Share on Facebook

Main News Page

ਫ਼ਿਲਮ ਚਾਰ ਸਾਹਿਬਜ਼ਾਦੇ (ਪਹਿਲੇ ਵਾਲੀ) ਵਿਚ ਥਾਂ-ਥਾਂ ਤੇ ਸਿੱਖ ਇਤਿਹਾਸ ਵਿਗਾੜਿਆ ਗਿਆ ਹੈ
-: ਡਾ. ਹਰਜਿੰਦਰ ਸਿੰਘ ਦਿਲਗੀਰ

   
ਸਿੱਖ ਇਤਹਾਸ ਤੇ ਫ਼ਲਸਫ਼ੇ ਨੂੰ ਵਿਗਾੜਨ ਵਾਲੀ ਇਸ ਫ਼ਿਲਮ ਵਿਚ ਮੈਂ 100 ਤੋਂ ਵਧ ਗ਼ਲਤ ਗੱਲਾਂ ਲੱਭੀਆਂ ਹਨ, ਜਿਨ੍ਹਾਂ ਵਿਚੋਂ 50 ਕੁ ਤਾਂ ਬਹੁਤ ਵੱਡੀਆਂ ਹਨ,
ਜਿਨ੍ਹਾਂ ਦਾ ਜ਼ਿਕਰ ਹੇਠਾਂ ਕਰ ਰਿਹਾ ਹਾਂ (ਡਾ. ਹਰਜਿੰਦਰ ਸਿੰਘ ਦਿਲਗੀਰ)

1. ਫ਼ਿਲਮ ਮੁਤਾਬਿਕ ਅੱਠ ਸਾਲ ਦੇ ਗੁਰੂ ਗੋਬਿੰਦ ਸਿੰਘ ਨੇ ਕਸ਼ਮੀਰੀ ਪੰਡਤਾਂ ਦੇ ਹੱਕ ਵਿਚ ਆਵਾਜ਼ ਉਠਾ ਕੇ ਗੁਰੂ ਪਿਤਾ ਨੂੰ ਜ਼ੁਲਮ ਦੇ ਖ਼ਿਲਾਫ਼ ਲੜਨ ਵਾਸਤੇ ਕਿਹਾ। (ਯਾਨਿ ਫ਼ਿਲਮ ਦਸਦੀ ਹੈ ਕਿ ਇਹ ਫ਼ੈਸਲਾ ਗੁਰੂ ਤੇਗ਼ ਬਹਾਦਰ ਦਾ ਖ਼ੁਦ ਦਾ ਨਹੀਂ ਸੀ)। (ਇਹ ਗੱਪ ਕਹਾਣੀ ਮਗਰੋਂ ਘੜੀ ਗਈ ਸੀ। ਪੁਰਾਣੀਆਂ ਲਿਖਤਾਂ ਵਿਚ ਗੁਰੂ ਜੀ ਨੇ ਕੁਰਬਾਨੀ ਦੇਣ ਵਾਸਤੇ ਖ਼ੁਦ ਫ਼ੈਸਲਾ ਲਿਆ ਸੀ)

2. ਫ਼ਿਲਮ ਵਿਚ ਉਚੇਚੇ ਤੌਰ 'ਤੇ ਕਿਹਾ ਗਿਆ ਹੈ ਕਿ ਗੁਰੂ ਜੀ ਦੀ ਸ਼ਹੀਦੀ ਮਗਰੋਂ ਵੀ ਪਰ ਧਰਮ ਪਰਿਵਰਤਨ ਦਾ ਇਹ ਜ਼ੁਲਮ ਰੁਕਿਆ ਨਹੀਂ। (ਯਾਨਿ, ਫ਼ਿਲਮ ਮੁਤਾਬਿਕ ਗੁਰੂ ਤੇਗ਼ ਬਹਾਦਰ ਜੀ ਦੀ ਕੁਰਬਾਨੀ ਰਾਇਗਾਂ ਰਹੀ ਸੀ)। ਉਂਞ ਏਥੇ ਇਹ ਫ਼ਿਕਰਾ ਕਹਿਣ ਦਾ ਕੋਈ ਤੁਕ ਵੀ ਨਹੀਂ ਬਣਦਾ ਸੀ।

3. ਫ਼ਿਲਮ ਵਿਚ ਸਿੰਘਾਂ ਦੀਆਂ ਪੱਗਾਂ ਤੇ ਖੰਡਾ ਚਿੰਨ੍ਹ ਦਿਖਾਇਆ ਗਿਆ ਹੈ। ਖੰਡਾ ਚਿੰਨ੍ਹ ਅੰਗਰੇਜ਼ਾਂ ਨੇ ਸਿੱਖ ਬਟਾਲੀਅਨ ਦੇ ਫ਼ੌਜੀਆਂ ਵਾਸਤੇ ਬਣਵਾਇਆ ਸੀ। ਇਹ ਖੰਡਾ ਚਿੰਨ੍ਹ, ਗੁਰੂ ਸਾਹਿਬ ਤਾਂ ਕੀ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਮੌਜੂਦ ਨਹੀਂ ਸੀ।

4. ਖਾਲਸੇ ਦਾ ਝੰਡਾ ਲਸੂੜੀ/ਭਗਵਾ ਰੰਗ ਦਾ ਦਿਖਾਇਆ ਹੈ। ਜਦ ਕਿ ਇਹ ਨੀਲੇ ਰੰਗ ਦਾ ਸੀ ਤੇ ਇਸ ਦਾ ਸਾਫ਼ ਜ਼ਿਕਰ ਇਤਿਹਾਸ ਵਿਚ ਮਿਲਦਾ ਹੈ। ਇਸ ਦਾ ਸਭ ਤੋਂ ਵਧ ਤਫ਼ਸੀਲ ਨਾਲ ਜ਼ਿਕਰ ਇਸ ਘਟਨਾ ਵਿਚ ਹੈ: 16 ਜਨਵਰੀ 1704 ਦੇ ਦਿਨ ਅਜਮੇਰ ਚੰਦ, ਹੰਡੂਰੀ ਰਾਜੇ ਤੇ ਇਨ੍ਹਾਂ ਦੇ ਹੋਰ ਸਾਥੀਆਂ ਦੀਆਂ ਫ਼ੌਜਾਂ ਨੇ ਅਨੰਦਪੁਰ ਸਾਹਿਬ ਤੇ ਹਮਲਾ ਕਰ ਦਿੱਤਾ।ਖਾਲਸਾ ਫ਼ੌਜਾਂ ਦੀ ਅਗਵਾਈ ਕਰ ਰਹੇ ਜਥੇ ਦਾ ਆਗੂ ਭਾਈ ਮਾਨ ਸਿੰਘ ਨਿਸ਼ਾਨਚੀ ਸੀ। ਉਸ ਨੇ ਨੀਲੇ ਨਿਸ਼ਾਨ ਸਾਹਿਬ ਨੂੰ ਜ਼ਮੀਨ ਚ ਗੱਡ ਕੇ ਲੜਾਈ ਲੜੀ। ਲੜਾਈ ਚ ਜ਼ਖ਼ਮੀ ਹੋ ਕੇ ਉਹ ਜ਼ਮੀਨ ਤੇ ਡਿੱਗ ਪਿਆ ਤੇ ਨਾਲ ਹੀ ਨਿਸ਼ਾਨ ਸਾਹਿਬ ਵੀ ਟੁੱਟ ਕੇ ਜ਼ਮੀਨ ਤੇ ਡਿੱਗ ਪਿਆ। ਜਦ ਨੀਲੇ ਨਿਸ਼ਾਨ ਸਾਹਿਬ ਦੇ ਡਿੱਗਣ ਦੀ ਖ਼ਬਰ ਜਦੋਂ ਗੁਰੂ ਸਾਹਿਬ ਕੋਲ ਪੁੱਜੀ ਤਾਂ ਉਨ੍ਹਾਂ ਨੇ ਉਸ ਵੇਲੇ, ਆਪਣੀ ਵੱਡੀ ਸੁਰਮਈ ਦਸਤਾਰ ਹੇਠਾਂ, ਬੰਨ੍ਹੀ ਹੋਈ ਨੀਲੀ ਕੇਸਕੀ ਵਿਚੋ ਇਕ ਲੀਰ ਪਾੜ ਕੇ ਉਸ ਲੀਰ ਨੂੰ ਝੰਡੇ/ਨਿਸ਼ਾਨ ਸਾਹਿਬ ਵਾਂਗ ਆਪਣੀ ਦਸਤਾਰ ਚ ਸਜਾ ਲਿਆ; ਅਤੇ ਉਨ੍ਹਾਂ ਨੇ ਐਲਾਨ ਕੀਤਾ ਕਿ ਹੁਣ ਨੀਲਾ ਨਿਸ਼ਾਨ ਕਦੇ ਵੀ ਨਾ ਟੁੱਟੇਗਾ, ਨਾ ਡਿੱਗੇਗਾ, ਨਾ ਝੁਕੇਗਾ। ਇਸ ਮਗਰੋਂ ਗੁਰੂ ਸਾਹਿਬ ਦੇ ਕੋਲ ਬੈਠੇ ਭਾਈ ਉਦੈ ਸਿੰਘ, ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ ਤੇ ਭਾਈ ਆਲਮ ਸਿੰਘ ਨੱਚਣਾ ਅਤੇ ਨਿੱਕੇ ਜਿਹੇ ਸਾਿਹਜ਼ਾਦਾ ਫ਼ਤਹਿ ਸਿੰਘ ਨੇ ਵੀ ਆਪਣੀਆਂ ਨੀਲੀਆਂ ਕੇਸਕੀਆਂ ਵਿੱਚੋਂ ਫ਼ੱਰਰੇ ਲਾਹ ਕੇ ਦਸਤਾਰਾਂ ਚ ਸਜਾ ਲਏ।

