Share on Facebook

Main News Page

ਜਦੋਂ ਆਪਣਿਆਂ ਨੇ ਹੀ ਸਿੱਖਾਂ ਨੂੰ ਪੱਕੇ ਤੌਰ 'ਤੇ ਬਿਪਰਵਾਦੀ ਬਣਾ ਦਿੱਤਾ ! (ਭਾਗ ਦੂਜਾ)
-: ਪ੍ਰੋ. ਕਸ਼ਮੀਰਾ ਸਿੰਘ USA

* ਲੜ੍ਹੀ ਜੋੜ੍ਹਨ ਲਈ ਪੜ੍ਹੋ: ਭਾਗ ਪਹਿਲਾ

ਸ਼ਾਮ ਦਾ ਨਿੱਤ-ਨੇਮ ਬਦਲਿਆ:

). ‘ਸੋ ਦਰੁ’ ਅਤੇ ‘ਸੋ ਪੁਰਖ’ ਦੋ ਸੰਗ੍ਰਿਹ ਗੁਰੂ ਜੀ ਨੇ ਨਿੱਤ-ਨੇਮ ਵਿੱਚ ਬਖ਼ਸ਼ੇ ਸਨ। ਸ਼੍ਰੋ. ਕਮੇਟੀ ਨੇ ਇਸ ਵਿੱਚ ਕੀਤੇ ਵਾਧੇ ਪ੍ਰਵਾਨ ਕਰਕੇ ਸਿੱਖੀ ਵਿਰੋਧੀ ਸ਼ਕਤੀਆਂ ਵਲੋਂ ਕੀਤੇ ਦੂਜੇ ਮਾਰੂ ਵਾਰ ਨੂੰ ਸਫ਼ਲ ਬਣਾਇਆ ਹੈ। ਖਰੜੇ ਵਿੱਚ ਜੋ ਵਾਧੇ ਕੀਤੇ ਗਏ ਉਹ ਗੁਰੂ ਸੋਚ ਤੋਂ ਉਲ਼ਟ ਕੀਤੇ ਗਏ। ਕੀਤੇ ਵਾਧਿਆਂ ਵਿੱਚ ਉਹ ਰਚਨਾਵਾਂ ਜੋੜ ਦਿੱਤੀਆਂ ਗਈਆਂ ਜੋ ਸਿੱਧੀਆਂ ਹਿੰਦੂ ਦੇਵੀ ਦੇਵਤਿਆਂ ਜਿਵੇਂ ਦੁਰਗਾ ਦੇਵੀ (ਜਗ ਮਾਤਾ) ਅਤੇ ਮਹਾਕਾਲ਼ ਦੀਆਂ ਸਿਫ਼ਤਾਂ ਨਾਲ਼ ਸੰਬੰਧਤ ਹਨ।

ਕਬਿਯੋ ਬਾਚ ਬੇਨਤੀ ਚੌਪਈ ਕੀ ਹ?

ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ
ਸ੍ਰੀ ਭਗੌਤੀ ਏ ਨਮਅਥ ਪਖਯਾਨ ਚਰਿਤ੍ਰ ਲਿਖਯਤੇ। ਪਾਤਸਾਹੀ ੧੦॥
ਚਰਿਤ੍ਰੋ ਪਾਖਿਯਾਨ ਸ਼ੁਰੂ ਕਰਨ ਤੋਂ ਪਹਿਲਾਂ ਦੋ ਆਪਸ ਵਿਰੋਧੀ ਮੰਗਲ਼ ਲਿਖੇ ਗਏ ਹਨ

