯਾਤਰਾ ਸਮੇਂ ਦੀ ਇਕ ਮਹਾਨ ਪ੍ਰਾਪਤੀ
ਉਸ ਵੱਡੇ ਹਾਤੇ ਵਿੱਚ ਸਵੇਰ ਦੇ ਨਿਤਨੇਮ ਤੋਂ ਬਾਅਦ ਸਾਰਾ
ਦਿਨ ਇਕਲਤਾ ਵਿਚ ਗੁਜ਼ਰਦਾ ਨਹੀਂ ਸੀ। ਮੈਨੂੰ ਪਤਾ ਲਗਾ ਕਿ ਜੇਲ੍ਹ ਵਿੱਚ
ਲਾਇਬਰੇਰੀ ਹੈ, ਜਿਥੋਂ ਕਿਤਾਬਾਂ ਮਿਲ ਜਾਂਦੀਆਂ ਹਨ। ਮੈਂ ਸੰਤਰੀ ਨੂੰ ਆਖਕੇ
ਲਾਇਬਰੇਰੀ ਤੋਂ ਕਿਤਾਬਾਂ ਦੀ ਲਿਸਟ ਮੰਗਾਈ। ਲਿਸਟ ਪੜ੍ਹ ਕੇ ਹੋਰ ਖੁਸ਼ੀ ਹੋਈ ਕੇ
ਲਾਇਬਰੇਰੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਭੀ ਹਨ।
ਸਮਾਂ ਮਿਲ ਗਿਆ, ਇੱਕਲਾ ਸਾਂ, ਗੁਰੂ ਗ੍ਰੰਥ ਸਾਹਿਬ ਦੀਆਂ
ਸੈਂਚੀਆਂ ਮਗਵਾ ਲਈਆਂ ਤੇ ਅਰਦਾਸ ਕਰਕੇ ਇਕ ਸਹਿਜ ਪਾਠ ਰਖ ਲਿਆ, ਕੋਲ ਕਾਪੀ
ਪੈਨਸਿਲ ਰੱਖ ਲੈਣੀ। ਸਹਿਜ ਸਹਿਜ ਨਾਲ ਬਾਣੀ ਨੂੰ ਵਿਚਾਰ ਕੇ ਨੋਟ ਲਿਖਣੇ, ਖਾਸ
ਗੁਰਮਤਿ ਦੀਆਂ ਘੁੰਡੀਆਂ ਖੁਲਣੀਆਂ ਅਤੇ ਨੋਟ ਕਰਨੀਆਂ। ਇਓਂ ਦਿਹਾੜੀ ਵਿੱਚ ਪੰਜ
ਸੱਤ ਪੱਤਰੇ ਪਾਠ ਕਰਨਾ ਚਾਰ ਮਹੀਨਿਆਂ ਵਿੱਚ ਇੱਕ ਭੋਗ ਪਿਆ।
ਮੈਂ
ਸਮਝਦਾ ਹਾਂ ਕਿ ਮੇਰੇ ਜੀਵਨ ਦੀ ਇੱਕ ਵੱਡੀ ਪ੍ਰਾਪਤੀ ਦੇ ਇਹ ਦਿਨ ਸਨ, ਜਦੋਂ
ਗੁਰਮਤਿ ਗੁਰਬਾਣੀ ਦੀ ਖੋਜ ਦਾ ਇਹ ਵੱਡਾ ਖਜ਼ਾਨਾ ਮੇਰੇ ਹਥ ਲਗਾ। ਉਨ੍ਹੀਂ
ਦਿਨੀ ਭਾਈ ਸਾਹਿਬ ਜਥੇਦਾਰ ਗੁਰਦੇਵ ਸਿੰਘ ਜੀ ਕਾਉਂਕੇ ਭੀ ਉਸੇ ਜੇਹਲ ਵਿਚ ਆ ਗਏ,
ਪਰ ਸਾਨੂੰ ਕਦੇ ਭੀ ਆਪਸ ਵਿਚ ਨਾ ਮਿਲਣ ਦਿਤਾ ਗਿਆ।
ਬਸ ਜਿਸ ਦਿਨ ਮੈਂ ਸਹਿਜ ਪਾਠ ਦਾ ਭੋਗ ਪਾਇਆ, ਉਸ ਦਿਨ
ਪ੍ਰਸ਼ਾਦ ਵਜੋਂ ਮਿਸ਼ਰੀ ਦੇ ਦੋ ਦਾਨੇ ਗੁਰਦੇਵ ਸਿੰਘ ਕਾਉਂਕੇ ਜੀ ਨੂੰ ਲਾਂਗਰੀ ਦੇ
ਹੱਥ ਭੇਜਕੇ ਇਹ ਅਹਿਸਾਸ ਕੀਤਾ ਕਿ ਅਸੀਂ ਇਕ ਜੇਹਲ ਵਿੱਚ ਇੱਕਠੇ ਹਾਂ।
ਸੱਤ ਮਹੀਨੇ ਬਾਅਦ ਹਾਈਕੋਰਟ ਤੋਂ ਮੇਰੀ ਜ਼ਮਾਨਤ ਹੋਈ ਅਤੇ
ਕੋਰਟ ਵਲੋਂ ਮੇਰੀ ਹਰਿਆਣੇ ਵਿੱਚ ਪ੍ਰਵੇਸ਼ ਉੱਤੇ ਪਾਬੰਦੀ ਲਾ ਦਿੱਤੀ ਗਈ।