Share on Facebook

Main News Page

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿੱਚਜਾਪੁ’ (ਨਿੱਤ-ਨੇਮ) ਅਤੇ ‘ਚੰਡੀ ਚਰਿਤ੍ਰਇੱਕ ਤੁੱਲਨਾਤਮਕ ਅਧਿਐਨ - ਆਖਰੀ ਭਾਗ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

>> ਲੜੀ ਜੋੜਨ ਲਈ ਪਿਛਲਾ ਭਾਗ ਪੜ੍ਹੋ: ਭਾਗ ਪਹਿਲਾ, ਭਾਗ ਦੂਜਾ, ਭਾਗ ਤੀਜਾ

31.

ਚੰਡੀ ਚਰਿਤ੍ਰ: ਅਰੂਪੰ ਅਨੂਪੰ ਅਨਾਮੰ ਅਠਾਮੰ।251।
ਜਾਪੁ: ਅਰੂਪ ਹੈਂ। ਅਨੂਪ ਹੈਂ।29। ਨਮਸਤੰ ਅਨਾਮੇ। ਨਮਸਤੰ ਅਠਾਮੇ।4। ਨਮਸਤੰਵ ਅਰੂਪੇ। ਨਮਸਤੰਵ ਅਨੂਪੇ।2।

ਸੋਚ-ਵਿਚਾਰ:- ‘ਚੰਡੀ ਚਰਿਤ੍ਰ’ ਵਿੱਚ ਦੁਰਗਾ ਨੂੰ ‘ਅਰੂਪੰ ਅਨੂਪੰ ਅਨਾਮੰ ਅਠਾਮੰ’ ਲਿਖ ਕੇ ਕਵੀ ਨੇ ਦੱਸਿਆ ਹੈ ਕਿ ਦੁਰਗਾ ਦੇਵੀ ਜਿਹਾ ਕੋਈ ਸੁੰਦਰ ਨਹੀਂ ਤੇ ਦੁਰਗਾ ਦੀ ਕਿਸੇ ਨਾਲ਼ ਤੁਲਨਾ ਨਹੀਂ ਹੋ ਸਕਦੀ, ਕਿਉਂਕਿ ਦੁਰਗਾ ਵਰਗਾ ਦੁਨੀਆਂ ਉੱਤੇ ਹੋਰ ਕੋਈ ਨਹੀਂ ਹੈ, ਦੁਰਗਾ ਦਾ ਕੋਈ ਨਾਂ ਨਹੀਂ (ਨਿਰੀ ਗੱਪ ਹੈ, ਕਿਉਂਕਿ ਨਾਂ ਤਾਂ ‘ਦੁਰਗਾ’ ਹੀ ਪੱਕਾ ਹੈ, ਤੇ ਕਵੀ ਕਹਿੰਦਾ ਹੈ ਕਿ ਦੁਰਗਾ ਦਾ ਨਾਂ ਕੋਈ ਨਹੀਂ) ਅਤੇ ਦੁਰਗਾ ਦਾ ਕੋਈ ਖ਼ਾਸ ਟਿਕਾਣਾ ਨਹੀਂ ਹੈ (ਭਾਵੇਂ ਗੁਰਮਤਿ ਅਨੁਸਾਰ ਇਹ ਨਿਰੀਆਂ ਗੱਪਾਂ ਹਨ, ਕਿਉਂਕਿ ਕੈਲਾਸ਼ ਪਰਬਤ ਨੂੰ ਦੁਰਗਾ ਦਾ ਟਿਕਾਣਾ ਹੀ ਮੰਨਿਆਂ ਜਾਂਦਾ ਹੈ)। ‘ਜਾਪੁ’ ਵਿੱਚ ਦੁਰਗਾ ਦੇ ਇਨ੍ਹਾਂ ਗੁਣਾਂ ਨੂੰ ਕਵੀ ਨੇ ਫਿਰ ਉਨ੍ਹਾਂ ਸ਼ਬਦਾਂ ਨਾਲ਼ ਹੀ ਵਡਿਆਇਆ ਹੈ ਜੋ ‘ਚੰਡੀ ਚਰਿਤ੍ਰ’ ਵਿੱਚ ਵਰਤੇ ਹਨ। ਜਿਵੇਂ ‘ਜਾਪੁ’ ਵਿੱਚ ਕਵੀ, ਦੁਰਗਾ ਦੇ ਗੁਣ ਬਿਆਨ ਕਰਦਿਆਂ, ਲਿਖਦਾ ਹੈ - “ਅਰੂਪ ਹੈਂ, ਅਨੂਪ ਹੈਂ, ਅਨਾਮੇ, ਅਠਾਮੇ, ਅਰੂਪੇ ਅਤੇ ਅਨੂਪੇ”। ਇਹ ਦੁਰਗਾ ਦੇ ਹੀ ਗੁਣ ਹਨ ਜੋ ‘ਚੰਡੀ ਚਰਿਤ੍ਰ’ ਵਿੱਚ ਬਿਆਨ ਕੀਤੇ ਗਏ ਹਨ। ‘ਜਾਪੁ’ ਵਿੱਚ ਦੁਰਗਾ ਤੋਂ ਬਿਨਾਂ ਕੋਈ ਕਿਸੇ ਹੋਰ ਹਸਤੀ ਦੀ ਵਡਿਆਈ ਹੈ ਹੀ ਨਹੀਂ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸੇਧ: ਕਵੀ ਨੇ ਦੁਰਗਾ ਲਈ ‘ਅਰੂਪੰ, ਅਨੂਪੰ, ਅਨਾਮੇ, ਅਠਾਮੇ’ ਸ਼ਬਦ ਵਰਤੇ ਹਨ ਜੋ ‘ਚੰਡੀ ਚਰਿਤ੍ਰ’ ਅਤੇ ‘ਜਾਪੁ’ ਦੋਹਾਂ ਵਿੱਚ ਹਨ। ਸਪੱਸ਼ਟ ਹੈ ਕਿ ‘ਜਾਪੁ’ ਦੀ ਹਸਤੀ ਰੱਬ ਨਹੀਂ, ਸਗੋਂ ਦੁਰਗਾ ਹੀ ਹੈ। ਕਵੀ ਨੇ ਦੁਰਗਾ ਨੂੰ ਹੀ ਰੱਬ ਦੇ ਗੁਣਾਂ ਵਾਲ਼ੀ ਮੰਨਿਆਂ ਹੈ। ਗੁਰਬਾਣੀ ਅਨੁਸਾਰ ਦੁਰਗਾ ਰੱਬ ਨਹੀਂ ਹੈ ਤੇ ਰੱਬ ਤੋਂ ਵੱਡਾ ਹੋਰ ਕੋਈ ਨਹੀਂ ਹੈ-

ਮੈ ਚਾਰੇ ਕੁੰਡਾ ਭਾਲੀਆਂ ਤੁਧੁ ਜੇਵਡੁ ਨ ਸਾਈਆ॥ ਤੁਧੁ ਜੇਵਡੁ ਹੋਰੁ ਨ ਸੁਝਈ ਮੇਰੇ ਮਿਤ੍ਰ ਗੁਸਾਈਆ॥ --ਡਖਣੇ ਮਹਲਾ 5

32.