ਇੱਥੋਂ ਹੀ ਕੀਤੀ ਸ਼ਰਾਰਤ ਦਾ ਪਤਾ ਲੱਗ ਜਾਂਦਾ ਹੈ। ‘ਵਾਹਿਗੁਰੂ ਜੀ ਕੀ ਫ਼ਤਹਿ’ ਲਿਖਣ ਵਾਲ਼ਾ ਕਵੀ ‘ਸ਼੍ਰੀ ਭਗਉਤੀ ਏ ਨਮ:’ ਨਹੀਂ ਲਿਖ ਸਕਦਾ ਤੇ ਦੂਜਾ ਮੰਗਲ਼ ਲਿਖਣ ਵਾਲ਼ਾ ਕਵੀ ਪਹਿਲਾ ਮੰਗਲ਼ ਨਹੀਂ ਲਿਖ ਸਕਦਾ। ਭਗਉਤੀ ਦਾ ਨਾਂ ਦੁਰਗਾ ਮਾਈ ਪਾਰਬਤੀ ਹੈ। ਸਪੱਸ਼ਟ ਹੈ ਕਿ ‘ਵਾਹਿਗੁਰੂ’ ਵਾਲ਼ਾ ਮੰਗਲ਼ ਕਿਸੇ ਨੇ ਵਾਧੂ ਜੋੜਿਆ ਹੈ ਕਿਉਂਕਿ ਅੱਗੇ ਕੀਤੀਆਂ ਸਿਫ਼ਤਾਂ ਦੁਰਗਾ ਮਾਈ ਪਾਰਬਤੀ ਦੀਆਂ ਹੀ ਹਨ। ਸਿਫ਼ਤਾਂ ਇਸਤ੍ਰੀ ਲਿੰਗ ਰੂਪ ਵਿੱਚ ਹਨ ਜੋ ਦੁਰਗਾ ਦੇਵੀ ਦੀਆਂ ਹਨ। ਕਈ ਨਾਵਾਂ ਵਾਲ਼ੀ ਪਾਰਬਤੀ ਅਤੇ ਮਹਾਂਕਾਲ਼ ਹੀ ਲਿਖਾਰੀ ਦੇ ਦੋ ਇਸ਼ਟ ਹਨ। ਕਬਿਯੋ ਬਾਚ ਚੌਪਈ ਵਿੱਚ ਮਹਾਂਕਾਲ਼ ਅੱਗੇ ਕੀਤੀ ਅਰਦਾਸਿ ਦਾ ਜ਼ਿਕਰ ਹੈ।

ਚਰਿਤ੍ਰੋ ਪਾਖਿਆਨ ਸ਼ੁਰੂ ਕਰਨ ਤੋਂ ਪਹਿਲਾਂ ਦੁਰਗਾ ਦੇਵੀ ਦੀ ਸਿਖ਼ਤਿ ਦੀਆਂ ਕੁਝ ਝਲਕਾਂ-

ਤੁਹੀ ਖੜਗਧਾਰਾ ਤੁਹੀ ਬਾਢਵਾਰੀ ਤੁਹੀ ਤੀਰ ਤਰਵਾਰ ਕਾਤੀ ਕਟਾਰੀ
ਹਲਬੀ ਜੁਨਬੀ ਮਗਰਬੀ ਤੁਹੀ ਹੈ
ਨਿਹਾਰੌ ਜਹਾ ਆਪੁ ਠਾਢੀ ਵਹੀ ਹੈ ॥੧॥
ਤੁਹੀ ਜੋਗ ਮਾਯਾ ਤੁਸੀ ਬਾਕਬਾਨੀ
ਤੁਹੀ ਆਪੁ ਰੂਪਾ ਤੁਹੀ ਸ੍ਰੀ ਭਵਾਨੀ
ਤੁਹੀ ਬਿਸਨ ਤੂ ਬ੍ਰਹਮ ਤੂ ਰੁਦ੍ਰ ਰਾਜੈ
ਤੁਹੀ ਬਿਸ੍ਵ ਮਾਤਾ ਸਦਾ ਜੈ ਬਿਰਾਜੈ ॥੨॥
ਤੁਹੀ ਦੇਵ ਤੂ ਦੈਤ ਤੈ ਜਛੁ ਉਪਾਏ
ਤੁਹੀ ਤੁਰਕ ਹਿੰਦੂ ਜਗਤ ਮੈ ਬਨਾਏ
ਤੁਹੀ ਪੰਥ ਹ੍ਵੈ ਅਵਤਰੀ ਸ੍ਰਿਸਟਿ ਮਾਹੀ
ਤੁਹੀ ਬਕ੍ਰਤ ਤੇ ਬ੍ਰਹਮ ਬਾਦੋ ਬਕਾਹੀ ॥੩॥

