Share on Facebook

Main News Page

ਦਸਮ ਗ੍ਰੰਥ ਸਬੰਧੀ ਜਵਾਬ ਮੰਗਦੇ ਸਵਾਲ - ਭਾਗ ਪਹਿਲਾ
-: ਹਰਚਰਨ ਸਿੰਘ
(ਐਡੀਟਰ-ਸਿੱਖ ਵਿਰਸਾ)
Tel.: 403-681-8689 web: www.sikhvirsa.com

ਦਸਮ ਗ੍ਰੰਥ ਦਾ ਵਿਵਾਦ ਉਤਨਾ ਹੀ ਪੁਰਾਣਾ ਹੈ, ਜਿਤਨੀ ਇਸ ਗ੍ਰੰਥ ਦੀ ਹੋਂਦ (1897) ਹੈ। ਮੌਜੂਦਾ ਰੂਪ ਵਾਲਾ ਦਸਮ ਗ੍ਰੰਥ 1897 ਵਿੱਚ ਪਹਿਲੀ ਵਾਰ ਨਿਰਮਲਿਆਂ, ਮਹੰਤਾਂ, ਸੋਢੀਆਂ-ਬੇਦੀਆਂ, ਆਰੀਆ ਸਮਾਜੀਆਂ, ਅੰਗਰੇਜ਼ ਪਿਠੂ ਪੁਜਾਰੀਆਂ, ਅੰਗਰੇਜ਼ਾਂ ਦੀ ਸਾਂਝੀ ਸਾਜ਼ਿਸ਼ ਅਧੀਨ 1895-96 ਵਿੱਚ ਬਣਾਈ ਗਈ, ਸੋਧਕ ਕਮੇਟੀ ਵਲੋਂ ਉਸ ਸਮੇਂ ਤੱਕ ਵੱਖ-ਵੱਖ ਰੂਪਾਂ ਵਿੱਚ ਪ੍ਰਚਲਤ ਬਚਿੱਤਰ ਨਾਟਕ ਨਾਮ ਦੇ ਗ੍ਰੰਥ ਦੀਆਂ 32 ਵੱਖ-ਵੱਖ ਹੱਥ ਲਿਖਤ ਬੀੜਾਂ ਨੂੰ ਸੋਧ ਕੇ ਬਣਾਇਆ ਗਿਆ ਸੀ।

ਇਸ ਤੋਂ ਪਹਿਲਾਂ ਮੌਜੂਦਾ ਰੂਪ ਵਾਲਾ ਕੋਈ ਗ੍ਰੰਥ ਮੌਜੂਦ ਨਹੀਂ ਸੀ, ਖਾਸਕਰ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਦੌਰਾਨ। ਇਹ ਗੱਲ ਤੇ ਦਸਮ ਗ੍ਰੰਥ ਦੇ ਹਮਾਇਤੀ ਵੀ ਮੰਨਦੇ ਹਨ (ਬੇਸ਼ਕ ਇਹ ਕਹਾਣੀ ਮੰਨਣਯੋਗ ਨਹੀਂ ਹੈ) ਕਿ 1725-30 (ਗੁਰੂ ਗੋਬਿੰਦ ਸਿੰਘ ਜੀ ਤੋਂ ਤਕਰੀਬਨ 25 ਸਾਲ ਬਾਅਦ) ਦੇ ਸਮੇਂ ਦੌਰਾਨ ਪਹਿਲੀ ਵਾਰ ਭਾਈ ਮਨੀ ਸਿੰਘ ਜੀ (ਸ਼ਹੀਦ) ਨੇ ਵੱਖ-ਵੱਖ ਥਾਵਾਂ ਤੇ ਪਈਆਂ ਰਚਨਾਵਾਂ ਨੂੰ ਇਕੱਠੇ ਕਰਕੇ ਗ੍ਰੰਥ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਇਸ ਨਾਲ ਪੰਥ ਵਿੱਚ ਰੌਲਾ ਪੈ ਗਿਆ ਤੇ ਇਹ ਕੰਮ ਖਟਾਈ ਵਿੱਚ ਪੈ ਗਿਆ, ਬਾਅਦ ਵਿੱਚ ਜਦੋਂ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਮੱਸੇ ਰੰਘੜ ਦਾ ਖਾਤਮਾ (1740 ਵਿੱਚ) ਕੀਤਾ ਸੀ ਤਾਂ ਇਹ ਬਾਣੀਆਂ ਇਕੱਠੀਆਂ ਕਰਨ ਦਾ ਫੈਸਲਾ ਕੀਤਾ ਗਿਆ ਸੀ।