ਚੰਡੀ ਚਰਿਤ੍ਰ: ਅਭੀਅੰ ਅਜੀਤੰ ਮਹਾ ਧਰਮ ਧਾਮੰ।251।
ਜਾਪੁ: ਨਮਸਤੰ ਅਜੀਤੇ।ਨਮਸਤੰ ਅਭੀਤੇ।6।

ਸੋਚ-ਵਿਚਾਰ:- ‘ਚੰਡੀ ਚਰਿਤ੍ਰ’ ਵਿੱਚ ਦੁਰਗਾ ਲਈ ‘ਅਭੀਅੰ’ ਤੇ ‘ਅਜੀਤੰ’ ਅਤੇ ‘ਜਾਪੁ’ ਵਿੱਚ ‘ਅਭੀਤੇ’ ਤੇ ‘ਅਜੀਤੇ’ ਸ਼ਬਦ ਵਰਤੇ ਹਨ, ਅਰਥ ਸਮਾਨ ਹਨ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸੇਧ: ਦੁਰਗਾ ਅਤੇ ਰੱਬ ਬਰਾਬਰ ਨਹੀਂ ਹਨ। ਗਰਬਾਣੀ ਦਾ ਫ਼ੁਰਮਾਨ ਹੈ-

ਦੇਵੀਆ ਨਹੀ ਜਾਨੈ ਮਰਮ॥ ਸਭ ਊਪਰਿ ਅਲਖ ਪਾਰਬ੍ਰਹਮ॥---ਰਾਮਕਲੀ ਮਹਲਾ 5

33.

ਚੰਡੀ ਚਰਿਤ੍ਰ: ਅਛੇਦੰ ਅਭੇਦੰ ਅਕਰਮੰ ਸੁਧਰਮੰ।252।
ਜਾਪੁ: ਅਛੇਦੀ ਅਭੇਦੀ ਅਨਾਮੰ ਅਕਾਮੰ।61।ਨਮਸਤੰ ਅਛੇਦੇ।7।
ਅਭੇਦ ਹੈਂ ਅਭੰਗ ਹੈਂ।124।-ਸੁਧਰਮੰ ਬਿਭੂਤੇ।197।--ਦੇਵੇ ਸੁਧਰਮੇ।54।

ਸੋਚ-ਵਿਚਾਰ:- ‘ਚੰਡੀ ਚਰਿਤ੍ਰ’ ਵਿੱਚ ਦੁਰਗਾ ਨੂੰ ‘ਅਛੇਦੰ’ (ਨਾ ਕੱਟੇ ਜਾਣ ਯੋਗ) ‘ਅਕਰਮੰ’(ਕਿਸੇ ਕਰਮ ਦੀ ਲੋੜ ਨਹੀਂ ) ਅਤੇ ‘ਸੁਧਰਮੰ’ (ਦੁਰਗਾ ਮਾਈ ਫ਼ਰਜ਼ਸ਼ਨਾਸ ਹੈ) ਕਰਕੇ ਲਿਖਿਆ ਹੈ। ‘ਜਾਪੁ’ ਵਿੱਚ ਵੀ ਦੁਰਗਾ ਦੇ ਇਹੀ ਗੁਣ ਦੁਹਰਾਏ ਗਏ ਹਨ ਤੇ ਸ਼ਬਦ ਵੀ ਉਹੀ ਵਰਤੇ ਹਨ ਜਾਂ ਉਨ੍ਹਾਂ ਦੇ ਸਮਾਨਾਰਥਕ ਵਰਤੇ ਹਨ, ਜਿਵੇਂ, ‘ਅਛੇਦੀ’, ‘ਅਭੇਦੀ’, ‘ਅਛੇਦੇ’, ‘ਅਭੇਦ’, ‘ਸੁਧਰਮੰ’, ‘ਸੁਧਰਮੇ’ ਆਦਿਕ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਅਗਵਾਈ: ਜੋ ਗੁਣ ਰੱਬ ਦੇ ਹਨ (ਅਛੇਦੇ ਅਭੇਦੇ ਆਦਿਕ) ਕਵੀ ਨੇ ‘ਚੰਡੀ ਚਰਿਤ੍ਰ’ ਵਿੱਚ ਇਨ੍ਹਾਂ ਨੂੰ ਦੁਰਗਾ ਮਾਈ ਦੇ ਗੁਣ ਦੱਸ ਕੇ ਉਸ ਦੀ ਸਿਫ਼ਤਿ ਕੀਤੀ ਹੈ। ਉਸੇ ਕਵੀ ਨੇ ‘ਜਾਪੁ’ ਰਚਨਾ ਵਿੱਚ ਵੀ ਆਪਣੇ ਇਸ਼ਟ (ਦੁਰਗਾ) ਦੀ ਸਿਫ਼ਤਿ ਵਿੱਚ ਬਿਲਕੁਲ ਉਹੀ ਗੁਣ ਲਿਖੇ ਹਨ। ਆਪਣੇ ਇਸ਼ਟ ਦੇ ਪਿਆਰ ਵਿੱਚ ਪੱਕਾ ਸ਼ਰਧਾਲੂ ਆਪਣੇ ਇਸ਼ਟ ਦੇ ਗੁਣ ਦੂਜਿਆਂ ਵਿੱਚ ਨਹੀਂ ਦੇਖਦਾ, ਤੇ ਨਾ ਹੀ ਉਨ੍ਹਾਂ ਦੇ ਨਾਂ ਨਾਲ਼ ਜੋੜਦਾ ਹੁੰਦਾ ਹੈ। ਇਸੇ ਕਰਕੇ ਕਵੀ ਨੇ ‘ਜਾਪੁ’ ਵਿੱਚ ਵੀ ਦੁਰਗਾ ਦੇ ਹੀ ‘ਚੰਡੀ ਚਰਿਤ੍ਰ ਵਾਲ਼ੇ ਗੁਣ ਲਿਖੇ ਹਨ। ਗੁਰਮਤਿ ਇਹ ਨਹੀਂ ਮੰਨਦੀ ਕਿ ਰੱਬ ਅਤੇ ਦੁਰਗਾ ਬਰਾਬਰ ਹਨ।

34.

ਚੰਡੀ ਚਰਿਤ੍ਰ: ਅਜੇਯੰ ਅਭੇਯੰ ਨਿਰੰਕਾਰ ਨਿਤਯੰ।252।
ਜਾਪੁ: ਚਿਹਨ ਅਰੁ ਬਰਨ ਜਾਤਿ ਅਰੁ ਪਾਤ ਨਹਿਨ ਜਿਹ।1।
ਸਦੈਵੰ ਸਰੂਪ ਹੈਂ।126। ਸਦੈਵੰ ਸਦਾ ਹੈਂ।131। ਨਮੋ ਨਿਤ ਨਾਰਾਇਣੇ- ।54।

