Share on Facebook

Main News Page

ਪ੍ਰੋ. ਕਸ਼ਮੀਰਾ ਸਿੰਘ ਜੀ ਦੇ ‘ਪ੍ਰਿਥਮ ਭਗਉਤੀ’ ਦੇ ਅਰਥ ਬਿਲਕੁਲ ਸਹੀ ਹਨ
-: ਗਿ. ਜਾਚਕ

30 ਦਸੰਬਰ ਦੇ ਵਿਸ਼ੇਸ਼ ਕਾਲਮ ਵਿੱਚ (ਕੀ ਗੁਰੂ ਪਾਤਿਸ਼ਾਹਾਂ ਨੂੰ "ਭਗਉਤੀ" ਸਹਾਈ ਹੋਈ ?) ਸਤਿਕਾਰ ਪ੍ਰੋ ਕਸ਼ਮੀਰਾ ਸਿੰਘ ਜੀ ਨੇ ‘ਪ੍ਰਥਮਿ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ॥’ ਤੁਕ ਦੇ ਸਹੀ ਅਰਥ ਸਮਝਾਉਣ ਲਈ “ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ॥ ਤੁਕ ਨੂੰ ਵਿਆਕ੍ਰਣਿਕ ਦ੍ਰਿਸ਼ਟੀਕੋਨ ਤੋਂ ਅਰਥਾਉਣ ਦਾ ਇਉਂ ਉਪਕਾਰ ਕੀਤਾ ਹੈ :

ਤੁਕ ਦੇ ਅਰਥ:- ਫਿਰ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ ਅਤੇ ਗੁਰੂ ਰਾਮਦਾਸ ਪਾਤਿਸ਼ਾਹ ਨੂੰ ਸਹਾਈ ਹੋਈ। ਕੌਣ ਸਹਾਈ ਹੋਈ?

ਦੁਰਗਾ / ਭਗਉਤੀ। ਕਿਵੇਂ?

‘ਅੰਗਦ’, ‘ਗੁਰ’, ‘ਅਮਰਦਾਸ’ ਅਤੇ ‘ਰਾਮਦਾਸੈ’ ਚਾਰਿ ਸ਼ਬਦ ਵਿਚਾਰ ਅਧੀਨ ਤੁਕ ਵਿੱਚ ਸੰਪਰਦਾਨ ਕਾਰਕ (ਡੇਟਿਵ ਕੇਸ) ਵਿੱਚ ਵਰਤੇ ਗਏ ਹਨ। ਕਿਸ ਨੂੰ ਸਹਾਈ ਹੋਈ? ਇਸ ਦਾ ਉੱਤਰ ਸੰਪਰਦਾਨ ਕਾਰਕ ਵਿੱਚ ਹੁੰਦਾ ਹੈ। ਤੁਕ ਵਿੱਚ ‘ਅੰਗਦ’ ਸ਼ਬਦ ਸੰਪਰਦਾਨ ਕਾਰਕ ਵਿੱਚ ਹੈ। ਅਰਥ- ਗੁਰੂ ਅੰਗਦ ਸਾਹਿਬ ਨੂੰ ਸਹਾਈ ਹੋਈ। ‘ਗੁਰ’ ਸ਼ਬਦ ਸੰਪਰਦਾਨ ਕਾਰਕ ਵਿੱਚ ਹੈ।