ਦੱਸੀ ਜਾਂਦੀ ਸਾਖੀ ਅਨੁਸਾਰ ਜਦੋਂ ਸਿੰਘਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਇਕੱਠੀਆਂ ਕੀਤੀਆਂ ਬਾਣੀਆਂ ਨੂੰ ਇੱਕ ਗ੍ਰੰਥ ਵਿੱਚ ਇਕੱਠਾ ਕਰਨ ਜਾਂ ਵੱਖ-ਵੱਖ ਪੋਥੀਆਂ ਵਿੱਚ ਰੱਖਣ ਬਾਰੇ ਝਗੜਾ ਚੱਲ ਰਿਹਾ ਸੀ ਤਾਂ ਇਹ ਫੈਸਲਾ ਹੋਇਆ ਸੀ ਕਿ ਜੇ ਮੱਸੇ ਰੰਘੜ ਦਾ ਖਾਤਮਾ ਹੋ ਗਿਆ ਤਾਂ ਇਹ ਰਚਨਾਵਾਂ ਇੱਕ ਗ੍ਰੰਥ (ਬਚਿੱਤਰ ਨਾਟਕ) ਵਿੱਚ ਇਕੱਠੀਆਂ ਕਰ ਦਿੱਤੀਆਂ ਜਾਣ, ਜੇ ਨਾ ਹੋਇਆ ਤਾਂ ਵੱਖ-ਵੱਖ ਪੋਥੀਆਂ ਵਿੱਚ ਪਈਆਂ ਰਹਿਣ। ਜੇ ਇਸ ਸਾਖੀ ਨੂੰ ਸੱਚ ਵੀ ਮੰਨ ਲਿਆ ਜਾਵੇ ਤਾਂ ਵੀ ਇਹ ਪਤਾ ਚਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕੋਈ ਗ੍ਰੰਥ ਤਿਆਰ ਨਹੀਂ ਕੀਤਾ ਸੀ? ਭਾਈ ਮਨੀ ਨੇ ਵੱਖ-ਵੱਖ ਥਾਵਾਂ ਤੋਂ ਰਚਨਾਵਾਂ ਇਕੱਠੀਆਂ ਕੀਤੀਆਂ ਸਨ, ਜਿਸਦਾ 1740 ਵਿੱਚ ਇੱਕ ਗ੍ਰੰਥ (ਬਚਿੱਤਰ ਨਾਟਕ) ਬਣਾਇਆ ਗਿਆ ਸੀ। ਜਿਸ ਤੋਂ ਬਾਅਦ ਵਿੱਚ ਬਣੀਆਂ 32 ਹੱਥ ਲਿਖਤ ਬੀੜਾਂ ਵਿੱਚ ਲਿਖਾਰੀਆਂ ਨੇ ਆਪਣੀ ਮਰਜ਼ੀ ਨਾਲ ਇਧਰੋਂ ਉਧਰੋਂ ਹੋਰ ਰਚਨਾਵਾਂ ਇਕੱਠੀਆਂ ਕਰਕੇ ਪਾ ਦਿੱਤੀਆਂ ਸਨ।

ਪਹਿਲੀ ਵਾਰ 1897 ਵਿੱਚ ਸੋਧਕ ਕਮੇਟੀ ਵਲੋਂ ਸਾਜ਼ਿਸ਼ ਅਧੀਨ ਬਣਾਏ ਗ੍ਰੰਥ ਦਾ ਉਸ ਵਕਤ ਨਾਮ ਸ੍ਰੀ ਦਸਮ ਗ੍ਰੰਥ ਰੱਖਿਆ ਗਿਆ ਸੀ, ਜੋ ਕਿ 100 ਸਾਲਾਂ ਵਿੱਚ ਬਦਲਦਾ ਹੋਇਆ, ਹੁਣ ਆਰ. ਐਸ. ਐਸ. ਦੇ ਅਸ਼ੀਰਵਾਦ ਨਾਲ 1999 ਤੋਂ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਬਣ ਚੁੱਕਾ ਹੈ। ਬਚਿਤਰ ਨਾਟਕ ਦੀਆਂ ਇਹ ਉਹੀ 32 ਬੀੜਾਂ ਸਨ, ਜਿਨ੍ਹਾਂ ਨੂੰ ਨਿਰਮਲੇ ਵਿਦਵਾਨਾਂ (ਕਾਂਸ਼ੀ ਦੇ ਬ੍ਰਾਹਮਣ ਵਿਦਵਾਨਾਂ) ਨੇ 1725-1800 ਤੱਕ ਲਿਖ ਕੇ ਵੱਖ-ਵੱਖ ਥਾਵਾਂ ਤੇ ਪਹੁੰਚਾਇਆ ਸੀ।

