Share on Facebook

Main News Page

ਜਦੋਂ ਆਪਣਿਆਂ ਨੇ ਹੀ ਸਿੱਖਾਂ ਨੂੰ ਪੱਕੇ ਤੌਰ 'ਤੇ ਬਿਪਰਵਾਦੀ ਬਣਾ ਦਿੱਤਾ ! (ਭਾਗ ਪਹਿਲਾ)
-: ਪ੍ਰੋ. ਕਸ਼ਮੀਰਾ ਸਿੰਘ USA

ਅੰਗ੍ਰੇਜ਼ੀ ਰਾਜ ਸਮੇਂ 15 ਨਵੰਬਰ ਸੰਨ 1920 ਵਿੱਚ ਅਕਾਲੀ ਲੀਡਰਸ਼ਿੱਪ ਵਲੋਂ ਦਰਬਾਰ ਸਾਹਿਬ ਦਾ ਪ੍ਰਬੰਧ ਚਲਾਉਣ ਲਈ ਇੱਕ ਕਮੇਟੀ ਬਣਾਉਣ ਲਈ ਅੰਮ੍ਰਿਤਸਰ ਵਿੱਚ ਜਨਰਲ ਅਸੈਂਬਲੀ ਬੁਲਾ ਕੇ ਇੱਕ ਇਕੱਠ ਕਰਨ ਦਾ ਫ਼ੈਸਲਾ ਕੀਤਾ। ਪਤਾ ਲੱਗਣ ਮਗਰੋਂ ਇਸ ਇਕੱਠ ਤੋਂ ਠੀਕ ਦੋ ਦਿਨ ਪਹਿਲਾਂ ਚਾਲਾਕ ਅੰਗ੍ਰੇਜ਼ ਸਰਕਾਰ ਨੇ ਆਪਣੇ ਵਲੋਂ 36 ਮੈਂਬਰੀ ਗੁਰਦੁਆਰਾ ਪ੍ਰ. ਕਮੇਟੀ ਬਣਾ ਦਿੱਤੀ ਤਾਂ ਜੁ ਸਿੱਖ ਆਪਣੀ ਕਮੇਟੀ ਨਾ ਬਣਾ ਸਕਣ।। ਸਿੱਖਾਂ ਨੇ ਬੁਲਾਏ ਇਕੱਠ ਵਿੱਚ ਆਪਣੇ ਵਲੋਂ ਨਵੀਂ ਕਮੇਟੀ ਚੁਣ ਲਈ। ਇੱਸ 175 ਮੈਂਬਰੀ ਕਮੇਟੀ ਵਿੱਚ ਅੰਗ੍ਰੇਜ਼ ਸਰਕਾਰ ਵਲੋਂ ਬਣਾਈ ਗੁਰਦੁਆਰਾ ਪ੍ਰ. ਕਮੇਟੀ ਦੇ 36 ਮੈਂਬਰ{ ਜੋ ਸਿੱਖ ਕੌਮ ਵਿਰੋਧੀ ਬ੍ਰਿਟਿਸ਼ ਸਰਕਾਰ ਦੇ ਹਮਾਇਤੀ ਸਨ} ਵੀ ਸਿੱਖਾਂ ਨੇ ਸ਼ਾਮਲ ਕਰ ਲਏ। ਕਮੇਟੀ ਦਾ ਨਾਂ ਸ਼੍ਰੋ. ਗੁ. ਪ੍ਰ. ਕਮੇਟੀ ਰੱਖਿਆ ਗਿਆ।