ਅਰਥ - ਗੁਰੂ ਨੂੰ ਸਹਾਈ ਹੋਈ। ‘ਅਮਰਦਾਸ’ ਸ਼ਬਦ ਸੰਪਰਦਾਨ ਕਾਰਕ ਵਿੱਚ ਹੈ।

ਅਰਥ - ਗੁਰੂ ਅਮਰਦਾਸ ਜੀ ਨੂੰ ਸਹਾਈ ਹੋਈ। ‘ਰਾਮਦਾਸੈ’ ਸ਼ਬਦ ਸੰਪਰਦਾਨ ਕਾਰਕ ਵਿੱਚ ਹੈ।

ਅਰਥ ਹੈ - ਗੁਰੂ ਰਾਮਦਾਸ ਜੀ ਨੂੰ ਸਹਾਈ ਹੋਈ।

ਪ੍ਰੋ. ਸਾਹਿਬ ਜੀ ਦੇ ਅਰਥ ਬਿਲਕੁਲ ਸਹੀ ਹਨ ਅਤੇ ਇਸ ਲਈ ਉਹ ਵਧਾਈ ਦੇ ਪਾਤਰ ਹਨ । ਕਿਉਂਕਿ, 20ਵੀਂ ਸਦੀ ਦੇ ਹੋਰ ਵੀ ਕਈ ਉੱਚਕੋਟੀ ਦੇ ਵਿਦਵਾਨਾਂ ਨੇ ਅਜਿਹੇ ਅਰਥ ਕੀਤੇ ਹਨ, ਪ੍ਰੋ. ਸਾਹਿਬ ਦੇ ਅਰਥਾਂ ਦੀ ਜ਼ੋਰਦਾਰ ਪ੍ਰੋੜਤਾ ਕਰਦੇ ਹਨ । ਉਨ੍ਹਾਂ ਵਿੱਚੋਂ ਇੱਕ ਹਨ ਭਾਈ ਕਾਨ੍ਹ ਸਿੰਘ ਨਾਭਾ ਦੇ ਨਿਕਟਵਰਤੀ ਸੱਜਣ, ਸਾਦਗੀ ਦੀ ਮੂਰਤਿ ਅਤੇ ਸਿੱਖ ਸਾਹਿਤ ਦੇ ਸਿਰੜੀ ਖੋਜੀ ਸ੍ਰ. ਸ਼ਮਸ਼ੇਰ ਸਿੰਘ ਅਸ਼ੋਕ । ਉਨ੍ਹਾਂ ਨੇ ਉਰਦੂ ਤੋਂ ਇਲਾਵਾ ਲਗਭਗ 40 ਖੋਜ ਪੁਸਤਕਾਂ ਪੰਜਾਬੀ ਜਗਤ ਦੀ ਝੋਲੀ ਪਾਈਆਂ ।

ਅਸ਼ੋਕ ਜੀ ਇੱਕ ਖੋਜਕਾਰ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵੀ ਰਹੇ ਅਤੇ ਲੰਮਾਂ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮ੍ਰਿਤਸਰ ਦੇ ਰੀਸਰਚ ਸਕਾਲਰ ਵੀ ਨਿਯੁਕਤ ਰਹੇ । ਵਿਦਿਆਰਥੀ ਜੀਵਨ ਕਾਲ ਵਿੱਚ ਸੰਨ 1974 ਤੋਂ 1978 ਤੱਕ ਦਾਸ (ਜਾਚਕ) ਵੀ ਉਨ੍ਹਾਂ ਦੇ ਸਪੰਰਕ ਵਿੱਚ ਰਿਹਾ । ਕਿਉਂਕਿ, ਕਦੀ ਕਦਾਈਂ ਉਨ੍ਹਾਂ ਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿੱਚ ਪ੍ਰਚਾਰਕ ਕਲਾਸ ਦੇ ਲੈਕਚਰ ਲਈ ਬੁਲਾ ਲਿਆ ਜਾਂਦਾ ਸੀ । ਸਮੁੰਦਰੀ ਤੇਜਾ ਸਿੰਘ ਹਾਲ ਸ੍ਰੀ ਅੰਮ੍ਰਿਤਸਰ ਵਿਖੇ 1978 ਵਿੱਚ ਹੋਏ ਪਹਿਲੇ ਪਾਠ-ਬੋਧ ਸਮਾਗਮ ਵੇਲੇ ਭਾਵੇਂ ਉਹ ਬਹੁਤ ਬਿਰਧ ਸਨ, ਪਰ ਫਿਰ ਵੀ ਉਹ ਗੁਰਬਾਣੀ ਉਚਾਰਨਾ ਪ੍ਰਤੀ ਹੁੰਦੀ ਵਿਚਾਰ-ਚਰਚਾ ਵਿੱਚ ਨੌਜਵਾਨਾਂ ਵਾਲਾ ਉਤਸ਼ਾਹ ਵਿਖਾਉਂਦੇ ਸਨ ।

