Share on Facebook

Main News Page

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਲਿਖੀ ਗਈ ਉਨ੍ਹਾਂ ਦੇ ਜੀਵਨ ਦੀਆਂ ਆਪ ਬੀਤੀਆਂ
"ਬੋਲਹਿ ਸਾਚੁ ਮਿਥਿਆ ਨਹੀ ਰਾਈ" ਭਾਗ ਚੌਥਾ

ਸਰਬੱਤ ਖ਼ਾਲਸਾ
ਬਲਿਯੂ ਸਟਾਰ ਆਪਰੇਸ਼ਨ ਤੋਂ ਬਾਅਦ ਸਿੱਖ ਕੌਮ ਦਾ ਸਭ ਤੋਂ ਪਹਿਲਾ ਵੱਡਾ ਇੱਕਠ ਜਿਹੜਾ ਗੁਰਦੁਆਰਾ ਸ਼ਹੀਦਾਂ {ਬਾਬਾ ਦੀਪ ਸਿੰਘ} ਜੀਦੇ ਅਸਥਾਨ 'ਤੇ ਹੋਇਆ ਕਿਉਂਕਿ ਉਸ ਵਕਤ ਤਕ ਦਰਬਾਰ ਸਾਹਿਬ ਅਜੇ ਮਿਲਟਰੀ ਦੇ ਕਬਜ਼ੇ ਵਿਚ ਸੀ। ਜਿਸ ਹਰਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਸਿੱਖ ਰੋਜ਼ ਅਰਦਾਸ ਕਰਦਾ ਸੀ ਅਤੇ ਜਿਸ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿੱਖੀ ਦਾ ਜੀਵਨ ਕੇਂਦਰ ਮੰਨਦਾ ਸੀ, ਹਿੰਦੁਸਤਾਨ ਦੀ ਸਰਕਾਰ ਵਲੋਂ ਸਿੱਖੀ ਦੇ ਜੀਵਨ ਕੇਂਦਰ ਨੂੰ ਤੋਪਾਂ ਦੇ ਗੋਲਿਆਂ ਨਾਲ ਢਹਿ ਢੇਰੀ ਕਰ ਦੇਣਾ, ਹਜ਼ਾਰਾਂ ਸਿੱਖ ਸੰਗਤਾਂ ਨੂੰ ਸ਼ਹੀਦ ਕਰ ਦੇਣਾ ਸੁਣਕੇ ਹਰ ਸਿੱਖ ਹਿਰਦਾ ਖੂਨ ਦੇ ਅਥਰੂ ਰੋ ਰਿਹਾ ਸੀ ਅਤੇ ਸਿੱਖ ਨੂੰ ਬਲਿਯੂ ਸਟਾਰ ਤੋਂ ਬਾਅਦ ਪਹਿਲੀ ਵਾਰ ਅਮ੍ਰਿੰਤਸਰ ਪੁਜਣ ਦਾ ਸੱਦਾ ਦਿੱਤਾ ਗਿਆ ਸੀ। ਸਰਕਾਰ ਹਰ ਕੀਮਤ 'ਤੇ ਸਿੱਖਾਂ ਦੇ ਇਸ ਇੱਕਠ ਨੂੰ ਰੋਕਣਾ ਚਾਹੁੰਦੀ ਸੀ, ਇਸ ਲਈ ਅਮ੍ਰਿੰਤਸਰ ਨੂੰ ਆਊਂਦੇ ਹਰ ਰਸਤੇ 'ਤੇ ਸੀ.ਆਰ.ਪੀ ਅਤੇ ਪੁਲੀਸ ਦੇ ਨਾਕੇ ਰੋਕਾਂ ਲਾ ਦਿਤੀਆਂ ਗਈਆਂ ਐਸੀਆਂ ਅਫਵਾਹਾਂ ਉਡਾਈਆਂ ਗਈਆਂ ਕਿ ਅਮ੍ਰਿੰਤਸਰ ਪਹੁੰਚਣ ਵਾਲੇ ਸਿੱਖਾਂ ਨੂੰ ਗੋਲੀਆਂ ਨਾਲ ਉਡਾ ਦਿਤਾ ਜਾਵੇਗਾ। ਪਰ ਧੰਨ ਹੈ ਸਿੱਖ ਦੀ ਸ਼ਰਧਾ, ਪਿਆਰ, ਕੁਰਬਾਨੀ ਦਾ ਜਜ਼ਬਾ, ਜਿਸਨੇ ਇਹ ਗੁਰੂ ਵਾਕ ਸੱਚ ਕਰ ਦਿਖਾਇਆ,

