Share on Facebook

Main News Page

ਦਸਮ ਗ੍ਰੰਥ ਸਬੰਧੀ ਜਵਾਬ ਮੰਗਦੇ ਸਵਾਲ - ਆਖਰੀ ਭਾਗ
-: ਹਰਚਰਨ ਸਿੰਘ
(ਐਡੀਟਰ-ਸਿੱਖ ਵਿਰਸਾ)
Tel.: 403-681-8689 web: www.sikhvirsa.com

ਲੜੀ ਜੋੜਨ ਲਈ ਪੜੋ ਪਿਛਲਾ ਅੰਕ

ਆਉ ਹੁਣ ਕੁੱਝ ਸਵਾਲ ਵਿਚਾਰਦੇ ਹਾਂ ਤੇ ਆਸ ਕਰਦੇ ਹਾਂ ਕਿ ਦਸਮ ਗ੍ਰੰਥ ਦੇ ਹਮਾਇਤੀ ਵਿਦਵਾਨ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਕ੍ਰਿਪਾਲਤਾ ਕਰਨਗੇ:

1. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ, ਸਾਰੇ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਵਿੱਚ ਆਪਣਾ ਨਾਮ ਨਹੀਂ ਲਿਖਿਆ, ਸਗੋਂ ਸਾਰੇ ਸ਼ਬਦ ਨਾਨਕ ਨਾਮ ਹੇਠ ਹੀ ਲਿਖੇ ਮਿਲਦੇ ਹਨ। ਇਥੋਂ ਤੱਕ ਕਿ ਪਹਿਲੇ ਪੰਜ ਗੁਰੂ ਸਾਹਿਬਾਨ ਤੋਂ ਬਾਅਦ ਜੇ ਛੇਵੇਂ, ਸੱਤਵੇਂ, ਅੱਠਵੇਂ ਗੁਰੂ ਸਾਹਿਬ ਨੇ ਬਾਣੀ ਨਹੀਂ ਲਿਖੀ, ਪਰ ਗੁਰੂ ਤੇਗ ਬਹਾਦਰ ਜੀ ਨੇ ਬਾਣੀ ਲਿਖੀ ਤਾਂ ਉਨ੍ਹਾਂ ਵੀ ਨਾਨਕ ਨਾਮ ਹੇਠ ਹੀ ਲਿਖੀ, ਫਿਰ ਉਹ ਕਿਹੜੇ ਕਾਰਨ ਹਨ, ਜਿਨ੍ਹਾਂ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਇਕੱਲਿਆਂ ਹੀ ਗੁਰੂ ਗ੍ਰੰਥ ਸਾਹਿਬ ਜਿਤਨਾ ਵੱਡਾ ਦਸਮ ਗ੍ਰੰਥ ਲਿਖਿਆ, ਪਰ ਇੱਕ ਜਗ੍ਹਾ ਵੀ ਨਾਨਕ ਨਾਮ ਹੇਠ ਇੱਕ ਵੀ ਸ਼ਬਦ ਨਹੀਂ ਲਿਖਿਆ? ਜਿਸ ਤਰ੍ਹਾਂ ਬਾਕੀ ਗੁਰੂ ਸਾਹਿਬਾਨ ਨੇ ਇੱਕ ਵੀ ਸ਼ਬਦ ਨਾਨਕ ਨਾਮ ਤੋਂ ਬਿਨਾਂ ਨਹੀਂ ਲਿਖਿਆ, ਉਸ ਤੋਂ ਸਪੱਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਨੇ ਬਾਕੀ ਗੁਰੂ ਸਾਹਿਬਾਨ ਲਈ ਖਾਸ ਹਦਾਇਤ ਕੀਤੀ ਹੋਈ ਹੋਵੇਗੀ ਕਿ ਉਹ ਆਪਣਾ ਨਾਮ (ਅੰਗਦ ਦੇਵ, ਅਮਰਦਾਸ, ਰਾਮਦਾਸ, ਅਰਜਨ ਦੇਵ, ਤੇਗ ਬਹਾਦਰ) ਨਹੀਂ ਲਿਖ ਸਕਦੇ, ਜਿਸ ਤਰ੍ਹਾਂ ਭਗਤਾਂ ਦੀ ਬਾਣੀ ਵਿੱਚ ਹਰੇਕ ਭਗਤ ਜੀ ਨੇ ਆਪਣਾ ਨਾਮ ਸ਼ਬਦ ਦੇ ਅਖੀਰ ਵਿੱਚ ਲਿਖਿਆ ਹੈ। ਫਿਰ ਉਹ ਕਿਹੜੇ ਕਾਰਨ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਕੀ ਨੌਂ ਗੁਰੂ ਸਾਹਿਬਾਨ ਵਲੋਂ ਬਣਾਇਆ ਅਸੂਲ ਆਪ ਹੀ ਤੋੜ ਦਿੱਤਾ?

2. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਨੇ ਜਿਥੇ ਬਾਣੀ ਵਿੱਚ ਸ਼ਬਦ ਦੇ ਅਖੀਰ ਵਿੱਚ ਸਿਰਫ ਨਾਨਕ ਨਾਮ ਵਰਤਿਆ, ਉਥੇ ਇਹ ਸਪੱਸ਼ਟ ਕਰਨ ਲਈ ਕਿ ਕਿਹੜੀ ਬਾਣੀ ਕਿਸ ਗੁਰੂ ਜੀ ਨੇ ਲਿਖੀ ਹੈ, ਸ਼ਬਦ ਦੇ ਸ਼ੁਰੂ ਵਿੱਚ ਮਹਲਾ 1, 2, 3, 4, 5, 9 ਵਰਤਿਆ ਹੈ, ਫਿਰ ਉਹ ਕਿਹੜੇ ਕਾਰਨ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਕੀ ਗੁਰੂ ਸਾਹਿਬਾਨ ਵਲੋਂ ਬਣਾਏ ਇਸ ਅਸੂਲ ਨੂੰ ਵੀ ਤੋੜ ਕੇ ਦਸਮ ਗ੍ਰੰਥ ਵਿੱਚ ਕਿਤੇ ਵੀ ਆਪਣੇ ਆਪ ਨੂੰ ਮਹਲਾ 10 ਨਹੀਂ ਲਿਖਿਆ?

3. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ 6 ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ, ਉਨ੍ਹਾਂ ਨੇ ਆਪਣੇ ਆਪ ਨੂੰ ਦਾਸ, ਨਿਮਾਣਾ, ਨੀਚ ਭਾਵ ਆਪਣੇ ਲਈ ਨੀਵੇਂ ਤੋਂ ਨੀਵਾਂ ਸ਼ਬਦ ਵਰਤਿਆ, ਇਥੇ ਤੱਕ ਕਿ ਉਨ੍ਹਾਂ ਆਪਣੇ ਆਪ ਨੂੰ ਗੁਰੂ ਵੀ ਨਹੀਂ ਕਿਹਾ, ਇਹ ਤਾਂ ਅਸੀਂ ਸਤਿਕਾਰ ਵਜੋਂ ਉਨ੍ਹਾਂ ਨੂੰ ਗੁਰੂ, ਸਤਿਗੁਰੂ, ਪਾਤਸ਼ਾਹ, ਸ਼ਹਿਨਸ਼ਾਹ ਆਦਿ ਵਿਸ਼ੇਸ਼ਣਾਂ ਨਾਲ ਸੰਬੋਧਨ ਕਰਦੇ ਹਾਂ। ਫਿਰ ਉਹ ਕਿਹੜੇ ਕਾਰਨ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਕੀ ਗੁਰੂ ਸਾਹਿਬਾਨ ਵਲੋਂ ਬਣਾਏ ਨਿਯਮਾਂ ਨੂੰ ਤੋੜ ਕੇ ਦਸਮ ਗ੍ਰੰਥ ਵਿੱਚ ਆਪਣੇ ਆਪ ਨੂੰ ਸ੍ਰੀ ਮੁਖਵਾਕ ਪਾਤਸ਼ਾਹੀ 10 ਲਿਖਿਆ ਹੈ? ਕੀ ਗੁਰੂ ਸਾਹਿਬ ਆਪਣੇ ਆਪ ਨੂੰ ਆਪ ਹੀ ਪਾਤਸ਼ਾਹੀ 10 ਲਿਖ ਸਕਦੇ ਸਨ? ਇਥੇ ਇਹ ਵੀ ਵਰਨਣਯੋਗ ਹੈ ਕਿ ਜਿਨ੍ਹਾਂ 32 ਹੱਥ ਲਿਖਤ ਬੀੜਾਂ ਤੋਂ ਇਹ ਗ੍ਰੰਥ 1897 ਵਿੱਚ ਤਿਆਰ ਕੀਤਾ ਗਿਆ ਸੀ, ਉਨ੍ਹਾਂ ਵਿੱਚ ਪਾਤਸ਼ਾਹੀ 10 ਦਰਜ ਨਹੀਂ ਸੀ। ਇਹ ਸੋਧ ਵੀ ਸੋਧਕ ਕਮੇਟੀ ਵਲੋਂ ਹੀ ਕੀਤੀ ਗਈ ਸੀ।