ਇਸ ਕਮੇਟੀ ਵਲੋਂ 14 ਦਸੰਬਰ ਸੰਨ 1920 ਨੂੰ ਸ਼ੁਰੂ ਕੀਤੀ ਗੁਰਦੁਆਰਾ ਸੁਧਾਰ ਲਹਿਰ (ਸੰਨ 1920 ਤੋਂ 1925) ਬੜੀ ਕਾਮਯਾਬੀ ਨਾਲ਼ ਚਲਾਈ ਗਈ ਤੇ ਬ੍ਰਿਟਿਸ਼ ਸਰਕਾਰ ਦੇ ਪਿੱਠੂ ਮਹੰਤਾਂ {ਬਿਪਰਵਾਦੀ ਤੇ ਸਨਾਤਨੀ ਸੋਚ ਵਾਲ਼ੇ ਸਿੱਖੀ ਦੇ ਵਿਰੋਧੀ, ਗੁਰਦੁਆਰਿਆਂ ਉੱਤੇ ਪਹਿਲਾਂ ਹੀ ਕਾਬਜ਼, ਇਹ ਮਹੰਤ ਮਹਾਰਾਜਾ ਰਣਜੀਤ ਸਿੰਘ (ਸੰਨ 1780-1839) ਦੇ 40 ਸਾਲਾ ਰਾਜ ਵਿੱਚ ਹੋਰ ਪਲ਼ੇ ਤੇ ਵਧੇ ਫੁੱਲੇ। ਮਹਾਰਾਜੇ ਵਲੋਂ ਗੁਰਦੁਆਰਿਆਂ ਦੇ ਨਾਂ ਲਾਈਆਂ ਜਗੀਰਾਂ ਇਨ੍ਹਾਂ ਮਹੰਤਾ ਦੀ ਅਯਾਸ਼ੀ ਬਣ ਗਈਆਂ ਕਿਉਂਕਿ ਮਹਾਰਾਜੇ ਨੇ ਮਹੰਤਾਂ ਨੂੰ ਬਦਲਿਆ ਨਹੀਂ। ਮਹਾਰਾਜੇ ਨੇ ਗੁਰਦੁਆਰਿਆਂ ਵਿੱਚ ਸਿੱਖੀ ਸੋਚ ਵਾਲ਼ੇ ਗ੍ਰੰਥੀ ਲਾਉਣ ਦੀ ਥਾਂ ਇਨ੍ਹਾਂ ਬਿਪਰਵਾਦੀ ਮਹੰਤਾਂ ਨੂੰ ਮਾਇਕ ਤੌਰ 'ਤੇ ਤਕੜੇ ਕਰ ਕੇ ਸਿੱਖੀ ਵਿਚਾਰਧਾਰਾ ਦਾ ਬਹੁਤ ਨੁਕਸਾਨ ਕਰਵਾਇਆ ਜਿੱਸ ਨੂੰ ਹੁਣ ਤਕ ਭੁਗਤਿਆ ਜਾ ਰਿਹਾ ਹੈ ਤੇ ਭੁਗਤਿਆ ਜਾਂਦਾ ਰਹੇਗਾ। ਬਹੁਤੇ ਗੁਰਦੁਆਰਿਆਂ ਵਿੱਚ ਚੱਲ ਰਹੀਆਂ ਤੇ ਸਿੱਖਾਂ ਦੇ ਮਨਾਂ ਵਿੱਚ ਘਰ ਕਰ ਚੁੱਕੀਆਂ ਮਨਮਤਾਂ ਤੇ ਪੜ੍ਹੀਆਂ ਜਾ ਰਹੀਆਂ ਅਪ੍ਰਵਾਨਤ ਰਚਨਾਵਾਂ ਇਨ੍ਹਾਂ ਬਿਪਰਵਾਦੀ ਤੇ ਸਨਾਤਨੀ ਮਹੰਤਾਂ ਦੀ ਹੀ ਦੇਣ ਹੈ} ਦੇ ਕਬਜ਼ਿਆਂ ਤੋਂ ਬਹੁਤ ਸਾਰੀਆਂ ਸ਼ਾਤਮਈ ਸ਼ਹੀਦੀਆਂ ਨਾਲ਼ ਗੁਰਦੁਆਰੇ ਛੁਡਾ ਲਏ ਗਏ। ਇਸ ਕਾਰਜ ਲਈ ਸ਼ਾਤਮਈ ਮੋਰਚੇ ਲਾਏ ਗਏ ਜਿਵੇਂ ਨਨਕਾਣਾਂ ਸਾਹਿਬ ਦਾ ਮੋਰਚਾ, ਜੈਤੋ ਦਾ ਮੋਰਚਾ, ਮੋਰਚਾ ਗੁਰੂ ਕਾ ਬਾਗ਼, ਚਾਬੀਆਂ ਦਾ ਮੋਰਚਾ ਆਦਿਕ।