ਸੋਚ-ਵਿਚਾਰ:- ‘ਚੰਡੀ ਚਰਿਤ੍ਰ’ ਵਿੱਚ ਦੁਰਗਾ ਨੂੰ ‘ਅਜੇਯੰ’ (ਅਜਿੱਤ), ‘ਅਭੇਅੰ’ (ਅਭੇਦ), ‘ਨਿਰੰਕਾਰ’ (ਬਿਨਾ ਕਿਸੇ ਚੱਕ੍ਰ ਚਿਹਨ ਦੇ, ਬਿਨਾ ਸ਼ਕਲ, ਬਿਨਾਂ ਜਾਤਿ, ਬਿਨਾਂ ਬਰਨ ਅਤੇ ਚਿਹਨ), ‘ਨਿਤਯੰ’ (ਨਾ ਮਰਨ ਵਾਲ਼ੀ) ਲਿਖਿਆ ਹੈ। ਦੁਰਗਾ ਦੇ ਇਹੀ ਗੁਣ ‘ਜਾਪੁ’ ਵਿੱਚ ‘ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤ ਨਹਿਨ ਜਿਹ।’, ‘ਸਦੈਵੰ ਸਰੂਪ’ (ਸਦਾ ਅਟੱਲ), ‘ਸਦੈਵੰ ਸਦਾ’( ਨਾ ਮਰਨ ਯੋਗ), ‘ਨਿੱਤ ਨਾਰਾਇਣੇ’ (ਸਦਾ ਅਟੱਲ) ਕਰਕੇ ਲਿਖੇ ਹਨ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਅਗਵਾਈ: ‘ਨਿਰੰਕਾਰ’, ‘ਨਿੱਤਯੰ’, ‘ਸਦੈਵੰ ਸਦਾ’ ਆਦਿਕ ਗੁਣ ਰੱਬ ਦੇ ਹਨ, ਜੋ ਕਵੀ ਨੇ ‘ਚੰਡੀ ਚਰਿਤ੍ਰ’ ਵਿੱਚ ਦੁਰਗਾ ਮਾਈ ਲਈ ਵਰਤੇ ਹਨ। ਇਸ ਤੋਂ ਸਪੱਸ਼ਟ ਹੈ ਕਿ ਕਵੀ ਦੁਰਗਾ ਦਾ ਪੂਜਾਰੀ ਹੈ, ਰੱਬ ਦਾ ਨਹੀਂ। ਦੁਰਗਾ ਦਾ ਪੁਜਾਰੀ ‘ਜਾਪੁ’ ਵਿੱਚ ਰੱਬ ਦੀਆਂ ਸਿਫ਼ਤਾਂ ਨਹੀਂ ਲਿਖ ਸਕਦਾ। ਵਰਤੇ ਗੁਣ-ਵਾਚਕ ਸ਼ਬਦਾਂ ਦੀ ਸਾਂਝ ਇਹੀ ਪ੍ਰਗਟ ਕਰਦੀ ਹੈ ਕਿ ਦੋਹਾਂ ਰਚਨਾਵਾਂ ਦਾ ਲਿਖਾਰੀ ਇੱਕੋ ਹੈ। ਗੁਰਬਾਣੀ ਅਨੁਸਾਰ ਕੋਈ ਦੇਵੀ ਜਾਂ ਦੇਵਤਾ ਰੱਬ ਨਹੀਂ ਹੋ ਸਕਦਾ । ਗੁਰਬਾਣੀ ਦਾ ਫ਼ੁਰਮਾਨ ਹੈ-
ਹਉ ਤਉ ਏਕੁ ਰਾਮਈਆ ਲੈਹਉ॥ ਆਨ ਦੇਵ ਬਦਲਾਵਨਿ ਦੈਹਉ॥ --ਗੋਂਡ ਨਾਮ ਦੇਵ ਜੀ
ਅਰਥ- ਇੱਕ ਰੱਬ ਦੇ ਸਾਮ੍ਹਣੇ ਸਾਰੇ ਹੀ ਦੇਵਤੇ ਤੁੱਛ ਹਨ।

35.

ਚੰਡੀ ਚਰਿਤ੍ਰ: ਨਿਰੂਪੰ ਨਿਰਬਾਣੰ ਨਮਿਤਯੰ ਅਕ੍ਰਿਤਯੰ।252।
ਜਾਪੁ: ਅਰੂਪ ਹੈਂ।29। ਅਰੂਪੇ ਅਨੂਪੇ।58। ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤ ਕਿਹ।1। ਅਕਾਮ ਹੈਂ।30। -- ਅਨਾਮੰ ਅਕਾਮੰ।61। ਸਰਬ ਬਿਸ੍ਵ੍ਵ ਰਚਿਓ ਸੁਯੰਭਵ-।83। ਸੁਯੰਭਵ ਸੁਭੰ-।199।

ਸੋਚ-ਵਿਚਾਰ:- ‘ਚੰਡੀ ਚਰਿਤ੍ਰ’ ਵਿੱਚ ਦੁਰਗਾ ਨੂੰ ‘ਨਿਰੂਪੰ’ ਤੇ ‘ਜਾਪੁ’ ਵਿੱਚ ‘ਅਰੂਪ ਹੈਂ’ ਤੇ ‘ਅਰੂਪੇ’ ਕਿਹਾ ਹੈ। ‘ਚੰਡੀ ਚਰਿਤ੍ਰ’ ਵਿੱਚ ਦੁਰਗਾ ਨੂੰ ‘ਨਿਰਬਾਣੰ’ ਤੇ ‘ਜਾਪੁ’ ਵਿੱਚ ‘ਅਕਾਮ ਹੈਂ’ ਤੇ ‘ਅਕਾਮੰ’ ਕਿਹਾ ਹੈ। ਦੁਰਗਾ ਨੂੰ ‘ਚੰਡੀ ਚਰਿਤ੍ਰ’ ਵਿੱਚ ‘ਅਕ੍ਰਿਤਯੰ’ (ਜੋ ਆਪ ਹੀ ਪ੍ਰਗਟ ਹੋਵੇ, ਜੋ ਕਿਸੇ ਦੀ ਕਿਰਤ ਨਹੀਂ) ਲਿਖਿਆ ਹੈ ਤੇ ‘ਜਾਪੁ’ ਵਿੱਚ ਸਮਾਨ ਅਰਥਾਂ ਵਿੱਚ ‘ਸੁਯੰਭਵ’ ਲਿਖਿਆ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸੇਧ: ਦੁਰਗਾ ਦੇ ਗੁਣਾਂ ਨੂੰ ਕਵੀ ਨੇ ਰੱਬ ਦੇ ਗੁਣਾਂ ਨਾਲ਼ ਜੋੜ ਕੇ ਪੇਸ਼ ਕੀਤਾ ਹੈ ਜੋ ਗੁਰਬਾਣੀ ਪ੍ਰਵਾਨ ਨਹੀਂ ਕਰਦੀ। ‘ਚੰਡੀ ਚਰਿਤ੍ਰ’ ਤੇ ‘ਜਾਪੁ’ ਵਿੱਚ ਵਰਣਤ ਹਸਤੀ ਦੇ ਗੁਣ ਸਾਂਝੇ ਹਨ। ਕਿਉਂਕਿ ਚੰਡੀ ਚਰਿਤ੍ਰ’ ਵਿੱਚ ਇਹ ਗੁਣ ਦੁਰਗਾ ਮਾਈ ਦੇ ਕਰਕੇ ਪ੍ਰਗਟ ਕੀਤੇ ਹਨ, ਇਸ ਲਈ ‘ਜਾਪੁ’ ਵਿੱਚ ਲਿਖੇ ਓਹੀ ਗੁਣ ਵੀ ਦੁਰਗਾ ਮਾਈ ਦੇ ਹੀ ਹਨ। ਦੁਰਗਾ ਨੂੰ ਕਵੀ ‘ਅਰੂਪ’ ਤੇ ‘ਅਨੂਪ’ ਮੰਨਦਾ ਹੈ ਰੱਬ ਨੂੰ ਨਹੀਂ। ਰੱਬ ਤੇ ਦੁਰਗਾ ਬਰਾਬਰ ਨਹੀਂ ਹਨ

36.

