ਪਿਛਲੇ ਭਾਗ ਵੀ ਜ਼ਰੂਰ ਪੜ੍ਹੋ :
{ਭਾਗ-1}
ਪਿਛਲੇ ਲੇਖ ਵਿੱਚ ਜਿੱਥੇ ਅਸੀਂ ਇਹ ਸਾਂਝ ਪਾਈ ਕਿ “ਦੁਰਗਾ ਪਾਠ/ਭਗਉਤੀ
ਕੀ ਵਾਰ” ਨਾਮ ਦੀ ਰਚਨਾ ਵਿਚ ਇਸ ਦੇ ਲਿਖਾਰੀ ਬਾਰੇ ਕੋਈ ਸੰਕੇਤ ਨਹੀਂ ਮਿਲਦਾ, ਉੱਥੇ ਹੀ
ਇਹ ਵੀ ਸਾਫ ਹੋ ਗਿਆ ਕਿ ਇਸ ਪਾਠ ਦਾ ਲਿਖਾਰੀ, ਸਿੱਖੀ ਸਿਧਾਂਤਾਂ (ਧੌਲੁ
ਧਰਮੁ ਦਇਆ ਕਾ ਪੂਤੁ ॥) ਤੋਂ ਅਣਜਾਨ ਹੈ ਅਤੇ ਹਿੰਦੂ ਮਿਤਿਹਾਸ ਅਨੁਸਾਰ, ਇਕ ਬਲਦ
ਨੂੰ ਹੀ ਧਰਤੀ ਦਾ ਆਸਰਾ ਮੰਨਦਾ ਹੈ।
ਇਹ ਲਿਖਾਰੀ ਇਤਨਾ
ਭੁਲੱੜ ਹੈ, ਕਿ 10ਵੀਂ ਪਉੜੀ ਮੁਤਾਬਿਕ, ਦੇਵੀ ਆਪਣੀ ਤਲਵਾਰ ਰਾਹੀਂ, ਜਿਹੜੇ
ਮਹਿਖਾਸੁਰ ਦੇ ਪੇਟ ਨੂੰ ਖੰਡ-ਖੰਡ ਕਰ ਕੇ ਉਸਦੀ ਅੰਤੜੀਆਂ ਅਤੇ ਗੁਰਦੇ ਤਕ ਬਾਹਰ ਖਿੰਚ
ਲੈਂਦੀ ਹੈ, ਬਲਕਿ ਤਲਵਾਰ ਵੀ ਉਸ ਦੇ ਸ਼ਰੀਰ ਦੇ ਆਰ ਪਾਰ ਕਰ ਦਿੰਦੀ ਹੈ, ਉੱਸੇ ਮਹਿਖਾਸੁਰ
ਨੂੰ ਫਿਰ 16ਵੀਂ ਪਉੜੀ ਵਿਚ ਸ਼ੁਰੂ ਤੋਂ ਯੁੱਧ ਵਿਚ ਭਾਗ ਲੈਂਦਾ ਦਿਖਾ ਕੇ ਫਿਰ 19ਵੀਂ ਪਉੜੀ
ਵਿਚ ਸਿਰ ਤੋਂ ਲੈ ਕੇ ਧਰਤੀ ਤਕ ਚੀਰ ਦੇਣ ਦੀ ਗੱਲ ਲਿਖਦਾ ਹੈ”।
ਪਾਠਕਾਂ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਇਸ ਰਚਨਾ ਸਮੇਤ ਅਖੌਤੀ
ਦਸਮ ਗ੍ਰੰਥ ਦਾ ਵੱਡਾ ਹਿੱਸਾ, ਗੁਰਮਤਿ ਅਤੇ ਕੁਦਰਤ ਤੋਂ ਉਲਟ ਐਸੀ ਕਈਂ ਮਿਥਿਹਾਸਕ
ਕਹਾਨੀਆਂ ਨਾਲ ਭਰਿਆ ਹੋਇਆ ਹੈ। ਜਿੱਥੇ “ਵਾਰ ਭਗਉਤੀ ਜੀ ਕੀ” ਵਿਚ ਮਹਿਖਾਸੁਰ ਦੀ ਮੌਤ ਦਾ
ਝੂਠ ਸਾਡੇ ਸ੍ਹਾਮਣੇ ਹੈ, ਉੱਥੇ ਹੀ ਮਹਿਖਾਸੁਰ ਆਦਿ ਦੈਤਿਆਂ ਦੇ ਆਗਮਨ ਦੀ ਕਹਾਣੀ ਵਿਚ ਵੀ