ਅਸ਼ਲੀਲਤਾ ਨਾਲ਼ ਭਰੇ ਤ੍ਰਿਅ ਚਰਿੱਤ੍ਰਾਂ ਵਿੱਚੋਂ ਤ੍ਰਿਅ ਚਰਿੱਤ੍ਰ ਨੰਬਰ 404 (ਦਸ਼ਮ ਗ੍ਰੰਥ) ਵਿੱਚੋਂ ਲਈ ਗਈ ਕਬਿਯੋ ਬਾਚ ਬੇਨਤੀ ਚੌਪਈ ਇਕ ਦੇਹਧਾਰੀ ਦੇਵਤੇ ਮਹਾਂਕਾਲ਼ ਅੱਗੇ ਸ਼ਯਾਮ ਕਵੀ ਵਲੋਂ ਕੀਤੀ ਗਈ ਅਰਦਾਸ ਹੈ। ਇਹ ਦੇਹਧਾਰੀ ਦੇਵਤਾ ਦੈਂਤਾਂ ਨਾਲ਼ ਲੜ ਕੇ ਇੱਕ ਸੁੰਦਰ ਇਸਤ੍ਰੀ ਦੂਲਹ ਦੇਈ ਨੂੰ ਵਰਨ ਲਈ ਉਸ ਦੀ ਜੰਗ ਵਿੱਚ ਮੱਦਦ ਕਰਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿਸੇ ਭੀ ਦੇਵੀ ਜਾਂ ਦੇਵਤੇ ਨੂੰ ਸੰਬੋਧਨ ਕਰਕੇ ਉਸ ਤੋਂ ਕੁਝ ਮੰਗਣਾ ਸਿੱਖੀ ਵਿਚਾਰਧਾਰਾ ਤੋਂ ਬਾਹਰ ਹੈ। ਕਿਸੇ ਦੇਹਧਾਰੀ ਦੇਵਤੇ ਨੂੰ ਜੋ ਕੰਨਾਂ ਵਿੱਚੋਂ ਮੈਲ਼ ਕੱਢ ਕੇ ਸ੍ਰਿਸ਼ਟੀ ਰਚਨਾ ਵੀ ਕਰਦਾ (ਦਸ਼ਮ ਗ੍ਰੰਥ ਵਿੱਚ ਲਿਖਿਆ ਹੋਇਆ ਹੈ) ਹੋਵੇ ਉਸ ਨੂੰ ਅਕਾਲਪੁਰਖ ਮੰਨਣਾਂ ਸਿੱਖਾਂ ਲਈ ‘ਆਪਣੇ ਪੈਰੀਂ ਆਪ ਕੁਹਾੜਾ ਮਾਰਨ’ ਅਤੇ ‘ਆ ਬੈਲ ਮੁਝੇ ਮਾਰ’ ਵਾਲ਼ੀ ਗੱਲ ਤੋਂ ਵੱਧ ਹੋਰ ਕੋਈ ਸੱਚ ਨਹੀਂ। ਸਿੱਖ ਇਉਂ ਗੁਰੂ ਪਰਮੇਸ਼ਰ ਨਾਲੋਂ ਟੁੱਟ ਕੇ ਦੇਵੀ ਦੇਵਤਿਆਂ ਨੂੰ ਨੀ ਗੁਰੂ ਪਰਮੇਸ਼ਰ ਮੰਨ ਕੇ ਹਿੰਦੂ ਮੱਤ ਵਿੱਚ ਜਜ਼ਬ ਹੋਈ ਜਾ ਰਹੇ ਹਨ।
ਬਿਪਰਵਾਦੀ ਸੋਚ, ਹਨ੍ਹੇਰ-ਚੱਕਰ ਤੇ ਅਗਿਆਨਤਾ ਦੇ ਖੂਹ ਵਿੱਚੋਂ ਓਹੀ ਨਿਕਲਣਗੇ ਜੋ ਆਪ ਇਸ ਮਹਾਕਾਲ਼ ਦੀ ਕਹਾਣੀ ਨੂੰ ਚਰਿਤ੍ਰੋ ਪਾਖਿਯਾਨ ਨੰਬਰ 404 ਵਿੱਚੋਂ ਪੜ੍ਹਨਗੇ।

ਦੋ ਰਚਨਾਵਾਂ ਸ਼ਯਾਮ ਕਵੀ ਦੀ ‘ਰਾਮਾਵਤਾਰ’ ਦੀ ਰਮਾਇਣ ਕਥਾ ਵਿੱਚੋਂ !

