👉
"ਬੋਲਹਿ ਸਾਚੁ ਮਿਥਿਆ ਨਹੀ ਰਾਈ"
ਦੇ ਪਿਛਲੇ ਭਾਗ ਪੜ੍ਹਨ ਲਈ ਇੱਥੇ ਕਲਿੱਕ ਕਰੋ
ਜੀ ।
🙏 ਵੀਰ ਆਤਮਜੀਤ ਸਿੰਘ ਕਾਨਪੁਰ ਵੱਲੋਂ ਇਸ ਕਿਤਾਬ ਨੂੰ ਲਿੱਖ ਕੇ
ਭੇਜਣ ਲਈ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ।
੧੦ ਦਸੰਬਰ ੧੯੮੬ ਨੂੰ ਦਿਲੀ ਹਾਈ ਕੋਰਟ ਦੇ ਫੈਸਲੇ ਅਨੁਸਾਰ ਮੈਨੂੰ
ਜ਼ਮਾਨਤ ਉੱਤੇ ਰਿਹਾਅ ਕੀਤਾ ਗਿਆ। ਮੈਨੂੰ ਬਲੱਡ-ਪਰੈਸ਼ਰ ਦੀ ਤਕਲੀਫ਼ ਜ਼ਿਆਦਾ ਹੋ ਗਈ।
ਜੇਲ੍ਹ ਦੀ ਖ਼ਰਾਬ ਖ਼ੁਰਾਕ ਅਤੇ ਠੀਕ ਇਲਾਜ ਨਾ ਹੋਣ ਕਰਕੇ ਬੀ. ਪੀ. ਵੱਧਣ ਲੱਗ ਪਿਆ।
ਬਾਅਦ ਵਿੱਚ ਇਲਾਜ ਵੀ ਬਹੁਤ ਕਰਾਏ ਪਰ ਹੌਲੀ ਹੌਲੀ ਖੱਬਾ ਕੰਨ ਸੁਣਨੋ ਜਾਂਦਾ ਰਿਹਾ।
ਕੌਮ ਇਤਨੀ ਸਹਿਮ ਵਿੱਚ ਸੀ ਕਿ ਮੇਰਾ ਕੌਮੀ ਪਰਿਵਾਰ ਦਾ ਐਨਾ ਵੱਡਾ ਘੇਰਾ ਹੋਣ ਦੇ ਬਾਵਜੂਦ
ਜੇਲ੍ਹ ਯਾਤਰਾ ਦੇ ਸਮੇਂ ਕੇਵਲ ਤਿੰਨ-ਚਾਰ ਵੀਰ ਹੀ ਮਿਲਣ ਆਏ। ਜਾਂ ਫਿਰ ਆਪਣੇ ਪਰਿਵਾਰ ਦੇ
ਜੀਅ ਹੀ ਆਉਂਦੇ ਰਹੇ । ਰਿਹਾਈ ਸਮੇਂ ਮੈਂ ਜੇਲ੍ਹ ਦਫ਼ਤਰ ਵਿੱਚ ਆਖ ਕੇ ਆਪਣੇ ਕੁੜ੍ਹਮਾਂ
ਦੇ ਘਰ ਫ਼ੋਨ ਕਰਵਾਇਆ ।
ਸ਼ਾਮ ਨੂੰ ਛੇ ਵਜੇ ਮੈਂ ਜੇਲ੍ਹ ਤੋਂ ਰਿਹਾਅ ਹੋ ਕੇ ਨਿਕਲਿਆ ਤਾਂ
ਲੈਣ ਆਉਣ ਵਾਲਾ ਕੋਈ ਵੀ ਨਹੀਂ ਸੀ। ਆਖ਼ਰ ਨਾਲ ਹੀ ਰਿਹਾਅ ਹੋਏ ਇੱਕ ਗ਼ਰੀਬ ਭਈਏ ਨੂੰ ਦੋ
ਰੁਪਏ ਦੇ ਕੇ, ਸਾਮਾਨ ਚੁਕਾ ਕੇ, ਟੈਕਸੀ ਲੈਣ ਲਈ ਸੜਕ ਉੱਤੇ ਪੁੱਜਾ ਤਾਂ ਐਨੇ ਨੂੰ ਮੇਰੇ
ਕੁੜ੍ਹਮ ਵੀਰ ਸ. ਇੰਦਰਮੋਹਨ ਸਿੰਘ ਜੀ, ਜਿਨ੍ਹਾਂ ਨੂੰ ਅੰਦਰੋਂ ਫ਼ੋਨ ਕੀਤਾ ਗਿਆ ਸੀ,
ਇਕੱਲਿਆਂ ਹੀ ਗੱਡੀ ਲੈ ਕੇ ਆ ਗਏ। ਦੂਜੇ ਦਿਨ ਉਹ ਹੀ ਮੈਨੂੰ ਦਿੱਲੀ ਤੋਂ ਚੰਡੀਗੜ੍ਹ ਘਰ
ਪਹੁੰਚਾਉਣ ਗਏ ।
ਘਰ ਪਹੁੰਚਣ ਦੇ ਬਾਅਦ ਹੁਣ ਸੰਘਰਸ਼-ਸ਼ੀਲ ਨੌਜਵਾਨ ਜਜ਼ਬਾ ਹੋਰ ਨਾਲ ਜੁੜ ਗਿਆ ਅਤੇ ਕੁਝ