ਇਥੇ ਇਹ ਵੀ ਵਰਨਣਯੋਗ ਹੈ ਕਿ ਸੋਧਕ ਕਮੇਟੀ ਬਣਾਉਣ ਵਾਲੇ ਉਹੀ ਲੋਕ ਸਨ, ਜਿਨ੍ਹਾਂ ਨੇ 1873 ਵਿੱਚ ਆਰੀਆ ਸਮਾਜੀਆਂ (ਸਵਾਮੀ ਦਇਆ ਨੰਦ ਦੇ ਚੇਲਿਆਂ) ਨਾਲ ਮਿਲ ਕੇ ਬਾਬਾ ਖੇਮ ਸਿੰਘ ਬੇਦੀ ਦੀ ਅਗਵਾਈ ਵਿੱਚ ਸਨਾਤਨ ਸਿੰਘ ਸਭਾ, ਅੰਮ੍ਰਿਤਸਰ ਬਣਾਈ ਸੀ।

ਯਾਦ ਰਹੇ 1879 ਵਿੱਚ ਅਸਲੀ ਸਿੰਘ ਸਭਾ, ਲਾਹੌਰ ਇਨ੍ਹਾਂ ਦੇ ਵਿਰੋਧ ਵਿੱਚ ਪ੍ਰੋ: ਗੁਰਮੁੱਖ ਸਿੰਘ, ਗਿਆਨੀ ਦਿੱਤ ਸਿੰਘ ਆਦਿ ਨੇ ਬਣਾਈ ਸੀ। ਜਿਸਨੇ ਜਦੋਂ ਅਸਲੀ ਸਿੱਖੀ ਦਾ ਪ੍ਰਚਾਰ ਸ਼ੁਰੂ ਕੀਤਾ ਤਾਂ ਸਿੰਘ ਸਭਾ ਦੇ ਮੋਢੀ ਪ੍ਰੋ: ਗੁਰਮੁੱਖ ਸਿੰਘ ਨੂੰ ਅੰਗਰੇਜ਼ ਪਿਠੂ ਮਹੰਤਾਂ, ਨਿਰਮਲੇ ਸੰਤਾਂ, ਪੁਜਾਰੀਆਂ ਤੇ ਬੇਦੀਆਂ ਨੇ ਰਲ ਕੇ ਅਕਾਲ ਬੁੰਗੇ (ਜਿਸਨੂੰ ਹੁਣ ਅਕਾਲ ਤਖਤ ਕਿਹਾ ਜਾਂਦਾ ਹੈ) ਤੋਂ 1887 ਵਿੱਚ ਪੰਥ ਵਿਚੋਂ ਛੇਕਣ ਦਾ ਐਲਾਨ ਕੀਤਾ ਸੀ। ਠੀਕ ਉਸੇ ਤਰਜ਼ 'ਤੇ ਅੱਜ ਅਸਲੀ ਸਿੱਖੀ ਦੀ ਗੱਲ ਕਰਨ ਵਾਲੇ ਵਿਦਵਾਨਾਂ ਨੂੰ ਤਖਤਾਂ ਦੇ ਪੁਜਾਰੀਆਂ ਰਾਹੀਂ ਪੰਥ ਵਿਚੋਂ ਛੇਕਿਆ ਜਾਂਦਾ ਹੈ।

