Share on Facebook

Main News Page

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਲਿਖੀ ਗਈ ਉਨ੍ਹਾਂ ਦੇ ਜੀਵਨ ਦੀਆਂ ਆਪ ਬੀਤੀਆਂ
"ਬੋਲਹਿ ਸਾਚੁ ਮਿਥਿਆ ਨਹੀ ਰਾਈ" ਭਾਗ ਸੱਤਵਾਂ

ਗ੍ਰਿਫਤਾਰੀ ਦੀਆਂ ਸਾਜਸ਼ਾਂ

ਸਰਕਾਰ ਨੇ ਮੇਰੇ ਰੋਜ਼ ਸਟੇਜਾਂ ਤੇ ਬੋਲਣ ਅਤੇ ਮੇਰੀ ਰੋਜ਼ ਦੀ ਮੂਵਮਿੰਟ ਦੀ ਰਿਪੋਰਟ ਤਿਆਰ ਕਰਨ ਲਈ ਇਕ ਸਿੱਖ ਸੀ.ਆਈ.ਡੀ ਆਫੀਸਰ ਦੀ ਡਿਉਟੀ ਲਈ, ਤਾਂਕਿ ਇਸਨੂੰ ਸ਼ੱਕ ਨਾ ਹੋਵੇ। ਉਹ ਵੀਰ ਹਰ ਰੋਜ਼ ਸਵੇਰੇ ਇਕ ਸ਼ਰਧਾਲੂ ਬਣਕੇ ਘਰ ਆਇਆ ਕਰੇ, ਕਿ ਮੈਂ ਤੁਹਾਡੇ ਕੀਰਤਨ ਦਾ ਆਸ਼ਕ ਹਾਂ, ਤੁਸੀਂ ਸੱਚ ਦੀ ਆਵਾਜ਼ ਉਠਾ ਰਹੇ ਹੋ, ਤੁਸੀਂ ਮੈਨੂੰ ਅਪਣੇ ਪ੍ਰੋਗਰਾਮ ਲਿਖਾ ਦਿਆ ਕਰੋ, ਤਾਂ ਕਿ ਮੈਂ ਸੁਨਣ ਲਈ ਪਹੁੰਚ ਸਕਾਂ। ਇਓਂ ਪ੍ਰੋਗਰਾਮ ਅਤੇ ਅਡਰੈਸ ਲਿਖਕੇ ਲੈ ਜਾਇਆ ਕਰੇ। ਕੁਛ ਦਿਨ ਕੀਰਤਨ ਸੁਨਣ ਤੋਂ ਬਾਅਦ ਉਸਦੇ ਮਨ 'ਤੇ ਐਸਾ ਅਸਰ ਹੋਇਆ ਕਿ ਇਕ ਦਿਨ ਬੋਲ ਪਿਆ, ਪ੍ਰੋਫੈਸਰ ਸਾਹਿਬ ਸੱਚ ਤਾਂ ਇਹ ਹੈ ਕਿ ਮੈਂ ਇਕ ਸੀ.ਆਈ.ਡੀ ਆਫੀਸਰ ਹਾਂ, ਮੇਰੀ ਤੁਹਾਡੇ 'ਤੇ ਡਿਉਟੀ ਹੈ, ਜੇ ਮੇਰੀ ਥਾਵੇਂ ਕੋਈ ਹਿੰਦੂ ਆਫੀਸਰ ਆਵੇਗਾ ਤਾਂ ਗ਼ਲਤ ਅਤੇ ਸਖਤ ਰਿਪੋਰਟ ਦੇਵੇਗਾ। ਜਿਥੇ ਮੇਰੀ ਨੌਕਰੀ ਦਾ ਸੁਆਲ ਹੈ, ਓਥੇ ਮੈਨੂੰ ਤੁਹਾਡੇ ਨਾਲ ਸਨੇਹ ਭੀ ਹੈ, ਨਾਲੇ ਤੁਹਾਡੇ ਕੋਲੋਂ ਕੁਛ ਧਰਮ ਦੀਆਂ ਗਲਾਂ ਭੀ ਸੁਣ ਜਾਂਦਾ ਹਾਂ। ਇਸ ਲਈ ਬਜਾਇ ਇਸ ਗਲ ਦੇ ਕਿ ਮੈਂ ਰੋਜ਼ ਝੂਠ ਬੋਲ ਕੇ ਤੁਹਾਡੇ ਕੋਲੋਂ ਪ੍ਰੋਗਰਾਮ ਲਵਾਂ ਤੁਸੀਂ ਮੈਨੂੰ ਆਪੇ ਹੀ ਜਿਹਨਾ ਪ੍ਰੋਗਰਾਮਾਂ 'ਤੇ ਬਹੁਤਾ ਸਖ਼ਤ ਨਾ ਬੋਲਣਾ ਹੋਵੇ, ਮੈਨੂੰ ਲਿਖਾ ਦਿਆ ਕਰੋ। ਉਸਦੇ ਸਿੱਖੀ ਪਿਆਰ ਅਤੇ ਸੱਚ ਸੁਣਕੇ ਉਸ ਦਿਨ ਤੋਂ ਉਸ ਨਾਲ ਕੋਈ ਅੰਦਰੋਂ ਨਿਹੋਂ ਹੋ ਗਿਆ। ਪ੍ਰਵਾਰ ਦੇ ਜੀਆਂ ਵਾਂਗੂੰ ਉਹ ਘਰ ਆਉਂਦਾ, ਗੁਰਮਤਿ ਦੀਆਂ ਗਲਾਂ ਭੀ ਹੋਂਦੀਆਂ ਅਤੇ ਕੁਛ ਪ੍ਰੋਗਰਾਮ ਭੀ ਲੈ ਜਾਂਦਾ।