5. ਅਨੰਦਪੁਰ ਕੋਲ ਸਾਹਿਬਜ਼ਾਦਿਆਂ ਨੂੰ ਲੜਾਈ ਦੀ ਖੇਡ ਖੇਡਦਿਆਂ, ਲੜਦਿਆਂ ਲੜਦਿਆਂ, ਘੋੜਿਆਂ ਤੇ ਪੁਲ ਪਾਰ ਕਰਦੇ ਦਿਖਾਇਆ ਹੈ। ਪੁਲ ਟੁੱਟ ਗਿਆ ਤੇ ਜੁਝਾਰ ਸਿੰਘ ਮਸਾਂ ਬਚਿਆ। ਹਾਲਾਂ ਕਿ ਉਥੇ ਕਦੇ ਵੀ ਕੋਈ ਪੁਲ ਨਹੀਂ ਸੀ।

6. ਗੁਰੂ ਜੀ ਦਾ ਮਹਿਲ ਸ਼ਾਹੀ ਮਹਿਲ ਵਾਂਙ ਦਿਖਾਇਆ ਹੈ। ਜਦ ਕਿ ਗੁਰੂ ਜੀ ਨਿੱਕੇ ਜਿਹੇ ਘਰ ਵਿਚ ਰਹਿੰਦੇ ਸਨ, ਜੋ ਅੱਜ-ਕਲ੍ਹ ਗੁਰਦੁਆਰਾ ਗੁਰੂ ਦੇ ਮਹਲ ਵਾਲੀ ਥਾਂ ਹੈ।

7. ਲੋਹਗੜ੍ਹ ਕਿਲ੍ਹੇ ਦਾ ਦ੍ਰਿਸ਼ ਬੱਚੇ ਘਰ ਤੋਂ ਦੇਖਦੇ ਹਨ, ਜਦ ਕਿ ਇਹ ਗੁਰੂ ਦੇ ਮਹਿਲ ਤੋਂ 2 ਕਿਲੋਮੀਟਰ ਤੋਂ ਵਧ ਦੂਰ ਸੀ।

8. ਫ਼ਿਲਮ ਵਿਚ ਅਜੀਤ ਸਿੰਘ ਤੇ ਜੁਝਾਰ ਸਿੰਘ ਵਿਚ ਲੜਾਈ ਦਾ ਮੁਕਾਬਲਾ ਦਿਖਾਇਆ ਹੈ ਜਦ ਕਿ ਇਹ ਮੁਕਾਬਲਾ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਜ਼ੋਰਾਵਰ ਸਿੰਘ ਲੋਟੇ (ਜਿਸ ਨੂੰ ਪਾਲਿਤ ਕਿਹਾ ਜਾਂਦਾ ਸੀ) ਵਿਚਕਾਰ ਹੋਇਆ ਸੀ ਤੇ ਇਸ ਵਿਚ ਪਾਲਿਤ ਜ਼ੋਰਾਵਰ ਸਿੰਘ ਜਿੱਤਿਆ ਸੀ।

9. ਅਨੰਦਪੁਰ ਸਾਹਿਬ ਵਿਚ ਗੰਗੂ ਬ੍ਰਾਹਮਣ ਦੇ ਨੌਕਰ (ਸੇਵਾਦਾਰ) ਹੋਣ ਦੀ ਕਹਾਣੀ ਬਹਿਸ-ਗੋਚਰੀ ਹੈ; ਪਰ, ਉਸ ਨੂੰ ਉਚੇਚੇ ਤੌਰ ਤੇ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਗੰਗੂ ਦਾ ਪਾਤਰ ਇਸ ਵਾਸਤੇ ਘੜਿਆ ਗਿਆ ਹੈ ਤਾਂ ਜੋ ਸਾਬਿਤ ਕੀਤਾ ਜਾ ਸਕੇ ਕਿ ਗੁਰੂ ਸਾਹਿਬ ਦਾ ਖਾਣਾ ਇਕ ਬ੍ਰਾਹਮਣ ਬਣਾਉਂਦਾ ਸੀ। ਜਦ ਕਿ ਹਕੀਕਤ ਹੈ ਕਿ ਅਨੰਦਪੁਰ ਸਾਹਿਬ ਵਿਚ ਲੰਗਰ ਸੰਗਤ ਆਪ ਮਿਲ ਕੇ ਤਿਆਰ ਰਕਦੀ ਸੀ। ਦੂਜਾ, ਤਵਾਰੀਖ਼ ਵਿਚ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਵਾਉਣ ਦੀ ਕਰਤੂਤ ਦੋ ਮਸੰਦਾਂ (ਧੁੰਮਾ ਤੇ ਦਰਬਾਰੀ) ਵੱਲੋਂ ਕੀਤੀ ਦੱਸੀ ਗਈ ਹੈ। ਗੰਗੂ ਦਾ ਪਾਤਰ ਸ਼ਾਇਦ (ਮਹਾਂਕਵੀ ਜਾਂ ਮਹਾਂ ਗੱਪੀ) ਸੰਤੋਖ ਸਿੰਘ ਵਰਗੇ ਦੀ ਕਲਪਨਾ ਹੈ।

10. ਫ਼ਿਲਮ ਵਿਚ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕਰਦਿਆਂ ਸੁਲਤਾਨਪੁਰ ਵਿਚ ਗੁਰੂ ਨਾਨਕ ਸਾਹਿਬ ਨੂੰ ਆਟਾ-ਦਾਣਾ ਤੋਲਣ ਸਮੇਂ ਅੱਖਾਂ ਬੰਦ ਕਰ ਕੇ ਤੋਲਦਾ ਤੇ ਦਾਣੇ ਡੋਲ੍ਹਦਾ ਦਿਖਾਇਆ ਹੈ; ਯਾਨਿ ਗੁਰੂ ਜੀ ਨੂੰ ਲਾਪਰਵਾਹ ਦੱਸਿਆ ਗਿਆ ਹੈ। ਦੂਜੀ ਗੱਲ ਇਹ ਹੈ ਕਿ ਗੁਰੂ ਜੀ ਮੋਦੀ ਸਨ, ਉਹ ਦੌਲਤ ਖ਼ਾਨ ਨਵਾਬ ਦੀ ਦੁਕਾਨ ਨਹੀਂ ਚਲਾਉੰਦੇ ਸਨ।

11. ਇਹ ਕਹਿਣਾ ਕਿ ਗਰੂ ਗੋਬਿੰਦ ਸਿੰਘ ਨੂੰ ਸ਼ਖ਼ਸ ਰੂਪ ਵਿਚ ਨਹੀਂ ਬਲਕਿ ਉਨ੍ਹਾਂ ਦੀ ਤਸਵੀਰ ਰਾਹੀਂ ਪੇਸ਼ ਕੀਤਾ ਹੈ ਜਦ ਕਿ ਇੱਥੇ ਕੀਰਤਨ ਵੇਲੇ ਸਾਫ਼ ਦਿਸਦਾ ਹੈ ਕਿ ਗੁਰੂ ਜੀ ਨੂੰ ਜ਼ਿੰਦਾ ਪਾਤਰ ਪੇਸ਼ ਕੀਤਾ ਗਿਆ ਹੈ। ਬੱਚੇ ਉਨ੍ਹਾਂ ਦੀ ਗੋਦੀ ਵਿਚ ਖੇਡਦੇ ਦਿਖਾਏ ਗਏ ਹਨ।

12. ਸਰਹੰਦ ਵਿਚ ਵਜ਼ੀਰ ਖ਼ਾਨ ਨੂੰ ਸੁੱਚਾ ਨੰਦ ਕਹਿੰਦਾ ਹੈ ਕਿ ਦਿੱਲੀ ਤੋਂ ਇਕ ਲੱਖ ਫ਼ੌਜ ਮੰਗਵਾ ਕੇ ਗੁਰੂ ਦਾ ਸਫ਼ਾਇਆ ਕਰੋ। ਇਹ ਮਜ਼ਾਕ ਨਹੀਂ ਤਾਂ ਹੋਰ ਕੀ ਹੈ? ਉਸ ਵੇਲੇ ਮੁਗ਼ਲ ਬਾਦਸ਼ਾਹ ਦੀ ਕੁਲ ਫ਼ੌਜ ਸਵਾ ਲੱਖ ਵੀ ਨਹੀਂ ਸੀ (ਤੇ ਇਸ ਵਿਚ ਸੂਬੇਦਾਰਾਂ ਤੇ ਮਨਸਬਦਾਰਾਂ ਦੀਆਂ ਫ਼ੌਜਾਂ ਵੀ ਸ਼ਾਮਿਲ ਸਨ)। ਤਵਾਰੀਖ਼ ਮੁਤਾਬਿਕ ਹਕੀਕਤ ਇਹ ਹੈ ਕਿ ਉਸ ਦਿਨ ਚਮਕੌਰ ਵਿਚ ਸਿਰਫ਼ 700 ਫ਼ੌਜਾਂ, ਤੇ ਉਹ ਵੀ ਮਲੇਰਕੋਟਲਾ ਦੀਆਂ, ਆਈਆਂ ਸਨ।