ਝਖੜ ਝਾਂਗੀ ਮੀਂਹ ਬਰਸੇ ਭੀ ਗੁਰ ਦੇਖਨ ਜਾਈ
ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿਖ ਲੰਘ ਗੁਰੂ ਪੈ ਜਾਈ

ਸੱਚ ਮੁਚ ਹੀ ਇੱਕ ਦਿਨ ਪਹਿਲਾਂ ਤੋਂ ਬਾਰਸ਼ ਪੈਂਦੀ ਰਹੀ ਕਾਰਣ ਖੇਤਾਂ ਵਿੱਚ ਪਾਣੀ ਭਰ ਚੁਕਾ ਸੀ, ਪਰ ਲੱਖਾਂ ਦੀ ਤਾਦਾਦ ਵਿੱਚ ਸਿੱਖ ਸੰਗਤਾਂ ਸੜਕਾਂ 'ਤੇ ਨਾਕੇ ਹੋਣ ਕਾਰਣ ਖੇਤੋਂ ਖੇਤੀ ਵਾਹਣਾ ਦੇ ਚਿਕੜ ਵਿਚੋਂ ਸਾਰੀ ਰਾਤ ਸਫਰ ਕਰਦੀਆਂ, ਸ੍ਰੀ ਅਮ੍ਰਿੰਤਸਰ ਪੁੱਜ ਰਹੀਆਂ ਸਨ। ਗੁਰਦੁਆਰਾ ਸ਼ਹੀਦਾਂ ਦੇ ਨੇੜੇ ਲਗਦੀ ਵੱਡੀ ਸੜਕ 'ਤੇ ਦੋਹਾਂ ਪਾਸੇ ਫਿਰ ਨਾਕੇ ਸਨ, ਪਰ ਨਾਲ ਲਗਦੀਆਂ ਗਲੀਆਂ ਵਿਚੋਂ ਸਿੰਘਾਂ ਨੇ ਆਪਣੇ ਘਰਾਂ ਦੀਆਂ ਦੀਵਾਰਾਂ ਢਾਹ ਕੇ ਗੁਰਦੁਆਰੇ ਨੂੰ ਰਸਤੇ ਬਣਾ ਦਿਤੇ ਸਨ, ਜਿਥੋਂ ਲੰਘ ਕੇ ਸੰਗਤਾਂ ਪਹੁੰਚ ਰਹੀਆਂ ਸਨ। ਚੇਹਰਿਆਂ ਦਾ ਜੋਸ਼ ਝਲਿਆ ਨਹੀਂ ਜਾਂਦਾ ਸੀ, ਸਿੱਖ ਮੌਤ ਦਾ ਭੈ ਲੰਘ ਚੁਕੇ ਸਨ, ਕਿਸੇ ਨੂੰ ਮਿਲਟਰੀ, ਸੀ.ਆਰ.ਪੀ ਦੀਆਂ ਸਟੇਨਗਨਾਂ ਤੋਂ ਡਰ ਨਹੀਂ ਲਗ ਰਿਹਾ ਸੀ। ਗੁਰੂ ਕੀ ਬੇਅਦਬੀ ਅਤੇ ਹਜ਼ਾਰਾਂ ਸਿੱਖਾਂ ਦੀਆਂ ਸ਼ਹੀਦੀਆਂ ਸੁਣਕੇ ਸਿੱਖ ਨੂੰ ਇਉਂ ਲਗ ਰਿਹਾ ਸੀ, ਧ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜੀਵਨਾ।