ਸ਼੍ਰੋ. ਗੁ. ਪ੍ਰ. ਕਮੇਟੀ ਨੇ ਗੁਰਦੁਆਰਿਆ ਵਿੱਚ ਸਦੀਆਂ ਤੋਂ ਘਰ ਕਰ ਚੁੱਕੀ ਮਹੰਤਵਾਦੀ ਸੋਚ {ਇਸ ਸੋਚ ਨਾਲ਼ ਹੀ ਹੁਣ ਤੱਕ ਬਹੁਤੇ ਗੁਰਦੁਅਰਿਆਂ ਵਿੱਚ ਮਹੰਤਵਾਦੀ ਜਾਂ ਬਿਪਰਵਾਦੀ ਧਾਰਮਕ ਰੀਤਾਂ ਚੱਲ ਰਹੀਆਂ ਹਨ ਜਿਵੇਂ ਗੁਰ ਤਸਵੀਰ ਪੂਜਾ, ਵਿਸ਼ੇਸ਼ ਦਿਨਾਂ ਉੱਤੇ ਬਿਪਰਵਾਦੀ ਸੋਚ ਅਧੀਨ ਵਰਤ ਰੱਖਣੇ ਤੇ ਵਰਤਾਂ ਦੀ ਮਹਾਨਤਾ ਦੀਆਂ ਕਹਾਣੀਆਂ ਸੁਣਾਉਣੀਆਂ, ਪਾਠਾਂ ਸਮੇਂ ਕੁੰਭ, ਨਾਰੀਅਲ, ਲਾਲ ਕੱਪੜਾ ਤੇ ਜੋਤਾਂ ਜਗਾਉਣੀਆਂ, ਥਾਲ਼ ਵਿੱਚ ਲੰਗਰ ਪਰੋਸ ਕੇ ਹਜ਼ੂਰੀ ਵਿੱਚ ਰੱਖਣਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੂਰਤੀ ਸਮਝ ਕੇ ਭੋਗ ਲੁਆਉਣਾ, ਥਾਲ਼ ਵਿੱਚ ਰੱਖੇ ਦੀਵੇ ਘੁਮਾਅ ਕੇ ਸ਼ਬਦ ਗੁਰੂ ਅੱਗੇ ਆਰਤੀ ਕਰਨੀ ਤਾਂ ਜੁ ਸ਼ਬਦ ਗਰੂ ਵੀ ਮੂਰਤੀ ਮੰਨ ਲਈ ਜਾਏ, ਸ਼ਨੀਵਾਰ ਨੂੰ ਤੇਲ ਅਤੇ ਮਾਂਹ ਦੀ ਦਾਲ਼ ਭੇਟ ਕਰਨੀ, ਸੰਪਟ ਪਾਠ ਕਰਨੇ ਕਰਾਉਣੇ, ਮੰਦਰਾਂ ਵਿੱਚ ਸ਼ਿਵ ਲਿੰਗ ਨੂੰ ਦੁੱਧ ਜਾਂ ਕੱਚੀ ਲੱਸੀ ਨਾਲ਼ ਧੋਣ ਦੀ ਨਕਲ ਤੇ ਗੁਰਦੁਆਰਿਆਂ ਦੇ ਫ਼ਰਸ਼ ਇਸ ਤਰ੍ਹਾਂ ਧੋਣੇ, ਪੀੜੇ ਨੂੰ ਰੱਖੜੀ ਅਤੇ ਰੰਗ ਬਰੰਗੇ ਧਾਗੇ ਬੰਨ੍ਹਣੇ, ਹਵਨ ਦੀ ਤਰਜ਼ ਤੇ ਧੂਫ਼ ਤੇ ਅਗਰਬੱਤੀ ਦੀ ਵਰਤੋਂ ਕਰਨੀ ਭਾਵੇਂ ਪਾਠੀ ਦਾ ਸੰਘ ਹੀ ਧੂਏਂ ਨਾਲ਼ ਖ਼ਰਾਬ ਹੋ ਜਾਏ, ਦੇਹ ਸ਼ਿਵਾ ਬਰ..., ਹੇ ਰਵਿ ਹੇ ਸਸਿ ਮੇਰੀ..., ਕਾਲ਼ ਤੁਹੀ ਕਾਲ਼ੀ ਤੁਹੀ... ਵਰਗੀਆਂ ਹਿੰਦੂ ਮੱਤ ਦੀਆਂ ਕੱਚੀਆਂ ਰਚਨਾਵਾਂ ਦਾ ਪਾਠ ਜਾਂ ਕੀਰਤਨ ਕਰਨਾ ਆਦਿਕ ਆਦਿਕ ਆਦਿਕ} ਦੀ ਥਾਂ ਸਿੱਖ ਮਰਯਾਦਾ ਲਾਗੂ ਕਰਨ ਲਈ ਇੱਕ ਕਮੇਟੀ ਬਣਾਉਣ ਲਈ ਸੋਚ ਬਣਾਈ।