ਲਿਖਾਰੀ ਅਪਨੇ ਝੂਠ ਨੂੰ ਛੁਪਾ ਨਹੀਂ ਸਕਿਆ ।
ਇਸੇ ਦੁਰਗਾ ਪਾਠ ਦੀ ਪਉੜੀ 3 ਵਿਚ
ਲਿਖਾਰੀ ਲਿਖਦਾ ਕਿ ਤੱਤ ਗੁਣਾਂ ਵਾਲਾ ਸਤਿਜੁਗ ਹੁਣ ਬੀਤ ਗਇਆ ਸੀ, ਅਤੇ ਅੱਧੇ
ਧਰਮ ਨੂੰ ਪਾਲਨ ਕਰਨ ਵਾਲਾ ਤ੍ਰੈਤਾ ਆ ਗਿਆ, ਹੁਣ ਕਲਹ ਸਾਰਿਆਂ ਦੇ ਸਿਰ ਉਤੇ ਸਵਾਰ ਸੀ
ਕਿੳਂਕਿ ਨਾਰਦ ਨੇ ਬਹੁਤ ਡਮਰੂ ਵਜਾਇਆ ਹੋਇਆ ਸੀ (ਭਾਵ: ਇੱਕ ਦੂਜੇ ਦੀ ਚੁਗਲੀ ਕਰ ਕੇ
ਨਾਰਦ ਨੇ ਸਭ ਦੇ ਮਨ ਵਿਚ ਤੌਖਲਾ ਖੜਾ ਕਰ ਤਾ ਸੀ)। ਦੇਵਤਿਆਂ ਦੇ ਅਹੰਕਾਰ ਨੂੰ ਖਤਮ ਕਰਨ
ਲਈ ਪਰਮਾਤਮਾ ਨੇ ਮਹਿਖਾਸੁਰ ਅਤੇ ਸ਼ੁੰਭ ਆਦਿ ਦੈਂਤ ਪੈਦਾ ਕਰ ਦਿਤੇ ।
ਸਾਧੂ ਸਤਿਜੁਗੁ ਬੀਤਿਆ ਅਧਸੀਲੀ ਤ੍ਰੇਤਾ
ਆਇਆ । ਨਚੀ ਕਲਿ ਸਰੋਸਰੀ ਕਲਿ ਨਾਰਦ ਡਉਰੂ ਵਾਇਆ ।
ਅਭਿਮਾਨ ਉਤਾਰਨ ਦਿੁਤਿਆ ਮਹਿਖਾਸੁਰ ਸੁੰਭ ਉਪਾਇਆ । ਜੀਤ ਲਏ ਤਿਨਿ ਦੇਵੇਤੇ ਤਿਹੁ ਲੋਕੀ
ਰਾਜੁ ਕਮਾਇਆ।
ਵਡਾ ਬੀਰ ਅਖਾਇ ਕੈ ਸਿਰ ਉਪਰਿ ਛਤ੍ਰ ਫਿਰਾਇਆ । ਦਿਤਾ ਇੰਦ੍ਰ ਨਿਕਾਲ ਕੇ ਤਿਨਿ ਗਿਰ
ਕੈਲਾਸੁ ਤਕਾਇਆ।
ਡਰ ਕੈ ਹਥੋਂ ਦਾਨਵੀ ਦਿਲ ਅੰਦਰਿ ਤ੍ਰਾਸ ਵਧਾਇਆ । ਪਾਸ ਦੁਰਗਾ ਦੇ ਇੰਦ੍ਰ ਆਇਆ।3।
“ਲਿਖਾਰੀ ਦਾਵੇ ਨਾਲ ਲਿਖਦਾ ਕਿ ਦੇਵਤਿਆਂ ਦਾ ਅਭਿਮਾਨ ਤੋੜਨ
ਲਈ ਪਰਮਾਤਮਾ ਨੇ ਮਹਿਖਾਸੁਰ ਅਤੇ ਸ਼ੁੰਭ ਆਦਿ ਦੈਂਤ ਪੈਦਾ ਕਿਤੇ ਹਨ ।”
ਹੁਣ ਆਉ ਲਿਖਾਰੀ ਦਾ ਉਹ ਦਾਵਾ ਵੀ ਚੇਤੇ ਕਰੀਏ ਜਿਸ ਵਿਚ ਇਹ ਲਿਖਾਰੀ
“ਅਬ ਮੈ ਅਪਨੀ ਕਥਾ ਬਖਾਨੋ” ਵਾਲੇ ਬਚਿੱਤਰ ਨਾਟਕ ਦੇ ਛੇਵੇਂ ਅਧਿਆਇ ਵਿਚ ਪਰਮਾਤਮਾ ਦੇ
ਮੂਹੋਂ ਇਹ ਬਚਨ ਅਖਵਾਉਂਦਾ ਹੈ:
ਅਕਾਲ ਪੁਰਖ ਬਾਚ ਇਸ ਕੀਟ ਪ੍ਰਤਿ