ਚੰਡੀ ਚਰਿਤ੍ਰ: ਨਮੋ ਸਤ੍ਰੁ ਚਰਬਾਇਣੀ ਗਰਬ ਹਰਣੀ।253।
ਜਾਪੁ: ਗਰਬ ਗੰਜਨ-।85।ਅਰਿ ਘਾਲਯ ਹੈਂ।171।

ਸੋਚ-ਵਿਚਾਰ:- ਚੰਡੀ ਚਰਿਤ੍ਰ ਵਿੱਚ ਦੁਰਗਾ ਸਤ੍ਰੁ ਚਰਬਾਇਣੀ (ਦੁਸ਼ਮਨਾ ਨੂੰ ਚੱਬਣ ਵਾਲ਼ੀ) ਹੈ ਤੇ ‘ਜਾਪੁ’ ਵਿੱਚ ‘ਅਰਿ ਘਾਲਯ’ (ਦੁਸ਼ਮਨਾ ਨੂੰ ਮਾਰਨ ਯੋਗ) ਹੈ। ‘ਚੰਡੀ ਚਰਿਤ੍ਰ’ ਵਿੱਚ ਦੁਰਗਾ ‘ਗਰਬ ਹਰਣੀ’ (ਹੰਕਾਰ ਭੰਨਣ ਯੋਗ) ਹੈ ਤੇ ‘ਜਾਪੁ’ ਵਿੱਚ ਦੁਰਗਾ ‘ਗਰਬ ਗੰਜਨ’ (ਹੰਕਾਰ ਭੰਨਣ ਯੋਗ) ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸੇਧ: ਦੁਰਗਾ ਤਾਂ ਦੁਰਗਾ ਹੈ ਤੇ ਰੱਬ ਵੀ ਰੱਬ ਹੈ। ਰੱਬ ਜਿਹਾ ਕੋਈ ਹੋਰ ਨਹੀਂ ਹੈ। ‘ਅਰਿ ਘਾਲਯ’ ਹੈਂ ਗੁਣ ਦੋਹਾਂ ਰਚਨਾਵਾਂ ਵਿੱਚ ਸਾਂਝਾ ਹੈ। ਇਹ ਸਾਂਝਾ ਇਸ ਵਜਹ ਕਰਕੇ ਹੈ ਕਿ ਰੱਬ ‘ਅਰਿ ਘਾਲਯ’ ਨਹੀਂ ਹੈ। ਰੱਬ ਦਾ ਕੋਈ ਦੁਸਮਣ ਨਹੀਂ ਹੈ, ਨਾਲ਼ੇ ਦੁਸ਼ਮਣਾਂ ਨੂੰ ਉਹ ਮਾਰਦਾ ਹੈ ਜਿਸ ਨੂੰ ਉਨ੍ਹਾਂ ਤੋਂ ਡਰ ਹੋਵੇ। ਰੱਬ ਤਾਂ ‘ਨਿਰਭਉ’ ਹੈ। ਸਪੱਸ਼ਟ ਹੈ ਕਿ ‘ਜਾਪੁ’ ਵਿੱਚ ਤੇ ‘ਚੰਡੀ ਚਰਿਤ੍ਰ’ ਵਿੱਚ ‘ਸ਼ਤ੍ਰੁ ਚਰਬਾਇਣੀ’, ‘ਦੁਸ਼ਟ ਭੰਜਨ’, ‘ਅਰਿ ਘਾਲਯ’ ਅਦਿਕ ਸ਼ਬਦ ਕੇਵਲ ਦੁਰਗਾ ਲਈ ਹੀ ਵਰਤੇ ਜਾ ਸਕਦੇ ਹਨ, ਰੱਬ ਲਈ ਨਹੀਂ।

37.

ਚੰਡੀ ਚਰਿਤ੍ਰ: ਨਮੋ ਤੋਖਣੀ ਸੋਖਣੀ --।253।
ਜਾਪੁ: ਨਮਸਤੰ ਪ੍ਰਸਿਜੈ।7। ਨਮੋ ਸਰਬ ਸੋਖੰ।27।

ਸੋਚ-ਵਿਚਾਰ:- ‘ਚੰਡੀ ਚਰਿਤ੍ਰ’ ਦੀ ਦੁਰਗਾ ਤੋਖਣੀ (ਖ਼ੁਸ਼ੀ ਦੇਣ ਯੋਗ) ਅਤੇ ‘ਜਾਪੁ’ ਵਿੱਚ ਦੁਰਗਾ ‘ਪ੍ਰਸਿਜੈ’ (ਖ਼ੁਸ਼ੀ ਦੇਣ ਯੋਗ) ਹੈ। ‘ਚੰਡੀ ਚਰਿਤ੍ਰ’ ਦੀ ਦੁਰਗਾ ‘ਸੋਖਣੀ’ (ਮੌਤ ਦੇਣ ਯੋਗ) ਅਤੇ ‘ਜਾਪੁ’ ਵਿੱਚ ਦੁਰਗਾ ‘ਸੋਖੰ’ (ਮੌਤ ਦੇਣ ਯੋਗ) ਹੈ। ਦੋਹਾਂ ਰਚਨਾਵਾਂ ਦੀ ਹਸਤੀ ਇੱਕੋ ਹੀ ਹੈ ਤੇ ਉਹ ਹੈ- ਦੁਰਗਾ ਮਾਈ ਪਾਰਬਤੀ ਜਾਂ ਸ਼ਿਵਾ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸੇਧ: ਦੁਰਗਾ ਦਾ ਪੁਜਾਰੀ ਕਿਸੇ ਹੋਰ ਰੱਬ ਦੀ ਸਿਫ਼ਤਿ ਨਹੀਂ ਕਰ ਸਕਦਾ ਕਿਉਂਕਿ ਉਸ ਲਈ ਦੁਰਗਾ ਹੀ ਰੱਬ ਹੁੰਦੀ ਹੈ ਅਤੇ ਰੱਬ ਦਾ ਪੁਜਾਰੀ ਦੁਰਗਾ ਦੀ ਸਿਫ਼ਤਿ ਨਹੀਂ ਲਿਖ ਸਕਦਾ ਕਿਉਂਕਿ ਉਸ ਲਈ ਰੱਬ ਵਰਗਾ ਕੋਈ ਹੋਰ ਨਹੀਂ ਹੁੰਦਾ। ਕਵੀ ਏਥੇ ਕੇਵਲ ਦੁਰਗਾ ਮਾਈ ਦਾ ਪੁਜਾਰੀ ਹੈ।

38.

ਚੰਡੀ ਚਰਿਤ੍ਰ: ਨਮੋ ਭੀਮਿ ਸਰੂਪਾ ਨਮੋ ਲੋਕ ਮਾਤਾ।254।
ਜਾਪੁ: ਨਮੋ ਲੋਕ ਮਾਤਾ।52। ਕ੍ਰੂਰ ਕਰਮੇ।54।