‘ਰਾਮਾਵਤਾਰ’ ਦਸ਼ਮ ਗ੍ਰੰਥ ਵਿੱਚੋਂ ਸ਼ਯਾਮ ਕਵੀ ਦੀ ਇੱਕ ਰਚਨਾ ਹੈ । ‘ਰਾਮਾਵਤਾਰ’ ਦਾ ਸ਼ਯਾਮ ਕਵੀ ਰਮਾਇਣ ਕਥਾ ਲਿਖਣ ਵਿੱਚ ਮਹਾਂਕਾਲ਼ ਦੀ ਹੋਈ ਕਿਰਪਾ ਮੰਨਦਾ ਹੈ, ਅਕਾਲਪੁਰਖ ਦੀ ਨਹੀਂ, ਜਿਵੇਂ-

ਗ੍ਰੰਥ ਸਕਲ ਪੂਰਣ ਕੀਓ ਭਗਵਤ ਕ੍ਰਿਪਾ ਪ੍ਰਸਾਦਿ।862।--ਰਾਮਾਵਤਾਰ ਦੀ ਰਮਾਇਣ ਵਿੱਚੋਂ।। ‘ਰਾਮਾਵਤਾਰ’ ਵਿੱਚ ਸ਼ਯਾਮ ਕਵੀ ਨਾਮ ਦੀ ਛਾਪ ਲੱਗੀ ਵੀ ਦੇਖੋ।-

ਸੁ ਕਬਿ ਸਯਾਮ ਇਹ ਬਿਧਿ ਕਹਿਯੋ ਰਘੁਬਰ ਜੁਧ ਪ੍ਰਸੰਗ ।323।
ਪਾਇ ਗਹੇ ਜਬ ਤੇ ਤੁਮਰੇ------ਬਖਾਨਯੋ ।863।

ਅਰਥ- ਇਹ ਸਵੱਯਾ ‘ਰਾਮਾਵਤਾਰ’ ਦੀ ‘ਰਮਾਇਣ ਕਥਾ’ ਵਿੱਚ 863 ਵਾਂ ਬੰਦ ਹੈ। ਸ਼ਯਾਮ ਕਵੀ ਮਹਾਂਕਾਲ਼ ਦੀ ਸਿਫ਼ਤਿ ਕਰਦਾ ਕਹਿੰਦਾ ਹੈ ਕਿ ਉਹ ਮਹਾਂਕਾਲ਼ ਤੋਂ ਉੱਪਰ ਹੋਰ ਕਿਸੇ ਨੂੰ ਨਹੀਂ ਮੰਨਦਾ। ਉਹ ਕਿਸੇ ਰਾਮ, ਰਹੀਮ, ਪੁਰਾਨ ਜਾਂ ਕ਼ੁਰਾਨ ਨੂੰ ਉਸ ਤੋਂ ਵੱਧ ਨਹੀਂ ਸਮਝਦਾ। ਕਵੀ ਕਹਿੰਦਾ ਹੈ ਕਿ ਉਹ ਸਿਮ੍ਰਿਤੀਆਂ, ਸ਼ਾਸਤ੍ਰ ਅਤੇ ਵੇਦ ਆਦਿਕ ਧਰਮ ਪੁਸਤਕਾਂ ਦੇ ਉਪਦੇਸ਼ ਨਾਲ਼ੋਂ ਮਹਾਂਕਾਲ਼ ਦੀ ਕ੍ਰਿਪਾ ਨੂੰ ਸ੍ਰੇਸ਼ਟ ਮੰਨਦਾ ਹੈ। ‘ਸ਼੍ਰੀ ਅਸਿਪਾਨ’ ਨੂੰ ਸੰਬੋਧਨ ਕਰਕੇ ਕਵੀ ਨੇ ਇਹ ਸਵੱਯਾ ਲਿਖਿਆ ਹੈ। ਕਬਿਯੋ ਬਾਚ ਚੌਪਈ ਵਿੱਚ ਮਹਾਂਕਾਲ਼ ਲਈ ਸ਼ਯਾਮ ਕਵੀ ਨੇ ਹੀ ਅਸਿਧੁਜ, ਅਸਿਪਾਨ, ਖੜਗਕੇਤ, ਖੜਗਧੁਜ ਆਦਿ ਸ਼ਬਦ ਵਰਤੇ ਹਨ। ਕਿਸੇ ਵੀ ਤਰ੍ਹਾਂ ‘ਅਸਿਪਾਨ’ ਦਾ ਅਰਥ ਅਕਾਲਪੁਰਖ ਨਹੀਂ ਹੋ ਸਕਦਾ। ਮਹਾਂਕਾਲ ਨੇ ਹੀ ਹੱਥ ਵਿੱਚ ਕਿਰਪਾਨ ਆਦਿਕ ਹਥਿਆਰ ਫੜ ਕੇ ਜੰਗ ਵਿੱਚ ਦੈਂਤਾਂ ਨੂੰ ਮਾਰ ਕੇ ਦੂਲਹ ਦੇਈ ਸੁੰਦਰੀ ਨੂੰ ਵਰਨ ਲਈ ਉਸ ਦੀ ਮੱਦਦ ਕੀਤੀ ਸੀ। ਅਕਾਲ ਪੁਰਖ ਸੁੰਦਰ ਇਸਤ੍ਰੀਆਂ ਨੂੰ ਵਰਨ ਲਈ ਕਿਤੇ ਲੜਾਈ ਨਹੀਂ ਕਰਦਾ ਫਿਰਦਾ। ਉਹ ਤਾਂ ਹਰ ਇਸਤ੍ਰੀ ਦੇ ਅੰਦਰ ਜੋਤਿ ਰੂਪ ਵਿੱਚ ਆਪਿ ਹੀ ਵਰਤ ਰਿਹਾ ਹੈ। ਸਪੱਸ਼ਟ ਹੈ ਕਿ ‘ਅਸਿਪਾਨ’ ਸ਼ਬਦ ਕੇਵਲ ਮਹਾਂਕਾਲ਼ ਦਾ ਹੀ ਸੂਚਕ ਹੈ। ਰੱਬ ਦੇਹਧਾਰੀ ਨਹੀਂ ਹੈ।