ਉਹਨੀ ਦਿਨੀਂ ਬੱਚਿਆਂ ਦੇ ਇਮਤਿਹਾਨ ਨੇੜੇ ਸਨ, ਉਹ ਘਰ ਬਚਿਆਂ ਨੂੰ ਭੀ ਪੜ੍ਹਾ ਜਾਂਦਾ, ਕਈ ਵਾਰ ਤਾਂ ਮੇਰੀ ਰਿਪੋਟ ਦੇਣ ਦੀ ਥਾਵੇਂ, ਸਿੱਖੀ ਦੇ ਖਿਲਾਫ ਘੜੀਆਂ ਜਾ ਰਹੀਆਂ ਸਰਕਾਰੀ ਸਾਜਸ਼ਾਂ ਬਾਰੇ ਭੀ ਪਹਿਲਾਂ ਦਸ ਜਾਂਦਾ। ਇਕ ਦਿਨ ਕਹਿਣ ਲਗਾ ਪ੍ਰੋਫੈਸਰ ਸਾਹਿਬ, ਜ਼ਰਾ ਚੌਕਨੇ ਰਿਹੋ, ਪਿਛਲੀ ਰਾਤ ਬਰਨਾਲਾ ਸਾਹਿਬ ਦੀ ਦਿਲੀ ਗ੍ਰਹਿ ਮੰਤਰੀ ਨਾਲ ਫੋਨ 'ਤੇ ਗਲ ਹੋਈ, ਤਾਂ ਓਹਨਾ ਪੰਜਾਬ ਦਾ ਹਾਲ ਚਾਲ ਪੁਛਿਆ, ਤਾਂ ਬਰਨਾਲਾ ਸਾਹਿਬ ਨੇ ਆਖਿਆ ਹੋਰ ਤਾਂ ਠੀਕ ਹੈ, ਸਿਰਫ ਪ੍ਰੋਫੈਸਰ ਦਰਸ਼ਨ ਸਿੰਘ ਪ੍ਰੇਸ਼ਾਨ ਕਰ ਰਿਹਾ ਹੈ। ਰੋਜ਼ ਸਟੇਜਾਂ 'ਤੇ ਸਰਕਾਰ ਲਈ ਕੋਈ ਨਵਾਂ ਸੁਆਲ ਖੜਾ ਕਰ ਦੇਂਦਾ ਹੈ। ਅਗੋਂ ਗ੍ਰਹਿ ਮੰਤਰੀ ਨੇ ਕਿਹਾ ਤੁਸੀਂ ਉਸਨੂੰ ਗ੍ਰਿਫਤਾਰ ਕਰ ਲਓ। ਬਰਨਾਲਾ ਸਾਹਿਬ ਨੇ ਕਿਹਾ ਜੇ ਅਕਾਲੀ ਸਰਕਾਰ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਨੂੰ ਗ੍ਰਿਫਤਾਰ ਕਰੇਗੀ, ਤਾਂ ਬਦਨਾਮ ਹੋਵੇਗੀ ਨਾਲੇ ਸਿੱਖ ਹੋਰ ਭੜਕਨਗੇ। ਤੁਸੀਂ ਉਸਨੂੰ ਕਿਤੇ ਬਾਹਰ ਲੈ ਜਾਓ। ਤਾਂ ਗ੍ਰਹਿ ਮੰਤਰੀ ਨੇ ਆਖਿਆ ਮੈਂ ਭਜਨ ਲਾਲ ਨੂੰ ਕਹਿੰਦਾ ਹਾਂ, ਉਹ ਗ੍ਰਿਫਤਾਰ ਕਰਕੇ ਹਰਿਆਣੇ ਲੈ ਜਾਵੇਗਾ।