13. ਫ਼ਿਲਮ ਵਿਚ ਗੁਰੂ ਸਾਹਿਬ ਤੇ ਪੈਂਦੇ ਖ਼ਾਨ ਦਾ ਹਮਲਾ ਦਿਖਾਇਆ ਹੈ। ਗੁਰੂ ਜੀ ਉਸ ਨੂੰ ਕਹਿੰਦੇ ਹਨ ਕਿ ਫ਼ੌਜਾਂ ਨੂੰ ਕਿਉਂ ਮਰਵਾਉਣਾ ਹੈ ਤੂੰ ਤੇ ਮੈਂ ਲੜ ਕੇ ਫ਼ੈਸਲਾ ਕਰ ਲੈਂਦੇ ਹਾਂ। ਦਰਅਸਲ ਇਹ ਘਟਨਾ ਛੇਵੇਂ ਗੁਰੂ ਦੀ, ਕਰਤਾਰਪੁਰ (ਜਲੰਧਰ) ਦੀ ਹੈ ਤੇ ਦਸਵੇਂ ਗੁਰੂ ਦੀ ਬਣਾ ਦਿੱਤੀ ਹੈ। 1635 ਦੀ ਵਿਚ ਲੜਾਈ ਤੀਰਾਂ ਦੇ ਵਾਰ ਦੀ ਨਹੀਂ ਸੀ ਬਲਕਿ ਤਲਵਾਰ ਦੇ ਵਾਰ ਦੀ ਸੀ। ਇਥੇ ਗੁਰੂ ਸਾਹਿਬ ਨੂੰ ਪੈਂਦੇ ਖ਼ਾਨ ਦੇ ਕੰਨ ਵਿਚ ਤੀਰ ਮਾਰਦੇ ਦੱਸਿਆ ਗਿਆ ਹੈ।

14. ਫ਼ਿਲਮ ਮੁਤਾਬਿਕ 1705 ਵਿਚ ਛੇ ਮਹੀਨੇ ਦੇ ਘੇਰੇ ਮਗਰੋਂ 100 ਸਿੰਘਾਂ ਨੇ ਛੱਡਣ ਦਾ ਫ਼ੈਸਲਾ ਕੀਤਾ। ਗੁਰੂ ਜੀ ਨੇ ਮਾਤਾ ਜੀ ਨੂੰ ਸਮਝਾਉਣ ਵਾਸਤੇ ਭੇਜਿਆ। ਪਹਿਲੀ ਗੱਲ ਤਾਂ ਇਹ ਹੈ ਕਿ ਬੇਦਾਵੇ ਦੀ ਘਟਨਾ ਅਨੰਦਪੁਰ ਦੀ ਨਹੀਂ ਬਲਕਿ ਰੂਪੇਆਣਾ ਤੇ ਰਾਮੇਆਣਾ ਦੇ ਵਿਚਕਾਰ ਦੀ ਹੈ। ਦੂਜਾ, ਇਹ ਵੀ ਗੱਪ ਹੈ ਕਿ ਗੁਰੂ ਜੀ ਨੇ ਉਨ੍ਹਾਂ ਨੂੰ ਮਨਾਉਣ ਵਾਸਤੇ ਮਾਤਾ ਜੀ ਨੂੰ ਭੇਜਿਆ ਸੀ।

15. ਫ਼ਿਲਮ ਵਿਚ ਦੱਸਿਆ ਹੈ ਕਿ ਅਨੰਦਪੁਰ ਸਾਹਿਬ ਵਿਚ ਗੁਰੂ ਜੀ ਨੂੰ ਵਜ਼ੀਰ ਖ਼ਾਨ ਵੱਲੋਂ ਮਿੰਨਤ ਦਾ ਸੁਨੇਹਾ ਆਇਆ ਕਿ ਸਾਡੀ ਇਜ਼ਤ ਰੱਖਣ ਵਾਸਤੇ ਤੁਸੀਂ ਨਗਰ ਖ਼ਾਲੀ ਕਰ ਦਿਓ। ਪਹਾੜੀ ਰਾਜਿਆਂ ਰਾਹੀਂ ਵਜ਼ੀਰ ਖ਼ਾਨ ਨੇ ਗਊ ਮਾਤਾ ਦੀ ਸਹੁੰ ਖਾਧੀ। ਇਹ ਘਟਨਾ ਅਕਤੂਬਰ 1700 ਦੀ ਹੈ ਤੇ ਉਦੋਂ ਵੀ ਸਿਰਫ਼ ਬਿਲਾਸਪੁਰ ਦੇ ਰਾਜੇ ਅਜਮੇਰ ਚੰਦ ਨੇ ਹੀ ਸਹੁੰ ਖਾਧੀ ਸੀ। ਇਹ ਘਟਨਾ 1705 ਦੀ ਦਿਖਾਈ ਗਈ ਹੈ ਜੋ ਕਿ ਸਰਸਾਰ ਗ਼ਲਤ ਹੈ। ਵਜ਼ੀਰ ਖ਼ਾਨ ਨੂੰ ਤਾਂ ਉਸ 1700 ਸੰਨ ਦੀ ਘਟਨਾ ਪਤਾ ਵੀ ਨਹੀਂ ਸੀ।

16. ਜਦ ਗੁਰੂ ਜੀ ਅਨੰਦਪੁਰ ਛੱਡ ਗਏ ਤਾਂ ਵਜ਼ੀਰ ਖ਼ਾਨ ਨੇ ਕਿਹਾ ਕਿ ਜਦ ਸਿੰਘ ਕੀਰਤਪੁਰ ਲੰਘ ਜਾਣ ਤਾਂ ਹੱਲਾ ਬੋਲ ਦਿਓ। ਇਹ ਗ਼ਲਤ ਹੈ। ਵਜ਼ੀਰ ਖ਼ਾਨ ਇਸ ਹਮਲੇ ਨਾਲ ਸਬੰਧਤ ਹੀ ਨਹੀਂ ਸੀ। ਇਸ ਵਿਚ ਸਿਰਫ਼ ਬਿਲੲਸਪੁਰ ਤੇ ਹੰਡੂਰ ਦੀਆਂ ਫ਼ੌਜਾਂ ਸ਼ਾਮਿਲ ਸਨ।

17. ਫ਼ਿਲਮ ਵਿਚ ਦੱਸਿਆ ਹੈ ਕਿ ਅਨੰਦਪੁਰ ਛੱਡਣ ਮਗਰੋਂ ਗੁਰੂ ਜੀ ਨੇ ਰਸਤੇ ਵਿਚ ਆਸਾ ਦੀ ਵਾਰ ਦੇ ਦੀਵਾਨ ਸਜਾਇਆ ਗਿਆ ਸੀ। ਜਦ ਕਿ ਹਕੀਕਤ ਇਹ ਹੈ ਕਿ ਉਹ ਤਾਂ ਚੁਪਚਾਪ ਚੋਰੀ ਬਚਦਿਆਂ ਬਚਦਿਆਂ ਨਿਕਲ ਰਹੇ ਸਨ ਤੇ ਰਸਤੇ ਵਿਚ ਰੁਕ ਕੇ ਦੀਵਾਨ ਸਜਾਉਣ ਦੀ ਗ਼ਲਤੀ ਉਹ ਨਹੀਂ ਸਨ ਕਰ ਸਕਦੇ।

18. ਸਰਸਾ ਨਦੀ ਵਿਚ ਹੜ੍ਹ ਆਇਆ ਦੱਸਿਆ ਗਿਆ ਹੈ। ਸਾਰੇ ਇਤਿਹਾਸ ਵਿਚ ਦਸੰਬਰ ਵਿਚ ਇਸ ਦਰਿਆ ਵਿਚ ਕਦੇ ਹੜ੍ਹ ਨਹੀਂ ਆਇਆ ਸੀ। ਫਿਰ ਇਸ ਹੜ੍ਹ ਵਿਚ ਅੱਧੇ ਸਿੰਘ ਸ਼ਹੀਦ ਹੋ ਗਏ ਦੱਸੇ ਹਨ ਜੋ ਗੱਪ ਹੈ। ਸਿੱਖ ਤਾਂ ਸ਼ਾਹੀ ਟਿੱਬੀ, ਝੱਖੀਆਂ ਪਿੰਡ ਅਤੇ ਮਲਕਪੁਰ ਵਿਚ ਸ਼ਹੀਦ ਹੋਏ ਸਨ। ਫਿਰ, ਫ਼ਿਲਮ ਵਿਚ ਸਾਹਿਬਜ਼ਾਦੇ ਤੈਰ ਕੇ ਸਰਸਾ ਨਦੀ ਪਾਰ ਕਰਦੇ ਦਿਖਾਏ ਹਨ, ਜੋ ਬਿਲਕੁਲ ਗ਼ਲਤ ਹੈ।

19. ਵਜ਼ੀਰ ਖ਼ਾਨ ਨੂੰ ਸਰਸਾ ਨਦੀ ਤੇ ਪਹੁੰਚਿਆ ਅਤੇ ਹਦਾਇਤਾਂ ਦੇਂਦਾ ਦਿਖਾਇਆ ਹੈ, ਜੋ ਗੱਪ ਹੈ।
ਫਿਰ ਇਕ ਫ਼ੌਜੀ ਕਹਿੰਦਾ ਹੈ: ਖ਼ਾਨ ਸਾਹਿਬ ਆਪਾਂ ਪੁਲ ਦੇ ਰਾਹੀਂ ਸਿੰਘਾਂ ਦਾ ਪਿੱਛਾ ਕਰਦੇ ਹਾਂ 1705 ਵਿਚ ਇਹ ਪੁਲ ਕਿਥੋਂ ਆ ਗਿਆ।

20. ਗੁਰੂ ਜੀ ਤੇ ਸਿੰਘਾਂ ਨੂੰ ਪਨਾਹ ਤਾਂ ਕੋਟਲਾ ਨਿਹੰਗ ਖ਼ਾਨ ਵਿਚ ਮਿਲੀ ਸੀ, ਉਹ ਨਹੀਂ ਦੱਸੀ।
ਜਦ ਕਿ ਉਲਟਾ ਇਹ ਕਿਹਾ ਗਿਆ ਹੈ ਕਿ ਬੁੱਧੂ ਚੰਦ ਨੇ ਗੜ੍ਹੀ ਵਿਚ ਪਨਾਹ ਦਿੱਤੀ। ਗੜ੍ਹੀ ਦੇ ਮਾਲਕ ਦਾ ਅਸਲ ਨਾਂ ਬੁਧੀ ਚੰਦ ਰਾਵਤ ਸੀ। ਫਿਰ ਇਹ ਕਿਹਾ ਗਿਆ ਹੈ ਕਿ ਗੜ੍ਹੀ ਦੇ ਚਾਰ ਦਰਵਾਜ਼ੇ ਸਨ। ਹਕੀਕਤ ਇਹ ਹੈ ਕਿ ਗੜ੍ਹੀ ਦਾ ਇਕੋ ਦਰਵਾਜ਼ਾ ਸੀ।