ਸੋਚ-ਵਿਚਾਰ:- ਚੰਡੀ ਚਰਿਤ੍ਰ’ ਦੀ ਦੁਰਗਾ ‘ਭੀਮਿ ਰੂਪਾ’ (ਭਿਆਨਕ ਰੂਪ) ਤੇ ‘ਜਾਪੁ’ ਦੀ ‘ਕ੍ਰੂਰ ਕਰਮੇ’ (ਭਿਆਨਕ ਰੂਪ) ਹੈ। ‘ਚੰਡੀ ਚਰਤ੍ਰ’ ਦੀ ਦੁਰਗਾ ‘ਲੋਕ ਮਾਤਾ’(ਸਾਰੇ ਜੱਗ ਦੀ ਮਾਂ) ਹੈ ਤੇ ‘ਜਾਪੁ’ ਦੀ ਦੁਰਗਾ ਵੀ ‘ਲੋਕ ਮਾਤਾ’ ਹੀ ਹੈ, ‘ਲੋਕ ਪਿਤਾ’ ਨਹੀਂ ਲਿਖਿਆ ਕਿਉਂਕਿ ਕਵੀ ਨੂੰ ਪਤਾ ਹੈ ਕਿ ਉਹ ਇੱਕੋ ਦੇਵੀ ਦੇ ਹੀ ਗੁਣ ਲਿਖ ਰਿਹਾ ਹੈ ਕਿਸੇ ਪੁਰਖ ਦੇ ਨਹੀਂ, ਪਰ ਏਥੇ ਕਵੀ ਵੀ ਦੁਰਗਾ ਨੂੰ ‘ਪੁਲਿੰਗ’ ਰੂਪ ਨਾ ਦੇਣ ਕਰਕੇ ਵੱਡੀ ਉਕਾਈ ਖਾ ਗਿਆ ਹੈ ਤੇ ਸੱਚ ਪ੍ਰਗਟ ਹੋ ਗਿਆ ਹੈ ਕਿ ਉਹ ਦੁਰਗਾ ਦੇ ਹੀ ਗੁਣ ‘ਜਾਪੁ’ ਵਿੱਚ ਲਿਖ ਰਿਹਾ ਹੈ। ਜੇ ਉਹ ਰੱਬ ਦੇ ਗੁਣ ਲਿਖ ਰਿਹਾ ਹੁੰਦਾ ਤਾਂ ‘ਲੋਕ ਮਾਤਾ’ ਦੀ ਥਾਂ ‘ਲੋਕ ਪਿਤਾ’ ਲਿਖਿਆ ਹੋਣਾ ਸੀ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸੇਧ: ਰੱਬ ਲੋਕ ਮਾਤਾ ਜਾਂ ਲੋਕ ਮਾਈ ਜਾਂ ਜੱਗ ਮਾਈ ਕਤੱਈ ਨਹੀਂ ਹੈ। ਇਹ ਸਭ ਦੁਰਗਾ ਦੀਆਂ ਸਿਫ਼ਤਾਂ ਵਾਲ਼ੇ ਸ਼ਬਦ ਹਨ ਜੋ ਦੁਰਗਾ ਦੇ ਭਗਤ ਦੁਰਗਾ ਲਈ ਵਰਤਦੇ ਹਨ। ਸ਼ਯਾਮ ਕਵੀ ਨੇ ਦੁਰਗਾ ਲਈ ਇਹ ਸ਼ਬਦ ਬਚਿੱਤਰ ਨਾਟਕ ਵਿੱਚ ਇਉਂ ਵਰਤੇ ਹਨ-

‘ਸੰਤ ਸਹਾਇ ਸਦਾ ਜਗ ਮਾਇ (ਅਰਥ- ਮਾਈ ਜਾਂ ਮਾਤਾ, ਪਰ ਚੋਟੀ ਦੇ ਅਗਿਆਨੀ ਰਾਗੀ ਇਸ ‘ਮਾਇ’ ਨੂੰ ‘ਮਾਹਿਂ’ ਪੜ੍ਹ ਗਾ ਕੇ ਸ਼੍ਰੋਤਿਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਿੱਚ ਬਹੁਤ ਨਿਪੁੰਨ ਹੋ ਚੁੱਕੇ ਹਨ ਤੇ ਸਿੱਖੀ ਮਹੱਲ ਦੀਆਂ ਨੀਹਾਂ ਨੂੰ ਖੋਖਲ਼ਾ ਕਰ ਰਹੇ ਹਨ) ਕ੍ਰਿਪਾ ਕਰ ਸਯਾਮ ਇਹੈ ਬਰ ਦੀਜੈ’। ਅਤੇ ‘ਕਿਰਪਾ ਕਰੀ ਹਮ ਪਰ ਜਗ ਮਾਤਾ। ਪੂਰਨ ਕਰਾ ਗ੍ਰੰਥ ਸੁਭਰਾਤਾ’।
ਰੱਬ ਸੱਭ ਦਾ ਪਤੀ ਹੈ ਤੇ ਬਾਕੀ ਸੱਭ ਉਸ ਦੀਆਂ ਜੀਵ ਇਸਤ੍ਰੀਆਂ ਹਨ। ਗੁਰਬਾਣੀ ਵਿੱਚ ਲਿਖਿਆ ਹੈ-

ਏਕੋ ਪ੍ਰਿਉ ਸਖੀਆ ਸਭ ਪ੍ਰਿਅ ਕੀ ਜੋ ਭਾਵੇ ਪਿਰ ਸਾ ਭਲੀ॥ -- ਦੇਵਗੰਧਾਰੀ ਮਹਲਾ 5॥

ਰੱਬ ਦੇ ਪੁਲਿੰਗ ਰੂਪ ਹੋਣ ਦੇ ਹੋਰ ਪ੍ਰਮਾਣ- “ਵਿਚਿ ਕਰਤਾ ਪੁਰਖੁ ਖਲੋਆ ॥” ਵਾਕ ਵਿੱਚ ‘ਖਲੋਆ’ ਸ਼ਬਦ ਪੁਲਿੰਗ ਵਾਸਤੇ ਹੈ ਤੇ ਇਸਤ੍ਰੀ ਲਿੰਗ ਵਾਸਤੇ ਸ਼ਬਦ ‘ਖਲੋਈ’ ਹੁੰਦਾ ਹੈ। “ਜਿਤੁ ਪਾਰਬ੍ਰਹਮੁ ਚਿਤਿ ਆਇਆ॥” ਵਾਕ ਵਿੱਚ ‘ਕਿਰਿਆ ‘ਆਇਆ’ ਤੋਂ ਸਪੱਸ਼ਟ ਹੈ ਕਿ ਰੱਬ ਪੁਲਿੰਗ ਰੂਪ ਹੈ, ਇਸਤ੍ਰੀ ਲਿੰਗ ਵਾਸਤੇ ਸ਼ਬਦ ‘ਆਈ’ ਹੁੰਦਾ ਹੈ। “ਹਰਿ ਮੇਰੋ ਪਿਰੁ ਹਉ ਹਰਿ ਕੀ ਬਹੁਰੀਆ॥” ਵਾਕ ਵਿੱਚ ਬਹੁਰੀਆ ਤੋਂ ਭਾਵ ‘ਬਹੂ’ ਹੈ, ਭਾਵ, ਰੱਬ ਮੇਰਾ ਪਤੀ ਹੈ ਤੇ ਮੈਂ ਉਸ ਦੀ ਬਹੂ ਹਾਂ। ਲੋਕ ਮਾਤਾ ਸ਼ਬਦ ਕੇਵਲ ਦੁਰਗਾ ਲਈ ਹੀ ਵਰਤੇ ਗਏ ਹਨ ਭਾਵੇਂ ਉਹ ‘ਚੰਡੀ ਚਰਿਤ੍ਰ’ ਵਿੱਚ ਹਨ ਜਾਂ ‘ਜਾਪੁ’ ਵਿੱਚ ਹਨ।

39.

ਚੰਡੀ ਚਰਿਤ੍ਰ: ਭਵੀ ਭਵਾਨੀ ਭਵਿਖਯਾਤ ਬਿਧਾਤਾ।254।
ਜਾਪੁ: ਸਰਬੰ ਖਯਾਤਾ।142। ਲੋਕ ਚਉਦਹ ਕੇ ਬਿਖੈ ਜਗ ਜਾਪਹੀ ਜਿਹ ਜਾਪ।83।

ਸੋਚ-ਵਿਚਾਰ:- ‘ਚੰਡੀ ਚਰਿਤ੍ਰ’ ਦੀ ਦੁਰਗਾ ‘ਭਵਿਖਯਾਤ’ (ਜਗਤ ਪ੍ਰਸਿੱਧ, 14 ਲੋਕਾਂ ਵਿੱਚ ਜਪਣ ਯੋਗ) ਹੈ ਤੇ ‘ਜਾਪੁ’ ਵਿੱਚ ਦੁਰਗਾ ‘ਖਯਾਤਾ’ (ਜਗਤ ਪ੍ਰਸਿੱਧ) ਹੈ ਤੇ 14 ਲੋਕਾਂ ਵਿੱਚ ਹੀ ਜਪਣ ਯੋਗ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸੇਧ: ਕਵੀ ਦਾ ਇਸ਼ਟ ਦੁਰਗਾ 14 ਲੋਕਾਂ ਵਿੱਚ ਪ੍ਰਸਿੱਧ ਹੈ ਭਾਵੇਂ ਗੁਰਮਤਿ ਇਸ ਨੂੰ ਨਹੀਂ ਮੰਨਦੀ ਕਿਉਂਕਿ ਗੁਰਬਾਣੀ ਅਨੁਸਾਰ ਦੁਰਗਾ ਰੱਬ ਨਹੀਂ ਹੈ।

40.