4. ਇਤਿਹਾਸਕਾਰਾਂ ਵਲੋਂ ਇਹ ਜ਼ਿਕਰ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਆਰਾ ਸੰਪਾਦਨਾ ਕੀਤੀ, ਕੀ ਕੋਈ ਅਜਿਹਾ ਇਤਿਹਾਸਕ ਪ੍ਰਮਾਣ ਪੇਸ਼ ਕੀਤਾ ਜਾ ਸਕਦਾ ਹੈ ਕਿ ਗੁਰੂ ਜੀ ਨੇ ਆਪਣਾ ਦਸਮ ਗ੍ਰੰਥ ਕਦੋਂ ਤੇ ਕਿਥੇ ਲਿਖਿਆ? ਕੀ ਇਹ ਤੱਥ ਸਹੀ ਨਹੀਂ ਹਨ ਕਿ ਬਚਿੱਤਰ ਨਾਟਕ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਤੋਂ ਘੱਟੋ-ਘੱਟ 30 ਸਾਲ (1740 ਵਿੱਚ) ਬਾਅਦ ਹੋਂਦ ਵਿੱਚ ਆਇਆ ਸੀ? ਜਿਸਨੂੰ 1897 ਵਿੱਚ ਸੋਧਕ ਕਮੇਟੀ ਨੇ ਮੌਜੂਦਾ ਰੂਪ ਦਿੱਤਾ ਸੀ।

5. ਤਕਰੀਬਨ ਸਾਰੇ ਇਤਿਹਾਸਕਾਰਾਂ ਵਲੋਂ ਇਹ ਮੰਨਿਆ ਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹਜੂਰ ਸਾਹਿਬ ਵਿਖੇ ਆਪਣੇ ਆਖਰੀ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਬਖਸ਼ੀ ਸੀ। ਕੀ ਅਜਿਹਾ ਕੋਈ ਇਤਿਹਾਸਕ ਤੱਥ ਪੇਸ਼ ਕੀਤਾ ਜਾ ਸਕਦਾ ਹੈ, ਜਿਸ ਤੋਂ ਇਹ ਸਾਬਿਤ ਹੋਵੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਜਗ੍ਹਾ ਅਜਿਹਾ ਕਿਹਾ ਹੋਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਮੇਰਾ ਇੱਕ ਵੱਖਰਾ ਦਸਮ ਗ੍ਰੰਥ ਵੀ ਹੈ?

6. ਕਈ ਦਸਮ ਗ੍ਰੰਥ ਦੇ ਹਮਾਇਤੀਆਂ ਨੂੰ ਜਦੋਂ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਜੇ ਕਹਿੰਦੇ ਹੋ ਕਿ ਸਾਰਾ ਦਸਮ ਗ੍ਰੰਥ ਗੁਰੂ ਜੀ ਦੀ ਰਚਨਾ ਹੈ ਤਾਂ ਫਿਰ ਤੁਸੀਂ ਸੰਗਤ ਵਿੱਚ ਤ੍ਰਿਯਾ ਚਰਿਤਰ ਦੀ ਕਥਾ ਕਰੋ, ਤਾਂ ਉਹ ਕਹਿੰਦੇ ਹਨ ਕਿ ਇਸਦੀ ਕਥਾ ਸੰਗਤ ਵਿੱਚ ਨਹੀਂ ਹੋ ਸਕਦੀ। ਕੀ ਕੋਈ ਅਜਿਹਾ ਇਤਿਹਾਸਕ ਪ੍ਰਮਾਣ ਪੇਸ਼ ਕੀਤਾ ਜਾ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਤੇ ਕਿਹਾ ਹੋਵੇ ਕਿ ਦਸਮ ਗ੍ਰੰਥ ਦੇ ਤ੍ਰਿਯਾ ਚਰਿਤਰ ਵਾਲਾ ਭਾਗ ਸਿੱਖ ਬਾਕੀ ਪਰਿਵਾਰ ਤੋਂ ਚੋਰੀਂ ਪੜ੍ਹਿਆ ਕਰਨ?

7. ਕਈ ਵਿਅਕਤੀ ਇਹ ਵੀ ਕਹਿੰਦੇ ਹਨ ਕਿ ਦਸਮ ਗ੍ਰੰਥ ਦੀਆਂ ਬਹੁਤ ਸਾਰੀਆਂ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂ ਧਰਮ ਦੇ ਗ੍ਰੰਥਾਂ ਤੋਂ ਪੰਜਾਬੀ ਵਿੱਚ ਉਲੱਥਾ ਕਰਵਾਈਆਂ ਸਨ ਤਾਂ ਕਿ ਸਿੱਖਾਂ ਨੂੰ ਹਿੰਦੂ ਮਿਥਿਹਾਸ ਬਾਰੇ ਜਾਣਕਾਰੀ ਮਿਲ ਸਕੇ। ਜੇ ਉਨ੍ਹਾਂ ਦਾ ਕਿਹਾ ਸਹੀ ਹੈ ਤਾਂ ਕੀ ਕਿਸੇ ਲੇਖਕ ਦੀ ਰਚਨਾ ਦਾ ਉਲੱਥਾ ਕਰਨ ਵਾਲਾ ਉਸਦਾ ਮੌਲਿਕ ਲੇਖਕ ਬਣ ਜਾਂਦਾ ਹੈ? ਕੀ ਕਿਸੇ ਦੀ ਰਚਨਾ ਦਾ ਉਲੱਥਾ ਕਰਕੇ ਅਸਲ ਲਿਖਾਰੀ ਤੇ ਅਸਲ ਗ੍ਰੰਥ ਦਾ ਨਾਮ ਨਾ ਲਿਖ ਕੇ ਆਪਣਾ ਨਾਮ ਲਿਖ ਲੈਣਾ ਇਖਲਾਕੀ ਤੇ ਕਨੂੰਨੀ ਬੇਈਮਾਨੀ ਨਹੀਂ?

8. ਦਸਮ ਗ੍ਰੰਥ ਵਿੱਚ ਜਦੋਂ ਕੋਈ ਰਚਨਾ ਸ਼ੁਰੂ ਹੁੰਦੀ ਹੈ, ਉਸ ਉੱਪਰ ਅੱਜ ਕੱਲ਼ ਇਹ ਲਿਖਿਆ ਮਿਲਦਾ ਹੈ: ਵਾਹਿਗੁਰੂ ਜੀ ਕੀ ਫਤਹਿ, ਕੀ ਇਹ ਸੱਚ ਨਹੀਂ ਕਿ ਪੁਰਾਤਨ ਹੱਥ ਲਿਖਤ ਬੀੜਾਂ ਵਿੱਚ ਅਜਿਹਾ ਨਹੀਂ ਸੀ ਤੇ ਛਾਪੇਖਾਨੇ ਵਾਲੀਆਂ ਬੀੜਾਂ ਛਾਪਣ ਵੇਲੇ ਵਾਹਿਗੁਰੂ ਜੀ ਕੀ ਫਤਹਿ ਵਾਲੀ ਲਾਈਨ ਇਹ ਭੁਲੇਖਾ ਪਾਉਣ ਲਈ ਲਿਖੀ ਗਈ ਤਾਂ ਕਿ ਅਣਜਾਣ ਪਾਠਕ ਇਹ ਸਮਝਣ ਕਿ ਸਚਮੁੱਚ ਹੀ ਇਹ ਰਚਨਾਵਾਂ ਗੁਰੂ ਜੀ ਦੀਆਂ ਹਨ? ਗੁਰੂ ਗ੍ਰੰਥ ਸਾਹਿਬ ਦੀ ਹਰ ਬਾਣੀ ਦੇ ਉਪਰ ਗੁਰੂ ਅਰਜਨ ਸਾਹਿਬ ਨੇ ਇੱਕ ਰੱਬ ਦੇ ਸਿਧਾਂਤ ਨੂੰ ਸਪੱਸ਼ਟ ਕਰਨ ਲਈ ੴ ਤੋਂ ਗੁਰਪ੍ਰਸਾਦਿ ਸ਼ਬਦ ਵੱਖ-ਵੱਖ ਰੂਪਾਂ ਵਿੱਚ ਲਿਖਿਆ ਹੈ, ਫਿਰ ਦਸਮ ਗ੍ਰੰਥ ਵਿੱਚ ਇਹ ਸਿਧਾਂਤ ਗੁਰੂ ਗੋਬਿੰਦ ਸਿੰਘ ਜੀ ਕਿਵੇਂ ਤੋੜ ਸਕਦੇ ਸਨ?