ਅਕਤੂਬਰ ਸੰਨ 1931 ਵਿੱਚ ਸਿੱਖ ਰਹਿਤ ਮਰਯਾਦਾ ਦਾ ਖਰੜਾ ਤਿਆਰ ਕਰਨ ਲਈ ਸ਼੍ਰੋ. ਕਮੇਟੀ ਵਲੋਂ ਇੱਕ 25 ਮੈਂਬਰੀ ਸਬ-ਕਮੇਟੀ ਬਣਾ ਦਿੱਤੀ ਗਈ ਜਿਸ ਦੀਆਂ ਬੈਠਕਾਂ 4 ਅਕਤੂਬਰ, 1931 ਤੋਂ ਸ਼ੁਰੂ ਹੋਈਆਂ। ਇਸ ਸਬ-ਕਮੇਟੀ ਨੇ ਤਿਆਰ ਕੀਤਾ ਖਰੜਾ ਕਰੀਬ ਇੱਕ ਸਾਲ਼ ਬਾਅਦ 1 ਅਕਤੂਬਰ, 1932 ਨੂੰ ਸ਼੍ਰੋ. ਗੁ. ਪ੍ਰ. ਕਮੇਟੀ ਨੂੰ ਸੌਂਪ ਦਿੱਤਾ। ਇਸ ਸਬ-ਕਮੇਟੀ ਦੇ ਬਣਾਏ ਖਰੜੇ ਵਿੱਚ ਕੀ ਲਿਖਿਆ ਸੀ, ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਖਰੜਾ 14 ਸਾਲ ਤਕ ਆਪਣੇ ਵਿੱਚ ਹੁੰਦੇ ਕਦੀ ਵਾਧਿਆਂ ਤੇ ਕਦੇ ਘਾਟਿਆਂ ਦੀ ਮਾਰ ਖਾਂਦਾ ਰਿਹਾ। ਇਸ ਲੰਬੇ ਅਰਸੇ ਦੌਰਾਨ ਮੌਕੇ ਦੀਆਂ ਪ੍ਰਭਾਵਸ਼ਾਲੀ ਸਿੱਖੀ ਵਿਚਾਰਧਾਰਾ ਦੀਆਂ ਵਿਰੋਧੀ ਸੰਸਥਾਵਾਂ, ਗੁਰਦੁਆਰਿਆਂ ਵਿੱਚੋਂ ਕੱਢੇ ਗਏ ਮਹੰਤਾਂ ਅਤੇ ਹੋਰ ਸਥਾਪਤ ਸਿੱਖ-ਪੰਥ ਵਿਰੋਧੀ ਸ਼ਕਤੀਆਂ ਨੇ ਖਰੜੇ ਵਿੱਚ ਆਪਣੇ ਅਨੁਸਾਰ ਤਬਦੀਲੀਆਂ ਕਰਾਉਣ ਲਈ ਜ਼ਰੂਰ ਪੂਰਾ ਪੂਰਾ ਤਾਣ ਲਾਇਆ ਹੋਵਗਾ, ਜਿਸ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ, ਤਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਤੇ ਸੁੱਚੀ ਰੱਬੀ ਵਿਚਾਰਧਾਰਾ ਵਿਰੋਧੀ ਕੁਝ ਅੰਸ਼ ਖਰੜੇ ਵਿੱਚ ਘੁਸਪੈਠ ਕਰ ਸਕੇ ਜਿਨ੍ਹਾਂ ਨੇ ਸਿੱਖੀ ਵਿਚਾਰਧਾਰਾ ਨੂੰ ਐਸੀ ਜ਼ੋਰ ਦੀ ਸੱਟ ਮਾਰੀ ਜਿਸ ਦਾ ਦਰਦ, ਕਈ ਉਪਾਵਾਂ ਦੇ ਬਾਵਜੂਦ, ਹੁਣ ਤਕ ਹੰਢਾਇਆ ਜਾ ਰਿਹਾ ਹੈ। ਸ਼੍ਰੋ. ਕਮੇਟੀ ਨੇ 3 ਫ਼ਰਬਰੀ 1945 ਨੂੰ ਮਤਾ ਨੰਬਰ 97 ਰਾਹੀਂ ਓਦੋਂ ਤਕ ਕੀਤੇ ਗਏ ਸਾਰੇ ਵਾਧਿਆਂ ਘਾਟਿਆਂ ਨੂੰ ਮੰਜ਼ੂਰੀ ਦੇ ਦਿੱਤੀ ਜਿਸ ਨਾਲ਼ ਰੋਜ਼ਾਨਾ ਜੀਵਨ ਵਿੱਚ ਸਿੱਖ ਸ਼੍ਰੋ. ਕਮੇਟੀ ਉੱਤੇ ਭਰੋਸਾ ਕਰਕੇ ਅਣਭੋਲ਼ੇ ਹੀ ਇਸ ਨੂੰ ਪੜ੍ਹਦੇ ਗਏ ਤੇ ਇੱਸ ਵਿੱਚ ਭਰੇ ਬਿਪਰਵਾਦੀ ਸੋਚ ਦੇ ਜ਼ਹਿਰੀਲੇ ਅੰਸ਼ਾਂ ਦੇ ਸ਼ਰਬਤ ਨੂੰ ਮਿੱਠਾ ਸਮਝ ਕੇ ਪੀਂਦੇ ਗਏ। ਸ਼੍ਰ. ਗੁ. ਪ੍ਰ. ਕਮੇਟੀ ਦੀ ਇਸ ਮੰਜ਼ੂਰੀ ਨਾਲ਼ ਸਿੱਖ ਪੱਕੇ ਤੌਰ 'ਤੇ ਬਿਪਰਵਾਦੀ ਸੋਚ ਦੇ ਗ਼ੁਲਾਮ ਬਣ ਗਏ।

