Share on Facebook

Main News Page

ਕੀ ਗੁਰੂ ਪਾਤਿਸ਼ਾਹਾਂ ਨੂੰ "ਭਗਉਤੀ" ਸਹਾਈ ਹੋਈ ?
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਇਉਂ ਕਹਿੰਦੀ ਹੈ ‘ਪ੍ਰਿਥਮ ਭਗਉਤੀ ਸਿਮਰ ਕੈ’ ਵਾਲ਼ੀ ਅਰਦਾਸਿ ਵਿੱਚ ਬ੍ਰਾਹਮਣਵਾਦੀ ਧੱਕੇ ਨਾਲ਼ ਜੋੜੀ ਪਉੜੀ। ਇਸ ਤੱਥ ਦਾ ਪਤਾ ਇੱਕ ਪੰਕਤੀ ਦੀ ਵਿਆਕਰਣਕ ਬਣਤਰ ਤੋਂ ਪਤਾ ਲੱਗਦਾ ਹੈ। ਤੁਕ ਹੈ- ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਸਿੱਖ ਸੰਗਤਾਂ ਨੇ ਕਦੇ ਇਸ ਪੰਕਤੀ ਦੇ ਅਰਥ ਨਹੀਂ ਵਿਚਾਰੇ। ਬਸ ਤੋਤਾ ਰਟਨੀ ਹੀ ਲਾਈ ਹੋਈ ਹੈ। "ਤਾਏ ਦੀ ਧੀ ਚੱਲੀ ਤੇ ਮੈ ਕਿਉਂ ਰਹਾਂ ਇਕੱਲੀ" ਮੁਹਾਵਰਾ ਇੱਥੇ ਠੀਕ ਢੁੱਕਦਾ ਹੈ। ਦੇਖੋ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ॥ (ਗਗਸ 28/3)

ਤੁਕ ਦੇ ਅਰਥਾਂ ਦਾ ਵਿਆਕਰਣਕ ਪੱਖ ਕੀ ਹੈ?

ਤੁਕ ਦੇ ਅਰਥ:- ਫਿਰ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ ਅਤੇ ਗੁਰੂ ਰਾਮਦਾਸ ਪਾਤਿਸ਼ਾਹ ਨੂੰ ਸਹਾਈ ਹੋਈ। ਕੌਣ ਸਹਾਈ ਹੋਈ?

ਦੁਰਗਾ / ਭਗਉਤੀ। ਕਿਵੇਂ?

‘ਅੰਗਦ’, ‘ਗੁਰ’, ‘ਅਮਰਦਾਸ’ ਅਤੇ ‘ਰਾਮਦਾਸੈ’ ਚਾਰਿ ਸ਼ਬਦ ਵਿਚਾਰ ਅਧੀਨ ਤੁਕ ਵਿੱਚ ਸੰਪਰਦਾਨ ਕਾਰਕ (ਡੇਟਿਵ ਕੇਸ) ਵਿੱਚ ਵਰਤੇ ਗਏ ਹਨ। ਕਿਸ ਨੂੰ ਸਹਾਈ ਹੋਈ? ਇਸ ਦਾ ਉੱਤਰ ਸੰਪਰਦਾਨ ਕਾਰਕ ਵਿੱਚ ਹੁੰਦਾ ਹੈ। ਤੁਕ ਵਿੱਚ ‘ਅੰਗਦ’ ਸ਼ਬਦ ਸੰਪਰਦਾਨ ਕਾਰਕ ਵਿੱਚ ਹੈ। ਅਰਥ- ਗੁਰੂ ਅੰਗਦ ਸਾਹਿਬ ਨੂੰ ਸਹਾਈ ਹੋਈ। ‘ਗੁਰ’ ਸ਼ਬਦ ਸੰਪਰਦਾਨ ਕਾਰਕ ਵਿੱਚ ਹੈ। ਅਰਥ- ਗੁਰੂ ਨੂੰ ਸਹਾਈ ਹੋਈ। ‘ਅਮਰਦਾਸ’ ਸ਼ਬਦ ਸੰਪਰਦਾਨ ਕਾਰਕ ਵਿੱਚ ਹੈ। ਅਰਥ- ਗੁਰੂ ਅਮਰਦਾਸ ਜੀ ਨੂੰ ਸਹਾਈ ਹੋਈ। ‘ਰਾਮਦਾਸੈ’ ਸ਼ਬਦ ਸੰਪਰਦਾਨ ਕਾਰਕ ਵਿੱਚ ਹੈ। ਅਰਥ ਹੈ- ਗੁਰੂ ਰਾਮਦਾਸ ਜੀ ਨੂੰ ਸਹਾਈ ਹੋਈ।

