ਪਾਸਪੋਰਟ ਜ਼ਬਤ
ਦਿੱਲੀ ਵਿੱਚ ਕੀਤੇ ਜਾਂਦੇ ਕੌਮੀ ਪ੍ਰੋਗਰਾਮਾਂ ਦੇ ਨਾਲ ਨਾਲ ਭਾਰਤ ਦੇ ਦੂਜੇ ਹਿੱਸਿਆਂ
ਵਿੱਚ ਵੀ ਇਹ ਲਹਿਰ ਫੈਲ ਗਈ। ਮੈਂ ਉਨ੍ਹਾਂ ਦਿਨਾਂ ਵਿੱਚ ਕੀਰਤਨ ਸਮਾਗਮਾਂ ਦੀ ਹਾਜ਼ਰੀ ਭਰਨ
ਲਈ ਬੰਬਈ ਵਿੱਚ ਸੀ, ਜਦੋਂ ਘਰੋਂ ਫੋਨ ਆਇਆ ਕਿ ਇੱਕ ਪੁਲਿਸ ਵਾਲਾ ਨੋਟਿਸ ਲੈ ਕੇ ਆਇਆ ਸੀ
ਕਿ ਮੈਂ ਆਪਣਾ ਪਾਸਪੋਰਟ ਜਮ੍ਹਾਂ ਕਰਵਾ ਦੇਵਾਂ। ਇਹ ਖ਼ਬਰ ਮਿਲਦੇ ਹੀ ਬੰਬਈ ਦੇ ਕੁੱਝ ਸੱਜਣਾਂ
ਦੀ ਇਹ ਰਾਇ ਬਣੀ ਕਿ ਪਸਾਪੋਰਟ ਜਮ੍ਹਾਂ ਕਰਾਉਣ ਨਾਲ ਮੈਂ ਸਰਕਾਰ ਜ਼ੁਲਮ ਦੇ ਜਾਲ ਵਿੱਚ ਫੱਸ
ਜਾਵਾਂਗਾ। ਸੋ, ਸ੍ਰ. ਹਰਿਕ੍ਰਿਸ਼ਨ ਸਿੰਘ ਹੁਰਾਂ ਨੇ ਮਿਲ ਕੇ
ਰਾਤੋ ਰਾਤ ਹੀ ਮੇਰੇ ਮਦਰਾਸ ਤੋਂ ਲੰਡਨ ਜਾਣ ਦੀ ਟਿਕਟ ਰਿਜ਼ਰਵ ਕਰ ਦਿੱਤੀ, ਤਾਂਕਿ ਮੈਂ
ਸੁਰੱਖਿਅਤ ਦੇਸ਼ ਤੋਂ ਬਾਹਰ ਨਿਕਲ ਜਾਵਾਂ। ਪਰ ਮੇਰਾ ਮਨ ਨਾ ਮੰਨਿਆ ਕਿ ਕੌਮ ਦੇ ਐਸੇ
ਦੁਖਾਂਤ ੳਮੇਂ ਆਪਣਾ ਆਪ ਬਚਾ ਕੇ ਚਲਾ ਜਾਵਾਂ। ਇਹ ਕੋਈ ਸਿੱਖੀ ਦ੍ਰਿੜਤਾ ਨਹੀਂ ਸੀ ਅਤੇ
ਇਸ ਲਈ ਫ਼ੈਸਲਾ ਕੀਤਾ ਕਿ ਇਥੇ ਬੈਠ ਕੇ ਕੌਮ ਨਾਲ ਹੀ ਸੁੱਖ ਦੁੱਖ ਭੋਗਾਂਗਾ। ਸੋ ਦ੍ਰਿੜਤਾ
ਨਾਲ ਇਹ ਫ਼ੈਸਲਾ ਕਰਕੇ ਬੰਬਈ ਤੋਂ ਵਾਪਸ ਘਰ ਪਹੁੰਚਦਿਆਂ ਹੀ ਮੈਂ ਆਪਣਾ ਪਾਸਪੋਰਟ ਜਮ੍ਹਾਂ
ਕਰਾ ਦਿੱਤਾ।
ਰਾਜੀਵ ਗਾਂਧੀ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦਰਮਿਆਨ ਇਕ
ਅਪੰਗ {ਲੰਗੜਾ} ਸਮਝੌਤਾ ਹੋਇਆ, ਜੋ ਅੱਜ ਤੱਕ ਕਿਸੇ ਮੰਜ਼ਲ 'ਤੇ ਨਾ ਪੁਜ ਸਕਿਆ, ਹਾਂ ਹਜ਼ਾਰਾਂ