9. ਜੇ ਦਸਮ ਗ੍ਰੰਥ ਦੀਆਂ ਸਾਰੀਆਂ ਰਚਨਾਵਾਂ ਗੁਰੂ ਜੀ ਦੀਆਂ ਹਨ ਤਾਂ ਫਿਰ ਉਹ ਕਿਹੜੇ ਕਾਰਨ ਸਨ ਕਿ ਗੁਰੂ ਜੀ ਨੇ ਮਿਥਿਹਾਸਕ ਦੇਵੀ-ਦੇਵਤਿਆਂ, ਅਵਤਾਰਾਂ, ਦੈਤਾਂ, ਦੁਸ਼ਟਾਂ, ਵਿਭਚਾਰੀ ਔਰਤਾਂ ਆਦਿ ਦੇ ਜੀਵਨ ਬਿਰਤਾਂਤ ਤਾਂ ਸੈਂਕੜੇ ਸਫਿਆਂ ਤੇ ਲਿਖ ਦਿੱਤੇ, ਪਰ ਆਪਣੇ ਜਾਨ ਤੋਂ ਪਿਆਰੇ ਸਿੰਘਾਂ (ਜੋ ਕਿ ਗੁਰੂ ਦੇ ਇੱਕ ਹੁਕਮ ਤੋਂ ਜਾਨ ਵਾਰਨ ਲਈ ਤਿਆਰ ਸਨ) `ਚੋਂ ਕਿਸੇ ਇੱਕ ਬਾਰੇ ਵੀ ਇੱਕ ਸਤਰ ਤੱਕ ਨਹੀਂ ਲਿਖੀ। ਨਾ ਹੀ ਉਨ੍ਹਾਂ ਪੀਰ ਬੁਧੂ ਸ਼ਾਹ ਵਰਗੇ ਆਪਣੇ ਮੁਰੀਦਾਂ ਦਾ ਜਿਕਰ ਕੀਤਾ, ਜਿਨ੍ਹਾਂ ਨੇ ਮੁਸਲਮਾਨ ਪੀਰ ਹੁੰਦਿਆਂ ਗੁਰੂ ਸਾਹਿਬ ਦਾ ਸਾਥ ਦਿੰਦਿਆਂ ਆਪਣੇ ਪੁੱਤਰ ਹੱਸ-ਹੱਸ ਸ਼ਹੀਦ ਕਰਾ ਲਏ, ਨਾ ਭਾਈ ਬਚਿਤਰ ਸਿੰਘ ਵਰਗੇ ਯੋਧਿਆਂ ਦਾ ਕਿਤੇ ਜ਼ਿਕਰ ਆਇਆ, ਨਾ ਭਾਈ ਕਨ੍ਹਈਆ ਜੀ ਵਰਗੇ ਸੇਵਾਦਾਰਾਂ ਦਾ ਜ਼ਿਕਰ ਕੀਤਾ, ਨਾ ਭਾਈ ਨੰਦ ਲਾਲ ਜੀ ਵਰਗੇ ਮਹਾਨ ਸਿੱਖ ਕਵੀ ਦਾ ਜ਼ਿਕਰ ਹੈ, ਇਥੋਂ ਤੱਕ ਕਿ ਚਾਰ ਸਾਹਿਬਜਾਦਿਆਂ ਦੀ ਲਾਸਾਨੀ ਸ਼ਹੀਦੀ ਤੇ ਮਾਤਾ ਗੁਜ਼ਰੀ ਜੀ ਦੀ ਸ਼ਹਾਦਤ ਦਾ ਕਿਤੇ ਜ਼ਿਕਰ ਨਹੀਂ ਆਇਆ? ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਜੇ ਕੁੱਝ ਲਾਈਨਾਂ ਹਨ ਤਾਂ ਉਨ੍ਹਾਂ ਦੀ ਧਰਮ ਦੀ ਆਜ਼ਾਦੀ ਤੇ ਮਨੁੱਖਤਾ ਲਈ ਦਿੱਤੀ ਸ਼ਹੀਦੀ ਨੂੰ ਹਿੰਦੂਆਂ ਦੇ ਜਨੇਊ (ਤਿਲਕ ਜੰਝੂ ਰਾਖਾ ਪ੍ਰਭ ਤਾਕਾ) ਨਾਲ ਜੋੜ ਕੇ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹੀਦੀ ਨੂੰ ਛੋਟਾ ਕਰਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਦੂਜੇ ਪਾਸੇ ਗੁਰੂ ਤੇਗ ਬਹਾਦਰ ਜੀ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦਾ ਜ਼ਿਕਰ ਕਰਨਾ ਤਾਂ ਗੁਰੂ ਜੀ ਨੂੰ ਯਾਦ ਹੀ ਨਹੀਂ ਰਿਹਾ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕੋਈ ਜ਼ਿਕਰ ਨਹੀਂ। ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਸਮੇਂ ਵਿੱਚ ਅਨੇਕਾਂ ਯੁੱਧ ਲੜੇ ਤੇ ਜਿੱਤੇ, ਹਜ਼ਾਰਾਂ ਸਿੱਖਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ, ਗੁਰੂ ਜੀ ਉਨ੍ਹਾਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਨਕਾਰ ਕੇ ਦੇਵੀ-ਦੇਵਤਿਆਂ, ਦੈਂਤਾਂ, ਰਾਖਸ਼ਾਂ ਆਦਿ ਦੀਆਂ ਕਥਾ ਕਹਾਣੀਆਂ ਨਾਲ ਸੈਂਕੜੇ ਸਫੇ ਭਰ ਦਿੰਦੇ ਹਨ, ਵਿਭਚਾਰੀ ਔਰਤਾਂ ਦੀਆਂ ਕਹਾਣੀਆਂ ਨਾਲ ਅੱਧਾ ਦਸਮ ਗ੍ਰੰਥ ਭਰਾ ਦਿੰਦੇ ਹਨ? ਪਰ ਸਿੱਖਾਂ ਦੀਆਂ ਕੁਰਬਾਨੀਆਂ ਦਾ ਉਨ੍ਹਾਂ ਨੂੰ ਚਿੱਤ ਚੇਤਾ ਹੀ ਨਹੀਂ?

10. ਦਸਮ ਗ੍ਰੰਥ ਵਿੱਚ ਹਿੰਦੂ ਮਿਥਿਹਾਸ ਨਾਲ ਸਬੰਧਤ ਹਜ਼ਾਰਾਂ ਕਥਾ ਕਹਾਣੀਆਂ ਦਾ ਜ਼ਿਕਰ ਮਿਲਦਾ ਹੈ, ਫਿਰ ਅਜਿਹੇ ਕਿਹੜੇ ਕਾਰਨ ਸਨ ਕਿ ਗੁਰੂ ਜੀ ਨੇ ਆਪਣੇ ਜੀਵਨ ਦੀ ਹੀ ਨਹੀਂ, ਸਾਰੇ ਗੁਰ ਇਤਿਹਾਸ ਦੀ ਉਸ ਮਹਾਨ ਘਟਨਾ ਦਾ ਕਿਤੇ ਨਾ ਵੀ ਨਹੀਂ ਲਿਆ, ਜਦੋਂ ਉਨ੍ਹਾਂ ਨੇ ਆਪਣੇ ਖਾਸ ਰੂਪ ਖਾਲਸੇ ਦੀ 1699 ਵਿੱਚ ਸਾਜਨਾ ਕੀਤੀ ਸੀ?

11.ਦਸਮ ਗ੍ਰੰਥ ਦੇ ਹਮਾਇਤੀ ਅਕਸਰ ਅਜਿਹਾ ਪ੍ਰਚਾਰ ਕਰਦੇ ਹਨ ਕਿ ਜੇ ਦਸਮ ਗ੍ਰੰਥ ਰੱਦ ਹੋ ਗਿਆ ਤਾਂ ਅੰਮ੍ਰਿਤ ਸੰਸਕਾਰ ਦਾ ਕੀ ਬਣੇਗਾ? ਪਰ ਉਹ ਇਹ ਨਹੀਂ ਦੱਸਦੇ ਕਿ ਦਸਮ ਗ੍ਰੰਥ ਦਾ ਉਹ ਕਿਹੜਾ ਪੰਨਾ ਹੈ, ਜਿਸ ਉਪਰ ਅੰਮ੍ਰਿਤ (ਖੰਡੇ ਦੀ ਪਾਹੁਲ) ਛਕਾਉਣ ਦੀ ਮਰਿਯਾਦਾ ਲਿਖੀ ਹੋਈ ਹੈ, ਜੋ ਦਸਮ ਗ੍ਰੰਥ ਦੀ ਖੰਡਨਾ ਨਾਲ ਭੰਗ ਹੋ ਜਾਵੇਗੀ? ਅੱਜ ਦੀ ਪ੍ਰਚਲਤ ਮਰਿਯਾਦਾ ਅਨੁਸਾਰ ਖੰਡੇ ਦੀ ਪਾਹੁਲ ਛਕਣ ਨਾਲ ਵਿਅਕਤੀ ਸਿੱਖ ਧਰਮ ਵਿੱਚ ਪ੍ਰਵੇਸ਼ ਕਰਦਾ ਹੈ, ਫਿਰ ਕੀ ਕਾਰਨ ਸੀ ਕਿ ਜਿਸ ਮਰਿਯਾਦਾ ਨਾਲ ਕਿਸੇ ਵਿਅਕਤੀ ਨੂੰ ਸਿੱਖ ਬਣਾਇਆ ਜਾਣਾ ਸੀ, ਉਸ ਬਾਰੇ ਤਾਂ ਦਸਮ ਗ੍ਰੰਥ ਵਿੱਚ ਇੱਕ ਅੱਖਰ ਵੀ ਲਿਖਿਆ ਨਹੀਂ ਮਿਲਦਾ, ਪਰ ਵਿਭਚਾਰੀ ਔਰਤਾਂ ਦੇ ਕੁਕਰਮਾਂ ਦੇ ਕਿੱਸਿਆਂ ਨਾਲ 500 ਤੋਂ ਵੱਧ ਸਫੇ ਭਰੇ ਪਏ ਹਨ?