ਦਾਸ ਨੇ ਭੀ ਜ਼ੀਰਕ ਪੁਰ {ਚੰਡੀਗੜ} ਤੋਂ ਅੰਮ੍ਰਿਤਸਰ ਜਾਣਾ ਸੀ, ਸੋ ਦਾਹੜਾ ਚਾਹੜਿਆ ਪੈਂਟ ਸ਼ਰਟ ਪਾਈ ਸਿੰਘਣੀ ਨੂੰ ਨਾਲ ਲਿਆ। ਪੜੋਸੀ ਸ: ਮਲਕੀਅਤ ਸਿੰਘ ਦਾ ਬੇਟਾ ਜੋ ਕੇਸਾਂ ਦੀ ਬੇਅਦਬੀ ਕਾਰਨ ਸਿੱਖ ਨਹੀਂ ਲਗਦਾ ਸੀ, ਉਸਨੂੰ ਡਰਾਈਵ ਵਾਸਤੇ ਨਾਲ ਲਿਆ, ਅਪਣੀ ਇਨਕਮ ਟੈਕਸ ਦੀ ਫਾਇਲ ਚੁਕ ਲਈ ਕਿ ਮੈਂ ਇਨਕਮ ਟੈਕਸ ਦੀ ਤਾਰੀਖ 'ਤੇ ਜਾ ਰਿਹਾ ਹਾਂ। ਇਓਂ ਕਹਿਕੇ ਕਈ ਨਾਕਿਆਂ ਤੋਂ ਲੰਘਦੇ ਗਏ, ਪਰ ਰਸਤੇ ਵਿੱਚ ਇਹ ਭੀ ਦੇਖਿਆ ਕੇ ਬਹੁਤੀ ਥਾਂਈਂ ਸੀ.ਆਰ.ਪੀ. ਨੇ ਸਿੱਖ ਜੋਸ਼ ਅਤੇ ਖਾੜਕੂਆਂ ਵਲੋਂ ਸੰਭਾਵੀ ਹਮਲੇ ਦੇ ਡਰੋਂ ਪੰਜਾਬ ਪੁਲੀਸ ਦੇ ਸਿੱਖ ਸਿਪਾਹੀਆਂ ਨੂੰ ਹੀ ਅਗੇ ਖੜਾ ਕੀਤਾ ਹੋਇਆ ਸੀ, ਆਪ ਪਿਛੇ ਖੜੇ ਸਨ। ਸਿੱਖਾਂ 'ਤੇ ਤਾਜ਼ੇ ਵਾਪਰੇ ਜ਼ੁਲਮ ਦਾ ਅਜੇ ਪੰਜਾਬ ਦੇ ਸਿੱਖ ਸਿਪਾਹੀਆਂ ਦੇ ਮਨਾ ਤੇ ਭੀ ਅਸਰ ਸੀ, ਸੋ ਉਹ ਠੀਕ ਠੀਕ ਆਖ ਬਹੁਤਿਆਂ ਨੂੰ ਲੰਘਾਈ ਜਾ ਰਹੇ ਸਨ। ਬਹੁਤੇ ਸੀ.ਆਰ.ਪੀ. ਵਾਲੇ ਪੰਜਾਬੀ ਬੋਲੀ ਭੀ ਨਹੀਂ ਸਮਝਦੇ ਸਨ। ਐਸਾ ਇਕ ਨਾਕੇ 'ਤੇ ਮੇਰੇ ਨਾਲ ਭੀ ਹੋਇਆ, ਜਦੋਂ ਮੈਨੂੰ ਐਸ.ਐਚ.ਓ ਨੇ ਅਖਿਆ "ਸਰਦਾਰ ਜੀ ਸਾਨੂੰ ਪਤਾ ਹੈ ਕੇਹੜੀ ਤੁਹਾਡੀ ਇਨਕਮ ਟੈਕਸ ਦੀ ਤਾਰੀਖ ਹੈ। ਤੁਸੀਂ ਜਾਓ, ਇਓਂ ਅਸੀਂ ਅਮ੍ਰਿੰਤਸਰ ਪੁੱਜੇ।