ਸਿੱਖਾਂ ਦੀ ਸ਼ਹੀਦੀ ਅਤੇ ਹਜ਼ਾਰਾਂ ਗੁਰੂ ਅਸਥਾਨਾਂ, ਗੁਰੂ ਸਰੂਪਾਂ ਦੀ ਬੇਅਦਬੀ ਦੀ ਕੀਮਤ
'ਤੇ ਪੰਜਾਬ ਵਿਚ ਸ: ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਿੱਚ ਅਕਾਲੀ ਸਰਕਾਰ ਬਣਾ ਦਿਤੀ
ਗਈ, ਮਾਨੋ ਅਕਾਲੀਆਂ ਨੇ ਇਕ ਹੋਰ ਕਲੰਕ ਖਟ ਲਿਆ ਅਤੇ ਸਿੱਖ ਸ਼ਹੀਦਾਂ ਦੀਆਂ ਲਾਸ਼ਾਂ 'ਤੇ
ਕੁਰਸੀਆਂ ਡਾਹਕੇ ਬਹਿ ਗਏ। ਨਤੀਜਾ ਹੋਇਆ ਕਿ ਸਿੱਖਾਂ ਦੀ ਝੋਲੀ ਅੱਜ ਤੱਕ ਕੋਈ
ਇਨਸਾਫ ਨਾ ਪਿਆ, ਬਲਕਿ ਦਹਾਕਿਆਂ ਤੋਂ ਅਕਾਲੀਆਂ ਦੇ ਪਲੇਟ ਫਾਰਮ ਤੋਂ ਉਠਾਇ ਜਾਂਦੇ ਰਹੇ
ਕੁੱਛ ਮੁੱਦੇ ਭੀ ਦਫਨਾ ਦਿਤੇ ਗਏ। ਮੇਰੇ ਸਮੇਤ ਕੁਛ ਵੀਰ ਅਕਾਲੀਆਂ ਦੀ ਇਸ ਖੁਦਗਰਜ਼ ਬਦਨੀਤੀ
ਦੇ ਖਿਲਾਫ ਆਵਾਜ਼ ਰਾਹੀਂ ਇਹਨਾ ਨੂੰ ਹਲੂਣਦੇ ਰਹੇ, ਜਿਸਤੋਂ ਅਕਾਲੀ ਪ੍ਰੇਸ਼ਾਨ ਸਨ। ਸ:
ਸੁਖਜਿੰਦਰ ਸਿੰਘ, ਬਰਨਾਲਾ ਸਰਕਾਰ ਵਿਚ ਐਜੂਕੇਸ਼ਨ ਮਨਿਸਟਰ ਸਨ, ਜੇਹੜੇ ਮੇਰੇ ਨਜ਼ਦੀਕੀ
ਮਿੱਤਰ ਸਨ। ਉਹਨਾਂ ਨੇ ਦੋਸਤੀ ਦੇ ਲਹਿਜ਼ੇ ਵਿਚ ਮਿਲਕੇ ਕਈ ਵਾਰ
ਮੈਨੂੰ ਸਰਕਾਰ ਦੇ ਖਿਲਾਫ ਬੋਲਣ ਤੋਂ ਰੋਕਿਆ। ਉਹ ਅੰਦਰੋਂ ਮੇਰੇ ਖੈਰ ਖੁਆਹ ਸਨ, ਇਕ ਵਾਰ
ਕਹਿਣ ਲਗੇ ਮੈਨੂੰ ਕਿਸੇ ਦੋਸਤ ਦਾ ਅਮਰੀਕਾ ਤੋਂ ਫੋਨ ਆਇਆ ਹੈ ਕਿ ਪ੍ਰੋਫੈਸਰ ਸਾਹਿਬ ਨੂੰ
ਬਾਹਰ ਵਿਦੇਸ਼ ਭੇਜੋ, ਏਥੇ ਸਾਨੂੰ ਬਹੁਤ ਲੋੜ ਹੈ। ਸੋ ਤੁਸੀਂ ਵਿਦੇਸ਼ ਚਲੇ ਜਾਓ, ਨਾਲੇ ਏਥੇ
ਹਰ ਪਾਸੇ ਖਤਰਾ ਹੀ ਖਤਰਾ ਹੈ, ਮੈ ਸਾਰਾ ਇੰਤਜ਼ਾਮ ਕਰ ਦੇਂਦਾ ਹਾਂ।
ਮੈਂ ਆਖਿਆ ਭਰਾਵਾ ਮੇਰੇ ਕੋਲ ਤਾਂ ਪਾਸਪੋਰਟ ਹੀ ਨਹੀਂ ਹੈ, ਸਰਕਾਰ ਨੇ ਜ਼ਬਤ ਕਰ ਲਿਆ ਹੈ।