ਇਹ ਵੀ ਦੱਸਣਾ ਬਣਦਾ ਹੈ ਕਿ ਇਹ ਉਹੀ ਬਾਬਾ ਖੇਮ ਸਿੰਘ ਬੇਦੀ ਸੀ, ਜੋ ਇੱਕ ਪਾਸੇ ਕ੍ਰਿਪਾਨ ਤੇ ਦੂਜੇ ਪਾਸੇ ਜਨੇਊ ਪਾਉਂਦਾ ਸੀ। ਇਸਨੂੰ ਅੰਗਰੇਜ਼ ਸਰਕਾਰ ਦੀ ਸੇਵਾ ਬਦਲੇ ਸਰ ਖੇਮ ਸਿੰਘ ਬੇਦੀ ਦੀ ਉਪਾਧੀ ਵੀ ਮਿਲੀ ਹੋਈ ਸੀ। ਇਹ ਜਦੋਂ ਸ਼ਾਹੀ ਕੁਰਸੀ ਤੇ ਬੈਠਦਾ ਸੀ ਤੇ ਇਸਦੇ ਸਿਰ 'ਤੇ ਸਰਕਾਰੀ ਨੌਕਰ `ਚੌਰ ਝੁਲਾਉਂਦੇ ਸਨ। ਅੰਗਰੇਜ਼ੀ ਰਾਜ ਲਈ ਸੇਵਾਵਾਂ ਬਦਲੇ ਸਰ ਖੇਮ ਸਿੰਘ ਬੇਦੀ ਨੂੰ 1873 ਵਿੱਚ ਮੈਜਿਸਟਰੇਟ ਬਣਾਇਆ ਗਿਆ ਸੀ ਤੇ ਫਿਰ 1878 ਵਿੱਚ ਆਨਰੇਰੀ ਮੁਨਸਿਫ ਦੀ ਉਪਾਧੀ ਦਿੱਤੀ ਗਈ ਸੀ। ਇਸ ਦੀ ਅੰਗਰੇਜ਼ ਭਗਤੀ ਬਦਲੇ ਇਸਨੂੰ 1893 ਵਿੱਚ ਵਾਇਸਰਾਏ ਕੌਸਲ ਲਈ ਅਨਰੇਰੀ ਤੌਰ ਤੇ ਵੀ ਚੁਣਿਆ ਗਿਆ ਸੀ। ਇਸਦਾ ਪੁੱਤਰ ਕਰਤਾਰ ਸਿੰਘ ਬੇਦੀ ਐਲਾਨੀਆ ਤੌਰ 'ਤੇ ਕਹਿੰਦਾ ਸੀ ਕਿ ਸਿੱਖ ਹਿੰਦੂ ਹਨ ਤੇ ਨਨਕਾਣਾ ਸਾਹਿਬ ਦੇ ਸਾਕੇ ਮੌਕੇ ਬੇਦੀ ਖਾਨਦਾਨ ਖੁੱਲ ਕੇ ਮਹੰਤ ਨਰੈਣੂ ਦੀ ਮੱਦਦ ਕਰਦਾ ਸੀ।

ਪਾਠਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਵਾਲੀਵੁੱਡ ਦਾ ਫਿਲਮੀ ਐਕਟਰ ਅਮਿਤਾਭ ਬਚਨ (ਜਿਸਨੇ 1984 ਵਿੱਚ ਇੰਦਰਾ ਗਾਂਧੀ ਦੀ ਮੌਤ ਮੌਕੇ ਸਿੱਖਾਂ ਦੇ ਕਤਲੇਆਮ ਨੂੰ ਭੜਕਾਉਣ ਲਈ ਖੂਨ ਕਾ ਬਦਲਾ ਖੂਨ ਦੇ ਨਾਹਰੇ ਵੀ ਲਗਾਏ ਸਨ) ਬਾਬਾ ਖੇਮ ਸਿੰਘ ਬੇਦੀ ਦੀ ਪੜਪੋਤੀ ਤੇਜੀ ਬਚਨ ਦਾ ਪੁੱਤਰ ਹੈ। ਇਹ ਸਾਰਾ ਇਤਿਹਾਸ ਲਿਖਣ ਤੋਂ ਭਾਵ ਇਹ ਹੈ ਕਿ ਅਸੀਂ ਸਮਝ ਸਕੀਏ ਕਿ ਬਚਿੱਤਰ ਨਾਟਕ ਦੀਆਂ 32 ਹੱਥ ਲਿਖਤ ਬੀੜਾਂ ਤੋਂ ਦਸਮ ਗ੍ਰੰਥ ਨਾਂ ਦਾ ਗ੍ਰੰਥ ਤਿਆਰ ਕਰਨ ਵਾਲੇ ਕੋਈ ਪੰਥ ਹਿਤੈਸ਼ੀ ਨਹੀਂ ਸਨ। ਇਨ੍ਹਾਂ ਵਿਚੋਂ ਬਹੁਤੇ ਆਰੀਆ ਸਮਾਜੀਆਂ (ਨਵ ਬ੍ਰਾਹਮਣਵਾਦੀਆਂ) ਦੇ ਹੱਥਠੋਕੇ ਤੇ ਅੰਗਰੇਜ਼ਾਂ ਦੇ ਪਿੱਠੂ ਸਨ।