ਚੰਡੀ ਚਰਿਤ੍ਰ: ਬਰੰਦਾਇਣੀ ਦੁਸਟਖੰਡੀ ਅਖੰਡੀ।255।
ਸਬੈ ਸੰਤ ਉਬਾਰੀ ਬਰੰ ਬਯੂਹ ਦਾਤਾ।256।
ਜਾਪੁ: ਸਰਬੰ ਦਾਤਾ।76। ਸਰਬਤ੍ਰ ਦੀਨੈ।113। ਚਤ੍ਰ ਚਕ੍ਰ ਦਾਨੇ।96।

ਸੋਚ-ਵਿਚਾਰ:- ‘ਚੰਡੀ ਚਰਿਤ੍ਰ’ ਦੀ ਦੁਰਗਾ ‘ਬਰੰਦਾਇਣੀ’/ ‘ਬਰੰ ਬਯੂਹ ਦਾਤਾ’ ( ਸੱਭ ਨੂੰ ਵਰ ਦੇਣ ਯੋਗ) ਹੈ ਤੇ ‘ਜਾਪੁ’ ਦੀ ਦੁਰਗਾ ਵੀ ‘ਸਰਬੰ ਦਾਤਾ’, ‘ਸਰਬਤ੍ਰ ਦੀਨੈ’, ਤੇ ‘ਚਤ੍ਰ ਚਕ੍ਰ ਦਾਨੇ’ ਹੈ, ਭਾਵ, ਅਰਥਾਂ ਤੇ ਗੁਣਾਂ ਵਿਚ ਕੋਈ ਫ਼ਰਕ ਨਹੀਂ ਹੈ ਜਿੱਸ ਤੋਂ ਸਪੱਸ਼ਟ ਹੈ ਕਿ ਇਹ ਗੁਣ ਦੋਹਾਂ ਰਚਨਾਵਾਂ ਵਿੱਚ ਇੱਕੋ ਹੀ ਹਸਤੀ ਦੇ ਹਨ। ਕਵੀ ਨੇ ਖ਼ੁਦ ਹੀ ‘ਚੰਡੀ ਚਰਿਤ੍ਰ’ ਵਿੱਚ ਦੁਰਗਾ ਦੇਵੀ ਨੂੰ ‘ਦਾਤ੍ਰੀ’ ਲਿਖਣ ਦੇ ਨਾਲ਼ ਪੁਲਿੰਗ ਰੂਪ ਵਿੱਚ ਰੱਬ ਸਮਝ ਕੇ ‘ਦਾਤਾ’ ਵੀ ਲਿਖ ਦਿੱਤਾ ਹੈ ਤੇ ‘ਜਾਪੁ’ ਵਿੱਚ ਦੁਰਗਾ ਦੀਆਂ ਸਿਫ਼ਤਾਂ ਪੁਲਿੰਗ ਰੂਪ ਵਿੱਚ ਲਿਖਦਿਆਂ ਵੀ ਇਸਤ੍ਰੀ ਲਿੰਗ ਰੂਪ ‘ਲੋਕ ਮਾਤਾ’ ਲਿਖ ਦਿੱਤਾ ਹੈ ਕਿਉਂਕਿ ਉਹ ਸਿਫ਼ਤਾਂ ਹੀ ਦੁਰਗਾ ਮਾਈ ਦੀਆਂ ਕਰ ਰਿਹਾ ਹੈ ਜੋ ਇਸਤ੍ਰੀ-ਲਿੰਗ ਰੂਪ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਅਗਵਾਈ: ਦੁਰਗਾ ਨੂੰ ਕਵੀ, ‘ਚੰਡੀ ਚਰਿਤ੍ਰ’ ਵਿੱਚ, ‘ਬਰੰਬਯੂਹ ਦਾਤਾ’ ਭਾਵ ਪੁਲਿੰਗ ਰੂਪ ਵਿੱਚ ਦਾਤਾਂ ਦੇਣ ਵਾਲ਼ਾ ਲਿਖਦਾ ਹੈ, ਭਾਵੇਂ ਉਹ ਦੁਰਗਾ ਨੂੰ ‘ਦਾਤ੍ਰੀ’ ਵੀ ਲਿਖ ਚੁੱਕਾ ਹੈ। ਏਥੋਂ ਪਤਾ ਲੱਗਦਾ ਹੈ ਕਿ ਕਵੀ ਦੁਰਗਾ ਮਾਈ ਨੂੰ ਰੱਬ ਦੇ ਬਰਾਬਰ ‘ਪੁਲਿੰਗ ਰੂਪ’ ਵਿੱਚ ਵੀ ਲਿਖਦਾ ਹੈ। ਕਵੀ ਭਾਵੇਂ ਦੁਰਗਾ ਨੂੰ ਰੱਬ ਮੰਨੇ ਪਰ ਗੁਰਬਾਣੀ ਨਹੀਂ ਮੰਨਦੀ।

40.

ਚੰਡੀ ਚਰਿਤ੍ਰ: ਨਮਸਤਯੰ ਨਮਸਤਯੰ ਨਮਸਤਯੰ ਭਵਾਨੀ। 256।
ਜਾਪੁ: ਛੰਦ ਨੰਬਰ 2 ਤੋਂ 28 ਤਕ ‘ਨਮਸਤੰ’ ਅਤੇ ‘ਨਮਸਤੰਵ’।

ਸੋਚ-ਵਿਚਾਰ: ਚੰਡੀ ਚਰਿਤ੍ਰ’ ਵਿੱਚ ‘ਨਮਸਤਯੰ’ ਸ਼ਬਦ ਕਵੀ ਨੇ ਦੁਰਗਾ ਨੂੰ ਪ੍ਰਣਾਮ ਕਰਨ ਲਈ ਵਰਤਿਆ ਹੈ ਤੇ ‘ਜਾਪੁ’ ਵਿੱਚ ਵੀ ਛੰਦ ਨੰਬਰ 2 ਤੋਂ 28 ਤਕ ‘ਨਮਸਤਯੰ’ ਸ਼ਬਦ ਨੂੰ ਲਗਭਗ 86 ਵਾਰੀ ਵੱਖ-ਵੱਖ ਰੂਪਾਂ ਵਿੱਚ ਵਰਤਿਆ ਹੈ। ਦੁਰਗਾ ਲਈ ‘ਚੰਡੀ ਚਰਿਤ੍ਰ’ ਵਿੱਚ ‘ਨਮੋ’ ਸ਼ਬਦ ਕਰੀਬਨ 110 ਵਾਰੀ ਅਤੇ ‘ਜਾਪੁ’ ਵਿੱਚ ‘ਨਮੋ’ ਸ਼ਬਦ ਉਸੇ ਇਸ਼ਟ ਲਈ 108 ਵਾਰੀ ਵਰਤਿਆ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸੇਧ: ‘ਚੰਡੀ ਚਰਿਤ੍ਰ’ ਅਤੇ ‘ਜਾਪੁ’ ਵਿੱਚ ਇਸ਼ਟ ਨੂੰ ਪ੍ਰਣਾਮ ਕਰਨ ਦਾ ਢੰਗ ਵੀ ਸਮਾਨ ਹੈ। ਕਵੀ ਦਾ ਉਹ ਇਸ਼ਟ ਹੈ ਦੁਰਗਾ।