ਅਕਾਲੀ ਸਿਆਸੀ ਲੀਡਰ ਵੀ ਖ਼ਾਸ ਤੌਰ ਉੱਤੇ ਮਿਲਣ ਲਈ ਆਏ। ਉਨ੍ਹਾਂ ਦੀ ਸਿਆਸੀ ਸੋਚ ਇਹ ਸੀ
ਕਿ ਕਿਸੇ ਵੀ ਉਭਰਦੀ ਸ਼ਖ਼ਸੀਅਤ ਨੂੰ ਆਪਣੇ ਨਾਲ ਜੋੜ ਕੇ ਵਕਤ ਆਉਣ 'ਤੇ ਕੀਮਤ ਵੱਟੀ ਜਾ
ਸਕਦੀ ਹੈ। ਮੈਂ ਸਤਿਗੁਰੂ ਜੀ ਦਾ ਧੰਨਵਾਦ ਕਰਨ ਲਈ ਘਰ ਅਖੰਡ ਪਾਠ ਕਰਵਾਇਆ ਅਤੇ ਭੋਗ ਸਮੇਂ
ਜਿੰਨੇ ਵੀ ਅਕਾਲੀ ਲੀਡਰ ਬਾਹਰ ਸਨ, ਉਹ ਤਕਰੀਬਨ ਸਾਰੇ ਹੀ ਪਹੁੰਚ ਗਏ ਕਿਉਂਕਿ ਬਹੁਤੇ ਤਾਂ
ਜੇਲ੍ਹਾਂ ਵਿੱਚ ਹੀ ਸਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ
ਸਨਮਾਨ
ੴ ਵਾਹਿਗੁਰੂ ਜੀ ਕੀ ਫਤਹਿ ॥
ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਉਤੇ ਤਾਰਤੀ ਫ਼ੌਜ਼
ਦੇ ਹਮਲੇ ਤੇ ਕਬਜ਼ੇ ਉਪਰੰਤ ਹਿੰਦ ਸਰਕਾਰ ਨੇ ਜਦ ਸਿੰਘਾਂ ਉਤੇ ਅਕਹਿ ਤੇ ਅਸਹਿ
ਅਣਮਨੁੱਖੀ ਜ਼ਬਰ ਕਰ ਸਿੱਖ ਕੌਮ ਨੂੰ ਭੈਭੀਤ ਕਰਨਾ ਚਾਹਿਆ ਉਸ ਔਖੀ ਘੜੀ ਸਮੇਂ
ਪ੍ਰੋਫੈਸਰ ਦਰਸ਼ਨ ਸਿੰਘ ਜੀ, ਆਪ ਨੇ ਗੁਰਬਾਣੀ ਦੇ ਮਹਾਂਵਾਕ
'ਸਚੁ ਸੁਣਾਇਸੀ ਸਚ ਕੀ ਬੇਲਾ' ਅਨੁਸਾਰ ਪੁਕਾਰ
ਕੀਤੀ ਅਤੇ ਗੁਰੂ ਸ਼ਬਦ, ਕੀਰਤਨ ਤੇ ਇਤਿਹਾਸ ਸੁਣਾ ਸਿੱਖ ਕੌਮ ਨੂੰ ਝੂਣ ਜਗਾਇਆ,
ਚੜ੍ਹਦੀ ਕਲਾ ਦੇ ਮਾਰਗ 'ਤੇ ਤੋਰਿਆ ਅਤੇ 'ਕਿਛੁ ਕਰਉ
ਉਪਾਇਆ' ਦੀ ਸਫਲ ਪ੍ਰੇਰਨਾ ਦਿਤੀ । ਅੱਜ ਪੰਥ ਖਾਲਸਾ ਦੀ ਪ੍ਰਤੀਨਿਧ ਜਥੇਬੰਦੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਦੀਆਂ ਪੰਥਕ ਸੇਵਾਵਾਂ ਦਾ ਹਾਰਦਿਕ
ਅਭਿਨੰਦਨ ਕਰਨ ਦਾ ਮਾਨ ਪ੍ਰਾਪਤ ਕਰਦੀ ਹੈ।
ਸ੍ਰੀ ਅੰਮ੍ਰਿਤਸਰ ਜੀ ੧੩ ਅਪ੍ਰੈਲ ੧੯੮੫
ਸਹੀ/- ਪ੍ਰੇਮ ਸਿੰਘ ਲਾਲਪੁਰਾ
ਐਕਟਿੰਗ ਪ੍ਰਧਾਨ,
ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