ਇਥੇ ਇਹ ਦੱਸਣਾ ਵੀ ਵਾਜਿਜ਼ ਰਹੇਗਾ ਕਿ ਜਿਹੜੀਆਂ 32 ਹੱਥ ਲਿਖਤ ਬੀੜਾਂ ਤੋਂ ਮੌਜੂਦਾ ਦਸਮ ਗ੍ਰੰਥ ਤਿਆਰ ਕੀਤਾ ਗਿਆ ਸੀ, ਉਨ੍ਹਾਂ ਵਿਚੋਂ ਹੇਠ ਲਿਖੀਆਂ 8 ਰਚਨਾਵਾਂ ਕੱਢ ਦਿੱਤੀਆਂ ਗਈਆਂ ਸਨ, ਜਿਨ੍ਹਾਂ ਬਾਰੇ ਇਸ ਅਖੌਤੀ ਸੋਧਕ ਕਮੇਟੀ ਨੂੰ ਸ਼ੱਕ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਨਹੀਂ ਹਨ। ਜੇ ਦਸਮ ਗ੍ਰੰਥ ਗੁਰੂ ਸਾਹਿਬ ਨੇ ਆਪ ਲਿਖਿਆ ਸੀ ਤੇ ਫਿਰ ਇਨ੍ਹਾਂ 8 ਰਚਨਾਵਾਂ (ਬਾਣੀਆਂ) ਨੂੰ ਕੱਢਣ ਦਾ ਅਧਿਕਾਰ ਸੋਧਕ ਕਮੇਟੀ ਨੂੰ ਕਿਵੇਂ ਮਿਲ ਗਿਆ? ਸਾਡੀ ਖੋਜ ਮੁਤਬਿਕ ਇਨ੍ਹਾਂ ਲੋਕਾਂ ਦਾ ਮਕਸਦ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ, ਤਕਰੀਬਨ ਉਤਨੇ ਕੁ ਪੰਨਿਆਂ ਦਾ ਗ੍ਰੰਥ ਬਣਾਉਣਾ ਸੀ, ਜਦੋਂ ਗ੍ਰੰਥ ਵੱਡਾ ਹੋ ਰਿਹਾ ਸੀ ਤਾਂ ਇਨ੍ਹਾਂ ਨੇ ਇੱਹ 8 ਰਚਨਾਵਾਂ ਨਕਲੀ ਕਹਿ ਕੇ ਵਿਚੋਂ ਕੱਢ ਦਿੱਤੀਆਂ। ਇਹ ਰਚਨਾਵਾਂ ਸਨ:

1. ਸੰਸਾਹਰ ਸੁਖਮਨਾ
2. ਵਾਰ ਮਾਲਕੌਸ
3. ਵਾਰ ਭਗੌਤੀ (ਇਹ ਹੁਣ ਦੇ ਦਸਮ ਗ੍ਰੰਥ ਦੀ ਵਾਰ ਦੁਰਗਾ ਤੋਂ ਵੱਖਰੀ ਹੈ)
4. ਸ੍ਰੀ ਭਗਵਤ ਗੀਤਾ, ਭਾਖਾ ਸ੍ਰੀ ਗੋਬਿੰਦ ਸਿੰਘ ਕ੍ਰਿਤ
5. ਰਾਗ ਆਸਾ ਤੇ ਰਾਗ ਸੋਰਠ ਪਾਤਸ਼ਾਹੀ ਦਸਵੀਂ
6. ਅਸਫੋਟਕ ਕਬਿਤ (ਇਹ ਕਬਿਤ, ਪੰਜਾਬੀ ਯੂਨੀਵਰਸਿਟੀ ਵਲੋਂ ਰਣਧੀਰ ਸਿੰਘ ਦੇ ਸੰਪਾਦਿਤ ਦਸਮ ਗ੍ਰੰਥ ਵਿੱਚ ਹੁਣ ਵੀ ਮੌਜੂਦ ਹਨ)
7. ਮਾਝ ਪਾਤਸ਼ਾਹੀ ਦਸਵੀਂ
8. ਛੱਕਾ ਭਗੌਤੀ ਜੀ ਕਾ

