1984 ਜੂਨ ਵਿਚ ਗੁਰੂ ਅਰਜਨ ਦੇਵ
ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਤੇ ਕੀਰਤਨ ਲਈ
ਮੈਂ ਗੁਰਦੁਵਾਰਾ ਮਾਡਲ ਟਾਊਨ ਜਲੰਧਰ
ਬਚਨ ਕੀਤਾ ਹੋਇਆ ਸੀ। ਸਮਾਗਮ ਸ਼ੁਰੂ ਹੋਣ ਦੇ ਪਹਿਲੇ ਦਿਨ ਹੀ ਗੁਰਦੁਆਰਾ ਸਾਹਿਬ
ਦੇ ਨਜ਼ਦੀਕ ਹੀ ਕਿਸੇ ਹਿੰਦੂ ਨੌਜਵਾਨ ਦਾ ਕਤਲ ਹੋ ਗਿਆ ਅਤੇ ਕਿਸੇ ਨੇ ਇਹ ਭੀ ਆਖ
ਦਿਤਾ ਕੇ ਕਾਤਲ ਦੌੜ ਕੇ ਗੁਰਦੁਆਰੇ ਵੜ ਗਿਆ ਅਤੇ ਸੰਗਤ ਵਿਚ ਸ਼ਾਮਲ ਹੋਗਿਆ ਹੈ।
ਇਉਂ ਸਮਾਗਮ ਦਾ ਮਹੌਲ ਖਰਾਬ ਹੋ ਗਿਆ ਅਤੇ ਪ੍ਰਬੰਧਕ ਭੀ ਪ੍ਰੇਸ਼ਾਨ ਹੋ ਗਏ, ਸ਼ਾਮ
ਦਾ ਸਮਾਗਮ ਕੈਂਸਲ ਕਰ ਦਿਤਾ ਗਿਆ। ਦੂਜੇ ਦਿਨ ਉਸ ਨੌਜਵਾਨ ਦੇ ਸਸਕਾਰ ਸਮੇਂ
ਸ਼ਹਿਰ ਦੇ ਹਾਲਾਤ ਹੋਰ ਖਰਾਬ ਹੋਣ ਅਤੇ ਕਰਫਿਊ ਲਗ ਜਾਣ ਦੇ ਆਸਾਰ ਬਣ ਗਏ।
ਸੋ ਪ੍ਰੋਗਰਾਮ ਕੈਂਸਲ ਕਰ ਦਿਤਾ ਗਿਆ
ਅਤੇ ਅਸੀਂ ਵਾਪਸ ਘਰ ਜ਼ੀਰਕ ਪੁਰ {ਚੰਡੀਗੜ} ਲਈ ਚਲ ਪਏ। ਸਾਡੇ ਰਾਤ ਵਾਪਸ ਘਰ
ਪਹੁਂਚਦਿਆਂ ਤਕ ਸਾਰੇ ਪੰਜਾਬ ਵਿਚ ਕਰਫਿਯੂ ਲਗ ਗਿਆ ਅਤੇ ਸ੍ਰੀ ਅਕਾਲ ਤਖਤ
ਸਾਹਿਬ ਤੇ ਹਿੰਦੁਸਤਾਨ ਦੀ ਫੌਜ ਨੇ ਤੋਪਾਂ, ਟੈਂਕਾਂ ਨਾਲ ਹਮਲਾ ਕਰ ਦਿਤਾ।
ਸਿੱਖਾਂ ਕੋਲ ਕੇਵਲ ਸਰਕਾਰੀ ਮੀਡੀਏ ਦੀਆਂ ਕੁਛ ਖਬਰਾਂ ਜਾਂ ਅਫਵਾਹਾਂ ਹੀ ਰਹਿ
ਗਈਆਂ, ਪਾਕਿਸਤਾਨੀ ਟੀ ਵੀ ਅਤੇ ਰੇਡੀਓ ਦੀ ਫ੍ਰੀਕੁਅੰਸੀ
Frequency ਭੀ ਜਾਮ ਕਰ ਦਿਤੀ ਗਈ।
ਹਰ ਪਾਸੇ
ਦਹਿਸ਼ਤ ਅਤੇ ਮਾਤਮੀ ਮਾਹੌਲ ਬਣ ਗਿਆ। ਉਸ ਸਮੇਂ ਜਿਹਨਾ ਨੂੰ ਪਤਾ ਸੀ ਉਹਨਾ ਨੂੰ
ਬੀ.ਬੀ.ਸੀ ਲੰਡਨ ਦੀਆਂ ਖਬਰਾਂ ਤੋਂ ਕੁਛ ਜਾਨਕਾਰੀ ਮਿਲਦੀ ਰਹੀ, ਜਾਂ ਫਿਰ