ਸਗਲ ਦੁਆਰ ਕਉ ਛਾਡ ਕੈ-------ਤੁਹਾਰ ।864।

ਅਰਥ- ‘ਰਮਾਇਣ ਕਥਾ’ ਤਥਾ ‘ਰਘੂਵਰ ਕਥਾ’ ਰਾਮਾਵਤਾਰ ਵਿੱਚ ਇਹ 864 ਵਾਂ ਛੰਦ ਹੈ। ਇਸ ਵਿੱਚ ਸ਼ਯਾਮ ਕਵੀ ਮਹਾਂਕਾਲ਼ ਅੱਗੇ ਬੇਨਤੀ ਕਰਦਾ ਹੈ ਕਿ ਉਸ ਨੇ ਸਾਰੇ ਦਰ ਛੱਡ ਕੇ ਹੀ ਉਸ ਦਾ ਪੱਲਾ ਫੜਿਆ ਹੈ। ਕਵੀ ਮਹਾਂਕਾਲ਼ ਨੂੰ ਗੋਬਿੰਦ ਆਖਦਾ ਕਹਿੰਦਾ ਹੈ ਕਿ ਹੇ ਗੋਬਿੰਦ ਜੀ ‘ ਮੈਂ ਸ਼ਯਾਮ ਤੁਹਾਡਾ ਦਾਸ ਹਾਂ’।