ਮੇਰੇ ਤੋਂ ਪਹਿਲੇ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਪੁਜੇ ਹੋਇ ਸਨ ਅਤੇ ਗੁਰਦੁਆਰਾ ਸ਼ਹੀਦਾਂ ਦੇ ਮੁੱਖ ਗੇਟ ਦੇ ਉੱਪਰ ਵਾਲੇ ਕਮਰੇ ਵਿਚ ਸਿੰਘ ਸਾਹਿਬ ਅਤੇ ਐਕਟਿੰਗ ਪ੍ਰਧਾਨ ਐਸ.ਜੀ.ਪੀ.ਸੀ ਰਾਜਿੰਦਰ ਸਿੰਘ ਧਾਲੀਵਾਲ ਦਾ ਪ੍ਰਬੰਧਕੀ ਦਫਤਰ ਸੀ। ਖੱਬੇ ਨਾਲ ਲਗਦੇ ਕਮਰੇ ਵਿਚ ਮਸਕੀਨ ਸਾਹਿਬ ਬੈਠੇ ਸਨ, ਉਥੇ ਅਸੀਂ ਮਿਲੇ ਮੈਂ ਹਾਲਾਤ ਪੁਛੇ, ਤਾਂ ਬੜੀ ਨਿਰਾਸ਼ਤਾ ਨਾਲ ਉਨ੍ਹਾਂ ਦੇ ਪਹਿਲੇ ਲਫਜ਼ ਸਨ, "ਪ੍ਰੋਫੈਸਰ ਸਾਹਿਬ ਉਪਰ ਜਾਕੇ ਦੇਖ ਲਉ, ਮਿੰਟ ਮਿੰਟ 'ਤੇ ਦਿੱਲੀ ਫੋਨ ਹੋ ਰਿਹਾ ਹੈ ਅਤੇ ਸਭ ਪ੍ਰੋਗਰਾਮ ਦਿੱਲੀ ਕੋਲੋਂ ਪੁਛਕੇ ਬਣ ਰਿਹਾ ਹੈ, ਬਸ ਇਸਤੋਂ ਅਗੇ ਕੁਛ ਨਹੀਂ ਕਹਿਣਾ ਚਾਹੁੰਦਾ।"

ਕੁਛ ਮਿੰਟ ਬਾਹਦ ਮੈ ਉੱਪਰ ਗਿਆ, ਅਗੇ ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘ ਜੀ ਅਤੇ ਪ੍ਰਧਾਨ ਸਾਹਿਬ ਬੈਠੇ ਸਨ, ਸਾਧਾਰਣ ਕੀਰਤਨੀਆਂ ਅਤੇ ਸਿਆਸੀ ਨਾਮ ਜਾਂ ਪਹੁੰਚ ਨਾ ਹੋਣ ਕਰਕੇ, ਕੁੱਛ ਸਮਾਂ ਤਾਂ ਮੈਨੂੰ ਗਲ ਬਾਤ ਤੋਂ ਅਨ ਗੌਲਿਆ ਗਿਆ। ਆਖਰ ਮੇਰੀ ਸਿੰਘ ਸਾਹਿਬ ਨਾਲ ਗਲ ਹੋਈ, ਕਹਿਣ ਲਗੇ ਦੇਖੋ ਕਿੰਨਾ ਉਤਸ਼ਾਹ ਅਤੇ ਜਜ਼ਬਾ ਹੈ, ਕਿਨੀ ਸੰਗਤ ਦਰਸ਼ਨ ਲਈ ਪੁਜ ਰਹੀ ਹੈ, ਮੈਂ ਬੇਨਤੀ ਕੀਤੀ ਜੀ ਸਿੱਖ ਕੌਮ ਦਾ ਜਜ਼ਬਾ ਪਛਾਣੋ, ਜੇਹੜੇ ਹਜ਼ਾਰਾਂ ਸਿੰਘ ਤਿੰਨ ਮਹੀਨੇ ਪਹਿਲੇ ਏਥੇ ਸ਼ਹੀਦ ਹੋਇ ਹਨ, ਉਨ੍ਹਾਂ ਸਾਰਿਆਂ ਨੂੰ ਤਾਂ ਇਹ ਪਤਾ ਭੀ ਨਹੀਂ ਸੀ ਕਿ ਸਰਕਾਰ ਐਸਾ ਜ਼ੁਲਮ ਕਰੇਗੀ, ਉਹ ਤਾਂ ਦਰਸ਼ਨ ਕਰਨ ਆਇ ਸਨ, ਪਰ ਹਜ਼ਾਰਾਂ ਸਿੰਘਾਂ ਦੀਆਂ ਲਾਸ਼ਾਂ ਦੇਖਕੇ ਮਿਲਟਰੀ ਫੋਰਸਾਂ ਦੇ ਹੱਥਾਂ ਵਿਚ ਤਣੀਆਂ ਸਟੇਨਗਨਾਂ ਦੀ ਪ੍ਰਵਾਹ ਨਾ ਕਰਦਿਆਂ ਅਜ ਜੇਹੜੇ ਸਿੱਖ ਪੁੱਜ ਰਹੇ ਹਨ, ਉਹ ਸ਼ਹੀਦੀ ਲਈ ਮਨ ਬਣਾਕੇ ਪੁਜੇ ਹਨ। ਇਹ ਹੁਣ ਕੌਮ ਦਾ ਭਵਿੱਖ ਸਿਰਜਨਾ ਚਾਹੁੰਦੇ ਹਨ, ਕੋਈ ਪ੍ਰੋਗਰਾਮ ਦਿਓ, ਇਹਨਾ ਦੀ ਅਗਵਾਈ ਕਰੋ, ਕੌਮ ਨੂੰ ਕਿਸੇ ਤਨ ਪਤਨ ਲਗਾਓ।