ਡਾ. ਰਤਨ ਸਿੰਘ ਜੱਗੀ ਮੁਤਾਬਿਕ ‘ਚੰਡੀ ਦੀ ਵਾਰ’ ਬਾਰੇ ਉਨ੍ਹਾਂ ਦੀ ਇੱਕ ਸਪੀਚ ਲਾਹੌਰ ਰੇਡੀਓ ਤੋਂ ਬ੍ਰਾਡਕਾਸਟ ਹੋਈ ਸੀ । ‘ਭਾਈ ਫ਼ਕੀਰ ਸਿੰਘ ਐਂਡ ਸਨਜ਼’ ਸ੍ਰੀ ਅੰਮ੍ਰਿਤਸਰ ਨੇ ਉਸ ਸਪੀਚ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਦੇ ਕੁਝ ਹੋਰ ਵਿਸ਼ੇਸ਼ ਲੇਖ ਇਕਤ੍ਰ ਕੀਤੇ ਤੇ ਉਨ੍ਹਾਂ ਨੂੰ ‘ਸ੍ਰੀ ਦਸਮ ਗ੍ਰੰਥ ਤੇ ਹੋਰ ਰਚਨਾਵਾਂ’ ਦੇ ਨਾਂ ਦੀ ਦੀ ਇੱਕ ਪੁਸਤਕ ਵਜੋਂ ਸੰਨ 1966 ਵਿੱਚ ਪ੍ਰਕਾਸ਼ਤ ਕੀਤਾ । ਸਾਹਿਤਕ ਖੋਜਕਾਰੀ ਦੀ ਦ੍ਰਿਸ਼ਟੀ ਤੋਂ ਉਹ ਪੁਸਤਕ ਬਹੁਤ ਕੀਮਤੀ ਹੈ ਤੇ ਉਸ ਦੀ ਇੱਕ ਕਾਪੀ ਦਾਸ ਦੀ ਲਾਇਬ੍ਰੇਰੀ ਵਿੱਚ ਵੀ ਮੌਜੂਦ ਹੈ ।

ਇਸ ਪੁਸਤਕ ਵਿੱਚ ਇੱਕ ਲੇਖ ਹੈ- ‘ਦਸਮ ਗ੍ਰੰਥ ਵਿੱਚ ਮਹਾਂਕਾਲ ਦਾ ਸਰੂਪ’ । ਉਸ ਵਿੱਚ ਪੰਨਾ 38’ਤੇ ਉਨ੍ਹਾਂ ਨੇ 19ਵੀਂ ਸਦੀ ਦੇ ਪ੍ਰਸਿੱਧ ਸਿੱਖ ਵਿਦਵਾਨ ਸ੍ਰ. ਅਤਰ ਸਿੰਘ ਰਾਈਸ ਬਹਾਦਰ ਅਤੇ ਪ੍ਰਸਿੱਧ ਪਛਮੀ ਵਿਦਵਾਨ ਮਿਸਟਰ ਟਰੰਪ ਦੀਆਂ ਲਿਖਤਾਂ ਦੇ ਹਵਾਲੇ ਨਾਲ ਪ੍ਰੋ.ਕਸ਼ਮੀਰਾ ਸਿੰਘ ਜੀ ਦੇ ਕੀਤੇ ਉਪਰੋਕਤ ਅਰਥਾਂ ਦੀ ਇਉਂ ਪ੍ਰੋੜਤਾ ਮਿਲਦੀ ਹੈ :

“ਚੰਡੀ ਦੀ ਵਾਰ ਦੇ ਮੁੱਢਲੇ ਮੰਗਲਾਚਰਣ ਵਿੱਚ, ਜਿਸ ਨੂੰ ਸਿੱਖਾਂ ਨੇ ਗਲਤੀ ਨਾਲ ਅਰਦਾਸੇ ਵਿੱਚ ਸ਼ਾਮਲ ਕੀਤਾ ਹੋਇਆ ਹੈ, ਉਸ ਨੇ ਦਸ ਗੁਰੂ ਸਾਹਿਬਾਨ ਨੂੰ ਭਗਉਤੀ ਪੂਜਾ ਦੀ ਲਪੇਟ ਵਿੱਚ ਲੈ ਲਿਆ ਹੈ ।" ਸਬੂਤ ਲਈ ਦੇਖੋ, ਉਹ ਮੰਗਲਾਚਰਣ ਇਸ ਪ੍ਰਕਾਰ ਹੈ :-