***   ਸਿੱਟਾ  ***

ਜੋ ਕਹਾਣੀ ‘ਚੰਡੀ ਚਰਿਤ੍ਰ ਉਕਤਿ ਬਿਲਾਸ’ ਅਤੇ ‘ਵਾਰ ਦੁਰਗਾ ਕੀ’ ਵਿੱਚ ਬਿਆਨ ਕੀਤੀ ਹੈ, ਉਹੀ ਕਹਾਣੀ ‘ਚੰਡੀ ਚਰਿਤ੍ਰ’ ਵਿੱਚ ਬਿਆਨ ਕੀਤੀ ਗਈ ਹੈ। ਇਹ ਕਹਾਣੀ ਦੁਰਗਾ ਮਾਈ ਦੀ ਦੈਂਤਾਂ ਉੱਪਰ ਜਿੱਤ ਪ੍ਰਾਪਤੀ ਦੀ ਹੈ। ਕਵੀ ਨੇ ਦੁਰਗਾ ਦੀ ਜਿੱਤ ਦੀ ਖ਼ੁਸ਼ੀ ਵਿੱਚ ਇਨ੍ਹਾਂ ਰਚਨਾਵਾਂ ਵਿੱਚ ਦਰਗਾ ਦੇਵੀ ਦੀ ਰੱਜ ਕੇ ਸਿਫ਼ਤਿ ਕੀਤੀ ਹੈ ਤੇ ਉਸ ਤੋਂ ਕਈ ਵਰ ਵੀ ਮੰਗੇ ਹਨ। ਦੁਰਗਾ ਦੇਵੀ ਦੀਆਂ ਇਹੀ ਸਿਫ਼ਤਾਂ ‘ਜਾਪੁ’ ਵਿੱਚ ਵੀ ਦਰਜ ਹਨ। ਇਹ ਤੱਥ ਦੋਹਾਂ ਰਚਨਾਵਾਂ ਵਿੱਚ ਲਿਖੇ ਗਏ ਇਸ਼ਟ ਦੇ ਬਹੁਤ ਸਾਰੇ ਸਾਂਝੇ ਗੁਣਾਂ ਦੀ ਸ਼ਬਦਾਵਲੀ ਤੋਂ ਭਲੀ ਭਾਂਤਿ ਪ੍ਰਗਟ ਹੈ।

‘ਚੰਡੀ ਚਰਿਤ੍ਰ’ ਦਾ ਕਵੀ ਦੁਰਗਾ ਦੇਵੀ ਦਾ ਸੱਚਾ ਸ਼ਰਧਾਲੂ ਹੈ, ਰੱਬ ਦਾ ਨਹੀਂ। ਦੇਵੀ ਦੇ ਸੱਚੇ ਸ਼ਰਧਾਲੂ ਹੋਣ ਦਾ ਸੱਚ ਕਵੀ ਨੇ ਖ਼ੁਦ ਛੰਦ ਨੰਬਰ 223 ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ‘ਦੇਵੀ ਜੂ ਕੀ ਉਸਤਤਿ’ ਸਿਰਲੇਖ ਲਿਖ ਕੇ ਪ੍ਰਗਟ ਕਰ ਦਿੱਤਾ ਹੋਇਆ ਹੈ। ਇਸ ਸਿਰਲੇਖ ਦਾ ਅਰਥ ਹੈ ਕਿ ਉਹ ਰੱਬ ਦੀ ਸਿਫ਼ਤਿ ਨਹੀਂ ਲਿਖ ਰਿਹਾ, ਸਗੋਂ ਉਹ ਤਾਂ ਦੇਵੀ ਜੂ (ਦੁਰਗਾ ਮਾਈ) ਦੀ ਸਿਫ਼ਤਿ ਲਿਖ ਰਿਹਾ ਹੈ ਤਾਂ ਜੁ ਕਿਸੇ ਨੂੰ ਕਵੀ ਦੇ ਇਸ਼ਟ ਦੇ ਨਾਂ ਬਾਰੇ ਕੋਈ ਸ਼ੰਕਾ ਨਾ ਰਹਿ ਜਾਏ । ਜੇ ਕਵੀ ਰੱਬ ਦਾ ਸ਼ਰਧਾਲੂ ਹੁੰਦਾ ਤਾਂ ਉਹ ‘ਦੇਵੀ ਜੂ ਕੀ ਉਸਤਤਿ’ ਲਿਖ ਕੇ ਦੇਵੀ ਦੁਰਗਾ ਪ੍ਰਤਿ ਆਪਣੀ ਸ਼ਰਧਾ ਤੇ ਪਿਆਰ ਪ੍ਰਗਟ ਨਾ ਕਰਦਾ। ਇਸੇ ਕਰਕੇ ਕਵੀ ਨੇ ‘ਜਾਪੁ’ ਵਿੱਚ ਵੀ ਦੁਰਗਾ ਦੇ ਗੁਣਾਂ ਨੂੰ ਹੀ ਬਿਆਨ ਕੀਤਾ ਹੈ, ਕਿਉਂਕਿ ਦੁਰਗਾ ਦਾ ਪੁਜਾਰੀ, ਰੱਬ ਦੀਆਂ ਸਿਫ਼ਤਾਂ ਨਹੀਂ ਲਿਖ ਸਕਦਾ। ਛੰਦ ਨੰਬਰ 256 ਤਕ ਦੁਰਗਾ ਦੇਵੀ ਦੀਆਂ ਸਿਫ਼ਤਾਂ ਲਿਖਣ ਤੋਂ ਪਿੱਛੋਂ ਕਵੀ ਲਿਖਦਾ ਹੈ- “ਇਤੀ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਦੇਵੀ ਜੂ ਕੀ ਉਸਤਤਿ ਬਰਨਨੰ ਨਾਮ ਸਪਤਮੋ ਧਿਆਯ ਸੰਪੂਰਨਮ ਸਤੁ ਸੁਭਮ ਸਤੁ।7। ਇਸ ਦਾ ਅਰਥ ਸਪੱਸ਼ਟ ਹੈ ਕਿ ਕਵੀ ਨੇ ਦੁਰਗਾ ਦੇਵੀ ਦੀ ਉਸਤਤਿ ਲਿਖਣ ਨਾਲ਼ ਹੀ ਬਚਿਤ੍ਰ ਨਾਟਕ ਦੇ ਚੰਡੀ ਚਰਿਤ੍ਰ ਦਾ ਸੱਤਵਾਂ ਅਧਿਆਇ ਸੰਪੂਰਨ ਕੀਤਾ ਹੈ।