ਮੌਜੂਦਾ ਰੂਪ ਵੱਚ ਜੋ ‘ਸਿੱਖ ਰਹਿਤ ਮਰਯਾਦਾ’ ਹੈ ਇਸ ਦੇ ਕੁਝ ਅੰਸ਼ਾਂ ਨੇ ਸਿੱਖਾਂ ਨੂੰ ਬਿਪਰਵਾਦੀ ਸੋਚ ਦੇ ਪੱਕੇ ਧਾਰਨੀ ਬਣਾ ਦਿੱਤਾ। ਕਿਉਂਕਿ ਇਹ ਖਰੜਾ ਸਿੱਖਾਂ ਦੀ ਚੁਣੀ ਹੋਈ ਸ਼੍ਰੋ. ਕਮੇਟੀ ਨੇ ਛਾਪਿਆ ਸੀ ਇਸ ਕਰਕੇ ਕਿਸੇ ਨੂੰ ਲੰਬਾ ਸਮਾਂ (ਸੰਨ 1945 ਤੋਂ) ਕੋਈ ਸ਼ੱਕ ਨਹੀਂ ਪਈ, ਕਿ ਇਹ ਖਰੜਾ ਸਿੱਖਾਂ ਦਾ ਕੋਈ ਨੁਕਸਾਨ ਕਰ ਰਿਹਾ ਹੈ।

ਖਰੜੇ ਦੇ ਕਿਹੜੇ ਅੰਸ਼ ਹਨ ਜੋ ਸਿੱਖਾਂ ਦਾ ਹੁਣ ਤਕ ਨੁਕਸਾਨ ਕਰ ਰਹੇ ਹਨ ?

1. ਧੰਨੁ ਸ੍ਰੀ ਗੁਰੂ ਨਾਨਕ ਸਾਹਿਬ, ਸ੍ਰੀ ਗੁਰੂ ਅਰਜੁਨ ਸਾਹਿਬ ਵਲੋਂ ਬਖ਼ਸ਼ਸ਼ ਕੀਤੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਪ੍ਰਵਾਨਤ ਨਿੱਤ-ਨੇਮ ਵਿੱਚ ਕਮੇਟੀ ਵਲੋਂ ਕੀਤੀ ਤਬਦੀਲੀ:

ਭਾਈ ਗੁਰਦਾਸ ਜੀ ਦੇ ਲਿਖੇ “ਸੋ ਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ” ਅਨੁਸਾਰ ਪਹਿਲੇ ਪਾਤਿਸ਼ਾਹ ਵਲੋਂ ਸ਼ੁਰੂ ਕੀਤੇ ਨਿੱਤ-ਨੇਮ ਵਿੱਚ ਪੰਜਵੇਂ ਪਾਤਿਸ਼ਾਹ ਵਲੋਂ ਅਪਣੇ ਅਤੇ ਗੁਰੂ ਪਿਤਾ ਜੀ ਦੇ ਸ਼ਬਦਾਂ ਨੂੰ ਮਿਲ਼ਾ ਕੇ ਸਿੱਖਾਂ ਲਈ ਨਿੱਤ-ਨੇਮ ਬਣਾਇਆ। ਲਿਖਤੀ ਰੂਪ ਵਿੱਚ ਇਹ ਨਿੱਤ-ਨੇਮ ਛਾਪੇ ਦੀ ਬੀੜ ਦੇ ਪਹਿਲੇ 13 ਪੰਨਿਆਂ ਉੱਤੇ ਅੰਕਤ ਹੈ। ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਗੁਰੂ ਜੀ ਦੀ ਬਾਣੀ ਆਦਿ ਬੀੜ ਵਿੱਚ ਆਪ ਦਰਜ ਕਰਾਈ ਤਾਂ ਉਨ੍ਹਾਂ ਨੇ ਪਹਿਲੇ 13 ਪੰਨਿਆਂ ਦੀ ਬਾਣੀ ਵਿੱਚ ਕੋਈ ਹੋਰ ਰਚਨਾ ਨਹੀਂ ਜੋੜੀ। ਇਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਨੇ ਬੀੜ ਵਿੱਚ ਪਹਿਲਾਂ ਹੀ ਲਿਖੇ ਨਿੱਤ- ਨੇਮ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਸੀ ਤੇ ਇਹੋ ਨਿੱਤ-ਨੇਮ ਓਦੋਂ ਉਨ੍ਹਾਂ ਦੇ ਸਮੇਂ ਪ੍ਰਚੱਲਤ ਸੀ। ਰਾਗਾਂ ਅਨੁਸਾਰ ( ਸ੍ਰੀ ਰਾਗ ਤੋਂ ਜੈਜਾਵੰਤੀ ਤਕ) ਬਾਣੀ ਦੀ ਲਿਖਾਈ 14 ਪੰਨੇਂ ਤੋਂ ਸ਼ੁਰੂ ਹੁੰਦੀ ਹੈ, ਪਹਿਲੇ ਪੰਨੇਂ ਤੋਂ ਨਹੀਂ। ਇਸ ਤੋਂ ਸਪੱਸ਼ਟ ਹੈ ਕਿ ਇਹ ਪਹਿਲੇ 13 ਪੰਨੇਂ ਰਾਗਾਂ ਅਨੁਸਾਰ ਲਿਖੀ ਬਾਣੀ ਤੋਂ ਵੱਖਰੇ ਹਨ, ਜਿਨ੍ਹਾਂ ਦੀ ਵੀਚਾਰ ਸਿੱਖ ਨੇ ਰੋਜ਼ਾਨਾ ਜ਼ਰੂਰ ਕਰਨੀ ਹੈ। ਇਸ ਤੋਂ ਵੱਧ ਬਾਣੀ ਜਿੰਨੀ ਕੋਈ ਪੜ੍ਹ ਸਕੇ ਕਲਿਆਣਕਾਰੀ ਹੀ ਹੈ, ਪਰ ਇਹ 13 ਪੰਨੇ ਰੋਜ਼ਾਨਾਂ ਜ਼ਰੂਰੀ ਵਿਚਾਰਨੇ ਹਨ ਤੇ ਇਹ ਹੀ ਸਿੱਖ ਦਾ ਨਿੱਤ-ਨੇਮ ਗੁਰੂ ਸਾਹਿਬਾਨ ਵਲੋਂ ਨਿਰਧਾਰਤ ਕੀਤਾ ਗਿਆ ਸੀ।

ਕਮੇਟੀ ਵਲੋਂ ਗੁਰ ਸੋਚ ਦੇ ਉਲ਼ਟ ਨਿੱਤ-ਨੇਮ ਵਿੱਚ ਕੀਤੀ ਤਬਦੀਲੀ:

ਸਵੇਰ ਦੇ ਨਿੱਤ-ਨੇਮ ਵਿੱਚ ਤਬਦੀਲੀ:

‘ਜਪੁ’ ਜੀ ਨਾਲ਼ ‘ਜਾਪੁ’ ਅਤੇ ‘ਸਵੱਯੇ’ ਵਾਧੂ ਜੋੜੇ ਗਏ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਹਨ {ਗੁਰੂ ਕ੍ਰਿਤ ਰਚਨਾਵਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਝਾਕਣਾਂ, ਨਿਸਫਲ ਤੇ ਬੇਮਾਇਨੇ ਹੈ, ਕਿਉਂਕਿ ਇਸ ਤਰ੍ਹਾਂ ਕਰਨ ਨਾਲ਼ ਸਿੱਖੀ ਜਾਂ ਗੁਰਮੱਤ ਵਚਿਾਰਧਾਰਾ ਸੱਚੀ ਤੇ ਸੁੱਚੀ ਨਹੀਂ ਰੱਖੀ ਜਾ ਸਕਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਰਾਗਮਾਲ਼ਾ ਤੋਂ ਬਿਨਾਂ) ਤੋਂ ਬਾਹਰ ਦੀਆਂ ਰਚਨਾਵਾਂ ਸਿੱਖਿਆਦਾਇਕ ਤਾਂ ਹੋ ਸਕਦੀਆਂ ਹਨ, ਪਰ ਉਹ ਰੱਬੀ ਬਾਣੀ ਜਾਂ ਗੁਰੂ ਦਾ ਦਰਜਾ ਲੈ ਕੇ ਨਿੱਤ-ਨੇਮ ਦੀ ਬਾਣੀ ਦੇ ਸਮਾਨ ਨਹੀਂ ਰੱਖੀਆਂ ਜਾ ਸਕਦੀਆਂ। ਭਗਤ ਕਬੀਰ ਜੀ ਦੇ ਨਾਂ ਹੇਠ ‘ਬੀਚਕ’ ਨਾਮਕ ਗ੍ਰੰਥ ਹੈ, ਭਗਤ ਜੈ ਦੇਵ ਦੇ ਨਾਂ ਹੇਠ ‘ਗੀਤ ਗੋਬਿੰਦ’ ਪੁਸਤਕ ਹੈ ਅਤੇ ‘ਨਾਨਕ’ ਦੀ ਮੁਹਰ ਛਾਪ ਵਾਲ਼ੀਆਂ ਰਚਨਾਵਾਂ ਵੀ ਲੋਕਾਂ ਵਲੋਂ ਲਿਖਿਆਂ ਪਈਆਂ ਹਨ, ਜੋ ਗੁਰੂ ਦਾ ਦਰਜਾ ਨਹੀਂ ਰੱਖਦੀਆਂ ਤੇ ਗੁਰਬਾਣੀ ਮੰਨ ਕੇ ਨਿੱਤ-ਨੇਮ ਵਿੱਚ ਨਹੀਂ ਪਾਈਆਂ ਜਾ ਸਕਦੀਆਂ। ਸਿੱਖਿਆ ਲੈਣ ਲਈ ਕੋਈ ਵੀ ਪੜ੍ਹ ਸਕਦਾ ਹੈ, ਪਰ ਬਾਣੀ ਮੰਨ ਕੇ ਕੋਈ ਉਨ੍ਹਾਂ ਨੂੰ ਗੁਰੂ ਦੇ ਬਰਾਬਰ ਨਹੀਂ ਰੱਖ ਸਕਦਾ।