ਚੌਪਈ
ਜਬ ਪਹਿਲੇ ਹਮ ਸ੍ਰਿਸਟਿ ਬਨਾਈ । ਦਈਤ ਰਚੇ ਦੁਸਟ ਦੁਖ ਦਾਈ ।
ਤੇ ਭੁਜ ਬਲ ਬਵਰੇ ਹ੍ਹੈ ਗਏ । ਪੂਜਤ ਪਰਮ ਪੁਰਖੁ ਰਹਿ ਗਏ ।6।
ਤੇ ਹਮ ਤਮਿਕ ਤਨਿਕ ਮੋ ਖਾਪੇ । ਤਿਨ ਕੀ ਠਉਰ ਦੇਵਤਾ ਥਾਪੇ ।
ਤੇ ਭੀ ਬਲਿ ਪੂਜਾ ਉਰਝਾਏ। ਆਪਨ ਹੀ ਪਰਮੇਸੁਰ ਜਹਾਏ।7।
(ਲਿਖਾਰੀ ਅਨੁਸਾਰ) ਪਰਮਾਤਮਾ ਇਸ ਕੀੜੇ ਪ੍ਰਤਿ ਇਹ ਬਚਨ ਕਰਦਾ ਹੈ
ਕਿ ਜਦੋਂ ਮੈਂ (ਪਰਮਾਤਮਾ ਨੇ) ਸ੍ਰਿਸ਼ਟੀ ਦੀ ਸਿਰਜਨਾਂ ਕੀਤੀ ਤਾਂ ਸਭ ਤੋਂ ਪਹਿਲਾਂ ਮੈਂ
ਦੁਖ ਦੇਣ ਵਾਲੇ ਦੈਂਤ ਰਚ ਲਏ । ਉਹ ਅਪਨੇ ਬਾਹੂਬਲ ਦੇ ਅਭਿਮਾਨ ਵਿਚ ਪਾਗਲ ਹੋ ਗਏ ਅਤੇ
ਪਰਮਪੁਰਖ ਦੀ ਪੂਜਾ ਦਾ ਤਿਆਗ ਕਰ ਦਿਤਾ । ਤਾਂ ਮੈਂ ਕ੍ਰੋਧਿਤ ਹੋ ਕੇ ਉਹਨਾਂ ਨੂੰ ਪਲ ਵਿਚ
ਹੀ ਮਾਰ ਮੁਕਾਇਆ, ਅਤੇ ਇਹਨਾਂ ਦੈਂਤਿਆਂ ਦੀ ਥਾਂ ਮੈਂ ਦੇਵਤੇ ਪੈਦਾ ਕੀਤੇ ।
ਪਾਠਕ ਸੱਜਣ ਆਪ ਫੈਸਲਾ ਕਰਣ,
ਕਿ ਇਕ ਹੀ ਲਿਖਾਰੀ ਵਲੋਂ ਲਿਖੀ ਰਚਨਾਵਾਂ ਵਿਚੋਂ ਇਕ ਆਮ ਮਨੁਖ ਕਿਹੜੀ ਗੱਲ ਨੂੰ ਸੱਚ ਮੰਨੇ,
1. ਦੇਵਤਿਆਂ ਦਾ ਅਭਿਮਾਨ ਉਤਾਰਨ ਲਈ ਦੈਂਤ ਬਨਾਇ। (ਲਿਖਾਰੀ
ਦੀ ਕਲਮ ਤੋਂ, ਪਉੜੀ 3, ਭਗਉਤੀ ਕੀ ਵਾਰ)
2. ਪਹਿਲਾਂ ਦੈਂਤ ਰਚੇ, ਫਿਰ ਉਹਨਾਂ ਨੂੰ ਖਤਮ ਕਰ ਕੇ ਉਹਨਾਂ
ਦੀ ਥਾਂ ਦੇਵਤੇ ਬਨਾਇ । (ਅਖੌਤੀ ਪਰਮਾਤਮਾ ਦੇ ਬਚਨ, ਲਿਖਾਰੀ ਦੀ ਕਲਮ ਤੋਂ)
ਪਤਾ ਨਹੀਂ ਕੀ ਕਾਰਣ ਹੈ ਕਿ “ਅਭੁਲੁ ਗੁਰੂ ਕਰਤਾਰੁ” ਮੰਨਣ
ਵਾਲੇ ਕਿਸ ਮੂੰਹ ਨਾਲ ਰੱਬ ਅਤੇ ਗੁਰੂ ਨੂੰ ਭੁੱਲਣਹਾਰ ਸਾਬਿਤ ਕਰਨ ਵਾਲੇ, ਇਸ ਪਾਠ ਨੂੰ
ਅੱਜ ਵੀ ਅਰਦਾਸ ਕਹੀ ਜਾਂਦੇ ਨੇ !