ਸੰਪਰਦਾਨ ਕਾਰਕ ਦੇ ਗੁਰਬਾਣੀ ਵਿੱਚੋਂ ਪ੍ਰਮਾਣ ਇਸ ਤਰ੍ਹਾਂ ਹਨ:-

ਸੰਪਰਦਾਨ ਕਾਰਕ ਇੱਕ-ਵਚਨ:

1. ਸ਼ਬਦ ਦੇ ਅਖੀਰ ਵਿੱਚ ਦੁਲਾਵਾਂ ( ੈ ) ਹੁੰਦੀਆਂ ਹਨ, ਜਿਵੇਂ:- ਖਸਮੈ (ਖ਼ਸਮ ਨੂੰ- ਪੰਨਾਂ 381), ਸਤਿਗੁਰੈ (ਸਤਿਗੁਰੂ ਨੂੰ- ਪੰਨਾਂ 561 ਗਗਸ) , ਸਪੈ (ਸੱਪ ਨੂੰ- ਪੰਨਾਂ 755 ਗਗਸ), ਫਰੀਦੈ (ਫ਼ਰੀਦ ਨੂੰ- ਪੰਨਾਂ 488/11)), ਨਾਨਕੈ (ਨਾਨਕ ਨੂੰ-ਪੰਨਾਂ 421 ਗਗਸ), ਬਾਲਮੀਕੈ (ਬਾਲਮੀਕ ਨੂੰ- ਪੰਨਾਂ 1192 ਗਗਸ/3)

ਨੋਟ: ‘ਰਾਮਦਾਸੈ’ ਸ਼ਬਦ ਇਸੇ ਨਿਯਮ ਅਧੀਨ ਹੈ। ਅਰਥ ਬਣਨੇ ਹਨ- ਰਾਮਦਾਸ ਨੂੰ , ਭਾਵ, ਧੰਨੁ ਗੁਰੂ ਰਾਮਦਾਸ ਪਾਤਿਸ਼ਾਹ ਨੂੰ।

2. ਅਸਲ ਲਫ਼ਜ਼ ਓਵੇਂ ਹੀ ਰਹਿੰਦਾ ਹੈ, ਜਿਵੇਂ:- ਜਨ ( ਜਨ ਨੂੰ- ਪੰਨਾਂ 631 ਗਗਸ), ਗੋਬਿੰਦ ( ਗੋਬਿੰਦ ਨੂੰ- ਪੰਨਾਂ 1405 ਗਗਸ)

ਨੋਟ: ‘ਅੰਗਦ’, ‘ਗੁਰ’ ਅਤੇ ‘ਅਮਰਦਾਸ’ ਸ਼ਬਦ ਇਸੇ ਨਿਯਮ ਅਧੀਨ ਹਨ। ਇਨਹਾਂ ਸ਼ਬਦਾਂ ਦੇ ਅਰਥਾਂ ਵਿੱਚ ਇਨ੍ਹਾਂ ਨਾਲ਼ ‘ਨੂੰ’ ਸਬਦ ਜੁੜਨਾ ਹੈ।

3. ਲਫ਼ਜ਼ ਦੇ ਅੰਤ ਵਿੱਚ ‘ਹਿ’ ਦੀ ਵਰਤੋਂ ਹੁੰਦੀ ਹੈ, ਜਿਵੇਂ:- ਸੂਮਹਿ (ਸ਼ੂਮ ਨੂੰ), ਮਨਹਿ (ਮਨ ਨੂੰ), ਗੁਰਹਿ (ਗੁਰੂ ਨੂੰ) ਆਦਿਕ।