ਇਹ ਫੈਸਲਾ ਹੋਇਆ ਹੈ ਇਸ ਲਈ ਤੁਸੀਂ ਹੁਣ ਪੰਜਾਬੋਂ ਬਾਹਰ ਕਿਤੇ ਨਾ ਜਾਇਓ। ਕੁਛ ਦਿਨ ਬਾਅਦ ਹੀ ਸ਼ਾਇਦ ਦਸੰਬਰ 1985 ਵਿਚ ਸ: ਸੁਖਜਿੰਦਰ ਸਿੰਘ ਐਜੂਕੇਸ਼ਨ ਮਨਿਸਟਰ ਦੇ ਲੜਕੇ ਦੀ ਮੈਰਜ ਸੀ, ਜਿਸ ਵਿਆਹ ਕਾਰਜ ਵਿਚ ਮੈਂ ਭੀ ਸ਼ਾਮਲ ਹੋਣਾ ਸੀ। ਬਰਾਤ ਵਾਲੀ ਰਾਤ ਮੈਨੂੰ ਓਥੇ ਸ: ਗੁਰਚਰਨ ਸਿੰਘ ਟੌਹੜਾ ਮਿਲੇ ਅਤੇ ਪੁਛਿਆ ਕਿ ਆਉਣ ਵਾਲੇ ਪੰਜ ਚਾਰ ਦਿਨ ਘਰ ਹੀ ਹੋ? ਮੈਂ ਮਿਲਣ ਆਉਣਾ ਹੈ। ਮੈਂ ਕਿਹਾ ਤਿੰਨ ਦਿਨ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪੁਰਬ ਸਬੰਧੀ ਪਟਨਾ ਸਾਹਿਬ ਜਾਣਾ ਹੈ। ਘਬਰਾ ਕੇ ਕਹਿਣ ਲਗੇ ਪੰਜਾਬੋਂ ਬਾਹਰ ਬਿਲਕੁਲ ਨਹੀਂ ਜਾਣਾ। ਮੈਂ ਏਹੋ ਹੀ ਕਹਿਣ ਆਉਣਾ ਸੀ, ਬਾਕੀ ਗਲ ਫਿਰ ਕਰਾਂਗੇ, ਤੁਸੀਂ ਪਟਨਾ ਸਾਹਿਬ ਤਾਰ ਦੇ ਦਿਓ। ਮੈਨੂੰ ਕੁਛ ਗਲ ਸੀ.ਆਈ.ਡੀ ਵਾਲਾ ਵੀਰ ਭੀ ਦਸ ਚੁਕਾ ਸੀ। ਸੋ, ਪਟਨਾ ਸਾਹਿਬ ਨਾ ਪੁਜ ਸਕਣ ਲਈ ਤਾਰ ਦੇ ਦਿਤੀ ਅਤੇ ਪੰਜਾਬੋਂ ਬਾਹਰ ਜਾਣ ਤੋਂ ਸੰਕੋਚ ਕਰ ਲਈ।