‘ਗੋਬਿੰਦ’ ਸ਼ਬਦ ਨੂੰ ਸਮਝਣ ਦੀ ਲੋੜ ਹੈ। ਛੇ ਗੁਰੂ ਪਾਤਿਸ਼ਾਹਾਂ ਨੇ ਆਪਣੀ ਬਾਣੀ ਰਚਣ ਲਈ ‘ਨਾਨਕ’ ਸ਼ਬਦ ਦੀ ਮੁਹਰ ਛਾਪ ਹੀ ਵਰਤੀ ਹੈ, ਕਿਸੇ ਗੁਰੂ ਜੀ ਨੇ ‘ਗੋਬਿੰਦ’ ਸ਼ਬਦ ਦੀ ਮੁਹਰ ਨਾਲ਼ ਬਾਣੀ ਨਹੀਂ ਲਿਖੀ। ਗੁਰਬਾਣੀ ਵਿੱਚ ‘ਗੋਬਿੰਦ’ ਸ਼ਬਦ ਪ੍ਰਭੂ ਲਈ ਵਰਤਿਆ ਗਿਆ ਹੈ {ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ॥੧॥ ਰਹਾਉ ॥ --ਗਗਸ ਪੰਨਾਂ 1273}। ਰਾਮਾਵਤਾਰ ਦਾ ਲਿਖਾਰੀ ਮਹਾਂਕਾਲ਼ ਨੂੰ ਹੀ ‘ਗੋਬਿੰਦ’ ਸ਼ਬਦ ਨਾਲ਼ ਯਾਦ ਕਰਦਾ ਹੈ। ਲਿਖਾਰੀ ਦੀ ਛਾਪ ਤਾਂ ਸ਼ਯਾਮ ਹੈ, ਗੋਬਿੰਦ ਨਹੀਂ।

ਵਾਧੂ ਜੋੜੀਆਂ ਅਪ੍ਰਵਾਨਤ ਰਚਨਾਵਾਂ ਕੀ ਗੁਰੂ ਕ੍ਰਿਤ ਹਨ ?

ਗੁਰੂ ਅਤੇ ਪਰਮੇਸ਼ਰ ਭੁੱਲਣ ਵਾਲ਼ੀਆਂ ਹਸਤੀਆਂ ਨਹੀਂ। ਗੁਰਬਾਣੀ, ਸਿੱਖਾਂ ਦੀਆਂ ਅੱਖਾਂ ਵਿੱਚ ਗਿਆਨ ਦਾ ਸੁਰਮਾ ਪਾਉਂਦੀ, ਬਖ਼ਸ਼ਸ਼ ਕਰਦੀ ਹੈ-

ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥-- ਗਗਸ ਪੰਨਾਂ 61

ਅਰਥ- ਗੁਰੂ ਅਤੇ ਕਰਤਾਰ ਹੀ ਅਭੁੱਲ ਹਨ, ਬਾਕੀ ਸੱਭ ਭੁੱਲਣਹਾਰ ਹਨ।

ਕੀ ਵਾਧੂ ਜੋੜੀਆਂ ਰਚਨਾਵਾਂ ਦਾ ਕਵੀ ਭੁੱਲਣਹਾਰ ਹੈ ਜਾਂ ਨਹੀਂ? ਜੇ ਤਾਂ ਭੁੱਲਣਹਾਰ ਹੋਇਆ ਤਾਂ ਉਹ ‘ਗੁਰੂ ਪਾਤਿਸ਼ਾਹ’ ਦੀ ਪਦਵੀ ਨਹੀਂ ਰੱਖਦਾ। ਜੋ ‘ਰਮਾਇਣ ਕਥਾ’ ਭਾਵ ‘ਰਾਮਾਵਤਾਰ’ ਵਿੱਚ 860 ਵੇਂ ਬੰਦ ਵਿੱਚ ਕਵੀ ਖ਼ੁਦ ਹੀ ਲਿਖ ਰਿਹਾ ਹੈ ਜ਼ਰਾ ਉਸ ਨੂੰ ਧਿਆਨ ਗੋਚਰੇ ਕਰਦੇ ਹਾਂ-