12.ਦਸਮ ਗ੍ਰੰਥ ਦੇ ਹਮਾਇਤੀ ਇਹ ਵੀ ਪ੍ਰਚਾਰ ਕਰਦੇ ਹਨ ਕਿ ਗੁਰੂ ਜੀ ਨੇ ਸਿੱਖ ਨੂੰ ਸੰਤ-ਸਿਪਾਹੀ ਬਣਾਇਆ ਸੀ, ਇਸ ਲਈ ਗੁਰੂ ਗ੍ਰੰਥ ਸਾਹਿਬ ਮਨੁੱਖ ਨੂੰ ਸੰਤ ਬਣਾਉਂਦਾ ਹੈ ਤੇ ਦਸਮ ਗ੍ਰੰਥ ਮਨੁੱਖ ਨੂੰ ਸਿਪਾਹੀ ਬਣਾਉਂਦਾ ਹੈ। ਪਰ ਉਹ ਸ਼ਾਇਦ ਗੁਰ ਇਤਿਹਾਸ ਨੂੰ ਭੁੱਲ ਗਏ ਹਨ ਕਿ ਗੁਰੂ ਨਾਨਕ ਸਾਹਿਬ ਤੋਂ ਵੱਡਾ ਸੂਰਬੀਰ ਕੌਣ ਸੀ, ਜਿਹੜਾ ਬਿਨਾਂ ਹਥਿਆਰਾਂ ਤੋਂ ਬਾਬਰ ਵਰਗੇ ਜ਼ਾਲਮ ਨੂੰ ਜ਼ਾਬਰ ਕਹਿਣ ਦੀ ਹਿੰਮਤ ਰੱਖਦਾ ਸੀ। ਫਿਰ ਉਹ ਫੌਜਾਂ ਜਿਨ੍ਹਾਂ ਨਾਲ ਗੁਰੂ ਹਰਿਗੋਬਿੰਦ ਸਾਹਿਬ ਨੇ ਯੁੱਧ ਲੜੇ ਤੇ ਜਿੱਤੇ, ਕਿਹੜੇ ਦਸਮ ਗ੍ਰੰਥ ਨੂੰ ਪੜ੍ਹ ਕੇ ਸਿਪਾਹੀ ਬਣੇ ਸਨ? ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਤੇ ਉਨ੍ਹਾਂ ਨਾਲ ਤਿੰਨ ਸਿੱਖਾਂ ਵਲੋਂ ਸੂਰਬੀਰਤਾ ਨਾਲ ਦਿੱਤੀ ਸ਼ਹੀਦੀ, ਭਲਾ ਕਿਹੜੇ ਦਸਮ ਗ੍ਰੰਥ ਪੜ੍ਹ ਕੇ ਹੋਈ ਸੀ? ਇਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੇ ਜੀਵਨ ਦੇ ਸਾਰੇ ਯੁੱਧ ਇਸ ਗ੍ਰੰਥ ਤੋਂ ਬਿਨਾਂ ਹੀ ਜਿੱਤੇ ਸਨ ਕਿਉਂਕਿ ਉਨ੍ਹਾਂ ਦੇ ਜੀਵਨ ਕਾਲ ਵਿੱਚ ਇਸ ਗ੍ਰੰਥ ਦੇ ਸੰਪਾਦਿਤ ਹੋਣ ਬਾਰੇ ਕੋਈ ਇਤਿਹਾਸਕ ਪ੍ਰਮਾਣ ਨਹੀਂ ਮਿਲਦਾ? ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਜਿਸ ਬਹਾਦਰੀ ਭਰੇ ਢੰਗ ਨਾਲ ਲੜਾਈ ਲੜ ਕੇ ਨਾ ਸਿਰਫ ਪੰਜਾਬ ਵਿਚੋਂ ਮੁਗਲੀਆ ਹਕੂਮਤ ਦਾ ਸਫਾਇਆ ਕੀਤਾ, ਸਗੋਂ ਪਹਿਲਾ ਸਿੱਖ ਰਾਜ ਵੀ ਸਥਾਪਿਤ ਕੀਤਾ ਤੇ ਬਾਅਦ ਵਿੱਚ ਉਸੇ ਸੂਰਬੀਰਤਾ ਨਾਲ ਸ਼ਹਾਦਤ ਦਾ ਜਾਮ ਪੀਤਾ, ਉਨ੍ਹਾਂ ਹਜ਼ਾਰਾਂ ਸਿੱਖਾਂ ਵਿਚੋਂ ਕਿਸ ਨੇ ਤੇ ਕਦੋਂ ਸਿਪਾਹੀ ਬਣਨ ਲਈ ਦਸਮ ਗ੍ਰੰਥ ਪੜ੍ਹਿਆ ਸੀ? 18ਵੀਂ ਸਦੀ ਵਿੱਚ ਸਿੱਖ ਤਕਰੀਬਨ 100 ਸਾਲ ਦੇ ਕਰੀਬ ਲੜਦੇ ਰਹੇ, ਉਨ੍ਹਾਂ ਨੂੰ ਦਸਮ ਗ੍ਰੰਥ ਤੇ ਦੂਰ ਗੁਰੂ ਗ੍ਰੰਥ ਸਾਹਿਬ ਪੜ੍ਹਨ ਦਾ ਮੌਕਾ ਵੀ ਨਹੀਂ ਮਿਲਿਆ? ਉਨ੍ਹਾਂ ਨੇ 18ਵੀਂ ਸਦੀ ਵਿੱਚ ਸੂਰਬੀਰਤਾ ਦੇ ਜੋ ਕਾਰਨਾਮੇ ਕੀਤੇ, ਸਿੱਖ ਅੱਜ ਵੀ ਉਸ ਤੇ ਫਖਰ ਮਹਿਸੂਸ ਕਰਦੇ ਹਨ, ਪਰ ਇਤਿਹਾਸ ਵਿੱਚ ਕੋਈ ਅਜਿਹਾ ਪ੍ਰਮਾਣ ਨਹੀਂ ਮਿਲਦਾ ਕਿ ਸਿੱਖਾਂ ਨੂੰ ਸਿਪਾਹੀ ਬਣਾਉਣ ਲਈ ਪਹਿਲਾਂ ਦਸਮ ਗ੍ਰੰਥ ਪੜ੍ਹਾਇਆ ਜਾਂਦਾ ਸੀ, ਉਸਦੀ ਸੰਥਿਆ ਦਿੱਤੀ ਜਾਂਦੀ ਸੀ ਜਾਂ ਉਸਦੇ ਅਖੰਡ ਪਾਠ ਕੀਤੇ ਜਾਦੇ ਸਨ? 95% ਤੋਂ ਵੱਧ ਸਿੱਖਾਂ ਨੇ ਤੇ ਅੱਜ ਵੀ ਦਸਮ ਗ੍ਰੰਥ ਦੇ ਦਰਸ਼ਨ ਨਹੀਂ ਕੀਤੇ ਹਨ? ਫਿਰ ਕਿਸ ਅਧਾਰ 'ਤੇ ਦਸਮ ਗ੍ਰੰਥੀ ਵਿਦਵਾਨ ਅਜਿਹੇ ਨਿਰਮੂਲ ਦਾਅਵੇ ਕਰਦੇ ਹਨ ਕਿ ਦਸਮ ਗ੍ਰੰਥ ਸਿੱਖ ਨੂੰ ਸਿਪਾਹੀ ਬਣਾਉਣ ਲਈ ਲਿਖਿਆ ਗਿਆ ਸੀ। ਪਿਛਲੇ ਸਮੇਂ ਵਿੱਚ ਹੀ 1984 ਤੋਂ ਬਾਅਦ ਵਿੱਚ ਚੱਲੇ ਹਥਿਆਰਬੰਦ ਸੰਘਰਸ਼ ਵਿੱਚ ਸ਼ਹੀਦ ਹੋਣ ਵਾਲੇ ਸਿੱਖ ਨੌਜਵਾਨਾਂ ਵਿੱਚ ਸ਼ਾਇਦ ਹੀ ਕੋਈ ਹੋਵੇਗਾ, ਜਿਸਨੇ ਦਸਮ ਗ੍ਰੰਥ ਦੇ ਦਰਸ਼ਨ ਕੀਤੇ ਹੋਣਗੇ ਜਾਂ ਜੇ ਕੀਤੇ ਵੀ ਹੋਣਗੇ ਤਾਂ ਉਨ੍ਹਾਂ ਇਸ ਗ੍ਰੰਥ ਦਾ ਕਦੇ ਪਾਠ ਕੀਤਾ ਹੋਵੇਗਾ, ਫਿਰ ਉਹ ਕਿਸ ਤਰ੍ਹਾਂ ਸਿਪਾਹੀ ਬਣ ਕੇ ਸ਼ਹੀਦੀਆਂ ਪਾ ਗਏ?