ਸ: ਸੁਖਜਿੰਦਰ ਸਿੰਘ ਕਹਿਣ ਲੱਗੇ, ਮੈਂ ਤੁਹਾਨੂੰ ਸੈਂਟਰ ਮਨਿਸਟਰ ਦੇ ਨਾਮ ਚਿੱਠੀ ਦੇਂਦਾ
ਹਾਂ, ਉਹ ਤੁਹਾਨੂੰ ਪਾਸਪੋਰਟ ਦੇ ਦੇਵੇਗਾ। ਸ: ਸੁਖਜਿੰਦਰ ਸਿੰਘ ਨੇ ਮੈਨੂੰ ਉਸੇ ਵਕਤ ਆਪਣੇ
ਸਰਕਾਰੀ ਲੈਟਰਪੈਡ 'ਤੇ ਲਿਖਕੇ ਚਿੱਠੀ ਦੇ ਦਿਤੀ ਕਿਂ ਮੈ ਸੈਂਟਰ ਮਨਿਸਟਰ ਬਾਲੀ ਰਾਮ ਕੋਲ
ਲੈ ਜਾਵਾਂ। ਮੈਂ ਚਿੱਠੀ ਲੈਕੇ ਘਰ ਜਾ ਰਿਹਾ ਸਾਂ, ਸੋਚਿਆ ਪੜ੍ਹਾਂ ਤੇ ਸਹੀ ਕੀ ਲਿਖਆ ਹੈ,
ਉਸ ਵਿਚ ਲਿਖਿਆ ਹੋਇਆ ਸੀ "ਇਹ ਪ੍ਰੋਫੈਸਰ ਸਾਹਿਬ ਆਪਣੇ ਅਕਾਲੀ
ਦਲ ਦੇ ਧੜੇ ਨਾਲ ਸਬੰਧ ਰਖਦੇ ਹਨ, ਇਹ ਰਜੀਵ ਲੌਂਗੋਵਾਲ ਸਮਝੌਤੇ ਦੇ ਪੂਰੀ ਤਰਾਂ ਸਮਰਥਕ
ਹਨ। ਇਸ ਲਈ ਇਨ੍ਹਾਂ ਨੂੰ ਪਾਸਪੋਰਟ ਦੇ ਦਿਤਾ ਜਾਵੇ।"
ਮੈਂ ਪੜ੍ਹ ਕੇ ਕੁੱਛ ਹੈਰਾਨ ਹੋਇਆ ਕਿ ਮੈਂ ਤਾਂ ਕਿਸੇ ਅਕਾਲੀ ਧੜੇ ਨਾਲ ਸਬੰਧ ਨਹੀਂ ਰਖਦਾ
ਅਤੇ ਨਾ ਹੀ ਮੈਂ ਰਾਜੀਵ ਲੌਂਗੋਵਾਲ ਸਮਝੌਤੇ ਦਾ ਹਾਮੀ ਹਾਂ। ਮੈ ਤਾਂ ਇਸ ਅਰਥਹੀਨ ਸਮਝੌਤੇ
ਦਾ ਵਿਰੋਧੀ ਹਾਂ, ਫਿਰ ਕੇਵਲ ਪਾਸਪੋਰਟ ਲੈਣ ਲਈ ਇਨ੍ਹਾਂ ਝੂਠੀਆਂ ਸ਼ਰਤਾਂ 'ਤੇ ਆਪਣੀ ਜ਼ਮੀਰ
ਅਤੇ ਕੌਮੀ ਸੋਚ ਕਿਓਂ ਗਿਰਵੀ ਰਖਾਂ। ਬਸ ਇਹ ਫੈਸਲਾ ਕਰਕੇ ਚਿੱਠੀ ਘਰ ਰਖ ਲਈ ਅਤੇ
ਪਾਸਪੋਰਟ ਲੈਣ ਲਈ ਦਿਲੀ ਨਹੀਂ ਗਿਆ। ਉਹ ਚਿੱਠੀ ਅੱਜ ਤੱਕ ਮੇਰੇ ਕੋਲ ਹੈ।
ਉਸਤੋਂ ਪੰਜ ਸਾਲ ਬਾਅਦ 1990 ਵਿਚ ਵੀ.ਪੀ. ਸਿੰਘ ਸਰਕਾਰ ਦੇ
ਸਮੇਂ ਮਸਕੀਨ ਜੀ, ਪ੍ਰਿੰ ਸਤਬੀਰ ਸਿੰਘ ਜੀ ਅਤੇ ਹੋਰ ਕੁਛ ਧਾਰਮਿਕ ਆਗੂਆਂ ਦੇ ਪਾਸਪੋਰਟ
ਰਲੀਜ਼ ਕੀਤੇ ਗਏ, ਜਿਹਨਾ ਵਿਚ ਮੇਰਾ ਪਾਸਪੋਰਟ ਭੀ ਰਲੀਜ਼ ਹੋਇਆ।