ਪਰ ਕੁਛ ਦਿਨ ਬਾਹਦ ਹੀ 31 ਦਸੰਬਰ 1985 ਦੀ ਰਾਤ ਨੂੰ ਨਵੇਂ ਸਾਲ ਦੇ ਪ੍ਰੋਗਰਾਮ ਭੁਗਤਾ ਕੇ ਰਾਤ ਦੋ ਵਜੇ ਵਾਪਸ ਘਰ ਪਰਤਿਆ ਅਤੇ 1 ਜਨਵਰੀ 1986 ਸਵੇਰੇ 6 ਵਜੇ ਹੀ ਇਕ ਕਲੀਨ ਸ਼ੇਵਡ ਪੁਲੀਸ ਮੈਨ ਸਾਦੇ ਕਪੜਿਆਂ ਵਿਚ ਘਰ ਪੁਜਿਆ ਅਤੇ ਕਹਿਣ ਲਗਾ, ਮੈਨੂੰ ਐਸ.ਪੀ. ਸਾਹਿਬ ਚੰਡੀਗ੍ਹੜ ਨੇ ਇਹ ਪਤਾ ਕਰਨ ਲਈ ਭੇਜਿਆ ਹੈ ਕੇ ਅੱਜ ਤੁਸੀਂ ਘਰ ਹੀ ਹੋ? ਕਿਉਂਕਿ ਐਸ.ਪੀ. ਸਾਹਿਬ ਦੇ ਘਰ ਕੋਈ ਕੀਰਤਨ ਪ੍ਰੋਗਰਾਮ ਹੈ, ਜਿਸ ਲਈ ਤੁਹਾਨੂੰ ਮਿਲਣ ਆਉਣਾ ਚਾਹੁਂਦੇ ਹ। ਮੈਂ ਕਿਹਾ ਮੈ ਦਸ ਵਜੇ ਤਕ ਘਰ ਹਾਂ, ਦਸ ਵਜੇ ਬਨੂੜ ਕਿਸੇ ਪ੍ਰੋਗਰਾਮ 'ਤੇ ਜਾਣਾ ਹੈ। ਉਹ ਦਸ ਵਜੇ ਮੇਰੇ ਬਨੂੜ ਜਾਣ ਦਾ ਪ੍ਰੋਗਰਾਮ ਪੁਛ ਕੇ ਚਲਾ ਗਿਆ। 10 ਵਜੇ ਜਦੋਂ ਬਨੂੜ ਕੀਰਤਨ ਕਰਨ ਜਾਣ ਲਈ ਘਰੋਂ ਨਿਕਲੇ, ਤਾਂ ਜ਼ੀਰਕ ਪੁਰ ਚੌਂਕ ਤੋਂ ਅਗੇ ਬਨੂੜ ਦੇ ਰਸਤੇ ਵਿੱਚ ਨਾਕਾ ਲਾਕੇ ਖਲੋਤੀ ਪੁਲੀਸ ਨੇ ਸਾਡੀ ਗਡੀ ਰੋਕ ਕੇ, ਸਾਨੂੰ ਅਪਣੀ ਗੱਡੀ ਵਿਚ ਬਿਠਾ ਲਿਆ ਰਸਤੇ ਵਿੱਚ ਧਿਆਨ ਨਾਲ ਦੇਖ ਕੇ ਸਾਥੀ ਨੇ ਮੈਨੂੰ ਆਖਿਆ ਪ੍ਰੋਫੈਸਰ ਸਾਹਿਬ ਇਹ ਤਾਂ ਹਰਿਆਣਾ ਪੁਲੀਸ ਹੈ। ਪੰਜਾਬ ਪੁਲਿਸ ਨੂੰ ਨਾਲ ਲਏ ਬਿਨਾ ਸਾਨੂੰ ਪੰਜਾਬ ਵਿੱਚ ਆਕੇ ਗ੍ਰਿਫਤਾਰ ਨਹੀਂ ਕਰ ਸਕਦੀ, ਪਰ ਉਸ ਵਕਤ ਅਸੀਂ ਕੀ ਕਰ ਸਕਦੇ ਸਾਂ।