ਪ੍ਰਿਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ।
ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ।
ਅਰਜੁਨ ਹਰਿਗੋਬਿੰਦ ਨੋ ਫੇਰ ਸਿਮਰੋ ਸ੍ਰੀ ਹਰਿਰਾਇ ।
ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿਠੇ ਸਭੁ ਦੁਖੁ ਜਾਇ ।
ਤੇਗ ਬਹਾਦੁਰ ਸਿਮਰੀਐ ਘਰ ਨਉ ਨਿਧਿ ਆਵੈ ਧਾਇ ।
ਸਭ ਥਾਈ ਹੋਈ ਸਹਾਇ* ।

ਅਰਥਾਤ -
The goddess  Bhagvati  was  first  worshipped by  (Guru) Nanak ;  Then by  Gurus Angad,  Amar-das  and  Ram-das  and to them she  was  propitious.  Then  followed  Gurus   Arjan,  Har-govind ,   Har-rai,   Har-krishan  And  Teg-bahadurs.  Guru Gobind Singh  was  also  assisted by her.†   {Nand Lal’s  RahitNama, Trnaslated by  S. Attar Singh Rais  Bahadur (1876) p.5.  and  Trumpp’s Adi Granth, P. C. 111.}

ਅਸ਼ੋਕ ਜੀ ਨੇ ਉਪਰੋਕਤ ਪੰਨੇ ਹੇਠਾਂ ਲਿਖਤ ਨਾਲ ਸਬੰਧਤ ਹੇਠ ਲਿਖੇ ਅਨੁਸਾਰ ਦੋ ਵਿਸ਼ੇਸ਼ ਨੋਟ ਵੀ ਲਿਖੇ ਹਨ, ਜੋ ਪਾਠਕਾਂ ਦੇ ਧਿਆਨ ਦੇਣ ਯੋਗ ਹਨ :

* (ਮੰਗਲਾਚਰਨ ਦਾ ਉਪਰੋਕਤ) ਇਹ ਪਾਠ ਪੁਰਾਤਨ ਹੱਥ-ਲਿਖਤਾਂ ਦੇ ਅਨੁਸਾਰ ਸਹੀ ਹੈ, ਪਰ ਪਿਛੋਂ ਇਸ ਨੂੰ ਅਨਜਾਣ ਲਿਖਾਰੀਆਂ ਨੇ ਵਿਗਾੜ ਦਿੱਤਾ, ਜਿਸ ਕਰਕੇ ਇਸ ਦਾ ਜੋ ਪ੍ਰਚਲਿਤ ਪਾਠ ਦੇਖਣ ਵਿੱਚ ਆਉਂਦਾ ਹੈ, ਉਹ ਭਰੋਸੇਯੋਗ ਨਹੀਂ ਕਿਹਾ ਜਾ ਸਕਦਾ ।

† ਮੂਲ-ਪਾਠ ਦੇ ਅੰਤ ਵਿੱਚ ਸਿੱਖ ਅਰਦਾਸ ਕਰਨ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਉਂ ਜੋੜ ਲੈਂਦੇ ਹਨ, ਜਿਸ ਕਰਕੇ ਅਨੁਵਾਦ ਦੇ ਇਸ ਵਾਕ ਦੇ ਅਨੁਵਾਦ ਵਿੱਚ ਫ਼ਰਕ ਹੈ ।

ਗੁਰੂ ਗ੍ਰੰਥ ਪੰਥੀਆਂ ਦਾ ਦਾਸਨਿ-ਦਾਸ :
ਜਗਤਾਰ ਸਿੰਘ ਜਾਚਕ, ਨਿਊਯਾਰਕ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top