ਨੋਟ: ਇਹ ਨਿਯਮ ਵਿਚਾਰ ਅਧੀਨ ਤੁਕ ਵਿੱਚ ਨਹੀਂ ਵਰਤਿਆ ਗਿਆ।

‘ਹੋਈ ਸਹਾਇ’ ਤੁਕ ਦਾ ਅਰਥ ਸਪੱਸ਼ਟ ਹੈ- ਸਹਾਈ ਹੋਈ। ‘ਹੋਈ’ ਸ਼ਬਦ ਨੂੰ ਧੱਕੇ ਨਾਲ਼ ਹੀ ‘ਹੋਈਂ’ ਬੋਲਿਆ ਜਾ ਰਿਹਾ ਹੈ ਜੋ ਵਿਆਕਰਣਕ ਤੌਰ 'ਤੇ ਬਿਲਕੁਲ ਗ਼ਲਤ਼ ਹੈ। ਡਾਕਟਰ ਰਤਨ ਸਿੰਘ ਜੱਗੀ ਨੇ ਦਸ਼ਮ ਗ੍ਰੰਥ ਦੇ ਟੀ ਕੇ ਵਿੱਚ ਸ਼ਬਦ ਜੋੜ ‘ਹੋਈ’ (ਬਿੰਦੀ ਤੋਂ ਬਿਨਾਂ) ਹੀ ਲਿਖੇ ਹਨ ਜੋ ਠੀਕ ਹਨ। ਫਿਰ ਵੀ ‘ਹੋਈਂ’ ਬੋਲਣ ਨਾਲ਼ ਵੀ ਅਰਥ ਸੰਬੋਧਨ ਕਾਰਨ ਵਿੱਚ ਨਹੀਂ ਬਣਨਗੇ ਕਿਉਂਕਿ ‘ਰਾਮਦਾਸੈ’ ਸ਼ਬਦ ਸੰਬੋਧਨ ਕਾਰਕ (ਹੇ! ਗੁਰੂ ਰਾਮਦਾਸ ਜੀ) ਵਿੱਚ ਕਦੇ ਵੀ ਨਹੀਂ ਹੋ ਸਕਦਾ ਅਤੇ ਇਹ ਹੀ ਸ਼ਬਦ ਗੁਰੂ ਗਿਆਨ ਦੀ ਸ਼ਕਤੀ ਜਾਂ ਕਰਾਮਾਤ ਹੈ ਜਿਸ ਨੂੰ ਕੋਈ ਚੈਲਿੰਜ ਨਹੀਂ ਕਰ ਸਕਦਾ।

ਸਿੱਟਾ:

ਸਿੱਖੀ ਵਿਚਾਰਧਾਰਾ ਦਾ ਮਖ਼ੌਲ ਉਡਾਉਂਦਿਆਂ ਅਤੇ ਗੁਰੂ ਪਾਤਿਸ਼ਾਹਾਂ ਦਾ ਨਿਰਾਦਰ ਕਰਦਿਆਂ ਅਰਦਾਸਿ ਵਿੱਚ ‘ਪ੍ਰਿਥਮ ਭਗਉਤੀ’ ਪਉੜੀ ਜੋੜੀ ਗਈ ਹੈ, ਜਿਸ ਦੀ ਵਿਚਾਰ ਅਧੀਨ ਤੁਕ ਦਾ ਅਰਥ ਬਣਦਾ ਹੈ- ਭਗਉਤੀ, ਭਾਵ, ਦੁਰਗਾ ਦੇਵੀ ਪਾਰਬਤੀ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ ਅਤੇ ਗੁਰੂ ਰਾਮਦਾਸ ਪਾਤਿਸ਼ਾਹ ਨੂੰ ਸਹਾਈ ਹੋਈ ਸੀ । ਸਿੱਖੀ ਵਿਚਾਰਧਾਰਾ ਨੂੰ ਬ੍ਰਾਹਮਣਵਾਦ ਦੀ ਝੋਲ਼ੀ ਵਿੱਚ ਪਾਇਆ ਜਾ ਚੁੱਕਾ ਹੈ। ਸਿੱਖ ਕੌਮ ਦੇ ਵਿਦਵਾਨਾਂ ਦੇ ਸਾਮ੍ਹਣੇ ਸਿੱਖ ਰਾਮਾਇਣ ਦਾ ਪਾਠ ਕਰਵਾ ਰਹੇ ਹਨ ਅਤੇ ਅਰਦਾਸੀਏ ਸਿੱਖ ਲਈ ਦੁਰਗਾ ਭਗਉਤੀ ਅੱਗੇ ਅਰਦਾਸਿ ਕਰ ਰਹੇ ਹਨ। ਜੇ ਆਮ ਸਿੱਖ ਜਨਤਾ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖੀ ਦੇ ਪ੍ਰਚਾਰਕਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਅਜੇ ਵੀ ਨਾ ਸਮਝਿਆ ਤਾਂ ਸਿੱਖੀ ਦੀ ਹੋਂਦ ਨੂੰ ਖ਼ਤਰਾ ਬਹੁਤ ਵਧਣ ਵਾਲ਼ਾ ਹੈ। ਸੁਮੱਤਿ ਬਖ਼ਸ਼ੀਂ ਦਾਤਿਆ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top