ਬੋਲ
ਸੁ ਧਰਮੀੜਿਆ
ਕੁਛ ਦਿਨ ਬਾਅਦ ਹੀ ਪ੍ਰੋਗਰਾਮ ਲਈ
ਕਾਨਪੁਰ ਜਾਣਾ ਸੀ। ਰਾਤ ਦਿੱਲੀ ਪਹੁੰਚੇ ਤਾਂ ਪਤਾ ਲਗਾ ਕਿ ਸੁਭਾ ਨਾਨਕ ਪਿਆਓ
ਗੁਰਦੁਆਰੇ ਮਸਕੀਨ ਜੀ ਕਥਾ ਕਰ ਰਹੇ ਹਨ। ਸਾਡੀ ਕਾਨਪੁਰ ਟਰੇਨ ਨੇ ਲੇਟ ਜਾਣਾ
ਸੀ।
ਮੈ ਨਾਨਕ ਪਿਆਓ ਗੁਰਦੁਆਰੇ ਮਥਾ ਟੇਕਣ ਚਲਾ ਗਿਆ,
ਅਗੇ ਮਸਕੀਨ ਸਾਹਿਬ ਕਥਾ ਵਿਚ ਦਿੱਲੀ ਦੀ ਸੰਗਤ ਨੂੰ
ਸੰਬੋਧਨ ਕਰਕੇ ਆਖ ਰਹੇ ਸਨ, "ਦਿੱਲੀ ਵਾਲਿਆਂ
ਨੇ ਦੂਜੀ ਵਾਰ ਹੁਣ ਫਿਰ ਗੁਰੂ ਨਾਲ ਗੱਦਾਰੀ ਕੀਤੀ ਹੈ, ਇਕ ਕਲੰਕ ਖਟਿਆ ਹੈ। ਇਕ
ਵਾਰ ਜਦੋਂ ਦਿਲੀ ਦੀ ਚਾਂਦਨੀ ਚੌਂਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ
ਸ਼ਹੀਦ ਕਰਕੇ ਆਵਾਜ਼ ਦਿਤੀ ਗਈ ਕਿ ਕੋਈ ਇਸਦਾ ਸਿੱਖ ਹੈ ਤਾਂ ਸਰੀਰ ਸੰਭਾਲ ਸਕਦਾ
ਹੈ, ਤਾਂ ਓਦੋਂ ਦਿੱਲੀ ਵਾਸੀਆਂ ਨੇ ਮੂੰਹ ਫੇਰ ਲਿਆ ਅਤੇ ਅਜ ਫਿਰ ਜਦੋਂ ਦਰਬਾਰ
ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਸੈਂਕੜੇ ਗੁਰਦੁਆਰਿਆਂ ਅਤੇ ਗੁਰੂ ਗ੍ਰੰਥ
ਸਾਹਿਬ ਦੀ ਬੇਅਦਬੀ ਕੀਤੀ ਗਈ, ਹਜ਼ਾਰਾਂ ਯਾਤਰੂ ਸੰਗਤਾਂ ਸ਼ਹੀਦ ਕੀਤੀਆਂ ਗਈਆਂ,
ਪਰ ਦਿੱਲੀ ਦਿਆਂ ਸਿੱਖਾਂ ਦੀ ਕੋਈ ਮਜ਼ਬੂਤ ਆਵਾਜ਼ ਨਹੀਂ ਬਣੀ, ਬਲਕਿ ਕੁਛ ਲੋਕਾਂ
ਨੇ ਸਰਕਾਰ ਨੂੰ ਨਿਰਦੋਸ਼ ਆਖਕੇ, ਸਰਕਾਰ ਦੀ ਖੁਸ਼ੀ ਲਈ ਹੈ।"
ਇਸੇ
ਦਿਵਾਨ ਵਿਚ ਮੇਰੇ ਨਜ਼ਦੀਕ ਬੈਠੇ ਸਨ ਮਸਕੀਨ ਜੀ ਦੇ ਨਾਲ ਆਇ ਹੋਇ ਮੇਰੇ ਬਚਪਨ ਦੇ
ਦੋਸਤ ਕੀਰਤਨੀਏ ਭਾਈ ਸਾਹਿਬ ਭਾਈ ਕਲਿਆਨ ਸਿੰਘ ਜੀ, ਜਿਹਨਾ ਨੇ ਬੜੇ ਦਰਦ ਨਾਲ
ਮੇਰੇ ਵਲ ਦੇਖਕੇ ਗੁਰਬਾਣੀ ਦੀ ਇਹ ਤੁਕ ਪ੍ਹੜੀ,
ਬੋਲ ਸੁ ਧਰਮੀੜਿਆ
ਮੋਨ ਕਤਿ ਧਾਰੀ ਰਾਮ...