13.ਦਸਮ ਗ੍ਰੰਥ ਦੇ ਹਮਾਇਤੀ ਅਜਿਹਾ ਪ੍ਰਚਾਰ ਵੀ ਕਰਦੇ ਹਨ ਕਿ ਸਿਰਫ ਪਿਛਲੇ ਕੁੱਝ ਸਾਲਾਂ ਤੋਂ ਹੀ ਦਸਮ ਗ੍ਰੰਥ ਦਾ ਵਿਰੋਧ ਸ਼ੁਰੂ ਹੋਇਆ ਹੈ, ਜਦ ਕਿ ਇਸ ਵਿੱਚ ਕੋਈ ਸਚਾਈ ਨਹੀਂ ਹੈ। ਗਿਆਨੀ ਭਾਗ ਸਿੰਘ ਵਲੋਂ 1976 ਵਿੱਚ ਦਸਮ ਗ੍ਰੰਥ ਨਿਰਣੈ ਨਾਮ ਦੀ ਕਿਤਾਬ ਲਿਖਣ ਕਰਕੇ ਉਸਨੂੰ ਪੰਥ ਵਿਚੋਂ ਛੇਕਿਆ ਗਿਆ ਸੀ। ਜੇ ਦਸਮ ਗ੍ਰੰਥ ਦਾ ਪਹਿਲਾਂ ਕੋਈ ਮਸਲਾ ਨਹੀਂ ਸੀ ਤੇ ਫਿਰ ਉਨ੍ਹਾਂ 1976 ਵਿੱਚ ਇਸਦੇ ਵਿਵਾਦ ਬਾਰੇ ਕਿਤਾਬ ਕਿਵੇਂ ਲਿਖੀ, ਜਦਕਿ ਉਹ ਖੁਦ ਸਿੱਖ ਵਿਦਵਾਨ ਤੇ ਪ੍ਰਚਾਰਕ ਸਨ। ਜੇ ਕੋਈ ਮਸਲਾ ਨਹੀਂ ਸੀ ਤੇ ਫਿਰ ਉਸਨੂੰ ਪੰਥ ਵਿਚੋਂ ਝੱਟਪਟ ਛੇਕਣ ਦੀ ਕੀ ਲੋੜ ਪੈ ਗਈ ਸੀ? ਸਿੱਖ ਪੰਥ ਨੇ ਦਸਮ ਗ੍ਰੰਥ ਨੂੰ ਕਦੇ ਮਾਨਤਾ ਨਹੀਂ ਦਿੱਤੀ, ਇਸਦੀ ਮਿਸਾਲ ਇਥੋਂ ਮਿਲਦੀ ਹੈ ਕਿ 1942 ਵਿੱਚ ਕੁੱਝ ਦਸਮ ਗ੍ਰੰਥ ਦੇ ਹਮਾਇਤੀਆਂ ਨੇ ਅਕਾਲ ਤਕਤ ਸਾਹਿਬ ਤੇ ਦਸਮ ਗ੍ਰੰਥ ਦਾ ਅਖੰਡ ਪਾਠ ਰੱਖਣ ਦਾ ਐਲਾਨ ਕੀਤਾ ਸੀ ਤਾਂ ਸ਼੍ਰੋਮਣੀ ਕਮੇਟੀ ਦੇ ਉਸ ਵਕਤ ਦੇ ਪ੍ਰਧਾਨ ਭਾਈ ਮੋਹਣ ਸਿੰਘ ਨਾਗੋਕੇ ਨੇ ਹੁਕਮ ਜਾਰੀ ਕਰਕੇ ਇਸਨੂੰ ਨਾ ਸਿਰਫ ਰੋਕਿਆ ਸੀ, ਸਗੋਂ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨਾ ਵੀ ਰੋਕ ਦਿੱਤਾ ਸੀ। ਇਹ ਵੀ ਵਰਨਯਯੋਗ ਹੈ ਕਿ ਪੰਥ ਵਲੋਂ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਵਿੱਚ ਦਸਮ ਗ੍ਰੰਥ ਦਾ ਕਿਤੇ ਵੀ ਜ਼ਿਕਰ ਨਹੀਂ ਮਿਲਦਾ, ਜਿਸ ਤੋਂ ਪਤਾ ਲਗਦਾ ਹੈ ਕਿ ਇਸ ਗ੍ਰੰਥ ਨੂੰ ਪੰਥ ਵਲੋਂ ਕਦੇ ਕੋਈ ਅਹਿਮੀਅਤ ਨਹੀਂ ਦਿੱਤੀ। ਇਥੋਂ ਤੱਕ ਕਿ ਰਹਿਤ ਮਰਿਯਾਦਾ ਵਿੱਚ ਕੀਰਤਨ ਹੈਡਿੰਗ ਹੇਠ ਜਿਨ੍ਹਾਂ ਬਾਣੀਆਂ ਦਾ ਗੁਰਦੁਆਰਿਆਂ ਵਿੱਚ ਕੀਰਤਾਨ ਦੀ ਹਦਾਇਤ ਹੈ, ਉਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ ਜੀ ਦੀ ਵਾਰਾਂ ਤੇ ਭਾਈ ਨੰਦ ਲਾਲ ਜੀ ਦੀਆਂ ਗ਼ਜ਼ਲਾਂ ਬਾਰੇ ਸਪੱਸ਼ਟ ਲਿਖਿਆ ਹੈ, ਪਰ ਦਸਮ ਗ੍ਰੰਥ ਬਾਰੇ ਕਿਤੇ ਜ਼ਿਕਰ ਨਹੀਂ ਕਿ ਉਸ ਦੀਆਂ ਰਚਨਾਵਾਂ ਦਾ ਕੀਰਤਨ ਹੋ ਸਕਦਾ ਹੈ? ਫਿਰ ਕੀ ਅੱਜ ਸਾਡੇ ਬਹੁਤ ਸਾਰੇ ਰਾਗੀ ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਕੀਰਤਨ ਕਰਕੇ ਮਰਿਯਾਦਾ ਦੀ ਉਲੰਘਣਾ ਨਹੀਂ ਕਰ ਰਹੇ?

14. ਦਸਮ ਗ੍ਰੰਥ ਦੇ ਵਿਦਵਾਨ ਅਜਿਹੇ ਨਿਰਮੂਲ ਦਾਅਵੇ ਵੀ ਕਰਦੇ ਹਨ ਕਿ ਗੁਰੂ ਸਾਹਿਬ ਨੇ ਬਹੁਤ ਸਾਰੇ ਹਿੰਦੂ ਗ੍ਰੰਥਾਂ ਦੇ ਉਲੱਥੇ ਕੀਤੇ ਸਨ ਤਾਂ ਕਿ ਸਿੱਖਾਂ ਨੂੰ ਉਨ੍ਹਾਂ ਗ੍ਰੰਥਾਂ ਬਾਰੇ ਜਾਣਕਾਰੀ ਹੋ ਸਕੇ। ਅਜਿਹਾ ਵੀ ਪ੍ਰਚਾਰ ਕੀਤਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਪੰਜ ਸਿੱਖਾਂ ਨੂੰ ਕਾਂਸ਼ੀ ਹਿੰਦੂ ਗ੍ਰੰਥ ਪੜ੍ਹਨ ਲਈ ਭੇਜਿਆ ਸੀ, ਜੋ ਕਿ ਬਾਅਦ ਵਿੱਚ ਨਿਰਮਲਿਆਂ ਦੇ ਰੂਪ ਵਿੱਚ ਵਾਪਿਸ ਆਏ ਸਨ। ਜੇ ਇਨ੍ਹਾਂ ਗੱਲਾਂ ਨੂੰ ਸੱਚ ਮੰਨ ਲਿਆ ਜਾਵੇ ਕਿ ਗੁਰੂ ਗੋਬਿੰਦ ਸਿੰਘ ਜੀ ਚਾਹੁੰਦੇ ਸਨ ਕਿ ਸਿੱਖ ਹਿੰਦੂਆਂ ਦੇ ਗ੍ਰੰਥ ਪੜ੍ਹਨ ਤਾਂ ਕੀ ਗੁਰੂ ਸਾਹਿਬ ਨੇ ਜਿਸ ਗ੍ਰੰਥ ਨੂੰ ਗੁਰਤਾ ਗੱਦੀ ਦਿੱਤੀ ਸੀ, ਉਸਦੇ ਇਹ ਸ਼ਬਦ ਨਹੀਂ ਪੜ੍ਹੇ ਸਨ:

ਨਾ ਹਮ ਹਿੰਦੂ ਨਾ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥ (ਪੰਨਾ 1136)
ਪੰਡਿਤ ਮੁੱਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨਾ ਲੀਆ॥ (ਪੰਨਾ 1159)
ਹਮਰਾ ਝਗਰਾ ਰਹਾ ਨਾ ਕੋਊ॥ ਪੰਡਿਤ ਮੁਲਾਂ ਛਾਡੇ ਦੋਊ॥ (ਪੰਨਾ 1158)