ਭਾਈ ਗੁਰਦਾਸ ਅਤੇ ਭਾਈ ਨੰਦ ਲਾਲ ਸਿੰਘ ਦੀਆਂ ਰਚਨਾਵਾਂ ਮਹਾਨ ਹੋਣ 'ਤੇ ਵੀ ਗੁਰਬਾਣੀ ਜਾਂ ਗੁਰੂ ਦਾ ਦਰਜਾ ਨਹੀਂ ਰੱਖਦੀਆਂ ਤੇ ਗੁਰੂ ਸਾਹਿਬਾਨ ਨੇ ਨਿੱਤ-ਨੇਮ ਵਿੱਚ ਸ਼ਾਮਲ ਨਹੀਂ ਕੀਤੀਆਂ। ਇਹੋ ਜਿਹੀਆਂ ਢਾਢੀ ਵਾਰਾਂ ਵੀ ਹਨ ਜੋ ਗੁਰੂ ਦੀ ਪਦਵੀ ਨਹੀਂ ਰੱਖਦੀਆਂ, ਪੜ੍ਹੀਆਂ ਜਾ ਸਕਦੀਆਂ ਹਨ ਪਰ ਨਿੱਤ-ਨੇਮ ਤਾਂ ਗੁਰੂ ਦਾ ਦਰਜਾ ਪ੍ਰਾਪਤ ਬਾਣੀ ਦਾ ਹੀ ਹੁੰਦਾ ਹੈ। ਗੁਰੂ ਸਾਹਿਬਾਨ ਜਿੰਨਾਂ ਚਿਰ ਸ੍ਰੀਰਕ ਜਾਮਿਆਂ ਵਿੱਚ ਰਹੇ, ਕਿਸੇ ਦੀ ਹਿੰਮਤ ਨਹੀਂ ਪਈ ਕਿ ਉਹ ਨਕਲੀ ਗ੍ਰੰਥ ਬਣਾ ਕੇ ਸਿੱਖਾਂ ਵਿੱਚ ‘ਨਾਨਕ’ ਜਾਂ ਪਾ: 10 ਸ਼ਬਦਾਂ ਦੀਆਂ ਨਕਲੀ ਮੁਹਰਾਂ ਲਾ ਕੇ ਪ੍ਰਚਲਤ ਕਰ ਸਕੇ }। ਇਹ ਬਿਪਰਵਾਦੀ ਸੋਚ ਦਾ ਸਿੱਖੀ ਵਿਚਾਰਧਾਰਾ ਉੱਤੇ ਮਾਰੂ ਹਮਲਾ ਸੀ। ਸਿੱਖਾਂ ਦਾ ਧਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਗੁਰੂ ਵਲੋਂ ਅਪ੍ਰਵਾਨਤ ‘ਦਸਮ ਗ੍ਰੰਥ’ ਨਾਲ਼ ਜੋੜ ਦਿੱਤਾ ਗਿਆ। ਸਿੱਖ-ਪੰਥ ਵਿਰੋਧੀ ਇਸ ਸੋਚ ਨੇ ਸਿੱਖਾਂ ਵਿੱਚ ਜ਼ਬਰਦਸਤ ਫੁੱਟ ਪਾ ਦਿੱਤੀ ਹੈ ਤੇ ਵਿਰੋਧੀ ਆਪਣੇ ਵਲੋਂ ਸਿੱਖੀ ਉੱਤੇ ਕੀਤੇ ਮਾਰੂ ਵਾਰ ਵਿੱਚ ਪੂਰੀ ਤਰ੍ਹਾਂ ਸਫ਼ਲ ਹੋਏ ਹਨ ਤੇ ਸਿੱਖਾਂ ਦਾ ਨੁਕਸਾਨ ਹੋਇਆ ਹੈ ਜੋ ਵਿਰੋਧੀਆਂ ਨੇ ਆਪ ਪਿੱਛੇ ਰਹਿ ਕੇ ਸਿੱਖਾਂ ਦੇ ਆਪਣਿਆਂ ਰਾਹੀਂ ਹੀ ਕਰਵਾਇਆ ਹੈ, ਤਾਂ ਜੁ ਸਿੱਖ ਇਸ ਨੁਕਸਾਨ ਨੂੰ ਅਣਭੋਲ਼ੇ ਹੀ ਸਹਿ ਜਾਣ। ਅੱਜ ਇਸ ਮਾਰੂ ਵਾਰ ਕਾਰਨ ਗੁਰਦੁਆਰੇ ਅਤੇ ਕਥਾ-ਵਾਚਕ ਵੰਡੇ ਪਏ ਹਨ। ਸਿੱਖਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲ਼ੀ ਸੋਚ ਵਿੱਚ ਦੁਫੇੜ ਪਾ ਦਿੱਤੀ ਹੈ। ਇੱਕ ਲੇਖ ਖ਼ਾਲਸਾ ਨਿਊਜ਼ ਵਿੱਚ ਛਪਿਆ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ‘ਜਾਪੁ’ ਰਚਨਾ ਵਿੱਚ ‘ਚੰਡੀ ਚਰਿੱਤ੍ਰ’ ਵਿੱਚ ਲਿਖੇ ਦੁਰਗਾ ਦੇਵੀ ਦੇ ਗੁਣ ਹੀ ਦੁਹਰਾਏ ਗਏ ਹਨ। ਸਵੇਰ ਦੇ ਨਿੱਤ-ਨੇਮ ਵਿੱਚ ਸਿੱਖ ਹੁਣ ਦੁਰਗਾ ਦੇਵੀ ਦੀਆਂ ਸਿਫ਼ਤਾਂ ਵੀ ਪੜ੍ਹ ਰਹੇ ਹਨ।