ਇਸ ਤੋਂ ਇਲਾਵਾ ਜਿਨ੍ਹਾਂ 32 ਬੀੜਾਂ ਨੂੰ ਸੋਧ ਕੇ 1897 ਵਿੱਚ ਦਸਮ ਗ੍ਰੰਥ ਬਣਾਇਆ ਗਿਆ ਸੀ, ਉਨ੍ਹਾਂ ਵਿਚੋਂ ਛਾਪੇ ਵਾਲੀਆਂ 4 ਪ੍ਰਮੁੱਖ ਬੀੜਾਂ ਵਿੱਚ ਵੀ ਵੱਖ-ਵੱਖ ਬਾਣੀਆਂ ਹਨ। ਜਿਵੇਂ ਭਾਈ ਮਨੀ ਸਿੰਘ ਜੀ ਦੀ ਕਹੀ ਜਾਂਦੀ ਬੀੜ ਵਿੱਚ 15 ਬਾਣੀਆਂ (ਰਚਨਾਵਾਂ) ਹਨ, ਮੋਤੀ ਬਾਗ ਵਾਲੀ ਬੀੜ ਵਿੱਚ 19 ਬਾਣੀਆਂ ਹਨ, ਸੰਗਰੂਰ ਵਾਲੀ ਬੀੜ ਵਿੱਚ ਵੀ 19 ਬਾਣੀਆਂ ਹਨ ਅਤੇ ਪਟਨਾ ਸਾਹਿਬ ਵਾਲੀ ਬੀੜ ਵਿੱਚ 22 ਬਾਣੀਆਂ ਹਨ। ਜੇ ਦਸਮ ਗ੍ਰੰਥ ਗੁਰੂ ਸਾਹਿਬ ਨੇ ਆਪ ਲਿਖਿਆ ਤੇ ਆਪ ਸੰਪਾਦਿਤ ਕੀਤਾ, ਆਪ ਬੀੜ ਬਣਾਈ, ਆਪ ਗ੍ਰੰਥ ਦੀ ਸਮਾਪਤੀ ਕੀਤੀ, ਜਿਸ ਤਰ੍ਹਾਂ ਕਿ ਕੁੱਝ ਲੋਕਾਂ ਵਲੋਂ ਦਾਅਵਾ ਕੀਤਾ ਜਾਂਦਾ ਹੈ, ਫਿਰ ਵੱਖ-ਵੱਖ ਬੀੜਾਂ (ਗ੍ਰੰਥਾਂ) ਵਿੱਚ ਵੱਖ-ਵੱਖ ਬਾਣੀਆਂ ਕਿਸ ਤਰ੍ਹਾਂ ਹੋ ਗਈਆਂ? ਫਿਰ ਉਨ੍ਹਾਂ ਵੱਖ-ਵੱਖ ਗ੍ਰੰਥਾਂ ਵਿਚੋਂ 8 ਉਪਰ ਦੱਸੀਆਂ ਬਾਣੀਆਂ ਕਿਸ ਪੈਮਾਨੇ ਨੂੰ ਆਧਾਰ ਬਣਾ ਕੇ ਕੱਢੀਆਂ ਗਈਆਂ? ਸੋਧਕ ਕਮੇਟੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਨੂੰ ਸੋਧਣ ਦਾ ਤੇ ਬੀੜਾਂ ਵਿਚੋਂ ਬਾਣੀਆਂ ਕੱਢਣ ਦਾ ਅਧਿਕਾਰ ਕਿਸਨੇ ਤੇ ਕਦੋਂ ਦਿੱਤਾ ਸੀ? ਕੀ ਅਖੌਤੀ ਸੋਧਕ ਕਮੇਟੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ (?) ਨੂੰ ਸੋਧਣ ਦਾ ਅਧਿਕਾਰ ਰੱਖਦੀ ਸੀ?