ਜੇ ਪੜ੍ਹੇ ਸਨ ਤਾਂ ਫਿਰ ਜਿਨ੍ਹਾਂ ਨੂੰ ਛੱਡ ਹੀ ਦਿੱਤਾ, ਉਨ੍ਹਾਂ ਦੇ ਉਲੱਥੇ ਕਰਕੇ ਸਮਾਂ ਕਿਉਂ ਬਰਬਾਦ ਕਰਨਾ ਸੀ? ਦੂਜਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਧਰਮਾਂ ਜਿਵੇਂ ਇਸਲਾਮ, ਬੁੱਧ ਧਰਮ, ਜੈਨ ਧਰਮ ਆਦਿ ਬਾਰੇ ਵੀ ਬਹੁਤ ਕੁੱਝ ਲਿਖਿਆ ਮਿਲਦਾ ਹੈ ਤਾਂ ਫਿਰ ਸਿਰਫ ਬ੍ਰਾਹਮਣਾਂ ਦੇ ਗ੍ਰੰਥਾਂ ਨੂੰ ਹੀ ਪੜ੍ਹਨ ਦੀ ਕਿਉਂ ਲੋੜ ਸੀ? ਦੂਜੇ ਧਰਮਾਂ ਦੇ ਗ੍ਰੰਥਾਂ ਦੇ ਉਲੱਥੇ ਕਿਉਂ ਨਹੀਂ ਕੀਤੇ ਗਏ? ਦੂਜੇ ਧਰਮਾਂ ਦੀ ਸਟੱਡੀ ਕਰਨ ਲਈ ਸਿੱਖਾਂ ਨੂੰ ਉਨ੍ਹਾਂ ਦੇ ਕੇਂਦਰੀ ਸਥਾਨਾਂ ਤੇ ਕਿਉਂ ਨਹੀਂ ਭੇਜਿਆ ਗਿਆ? ਜੇ ਗੁਰੂ ਨਾਨਕ ਸਾਹਿਬ ਤੋਂ ਗੁਰੂ ਤੇਗ ਬਹਾਦਰ ਜੀ ਤੱਕ ਸਿੱਖੀ ਇਨ੍ਹਾਂ ਗ੍ਰੰਥਾਂ ਤੋਂ ਬਿਨਾਂ ਚੱਲ ਸਕਦੀ ਸੀ ਤਾਂ ਫਿਰ ਦਸਵੇਂ ਗੁਰੂ ਜੀ ਵੇਲੇ ਅਜਿਹੀ ਕਿਹੜੀ ਲੋੜ ਪੈ ਗਈ ਸੀ ਕਿ 5 ਸਿੱਖਾਂ ਨੂੰ ਕਾਂਸ਼ੀ ਭੇਜਣਾ ਪਿਆ।

15. ਪਹਿਲੇ 9 ਗੁਰੂ ਸਾਹਿਬਾਨ ਦਾ ਜੀਵਨ ਇਸ ਗੱਲ ਦਾ ਗਵਾਹ ਹੈ ਕਿ ਉਨ੍ਹਾਂ ਆਪਣੀ ਬਾਣੀ ਜਾਂ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਰਾਹੀਂ ਹੀ ਸਿੱਖੀ ਦਾ ਪ੍ਰਚਾਰ ਕੀਤਾ, ਪਰ ਆਪਣੇ ਨਿੱਜੀ ਜੀਵਨ ਨੂੰ ਕੋਈ ਤਰਜ਼ੀਹ ਨਹੀਂ ਦਿੱਤੀ। ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਅਜਿਹੀ ਕਿਹੜੀ ਲੋੜ ਸੀ ਕਿ ਉਨ੍ਹਾਂ ਨੂੰ ਆਪਣੀ ਜੀਵਨ ਕਥਾ ਲਿਖਣੀ ਪਈ? ਫਿਰ ਜੀਵਨ ਕਥਾ ਵੀ ਇਸ ਜਨਮ ਦੀ ਨਹੀਂ, ਜਿਸ ਜਨਮ ਵਿੱਚ ਉਹ ਗੁਰੂ ਸਨ, ਸਗੋਂ ਉਸ ਪਿਛਲੇ ਜਨਮ ਦੀ, ਜਿਸ ਜਨਮ ਵਿੱਚ ਉਹ ਬ੍ਰਾਹਮਣ ਸਨ? ਫਿਰ ਆਪਣੀ ਕਥਾ (ਬਚਿੱਤਰ ਨਾਟਕ) ਵਿੱਚ ਕਹਿੰਦੇ ਹਨ ਕਿ ਮੈਂ ਹੇਮਕੁੰਟ ਪਰਬਤ ਤੇ ਤਪ ਕਰਦਾ ਸੀ ਤੇ ਮੈਨੂੰ ਰੱਬ ਜੀ ਨੇ ਆਪ ਬੁਲਾ ਕੇ ਮਾਤਲੋਕ ਵਿੱਚ ਜਾਣ ਲਈ ਹੁਕਮ ਕੀਤਾ, ਜਦਕਿ ਸਭ ਨੂੰ ਪਤਾ ਹੈ ਕਿ ਅੱਜ ਵਾਲਾ ਹੇਮਕੁੰਟ ਤਾਂ ਆਨੰਦਪੁਰ ਸਾਹਿਬ ਤੋਂ ਕੁੱਝ ਦੂਰੀ ਤੇ ਹੀ ਹੈ ਤੇ ਦੋਨੋ ਸਥਾਨ ਮਾਤਲੋਕ (ਇਸੇ ਧਰਤੀ ਤੇ ਹਨ)? ਕਹਾਣੀ ਮੁਤਾਬਿਕ ਤਾਂ ਹੇਮਕੁੰਟ ਕਿਸੇ ਹੋਰ ਦੁਨੀਆਂ ਵਿੱਚ ਹੋਣਾ ਸੀ, ਜਿਥੋਂ ਰੱਬ ਜੀ ਨੇ ਦੁਸ਼ਟ ਦਮਨ ਬ੍ਰਾਹਮਣ (ਗੁਰੂ ਗੋਬਿੰਦ ਸਿੰਘ ਜੀ) ਨੂੰ ਮਾਤਲੋਕ (ਇਸ ਧਰਤੀ) 'ਤੇ ਭੇਜਿਆ ਸੀ? ਇਸ ਤੋਂ ਇਹ ਵੀ ਸਪੱਸ਼ਟ ਹੈ ਕਿ ਇਨ੍ਹਾਂ ਵਲੋਂ ਬਣਾਇਆ ਹੇਮਕੁੰਟ ਬਚਿਤਰ ਨਾਟਕ ਅਨੁਸਾਰ ਹੀ ਨਕਲੀ ਸਥਾਨ ਹੈ?

16.ਬਚਿੱਤਰ ਨਾਟਕ ਅਨੁਸਾਰ ਗੁਰੂ ਨਾਨਕ ਸਾਹਿਬ ਦੇ ਬੇਦੀ ਖਾਨਦਾਨ ਤੇ ਗੁਰੂ ਰਾਮਦਾਸ ਜੀ ਦੇ ਪਰਿਵਾਰ ਨਾਲ ਸਬੰਧਤ ਸਾਰੇ 7 ਗੁਰੂ ਸੋਢੀ ਖਾਨਦਾਨ ਨਾਲ ਸਬੰਧਤ ਹੋਣ ਕਰਕੇ ਇਨ੍ਹਾਂ ਦਾ ਪਿਛੋਕੜ ਹਿੰਦੂ ਭਗਵਾਨ ਰਾਮ ਚੰਦਰ ਜੀ ਦੇ ਪੁੱਤਰਾਂ ਲਵ ਤੇ ਕੁਸ਼ ਨਾਲ ਜੁੜਦਾ ਹੈ? ਇਸੇ ਆਧਾਰ ਤੇ ਜਦੋਂ ਆਰ. ਐਸ. ਐਸ. ਨੇ ਆਪਣੇ ਪਿਆਦੇ ਗਿਆਨੀ ਪੂਰਨ ਸਿੰਘ ਰਾਹੀਂ ਇਹ ਬਿਆਨ ਦਿਵਾਇਆ ਸੀ ਕਿ ਸਿੱਖ ਲਵ ਕੁਸ਼ ਦੀ ਔਲਾਦ ਹਨ, ਤਾਂ ਫਿਰ ਸਿੱਖ ਕਿਸ ਅਧਾਰ ਤੇ ਰੌਲਾ ਪਾਉਂਦੇ ਸਨ ਕਿ ਸਿੱਖ ਹਿੰਦੂ ਨਹੀਂ ਹਨ ਤੇ ਆਰ. ਐਸ. ਐਸ. ਸਿੱਖ ਧਰਮ ਵਿੱਚ ਦਖਲ ਅੰਦਾਜੀ ਕਰ ਰਹੀ ਹੈ? ਜਿਸ ਰਾਮ ਚੰਦਰ ਨੂੰ ਹਿੰਦੂ ਇਤਿਹਾਸਕਾਰ ਵੀ ਇਤਿਹਾਸਕ ਨਹੀਂ, ਮਿਥਿਹਿਾਸਕ ਪਾਤਰ ਮੰਨਦੇ ਹਨ, ਫਿਰ ਕਿਸ ਅਧਾਰ ਤੇ ਦਸਮ ਗ੍ਰੰਥ ਦਾ ਕਰਤਾ ਗੁਰੂ ਨਾਨਕ ਸਾਹਿਬ ਤੇ ਬਾਕੀ ਗੁਰੂ ਸਾਹਿਬਾਨ ਨੂੰ ਲਵ-ਕੁਸ਼ ਦੀ ਅੰਸ਼ ਵਿਚੋਂ ਦੱਸਦਾ ਹੈ? ਕੀ ਦਸਮ ਗ੍ਰੰਥੀ ਵਿਦਵਾਨ ਲਵ-ਕੁਸ਼ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਤੱਕ ਉਨ੍ਹਾਂ ਦੇ ਸਾਰੇ ਪੂਰਵਜਾਂ ਦਾ ਫੈਮਿਲੀ ਟਰੀ ਬਣਾ ਕੇ ਪੇਸ਼ ਕਰ ਸਕਦੇ ਹਨ ਤਾਂ ਕਿ ਇਸਦੀ ਅਸਲੀਅਤ ਸਾਹਮਣੇ ਆ ਸਕੇ?