21. ਫ਼ਿਲਮ ਵਿਚ ਵਾਰ ਵਾਰ ਬਾਜ਼ ਪੰਛੀ ਦਿਖਾਇਆ ਹੈ। ਇਹ ਸਿੱਖ ਇਤਿਹਾਸ ਵਿਚ ਬਾਜ਼ ਦੇ ਰੋਲ ਦੀ ਮਿੱਥ ਕਾਇਮ ਕਰਨ ਦੀ ਸਾਜਿਸ਼ ਹੈ।

22. ਫ਼ਿਲਮ ਵਿਚ ਦੱਸਿਆ ਹੈ ਕਿ ਚਮਕੌਰ ਵਿਚ ਜ਼ਖ਼ਮੀ ਸਿੱਖਾਂ ਦਾ ਇਲਾਜ ਚਲ ਰਿਹਾ ਸੀ। ਹਕੀਕਤ ਇਹ ਹੈ ਕਿ ਚਮਕੌਰ ਵਿਚ ਕੋਈ ਜ਼ਖ਼ਮੀ ਨਹੀਂ ਸੀ।

23. ਫ਼ਿਲਮ ਵਿਚ ਦੱਸਿਆ ਹੈ ਕਿ ਚਮਕੌਰ ਵਿਚ ਡੌਂਡੀ ਪਿਟਵਾਈ ਗਈ ਸੀ ਕਿ ਕੋਈ ਗੁਰੂ ਜੀ ਜਾਂ ਸਿੱਖਾਂ ਦੀ ਮਦਦ ਨਾ ਕਰੇ। ਇਹ ਗੱਪ ਹੈ। ਕਦੇ ਅਜਿਹੀ ਕੋਈ ਘਟਨਾ ਨਹੀਂ ਹੋਈ ਸੀ।

24. ਫ਼ਿਲਮ ਵਿਚ ਭਾਗ ਸਿੰਘ ਤੇ ਅਜੀਤ ਸਿੰਘ ਦੀ ਵਾਰਤਾ ਦਿਖਾਈ ਹੈ। ਸਿੱਖ ਇਤਿਹਾਸ ਵਿਚ ਕੋਈ ਭਾਗ ਸਿੰਘ ਨਾਂ ਦਾ ਕਈ ਸ਼ਖ਼ਸ ਹੈ ਈ ਨਹੀਂ ਸੀ। ਹੋਰ ਕਿੰਨੇ ਹੀ ਨਾਂ ਸਨ ਜੋ ਵਰਤੇ ਜਾ ਸਕਦੇ ਸਨ।

25. ਚਮਕੌਰ ਦੀ ਗੜ੍ਹੀ ਤੇ ਕੇਸਰੀ ਝੰਡੇ ਝੂਲਦੇ ਦਿਖਾਏ ਹੋਏ ਹਨ। ਪਹਿਲੀ ਗੱਲ ਤੇ ਚਮਕੌਰ ਵਿਚ ਸਿੱਖਾਂ ਕੋਲ ਝੰਡੇ ਸਨ ਹੀ ਨਹੀਂ (ਸਿੰਘ ਤਾਂ ਚੋਰੀ-ਚੋਰੀ ਪਹੁੰਚ ਕੇ ਪਨਾਹ ਲੈ ਰਹੇ ਸਨ)। ਦੂਜਾ, ਸੁਰੱਖਿਆ ਨੂੰ ਮੁੱਖ ਰਖ ਕੇ ਝੰਡੇ ਲਾਉਣ ਦਾ ਕੋਈ ਮਤਲਬ ਹੀ ਨਹੀਂ ਸੀ। ਤੀਜਾ ਸਿੱਖਾਂ ਦੇ ਝੰਡੇ ਕੇਸਰੀ ਨਹੀਂ ਨੀਲੇ ਸਨ (ਵੇਖੋ: ਨੁਕਤਾ ਨੰਬਰ 4)।

26. ਫ਼ਿਲਮ ਵਿਚ ਸਾਰੇ ਸਿੰਘ ਰਾਤ ਨੂੰ ਚਮਕੌਰ ਦੀ ਗੜ੍ਹੀ ਵਿਚ ਸੁੱਤੇ ਦਿਖਾਏ ਹਨ। ਲੜਾਈ ਅਗਲੀ ਸਵੇਰ ਨੂੰ ਦਿਖਾਈ ਹੈ। ਇਹ ਝੂਠ ਹੈ। ਸਿੱਖ 7 ਦਸੰਬਰ ਸਵੇਰ ਵੇਲੇ ਪੁੱਜੇ ਸਨ। ਉਸ ਦਿਨ ਸ਼ਾਮ ਵੇਲੇ ਸ਼ਾਹੀ ਫ਼ੌਜਾਂ ਪਹੁੰਚ ਗਈਆਂ ਸਨ। ਉਸੇ ਦਿਨ ਦੀ ਸ਼ਾਮ ਨੂੰ ਲੜਾਈ ਸ਼ੁਰੂ ਹੋਈ ਸੀ ਅਤੇ ਹਨੇਰਾ ਪੈਣ ਤਕ 38 ਸਿੰਘ, ਦੋ ਸਾਹਿਬਜ਼ਾਦੇ ਤੇ 3 ਪਿਆਰੇ (ਮੋਹਕਮ ਸਿੰਘ, ਹਿੰਮਤ ਸਿੰਘ, ਸਾਹਿਬ ਸਿੰਘ) ਸ਼ਹੀਦ ਹੋ ਚੁਕੇ ਸਨ ਤੇ ਬਾਕੀ 2 (ਸੰਤ ਸਿੰਘ ਤੇ ਸੰਗਤ ਸਿੰਘ) ਅਗਲੀ ਸਵੇਰ ਨੂੰ ਸ਼ਹੀਦ ਹੋਏ ਸਨ। ਗੁਰੂ ਜੀ ਤੋਂ ਇਲਾਵਾ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ, ਰਾਮ ਸਿੰਘ ਤੇ ਦਯਾ ਸਿੰਘ ਪੁਰੋਹਿਤ ਨਿਕਲੇ ਸਨ (ਫ਼ਿਲਮ ਮੁਤਾਬਿਕ ਤਿੰਨ ਸਨ, ਰਾਮ ਸਿੰਘ ਤੇ ਦਯਾ ਸਿੰਘ ਪੁਰੋਹਿਤ ਦਾ ਨਹੀਂ ਆਇਆ)।

ਪਹਿਲੀ ਗੱਲ ਤਾਂ ਪੰਜ ਪਿਆਰਿਆਂ ਵੱਲੋਂ ਗੁਰੂ ਜੀ ਨੂੰ ਗੜ੍ਹੀ ਵਿਚੋਂ ਨਿਕਲ ਜਾਣ ਵਾਸਤੇ ਹੁਕਮ ਕੀਤਾ ਜਾਣ ਦੀ ਗੱਲ ਵੀ ਮਗਰੋਂ ਘੜੀ ਗਈ ਸੀ। ਦੂਜਾ, ਜੇ ਉਨ੍ਹਾਂ ਨੂੰ ਪੰਜਾਂ ਦਾ ਹੁਕਮ ਸੀ ਤਾਂ ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ (ਫ਼ਿਲਮ ਵਿਚ ਰਾਮ ਸਿੰਘ ਤੇ ਦਯਾ ਸਿੰਘ ਪੁਰੋਹਿਤ ਦਾ ਨਹੀਂ ਆਇਆ) ਨੂੰ ਕਿਹੜੇ ਪੰਜਾਂ ਨੇ ਗੜ੍ਹੀ ਵਿਚੋਂ ਨਿਕਲ ਜਾਣ ਦਾ ਹੁਕਮ ਕੀਤਾ ਸੀ?