ਹਰਿਆਣਾ ਪੁਲਿਸ ਸਾਨੂੰ ਪੰਜਾਬ ਵਿਚੋਂ ਚੁਕ ਕੇ, ਪੰਚਕੂਲੇ ਹਰਿਆਣੇ ਲੈ ਗਈ, ਜਿਥੇ ਦੋ ਘੰਟੇ ਰਖਕੇ ਜਦੋਂ ਤਸਲੀ ਕਰ ਲਈ ਕਿ ਸਾਡੇ ਵਿਚੋਂ ਪ੍ਰੋਫੈਸਰ ਦਰਸ਼ਨ ਸਿੰਘ ਕਿਹੜਾ ਹੈ, ਤਾਂ ਸਾਥੀਆਂ ਨੂੰ ਛੱਡ ਦਿੱਤਾ ਅਤੇ ਮੈਨੂੰ ਅੰਬਾਲੇ ਦੇ ਥਾਣੇ ਲੈ ਗਏ, ਜਿਥੇ ਮੇਰੀ ਗ੍ਰਿਫਤਾਰੀ ਅੰਬਾਲੇ ਬਸ ਸਟੈਂਡ ਤੋਂ ਵਿਖਾਈ ਗਈ। ਦੁਪਹਿਰ ਦੋ ਵਜੇ ਮੈਨੂੰ ਹਵਾਲਾਤ ਵਿਚ ਬੰਦ ਕਰ ਦਿਤਾ ਗਿਆ, ਜਿਥੋਂ ਦੀ ਹਾਲਤ ਬਿਆਨ ਨਹੀਂ ਕੀਤੀ ਜਾ ਸਕਦੀ। ਹਰ ਪਾਸੇ ਵਿਸ਼ਟਾ ਖਿਲਰਿਆ ਹੋਇਆ, ਓਥੇ ਹੀ ਇਕ ਨੁਕਰ ਵਿਚ ਜ਼ਮੀਨ 'ਤੇ ਹੀ ਟਾਇਲਟ ਕਰਨੀ ਪੈਂਦੀ ਸੀ, ਓਥੇ ਮੈਨੂੰ ਹਵਾਲਾਤ ਦੇ ਗੇਟ ਨਾਲ ਖੜਾ ਕਰਕੇ ਇਸ ਢੰਗ ਨਾਲ ਹਥਕੜੀ ਲਾ ਦਿਤੀ ਗਈ ਕਿ ਮੈਂ ਜ਼ਮੀਨ 'ਤੇ ਬੈਠ ਭੀ ਨਾ ਸਕਾਂ। 