ਸਰਕਾਰੀ ਮੀਡੀਏ ਰਾਹੀਂ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਦੇ ਬੋਲ ਸੁਣਾਇ
ਗਏ ਕਿ ਕੋਠਾ ਸਾਹਿਬ ਠੀਕ ਠਾਕ ਹੈ।
ਇਉਂ ਹੀ
ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲਿਆਂ
ਦੇ ਕੁਛ ਬੋਲ ਸੁਣਾਇ ਗਇ ਜਾਂ ਫਿਰ ਦਿੱਲੀ
ਦੇ ਕੁਛ ਸਰਕਾਰੀ ਝੋਲੀ ਚੁੱਕ ਸਿੱਖਾਂ
ਜਥੇਦਾਰ ਰਛਪਾਲ ਸਿੰਘ ਪ੍ਰ: ਹਰਬੰਸ ਸਿੰਘ ਆਦਿ
ਵਲੋਂ ਅਪਣੇ ਭਾਸ਼ਣਾਂ ਰਾਹੀਂ ਸਰਕਾਰ ਨੂੰ ਨਿਰਦੋਸ਼ ਸਾਬਤ ਕਰਨ ਦੀ ਕੋਸ਼ਿਸ਼ ਕੀਤੀ
ਜਾਂਦੀ ਰਹੀ।
ਗਿਆਨੀ
ਜ਼ੈਲ ਸਿੰਘ {ਰਾਸ਼ਟਰ ਪਤੀ} ਅਤੇ ਇੰਦਰਾ ਗਾਂਧੀ {ਪ੍ਰਧਾਨ ਮੰਤਰੀ} ਦੀ ਦਰਬਾਰ
ਸਾਹਿਬ ਫੇਰੀ ਦਿਖਾਈ ਗਈ, ਪਰ ਇਹ ਕਰਫਿਊ ਦੇ ਦਸ ਦਿਨ ਸਿਖਾਂ ਨੇ ਬੇਬਸੀ ਦੀ
ਹਾਲਤ ਵਿਚ ਇਕ ਮਜ਼ਲੂਮ ਕੈਦੀ ਵਾਂਗੂ ਬਿਤਾਇ, ਜੇ ਕਿਤੇ ਗੁਰੂ ਸਥਾਨਾਂ ਦੀ ਬੇਅਦਬੀ
ਸੁਣਕੇ ਕਿਸੇ ਪਿੰਡ ਤੋਂ ਜੁੱਰਤ ਨਾਲ ਸਿੱਖ ਸੰਗਤ ਟਰਾਲੀਆਂ ਭਰਕੇ ਦਰਬਾਰ ਸਾਹਿਬ
ਦੇ ਦਰਸ਼ਨਾਂ ਲਈ ਤੁਰੀ, ਤਾਂ ਪੰਜਾਬ ਵਿਚ ਸੜਕਾਂ ਤੇ ਹਰਲ ਹਰਲ ਕਰਦੀ ਫਿਰ ਰਹੀ
ਮਿਲਟਰੀ ਨੇ ਗੋਲੀਆਂ ਮਾਰਕੇ ਸ਼ਹੀਦ ਕਰ ਦਿੱਤਾ।
ਦਸ ਦਿਨ ਬਾਅਦ
ਕਰਫਿਊ ਖੁਲਿਆ ਤਾਂ ਪਹਿਲੇ ਦਿਨ ਚੰਡੀਗੜ 22 ਸੈਕਟਰ ਦੇ ਗੁਰਦੁਆਰੇ ਰੋਸ ਦਿਵਾਨ
ਸਜਿਆ, ਹਜ਼ਾਰਾਂ ਸੰਗਤਾਂ ਇਕੱਠੀਆਂ ਹੋਈਆਂ। ਸਭ ਦੇ ਮਨ ਵਿਚ ਜਜ਼ਬੇ ਅਤੇ ਰੋਸ ਦਾ
ਭਿਆਨਕ ਤੁਫਾਨ ਸੀ। ਮੈਂ ਭੀ ਅਪਣੇ ਅੰਦਰ ਦੇ ਰੋਸ ਦਾ ਕੀਰਤਨ ਰਾਹੀਂ ਕੀਤਾ ਅਤੇ
ਪਹਿਲੇ ਦਿਨ ਮੇਰੇ ਅਤੇ ਉਸ ਵਕਤ ਦੇ 15 ਸੈਕਟਰ ਗੁਰਦੁਆਰੇ ਦੇ ਪ੍ਰਧਾਨ ਦੇ
ਖਿਲਾਫ ਕੇਸ ਦਰਜ ਹੋਇਆ।