27. ਫ਼ਿਲਮ ਵਿਚ ਵਜ਼ੀਰ ਖ਼ਾਨ ਨੂੰ ਚਮਕੌਰ ਵਿਚ ਦਸ ਲੱਖ ਫ਼ੌਜ ਲੈ ਕੇ ਪੁੱਜਾ ਦਿਖਾਇਆ ਹੈ। ਇਸ ਵਿਚ ਦੋ ਝੂਠ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਵਜ਼ੀਰ ਖ਼ਾਨ ਕਦੇ ਵੀ ਚਮਕੌਰ ਵਿਚ ਨਹੀਂ ਸੀ ਆਇਆ ਸੀ। ਦੂਜਾ, ਉਸ ਵੇਲੇ ਮੁਗ਼ਲ ਬਾਦਸ਼ਾਹ ਦੀ ਕੁਲ ਫ਼ੌਜ ਸਵਾ ਲੱਖ ਵੀ ਨਹੀਂ ਸੀ (ਤੇ ਇਸ ਵਿਚ ਸੂਬੇਦਾਰਾਂ ਤੇ ਮਨਸਬਦਾਰਾਂ ਦੀਆਂ ਫ਼ੌਜਾਂ ਵੀ ਸ਼ਾਮਿਲ ਸਨ)।

28. ਫ਼ਿਲਮ ਵਿਚ ਦੂਜੇ ਦਿਨ ਸਵੇਰੇ ਮੁਗ਼ਲਾਂ ਦਾ ਹਮਲਾ ਦਿਖਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਤੀਰਾਂ ਨਾਲ ਸਿੱਖ ਮਰ ਰਹੇ ਹਨ। ਇਹ ਗੱਪ ਹੈ ਤੀਰਾਂ ਨਾਲ ਇਕ ਵੀ ਸਿੰਘ ਸ਼ਹੀਦ ਨਹੀਂ ਹੋਇਆ ਸੀ। ਦੂਜਾ, ਗੜ੍ਹੀ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਗਈ ਅਤੇ ਕੰਧ ਤੇ ਚੜ੍ਹਨ ਵਾਸਤੇ ਪੌੜੀ ਲਾਈ ਦਿਖਾਈ ਗਈ ਹੈ। ਇਹ ਸਾਰਾ ਕੁਝ ਗ਼ਲਤ ਹੈ। ਮੁਗ਼ਲਾਂ ਵੱਲੋਂ ਦਰਵਾਜ਼ਾ ਤੋੜਨ ਦੀ ਕੋਈ ਕੋਸ਼ਿਸ਼ ਨਹੀਂ ਹੋਈ ਸੀ (ਹੋ ਸਕਦਾ ਹੈ ਕਿ ਫ਼ਿਲਮ ਵਾਲਿਆਂ ਨੇ 1 ਸਤੰਬਰ 1700 ਦੇ ਦਿਨ ਲੋਹਗੜ੍ਹ ਦੀ ਘਟਨਾ ਨੂੰ 1705 ਵਿਚ ਲੈ ਆਂਦਾ ਹੋਵੇ)।

29. ਫ਼ਿਲਮ ਵਿਚ ਵਜ਼ੀਰ ਖ਼ਾਨ ਕਹਿੰਦਾ ਹੈ: ਖੁਆਜਾ ਮੁਹੰਮਦ ! ਇੱਕੋ ਵਾਰ ਹਮਲਾ ਕਰੋ ਉਹ ਅੱਗੋਂ ਕਹਿੰਦਾ ਹੈ ਕਿ ਇੰਜ ਸਾਡੇ 20 ਹਜ਼ਾਰ ਬੰਦੇ ਮਾਰੇ ਜਾਣਗੇ। ਏਥੇ ਵਜ਼ੀਰ ਖ਼ਾਨ ਕਹਿੰਦਾ ਹੈ ਕਿ ਸਿੰਘਾਂ ਕੋਲ ਸਿਰਫ਼ ਦੋ ਵਿਕਲਪ ਹੀ ਰਹਿ ਜਾਣਗੇ। 1705 ਵਿਚ ਵਿਕਲਪ ਲਫ਼ਜ਼ ਤਾਂ ਯੂ.ਪੀ. ਵਾਲਿਆਂ ਨੇ ਵੀ ਨਹੀਂ ਸੁਣਿਆ/ਵਰਤਿਆ ਹੋਣਾ ਤੇ ਫ਼ਿਰ ਇਕ ਪਠਾਣ ਵਜ਼ੀਰ ਖ਼ਾਨ ਦੇ ਮੂੰਹੋਂ ਬੋਲਿਆ ਇਹ ਲਫ਼ਜ਼ ਕੋਰੜੇ ਵਾਂਙ ਜਾਪਦਾ ਹੈ। ਉਹ ਦੋ ਰਾਹ/ਰਸਤੇ ਤਾਂ ਕਹਿ ਸਕਦਾ ਸੀ। ਦਿਲਚਸਪ ਗੱਲ ਇਹ ਹੈ ਕਿ ਵਿਕਲਪ ਲਫ਼ਜ਼ ਤਾਂ ਅੱਜ ਵੀ ਕਾਲਜ ਦੇ ਪੜ੍ਹੇ ਲਿਖੇ ਵੀ ਨਹੀਂ ਬੋਲਦੇ।

30. ਫ਼ਿਲਮ ਵਿਚ ਚਮਕੌਰ ਦੀ ਗੜ੍ਹੀ ਦੇ ਬਾਹਰ ਬਹੁਤ ਖੁਲ੍ਹਾ ਮੈਦਾਨ ਦਿਖਾਇਆ ਹੈ ਜਦ ਕਿ ਇਹ ਲੜਾਈ ਬਹੁਤ ਥੋੜ੍ਹੀ ਜਗਹ ਵਿਚ ਹੋਈ ਸੀ।

31. ਫ਼ਿਲਮ ਵਿਚ ਅਜੀਤ ਸਿੰਘ ਦੇ ਬਾਜ਼ੂਬੰਦ ਤੇ ਖੰਡਾ ਚਿੰਨ੍ਹ (ਇਨਸਿਗਨੀਆ) ਦਿਖਾਇਆ ਹੈ। ਖੰਡਾ ਤਾਂ ਅੰਗਰੇਜ਼ਾਂ ਨੇ ਸਿੱਖ ਫ਼ੌਜੀਆਂ ਵਾਸਤੇ ਵੀਹਵੀਂ ਸਦੀ ਵਿਚ ਬਣਵਾਇਆ ਸੀ।

32. ਫ਼ਿਲਮ ਵਿਚ ਅਜੀਤ ਸਿੰਘ ਤੇ ਜੁਝਾਰ ਸਿੰਘ ਦੀਆਂ ਜੈਕਟਾਂ ਤੇ ਖੰਡਾ ਦੇ ਚਿੰਨ੍ਹ ਦਿਖਾਏ ਹਨ। ਉਦੋਂ ਇਹੋ ਜਿਹੀਆਂ ਜੈਕਟਾਂ ਕਿਹੜੀ ਕੰਪਨੀ ਬਣਾ ਕੇ ਸਪਾਲਈ ਕਰਦੀ ਸੀ? ਸ਼ੁਕਰ ਹੈ ਅਦੀਦਾਸ ਦੀਆਂ ਜਾਕਟਾਂ ਨਹੀਂ ਦਿਖਾਈਆਂ।

33. ਫ਼ਿਲਮ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਕੇਸਰੀ ਝੰਡਾ ਲੈ ਕੇ ਗੜ੍ਹੀ ਵਿਚੋਂ ਬਾਹਰ ਨਿਕਲਦਾ ਹੈ। ਪਹਿਲੀ ਗੱਲ ਤੇ ਸਿੰਘਾਂ ਕੋਲ ਝੰਡੇ ਸਨ ਹੀ ਨਹੀਂ (ਸਿੰਘ ਤਾਂ ਚੋਰੀ-ਚੋਰੀ ਪਹੁੰਚ ਕੇ ਪਨਾਹ ਲੈ ਰਹੇ ਸਨ ਸਨ)। ਦੂਜਾ ਸਿੱਖਾਂ ਦਾ ਨਿਸ਼ਾਨ ਸਾਹਿਬ ਕੇਸਰੀ ਨਹੀਂ ਨੀਲਾ ਸੀ (ਵੇਖੋ: ਨੁਕਤਾ ਨੰਬਰ 4)।

34. ਫ਼ਿਲਮ ਵਿਚ ਅਜੀਤ ਸਿੰਘ (ਤੇ ਮਗਰੋਂ ਜੁਝਾਰ ਸਿੰਘ) ਘੋੜਿਆਂ ਤੇ ਆ ਕੇ ਲੜਦੇ ਦਿਖਾਏ ਹਨ। ਜਦ ਕਿ ਉਦੋਂ ਸਾਰੇ ਸਿੰਘ ਪੈਦਲ ਸਨ। ਹੋਰ ਤਾਂ ਹੋਰ ਗੁਰੂ ਗੋਬਿੰਦ ਸਿੰਘ ਜੀ ਕੋਲ ਵੀ ਘੋੜਾ ਨਹੀਂ ਸੀ।

35. ਫ਼ਿਲਮ ਵਿਚ ਏਥੇ ਮਾਤਾ ਗੁਜਰੀ ਦੀਆਂ ਅੱਖਾਂ ਵਿਚ ਅਥਰੂ ਦਿਖਾਏ ਹਨ। ਇਹ ਮਾਤਾ ਜੀ ਦੀ ਬੇਅਦਬੀ ਹੈ।

36. ਫ਼ਿਲਮ ਵਿਚ ਦੋਬਾਰਾ ਕਿਹਾ ਗਿਆ ਹੈ ਕਿ ਰਾਤ ਵੇਲੇ 5 ਸਿੰਘ ਗੁਰੂ ਜੀ ਨੂੰ ਗੜ੍ਹੀ ਵਿਚੋਂ ਨਿਕਲ ਕੇ ਜਾਣ ਵਾਸਤੇ ਕਿਹਾ ਸੀ। ਇਹ ਘਟਨਾ ਮਗਰੋਂ ਘੜੀ ਗਈ ਸੀ । ਹਕੀਕਤ ਇਹ ਹੈ ਕਿ ਉਸ ਰਾਤ ਨਬੀ ਖ਼ਾਨ ਤੇ ਗ਼ਨੀ ਖ਼ਾਨ ਨੇ ਨੇਜ਼ੇ ਰਾਹੀਂ ਗੁਰੁ ਜੀ ਨੂੰ ਆਪਣੀ ਵਰਦੀ ਫੜਾ ਕੇ ਪੁਆ ਕੇ, ਬਚਾ ਕੇ ਲੈ ਗਏ ਸਨ।

37. ਫ਼ਿਲਮ ਵਿਚ ਅਜੀਤ ਸਿੰਘ ਤੀਰ ਨਾਲ ਵਜ਼ੀਰ ਖ਼ਾਨ ਦੇ ਮਹਾਵਤ ਨੂੰ ਮਾਰ ਦੇਂਦਾ ਹੈ ਤੇ ਕੁਝ ਚਿਰ ਮਗਰੋਂ ਉਹੀ ਮਹਾਵਤ ਫੇਰ ਜ਼ਿੰਦਾ ਹੋ ਕੇ ਆ ਜਾਂਦਾ ਹੈ।