ਇਹ ਜਗ੍ਹਾ ਹਿੰਦੁਸਤਾਨ ਦੀ ਪੋਲੀਸ ਅਤੇ ਏਥੋਂ ਦੇ ਹਾਕਮਾ ਦੇ ਮਨੁਖੀ ਸਭਿਅਤਾ ਤੋਂ ਗਿਰਾਵਟ ਅਤੇ ਵੈਹਸ਼ੀਆਨਾਪਣ ਦਾ ਦ੍ਰਿਸ਼ ਸੀ। ਰਾਤ ਨੂੰ ਬਾਰਾਂ ਵਜੇ ਮੈਨੂੰ ਹਵਾਲਾਤ ਵਿਚੋਂ ਕਢਕੇ ਬਨ੍ਹਕੇ ਇਕ ਜੀਪ ਵਿਚ ਸੁੱਟਕੇ ਸ਼ਹਿਰ ਤੋਂ ਬਾਹਰ ਵਾਰ ਇਕ ਅਧ ਖੰਡਰ ਜਿਹੇ ਮਕਾਨ ਵਿਚ ਲੈ ਗਏ, ਜਿਥੇ ਬਿਜਲੀ ਭੀ ਨਹੀਂ ਸੀ। ਇਕ ਦੋ ਕਮਰਿਆਂ ਵਿੱਚ ਮੋਮਬਤੀਆਂ ਜਗ ਰਹੀਆਂ ਸਨ, ਇਹ ਇਕ ਵੈਹਸ਼ੀਆਨਾਂ ਮੈਂਟਲੀ ਟਾਰਚਰ ਦੀ ਰਾਤ ਸੀ।

ਪਹਿਲੇ ਮੈਨੂੰ ਇਕ ਕਮਰੇ ਵਿਚ ਬਿਠਾ ਦਿਤਾ, ਜਿਥੇ ਬੜੇ ਵਹਿਸ਼ੀ ਜੇਹੀਆਂ ਸ਼ਕਲਾਂ ਵਾਲੇ ਚਾਰ ਬੰਦੇ ਬੈਠੇ ਸ਼ਰਾਬ ਪੀ ਰਹੇ ਸਨ। ਕੋਲ ਰੱਸੇ, ਡਾਂਗਾਂ, ਸ਼ਿਕੰਜੇ ਅਤੇ ਹੋਰ ਮਾਰ ਕੁਟਾਈ ਦਾ ਸਮਾਨ ਰਖਿਆ ਹੋਇਆ ਸੀ। ਇਕ ਅਤ ਦਹਿਸ਼ਤ ਦਾ ਮਾਹੌਲ ਸੀ। ਕਰੀਬ ਇਕ ਘੰਟੇ ਬਾਹਦ ਦੂਜੇ ਕਮਰੇ ਵਿਚ ਲੈ ਗਏ, ਜਿਥੇ ਦੋ ਕੁਰਸੀਆਂ ਇੱਕ ਟੁੱਟਾ ਜਿਹਾ ਬੈਂਚ ਅਤੇ ਇਕ ਟੇਬਲ ਪਿਆ ਸੀ।