ਸਾਡੀ ਸਮਝ ਅਨੁਸਾਰ ਜੇ ਦਸਮ ਗ੍ਰੰਥ ਸਬੰਧੀ ਉਠਾਏ ਜਾ ਰਹੇ ਸਵਾਲਾਂ ਦਾ ਗੁਰਬਾਣੀ, ਸਿੱਖ ਇਤਿਹਾਸ, ਦਲੀਲ, ਪੁਰਾਤਨ ਖੋਜਾਂ ਆਦਿ ਦੇ ਆਧਾਰ 'ਤੇ ਸਹੀ ਹੱਲ ਲੱਭਿਆ ਜਾਵੇ ਤਾਂ ਇਸ ਗੁੰਝਲਦਾਰ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ। ਪਰ ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਸਿੱਖਾਂ ਵਿੱਚ ਇੱਕ ਅਜਿਹਾ ਕੱਟੜਪੰਥੀ ਧੜਾ ਖੜਾ ਹੋ ਚੁੱਕਾ ਹੈ, ਜੋ ਕਿਸੇ ਦਲੀਲ, ਅਪੀਲ, ਖੋਜ, ਗੁਰਬਾਣੀ, ਇਤਿਹਾਸ ਆਦਿ ਨੂੰ ਮੰਨਣ ਦੀ ਥਾਂ ਮੈਂ ਨਾ ਮਾਨੂੰ ਦੀ ਰਟ ਲਾਈ ਰੱਖਦਾ ਹੈ, ਉਹ ਉਸਨੂੰ ਹੀ ਸੱਚ ਮੰਨਦਾ ਹੈ, ਜਿਸਨੂੰ ਡੇਰਿਆਂ ਵਾਲੇ ਸਾਧ ਸੱਚ ਕਹਿਣ, ਬੇਸ਼ੱਕ ਇਹ ਗੱਲ ਹੁਣ ਜੱਗ ਜਾਹਰ ਹੋ ਚੁੱਕੀ ਹੈ ਕਿ ਆਰ. ਐਸ. ਐਸ. ਵਰਗੀਆਂ ਕੱਟੜ ਤੇ ਫਿਰਕੂ ਹਿੰਦੂ ਜਥੇਬੰਦੀਆਂ ਵਲੋਂ ਸਿੱਖਾਂ ਨੂੰ ਕਮਜ਼ੋਰ ਕਰਨ ਲਈ ਜਿਥੇ ਇੱਕ ਪਾਸੇ 1947 ਤੋਂ ਗੁਰੂ ਡੰਮ੍ਹ (ਰਾਧਾ ਸੁਆਮੀ, ਨਿਰੰਕਾਰੀ, ਨਾਮਧਾਰੀ, ਨੀਲਧਾਰੀ, ਸਰਸਾ ਵਾਲੇ, ਨੂਰਮਹਿਲੀਏ, ਭਨਿਆਰੀਏ ਆਦਿ) ਨੂੰ ਸ਼ਹਿ ਦੇਣੀ ਸ਼ੁਰੂ ਕੀਤੀ ਹੋਈ ਸੀ, ਉਥੇ ਦੂਜੇ ਪਾਸੇ ਮੁੱਖਧਾਰਾ ਵਿਚਲੇ (ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ) ਸਿੱਖਾਂ ਦਾ ਹਿੰਦੂਕਰਨ ਲਈ ਸਾਧਾਂ ਦੇ ਡੇਰਿਆਂ ਨੂੰ ਪ੍ਰਫੁੱਲਤ ਕਰਨਾ ਸ਼ੁਰੂ ਕਰ ਦਿੱਤਾ ਸੀ। ਜਦੋਂ ਇਨ੍ਹਾਂ ਡੇਰਿਆਂ ਨੇ 50 ਕੁ ਸਾਲਾਂ ਵਿੱਚ ਦੇਸ਼-ਵਿਦੇਸ਼ ਦੇ ਸਿੱਖਾਂ ਵਿੱਚ ਆਪਣਾ ਜ਼ਾਲ ਪੂਰੀ ਤਰ੍ਹਾਂ ਵਿਛਾ ਲਿਆ ਤਾਂ ਆਰ. ਐਸ. ਐਸ. (ਰਾਸ਼ਟਰੀ ਸਵੈਮ ਸੇਵਕ ਸੰਘ) ਨੇ ਆਪਣੇ ਸਿੱਖਾਂ ਵਿਚਲੇ 1986 ਵਿੱਚ ਖੜੇ ਕੀਤੇ ਨਵੇਂ ਵਿੰਗ ਆਰ. ਐਸ. ਐਸ. (ਰਾਸ਼ਟਰੀ ਸਿੱਖ ਸੰਗਤ) ਦੇ ਸਹਿਯੋਗ ਨਾਲ ਆਰ. ਐਸ. ਐਸ. (ਰਾਸ਼ਟਰੀ ਸੰਤ ਸਮਾਜ) ਬਣਾਇਆ, ਜਿਸਨੂੰ ਤਿੰਨ ਮੁੱਖ ਏਜੰਡੇ ਦਿੱਤੇ ਗਏ, ਪਹਿਲਾ; ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਨੂੰ ਤੋੜਨਾ (ਬੇਸ਼ਕ ਸਾਧਾਂ ਦਾ ਕੋਈ ਵੀ ਡੇਰਾ ਪਹਿਲਾਂ ਤੋਂ ਤਹਿ ਸਕੀਮ ਅਧੀਨ ਸਿੱਖ ਰਹਿਤ ਮਰਿਯਾਦਾ ਨੂੰ ਨਹੀਂ ਮੰਨਦਾ ਸੀ, ਪਰ RSS ਦੀ ਹਦਾਇਤ 'ਤੇ ਇਨ੍ਹਾਂ ਸਾਰੇ ਡੇਰਿਆਂ ਨੇ ਰਲ ਕੇ ਪੰਥ ਪ੍ਰਵਾਤਨ ਸਿੱਖ ਰਹਿਤ ਮਰਿਯਾਦਾ ਦੇ ਮੁਕਾਬਲੇ 1993 ਵਿੱਚ ਆਪਣੀ ਨਵੀਂ ਸਿੱਖ ਰਹਿਤ ਮਰਿਯਾਦਾ ਬਣਾਈ ਸੀ, ਜਿਸਨੂੰ ਅਜੇ ਤੱਕ ਕਿਸੇ ਸਿੱਖ ਸੰਸਥਾ ਨੇ ਮਾਨਤਾ ਨਹੀਂ ਦਿੱਤੀ।