38. ਜਦ ਬੱਚੇ ਗੁਰੂ ਤੇਗ਼ ਬਹਾਦਰ ਜੀ ਨੂੰ ਸੁਪਨੇ ਵਿਚ ਮਿਲਣ ਦੀ ਗੱਲ ਸੁਣਾਉਂਦੇ ਹਨ ਤਾ ਮਾਤਾ ਗੁਜਰੀ ਕਹਿੰਦੇ ਹਨ : ਸ਼ੁਭ ਸ਼ੁਭ ਬੋਲਿਆ ਕਰੋ। ਇਹੋ ਜਿਹੇ ਮਾੜੇ ਸੁਪਨੇ ਨਹੀਂ ਜ਼ਬਾਨ ਵਿਚੋਂ ਕੱਢਦੇ ਹੁੰਦੇ। ਮਾਤਾ ਜੀ ਸ਼ੁਭ ਅਸ਼ੁਭ ਦੀਆਂ ਗੱਲਾਂ ਕਰਦੇ ਹਨ ਤੇ ਸੁਪਨਿਆਂ ਨੂੰ ਚੰਗੇ ਤੇ ਮਾੜੇ ਕਹਿੰਦੇ ਹਨ। ਇਹ ਗੁਰੂਮਤਿ ਦੇ ਬਿਲਕੁਲ ਉਲਟ ਹੈ।ਇਹ ਮਾਤਾ ਜੀ ਦੀ ਬੇਅਦਬੀ ਵੀ ਹੈ।

39. ਸਾਹਿਬਜ਼ਾਦੇ ਮੁਰਿੰਡਾ ਜਾਂ ਸਰਹੰਦ ਵਿਚ ਗੱਡੇ ਤੇ ਜਾਂਦੇ ਦਿਖਾਏ ਹਨ। ਹਕੀਕਤ ਇਹ ਹੈ ਕਿ ਉਨ੍ਹਾਂ ਨੂੰ ਸਹੇੜੀ ਤੋਂ ਬੋਰੀਆਂ ਵਿਚ ਪਾ ਕੇ ਲੱਦ ਕੇ ਮੁਰਿੰਡਾ ਲਿਆਇਆ ਗਿਆ ਸੀ ਤੇ ਸਰਹੰਦ ਵਿਚ ਉਨ੍ਹਾਂ ਨੂੰ ਪੈਦਲ ਟੋਰਿਆ ਗਿਆ ਸੀ।

40. ਫ਼ਿਲਮ ਵਿਚ ਮਾਈ ਭਾਗੋ (ਜਾਂ ਕਿਸੇ ਹੋਰ ਔਰਤ) ਨੂੰ ਪੰਜ ਮੁਗ਼ਲਾਂ ਨਾਲ ਲੜਗੇ ਅਤੇ ਉਨ੍ਹਾਂ ਨੂੰ ਮਾਰਦੇ ਦਿਖਾਇਆ ਹੈ; ਤੇ ਤਿੰਨ ਸਿੱਖ ਕੋਲ ਖੜ੍ਹੇ ਤਮਾਸ਼ਾ ਵੇਖਦੇ ਦੱਸੇ ਹਨ। ਇੱਥੇ ਫ਼ਿਲਮ ਵਾਲਾ ਸਿੱਖ ਮਰਦਾਂ ਨੂੰ ਜਾਂ ਤਾਂ ਝੁੱਡੂ ਦਸਣਾ ਚਾਹੁੰਦਾ ਹੈ ਜਾਂ ਬੁਜ਼ਦਿਲ।

41. ਠੰਡੇ ਬੁਰਜ ਵਿਚ ਸਾਹਿਬਜ਼ਾਦੇ ਕੰਬਲ ਵਿਚ ਸੁੱਤੇ ਦਿਖਾਏ ਹਨ ਜਦ ਕਿ ਹਕੀਕਤ ਇਹ ਹੈ ਕਿ ਉਨ੍ਹਾਂ ਕੋਲ ਕੋਈ ਕਪੜਾ ਨਹੀਂ ਸੀ।

42. ਫ਼ਿਲਮ ਵਿਚ ਮੋਤੀ ਰਾਮ ਮਹਿਰਾ ਦੀ ਕਾਲਪਨਿਕ ਕਹਾਣੀ ਜੋੜੀ ਗਈ ਹੈ। ਭਾਵੇਂ ਉਸ ਦੇ ਨਾਂ ਤੇ ਫ਼ਤਹਿਗੜ੍ਹ ਵਿਚ ਗੇਟ ਵੀ ਬਣਾ ਦਿੱਤਾ ਗਿਆ ਹੈ ਪਰ ਉਹ ਇਤਿਹਾਸਕ ਪਾਤਰ ਨਹੀਂ ਸੀ, ਸਿਰਫ਼ ਕਲਪਨਾ ਹੈ। ਕਿਸੇ ਪੁਰਾਣੀ ਕਿਤਾਬ ਵਿਚ ਉਸ ਦਾ ਜ਼ਿਕਰ ਨਹੀਂ ਹੈ।

43. ਇਸ ਕਾਲਪਨਿਕ ਪਾਤਰ ਮੋਤੀ ਰਾਮ ਨੂੰ ਗੁੱਧ ਗਰਮ ਲਿਆਉਂਦੇ ਦਿਖਾਇਆ ਹੈ। ਉਸ ਵਿਚੋਂ ਭਾਫ਼ ਨਿਕਲਦੀ ਦੱਸੀ ਹੈ। ਦਸੰਬਰ ਦੀ ਰਾਤ ਵਿਚ ਭਲਾ ਉਹ ਦੁਧ ਨੂੰ ਕਿਹੜੀ ਥਰਮਸ ਵਿਚ ਪਾ ਕੇ ਲਿਆਇਆ ਸੀ ?

44. ਸ਼ੇਰ ਮੁਹੰਮਦ ਖ਼ਾਨ ਮਲੇਰਕੋਟਲਾ ਕੋਲੋਂ ਝੂਠਾ ਬਿਆਨ ਅਖਵਾਇਆ ਹੈ, ਜਿਸ ਵਿਚ ਉਹ ਕਹਿੰਦਾ ਹੈ: ਬੱਚਿਆਂ ਅਤੇ ਮਾਂ ਉਤੇ ਕੋਈ ਆਂਚ ਨਹੀਂ ਆਉਣੀ ਚਾਹੀਦੀ। ਜੇ ਕੋਈ ਊਚ ਨੀਚ ਹੋਈ ਤਾਂ ਮਜਬੂਰਨ ਹਲਫ਼ੀਆ ਬਿਆਨ ਦਾ ਦਸਤਾਵੇਜ਼ ਦਿੱਲੀ ਭੇਜਣਾ ਪਵੇਗਾ। ਇਹ ਸਾਰਾ ਗ਼ਲਤ ਹੈ। ਉਸ ਨੇ ਤਾਂ ਸਿਰਫ਼ ਏਨਾ ਕਿਹਾ ਸੀ: ਮੈਂ ਆਪਣਾ ਬਦਲਾ ਦੁਸ਼ਮਣ ਦੇ ਮਾਸੂਮ ਬੱਚੇ ਤੋਂ ਨਹੀਂ ਬਲਕਿ ਉਸ (ਗੁਰੂ) ਤੋਂ ਹੀ ਲਵਾਂਗਾ।

ਪਰ, ਜਦ ਸਰਹੰਦ ਦੇ ਨਵਾਬ ਨੇ ਬੱਚਿਆਂ ਨੂੰ ਦੀਵਾਰ ਵਿਚ ਚਿਣਨ ਦਾ ਹੁਕਮ ਦਿੱਤਾ ਅਤੇ ਦੀਵਾਰ ਡਿੱਗਣ ਮਗਰੋਂ ਜੱਲਾਦ ਹੱਥੋਂ ਕਤਲ ਕਰਵਾਇਆ ਤਾਂ ਸ਼ੇਰ ਮੁਹੰਮਦ ਖ਼ਾਨ ਨੇ ਕੋਈ ਵਿਰੋਧ ਨਹੀਂ ਕੀਤਾ ਸੀ। ਦਰਅਸਲ, ਸ਼ੇਰ ਮੁਹੰਮਦ ਖ਼ਾਨ ਸਿੱਖਾਂ ਦਾ ਕੋਈ ਹਮਦਰਦ ਨਹੀਂ ਸੀ ਬਲਕਿ ਕੱਟੜ ਦੁਸ਼ਮਣ ਸੀ। ਉਸ ਨੇ ਅਤੇ ਉਸ ਦੇ ਭਰਾਵਾਂ, ਪੁੱਤਰਾਂ ਤੇ ਭਤੀਜਿਆਂ ਨੇ ਵਾਰ-ਵਾਰ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖਾਂ ਤੇ ਹਮਲੇ ਕੀਤੇ ਸਨ। 12 ਅਕਤੂਬਰ 1700 ਨੂੰ ਨਿਰਮੋਹਗੜ੍ਹ, 7-8 ਦਸੰਬਰ 1705 ਨੂੰ ਚਮਕੌਰ, 9-10 ਮਈ 1710 ਦੇ ਦਿਨ ਮਝੈਲ ਸਿੰਘਾਂ ਉਤੇ ਬਹਿਲੋਲਪੁਰ ਵਿਚ ਅਤੇ 12 ਮਈ 1710 ਦੇ ਦਿਨ ਚੱਪੜ-ਚਿੜੀ ਵਿਚ ਵੀ ਉਸ ਨੇ ਜ਼ਬਰਦਸਤ ਟੱਕਰ ਲਈ ਸੀ ਅਤੇ ਸਰਹੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੇ ਹਰ ਹੁਕਮ ਤੇ ਫੁਲ ਚੜ੍ਹਾਉਂਦਿਆਂ ਸਿੱਖਾਂ ਤੇ ਅਕਾਰਣ ਹੀ ਹਮਲੇ ਕੀਤੇ ਸਨ। ਇਨ੍ਹਾਂ ਲੜਾਈਆਂ ਵਿਚ ਉਹ ਆਪ, ਉਸ ਦੇ ਤਿੰਨ ਭਰਾ ਅਤੇ ਦੋ ਭਤੀਜੇ ਮਾਰੇ ਗਏ ਸਨ।