ਮੇਰੀ ਇਹ ਜਜ਼ਬਾਤੀ ਗਲ ਸੁਣਕੇ ਸਿੰਘ ਸਾਹਿਬ ਕੁੱਛ ਤਲਖ ਹੋ ਗਏ ਅਤੇ ਪ੍ਰਧਾਨ ਸਾਹਿਬ ਵਲ ਮੁਖਾਤਬ ਹੋ, ਵਿਅੰਗ ਨਾਲ ਕਹਿਣ ਲਗੇ, ਪ੍ਰਧਾਨ ਸਾਹਿਬ ਜੀ, ਪ੍ਰਫੈਸਰ ਤਾਂ ਕਹਿੰਦਾ ਹੈ, ਕਲ ਖਾਲਿਸਤਾਨ ਦਾ ਐਲਾਨ ਕਰੋ। ਪ੍ਰਧਾਨ ਸਾਹਿਬ ਕੁੱਛ ਹੋਰ ਤਣਾਓ ਵਿੱਚ ਆ ਗਏ। ਇੱਕ ਮਿੰਟ ਚੁੱਪ ਰਹਿਣ ਮਗਰੋਂ, ਮੈਨੂੰ ਕਹਿਣ ਲੱਗੇ ਤੁਸੀਂ ਥੱਲੇ ਚਲੋ, ਅਸੀਂ ਜ਼ਰੂਰੀ ਕੰਮ ਕਰਨੇ ਹਨ, ਇਉਂ, ਬੇ ਆਬਰੂ ਹੋਕੇ ਤੇਰੇ ਕੂਚੇ ਸੇ ਹਮ ਨਿਕਲੇ...

ਮੈਂ ਥਲੇ ਆਗਿਆ ਸਮਾਗਮ ਹੋਇਆ, ਸਭ ਨੇ ਅਪਣੇ ਲਹੂ ਲੁਹਾਣ ਜਜ਼ਬਾਤ ਕੌਮ ਨਾਲ ਸਾਂਝੇ ਕੀਤੇ। ਨੌਜਵਾਨਾਂ ਨੇ ਸਿਰ 'ਤੇ ਕਫਨ ਬ੍ਹਨ ਸਿੱਖ ਰੈਜੀਮਿੰਟਾਂ ਬਨਾਉਣ ਦੇ ਐਲਾਨ ਕੀਤੇ, ਸ਼ਹੀਦਾਂ ਗੁਰਦੁਆਰੇ ਦੇ ਸਾਹਮਣੇ ਚੌਂਕ ਵਿੱਚ ਕੇਸਰੀ ਨਿਸ਼ਾਨ ਸਾਹਿਬ ਲਹਿਰਾਕੇ ਦਸ਼ਮੇਸ਼ ਰੈਜੀਮਿੰਟ ਵਲੋਂ ਸਲਾਮੀ ਦਿਤੀ ਗਈ। ਕਈ ਸੰਪਰਦਾਵਾਂ ਵਲੋਂ ਸੰਗਤਾਂ ਲਈ ਲੰਗਰ ਭੀ ਲਾਇ ਗਏ, ਪਰ ਸਿੱਖ ਸਿਆਸੀ ਜਾਂ ਧਾਰਮਿਕ ਆਗੂਆਂ ਵਲੋਂ ਕੋਈ ਅਗਵਾਈ ਜਾਂ ਪ੍ਰੋਗਰਾਮ ਨਾ ਮਿਲਿਆ।

ਇਉਂ ਲੱਖਾਂ ਸਿੱਖ ਅਪਣੇ ਅੰਦਰ ਦੀ ਅਸਹਿ ਪੀੜਾ ਦੀ ਚੀਸ, ਗੁਰੂ ਕੀ ਨਗਰੀ ਦੀ ਭੇਂਟ ਕਰਕੇ ਘਰੋਂ ਘਰ ਚਲੇ ਗਏ।

"ਬੋਲਹਿ ਸਾਚੁ ਮਿਥਿਆ ਨਹੀ ਰਾਈ" ਲੜੀਵਾਰ ਲਿਖਤਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top