ਸ਼ਾਮ ਦਾ ਨਿੱਤ-ਨੇਮ ਬਦਲਿਆ:

). ‘ਸੋ ਦਰੁ’ ਅਤੇ ‘ਸੋ ਪੁਰਖ’ ਦੋ ਸੰਗ੍ਰਿਹ ਗੁਰੂ ਜੀ ਨੇ ਨਿੱਤ-ਨੇਮ ਵਿੱਚ ਬਖ਼ਸ਼ੇ ਸਨ। ਸ਼੍ਰੋ. ਕਮੇਟੀ ਨੇ ਇਸ ਵਿੱਚ ਕੀਤੇ ਵਾਧੇ ਪ੍ਰਵਾਨ ਕਰਕੇ ਸਿੱਖੀ ਵਿਰੋਧੀ ਸ਼ਕਤੀਆਂ ਵਲੋਂ ਕੀਤੇ ਦੂਜੇ ਮਾਰੂ ਵਾਰ ਨੂੰ ਸਫ਼ਲ ਬਣਾਇਆ ਹੈ। ਖਰੜੇ ਵਿੱਚ ਜੋ ਵਾਧੇ ਕੀਤੇ ਗਏ ਉਹ ਗੁਰੂ ਸੋਚ ਤੋਂ ਉਲ਼ਟ ਕੀਤੇ ਗਏ। ਕੀਤੇ ਵਾਧਿਆਂ ਵਿੱਚ ਉਹ ਰਚਨਾਵਾਂ ਜੋੜ ਦਿੱਤੀਆਂ ਗਈਆਂ ਜੋ ਸਿੱਧੀਆਂ ਹਿੰਦੂ ਦੇਵੀ ਦੇਵਤਿਆਂ ਜਿਵੇਂ ਦੁਰਗਾ ਦੇਵੀ (ਜਗ ਮਾਤਾ) ਅਤੇ ਮਹਾਕਾਲ਼ ਦੀਆਂ ਸਿਫ਼ਤਾਂ ਨਾਲ਼ ਸੰਬੰਧਤ ਹਨ।

ਚਲਦਾ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top