ਇਸ ਕਰ ਕੇ ਬਾਬਾ ਬੰਦਾ ਸਿੰਘ ਅਤੇ ਸਿਖਾਂ ਨੂੰ ਮਲੇਰਕੋਟਲਾ ਦੇ ਪਠਾਣ ਹਾਕਮ ਵੀ ਬਹੁਤ ਚੁਭਦੇ ਸਨ ਅਤੇ ਉਹ ਉਸ ਨੂੰ ਵੀ ਸਜ਼ਾ ਦੇਣਾ ਚਾਹੁੰਦੇ ਸਨ। ਸਰਹੰਦ ਜਿੱਤਣ ਤੋਂ ਬਾਅਦ ਸਿੱਖ ਫ਼ੌਜਾਂ ਨੇ ਮਲੇਰਕੋਟਲਾ ਵਲ ਕੂਚ ਕਰ ਦਿਤਾ। ਜਦੋਂ ਮਲੇਰੀਆਂ ਨੂੰ ਪਤਾ ਲਗਾ ਕਿ ਸਿੱਖ ਫ਼ੌਜਾਂ ਮਲੇਰਕੋਟਲਾ ਵਲ ਆ ਰਹੀਆਂ ਹਨ ਤਾਂ ਉੱਥੋਂ ਦਾ ਇਕ ਸ਼ਾਹੂਕਾਰ ਕਿਸ਼ਨ ਚੰਦ ਬਾਬਾ ਬੰਦਾ ਸਿੰਘ ਨੂੰ ਮਿਲਣ ਪੁੱਜਾ। ਕਿਸ਼ਨ ਚੰਦ ਬੰਦਾ ਸਿੰਘ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ। ਉਸ ਨੇ ਬੰਦਾ ਸਿੰਘ ਨੂੰ ਅਰਜ਼ ਕੀਤੀ ਕਿ ਮਲੇਰਕੋਟਲਾ ਨੂੰ ਬਖ਼ਸ਼ ਦਿਤਾ ਜਾਵੇ। ਉਸ ਨੇ ਸ਼ਹਿਰੀਆਂ ਦੀ ਤਰਫ਼ੋਂ ਚੋਖੀ ਵੱਡੀ ਰਕਮ ਬੰਦਾ ਸਿੰਘ ਨੂੰ ਪੇਸ਼ ਕਰ ਕੇ ਸ਼ਹਿਰ ਨੂੰ ਲੁੱਟੇ ਜਾਣ ਤੋਂ ਬਚਾ ਲਿਆ। ਜੇ ਕਰ ਕਿਸ਼ਨ ਚੰਦ ਬੰਦਾ ਸਿੰਘ ਅੱਗੇ ਫ਼ਰਿਆਦੀ ਨਾ ਹੁੰਦਾ ਤਾਂ ਮਲੇਰਕੋਟਲਾ ਵੀ ਤਬਾਹ ਹੋ ਜਾਣਾ ਸੀ। ਇਸ ਤੋਂ ਮਗਰੋਂ ਵੀ ਮਲੇਰਕੋਟਲੇ ਦੇ ਹਾਕਮਾਂ ਨੇ ਅਹਿਮਦ ਸ਼ਾਹ ਦੁਰਾਨੀ ਨਾਲ ਰਲ ਕੇ 1762 ਦੇ ਘੱਲੂਘਾਰੇ ਤਕ ਸਿੱਖਾਂ ਦੇ ਖ਼ਿਲਾਫ਼ ਹਰ ਮੁਹਿੰਮ ਵਿਚ ਹਿੱਸਾ ਲਿਆ ਸੀ)।

45. ਏਥੇ ਮਾਤਾ ਗੁਜਰੀ ਫੇਰ ਰੋਂਦੀ ਤੇ ਹੰਝੂ ਪੂੰਝਦੀ ਦਿਖਾਈ ਹੈ।ਇਹ ਮਾਤਾ ਜੀ ਦੀ ਬੇਅਦਬੀ ਹੈ।

46.ਮਲੇਰਕੋਟਲੇ ਦੇ ਨਵਾਬ ਦੇ ਦੋ ਭਰਾ ਖਾਜਰ ਖ਼ਾਨ ਰੋਪੜ ਵਿਚ ਤੇ ਤੇ ਨਿਹਾਲ ਖ਼ਾਨ ਗੁਰੂ ਜੀ ਦੇ ਹੱਥੋਂ ਚਮਕੌਰ ਵਿਚ ਮਰਦੇ ਦੱਸੇ ਹਨ। ਉਸ ਦੇ ਭਰਾਵਾਂ ਦੇ ਦੋਵੇਂ ਨਾਂ ਗ਼ਲਤ ਦੱਸੇ ਹਨ।ਚਮਕੌਰ ਵਿਚ ਨਾਹਰ ਖ਼ਾਨ ਮਰਿਆ ਸੀ। ਖਾਜਰ ਖ਼ਾਨ ਤੇ ਨਿਹਾਲ ਖ਼ਾਨ ਉਸ ਦੇ ਭਰਾਵਾਂ ਦੇ ਨਾਂ ਨਹੀਂ ਸਨ।

47. ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਨ ਦਾ ਫ਼ਤਵਾ ਕਾਜ਼ੀ ਦਾ ਹੈ, ਪਰ ਫ਼ਤਵਾ ਵਜ਼ੀਰ ਖ਼ਾਨ ਸੁਣਾਉਂਦਾ ਦਿਖਾਇਆ ਹੈ।

48. ਵਜ਼ੀਰ ਖ਼ਾਨ ਦੀ ਬੀਵੀ ਉਸ ਨੂੰ ਬੱਚਿਆਂ ਨੂੰ ਕਤਲ ਕਰਨ ਤੋਂ ਰੋਕਦੀ ਦਿਖਾਈ ਹੈ। ਇਹ ਨਿਰੀ ਗੱਪ ਹੈ।

49. ਵਜ਼ੀਰ ਖ਼ਾਨ ਦੀ ਬੀਵੀ ਠੰਡੇ ਬੁਰਜ ਵਿਚ ਆਉਂਦੀ ਦਿਖਾਈ ਹੈ।ਇਹ ਵੀ ਗੱਪ ਹੈ।

50. ਬੱਚਿਆਂ ਨੂੰ ਨੀਹਾਂ ਵਿਚ ਚਿਣੇ ਜਾਣ ਵੇਲੇ ਮਾਤਾ ਗੁਜਰੀ ਫੇਰ ਰੋਂਦੀ ਦਿਖਾਈ ਹੈ। ਇਹ ਮਾਤਾ ਗੁਜਰੀ ਦੀ ਫੇਰ ਬੇਇਜ਼ਤੀ ਹੈ। ਇਸ ਫ਼ਿਲਮ ਵਿਚ ਮਾਤਾ ਜੀ ਨੂੰ ਤਿੰਨ ਵਾਰ ਰੋਂਦੇ ਦਿਖਾਇਆ ਗਿਆ ਹੈ।

51. ਬੱਚਿਆਂ ਦੇ ਜਾਣ ਮਗਰੋਂ ਮਾਤਾ ਜ਼ਮੀਨ ਅਤੇ ਡਿਗਦੀ ਤੇ ਚੜ੍ਹਾਈ ਕਰ ਜਾਂਦੀ ਦਿਖਾਈ ਹੈ। ਇਹ ਦਿਲ ਦਾ ਦੌਰਾ ਬਣਾਉਣ ਦੀ ਕੋਸ਼ਿਸ਼ ਹੈ। ਹਕੀਕਤ ਇਹ ਹੈ ਕਿ ਜਿਹੜੇ ਜ਼ਾਲਿਮ ਬੱਚਿਆਂ ਨੂੰ ਸ਼ਹੀਦ ਕਰ ਸਕਦੇ ਹਨ ਉਨ੍ਹਾਂ ਨੇ ਮਾਤਾ ਨੂੰ ਵੀ ਸ਼ਹੀਦ ਕੀਤਾ ਹੋਵੇਗਾ, ਭਾਵੇਂ ਬੁਰਜ ਤੋਂ ਥੱਲੇ ਸੁੱਟ ਕੇ ਮਾਰਿਆ ਹੋਵੇ।

52. ਈਨਾਮ ਲੈਣ ਮਗਰੋਂ ਗੰਗੂ ਬ੍ਰਾਹਮਣ ਨੂੰ ਪਾਗ਼ਲ ਹੋ ਗਿਆ ਦੱਸਿਆ ਹੈ। ਇਹ ਨਿਰੀ ਗੱਪ ਹੈ।

53. ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਲੇਰਕੋਟਲਾ ਨੂੰ ਅਸ਼ੀਰਵਾਦ ਦਿੱਤਾ। ਇਹ ਮਹਾਂ ਗੱਪ ਹੈ। (ਵੇਖੋ: ਨੁਕਤਾ ਨੰ 46)