ਤ੍ਵ ਪ੍ਰਸਾਦਿ ਕਰਿ ਗ੍ਰੰਥ ਸੁਧਾਰਾ। ਭੂਲ ਪਰੀ ਲਹੁ ਲੇਹੁ ਸੁਧਾਰਾ ।860।

ਅਰਥ- ਕਵੀ ਖ਼ੁਦ ਆਪਣੀ ਰਚਨਾ ਵਿੱਚ ਕਹਿ ਰਿਹਾ ਹੈ ਕਿ ਉਸ ਤੋਂ ਜਿੱਥੇ ਕੋਈ ਭੁੱਲ ਹੋ ਗਈ ਹੋਵੇ ਤਾਂ ਉਸ ਨੂੰ ਬਦਲ ਕੇ ਠੀਕ ਕਰ ਲਿਓਇਸ ਤੋਂ ਸਪੱਸ਼ਟ ਹੈ ਇਹ ‘ਰਾਮਾਵਤਾਰ’ ਜਾਂ ਤ੍ਰਿਅ ਚਰਿੱਤ੍ਰ ਵਿੱਚੋਂ ਲਈਆਂ ਰਚਨਾਵਾਂ ਗੁਰੂ ਕ੍ਰਿਤ ਨਹੀਂ ਹਨ, ਕਿਉਂਕਿ ਇਨ੍ਹਾਂ ਨੂੰ ਬਦਲ ਕੇ ਠੀਕ ਵੀ ਕੀਤਾ ਜਾ ਸਕਦਾ ਹੈ। ਗੁਰਬਾਣੀ ਜਾਂ ਗੁਰੂ ਕ੍ਰਿਤ ਰਚਨਾ ਦੀ ਤਾਂ ਇੱਕ ਲਗ ਮਾਤ੍ਰ ਵੀ ਨਹੀਂ ਬਦਲੀ ਜਾ ਸਕਦੀ। ਏਥੇ ਕਵੀ ਖ਼ੁਦ ਬਦਲ ਦੇਣ ਦੀ ਖੁੱਲ੍ਹ ਦੇ ਰਿਹਾ ਹੈ। ਨਿਸਚੇ ਹੀ ਇਹ ਵਾਧੂ ਰਚਨਾਵਾਂ ਸ਼ਯਾਮ ਨਾਂ ਦੇ ਕਵੀ ਦੀਆਂ ਹਨ ਜੋ ਆਪ ਨੂੰ ਭੁੱਲਣਹਾਰ ਮੰਨਦਾ ਹੈ। ਇਹ ਰਚਨਾਵਾਂ ਗੁਰੂ ਕ੍ਰਿਤ ਨਹੀਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰੂ ਪਾਤਿਸ਼ਾਹਾਂ ਦੀ ਬਾਣੀ ਹੀ ਗੁਰੂ ਕ੍ਰਿਤ ਹੈ ਬਾਹਰ ਪਈ ਕੋਈ ਰਚਨਾ ਗੁਰੂ ਦਾ ਦਰਜਾ ਨਹੀਂ ਰੱਖਦੀ।

ਸੰਨ 1925 ਵਿੱਚ ਆਰ. ਐੱਸ. ਐੱਸ. (ਰਾਸ਼ਟ੍ਰੀ ਸਵਯੰਸੇਵਕ ਸੰਘ) ਦੀ ਸਥਾਪਨਾ ਹੋ ਗਈ ਸੀ ਜਿਸ ਦਾ ਪਹਿਲਾ ਪ੍ਰਧਾਨ ਕੇ. ਬੀ. ਹੈੱਡਗਵਾਰ ਬਣਿਆਂ। ਇਸ ਸੰਸਥਾ ਦਾ ਨਿਸ਼ਾਨਾ ਘੱਟ ਗਿਣਤੀਆਂ ਨੂੰ ਬਿਪਰਵਾਦ ਦੀਆਂ ਧਾਰਨੀ ਬਣਾ ਕੇ ਹਿੰਦੂ ਮੱਤ ਵਿੱਚ ਸਮਾਅ ਲੈਣਾ ਹੈ। ਇਸ ਸੰਸਥਾ ਦਾ ਹਵਾਲਾ ਦੇਣ ਦਾ ਮਕਸਦ ਇਹ ਦੱਸਣਾ ਹੈ ਕਿ ਸ਼੍ਰੋ. ਗੁ. ਪ੍ਰ. ਕਮੇਟੀ ਵਲੋਂ ਚਲਾਈ ਗੁਰਦੁਆਰਾ ਸੁਧਾਰ ਲਹਿਰ (ਸੰਨ 1920-1925) ਦੁਆਰਾ ਸਿੱਖਾਂ ਦੀ ਚੜ੍ਹਦੀ ਕਲਾ ਤੋਂ ਘਬਰਾਅ ਕੇ ਇਹ ਸੰਸਥਾ ਪੱਕੇ ਤੌਰ 'ਤੇ ਹੋਂਦ ਵਿੱਚ ਆ ਗਈ। ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਬ੍ਰਿਟਿਸ਼ ਸਰਕਾਰ ਦੇ ਹਮਾਇਤੀ 36 ਕਮੇਟੀ ਮੈਂਬਰਾਂ ਦੇ ਬਿਪਰਵਾਦੀ ਪ੍ਰਭਾਵ ਤੋਂ ਬਿਨਾਂ ਇਸ ਸੰਸਥਾ ਦਾ ਪਰਛਾਵਾਂ ਸ਼੍ਰੋ. ਗੁ. ਪ੍ਰ. ਉੱਤੇ ਪੈਣਾ ਸ਼ੁਰੂ ਹੋ ਗਿਆ ਸੀ ਜਿਸ ਦਾ ਸਬੂਤ ‘ਸਿੱਖ ਰਹਿਤ ਮਰਯਾਦਾ’ ਪੁਸਤਕ ਵਿੱਚ ਘੁਸਪੈਠ ਕਰ ਗਏ ਬਿਪਰਵਾਦੀ ਅੰਸ਼ਾਂ ਤੋਂ ਪ੍ਰਗਟ ਹੁੰਦਾ ਹੈ।