17. ਗੁਰੂ ਨਾਨਕ ਸਾਹਿਬ ਤੋਂ ਬਾਅਦ ਬਾਕੀ ਗੁਰੂ ਸਾਹਿਬਾਨ ਉਦੋਂ ਗੁਰੂ ਬਣਦੇ ਸਨ, ਜਦੋਂ ਪਹਿਲਾ ਗੁਰੂ ਅਗਲੇ ਗੁਰੂ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕਰਦਾ ਸੀ। ਗੁਰੂ ਅੰਗਦ ਦੇਵ, ਗੁਰੂ ਬਣਨ ਤੋਂ ਪਹਿਲਾਂ ਮਾਤਾ ਦੇ ਪੁਜਾਰੀ ਸਨ, ਗੁਰੂ ਅਮਰਦਾਸ ਜੀ, ਗੁਰੂ ਬਣਨ ਤੋਂ ਪਹਿਲਾਂ ਹਿੰਦੂ ਦਰਮ ਦੇ ਪ੍ਰਚਾਰਕ ਤੇ ਤੀਰਥਾਂ ਤੇ ਹਰ ਸਾਲ ਯਾਤਰਾ ਕਰਦੇ ਸਨ। ਜੇ ਗੁਰੂ ਅੰਗਦ ਦੇਵ ਜੀ, ਗੁਰੂ ਬਣਨ ਤੋਂ ਪਹਿਲਾਂ ਮਾਤਾ ਭਗਤ ਸਨ, ਤਾਂ ਕੀ ਹੁਣ ਸਿੱਖਾਂ ਨੂੰ ਵੀ ਮਾਤਾ ਭਗਤ ਬਣਨਾ ਚਾਹੀਦਾ ਹੈ? ਜੇ ਗੁਰੂ ਅਮਰਦਾਸ ਜੀ, ਗੁਰੂ ਬਣਨ ਤੋਂ ਪਹਿਲਾਂ ਹਿੰਦੂ ਤੀਰਥਾਂ ਦੀ ਯਾਤਰਾ ਕਰਦੇ ਸਨ ਤਾਂ ਕੀ ਹੁਣ ਸਿੱਖ ਉਨ੍ਹਾਂ ਸਾਰੇ ਤੀਰਥਾਂ ਤੇ ਕਬਜ਼ਾ ਕਰ ਲੈਣ? ਜੇ ਨਹੀਂ ਤਾਂ ਫਿਰ ਕਿਸ ਆਧਾਰ 'ਤੇ ਪਿਛਲੇ ਕਿਸੇ ਜਨਮ (ਅਖੌਤੀ) ਦੇ ਆਧਾਰ ਤੇ ਕਿਸੇ ਕਲਪਿਤ ਹੇਮਕੁੰਟ ਤੇ ਕਿਸੇ ਕਲਪਿਤ ਦੁਸ਼ਟ ਦਮਨ ਵਲੋਂ ਕੀਤੀ ਭਗਤੀ ਦੇ ਆਧਾਰ ਤੇ 1940 ਵਿੱਚ ਯੂਪੀ ਵਿੱਚ ਅੰਗਰੇਜ਼ੀ ਫੌਜ ਵਲੋਂ ਸਾਜ਼ਿਸ਼ ਅਧੀਨ ਭੇਜੇ ਫੌਜੀ ਸੋਹਣ ਸਿੰਘ ਰਾਹੀਂ ਬਣਾਇਆ ਹੇਮਕੁੰਟ ਗੁਰੂ ਗੋਬਿੰਦ ਸਿੰਘ ਜੀ ਦਾ ਤਪ ਅਸਥਾਨ ਮੰਨ ਲਿਆ ਜਾਵੇ? ਜਿਸ ਤਰ੍ਹਾਂ ਗੁਰੂ ਅੰਗਦ ਦੇਵ ਜੀ, ਉਸ ਦਿਨ ਤੋਂ ਸਾਡੇ ਗੁਰੂ ਹਨ, ਜਦੋਂ ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਨੂੰ ਗੁਰਤਾ ਗੱਦੀ ਦਿੱਤੀ ਸੀ, ਨਾ ਕਿ ਉਦੋਂ ਤੋਂ ਜਦੋਂ ਉਹ ਦੇਵੀ ਭਗਤ ਸਨ? ਗੁਰੂ ਅਮਰਦਾਸ ਜੀ ਉਦੋਂ ਤੋਂ ਸਾਡੇ ਗੁਰੂ ਹਨ, ਜਦੋਂ ਉਨ੍ਹਾਂ ਨੂੰ ਗੁਰੂ ਅੰਗਦ ਸਾਹਿਬ ਨੇ ਗੁਰੂ ਥਾਪਿਆ ਸੀ, ਨਾ ਕਿ ਉਦੋਂ ਤੋਂ ਜਦੋਂ ਉਹ ਹਿੰਦੂ ਤੀਰਥਾਂ ਤੇ ਭਟਕਦੇ ਫਿਰਦੇ ਸਨ? ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਵੀ ਸਾਡੇ ਗੁਰੂ ਉਦੋਂ ਤੋਂ ਹਨ, ਜਦੋਂ ਗੁਰੂ ਤੇਗ ਬਹਾਦਾਰ ਜੀ ਨੇ ਦਿੱਲੀ ਨੂੰ ਸ਼ਹੀਦੀ ਦੇਣ ਲਈ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਦਸਮਾਂ ਗੁਰੂ ਥਾਪਿਆ ਸੀ, ਨਾ ਕਿ ਜਦੋਂ ਉਹ ਕਿਸੇ ਕਲਪਿਤ ਦੁਨੀਆਂ ਵਿੱਚ, ਕਲਪਿਤ ਪਹਾੜ 'ਤੇ ਭਗਤੀ ਕਰਦੇ ਸਨ?

18. ਜਿਸ ਤਰ੍ਹਾਂ ਦਸ ਗੁਰੂ ਸਾਹਿਬਾਨ ਵਿਚੋਂ ਪਹਿਲੇ 4 ਗੁਰੂ ਸਾਹਿਬਾਨ ਨੇ ਆਪਣੀ ਬਾਣੀ ਲਿਖੀ ਤਾਂ ਉਸਨੂੰ ਗੁਰੂ ਅਰਜਨ ਸਾਹਿਬ ਨੇ ਆਪਣੀ ਬਾਣੀ ਸਮੇਤ ਆਦਿ ਬੀੜ ਵਿੱਚ ਦਰਜ ਕਰ ਦਿੱਤਾ। ਬਾਅਦ ਵਿੱਚ ਛੇਵੇਂ, ਸੱਤਵੇਂ, ਅੱਠਵੇਂ ਗੁਰੂ ਸਾਹਿਬਾਨ ਨੇ ਬਾਣੀ ਨਹੀਂ ਲਿਖੀ, ਪਰ ਜਦੋਂ ਨੌਵੇਂ ਗੁਰੂ ਸਾਹਿਬ ਨੇ ਬਾਣੀ ਲਿਖੀ ਤਾਂ ਉਸ ਬਾਣੀ ਨੂੰ ਆਦਿ ਬੀੜ ਵਿੱਚ ਸ਼ਾਮਿਲ ਕਰ ਦਿੱਤਾ ਗਿਆ। ਇਸੇ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕੋਈ ਬਾਣੀ ਲਿਖੀ ਹੁੰਦੀ ਤਾਂ ਜਰੂਰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕਰ ਦਿੰਦੇ ਜਾਂ ਘੱਟੋ-ਘੱਟ ਉਹ ਬਾਣੀਆਂ ਤਾਂ ਜਰੂਰ ਸ਼ਾਮਿਲ ਕਰ ਦਿੰਦੇ, ਜਿਸਦਾ ਸਿੱਖਾਂ ਨੇ ਰੋਜ਼ਾਨਾ ਨਿਤਨੇਮ ਕਰਨਾ ਸੀ ਜਾਂ ਖੰਡੇ ਦੀ ਪਾਹੁਲ ਤਿਆਰ ਕਰਨ ਲਈ ਲੋੜ ਪੈਣੀ ਸੀ? ਕੀ ਦਸਮ ਗ੍ਰੰਥੀ ਵਿਦਵਾਨਾਂ ਕੋਲ ਇਸ ਜਵਾਬ (ਗੁਰੂ ਦੀਆਂ ਗੁਰੂ ਜਾਣੇ) ਤੋਂ ਇਲਾਵਾ ਕੋਈ ਹੋਰ ਜਵਾਬ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਿਉਂ ਨਹੀਂ ਕੀਤੀ ਸੀ?

19. ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀਂ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੁਨਰ ਸੰਪਾਦਨਾ ਕਰਨ ਤੋਂ ਬਾਅਦ ਹਜੂਰ ਸਾਹਿਬ ਵਿੱਚ ਉਸੇ ਗ੍ਰੰਥ ਨੂੰ ਗੁਰੂ ਦਾ ਦਰਜਾ ਦੇ ਕੇ ਸਿੱਖਾਂ ਦਾ ਸਦੀਵੀ ਗੁਰੂ ਥਾਪ ਦਿੱਤਾ ਸੀ, ਜਿਸਨੂੰ ਕਈ ਸਿੱਖ ਗੁਰੂ ਅਰਜਨ ਸਾਹਿਬ ਵਲੋਂ ਸੰਪਾਦਿਤ ਆਦਿ ਬੀੜ ਤੋਂ ਵੱਖਰਾ ਦੱਸਣ ਲਈ ਦਸਵੇਂ ਪਾਤਸ਼ਾਹ ਕਾ ਗ੍ਰੰਥ ਕਹਿੰਦੇ ਸਨ। ਕੀ ਹੁਣ ਦਸਮ ਗ੍ਰੰਥ ਨੂੰ ਮਾਨਤਾ ਦੇ ਕੇ ਇਹ ਲੋਕ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ: ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਦੀ ਉਲੰਘਣਾ ਨਹੀਂ ਕਰ ਰਹੇ?

ਜੇ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਇਮਨਾਦਾਰੀ ਨਾਲ ਲੱਭੇ ਜਾਣ ਤਾਂ ਕੋਈ ਕਾਰਨ ਨਹੀਂ ਕਿ ਦਸਮ ਗ੍ਰੰਥ ਦਾ ਮਸਲਾ ਹੱਲ ਨਾ ਹੋਵੇ, ਪਰ ਸਮੱਸਿਆ ਇਥੇ ਖੜੀ ਹੈ ਕਿ ਸ਼੍ਰੋਮਣੀ ਕਮੇਟੀ, ਤਖਤਾਂ ਦੇ ਜਥੇਦਾਰ, ਸੰਤ ਸਮਾਜ ਤੇ ਬਹੁਤ ਸਾਰੇ ਵਿਦਵਾਨ ਕੋਈ ਫੈਸਲਾ ਲੈਣ ਤੋਂ ਪਹਿਲਾਂ ਸਲਾਹ ਆਰ. ਐਸ. ਐਸ. ਤੋਂ ਲੈਂਦੇ ਹਨ, ਜਿਨ੍ਹਾਂ ਦਾ ਇੱਕ ਹੀ ਏਜੰਡਾ ਹੈ ਕਿ ਸਿੱਖਾਂ ਦਾ ਹਿੰਦੂਕਰਨ ਕਰਕੇ ਗੁਰੂ ਨਾਨਕ ਸਾਹਿਬ ਦੀ ਸਰਬਤ ਦੇ ਭਲੇ ਤੇ ਮਨੁੱਖਤਾਵਾਦੀ ਵਿਚਾਰਧਾਰਾ ਨੂੰ ਬੁੱਧ, ਜੈਨ, ਪਾਰਸੀ ਧਰਮਾਂ ਵਾਂਗ ਨਿਗਲਣਾ ਕਿਵੇਂ ਹੈ? ਸਾਡੇ ਬਹੁਤ ਸਾਰੇ ਪੰਥਕ ਵੀਰ-ਭੈਣਾਂ ਬੇਸ਼ਕ ਕੌਮ ਪ੍ਰਤੀ ਸੁਹਿਰਦ ਵੀ ਹਨ, ਪੰਥ ਦਾ ਭਲਾ ਵੀ ਚਾਹੁੰਦੇ ਹਨ, ਉਨ੍ਹਾਂ ਦੀ ਇਮਾਨਦਾਰੀ ਤੇ ਸ਼ੱਕ ਵੀ ਨਹੀਂ ਕੀਤਾ ਜਾ ਸਕਦਾ, ਪਰ ਉਨ੍ਹਾਂ ਨੇ ਆਪਣੇ ਆਪ ਨੂੰ ਗਾਂਧੀ ਦੇ ਤਿੰਨ ਬਾਦਰਾਂ ਵਾਂਗ ਬਣਾ ਲਿਆ ਹੈ, ਜਿਨ੍ਹਾਂ ਨੂੰ ਦਿਸਦੇ ਹੋਏ ਵੀ ਦਿਸਦਾ ਨਹੀਂ, ਸੁਣਦੇ ਹੋਏ ਵੀ ਸੁਣਦਾ ਨਹੀਂ, ਬੋਲਣਾ ਆਉਂਦੇ ਹੋਏ ਵੀ ਜ਼ੁਬਾਨ ਬੰਦ ਰੱਖਦੇ ਹਨ, ਕਿਉਂਕਿ ਉਨ੍ਹਾਂ ਆਪਾ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ, ਕਿਸੇ ਡੇਰੇ ਦੇ ਸਾਧ, ਕਿਸੇ ਸੰਸਥਾ, ਕਿਸੇ ਜਥੇ, ਕਿਸੇ ਟਕਸਾਲ ਨੂੰ ਸਮਰਪਿਤ ਕੀਤਾ ਹੋਇਆ ਹੈ, ਜਿਨ੍ਹਾਂ ਨੇ ਇਨ੍ਹਾਂ ਸੁਹਿਰਦ ਵੀਰਾਂ ਦੀਆਂ ਅੱਖਾਂ ਤੇ ਅਗਿਆਨਤਾ ਦੀ ਅਜਿਹੀ ਪੱਟੀ ਬੰਨ੍ਹੀ ਹੋਈ ਹੈ ਕਿ ਉਹ ਨਾ ਕੁੱਝ ਪੜ੍ਹਨ ਨੂੰ ਤਿਆਰ ਹਨ ਤੇ ਨਾ ਹੀ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਹਨ? ਉਨ੍ਹਾਂ ਦਾ ਕੰਮ ਹਰ ਜਗ੍ਹਾ ਟਿੰਡ `ਚ ਕਾਨ੍ਹਾ ਪਸਾਈ ਰੱਖਣਾ ਹੈ। ਜੇ ਉਹ ਕੁੱਝ ਕਰ ਸਕਦੇ ਹਨ ਤਾਂ ਸਿਰਫ ਇਹ ਕਿ ਆਪਣੇ ਵਿਰੋਧੀਆਂ ਤੇ ਨਾਸਤਿਕ ਤੇ ਕੌਮਨਿਸਟ ਹੋਣ ਦਾ ਲੇਬਲ ਲਗਾ ਸਕਦੇ ਹਨ ਜਾਂ ਫਿਰ ਸਿੱਧੇ-ਅਸਿੱਧੇ ਢੰਗ ਨਾਲ ਬਾਹਰੀ ਪਹਿਰਾਵੇ ਦੋ ਰੋਅਬ ਪਾਉਂਦੇ ਹਨ ਜਾਂ ਸਰੀਰਕ ਹਮਲਾ ਕਰਨ ਦੀਆਂ ਧਮਕੀਆਂ ਦਿੰਦੇ ਹਨ। ਇਸ ਤੋਂ ਵੱਧ ਕੁੱਝ ਕਰਨ ਯੋਗ ਨਹੀਂ ਹਨ। ਉਨ੍ਹਾਂ ਕੋਲ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਗ੍ਰੰਥ ਸਾਬਿਤ ਕਰਨ ਲਈ ਕੋਈ ਠੋਸ ਸਬੂਤ ਨਹੀਂ ਹਨ।

ਹੁਣ ਸੰਗਤ ਨੂੰ ਜਾਗਣਾ ਪਵੇਗਾ। ਜਦੋਂ ਉਹ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੀ ਵਿਰਾਰਧਾਰਾ ਤੋਂ ਉਲਟ ਪ੍ਰਚਾਰ ਦੇਖਣ, ਉਸ ਵਿਰੁੱਧ ਆਵਾਜ ਉਠਾਉਣ। ਜਿਨ੍ਹਾਂ ਗੁਰਦੁਆਰਿਆਂ ਵਿੱਚ ਪੰਥਕ ਮਰਿਯਾਦਾ ਦੀ ਥਾਂ ਡੇਰਿਆਂ ਦੀ ਮਰਿਯਾਦਾ ਹੈ, ਉਥੇ ਲਾਮਬੰਦ ਹੋ ਕੇ ਸੰਘਰਸ਼ ਕਰਨ। ਦਸਮ ਗ੍ਰੰਥ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਤੋਂ ਉਪਰ ਦਿੱਤੇ ਸਵਾਲਾਂ ਦੇ ਜਵਾਬ ਮੰਗੇ ਜਾਣ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top