ਇਹ ਵੀ ਯਾਦ ਰਹੇ ਸਾਧਾਂ ਨੇ ਸਿੱਖ ਰਹਿਤ ਮਰਿਯਾਦਾ ਇਸ ਲਈ ਵੀ ਕਦੇ ਮਾਨਤਾ ਨਹੀਂ ਦਿੱਤੀ ਤਾਂ ਕਿ ਸ਼੍ਰੋਮਣੀ ਕਮੇਟੀ ਉਨ੍ਹਾਂ ਤੋਂ ਡੇਰਿਆਂ ਦੀ ਇਨਕਮ ਵਿਚੋਂ ਹਿੱਸਾਪੱਤੀ ਨਾ ਮੰਗ ਲਵੇ।),

ਦੂਜਾ; ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਤੇ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਨੂੰ ਸਥਾਪਿਤ ਕਰਨਾ ਤੇ ਫਿਰ ਗੁਰਦੁਆਰਿਆਂ ਵਿੱਚ ਇਸਦਾ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਪ੍ਰਕਾਸ਼ ਕਰਨਾ,

ਤੀਜਾ; ਸਿੱਖਾਂ ਦੀ ਵੱਖਰੀ ਸ਼ਾਨ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਹੋਣ ਤੋਂ ਰੋਕਣਾ। ਸਿੱਖਾਂ ਨੂੰ ਗੁਰਬਾਣੀ ਨਾਲੋਂ ਤੋੜ ਕੇ ਵਹਿਮਾਂ, ਭਰਮਾਂ, ਪਾਖੰਡਾਂ, ਕਰਮਕਾਡਾਂ, ਮੰਤਰਾਂ ਆਦਿ ਵਿੱਚ ਉਲਝਾ ਕੇ ਹਿੰਦੂਕਰਨ ਕਰਨਾ ਤਾਂ ਮੁੱਖ ਏਜੰਡਾ ਪਹਿਲਾਂ ਤੋਂ ਹੈ।

ਇਸ ਮਕਸਦ ਲਈ ਇਨ੍ਹਾਂ ਵਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕਥਾ ਦੀ ਥਾਂ ਨਿਰਮਲਿਆਂ (ਕਾਂਸ਼ੀ ਦੇ ਬ੍ਰਾਹਮਣਾਂ) ਜਾਂ ਉਦਾਸੀ ਮਹੰਤਾਂ (ਹਰਦਿੁਆਰ ਦੇ ਪਾਂਡਿਆਂ) ਵਲੋਂ 18-19ਵੀਂ ਸਦੀ ਵਿੱਚ ਸਾਜ਼ਿਸ਼ ਅਧੀਨ ਲਿਖੇ ਗ੍ਰੰਥਾਂ; ਗੁਰ ਬਿਲਾਸ ਪਾ: ਛੇਵੀਂ, ਗੁਰ ਬਿਲਾਸ ਪਾ: ਦਸਵੀਂ, ਜਨਮ ਸਾਖੀ ਭਾਈ ਬਾਲਾ, ਸੂਰਜ ਪ੍ਰਕਾਸ਼ ਗ੍ਰੰਥ, ਪ੍ਰਾਚੀਨ ਪੰਥ ਪ੍ਰਕਾਸ਼, ਸੌ ਸਾਖੀਆਂ, ਸ੍ਰੀ ਗੁਰ ਸੋਭਾ, ਸਰਬ ਲੋਹ ਗ੍ਰੰਥ ਆਦਿ ਗ੍ਰੰਥਾਂ ਦੀ ਕਥਾ ਕੀਤੀ ਜਾਵੇ। ਇਥੋਂ ਤੱਕ ਕਿ ਸੰਗਤੀ ਗੁਰਦੁਆਰਿਆਂ ਵਿੱਚ ਕਾਬਿਜ਼ ਇਨ੍ਹਾਂ ਦੇ ਚੇਲੇ ਆਮ ਪ੍ਰਚਾਰਕਾਂ ਨੂੰ ਵੀ ਧੱਕੇ ਨਾਲ ਦਸਮ ਗ੍ਰੰਥ ਜਾਂ ਉਪਰਲੇ ਗ੍ਰੰਥਾਂ ਦਾ ਪ੍ਰਚਾਰ ਕਰਨ ਲਈ ਮਜਬੂਰ ਕਰਦੇ ਹਨ।

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top