ਸੌਣ ਵੇਲੇ ਦੇ ਨਿੱਤ-ਨੇਮ ਦੇ, ਛਾਪੇ ਦੀ ਬੀੜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨਿਆਂ ਉੱਤੇ ਲਿਖੇ, ਪੰਜ ਸ਼ਬਦਾਂ ਵਿੱਚ ਕਮੇਟੀ ਵਲੋਂ ਕੋਈ ਵਾਧਾ ਨਹੀ ਕੀਤਾ ਗਿਆ ਤੇ ਇਸੇ ਤਰ੍ਹਾਂ ਹੀ ਇਹ ਪਾਠ ਪ੍ਰਵਾਨ ਕੀਤਾ ਗਿਆ। ਇੱਸ ਤੋਂ ਇਹ ਗੱਲ ਵੀ ਸਾਮ੍ਹਣੇ ਆਉਂਦੀ ਹੈ ਕਿ 25 ਮੈਂਬਰੀ ਕਮੇਟੀ ਨੂੰ ਇਹ ਪਤਾ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿੱਖ ਦਾ ਨਿੱਤ-ਨੇਮ ਹੈ, ਫਿਰ ਭੀ ਕਮੇਟੀ ਨੇ ਇਸ ਦੇ ਬਾਕੀ ਅੰਸ਼ਾਂ ਨੂੰ ਬਦਲ ਦੇਣ ਦੀ ਮਨਮਤਿ ਕਰਕੇ ਗੁਰੂ ਤੋਂ ਮੂੰਹ ਫੇਰਿਆ, ਬਾਹਰ ਪਈਆਂ ਪਰਾਇਆਂ ਦੀਆਂ ਦੇਵੀ ਪੂਜਕ ਕੱਚੀਆਂ ਰਚਨਾਵਾਂ ਵਲ ਝਾਕਿਆ ਤੇ ਸਿੱਖ ਕੌਮ ਨੂੰ ਬਿਪਰਵਾਦੀ ਸੋਚ ਦੇ ਖੱਡੇ ਵਿੱਚ ਸੁੱਟ ਦਿੱਤਾ। ਸ਼ਾਮ ਦੇ ਪਾਠ ਵਿੱਚ ਹੁਣ ਸਿੱਖ ਰਾਮਾਇਣ ਦੀ ਕਥਾ ਦੇ ਅੰਸ਼ ਅਤੇ ਚਰਿਤ੍ਰੋ ਪਾਖਿਆਨ ਨੰਬਰ 404 ਦੇ ਮਹਾਂਕਾਲ਼ੀ ਅੰਸ਼ ਵੀ ਪੜ੍ਹ ਰਹੇ ਹਨ।

ਅਰਦਾਸਿ ਵਿੱਚ ਬਿਪਰਵਾਦੀ ਅੰਸ਼ ਜੋੜੇ ਗਏ:

ਮੌਜੂਦਾ ਕੀਤੀ ਜਾਂਦੀ ਅਰਦਾਸਿ ਵੀ ਕਿਸੇ ਗੁਰੂ ਸਾਹਿਬ ਪਾਤਿਸ਼ਾਹ ਵਲੋਂ ਨਹੀਂ ਬਣਾਈ ਗਈ।

ਚਲਦਾ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top