‘ਜਾਪੁ’ ਰਚਨਾ ਦੀ ਸਮਾਪਤੀ ਤੋਂ ਪਿੱਛੋਂ ਕਵੀ ਦੀ ਲਿਖੀ ਸਮਾਪਤੀ ਦੀ ਸੂਚਨਾ ਤੋਂ ਭਲੀ ਭਾਂਤਿ ਪਤਾ ਲੱਗ ਜਾਣਾ ਸੀ ਕਿ ‘ਜਾਪੁ’ ਵਿੱਚ ਕਿਸ ਦੀ ਸਿਫ਼ਤਿ ਹੈ। ਕਿਸੇ ਨੇ ਇਹ ਅੰਤਲੀ ਸੂਚਨਾ ਲਿਖਤ ਵਿੱਚੋਂ ਜ਼ਰੂਰ ਹੀ ਮਿਟਾ ਦਿੱਤੀ ਹੋਵੇਗੀ ਜਦੋਂ ਸਾਰੀਆਂ ਰਚਨਾਵਾਂ ਨੂੰ ਇੱਕੋ ਜਿਲਦ ਵਿੱਚ ਲਿਖ ਕੇ ‘ਦਸ਼ਮ ਗ੍ਰੰਥ’ ਦੇ ਨਾਂ ਹੇਠ ਸੰਨ 1897 ਵਿੱਚ ਛਪਾਇਆ ਗਿਆ। ‘ਜਾਪੁ’ ਦੇ ਸਿਰਲੇਖ ਵਿੱਚ ਵੀ ਰਚਨਾ ਦਾ ਕੋਈ ਮਨੋਰਥ ਲਿਖਿਆ ਨਹੀਂ ਮਿਲ਼ਦਾ, ਭਾਵੇਂ ਬਚਿੱਤ੍ਰ ਨਾਟਕ ਦੀਆਂ ਹੋਰ ਬਹੁਤ ਸਾਰੀਆਂ ਰਚਨਾਵਾਂ ਦੇ ਸ਼ੁਰੂ ਅਤੇ ਅਖੀਰ ਵਿੱਚ ਲਿਖੇ ਸ਼ਬਦਾਂ ਤੋਂ ਰਚਨਾ ਦੇ ਮਨੋਰਥ ਅਤੇ ਕਵੀ ਦੇ ਇਸ਼ਟ ਪ੍ਰਤਿ ਸੂਚਨਾ ਮਿਲ਼ ਜਾਂਦੀ ਹੈ। ‘ਚੰਡੀ ਚਰਿਤ੍ਰ’ ਅਤੇ ‘ਜਾਪੁ’ ਰਚਨਾਵਾਂ ਦੇ ਤੁਲਨਾਤਮਕ ਅਧਿਐਨ ਤੋਂ ‘ਜਾਪੁ’ ਰਚਨਾ ਦੇ ਮਨੋਰਥ ਨੂੰ ਸਮਝਣ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦੀ ਕਿ ‘ਜਾਪੁ’ ਵਿੱਚ ਉਸੇ ਹਸਤੀ ਦੇ ਗੁਣ ਬਿਆਨ ਕੀਤੇ ਗਏ ਹਨ ਜਿਸ ਹਸਤੀ ਨੂੰ ਕਵੀ ਨੇ ‘ਚੰਡੀ ਚਰਿਤ੍ਰ’ ਵਿੱਚ ਸਾਲਾਹਿਆ ਹੈ। ਇਸ ਹਸਤੀ ਦਾ ਨਾਂ ਦੁਰਗਾ ਹੈ। ਦੁਰਗਾ ਅਤੇ ਪਾਰਬਤੀ ਇੱਕੋ ਹੀ ਹਸਤੀ ਦੇ ਦੋ ਨਾਂ ਹਨ। ਇਸ ਹਸਤੀ ਨੂੰ ਸ਼ਿਵਾ, ਗਿਰਜਾ, ਕਾਲਿਕਾ, ਭਵਾਨੀ, ਚੰਡੀ, ਦੁਰਗਸ਼ਾਹ, ਜਗ ਮਾਤਾ, ਜਗ ਮਾਈ, ਜਗ ਮਾਇ ਆਦਿਕ ਨਾਂ ਵੀ ਦਿੱਤੇ ਗਏ ਹਨ।

ਨਿਤ-ਨੇਮ ਵਿੱਚ ‘ਜਾਪੁ’ ਰਚਨਾ ਕਦੋਂ ਸ਼ਾਮਲ ਹੋਈ?

‘ਜਾਪੁ’ ਰਚਨਾ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਨੇ ਨਿੱਤ-ਨੇਮ ਵਿੱਚ ਸ਼ਾਮਲ ਨਹੀਂ ਕੀਤਾ ਸੀ। ਉਨ੍ਹਾਂ ਨੇ ਆਦਿ ਬੀੜ ਵਾਲ਼ਾ (ਮੌਜੂਦਾ ਬੀੜ ਦੇ ਪਹਿਲੇ 13 ਪੰਨਿਆਂ ਵਾਲ਼ਾ) ਨਿੱਤ-ਨੇਮ ਹੀ ਪ੍ਰਵਾਨ ਕੀਤਾ ਸੀ। ਜੇ ਆਦਿ ਬੀੜ ਵਾਲ਼ਾ ਸ਼੍ਰੀ ਗੁਰੂ ਅਰਜੁਨ ਸਾਹਿਬ ਜੀ ਵਲੋਂ ਬਣਾਇਆ ਨਿੱਤ-ਨੇਮ ਬਦਲਨਾ ਹੁੰਦਾ, ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਨੇ ਓਦੋਂ ਹੀ ਬਦਲ ਦੇਣਾ ਸੀ ਜਦੋਂ ਉਨ੍ਹਾਂ ਆਦਿ ਬੀੜ ਨੂੰ ਦੁਬਾਰਾ, ਆਪਣੇ ਪਿਤਾ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੀ ਬਾਣੀ ਨੂੰ ਬੀੜ ਵਿੱਚ ਦਰਜ ਕਰਵਾਉਣ ਲਈ, ਖ਼ੁਦ ਭਾਈ ਮਨੀ ਸਿੰਘ ਜੀ ਪਾਸੋਂ ਲਿਖਵਾਇਆ ਸੀ। ਆਦਿ ਬੀੜ ਵਾਲ਼ਾ ਨਿੱਤ-ਨੇਮ ਪੰਜਵੇਂ, ਛੇਵੇਂ, ਸੱਤਵੇਂ, ਅੱਠਵੇਂ, ਨੌਵੇਂ ਅਤੇ ਦਸ਼ਵੇਂ ਗੁਰੂ ਜੀ (ਸੰਨ 1708) ਤਕ ਬਿਨਾਂ ਕਿਸੇ ਬਦਲਾਵ ਦੇ ਨਿਰੰਤਰ ਚੱਲਦਾ ਰਿਹਾ।

ਸੰਨ 1931 ਵਿੱਚ ਸ਼੍ਰੋ. ਗੁ. ਪ੍ਰ. ਕਮੇਟੀ ਵਲੋਂ ਬਣਾਈ ਇੱਕ 25 ਮੈਂਬਰੀ ਸਬ-ਕਮੇਟੀ ਨੇ ‘ਜਾਪੁ’ ਰਚਨਾ ਨੂੰ ਨਿੱਤ-ਨੇਮ ਵਿੱਚ ਸ਼ਾਮਲ ਕੀਤਾ ਸੀ ਜੋ ਛੇ ਗੁਰੂ ਵਿਅੱਕਤੀਆਂ ਦੀ ਨਿੱਤ-ਨੇਮ ਵਾਲ਼ੀ ਸੋਚ ਦੇ ਉਲ਼ਟ ਸੀ। ਆਰ.ਐੱਸ. ਐੱਸ ਸੰਸਥਾ ਸੰਨ 1925 ਵਿੱਚ, ਨਿੱਤ-ਨੇਮ ਬਣਨ ਤੋਂ 6 ਸਾਲ ਪਹਿਲਾਂ ਹੀ, ਸਥਾਪਤ ਹੋ ਚੁੱਕੀ ਸੀ, ਜਿਸ ਦੀ ਗਲ਼ਵਕੜੀ ਹੁਣ ਚੋਟੀ ਦੇ ਧਾਰਮਿਕ ਆਗੂਆਂ ਅਤੇ ਪੰਜਾਬ ਦੀ ਸਿਆਸਤ ਨੂੰ ਆਪਣੀ ਹੀ ਸੋਚ ਦੇ ਰੰਗ ਵਿੱਚ ਰੰਗ ਚੁੱਕੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top