ਬਸ ਇਹ ਇਕ
ਐਸੀ ਦਸਤਕ ਸੀ, ਜਿਸਨੇ ਅੰਦਰ ਦੇ ਦਬੇ ਹੋਇ ਦਰਦ ਦਾ ਦਰਵਾਜ਼ਾ ਖੋਲ ਦਿਤਾ ਅਤੇ ਉਸੇ
ਦਿਨ ਤੋਂ ਹੀ ਲਗਾਤਾਰ, ਹਰ ਕੀਰਤਨ ਰਾਹੀਂ ਜ਼ੁਲਮ ਅਨਿਆਏ ਦੀ ਅਗ ਵਿਚ ਭਖੇ ਹੋਇ
ਅਤੇ ਢਲੇ ਹੋਇ ਬੋਲ ਅੰਦਰੋਂ ਨਿਕਲਦੇ ਰਹੇ, ਜਿਹਨਾ ਦੇ ਅਧਾਰ ਤੇ ਸਰਕਾਰ ਨੇ ਕੇਸ
ਭੀ ਬਣਾਏ, ਜੇਹਲਾਂ ਵਿਚ ਭੀ ਰਖਿਆ, ਜਿਸਨੂੰ ਅਜ ਤਕ ਲੋਕ ਗਰਮ ਟੇਪਾਂ {ਕੈਸਟ}
ਆਖਦੇ ਹਨ।
ਇਹਨਾ ਗਰਮ ਬੋਲਾਂ ਰਾਹੀਂ ਜਿਥੇ ਮੈਂ
ਜ਼ਾਲਮ ਨੂੰ ਜ਼ੁਲਮ ਦੇ ਅੰਤ ਲਈ ਚਿਤਾਵਨੀ ਦੇਣਾ ਚਾਹੁੰਦਾ ਸਾਂ, ਓਥੇ ਸਿੱਖ ਕੌਮ
ਨੂੰ ਇਸ ਅੱਗ ਵਿੱਚੋਂ ਨਵੀਂ ਚਮਕ ਲੈਕੇ ਬਲਵਾਨ ਅਤੇ ਕੁੰਦਨ ਹੋ ਨਿਕਲਣ ਲਈ
ਪ੍ਰੇਰਣਾ ਦੇਣੀ ਚਾਹੁੰਦਾ ਸਾਂ।
ਏਹਨੀ ਦਿਨੀ ਕੁਛ
ਖੁਦਗਰਜ਼ ਸਿੱਖੀ ਭੇਸ ਵਾਲਿਆਂ ਨੇ ਮੇਰੇ ਨਾਲ ਭੀ ਗ਼ੱਦਾਰੀ ਕੀਤੀ ਅਪਣੇ ਆਪ ਨੂੰ
ਬੜਾ ਕੌਮੀ ਵਫਾਦਾਰ ਜਤਲਾ ਮੈਨੂੰ ਆਪਣੇ ਘਰਾਂ ਵਿਚ ਰਖਕੇ, ਜਿਥੇ ਮੇਰੀਆਂ ਟੇਪਾਂ
ਰੋਜ਼ ਸਰਕਾਰੀ ਇਜੰਸੀਆਂ ਨੂੰ ਪਹੁੰਚਾਉਂਦੇ ਰਹੇ, ਓਥੇ ਕੌਮੀ ਦੁਖ ਦਰਦ ਸਾਂਝਾ
ਕਰਨ ਆਇ ਹਰ ਵੀਰ ਦੀ ਰਿਪੋਟ ਭੀ ਦੇਂਦੇ ਰਹੇ।
ਐਸੇ ਹੀ ਸੱਜਣ ਦੇਨਾ ਬੈਂਕ ਵਿਚ ਕੰਮ ਕਰਦੇ
ਬੇਦੀ ਸਾਹਿਬ ਸਨ, ਮੇਰੇ ਤੇ ਚਲੇ
ਦਿਲੀ ਵਾਲੇ ਕੇਸ ਵਿਚ ਉਹ ਬੇਦੀ ਸਾਹਿਬ ਅਤੇ
ਸ: ਰਛਪਾਲ ਸਿੰਘ ਮੈਂਬਰ ਦਿੱਲੀ ਸਿਖ
ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ
ਪ੍ਰਧਾਨ ਮਾਸਟਰ ਅਕਾਲੀ ਦਲ ਸਰਕਾਰੀ ਗਵਾਹ ਸਨ।