ਕੁਛ ਮਿੰਟਾਂ ਬਾਅਦ ਹੀ ਇਕ ਐਸ.ਐਚ.ਓ, ਇਕ ਮੁਨਸ਼ੀ ਆਕੇ ਕੁਰਸੀਆਂ 'ਤੇ ਬੈਠ ਗਏ। ਸਾਹਮਣੇ ਬੈਂਚ 'ਤੇ ਮੈਨੂੰ ਬਿਠਾ ਲਿਆ ਅਤੇ ਘਟੀਆ ਬੇਸ਼ਰਮ ਬੋਲੀ ਵਿਚ ਮੇਰੀ ਇਨਟੈਰੋਗੇਸ਼ਨ ਸ਼ੁਰੂ ਹੋ ਗਈ। ਕਰੀਬ ਵੀਹ ਸਾਲ ਪਹਿਲਾਂ ਤੋਂ ਮੈਂ ਕਿਥੇ ਕਿਥੇ ਰਿਹਾ, ਕਿਹਨਾ ਕਿਹਨਾ ਨਾਲ ਮੇਰੇ ਨਜ਼ਦੀਕੀ ਸਬੰਧ ਰਹੇ, ਪੁੱਤਰ, ਧੀਆਂ, ਪਰਿਵਾਰ, ਭੈਣਾਂ, ਭਰਾ, ਉਹਨਾ ਦੇ ਅਡਰੈਸ, ਵਿਦੇਸ਼ਾਂ ਵਿਚ ਕਿਥੇ ਕਿਥੇ ਗਿਆ, ਕਿਸਨੇ ਬੁਲਾਇਆ, ਕਿਥੇ ਰਿਹਾ, ਐਸ.ਐਚ.ਓ ਪੁਛ ਰਿਹਾ ਸੀ, ਮੁਨਸ਼ੀ ਲਿਖ ਰਿਹਾ ਸੀ। ਜੇ ਕਿਸੇ ਵਕਤ ਕੋਈ ਪੁਰਾਣੀ ਗਲ ਨਾ ਯਾਦ ਆਵੇ ਤਾਂ ਥਾਣੇਦਾਰ ਕਹਿੰਦਾ ਸੀ, ਕੋਈ ਨਹੀਂ ਹੁਣ ਜੋ ਦਸਦਾ ਹੈ ਦਸ ਲਵੇ, ਘੰਟੇ ਬਾਅਦ ਜਦੋਂ ਦੂਜੇ ਕਮਰੇ ਵਿਚ ਦੂਜਾ ਪੀਰੀਅਡ ਲਗੇਗਾ, ਬਾਕੀ ਓਦੋਂ ਦਸ ਦੇਵੇਗਾ। ਸਾਰੇ ਪੂਰੀ ਗਲ ਓਥੇ ਹੀ ਜਾਕੇ ਦਸਦੇ ਹਨ। ਇਓਂ ਪਹਿਲੀ ਰਾਤ ਚਾਰ ਘੰਟੇ ਦੇ ਮੈਂਟਲੀ ਟਾਰਚਰ ਅਤੇ ਮੇਰੇ ਬਿਆਨ ਲਿਖਨ ਤੋਂ ਬਾਅਦ ਤੜਕੇ ਚਾਰ ਵਜੇ ਮੈਨੂੰ ਮੁੜ ਓਸੇ ਥਾਣੇ ਲਿਆਕੇ ਹਵਾਲਾਤ ਵਿਚ ਓਸੇ ਤਰ੍ਹਾਂ ਖੜਾ ਕਰਕੇ ਬੰਨ੍ਹ ਦਿੱਤਾ ਗਿਆ।

ਦੂਜੇ ਪਾਸੇ ਜਦੋਂ ਸਾਥੀਆਂ ਨੇ ਪੁਲੀਸ ਦੇ ਛੱਡਣ ਤੋਂ ਬਾਅਦ ਘਰ ਜਾਕੇ ਸਾਰਾ ਹਾਲਾਤ ਦਸਿਆ ਕੇ ਕਿਸ ਤਰ੍ਹਾਂ ਹਰਿਆਣੇ ਦੀ ਪੁਲੀਸ ਪੰਜਾਬ ਵਿਚੋਂ ਫੜਕੇ ਲੈ ਗਈ ਹੈ, ਪ੍ਰਵਾਰ ਇਹਨਾ ਰਾਹਾਂ ਤੋਂ ਨਵਾਕਫ ਅਤੇ ਬਚੇ ਛੋਟੇ ਸਨ, ਘਬਰਾ ਗਏ ਦੌੜ ਭਜ ਕੀਤੀ, ਚੰਡੀਗੜ ਵਿੱਚ ਲੀਡਰਾਂ ਨੂੰ ਮਿਲੇ, ਪਰ ਪਲੇ ਕੁੱਛ ਨਹੀਂ ਪੈ ਰਿਹਾ ਸੀ, ਕਿਉਂਕੇ ਬਰਨਾਲਾ ਸਰਕਾਰ ਦੀ ਮਰਜ਼ੀ ਨਾਲ ਹੀ ਸਭ ਕੁਛ ਹੋਇਆ ਸੀ।

"ਬੋਲਹਿ ਸਾਚੁ ਮਿਥਿਆ ਨਹੀ ਰਾਈ" ਲੜੀਵਾਰ ਲਿਖਤਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top