54. ਟੋਡਰ ਮੱਲ ਨੇ ਸੋਨੇ ਦੀਆਂ ਮੁਹਰਾਂ ਦੇ ਕੇ ਜਗਹ ਖ਼ਰੀਦੀ। ਇਹ ਝੂਠ ਹੈ। 13 ਦਸੰਬਰ 1705 ਦੇ ਦਿਨ ਸ਼ਹੀਦ ਮਾਤਾ ਗੁਜਰੀ ਅਤੇ ਦੋਹਾਂ ਨਿੱਕੇ ਸਾਹਿਬਜ਼ਾਦਿਆਂ ਦਾ ਸਸਕਾਰ ਸਰਹੰਦ ਕਿਲ੍ਹੇ ਦੇ ਪਿਛਲੇ ਪਾਸੇ, ਅਤੇ ਆਮ-ਖ਼ਾਸ ਬਾਗ਼ ਤੋਂ ਪਹਿਲਾਂ (ਜਿੱਥੇ ਹੁਣ ਗੁਰੂਦੁਆਰਾ ਜੋਤੀ ਸਰੂਪ ਹੈ), ਵਾਲੀ ਜਗਹ ਤੇ ਕੀਤਾ ਗਿਆ ਸੀ। ਇਹ ਸਸਕਾਰ ਸਰਹੰਦ ਵਿਚ ਰਹਿ ਰਹੇ ਸਾਬਕਾ ਦੀਵਾਨ ਟੋਡਰ ਮੱਲ ਦੇ ਪਰਵਾਰ ਨੇ ਕੀਤਾ ਸੀ।ਇਹ ਕਹਾਣੀ ਕਿ ਦੀਵਾਨ ਟੋਡਰ ਮੱਲ ਨੇ ਸਸਕਾਰ ਕਰਨ ਵਾਸਤੇ ਸੋਨੇ ਦੀਆਂ ਮੁਹਰਾਂ ਖੜ੍ਹੀਆਂ ਕਰ ਕੇ ਜਗਹ ਕਿਰਾਏ ਤੇ ਲਈ (ਜਾਂ ਖ਼ਰੀਦੀ), ਟੋਡਰ ਮੱਲ ਪਰਵਾਰ ਗੁਰੂ ਜੀ ਦਾ ਸ਼ਰਧਾਲੂ ਜਾਂ ਸਿੱਖਾਂ ਦਾ ਹਮਦਰਦ ਸਾਬਿਤ ਕਰਨ ਵਾਸਤੇ ਜਾਂ ਦੀਵਾਨ ਟੋਡਰ ਮੱਲ ਦੀ ਸ਼ਾਨ ਬਣਾਉਣ ਵਾਸਤੇ ਬਣਾਈ ਗਈ ਜਾਪਦੀ ਹੈ। ਦੀਵਾਨ ਟੋਡਰ ਮੱਲ 1665-66 ਵਿਚ, ਇਸ ਘਟਨਾ ਤੋਂ 40 ਸਾਲ ਪਹਿਲਾਂ, ਮਰ ਚੁਕਾ ਸੀ। ਸੋ ਇਹ ਸਸਕਾਰ ਉਸ ਦੇ ਪੁੱਤਰ ਜਾਂ ਪੋਤੇ ਨੇ ਕੀਤਾ ਹੋਵੇਗਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦਾ ਸਸਕਾਰ ਕਰਨ ਵਾਸਤੇ ਟੋਡਰ ਮੱਲ ਪਰਵਾਰ ਤੋਂ ਸਿਵਾ ਕੋਈ ਹੋਰ ਜਣਾ ਅੱਗੇ ਨਹੀਂ ਆਇਆ ਹੋਵੇਗਾ, ਹਾਲਾਂ ਕਿ ਸਰਹੰਦ ਵਿਚ ਸੂਦ ਬਿਰਾਦਰੀ ਦੇ ਹਜ਼ਾਰਾਂ ਹਿੰਦੂ ਰਹਿੰਦੇ ਸਨ। ਸੋਨੇ ਦੀਆਂ ਮੁਹਰਾਂ ਵਾਲੀ ਗੱਲ ਵੀ ਸਹੀ ਨਹੀਂ ਹੋ ਸਕਦੀ ਕਿਉਂਕਿ ਟੋਡਰ ਮੱਲ ਪਰਵਾਰ ਬਹੁਤ ਅਮੀਰ ਸੀ ਤੇ ਉਨ੍ਹਾਂ ਕੋਲ ਬੇਹਿਸਾਬ ਦੌਲਤ ਅਤੇ ਜ਼ਮੀਨ ਸੀ, ਜਿੱਥੇ ਉਹ ਸਸਕਾਰ ਕਰ ਸਕਦੇ ਸਨ।

55. ਫ਼ਿਲਮ ਮੁਤਾਬਿਕ ਇਸ ਨੇਕ ਕੰਮ ਮਗਰੋਂ ਉਸ ਨੂੰ (ਯਾਨਿ ਦੀਵਾਨ ਟੋਡਰ ਮੱਲ ਨੂੰ) ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਇਹ ਵੀ ਮਹਾਂ ਗੱਪ ਹੈ।ਦੀਵਾਨ ਟੋਡਰ ਮੱਲ 1665-66 ਵਿਚ, ਇਸ ਘਟਨਾ ਤੋਂ 40 ਸਾਲ ਪਹਿਲਾਂ, ਮਰ ਚੁਕਾ ਸੀ।

56. ਸਰਹੰਦ ਤੇ ਕੇਸਰੀ ਝੰਡੇ ਗੱਡ ਦਿੱਤੇ।ਇਹ ਗੱਪ ਹੈ। ਖਾਲਸੇ ਦਾ ਝੰਡਾ ਨੀਲੇ ਰੰਗ ਦਾ ਸੀ। (ਵੇਖੋ ਨੁਕਤਾ ਨੰਬਰ 4)

57. ਸਰਹੰਦ ਵਿਚ ਲੋਕਾਂ ਨੂੰ ਜੀਅ ਭਰ ਕੇ ਖ਼ਜ਼ਾਨੇ ਲੁੱਟ। ਇਹ ਵੀ ਗੱਪ ਹੈ।

ਇਸ ਫ਼ਿਲਮ ਵਿਚ 100 ਤੋਂ ਵਧ ਗ਼ਲਤ ਗੱਲਾਂ ਵਿਚੋਂ ਇਹ ਕੁਝ ਕੂ ਗ਼ਲਤ ਗੱਲਾਂ ਜਿਨ੍ਹਾਂ ਨੇ ਸਿੱਖ ਤਵਾਰੀਖ਼ ਅਤੇ ਸਿੱਖ ਫ਼ਲਸਫ਼ੇ ਨੂੰ ਵਿਗਾੜਨ ਵਿਚ ਰੋਲ ਅਦਾ ਕੀਤਾ ਹੈ। ਅਫ਼ਸੋਸ ਹੈ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਫ਼ਿਲਮ ਨੂੰ ਖ਼ਰੀਦਣ ਵਾਸਤੇ 4 ਕਰੋੜ ਰੁਪੈ (ਸ਼ਾਇਦ ਟੈਕਸ ਵਖਰਾ ਸੀ) ਦਿੱਤੇ ਸਨ।

ਵਾਹ! ਸਿੱਖ ਤਵਾਰੀਖ਼ ਤੇ ਸਿੱਖ ਫ਼ਲਸਫ਼ਾ ਵਿਗਾੜਨ ਦਾ ਈਨਾਮ ?

ਜਾਪਦਾ ਹੈ ਕਿ ਫ਼ਿਲਮ ਪ੍ਰੋਡਿਊਸਰ ਖ਼ੁਦ ਨੂੰ ਸਭ ਤੋਂ ਵੱਡਾ ਵਿਦਵਾਨ ਤੇ ਗਿਆਨ ਵਿਚ ਸੰਪੂਰਨ ਮੰਨਦਾ ਹੈ ਤੇ ਕਿਸੇ ਵਿਦਵਾਨ ਦੀ ਸਲਾਹ ਲੈਣ ਵਾਸਤੇ ਤਿਆਰ ਨਹੀਂ। ਉਹ ਫ਼ਿਲਮ ਦੇ ਸ਼ੁਰੂ ਵਿਚ ਸਕਰੀਨ ਤੇ ਬਹੁਤ ਸਾਰਿਆਂ ਆਗੂਆਂ ਤੇ ਵਿਦਵਾਨਾਂ ਦਾ ਦਾ ਰਸਮੀ ਧੰਨਵਾਦ ਕਰ ਦੇਂਦਾ ਹੈ। ਹਕੀਕਤ ਇਹ ਹੈ ਕਿ ਉਸ ਨੇ ਕਦੇ ਵੀ ਕਿਸੇ ਤੋਂ ਸਲਾਹ ਨਹੀਂ ਲਈ ਹੋਣੀ।

ਫਿਰ ਉਸ ਨੇ ਦੂਜੀ ਫ਼ਿਲਮ ਵਿਚ ਹੋਰ ਕਬਾੜਾ ਕੀਤਾ ਹੈ। ਹੁਣ ਤੀਜੀ ਦਾ ਐਲਾਨ ਕੀਤਾ ਹੈ। ਇਹ ਤਾਂ ਤਵਾਰੀਖ਼ ਤੇ ਫ਼ਲਸਫ਼ਾ ਤਬਾਹ ਕਰ ਦੇਵੇਗਾ। ਸੋ, ਇਹ 'ਉਪਰਾਲਾ' ਚੰਗਾ ਨਹੀਂ, ਬਲਕਿ 'ਘਾਤਕ' ਹੈ।

Also read the review of ਚਾਰ ਸਾਹਿਬਜ਼ਾਦੇ: ਦ ਰਾਈਜ਼ ਆਫ਼ ਬੰਦਾ ਸਿੰਘ ਬਹਾਦਰ ਫਿਲਮ ਬਾਰੇ ਡਾ. ਹਰਜਿੰਦਰ ਸਿੰਘ ਦਿਲਗੀਰ ਦੀ ਸਮੀਖਿਆ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top